ਦੋ ਸ਼ਬਦ

ਡਾ: ਹਰੀਸ਼ ਮਲਹੋਤਰਾ ਪੰਜਾਬੀ
ਸਾਹਿਤਕ ਜਗਤ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ ਅਤੇ ਉਹ ਕਿਸੇ ਤਰ੍ਹਾਂ
ਦੀ ਵੀ ਰਸਮੀ ਜਾਣ ਪਹਿਚਾਣ ਦਾ ਮੁਥਾਜ ਨਹੀਂ। 1987 ਵਿੱਚ ਜਿਉਂ ਹੀ ਉਸਦੀ
‘ਜਾਅਲੀ ਦੁਨੀਆਂ’ ਨਾਂ ਦੀ ਪਹਿਲੀ ਪੁਸਤਕ ਪ੍ਰਕਾਸ਼ਤ ਹੋਈ ਉਸਦੀ ਲੇਖਣੀ ਨੇ
ਪੰਜਾਬੀ ਪਾਠਕਾਂ ਅਤੇ ਸੰਜੀਦਾ ਚਿੰਤਕਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ
ਲਿਆ। ਹੁਣ ਤੱਕ ਉਸਦੀਆਂ ਕੁੱਲ 11 ਪੁਸਤਕਾਂ: 6 ਪੁਸਤਕਾਂ ਪੰਜਾਬੀ ਵਿੱਚ,
ਚਾਰ ਪੁਸਤਕਾਂ ਅੰਗਰੇਜੀ ਵਿੱਚ ਅਤੇ ਇੱਕ ਪੁਸਤਕ ਹਿੰਦੀ ਵਿੱਚ, ਪ੍ਰਕਾਸ਼ਿਤ
ਹੋ ਚੁੱਕੀਆਂ ਹਨ। 2008 ਵਿੱਚ ਉਸਦੀ ਇੱਕ ਵੱਖਰੇ ਅੰਦਾਜ਼ ਵਿੱਚ ਲਿਖੀ
ਸਤਵੀਂ ਪੰਜਾਬੀ ਪੁਸਤਕ ‘ਰਿਸ਼ਤਿਆਂ ਦਾ ਕਤਲ’ (ਅੱਖਰ ਅੱਖਰ ਸੱਚ ਕਹਾਣੀਆਂ)
ਪ੍ਰਕਾਸ਼ਿਤ ਹੋਈ। ਇਸ ਅਥਾਹ ਸ਼ਕਤੀਸ਼ਾਲੀ ਨਿਵੇਕਲੀ ਕਿਰਤ ਨੂੰ ਲੜੀਵਾਰ
ਪਾਠਕਾਂ ਗੋਚਰੇ ਕਰਿਦਆਂ ‘ਲਿਖਾਰੀ’ ਪਰਸੰਨਤਾ ਦਾ ਅਨੁਭੱਵ ਕਰ ਰਿਹਾ ਹੈ।
ਸਾਨੂੰ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ।----ਲਿਖਾਰੀ
*******
ਅੱਖਰ ਅੱਖਰ ਸੱਚ,
ਸੱਚੀਆਂ ਕਹਾਣੀਆਂ:
ਰਿਸ਼ਤਿਆਂ ਦਾ ਕਤਲ
(5)
ਲਾਲਿਆਂ ਦੇ ਪ੍ਰਦੀਪ ਦਾ ਕਤਲ
ਡਾ. ਹਰੀਸ਼ ਮਲਹੋਤਰਾ, ਬਰਮਿੰਘਮ
ਲਾਲਿਆਂ ਦਾ ਪ੍ਰਦੀਪ ਹੁਣ ਇੰਡੀਆ ਨੂੰ ਚੌਥੀ ਵਾਰ ਵਿਆਹ ਕਰਾਉਣ ਗਿਆ ਸੀ।
ਪਹਿਲੀਆਂ ਤਿੰਨ ਜਨਾਨੀਆਂ ਵੀ ਉਹਨੇ ਇੰਡੀਆ ਤੋਂ ਹੀ ਵਿਆਹ ਕੇ ਲਿਆਂਦੀਆਂ
ਸਨ। ਇੰਗਲੈਂਡ ਵਿਚ ਵੈਸੇ ਵੀ ਉਹਦਾ ਵਿਆਹ ਨਹੀਂ ਸੀ ਹੋਣਾ। ਉਹਦੀਆਂ
ਕਰਤੂਤਾਂ ਦੇ ਲੋਕ ਵਾਕਿਫ ਸਨ। ਪ੍ਰਦੀਪ ਮੌਜ ਮਸਤੀ ਕਰਨ ਵਾਲਾ ਘਰਦਿਆਂ ਦਾ
ਲਾਡਲਾ ਵਿਗੜਿਆ ਕਾਕਾ ਸੀ। ਸ਼ਰਾਬ ਸਿਰਗਟਾਂ ਮੀਟ ਤਾਂ ਉਹ ਖਾਂਦਾ ਈ ਸੀ ਪਰ
ਇਹ ਵੀ ਪਤਾ ਲੱਗਾ ਸੀ ਕਿ ਉਹ ਅਫੀਮ ਅਤੇ ਚਰਸ ਦਾ ਵੀ ਸ਼ੁਕੀਨ ਸੀ। ਇਸ ਤੋਂ
ਬਿਨਾਂ ਪੱਬਾਂ ਕਲੱਬਾਂ 'ਚ ਜਾਣਾ ਅਤੇ ਜੂਆ ਖੇਲਣਾ ਵੀ ਉਹਦੀ ਜ਼ਿੰਦਗੀ ਦਾ
ਹਿੱਸਾ ਸੀ। ਗੋਰੀਆਂ ਅਤੇ ਚਾਲੂ ਦੇਸੀ ਬੀਬੀਆਂ ਦੇ ਵੀ ਉਹ ਗੇੜਾ ਮਾਰ
ਆਉਂਦਾ ਸੀ। ਇਹਨਾਂ ਸਭ ਪੁੱਠੇ ਕੰਮਾਂ ਵਿਚ ਉਹ ਇੱਕ ਕਿਸਮ ਦਾ ਮਾਹਿਰ ਸੀ।
ਮਾਂ ਪਿਉ ਭੈਣ ਭਰਾਵਾਂ ਅਤੇ ਬਾਕੀ ਰਿਸ਼ਤੇਦਾਰਾਂ ਦੀ ਉਹ ਗੱਲ ਨਹੀਂ ਸੀ
ਸੁਣਦਾ। ਜਿੰਦਗੀ ਦਾ ਮੰਤਵ ਉਹਨੇ ਇਹ ਬਣਾਇਆ ਸੀ ਕਿ, ''ਖਾਉ ਪੀਉ ਅਤੇ ਐਸ਼
ਕਰੋ। ਇਹ ਜ਼ਿੰਦਗੀ ਕਿਹੜੀ ਵਾਰ ਵਾਰ ਆਉਣੀ ਹੈ।'' ਇਹ ਪ੍ਰਦੀਪ ਵਰਗੇ ਈ
ਲਫੰਗੇ ਸਨ ਜੇਹਨਾਂ ਪ੍ਰਦੇਸੀਆਂ ਨੂੰ ਬਦਨਾਮ ਕਰ ਰੱਖਿਆ ਸੀ ਅਤੇ ਕਈ ਦੇਸ਼
ਬੈਠੇ ਲੋਕਾਂ ਸਭ ਪ੍ਰਦੇਸੀਆਂ ਨੂੰ ਇਸੇ ਰੱਸੇ ਨਾਲ ਬੰਨ੍ਹ ਦਿੱਤਾ ਸੀ।
ਪ੍ਰਦੀਪ ਦੇ ਇੰਡੀਆ ਪਹੁੰਚਣ ਤੇ ਕੁੜੀਆਂ ਵਾਲੇ ਮਗਰ ਮਗਰ ਫਿਰਨ ਲੱਗੇ।
ਉਹਨਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਸੀ ਕਿ ਕਾਕਾ ਜੀ ਦਾ ਪਿਛੋਕੜ ਕੀ
ਸੀ ਅਤੇ ਪਹਿਲਾਂ ਕੀ ਕੀ ਚੰਦ ਉਹ ਚਾੜ੍ਹ ਚੁੱਕਾ ਸੀ। ਉਹ ਤਾਂ ਆਪਣੀ ਕੁੜੀ
ਵਲੈਤ ਭੇਜਣਾ ਚਾਹੁੰਦੇ ਸੀ। ਕਈ ਪਹਿਲੇ ਜਾਣੂੰਆਂ ਪ੍ਰਦੀਪ ਮਗਰ ਫਿਰਨ
ਵਾਲਿਆਂ ਨੂੰ ਉਹਦੀਆਂ ਕਰਤੂਤਾਂ ਬਾਰੇ ਦੱਸਿਆ ਵੀ ਪਰ ਉਹਨਾਂ ਇਹ ਕਹਿ ਗੱਲ
ਟਾਲ ਦਿੱਤੀ ਕਿ, ''ਇਹ ਨਹੀਂ ਚਾਹੁੰਦੇ ਕਿ ਸਾਡੀ ਕੁੜੀ ਦਾ ਰਿਸ਼ਤਾ ਚੰਗੀ
ਜਗ੍ਹਾ ਹੋਵੇ। ਇਹ ਸਾੜੇ ਮਾਰੇ ਲੋਕ ਐਂਵੇ ਬਣਦੇ ਕੰਮ 'ਚ ਭਾਨੀ ਮਾਰ ਰਹੇ
ਆ।''
ਪ੍ਰਦੀਪ ਹੈ ਬੜਾ ਚੁਸਤ ਸੀ। ਹਰ ਵਾਰ ਆਪਣਾ ਸ਼ਿਕਾਰ ਵੱਖਰੇ ਵੱਖਰੇ ਸ਼ਹਿਰਾਂ
ਚੋਂ ਫਸਾਉਂਦਾ ਸੀ ਪਰ ਐਂਤਕੀ ਉਹਦੀ ਕੁੰਡੀ ਕਿਸੇ ਪਿੰਡ 'ਚ ਫਸ ਗਈ। ਦੁਆਬੇ
ਦੇ ਇੱਕ ਪਿੰਡ ਦੀ ਐਮ. ਏ. ਪਾਸ ਕੁੜੀ ਨਾਲ ਪ੍ਰਦੀਪ ਦਾ ਵਿਆਹ ਹੋ ਗਿਆ।
ਪਿੰਡ ਦੇ ਲਾਲਾ ਜੀ ਨੇ ਸਰਦਾ ਪੁੱਜਦਾ ਵਿਆਹ ਕੀਤਾ ਅਤੇ ਕੁੜੀ ਨੂੰ
''ਵਲੈਤੀ ਲਾੜੇ'' ਨਾਲ ਤੋਰ ਦਿੱਤਾ। ਵਿਆਹ ਤੋਂ ਛੇ ਕੁ ਹਫ਼ਤਿਆਂ ਬਾਦ
ਪ੍ਰਦੀਪ ਵਾਪਸ ਇੰਗਲੈਂਡ ਆ ਗਿਆ। ਕਾਗਜ਼ੀ ਕਾਰਵਾਈ ਪੂਰੀ ਹੋਣ ਬਾਦ ਲਾਲਾ ਜੀ
ਦੀ ਪਿਆਰੀ ਅਤੇ ਸੁਸ਼ੀਲ ਬੇਟੀ ਸੁੰਮਨ ਵੀ ਪ੍ਰਦੀਪ ਕੋਲ ਪਹੁੰਚ ਗਈ। ਵਲੈਤ
ਦੇ ਨਵੇਂ ਮਾਹੌਲ ਨੂੰ ਸਮਝਣ ਲਈ ਸੁੰਮਨ ਨੂੰ ਸਾਲ ਕੁ ਲੱਗ ਗਿਆ। ਇਸ ਸਮੇਂ
ਦੌਰਾਨ ਪ੍ਰਦੀਪ ਦੇ ਚਾਲ ਚਲਣ ਦੀ ਵੀ ਸੁੰਮਨ ਨੂੰ ਵਾਕਫੀ ਹੋਣੀ ਸ਼ੁਰੂ ਹੋ
ਗਈ ਕਿ ''ਪਤੀ ਦੇਵ'' ਦਿਨ ਰਾਤ ਕੀ ਕੀ ਕਰਦੇ ਹਨ। ਰਿਸ਼ਤੇਦਾਰਾਂ ਵੀ ਸੁੰਮਨ
ਨੂੰ ਦੱਸਣਾ ਸ਼ੁਰੂ ਕਰ ਦਿੱਤਾ ਸੀ ਕਿ, ''ਪ੍ਰਦੀਪ ਕੀ ਕੀ ਗੁੱਲ ਖਿਲਾਉਂਦਾ
ਰਿਹਾ ਸੀ।'' ਸੁੰਮਨ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਪ੍ਰਦੀਪ ਨੇ
ਪਹਿਲਾਂ ਤਿੰਨ ਵਿਆਹ ਕਰਾ ਕੇ ਇੰਡੀਆ ਤੋਂ ਲਿਆਂਦੀਆਂ ਕੁੜੀਆਂ ਨੂੰ ਖੱਜਲ
ਖੁਆਰ ਕਰਕੇ ਛੱਡ ਦਿੱਤਾ ਸੀ। ਪਰ ਉਹ ਹੁਣ ਕੀ ਕਰ ਸਕਦੀ ਸੀ? ਸੁੰਮਨ ਇਸ
ਵਿਊਚੱਕਰ 'ਚ ਫਸ ਚੁੱਕੀ ਸੀ।
ਸੁੰਮਨ ਨੇ ਮੰਦਰ, ਗੁਰਦੁਆਰੇ ਜਾ ਕੇ ਆਪਣੀ ਵਾਕਫੀਅਤ ਵਧਾ ਲਈ ਸੀ ਅਤੇ ਇਸੇ
ਵਾਕਫੀਅਤ ਦੇ ਸਿਰ ਇੱਕ ਸਟੋਰ 'ਚ ਪੈਕਿੰਗ ਦਾ ਕੰਮ ਲੱਭ ਲਿਆ ਸੀ। ਥੱਕੀ
ਟੁੱਟੀ ਸੁੰਮਨ ਘਰ ਦੀ ਸਫਾਈ ਅਤੇ ਰੋਟੀ-ਪਾਣੀ ਦਾ ਵੀ ਆਹਰ ਕਰਦੀ ਪਰ ਨਖੱਟੂ
ਪ੍ਰਦੀਪ ਨਸ਼ੇ 'ਚ ਧੁੱਤ ਰਾਤ ਦੇ ਗਿਆਰਾਂ ਬਾਰ੍ਹਾਂ ਬਜੇ ਤੋਂ ਬਾਦ ਈ ਘਰ
ਪੈਰ ਪਾਉਂਦਾ। ਸੁੰਮਨ ਨੂੰ ਮਿਲਦੀ ਤਨਖਾਹ ਵੀ ਖੋਹ ਲੈਂਦਾ। ਲੜਾਈ ਝਗੜਾ
ਹੋਣ ਲੱਗ ਪਿਆ ਸੀ ਅਤੇ ਪ੍ਰਦੀਪ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ
ਦਿੱਤੇ ਸਨ। ਘਰ ਦੇ ਰੋਜ਼-ਰੋਜ਼ ਦੇ ਕਲੇਸ਼ ਨੇ ਸੁੰਮਨ ਨੂੰ ਵਿੰਨ੍ਹ ਦਿੱਤਾ ਸੀ
ਅਤੇ ਵਲੈਤ ਨੇ ਉਹਦੇ ਅਰਮਾਨਾਂ ਦਾ ਸਾਹ ਸਤ ਖਿੱਚ ਲਿਆ ਸੀ। ਘਰ 'ਚ ਬਹੁਤਾ
ਸਮਾਂ ਉਹ ਰੋਂਦੀ ਰਹਿੰਦੀ। ਉਹ ਕੋਈ ਆਪਣਾ ਹਮਦਰਦ ਲੱਭ ਰਹੀ ਸੀ ਪਰ ਵਲੈਤ
ਦੀ ਮਸਰੂਫੀਅਤ ਭਰੀ ਜਿੰਦਗੀ 'ਚ ਕਿਸੇ ਕੋਲ ਐਨੀ ਕਿਥੇ ਵਿਹਲ ਸੀ ਕਿ ਉਹ
ਸੁੰਮਨ ਦੇ ਦੁਖੀ ਹਿਰਦੇ ਦੇ ਜਖ਼ਮਾਂ 'ਤੇ ਟਕੋਰ ਕਰੇ ਅਤੇ ਫੇਹੇ ਰੱਖੇ।
ਪਿੰਡ ਤੋਂ ਮਾਂ ਪਿਉ ਦੀਆਂ ਚਿੱਠੀਆਂ ਆਉਂਦੀਆਂ ਤਾਂ ਉਹ ਜੁਆਬ ਦੇਣੋਂ ਹੱਟ
ਗਈ। ਘਰਦਿਆਂ ਨੂੰ ਫਿਕਰ ਪੈ ਗਿਆ ਕਿ, ''ਸਾਡੀ ਕੁੜੀ ਤਾਂ ਐਹੋ ਜੇਹੀ ਨਹੀਂ
ਸੀ ਕਿ ਸਾਡੀਆਂ ਦੋ-ਦੋ ਤਿੰਨ-ਤਿੰਨ ਚਿੱਠੀਆਂ ਪਾਉਣ ਦੇ ਬਾਵਜੂਦ ਉਹ ਜੁਆਬ
ਨਾਂ ਦੇਵੇ।'' ਸੁੰੰਮਨ ਦੇ ਮਾਂ ਬਾਪ ਪਿੰਡ 'ਚ ਅਤੇ ਸੁੰਮਨ ਵਲੈਤ 'ਚ ਤੜਪ
ਰਹੀ ਸੀ। ''ਮੈਂ ਅਗਰ ਵਾਪਿਸ ਚਲੀ ਜਾਵਾਂ ਤਾਂ ਮੇਰਾ ਅਤੇ ਮੇਰੇ ਮਾਂ ਬਾਪ
ਦਾ ਕੀ ਬਣੇਗਾ?'' ਸੋਚ ਸੁੰੰਮਨ ਦੜ ਵਟ ਲੈਂਦੀ। ਗੁਲਾਬ ਦੇ ਫੁੱਲਾਂ ਵਾਂਗ
ਖਿੜੀ ਰਹਿਣ ਵਾਲੀ ਸੁੰਮਨ ਹੁਣ ਚੁੱਪ ਹੋ ਗਈ ਸੀ। ਦੁੱਖਾਂ ਦੇ ਇਸ ਪਹਾੜ ਨੇ
ਸੁੰਮਨ ਨੂੰ ਮਲੀਦਾ ਕਰਕੇ ਰੱਖ ਦਿੱਤਾ ਸੀ। ਸੁੰਮਨ ਦਾ ਇੱਥੇ ਕੋਈ
ਰਿਸ਼ਤੇਦਾਰ ਵੀ ਨਹੀਂ ਸੀ ਜੀਹਦੇ ਕੋਲ ਜਾ ਉਹ ਆਪਦਾ ਦੁੱਖ ਰੋ ਲੈਂਦੀ। ਪਰ
ਉਹਦੇ ਪਿੰਡ ਦੇ ਕੁੱਝ ਲੋਕ ਜ਼ਰੂਰ ਇੱਥੇ ਕਈ ਵਰ੍ਹਿਆਂ ਤੋਂ ਰਹਿ ਰਹੇ ਸਨ।
ਕੱਲੀ ਕਾਰੀ ਕੁੜੀ ਪਿੰਡ ਦੇ ਲੋਕਾਂ ਨੂੰ ਕਿਵੇਂ ਮਿਲੇ? ਨਾਲੇ ਉਹਦੇ ਕੋਲ
ਕਿਸੇ ਦਾ ਫੋਨ ਨੰਬਰ ਜਾਂ ਐਡਰੈੱਸ ਵੀ ਤਾਂ ਨਹੀਂ ਸੀ। ਪ੍ਰਦੀਪ ਦਾ ਉਜੱਡ
ਅਤੇ ਅੱਖੜ ਸੁਭਾਅ ਵੀ ਇੱਕ ਰੋੜਾ ਸੀ ਕਿ ਜੇਕਰ ਉਹਨੂੰ ਕਿਤੋਂ ਪਿੰਡ ਦੇ
ਕਿਸੇ ਬੰਦੇ ਦਾ ਪਤਾ ਲੱਗ ਗਿਆ ਤਾਂ ਮਿਲਣ ਤੇ ਕਿਤੇ ਪ੍ਰਦੀਪ ਤੂਫਾਨ ਨਾਂ
ਖੜ੍ਹਾ ਕਰ ਲਵੇ। ਸੁੰਮਨ ਦੇ ਪਿਤਾ ਜੀ ਲਾਲਾ ਕਿਸ਼ਨ ਲਾਲ ਕੋਲ ਹੁਣ ਕੋਈ
ਚਾਰਾ ਨਹੀਂ ਸੀ। ਕਿਸ਼ਨ ਲਾਲ ਜੀ ਦੀ ਪਿੰਡ ਵਾਹਵਾ ਬਣੀ ਹੋਈ ਸੀ ਅਤੇ ਪਿੰਡ
'ਚ ਦੁਕਾਨ ਕਰਦਾ ਹੋਣ ਕਰਕੇ ਆਮ ਲੋਕਾਂ ਨੂੰ ਲਾਲਾ ਜੀ ਤਕ ਕਈ ਤਰ੍ਹਾਂ ਦਾ
ਵਾਸਤਾ ਬਣਿਆ ਰਹਿੰਦਾ ਸੀ। ਲੋੜ ਵੇਲੇ ਪੈਸੇ ਵੀ ਉਧਾਰ ਦੇ ਦਿੰਦਾ ਸੀ ਅਤੇ
ਜ਼ਰੂਰਤ ਮੰਦਾਂ ਦੀ ਸਰਦੀ ਪੁੱਜਦੀ ਮਦਦ ਵੀ ਕਰਦਾ ਸੀ। ਮਿੰਧੀ ਹੁਰਾਂ ਦੇ
ਪਰਿਵਾਰ ਨਾਲ ਲਾਲਾ ਕਿਸ਼ਨ ਲਾਲ ਜੀ ਦੀ ਬੜੀ ਨੇੜਤਾ ਸੀ। ਮਿੰਧੀ ਦਾ ਬਾਪ
ਬਿਸ਼ਨ ਸਿੰਘ ਇੱਕ ਕਿਸਮ ਦਾ ਲਾਲਾ ਜੀ ਦਾ ਪੱਗਵੱਟ ਭਰਾ ਬਣਿਆ ਹੋਇਆ ਸੀ।
ਮਿੰਧੀ ਇੰਗਲੈਂਡ 'ਚ ਰਹਿੰਦਾ ਸੀ ਪਰ ਜਦ ਵੀ ਪਿੰਡ ਗੇੜਾ ਮਾਰਨ ਜਾਂਦਾ ਤਾਂ
ਕਿਸ਼ਨ ਲਾਲ ਨੂੰ ''ਅੰਕਲ ਜੀ ਅੰਕਲ ਜੀ'' ਕਹਿੰਦਾ ਨਾਂ ਥੱਕਦਾ। ਕਿਸ਼ਨ ਲਾਲ
ਦੀ ਮਿੰਧੀ ਪੂਰੀ ਇੱਜ਼ਤ ਕਰਦਾ ਸੀ। ਸੁੰਮਨ ਦੇ ਵਿਆਹ ਤੇ ਕਿਸ਼ਨ ਲਾਲ ਜੀ ਨੇ
ਸਮਾਂ ਘੱਟ ਹੋਣ ਤੇ ਬਿਸ਼ਨ ਸਿੰਘ ਨੂੰ ਨਹੀਂ ਸੀ ਕਿਹਾ ਕਿ ਉਹ ਮਿੰਧੀ ਤੋਂ
ਪਤਾ ਕਰੇ ਕਿ ''ਵਲੈਤੀ ਕਾਕਾ ਪ੍ਰਦੀਪ'' ਕੇਹੋ ਜੇਹਾ ਹੈ। ਇਸ ਗੱਲੋਂ ਕਿਸ਼ਨ
ਲਾਲ ਵਲੈਤ ਦੇ ਲਾਲਚ 'ਚ ਜ਼ਰਾ ਉੱਖੜ ਗਿਆ ਸੀ। ਸੁੰਮਨ ਦੇ ਫਿਕਰ ਨੇ ਲਾਲਾ
ਕਿਸ਼ਨ ਲਾਲ ਅਤੇ ਉਹਦੀ ਘਰਵਾਲੀ ਲੀਲਾ ਦੇਵੀ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ
ਆਪਣੀ ਚਿੰਤਾ ਨੂੰ ਬਿਸ਼ਨ ਸਿੰਘ ਨਾਲ ਸਾਂਝੀ ਕਰਨ। ਲਾਲਾ ਕਿਸ਼ਨ ਲਾਲ ਨੇ
ਬਿਸ਼ਨ ਸਿੰਘ ਨੂੰ ਕਿਹਾ, ''ਬਿਸ਼ਨ ਸਿੰਹਾਂ, ਆਪਣੀ ਸੁੰਮਨ ਦੀਆਂ ਚਿੱਠੀਆਂ
ਬੜੀਆਂ ਘੱਟ ਆਉਣ ਲੱਗ ਪਈਆਂ। ਸਾਨੂੰ ਦੋਵਾਂ ਜੀਆਂ ਨੂੰ ਬੜਾ ਫਿਕਰ ਲੱਗਾ
ਕਿ ਕੁੜੀ ਠੀਕ-ਠਾਕ ਹੋਵੇ। ਆਪਣੇ ਮਿੰਧੀ ਨੂੰ ਚਿੱਠੀ ਲਿਖ ਕੇ ਕਹੋ ਕਿ ਉਹ
ਸੁੰਮਨ ਦਾ ਪਤਾ ਕਰੇ।'' ਬਿਸ਼ਨ ਸਿੰਘ ਨੇ ਕਿਹਾ, ''ਲਾਲਾ ਜੀ, ਆਪਣਾ ਮਿੰਧੀ
ਪਰਸੋਂ ਨੂੰ ਇੰਡਿਆ ਆ ਰਿਹੈ। ਉਹਨੂੰ ਆਪਣੀ ਮਾਂ ਦੀ ਢਿੱਲ ਮੱਠ ਦਾ ਬਹੁਤ
ਫਿਕਰ ਰਹਿੰਦਾ। ਹੁਣ ਵੀ ਨਰਿੰਦਰ ਕੌਰ ਦੀ ਬੀਮਾਰੀ ਦਾ ਉਹਨੂੰ ਆਪਣੇ ਕੇਹਰੂ
ਦੇ ਮੁੰਡੇ ਜਗੀਰੇ ਤੋਂ ਪਤਾ ਲੱਗਾ ਤਾਂ ਉਹ ਦੌੜਾ ਆ ਰਿਹੈ। ਤੈਨੂੰ ਪਤਾ ਈ
ਆ ਕਿ ਜਗੀਰੇ ਅਤੇ ਮਿੰਧੀ ਦੀ ਵੀ ਆਪਣੇ ਵਾਂਗ ਯਾਰੀ ਆ ਤੇ ਉਹ ਰਹਿੰਦੇ ਵੀ
ਇੱਕੋ ਸ਼ਹਿਰ 'ਚ ਈ ਆ। ਕੰਮ ਵੀ ਉਹ ਇੱਕੋ ਥਾਂ ਈ ਕਰਦੇ ਆ। ਅਸੀਂ ਤਾਂ
ਉਹਨੂੰ ਉਹਦੀ ਮਾਂ ਦੇ ਬੀਮਾਰ ਹੋਣ ਵਾਰੇ ਚਿੱਠੀ ਵੀ ਨਹੀਂ ਸੀ ਪਾਈ ਪਰ
ਮੈਨੂੰ ਲੱਗਦਾ ਕੇਹਰੂ ਨੇ ਸ਼ਾਇਦ ਜਗੀਰੇ ਨੂੰ ਲਿਖ ਦਿੱਤਾ ਹੋਵੇ। ਹੁਣ
ਮਿੰਧੀ ਦੇ ਆਉਣ ਤੇ ਈ ਆਪਾਂ ਸਾਰੀ ਗੱਲ ਕਰ ਲਵਾਂਗੇ। ਤੂੰ ਯਾਰ ਪਹਿਲਾਂ
ਗੱਲ ਤਾਂ ਕਰਦਾ, ਆਪਾਂ ਮਿੰਧੀ ਨੂੰ ਚਿੱਠੀ ਪਾ ਦਿੰਦੇ।'' ''ਮੈਂ ਤਾਂ
ਬਿਸ਼ਨ ਸਿੰਹਾਂ ਇਸ ਕਰਕੇ ਚੁੱਪ ਰਿਹਾ ਕਿ ਨਵਾਂ ਨਵਾਂ ਕੁੜੀ ਦਾ ਵਿਆਹ ਹੋਇਆ
ਤੇ ਪਤਾ ਨਹੀਂ ਅਗਲੇ ਕੇਹੋ ਜੇਹੇ ਆ। ਪਹਿਲਾਂ ਕੁੜੀ ਠੀਕ-ਠਾਕ ਸੈੱਟ ਹੋ
ਜਾਵੇ।''
ਮਿੰਧੀ ਦੇ ਭਾਰਤ ਪਹੁੰਚਣ ਤੇ ਇੱਕ ਦਿਨ ਬਿਸ਼ਨ ਸਿੰਹੁ ਨੇ ਲਾਲਾ ਕਿਸ਼ਨ ਲਾਲ
ਅਤੇ ਲੀਲਾ ਦੇਵੀ ਨੂੰ ਘਰ ਸੱਦ ਲਿਆ ਕਿ ਉਹ ਆਪ ਈ ਸਿੱਧੀ ਗੱਲ ਕਰ ਲੈਣ।
ਲਾਲਾ ਜੀ ਗੱਲ ਕਰਦੇ ਕਰਦੇ ਰੋਣ ਲੱਗ ਪਏ, ''ਪਤਾ ਨਹੀਂ ਸਾਡੀ ਬੇਟੀ ਕਿਸ
ਹਾਲ 'ਚ ਆ। ਬੇਟਾ ਮਿੰਧੀ ਤੂੰ ਆਪ ਜਾ ਕੇ ਭੈਣ ਦਾ ਹਾਲ ਚਾਲ ਦੇਖੀਂ ਤੇ
ਸਾਨੂੰ ਚਿੱਠੀ ਪਾਈਂ।'' ਲਾਲੀ ਲੀਲਾ ਦੇਵੀ ਨੇ ਹਿਟਕੋਰੇ ਲੈਂਦੇ ਕਿਹਾ,
''ਪੁੱਤ, ਮੈਨੂੂੰ ਤਾਂ ਦਿਨ ਰਾਤ ਨੀਂਦ ਨਹੀਂ ਆਉਂਦੀ। ਮੈਂ ਤਾਂ ਹੁਣ ਪਛਤਾ
ਰਹੀ ਹਾਂ ਕਿ ਆਪਣੇ ਜਿਗਰ ਦੇ ਟੁੱਕੜੇ ਨੂੰ ਪ੍ਰਦੇਸਾਂ 'ਚ ਐਡੀ ਦੂਰ ਕਿਉਂ
ਭੇਜਿਆ।'' ਮਿੰਧੀ ਅਤੇ ਉਹਦੇ ਮਾਂ ਬਾਪ ਨੇ ਲਾਲਾ ਲਾਲੀ ਨੂੰ ਹੌਂਸਲਾ
ਦਿੱਤਾ ਕਿ, ''ਤੁਸੀਂ ਐਵੇਂ ਵਾਧੂ ਫਿਕਰ ਨਾਂ ਕਰੋ, ਸਭ ਠੀਕ ਹੀ ਹੋਣੈਂ।
ਕੰਮਾਂ ਕਾਰਾਂ 'ਚ ਕਈ ਵਾਰ ਚਿੱਠੀ ਨਹੀਂ ਲਿਖ ਹੁੰਦੀ।'' ਗਿੱਲੀਆਂ ਅੱਖਾਂ
ਨਾਲ ਮਿੰਧੀ ਨੂੰ ਪਿਆਰ ਦੇ ਕਿਸ਼ਨ ਲਾਲ ਅਤੇ ਲੀਲਾ ਦੇਵੀ ਵਾਪਿਸ ਘਰ ਆ ਗਏ।
ਬਿਸ਼ਨ ਸਿੰਘ ਨੇ ਮਿੰਧੀ ਨੂੰ ਕਿਹਾ, ''ਪੁੱਤ, ਸੁੰਮਨ ਵੀ ਤੇਰੀ ਭੈਣ ਆ।
ਵਾਪਿਸ ਜਾ ਕੇ ਪਹਿਲਾਂ ਉਹਨੂੰ ਮਿਲ ਕੇ ਆਈਂ। ਤੈਨੂੰ ਪਤਾ ਈ ਲਾਲੇ ਹੁਰਾਂ
ਨਾਲ ਆਪਣਾ ਕਿੰਨ੍ਹਾਂ ਪਿਆਰ ਆ।'' ਮਿੰਧੀ ਨੇ ਕਿਹਾ, ''ਡੈਡੀ ਜੀ, ਤੁਸੀਂ
ਫਿਕਰ ਨਾਂ ਕਰੋ। ਮੈਂ ਸੁੰਮਨ ਭੈਣ ਕੋਲ ਇੰਗਲੈਂਡ ਪਹੁੰਚ ਕੇ ਦੂਜੇ ਦਿਨ ਈ
ਜਾਵਾਂਗਾ।'' ਮਿੰਧੀ ਆਪਣੀ ਮਾਂ ਨੂੰ ਹਸਪਤਾਲਾਂ ਵਿਚ ਕਦੇ ਚੰਡੀਗੜ੍ਹ, ਕਦੇ
ਲੁਧਿਆਣੇ ਲਿਜਾ ਇਲਾਜ ਕਰਾਉਂਦਾ ਰਿਹਾ। ਆਪਣੇ ਪੁੱਤ ਨੂੰ ਦੇਖ ਮਾਂ ਦਾ
ਵੈਸੇ ਈ ਹੌਂਸਲਾ ਵੱਧ ਗਿਆ ਅਤੇ ਠੀਕ ਇਲਾਜ ਹੋਣ ਤੇ ਉਹ ਨੌਂ ਬਰ ਨੌਂ ਹੋ
ਗਈ। ਮਿੰਧੀ ਦੇ ਵਾਪਿਸ ਜਾਣ ਤੋਂ ਇੱਕ ਦਿਨ ਪਹਿਲਾਂ ਫਿਰ ਲਾਲਾ ਕਿਸ਼ਨ ਲਾਲ
ਅਤੇ ਲਾਲੀ ਲੀਲਾ ਦੇਵੀ ਨੇ ਮਿੰਧੀ ਨੂੰ ਸੁੰਮਨ ਦਾ ਪਤਾ ਲੈਣ ਲਈ ਤਾਗੀਦ
ਕੀਤੀ।
ਇੰਗਲੈਂਡ ਪਹੁੰਚ ਕੇ ਮਿੰਧੀ ਨੇ ਜਗੀਰੇ ਨੂੰ ਨਾਲ ਲਿਆ ਅਤੇ ਦੂਜੇ ਸ਼ਹਿਰ
ਰਹਿੰਦੀ ਸੁੰਮਨ ਨੂੰ ਮਿਲਣ ਚਲਾ ਗਿਆ। ਸੁੰਮਨ ਉਹਨਾਂ ਦੋਵਾਂ ਨੂੰ ਦੇਖ
ਹੈਰਾਨ ਹੋ ਗਈ। ਪਰ ਮਿੰਧੀ ਅਤੇ ਜਗੀਰੇ ਦੇ ਸੁੰਮਨ ਨੂੰ ਦੇਖ ਡੌਰ ਭੌਰ ਉੱਡ
ਗਏ। ਸੁੰਮਨ ਸੁੱਕ ਕੇ ਕਾਨਾ ਹੋਈ ਪਈ ਸੀ। ਰੋ ਰੋ ਕੇ ਉਹਦੀਆਂ ਅੱਖਾਂ
ਸੁੱਜੀਆਂ ਹੋਈਆਂ ਸਨ। ਮੂੰਹ ਅਤੇ ਬਾਹਾਂ ਤੇ ਸੱਟਾਂ ਦੇ ਨਿਸ਼ਾਨ ਸਨ। ਮਿੰਧੀ
ਨੇ ਦੱਸਿਆ ਕਿ, ''ਮੈਂ ਇੰਡਿਆ ਗਿਆ ਸੀ ਤੇ ਅਜੇ ਕੱਲ੍ਹ ਈ ਵਾਪਿਸ ਆਇਐਂ।
ਪਿੰਡ ਅੰਕਲ ਜੀ ਅਤੇ ਆਂਟੀ ਜੀ ਨੂੰ ਮਿਲਿਆ ਸੀ ਅਤੇ ਉਹ ਤੇਰਾ ਬਹੁਤ ਫਿਕਰ
ਕਰ ਰਹੇ ਆ ਕਿ ਤੂੰ ਠੀਕ ਠਾਕ ਤਾਂ ਹੈਂ। ਮੈਨੂੰ ਉਹਨਾਂ ਬਾਰ ਬਾਰ ਤਾਗੀਦ
ਕੀਤੀ ਸੀ ਕਿ ਮੈਂ ਤੈਨੂੰ ਜ਼ਰੂਰ ਮਿਲਾਂ। ਇਸੇ ਕਰਕੇ ਜਗੀਰੇ ਨੂੰ ਨਾਲ ਲੈ
ਕੇ ਮੈਂ ਆਇਆ।'' ਉਸ ਵੇਲੇ ਪ੍ਰਦੀਪ ਘਰ ਨਹੀਂ ਸੀ। ਆਪਣੇ ਪਿੰਡ ਦੇ ਭਰਾਵਾਂ
ਨੂੰ ਮਿਲ ਅਤੇ ਮਾਂ ਬਾਪ ਦੇ ਫਿਕਰ ਦਾ ਸੁਣ ਸੁੰਮਨ ਫਿਸ ਪਈ। ''ਭਰਾਵੋ,
ਮੈਂ ਤੁਹਾਨੂੰ ਕੀ ਦੱਸਾਂ? ਮੈਨੂੰ ਇੱਥੇ ਆਇਆਂ ਸਾਲ ਤੋਂ ਉੱਪਰ ਹੋ ਗਿਆ,
ਮੈਂ ਇੱਕ ਦਿਨ ਵੀ ਸੁੱਖ ਦਾ ਨਹੀਂ ਦੇਖਿਆ। ਮੈਂ ਆਪਣੇ ਮਾਂ ਬਾਪ ਨੂੰ ਕੀ
ਲਿਖਾਂ? ਇਸੇ ਕਰਕੇ ਉਹਨਾਂ ਨੂੰ ਚਿੱਠੀ ਨਹੀਂ ਪਾ ਹੋਈ। ਹਾਲ ਮੇਰਾ ਤੁਹਾਡੇ
ਸਾਹਮਣੇ ਈ ਆ। ਮੇਰੇ ਸਾਰੇ ਸਰੀਰ ਤੇ ਕੁੱਟਮਾਰ ਦੇ ਨੀਲ ਪਏ ਹੋਏ ਆ। ਮੇਰੇ
ਨਾਲ ਇਹ ਕੰਮ ਹਰ ਰੋਜ਼ ਈ ਹੁੰਦੈ। ਕੰਮ ਇਹ ਕੋਈ ਕਰਦਾ ਨਹੀਂ। ਬਸ ਸ਼ਰਾਬ ਨਾਲ
ਰੱਜਿਆ ਰਹਿੰਦੈ। ਹੁਣ ਕਹਿੰਦਾ ਸੀ ਕਿ, ''ਮੈਂ ਤੈਨੂੰ ਤਲਾਕ ਦੇ ਦੇਣਾਂ।
ਮੈਨੂੰ ਤਾਂ ਭਰਾਵੋ ਆਪਣੀ ਜਾਨ ਦੀ ਖੈਰ ਨਹੀਂ ਕਿ ਕਿਤੇ ਕਿਸੇ ਦਿਨ ਗੱਲ
ਘੁੱਟ ਕੇ ਈ ਮਾਰ ਨਾਂ ਦੇਵੇ। ਮੈਨੂੰ ਤਾਂ ਇਹ ਈ ਸਮਝ ਨਹੀਂ ਲੱਗਦੀ ਕਿ
ਮੇਰਾ ਕਸੂਰ ਕੀ ਆ? ਮੈਨੂੰ ਇਹ ਵੀ ਪਤਾ ਲੱਗਾ ਕਿ ਇਹਨੇ ਪਹਿਲਾਂ ਵੀ ਤਿੰਨ
ਕੁੜੀਆਂ ਨਾਲ ਤਲਾਕ ਕੀਤੈ। ਇਹ ਇਹਦਾ ਇੱਕ ਸ਼ੁਗਲ ਬਣ ਗਿਆ।'' ਗੱਲ ਕਰਦੀ
ਸੁੰਮਨ ਦਾ ਗੱਚ ਭਰ ਆਇਆ ਅਤੇ ਉਹ ਰੋਣ ਲੱਗ ਪਈ। ਸੁੰਮਨ ਕਿਹਾ, ''ਭਰਾਵੋ,
ਮੈਨੂੰ ਇਸ ਚੰਡਾਲ ਤੋਂ ਬਚਾ ਲਉ। ਮੈਂ ਤੁਹਾਡੇ ਮੂਹਰੇ ਹੱਥ ਜੋੜਦੀ ਆਂ।''
ਇਸ ਤੋਂ ਬਾਦ ਸੁੰਮਨ ਤੋਂ ਗੱਲ ਨਾਂ ਹੋ ਸਕੀ। ਮਿੰਧੀ ਅਤੇੋ ਜਗੀਰਾ ਅੱਧਾ
ਕੁ ਘੰਟਾ ਹੋਰ ਬੈਠੇ ਰਹੇ ਤਾਂ ਇੰਨੇ ਨੂੰ ਪ੍ਰਦੀਪ ਵੀ ਆ ਗਿਆ। ਮਿੰਧੀ ਅਤੇ
ਜਗੀਰੇ ਨੇ ਜ਼ਾਬਤਾ ਰੱਖਦੇ ਪ੍ਰਦੀਪ ਦਾ ਚੰਗੇ ਜੁਆਈਆਂ ਵਰਗਾ ਸੁਆਗਤ ਕੀਤਾ।
ਥੋੜੀ ਦੇਰ ਬਾਦ ਮਿੰਧੀ ਅਤੇ ਜਗੀਰਾ, ਪ੍ਰਦੀਪ ਨੂੰ ਪੱਬ 'ਚ ਲੈ ਗਏ। ਘਰੋਂ
ਜਾਣ ਲੱਗਿਆ ਦੋਵਾਂ ਨੇ ਸੁੰਮਨ ਨੂੰ 20-20 ਪੌਂਡ ਦਿੱਤੇ ਕਿ, ''ਭੈਣ ਅਸੀਂ
ਫਿਰ ਆਵਾਂਗੇ।'' ਸੁੰਮਨ ਦੇ ਜ਼ੋਰ ਲਾਉਣ ਤੇ ਵੀ ਉਹਨਾਂ ਦੋਵਾਂ ਚਾਹ ਤਕ ਨਾ
ਪੀਤੀ। ਪੱਬ 'ਚ ਉਹਨਾਂ ਦੋਵਾਂ ਨੇ ਪ੍ਰਦੀਪ ਨੂੰ ਬੀਅਰ ਪਿਲਾਈ ਅਤੇ ਕਿਹਾ,
''ਪ੍ਰੌਹਣਿਆ, ਸਾਡੀ ਭੈਣ ਦਾ ਖਿਆਲ ਰੱਖਿਆ ਕਰ। ਨਾਲੇ ਤੂੰ ਖਾਣ ਪੀਣ ਵਾਲਾ
ਬੰਦਾ, ਇਸ ਕਰਕੇ ਹੁਣ ਸਾਡੇ ਨਾਲ ਮੇਲ ਜੋਲ ਵੀ ਬਣਾਈ ਰੱਖੀਂ।'' ਪ੍ਰਦੀਪ
ਨੇ ਸ਼ੋਅਰ-ਸ਼ੋਅਰ ਕਹਿ ਉਹਨਾਂ ਤੋਂ ਵਿਦਾ ਲਈ। ਮਿੰਧੀ ਨੇ ਪਿੰਡ ਚਿੱਠੀ ਪਾ
ਦਿੱਤੀ ਕਿ ਸੁੰਮਨ ਦਾ ਫਿਕਰ ਨਾ ਕਰਨ, ਉਹ ਠੀਕ ਆ।
ਹੁਣ ਮਿੰਧੀ ਅਤੇ ਜਗੀਰੇ ਨੇ ਸਲਾਹ ਬਣਾਈ ਕਿ ਦੋ ਕੁ ਵਾਰ ਪ੍ਰਦੀਪ ਨੂੰ ਫਿਰ
ਮਿਲਿਆ ਜਾਵੇ ਤਾਂ ਕਿ ਉਹਦਾ ਵਿਸ਼ਵਾਸ਼ ਜਿੱਤਿਆ ਜਾ ਸਕੇ। ਇਸ ਸਮੇਂ ਦੌਰਾਨ
ਉਹਨਾਂ ਪ੍ਰਦੀਪ ਬਾਰੇ ਹੋਰ ਜਾਣਕਾਰੀ ਵੀ ਇਕੱਠੀ ਕਰ ਲਈ ਸੀ ਕਿ, ''ਪ੍ਰਦੀਪ
ਛਟਿਆ ਬਦਮਾਸ਼ ਆ ਅਤੇ ਇੰਡਿਆ ਤੋਂ ਕੁੜੀਆਂ ਲਿਆ ਖਰਾਬ ਕਰਦੈ।'' ਮਿੰਧੀ ਅਤੇ
ਜਗੀਰੇ ਨੇ ਪ੍ਰਦੀਪ ਦਾ ਫਸਤਾ ਵੱਢਣ ਦੀ ਸਕੀਮ ਬਣਾ ਲਈ ਸੀ। ਸੁੰਮਨ ਨੂੰ ਹਰ
ਵਾਰ ਮਿਲਣ ਤੇ ਉਹਨੇ ਦੱਸਿਆ ਸੀ ਕਿ, ''ਪ੍ਰਦੀਪ ਦੇ ਚਾਲਿਆਂ 'ਚ ਕੋਈ ਫਰਕ
ਨਹੀਂ ਸੀ ਆਇਆ।'' ਉਹ ਅਜੇ ਵੀ ਕੁੱਟ ਖਾ ਰਹੀ ਸੀ ਅਤੇ ਤਲਾਕ ਦੀਆਂ ਧਮਕੀਆਂ
ਸੁਣ ਰਹੀ ਸੀ।
ਕ੍ਰਿਸਮਿਸ ਦੀਆਂ ਛੁੱਟੀਆਂ 'ਚ ਮਿੰਧੀ ਅਤੇ ਜਗੀਰੇ ਨੇ ਪ੍ਰਦੀਪ ਨੂੰ ਫੋਨ
ਕੀਤੈ, ''ਪ੍ਰਾਹੁਣਿਆ, ਵੀਕਐਂਡ ਤੇ ਪਾਰਟੀ ਰੱਖੀ ਆ, ਜ਼ਰੂਰ ਆਈਂ। ਘੜੀ
ਸ਼ੁਗਲ ਮੇਲਾ ਕਰਾਂਗੇ।'' ਪ੍ਰਦੀਪ ਮੰਨ ਗਿਆ ਅਤੇ ਪਾਰਟੀ ਤੇ ਜਾਣ ਤੋਂ ਬਾਦ
ਉਹ ਮੁੜ ਘਰ ਜੀਉਂਦਾ ਨਾਂ ਆਇਆ। ਪੁਲੀਸ ਦੀ ਕਾਰਵਾਈ ਤੋਂ ਬਾਦ ਪਤਾ ਲੱਗਾ
ਕਿ, ''ਪ੍ਰਦੀਪ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ ਅਤੇ ਦਿਲ ਫੇਲ੍ਹ ਹੋਣ
ਨਾਲ ਚੱਲ ਵਸਿਆ।'' ਪਰ ਬਹੁਤਿਆਂ ਲੋਕਾਂ ਦਾ ਕਹਿਣਾ ਕਿ, ''ਪ੍ਰਦੀਪ ਨੂੰ
ਬਿਜਲੀ ਦਾ ਕਰੰਟ ਲਾ ਕੇ ਮਾਰਿਆ ਗਿਆ ਸੀ।'' ਇਹ ਕੰਮ ਮਿੰਧੀ ਅਤੇ ਜਗੀਰੇ
ਨੇ ਐਨੀ ਸਫਾਈ ਨਾਲ ਕਿਵੇਂ ਕੀਤਾ ਇਹਦੇ ਬਾਰੇ ਅਜੇ ਤਕ ਵੀ ਅਸਲੀਅਤ ਦਾ ਪਤਾ
ਨਹੀਂ ਲੱਗ ਸਕਿਆ।