|
|
|
ਅਜੋਕਾ
ਵਾਧਾ:
Monday August 09, 2010 |
|
|
 |
ਤਹਿਜ਼ੀਬ ਕਿੱਥੇ ਗਈ?
(11)
ਡਾ. ਜਸਬੀਰ ਕੌਰ (ਮੋਹਾਲੀ) |
ਇਹ ਲੇਖ ਲਿਖਣ ਤੋਂ ਪਹਿਲਾਂ ਕਈ ਦਿਨਾਂ ਤੋਂ ਮਨ ਬੇਚੈਨ ਸੀ। ਆਪਣੇ ਮਨ ਦੀ ਬੇਚੈਨੀ
ਨੂੰ ਅੱਖਰਾਂ ਦੇ ਰੂਪ ਵਿਚ ਸਫੇ ਤੇ ਉੱਕਰ ਕੇ ਸ਼ਾਇਦ ਮੈਨੂੰ ਕੁਝ ਤੱਸਲੀ ਮਿਲੇ। ਗੱਲ
ਪਿਛਲੇ ਹਫਤੇ ਦੀ ਹੈ। ਰਾਤ ਦਾ ਵੇਲਾ ਸੀ। ਮੈਂ ਆਪਣੀ ਕਾਰ ਤੇ ਮੁਹਾਲੀ ਦੇ 10 ਫੇਜ਼
ਤੋਂ ਵਾਪਿਸ ਆਪਣੇ ਘਰ 3-ਏ ਜਾ ਰਹੀ ਸਾਂ। 8 ਫੇਜ਼ ਦੀਆਂ ਲਾਇਟਾਂ ਤੇ ਲਾਲ ਬੱਤੀ ਹੋਣ
ਕਰ ਕੇ ਮੈਨੂੰ ਖੜ੍ਹੇ ਹੋਣਾ ਪਿਆ। ਅਚਾਨਕ ਇਕ ਟੱਕਰ ਦੀ ਅਵਾਜ਼ ਆਈ। ਮੈਂ ਮੁੜ ਕੇ
ਵੇਖਿਆ ਤਾਂ ਇਕ ਨੌਜਵਾਨ ਤੇ ਇਕ ਬਜ਼ੁਰਗ ਆਪਸ ਵਿਚ ਝਗੜਾ ਕਰ ਰਹੇ ਸਨ। ਬਜ਼ੁਰਗ ਕਾਰ ਤੇ
ਸਨ ਤੇ ਨੌਜਵਾਨ ਸਕੂਟਰ ਤੇ ਸੀ। ਮੈਨੂੰ ਇਹ ਤਾਂ ਨਹੀਂ ਪਤਾ ਕਿ ਹੋਇਆ ਕੀ ਸੀ, ਪਰ
ਜਿਸ ਤਰ੍ਹਾਂ ਉਹ ਨੌਜਵਾਨ ਲੜਕਾ ਆਪਣੇ ਦਾਦੇ ਦੀ ਉਮਰ ਦੇ ਬਜ਼ੁਰਗ ਨੂੰ ਬੋਲ ਰਿਹਾ ਸੀ,
ਉਹ ਸੱਭ ਸੁਣ ਕੇ ਲੱਗਦਾ ਸੀ ਨੌਜਵਾਨ ਪਤਾ ਨਹੀਂ ਕਿਸ ਮਾਂ-ਪਿਉ ਲਈ ਸਰਾਪ ਹੈ। ਮੈਂ
ਉਸ ਨੌਜਵਾਨ ਦੇ ਮੂੰਹੋਂ ਨਿਕਲੇ ਬੋਲ ਲਿਖਣ ਵਿਚ ਵੀ ਆਪਣੀ ਹੱਤਕ ਸਮਝਦੀ ਹਾਂ। ਮੈਂ
ਆਪਣੀ ਕਾਰ ਸਾਈਡ ਤੇ ਲਾ ਕੇ ਉਨ੍ਹਾਂ ਬਜ਼ੁਰਗਾਂ ਦੀ ਮਦਦ ਲਈ ਗਈ। ਮੈਨੂੰ ਉਨ੍ਹਾਂ ਦੀ
ਹਾਲਤ ਤੇ ਬਹੁਤ ਹੀ ਤਰਸ ਆਇਆ। ਉਹ ਇੱਕਲੇ ਸਨ, ਪਰ ਨੌਜਵਾਨ ਦੇ ਨਾਲ ਉਸ ਦੇ ਕੁਝ ਹੋਰ
ਵੀ ਦੋਸਤ ਸਨ। ਸਭ ਵਾਹਿਯਾਤ ਤਰੀਕੇ ਨਾਲ ਬੋਲ ਰਹੇ ਸਨ ਤੇ ਲੋਕ ਲਾਗਿਉਂ ਵੇਖਦੇ
ਚੁਪਚਾਪ ਨਿਕਲ ਰਹੇ ਸਨ। ਕਿਸੇ ਨੇ ਵੀ ਰੁਕਣ ਦਾ ਹੀਆ ਨਹੀਂ ਕੀਤਾ। ਜਦੋਂ ਮੈਂ
ਬਜ਼ੁਰਗਾਂ ਨੂੰ ਮਦਦ ਲਈ ਕਿਹਾ ਤਾਂ ਉਨ੍ਹਾਂ ਹਾਲਾਤ ਦਾ ਅੰਦਾਜਾ ਲਾਉਂਦੇ ਹੋਏ ਕਿਹਾ
ਕਿ ਬੀਬਾ ਕੋਈ ਗੱਲ ਨਹੀਂ, ਤੁਸੀਂ ਜਾਉ। ਇੰਨੇ ਨੂੰ ਪੁਲਿਸ ਵੀ ਆ ਗਈ ਤੇ ਗੱਲ ਨਿੱਬੜ
ਗਈ।
ਇਹ ਗੱਲ ਤਾਂ ਨਿਬੜ ਗਈ ਪਰ ਮੇਰੇ ਅੰਦਰ ਖੁੱਭ ਗਈ। ਮੈਨੂੰ ਰਹਿ ਰਹਿ ਕੇ ਬਜ਼ੁਰਗ ਅੰਕਲ
ਤੇ ਤਰਸ ਆਈ ਜਾ ਰਿਹਾ ਹੈ ਤੇ ਉਸ ਨੌਜਵਾਨ ਤੇ ਬਹੁਤ ਗੁੱਸਾ। ਮੈਂ ਸੋਚ ਰਹੀ ਹਾਂ ਕਿ
ਕੀ ਉਸ ਲੜਕੇ ਨੂੰ ਏਨਾ ਨਹੀਂ ਪਤਾ ਕਿ ਵੱਡਿਆਂ ਨਾਲ ਕਿਵੇਂ ਗੱਲ ਕਰੀਦੀ ਹੈ? ਮੰਨ
ਲਿਆ ਕਿ ਬਜ਼ੁਰਗਾਂ ਦੀ ਗਲਤੀ ਹੋਏਗੀ ਪਰ ਕੀ ਆਪਣੇ ਵੱਡੇ ਵਡੇਰਿਆਂ ਦੀ ਇਸ ਤਰ੍ਹਾਂ
ਸੜਕਾਂ ਤੇ ਬੇਇਜ਼ਤੀ ਕਰੀਦੀ ਹੈ?
ਅਕਸਰ ਜਦੋਂ ਮੈਂ ਕਈ ਬਜ਼ੁਰਗਾਂ ਨੂੰ ਸਕੂਟਰ ਅਤੇ ਸਾਈਕਲ ਤੇ ਜਾਂਦੇ ਵੇਖਦੀ ਹਾਂ ਤਾਂ
ਮੰਨ ਕਰਦਾ ਹੈ ਕਿ ਮੈਂ ਇਨ੍ਹਾਂ ਸਾਰੇ ਬਜ਼ੁਰਗਾਂ ਨੂੰ ਕਾਰਾਂ ਲੈ ਦੇਵਾਂ ਤਾਂਕਿ
ਇਨ੍ਹਾਂ ਨੂੰ ਇਸ ਉਮਰੇ ਟਰੈਫਿਕ ਕਰਕੇ ਕੋਈ ਪਰੇਸ਼ਾਨੀ ਨਾ ਹੋਵੇ। ਪਰ ਉਸ ਦਿਨ ਦੀ
ਘਟਨਾ ਨੂੰ ਵੇਖ ਕੇ ਮਨ ਕਰਦਾ ਹੈ ਕਿ ਇਨ੍ਹਾਂ ਬਜ਼ੁਰਗਾਂ ਨੂੰ ਵਡੇਰੀ ਉਮਰੇ ਏਨਾ ਅਰਾਮ
ਮਿਲੇ ਕਿ ਇਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦੀ ਲੋੜ
ਹੀ ਨਾ ਪਵੇ। ਕਈ ਵਾਰੀ ਸੁਣੀਦਾ ਹੈ ਕਿ ਫਲਾਣੇ ਨੇ ਆਪਣੇ ਮਾਂ-ਪਿਉ ਨੂੰ ਘਰੋਂ ਕੱਢ
ਦਿੱਤਾ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਲੋਕਾਂ ਦਾ ਜੇਰਾ ਏਨਾ ਵੱਡਾ ਹੋ ਜਾਂਦਾ
ਹੈ ਕਿ ਆਪਣੇ ਮਾਂ-ਪਿਉ ਨੂੰ ਦੁਨੀਆਂ ਦੀਆਂ ਠੋਹਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਹਨ।
ਅੱਜਕਲ ਵੱਡੇ ਸ਼ਹਿਰਾਂ ਵਿੱਚ ਲੁਟਾਂ ਖੋਹਾਂ ਚੋਰੀਆਂ ਆਮ ਗੱਲ ਹੋ ਗਈ ਹੈ ਤੇ ਇਸ ਦਾ
ਸ਼ਿਕਾਰ ਵੀ ਵਿਚਾਰੇ ਬਜ਼ੁਰਗ ਹੀ ਬਣ ਰਹੇ ਹਨ। ਚੋਰ ਬਜ਼ੁਰਗਾਂ ਦੇ ਘਰਾਂ ਵਿਚ ਇਕੱਲੇ
ਹੋਣ ਦਾ ਫਾਇਦਾ ਲੈਂਦੇ ਹਨ। ਐਸੇ ਕਈ ਹਾਦਸੇ ਵਾਪਰੇ ਹਨ ਜਿਨ੍ਹਾਂ ਵਿਚ ਚੋਰ ਬਜ਼ੁਰਗਾਂ
ਦੀ ਹੱਤਿਆ ਕਰ ਜਾਂਦੇ ਹਨ ਤੇ ਘਰ ਲੁੱਟ ਕੇ ਲੈ ਜਾਂਦੇ ਹਨ। ਬਜ਼ੁਰਗ ਸਰੀਰਕ ਪੱਖੋਂ
ਕਮਜ਼ੋਰ ਤੇ ਨਿਹੱਥੇ ਹੋਣ ਕਰਕੇ ਆਪਣੇ ਆਪ ਨੂੰ ਬਚਾਉਣ ਵਿੱਚ ਅਸਮਰੱਥ ਹੋ ਜਾਂਦੇ ਹਨ
ਤੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਹੋ ਜਿਹੇ ਕੰਮ ਤਾਂ ਉਹ ਹੀ ਕਰ ਸਕਦੇ ਹਨ
ਜੋ ਤਹਿਜ਼ੀਬ ਤੋਂ ਵਾਕਿਫ ਹੀ ਨਹੀਂ ਹੁੰਦੇ।
ਕਹਿੰਦੇ ਹਨ ਕਿ ਇਹ ਸਭ ਅੱਜ ਸਮਾਜ ਨੂੰ ਟੈਲੀਵੀਜ਼ਨ
ਦੀ ਦੇਣ ਹੈ ਜੋ ਬੱਚੇ ਤਹਿਜ਼ੀਬ ਤੋਂ ਦੂਰ ਹੁੰਦੇ ਜਾ
ਰਹੇ ਨੇ। ਕੁਝ ਹੱਦ ਤੱਕ ਗੱਲ ਸਹੀ ਵੀ ਹੈ। ਅੱਜਕਲ ਟੀ. ਵੀ ਤੇ ਇਕ ਪ੍ਰੋਗਰਾਮ ਆ
ਰਿਹਾ ਹੈ, ‘ਬਿੱਗ ਬਾਸ’ ਜਿਸ ਵਿੱਚ ਤਹਿਜ਼ੀਬ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਹਰ
ਘਰ ਵਿੱਚ ਇਹ ਬੜੇ ਹੀ ਚਾਅ ਨਾਲ ਵੇਖਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਅਸੀਂ
ਚੰਗੇ ਇਨਸਾਨ ਸਮਝਦੇ ਸਾਂ, ਉਨ੍ਹਾਂ ਲੋਕਾਂ ਨੇ ਇਸ ਪ੍ਰਗਰਾਮ ਵਿੱਚ ਤਹਿਜ਼ੀਬ ਨੂੰ ਹੀ
ਸ਼ਰਮਿੰਦਿਆਂ ਕਰ ਦਿੱਤਾ ਹੈ।
ਇਹ ਤਾਂ ਆਮ ਲੋਕਾਂ ਦੀ ਗੱਲ ਹੈ ਪਰ ਸਾਡੇ ਆਦਰਸ਼ ਨੇਤਾ ਵੀ ਤਹਿਜ਼ੀਬ ਨੂੰ ਹੀ ਤਹਿਜ਼ੀਬ
ਸਿਖਾਉਣ ਵਿੱਚ ਕਿਸੇ ਗੱਲੋਂ ਪਿੱਛੇ ਨਹੀਂ ਹਨ। ਜਦੋਂ ਦੀ ਸੰਸਦ ਦੀ ਕਾਰਵਾਈ ਟੀ.ਵੀ.
ਤੋਂ ਪਰਸਾਰਿਤ ਹੋਣ ਲੱਗੀ ਹੈ ਲੋਕਾਂ ਸਾਮ੍ਹਣੇ ਇਨ੍ਹਾਂ ਲੀਡਰਾਂ ਦੇ ਪਾਜ ਉੱਘੜਨੇ
ਸ਼ੁਰੂ ਹੋ ਗਏ ਹਨ। ਦੇਸ਼ ਦੇ ਸਰਵ-ਉੱਚ ਸਥਾਨ, ਸੰਸਦ,
ਜਿੱਥੇ ਤਹਿਜ਼ੀਬ ਦਾ ਸਥਾਨ ਪਹਿਲਾਂ ਹੋਣਾ ਚਾਹੀਦਾ ਹੈ, ਉੱਥੇ ਵਿਚਾਰੀ ਤਹਿਜ਼ੀਬ ਕਿਸੇ
ਖੂੰਜੇ ਲੱਗੀ ਵੀ ਨਜ਼ਰ ਨਹੀਂ ਆਉਂਦੀ ਇੱਥੇ। ਸਾਡੇ ਆਦਰਸ਼ ਨੇਤਾ ਕੁਰਸੀਆਂ ਚਲਾਉਂਦੇ
ਹਨ, ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ। ਸਪੀਕਰ ਸਿਰਫ ਨਾਂ ਲਈ ਹੀ ਕੁਰਸੀ ਤੇ ਬੈਠਾ
ਹੈ। ਉਸ ਦੀ ਕੋਈ ਗੱਲ ਮੰਨਣੀ ਸਾਡੇ ਨੇਤਾਵਾਂ ਦੀ ਤਹਿਜ਼ੀਬ ਦੀ ਸੀਮਾ ਤੋਂ ਬਾਹਰ ਦੀ
ਗੱਲ ਹੈ।
ਜੇ ਅਸੀਂ ਆਪਣੇ ਬੱਚਿਆਂ ਨੂੰ ਏਨਾ ਕੁਝ ਤਹਿਜ਼ੀਬ ਦੇ ਨਾਂ ਤੇ ਪਰੋਸ ਰਹੇ ਹਾਂ ਤਾਂ
ਫਿਰ ਬੱਚਿਆਂ ਦੀ ਤਹਿਜ਼ੀਬ ਤਾਂ ਮਾਂ-ਪਿਉ ਲਈ ਸਰਾਪ ਤੇ ਸ਼ਰਮਿੰਦਗੀ ਹੀ ਹੋਏਗੀ। ਇਸ
ਵਕਤ ਮੈਨੂੰ ਉਸ ਨੌਜਵਾਨ ਦੇ ਮਾਂ ਪਿਉ ਦੀ ਹਾਲਤ ਤਰਸਯੋਗ ਲੱਗ ਰਹੀ ਹੈ, ਜਿਨ੍ਹਾਂ ਦੀ
ਉਹ ਔਲਾਦ ਹੈ। ਵੈਸੇ ਤਾਂ ਮੈਨੂੰ ਉਮੀਦ ਨਹੀਂ ਪਰ ਜੇ ਗਲਤੀ ਨਾਲ ਹੀ ਸਹੀ, ਇਹ ਲੇਖ
ਉਹ ਨੌਜਵਾਨ ਪੜ੍ਹ ਲਵੇ ਤਾਂ ਉਸ ਲਈ ਮੇਰਾ ਸੁਨੇਹਾ ਇਹ ਹੋਵੇਗਾ ਕਿ ਜੇ ਉਸ ਦੀ ਥਾਂ
ਕੋਈ ਮੇਰਾ ਆਪਣਾ ਹੁੰਦਾ ਤਾਂ ਮੈਂ ਐਸੀ ਬਦਤਮੀਜ਼ ਔਲਾਦ ਨਾਲੋਂ ਆਪਣਾ ਨਾਤਾ ਹਮੇਸ਼ਾ ਲਈ
ਤੋੜ ਲੈਣਾ ਬੇਹਤਰ ਸਮਝਦੀ। ਐਸੀ ਔਲਾਦ ਨਾਲੋਂ ਬੰਦਾ ਬੇ-ਔਲਾਦ
ਹੀ ਚੰਗਾ। ਜੇ ਅਸੀਂ ਕਹਿੰਦੇ ਹਾਂ ਕਿ ਨੌਜਵਾਨ ਪੀੜ੍ਹੀ
ਵਿੱਚ ਬਚਪਨਾ ਹੈ ਤਾਂ ਅਸੀਂ ਗਲਤ ਹਾਂ। ਇਹ ਬਚਪਨਾ ਨਹੀਂ, ਫਤੂਰ ਹੈ। ਇਸ ਘਟਨਾ ਤੋਂ
ਬਾਅਦ ਜਦੋਂ ਵੀ ਮੈਂ ਕਿਸੇ ਨੌਜਵਾਨ ਨੂੰ ਆਪਣੇ ਜਾਂ ਕਿਸੇ ਹੋਰ ਦੇ ਪੈਰੀਂ ਹੱਥ
ਲਾਉਂਦਾ ਵੇਖਦੀ ਹਾਂ ਤਾਂ ਮੈਂਨੂੰ ਇਹ ਹੀ ਲੱਗਦਾ ਹੈ ਕਿ ਕਿੰਨਾ ਡਰਾਮਾ ਕਰ ਰਿਹਾ
ਹੈ।
ਉਸ ਦਿਨ ਤੋਂ ਬਾਅਦ ਅਜੇ ਤੱਕ ਕਸ਼ਮਕਸ਼ ਵਿੱਚ ਹਾਂ ਕਿ ਪਤਾ ਨਹੀਂ ਮੇਰੀ ਤਹਿਜ਼ੀਬ ਨੇ
ਆਪਣੇ ਅਰਥ ਬਦਲ ਲਏ ਹਨ ਜਾਂ ਤਹਿਜ਼ੀਬ ਦਾ ਆਪਣਾ ਰੂਪ ਬਦਲ ਗਿਆ ਹੈ?
ਕਿੱਥੇ ਰਹਿ ਗਈ ਤਹਿਜ਼ੀਬ?
*****
ਡਾ. ਜਸਬੀਰ ਕੌਰ (ਮੋਹਾਲੀ)
#74,ਫੇਜ਼ 3 ਏ
ਮੋਹਾਲੀ
ਫੋਨ… 9872117774
jasbir_noni@yahoo.co.in
*******
(6
ਜਨਵਰੀ
2010 ਯੂਨੀਕੋਡ)
|
|
ਡਾ: ਜਸਬੀਰ ਕੌਰ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ
ਸਾਰੀਆਂ ਰਚਨਾਵਾਂ
ਪੜ੍ਹਨ ਲਈ ਕਲਿੱਕ ਕਰੋ
|
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ
'ਰਚਨਾ'
ਦਾ ਕਰਤਾ ਹੋਵੇਗਾ। |
Copyright © Likhari: Panjabi Likhari Forum-2001-2010 All rights
reserved.
|
|