(‘ਲੋਹੜੀ: ਪੋਹ ਦੀ ਅਗ਼ਨ’ ਡਰਾਮਾ ਸਭ ਤੋਂ ਪਹਿਲੀ ਵਾਰ ਜਨਵਰੀ 11, 1998
ਨੂੰ ਐਬਟਸਫੋਰਡ ਸੈਨਟੇਨੀਅਲ ਆਡੀਟੋਰੀਅਮ ਵਿਚ ਲੋਹੜੀ ਦੇ ਮੌਕੇ ਤੇ ਖੇਡਿਆ
ਗਿਆ ਜਿਸ ਨੂੰ ਸੁਰਜੀਤ ਕਲਸੀ ਨੇ ਲਿਖਿਆ ਤੇ ਡਾਇਰੈਕਟਕੀਤਾ। ਇਸ ਡਰਾਮੇ
ਨੂੰ ਐਬਟਸਫੋਰਡ ਕਮਿਊਨਿਟੀ ਸਰਵਸਿਜ਼ ਅਤੇ ਸਮਾਨਤਾ ਵਲੋਂ ਸਪੌਂਸਰ ਕੀਤਾ
ਗਿਆ। ਇਸ ਵਿਚ ਪਹਿਲੀ ਵਾਰ ਇਹ ਮੁੱਦਾ ਉਠਾਇਆ ਗਿਆ ਕਿ ਸਿਰਫ਼ ਮੁੰਡਿਆਂ ਦੀ
ਹੀ ਲੋਹੜੀ ਕਿਉਂ ਮਨਾਈ ਜਾਂਦੀ ਹੈ, ਕੁੜੀਆਂ ਦੀ ਵੀ ਲੋਹੜੀ ਮਨਾਈ ਜਾਣੀ
ਚਾਹੀਦੀ ਹੈ ਤੇ ਇਸ ਤੋਂ ਵੀ ਵੱਧ, ਕੁੜੀ/ਮੁੰਡੇ ਦੇ ਭੇਦ-ਭਾਵ ਤੋਂ ਉੱਪਰ
ਉੱਠ ਕੇ ਹਰ ਨਵ-ਜੰਮੇ ਬੱਚੇ ਦੀ ਆਮਦ ਤੇ ਲੋਹੜੀ ਦਾ ਸ਼ਗਨ ਮਨਾਇਆ ਜਾਣਾ
ਚਾਹੀਦਾ ਹੈ।)
॥ ਸੂਤਰਧਾਰ ਦੀ ਆਵਾਜ਼ ॥ (ਪਿੱਠਭੂਮੀ ਵਿਚ ਸੰਗੀਤ ਚਲ ਰਿਹਾ ਹੈ)
ਲੋਹੜੀ: ਨਵ-ਜਨਮ, ਨਵ-ਫਸਲ, ਨਵ-ਮੌਸਮ ਤੇ ਨਵ-ਸੋਚ ਦੀ ਪ੍ਰਤੀਕ ਹੈ। ਦੇਸੀ
ਮਹੀਨਿਆਂ : ਚੇਤ, ਵਿਸਾਖ,ਜੇਠ, ਹਾੜ, ਸਾਉਣ, ਭਾਦਰੋਂ, ਅੱਸੂ, ਕੱਤਕ,
ਮੱਘਰ, ਪੋਹ, ਮਾਘ, ਫੱਗਣ ਦੇ ਹਿਸਾਬ ਨਾਲ ਲੋਹੜੀ ਪੋਹ ਦੇ ਖਤਮ ਹੋਣ ਸਾਰ
ਤੇ ਮਾਘ ਦੀ ਸੰਗ੍ਰਾਂਦ ਨੂੰ ਸਾਰੇ ਪੰਜਾਬ ਵਿੱਚ ਮਨਾਈ ਜਾਂਦੀ ਹੈ। ਲੋਹੜੀ
ਨੂੰ ਇੱਥੇ ਕਨੇਡਾ ਦੀ ਧਰਤੀ ਤੇ ਕਿਸੇ ਨਵੇਂ ਅੰਦਾਜ਼ ਵਿਚ ਮਨਾਇਆ ਜਾਂਦਾ ਹੈ
। ਸੁੱਚੀ ਪੋਹ ਦੀ ਅਗ਼ਨ: ਲੋਹੜੀ ਬਾਲਣ ਦਾ ਅਰਥ ਵਾਤਾਵਰਣ ਨੂੰ ਸਾਫ, ਸੁੱਚਾ
ਤੇ ਨਿਰਮਲ ਕਰਨਾ, “ਨਵੇਂ ਅੰਨ” ਦਾ ਸ਼ੁਕਰ ਮਨਾਉਣਾ ਤੇ ਸਰਦੀ ਤੋਂ ਨਿੱਘ ਵਲ
ਬਦਲਦੇ ਮੌਸਮ ਦਾ ਜਸ਼ਨ ਮਨਾਉਣਾ, ਕਮਾਦ ਦੀ ਮਿਠਾਸ ਤੇ ਮਹਿਕ ਦਾ ਰਸ ਮਾਨਣਾ,
ਤੇ ਲਗਦੇ ਹੱਥੀਂ ਜੇ ਵਰ੍ਹੇ ਦੇ ਵਿਚ ਨਵੇਂ ਜੰਮੇ ਬੱਚੇ ਦੀ ਖੁਸ਼ੀ ਲੋਕਾਂ
ਨਾਲ ਸਾਂਝੀ ਕਰਨ ਲਈ, ਫਲ੍ਹੇ ਵਿਚ ਲੋਹੜੀ ਦੀ ਅਗਨ ਸੇਕਣ ਆਏ ਸੰਬੰਧੀਆਂ,
ਮਿੱਤਰਾਂ ਅਤੇ ਹੋਰ ਲੋਕਾਂ ਵਿਚ ਘੁਲਾੜੀ ਦੇ ਤਾਜੇ ਗੁੜ ਦੀਆਂ ਭੇਲੀਆਂ
ਵੰਡਣਾ। ਲੋਹੜੀ 'ਤੇ ਮੁੰਡੇ-ਕੁੜੀਆਂ ਲੋਹੜੀ ਮੰਗਣ ਘਰੋ ਘਰੀਂ ਜਾਂਦੇ ਹਨ
ਅਤੇ ਪਿੰਡ ਦੀ ਸਾਂਝੀ ਲੋਹੜੀ ਬਾਲਣ ਲਈ, ਲੱਕੜਾਂ ਪਾਥੀਆਂ ਤੇ ਹੋਰ ਨਿਕਸੁਕ
ਇਕੱਠਾ ਕਰ ਲਿਆਉਂਦੇ ਹਨ। ਵਾਤਾਵਰਣ ਵਿਚ ਲੰਮੀ ਹੇਕ ਵਾਲੇ ਗੀਤਾਂ ਦੀ ਧੁਨੀ
ਫੈਲ ਜਾਂਦੀ ਹੈ। ਹਰ ਕੋਈ ਇੱਕ ਦੂਜੇ ਨੂੰ ਵਧਾਈਆਂ ਦੇਂਦਾ ਹੈ। ਪਿੱਛੋਂ
ਕੁੜੀਆਂ ਮੁੰਡੇ ਗਿੱਧਾ, ਭੰਗੜਾ ਪਾਉਂਦੇ ਹਨ। ਫਸਲਾਂ ਨੂੰ ਦਾਣਾ ਪੈ ਚੁੱਕਾ
ਹੁੰਦਾ ਹੈ, ਅਤੇ ਫਸਲਾਂ ਦੇ ਪੱਕਣ ਵਿੱਚ ਦੋ ਮਹੀਨੇ ਯਾਨੀ ਕਿ ਵਿਸਾਖੀ ਤੱਕ
ਵਿਹਲਾ ਸਮਾਂ ਹੁੰਦਾ ਹੈ;ਤਾਂ ਫਿਰ ਲੋਹੜੀ ਦੀ ਧੂਣੀ ਸੇਕਦੇ ਲੋਕ ਤੜਕੇ ਤੱਕ
ਬੈਠੇ ਗੱਲਾਂ ਕਰਦੇ ਅਤੇ ਅੱਗ ਨੂੰ ਹੋਰ ਲੱਕੜਾਂ ਪਾਥੀਆਂ ਲਾ ਕੇ ਜਲਾਈ
ਰਖਦੇ ਹਨ। ਸਾਲ ਦੇ ਦੌਰਾਨ ਕਿਸੇ ਦੇ ਮੁੰਡਾ ਹੋਇਆ ਹੋਵੇ ਜਾਂ ਕਿਸੇ ਦਾ
ਨਵਾਂ ਵਿਆਹ ਹੋਇਆ ਹੋਵੇ ਤਾਂ ਸ਼ਗਨਾਂ ਦੇ ਗੀਤਾਂ ਦੀ ਧੁਨੀ ਫਿਜ਼ਾ ਵਿਚ ਫੈਲੀ
ਹੁੰਦੀ ਹੈ।
ਪਾਤਰ:
ਜੋਰਾ ਸਿੰਘ ... ਉਮਰ 55 ਕੁ ਸਾਲ।
ਨਨਤੀ ... ਉਮਰ 50 ਸਾਲ। (ਜੋਰੇ ਦੀ ਪਤਨੀ )
ਰਣਬੀਰ ... ਉਮਰ 25 ਸਾਲ। (ਜੋਰੇ ਦਾ ਵੱਡਾ ਲੜਕਾ)
ਜਗਰੂਪ ... ਉਮਰ 22 ਸਾਲ। (ਰਣਬੀਰ ਦੀ ਪਤਨੀ)
ਨਿੱਕੀ ... ਉਮਰ 15 ਸਾਲ। (ਰਣਬੀਰ ਦੀ ਛੋਟੀ ਭੈਣ, ਕਨੇਡਾ ਦੀ ਜੰਮ ਪਲ।)
ਲੋਹੜੀ ... ਉਮਰ 2 ਹਫਤੇ। (ਰਣਬੀਰ ਤੇ ਜਗਰੂਪ ਦੀ ਪਹਿਲੀ ਬੱਚੀ। ਨਵ-ਜਨਮ,
ਨਵ-ਫਸਲ, ਨਵ-ਮੌਸਮ ਤੇ ਨਵ-ਸੋਚ ਦੀ ਪ੍ਰਤੀਕ।)
ਲੋਹੜੀ ਮੰਗਣ ਆਉਂਦੇ ਮੁੰਡੇ ਕੁੜੀਆਂ, ਉਮਰ 5 ਤੋਂ 12 ਸਾਲ ਦੇ ਵਿਚਕਾਰ।
ਲੋਹੜੀ ਮੰਗਣ ਆਉਂਦੀਆਂ ਕੁੜੀਆਂ, ਉਮਰ 14 ਤੋਂ 20 ਸਾਲ ਜਾਂ ਵੱਧ।
ਲੋਹੜੀ: ਦ੍ਰਿਸ਼ - ਪਹਿਲਾ
ਪਰਦਾ ਖੁੱਲ੍ਹਣ ਤੋਂ ਪਹਿਲਾਂ ਪਿੱਠਭੂਮੀ ਵਿੱਚ ਲੋਹੜੀ ਦੇ ਗੀਤਾਂ ਦੀ ਲੈ
ਵਾਤਾਵਰਣ ਵਿੱਚ ਫੈਲੀ ਹੋਈ ਹੈ।
(ਹੌਲੀ ਹੌਲੀ ਪਰਦਾ ਖੁੱਲ੍ਹਦਾ ਹੈ, ਸਟੇਜ ਉੱਤੇ ਲਾਲ, ਪੀਲੀਆਂ, ਨੀਲੀਆਂ,
ਜਾਮਣੀ, ਸੁਨਹਿਰੀ ਤੇ ਚਾਂਦੀ ਰੰਗੀਆਂ ਬੱਤੀਆਂ ਦੇ ਝਲਕਾਰੇ ਪੈਂਦੇ ਹਨ।)
ਪਿੱਠਭੂਮੀ ਵਿਚ ਲੋਹੜੀ ਦੇ ਗੀਤ ਦੀਆਂ ਧੁਨਾਂ ਸੁਣਾਈ ਦਿੰਦੀਆਂ ਹਨ:
ਸੁੱਚੇ ਨੀ ਮੈਂ ਵਾਰ ਵਾਰ ਪਈ ਡੋਲ੍ਹਦੀ
ਹੀਰੇ ਨੀ ਮੈਂ ਵਾਰ ਵਾਰ ਪਈ ਡੋਲ੍ਹਦੀ
ਜੇ ਤੂੰ ਬੈਠੋਂ ਖ਼ਾਰੇ, ਤੇਰੇ ਬਾਪ ਰੁਪਈਏ ਵਾਰੇ
ਜੇ ਤੂੰ ਚੜ੍ਹਿਓਂ ਘੋੜੀ, ਤੇਰੇ ਨਾਲ ਭਰਾਵਾਂ ਜੋੜੀ
ਸੁੱਚੇ ਨੀ ਮੈਂ ਵਾਰ ਵਾਰ ਪਈ ਡੋਲ੍ਹਦੀ
ਹੀਰੇ ਨੀ ਮੈਂ ਵਾਰ ਵਾਰ ਪਈ ਡੋਲ੍ਹਦੀ
ਜੇ ਤੂੰ ਵੱਢੀ ਜੰਡੀ, ਤੇਰੀ ਮਾਂ ਨੇ ਸ਼ੱਕਰ ਵੰਡੀ
ਜੇ ਤੂੰ ਆਂਦੀ ਡੋਲੀ, ਤੇਰੀ ਮਾਂ ਤੇਰੇ ਤੋਂ ਘੋਲੀ
ਸੁੱਚੇ ਨੀ ਮੈਂ ਵਾਰ ਵਾਰ ਪਈ ਡੋਲ੍ਹਦੀ
ਹੀਰੇ ਨੀ ਮੈਂ ਵਾਰ ਵਾਰ ਪਈ ਡੋਲ੍ਹਦੀ
ਵਹੁਟੀ ਦੇ ਘੁੰਡ ਉੱਤੇ, ਘੁੰਡ ਦੀ ਕਿਨਾਰੀ ਉੱਤੇ
ਘੋੜੀ ਦੇ ਲਾੜੇ ਉੱਤੇ, ਲਾੜੇ ਦੇ ਸਰਬਾਲੇ ਉੱਤੇ
ਸੁੱਚੇ ਨੀ ਮੈਂ ਵਾਰ ਵਾਰ ਪਈ ਡੋਲ੍ਹਦੀ ...
ਲੋਹੜੀ ਏ ਬਈ ਲੋਹੜੀ ਏ
ਨਾਲ ਭਰਾਵਾਂ ਜੋੜੀ ਏ, ਬਈ ਜੋੜੀ ਏ
ਲੋਹੜੀ ਏ ਬਈ ਲੋਹੜੀ ਏ
ਤਿਲ ਚੌਲੀਏ ਨੀ, ਗਿੱਗਾ ਮੌਲੀਏ ਨੀ
ਗਿੱਗਾ ਜੰਮਿਆਂ ਨੀ, ਗੁੜ ਵੰਡੀਏ ਨੀ
ਗੁੜ ਦੀਆਂ ਰਿਓੜੀਆਂ ਨੀ
ਭਰਾਵਾਂ ਦੀਆਂ ਜੋੜੀਆਂ ਨੀ
ਗਿੱਗਾ ਆਪ ਜੀਵੇ, ਘੁਮਾਈ ਬਾਪ ਜੀਵੇ,
ਸੁਹਰਾ ਸਾਕ ਜੀਵੇ ...
ਹੁੱਲੇ ਨੀ ਮਾਏਂ ਹੁੱਲੇ
ਦੋ ਪੱਤਰ ਸ਼ਰੀਂਹ ਦੇ ਝੁੱਲੇ, ਹੁੱਲੇ
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ
ਦੇ ਦੇ ਨੀ ਮਾਏਂ ਲੋਹੜੀ,
ਜੀਵੇ ਭਰਾਵਾਂ ਜੋੜੀ, ਹੁੱਲੇ।
ਪਾ ਮਾਏਂ ਘਿਓ, ਜੀਵੇ ਮੁੰਡੇ ਦਾ ਪਿਓ
ਤੇਰੇ ਵਿਹੜੇ ਠੰਡੀ ਛਾਂ, ਜੀਵੇ ਮੁੰਡੇ ਦੀ ਮਾਂ
ਬਣੀ ਰਹੇ ਤੇਰੀ ਜੋੜੀ, ਦੇ ਮਾਈ ਲੋਹੜੀ
ਹੁੱਲੇ ਨੀ ਮਾਏਂ ਹੁੱਲੇ
ਦੋ ਪੱਤਰ ਸ਼ਰੀਂਹ ਦੇ ਝੁੱਲੇ, ਹੁੱਲੇ
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ ...
(ਪਰਦਾ ਖੁੱਲ੍ਹਦਾ ਹੈ, ਜੋਰਾ ਸਿੰਘ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹਦਾ
ਨਜ਼ਰੀਂ ਆਉਂਦਾ ਹੈ। ਘਰ ਵਾਲਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਪੈਰਾਂ ਵਿੱਚ
ਸਲੀਪਰ ਹਨ। ਅਖ਼ਬਾਰ ਵਿੱਚ ਬੜਾ ਖੁੱਭਿਆ ਹੋਇਆ ਲਗਦਾ ਹੈ। ਲੋਹੜੀ ਦੇ ਗੀਤਾਂ
ਦੀ ਲੈ ਮੱਧਮ ਹੋ ਜਾਂਦੀ ਹੈ। ਨਿੱਕੀ ਵਾਲਾਂ ਵਿੱਚ ਬਰੱਸ਼ ਫੇਰਦੀ ਸਟੇਜ 'ਤੇ
ਦਾਖ਼ਿਲ ਹੁੰਦੀ ਹੈ। ਫਿਰ ਬੈਂਚ ਤੇ ਪੈਰ ਰੱਖ ਕੇ ਬੂਟਾਂ ਦੇ ਤਸਮੇ ਬੰਨ੍ਹਦੀ
ਹੋਈ ਖੰਘੂਰਾ ਮਾਰ ਕੇ ਆਪਣੇ ਡੈਡੀ ਦਾ ਧਿਆਨ ਖਿੱਚਣ ਦਾ ਯਤਨ ਕਰਦੀ ਹੋਈ
ਪੁੱਛਦੀ ਹੈ।)
ਨਿੱਕੀ: Dad what time are we coming back?
(ਜੋਰਾ ਸਿੰਘ ਜੋ ਅਖ਼ਬਾਰ ਵਿੱਚ ਮਸਤ ਹੈ, ਕੋਈ ਜਵਾਬ ਨਹੀਂ ਦੇਂਦਾ। ਨਿੱਕੀ
ਫੇਰ ਥੋੜ੍ਹੀ ਉੱਚੀ ਆਵਾਜ਼ ਵਿੱਚ ਪੁੱਛਦੀ ਹੈ।)
ਨਿੱਕੀ: ਡੈਡ, ਆਪਾਂ ਕਦੋਂ ਬੈਕ ਆਉਣੈ?
ਜੋਰਾ ਸਿੰਘ: ਫਰਾਮ ਵੇਅਰ? ਕਿੱਥੋਂ ਨਿੱਕੀ?
ਨਿੱਕੀ: ਫਰੌਮ ਲੋਹਰੀ ਪਾਰਟੀ ਡੈਡ।
ਜੋਰਾ ਸਿੰਘ: ਓ ਲੋਹੜੀ ਦੀ ਪਾਰਟੀ ਤੋਂ, ਮੈਨੂੰ ਨਹੀਂ ਪਤਾ, ਆਸਕ ਮਾਂਮ,
ਮਾਂ ਨੂੰ ਪੁੱਛ ਲੈ।
ਨਿੱਕੀ: Mom will stay for ever, she loves giddha dancing.
(ਉੱਚੀ ਆਵਾਜ਼ ਵਿਚ) Mom! What time are we coming back from Lohri
party?
ਨਨਤੀ : (ਅੰਦਰੋਂ ਹੀ)ਨਿੱਕੀ ਪਹਿਲਾਂ ਪਹੁੰਚ ਤਾਂ ਲਈਏ ...
(ਮਾਂ, ਜਿਸ ਦਾ ਨਾਮ ਨਨਤੀ ਹੈ, ਇਹ ਕਹਿੰਦੀ ਕਹਿੰਦੀ ਸਟੇਜ 'ਤੇ ਦਾਖ਼ਿਲ
ਹੁੰਦੀ ਹੈ):
ਤੈਨੂੰ ਛੇਤੀ ਆਉਣ ਬਾਰੇ ਲੱਗੀ ਰਹਿੰਦੀ ਐ; (ਆਪਣੀ ਚੁੰਨੀ ਠੀਕ ਕਰਦੀ ਹੋਈ
ਨਿੱਕੀ ਵਲ ਨਿਗਾਹ ਮਾਰਦੀ ਹੈ।) ਤੂੰ ਤਿਆਰ ਹੋ ਕੇ ਤਾਂ ਆ ਪਹਿਲਾਂ।
ਨਿੱਕੀ: I’m ready Mom, ਮੈਂ ਤਿਆਰ ਹਾਂ।
(ਜੋਰਾ ਸਿੰਘ, ਜੋ ਹੁਣ ਤੱਕ ਅਖ਼ਬਾਰ ਵਿਚ ਮਸਤ ਸੀ, ਰਤਾ ਕੁ ਅਖ਼ਬਾਰ ਦੀ
ਕੰਨੀ ਪਰੇ ਕਰ ਕੇ ਇਕ ਝਾਤ ਨਿੱਕੀ 'ਤੇ ਪਾਉਂਦਾ ਹੈ ਫਿਰ ਅਖ਼ਬਾਰ ਵਿਚ ਧਿਆਨ
ਕਰ ਲੈਂਦਾ ਹੈ।)
ਨਨਤੀ : ਆਹ ਤਿਆਰ ਐਂ ਤੂੰ? ਅਜੇ ਐਵੇਂ ਈ ਤੁਰੀ ਫਿਰਦੀ ਐਂ, ਜਾ ਪੰਜਾਬੀ
ਸੂਟ ਪਾ ਕੇ ਆ। ਓਹ ਲਹਿੰਗੇ ਵਾਲਾ ਸੂਟ ਪਾ ਲੈ, ਕੁੜੀਆਂ ਨੇ ਓਥੇ ਗਿੱਧਾ
ਪਾਉਣੈ।
ਨਿੱਕੀ: Mom it’s just another party. ਮੈਂ ਇਹੀ ਕਪੜੇ ਪਾ ਕੇ ਜਾਣੈ।
Why is it so
difficult to go to our Punjabi parties?
(ਆਪਣੇ ਆਪ ਨਾਲ ਗੱਲਾਂ ਕਰਦੀ ਹੌਲੀ ਜਿਹੀ ਇੱਕ ਪਾਸੇ ਨੂੰ ਜਾਂਦੀ ਹੈ, ਵਾਲ
ਸੰਵਾਰਦੀ ਹੈ, ਬੂਟਾਂ ਦੇ ਤਸਮੇਂ ਬੰਨ੍ਹਦੀ ਹੈ।)
ਨਨਤੀ: (ਥੋੜ੍ਹੀ ਛਿੱਥੀ ਜਿਹੀ ਪੈ ਕੇ ਆਪਣੇ ਪਤੀ ਜੋਰਾ ਸਿੰਘ ਵਲ ਸੰਬੋਧਨ
ਹੁੰਦੀ ਹੈ।) ਤੁਸੀਂ ਵੀ ਅਜੇ ਓਦਾਂ ਹੀ ਬੈਠੇ ਓ, ਮੈਂ ਕਿਹਾ ਜੀ, ਤੁਸੀਂ
ਤਿਆਰ ਨਹੀਂ ਹੋਣਾ?
ਜੋਰਾ ਸਿੰਘ: (ਬੇਧਿਆਨੀ ਵਿਚ ਹੀ) ਮੈਂ ਤਾਂ ਬਸ ਦੋ ਮਿੰਟ 'ਚ ਰੈਡੀ ਹੋ
ਜਾਣੈ, ਤੂੰ ਘਾਬਰ ਨਾ।
(ਅਖ਼ਬਾਰ ਥੋੜ੍ਹਾ ਮੂੰਹ ਤੋਂ ਹਟਾ ਕੇ ਇਕ ਨਜ਼ਰ ਨਨਤੀ ਤੇ ਮਾਰਦਾ ਹੋਇਆ
ਉੱਠਦਾ ਹੈ)
ਜੋਰਾ ਸਿੰਘ: ਵਾਹ! ਐਓਂ ਲਗਦੈ, ਜਿਵੇਂ ਤੂੰ ਕਿਸੇ ਦੇ ਵਿਆਹ ਦੀ ਪਾਰਟੀ
'ਤੇ ਚੱਲੀ ਹੋਵੇਂ।
ਨਨਤੀ: ਲੈ ਹੁਣ, ਮੁੰਡੇ ਜੰਮੇ ਤੋਂ ਪਹਿਲੀ ਲੋਹੜੀ ਦੀ ਪਾਰਟੀ, ਕਿਸੇ ਵਿਆਹ
ਜਾਂ ਮੰਗਣੇ ਦੀ ਪਾਰਟੀ ਨਾਲੋਂ ਕੋਈ ਘੱਟ ਥੋੜ੍ਹੀ ਰਹਿ ਗਈ ਐ?
ਜੋਰਾ ਸਿੰਘ: ਹੱਛਾ! ਤਾਂ ਤੇ ਲਗਦੈ ਤੂੰ ਹੁਣ ਮੈਨੂੰ ਟਾਈ ਸੂਟ ਵਿਚ ਕੱਸ
ਕੇ ਲਿਜਾਏਂਗੀ!
(ਜੋਰਾ ਸਿੰਘ ਟਾਈ ਬੰਨ੍ਹਣ ਦਾ ਕਰਮ ਕਰਦਾ ਹੈ। ਦੋਨੋਂ ਥੋੜ੍ਹਾ ਹੱਸ ਪੈਂਦੇ
ਹਨ।)
ਨਨਤੀ: ਹਾਂ, ਲੈ ਇੱਥੇ ਹੁਣ ਪਿੰਡ ਦੀ ਲੋਹੜੀ ਦਾ ’ਕੱਠ ਥੋੜ੍ਹਾ ਈ ਐ, ਜੋ
ਉੱਥੇ ਲੱਠੇ ਦਾ ਚਾਦਰਾ ਲਾ ਕੇ ਚਲੇ ਜਾਓਂਗੇ? ਨਾਲੇ ਕੈਨੇਡਾ ਦੀ ਠੰਡ, ਗਰਮ
ਕਪੜੇ ਤਾਂ ਪਾਉਂਣੇ ਹੀ ਪੈਣੇ ਐ।
ਜੋਰਾ ਸਿੰਘ: ਜੇ ਖੜ ਖੜ ਕਰਦਾ ਚਾਦਰਾ ਲਾ ਕੇ ਜਾਣ ਦੇਵੇਂ ਤਾਂ ਅਨੰਦ ਈ ਆ
ਜਾਊ, ਨਾਲੇ ਹੋਵੇ ਡੱਬ 'ਚ ਅਧੀਆ! (ਹੱਥ ਉਲਾਰਦਾ ਹੈ, ਹੱਥ ਵਿੱਚ ਅਖ਼ਬਾਰ
ਹੈ।)
ਨਨਤੀ: ਅੱਛਾ, ਅੱਛਾ, ਰਹਿਣ ਦਿਓ ਹੁਣ ਮਨੋ-ਉਡਾਰੀਆਂ ਨੂੰ, ...
(ਕਹਿੰਦੀ ਕਹਿੰਦੀ ਅਖ਼ਬਾਰ ਫੜਨ ਦਾ ਯਤਨ ਕਰਦੀ ਹੈ) ਚਲੋ ਹੁਣ, ਚੱਲ ਕੇ
ਤਿਆਰ ਹੋਵੋ।
(ਜੋਰਾ ਸਿੰਘ ਨੂੰ ਪਾਸੇ ਨੂੰ ਧੱਕਦੀ ਅੰਦਰ ਨੂੰ ਭੇਜਣ ਦਾ ਯਤਨ ਕਰਦੀ ਹੈ।)
ਕੁਵੇਲਾ ਹੋਈ ਜਾਂਦੈ।
(ਨਿੱਕੀ ਜੋ ਹੁਣ ਤੱਕ ਬੂਟਾਂ ਦੇ ਤਸਮੇ ਵਗੈਰਾ ਬੰਨ੍ਹ ਕੇ ਬਿਲਕੁਲ ਤਿਆਰ
ਹੋ ਗਈ ਲਗਦੀ ਸੀ, ਫੇਰ ਪੁੱਛਦੀ ਹੈ।)
ਨਿੱਕੀ: Mom! What time are we coming back? ਮੈਂ ਆਪਣੀ ਫਰੈਂਡ ਦੀ
ਬਰਥ-ਡੇ ਪਾਰਟੀ 'ਤੇ ਜਾਣੈ।
ਜੋਰਾ ਸਿੰਘ: ਫੇਰ ਓਹੀ ਗੱਲ? ਲੈ, (ਅੰਦਰ ਨੂੰ ਜਾਂਦਾ ਮੁੜ ਕੇ ਨਿੱਕੀ ਦੇ
ਸਿਰ 'ਤੇ ਪੋਲੇ ਜਿਹੇ ਅਖ਼ਬਾਰ ਮਾਰਦਾ ਹੈ) ਪਾਰਟੀ ਤੇ ਜਾਣੈ, ਤੇਰੇ
ਫਰੈਂਡਾਂ ਦੇ ਤਾਂ ਹਰ ਰੋਜ਼ ਬਰਥ-ਡੇ ਹੁੰਦੇ ਰਹਿੰਦੇ ਐ!
ਨਿੱਕੀ: ਡੈ ... ਅ ... ਡ? ਮੇਰੇ ਵਾਲ ਖ਼ਰਾਬ ਕਰ ਦਿੱਤੇ ਐ ...
ਜੋਰਾ ਸਿੰਘ: ਲੈ ਏਹਨੂੰ ਦੱਸ ਲੈ ਪਹਿਲਾਂ ਕਿ ਕਦੋਂ ਵਾਪਸ ਆਉਣੈ।
ਨਿੱਕੀ: ... ਮੇਰਾ ਸਾਰਾ ਸਿਰ ਖਿਲਾਰ ਤੈ!
ਜੋਰਾ ਸਿੰਘ: ਆਪਣੇ ਫਰੈਂਡਾਂ ਦੀਆਂ ਪਾਰਟੀਆਂ ਤੋਂ ਅੱਧੀ ਅੱਧੀ ਰਾਤ ਤੱਕ
ਨਹੀਂ ਮੁੜਦੇ ... (ਅਜੇ ਓਹਦੀ ਗੱਲ ਵਿਚਾਲੇ ਹੀ ਹੈ ਕਿ ਨਨਤੀ ਵੀ ਬੋਲ
ਪੈਂਦੀ ਹੈ।)
ਨਨਤੀ: ਨਿੱਕੀ ਤੈਨੂੰ ਬਸ ਆਪਣੇ ਫਰੈਂਡ ਦੀ ਪਾਰਟੀ ਤੇ ਜਾਣ ਦੀ ਕਾਹਲ ਹੈ,
ਪਹਿਲਾਂ ਤੂੰ ਸਾਡੇ ਨਾਲ ਚੱਲ, ਉੱਥੋਂ ਛੇਤੀ ਆ ਜਾਈਂ ਜੇ ਆਉਣਾ ਹੋਇਆ ਤਾਂ
... ਪਰ ਇੱਕ ਗੱਲ ਮੈਂ ਤੈਨੂੰ ਦਸਾਂ, ਲੋਹੜੀ ਦੀ ਪਾਰਟੀ ਉੱਤੇ ਵੀ ਬੜਾ ਫਨ
ਹੁੰਦੈ।
ਜੋਰਾ ਸਿੰਘ: ਸਾਰਾ ਸ਼ੁਗ਼ਲ ਮੇਲਾ ਤਾਂ ਪੰਜਾਬ ਵਿੱਚ ਹੁੰਦਾ ਈ ਲੋਹੜੀ ਉੱਤੇ
ਸੀ ... ਨਿੱਕੀ ਤੇਰੇ ਵਰਗੀਆਂ ਕੁੜੀਆਂ ਲੋਹੜੀ ਮੰਗਣ ਜਾਂਦੀਆਂ ਸਨ, ਪਿੰਡ
ਦੀ ਸਾਂਝੀ ਲੋਹੜੀ ਵਾਸਤੇ ਲੱਕੜਾਂ, ਪਾਥੀਆਂ, ਗੁੜ ਤੇ ਹੋਰ ਕਈ ਕੁਝ ਮੰਗ
ਕੇ ਲਿਆਉਂਦੀਆਂ ਹੁੰਦੀਆਂ ਸਨ ... (ਖਿਆਲਾਂ ਵਿਚ ਗੁੰਮ ਜਾਂਦਾ ਹੈ ...)
ਲੋਹੜੀ ਮੰਗਦੇ ਬੱਚਿਆਂ ਦੇ ਗੀਤਾਂ ਦੀ ਸੁਰ ਵਾਤਾਵਰਣ ਵਿੱਚ ਗੂੰਜ ਉੱਠਦੀ
ਹੈ ਅਤੇ ਘੁਲਾੜੀ ਦੇ ਤਾਜ਼ੇ ਗੁੜ ਦੀ ਖੁਸ਼ਬੂ ਹਰ ਪਾਸੇ ਫੈਲੀ ਹੁੰਦੀ ਹੈ ...
(ਇਸ ਮੌਕੇ ’ਤੇ ਸਟੇਜ ਉੱਤੇ ਨੀਲੀ ਜਾਂ ਜਾਮਣੀ ਲਾਈਟ ਵਿਚ ਧੂੰਏ ਦੇ ਬੱਦਲ
ਜਿਹਾ ਪ੍ਰਭਾਵ ਪਾਇਆ ਗਿਆ ਹੈ, ਤੇ ਏਨੇ ਨੂੰ ਬਾਹਰੋਂ ਕਿਸੇ ਦੇ ਗਾਉਣ ਦੀ
ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਲਗਦੈ ਜਿਵੇਂ ਬੱਚੇ ਲੋਹੜੀ ਮੰਗਣ ਆਏ ਹੋਣ।
ਏਨੇ ਨੂੰ ਚਾਰ ਪੰਜ ਬੱਚੇ ਸਟੇਜ ’ਤੇ ਦਿਖਾਈ ਦੇਂਦੇ ਹਨ ਜੋ ਗਾ ਕੇ ਲੋਹੜੀ
ਮੰਗ ਰਹੇ ਹਨ। ਜੋਰਾ, ਨਨਤੀ ਤੇ ਨਿੱਕੀ ਥਾਂਓਂ ਥਾਂਈਂ ਬੁੱਤ ਬਣ ਕੇ ਖੜੋ
ਜਾਂਦੇ ਹਨ।)
ਮੁੰਡੇ ਕੁੜੀਆਂ: (ਉੱਚੀ ਹੇਕ ਵਿੱਚ ਗਾਉਂਦੇ ਹਨ)
ਲੋਹੜੀ ਏ ਬਈ ਲੋਹੜੀ ਏ
ਨਾਲ ਭਰਾਵਾਂ ਜੋੜੀ ਏ, ਬਈ ਜੋੜੀ ਏ
ਲੋਹੜੀ ਏ ਬਈ ਲੋਹੜੀ ਏ।
ਹੁੱਲੇ ਨੀ ਮਾਏਂ ਹੁੱਲੇ
ਦੋ ਪੱਤਰ ਸ਼ਰੀਹ ਦੇ ਝੁੱਲੇ, ਹੁੱਲੇ
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ, ਹੁੱਲੇ
ਦੇ ਦੇ ਨੀ ਮਾਏਂ ਲੋਹੜੀ, ਜੀਵੇ ਭਰਾਵਾਂ ਦੀ ਜੋੜੀ, ਹੁੱਲੇ
ਨਨਤੀ: (ਖੁਸ਼ੀ ਦੇ ਖਿਆਲਾਂ ਵਿਚ ਹੀ ਚੁੰਨੀ ਦੀ ਝੋਲੀ ਬਣਾ ਲੈਂਦੀ ਹੈ)
ਮੁੰਡੇ ਕੁੜੀਆਂ: (ਉੱਚੀ ਹੇਕ ਵਿੱਚ ਫਿਰ ਗਾਉਂਦੇ ਹਨ)
ਪਾ ਦੀਵੇ ਵਿਚ ਘਿਓ, ਜੀਵੇ ਮੁੰਡੇ ਦਾ ਪਿਓ,
ਤੇਰੇ ਬਾਗ਼ੀਂ ਠੰਢੀ ਛਾਂ, ਜੀਵੇ ਮੁੰਡੇ ਦੀ ਮਾਂ, ਹੁੱਲੇ
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ, (ਕਹਿੰਦੇ ਹੋਏ ਹੌਲੀ ਹੌਲੀ ਮੁੜ
ਜਾਂਦੇ ਹਨ)
ਕੋਠੇ ਉੱਤੇ ਹੁੱਕਾ, ਇਹ ਘਰ ਭੁੱਖਾ ...
ਕੋਠੇ ਉੱਤੇ ਹੁੱਕਾ, ਇਹ ਘਰ ਭੁੱਖਾ ...
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ ...
ਤੇਰੇ ਬਾਗ਼ੀਂ ਠੰਢੀ ਛਾਂ, ਜੀਵੇ ਮੁੰਡੇ ਦੀ ਮਾਂ, ਹੁੱਲੇ।
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ।
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ।
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ।
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ। (ਹੌਲੀ ਹੌਲੀ ਚਲੇ ਜਾਂਦੇ ਹਨ।
(ਸਪੌਟ ਲਾਈਟ ਉਹਨਾਂ ਤੇ ਪੈਂਦੀ ਹੈ ਤੇ ਹੌਲੀ ਹੌਲੀ ਬੱਚੇ ਚਲੇ ਜਾਂਦੇ ਹਨ।
ਸਟੇਜ ਤੇ ਚਿੱਟੀ ਰੋਸ਼ਨੀ ਪੈਂਦੀ ਹੈ)
ਨਨਤੀ: (ਝਟਪਟ ਬੁੱਕਲ ਵਿੱਚੋਂ ਰਿਓੜੀਆਂ ਚਿਰਵੜਿਆਂ ਦੇ ਲਪ ਭਰ ਭਰ ਕੇ
ਬੱਚਿਆਂ ਦੇ ਝੋਲਿਆਂ ਵਿੱਚ ਪਾਉਣ ਲਗਦੀ ਹੈ ਪਰ ਉਥੇ ਬੱਚੇ ਨਹੀਂ ਹੁੰਦੇ
... ਸਟੇਜ ਉੱਤੇ ਚਿੱਟਾ ਚਾਨਣ ਹੋ ਜਾਂਦਾ ਹੈ।)
ਨਿੱਕੀ: (ਨਿੱਕੀ ਕੋਲ ਹੀ ਖਲੋਤੀ ਬੜੇ ਧਿਆਨ ਨਾਲ ਦੇਖਦੀ ਹੈ; ਮਾਮ ਤੇ ਡੈਡ
ਦੇ ਚਿਹਰਿਆਂ ਉੱਤੇ ਖ਼ੁਸ਼ੀ ਅਤੇ ਖੇੜਾ ਨਜ਼ਰ ਆਉਂਦੇ ਹਨ। ਨਿੱਕੀ ਉਹਨਾਂ ਨੂੰ
ਹੈਰਾਨੀ ਨਾਲ ਪੁੱਛਦੀ ਹੈ।)
ਨਿੱਕੀ: ਮਾਮ? ਡੈਡ? ਤੁਸੀਂ ਕਿੱਧਰ ਗਵਾਚ ਗਏ? What Happened Mom?
ਨਨਤੀ: ਕੁੜੇ, ਮੇਰੀ ਤਾਂ ਸੁਰਤ ਹੀ ਪਿੰਡ ਚਲੀ ਗਈ ਸੀ, ਮੈਨੂੰ ਏਦਾਂ
ਲੱਗਾ, ਜਿਵੇਂ ਨਿਆਣੇ ਦੇਸ ਵਾਂਗੂ ਲੋਹੜੀ ਮੰਗਣ ਆਏ ਹੋਣ। ਨਿੱਕੀ, ਜਦੋਂ
ਮੈਂ ਤੇਰੇ ਜਿੱਡੀ ਹੁੰਦੀ ਸੀ, ਮੈਂ ਆਪਣੀਆਂ ਸਹੇਲੀਆਂ ਨਾਲ ਰਲ ਕੇ ਜਦੋਂ
ਲੋਹੜੀ ਮੰਗਣ ਜਾਂਦੀ ਹੁੰਦੀ ਸੀ। ਅਸੀਂ ਇਸ ਤਰ੍ਹਾਂ ਗਾ ਗਾ ਕੇ ਲੋਹੜੀ
ਮੰਗਦੀਆਂ ਹੁੰਦੀਆਂ ਸੀ -
ਪਾ ਦੀਵੇ ਵਿਚ ਘਿਓ, ਜੀਵੇ ਮੁੰਡੇ ਦਾ ਪਿਓ,
ਤੇਰੇ ਬਾਗ਼ੀਂ ਠੰਢੀ ਛਾਂ, ਜੀਵੇ ਮੁੰਡੇ ਦੀ ਮਾਂ,
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ, (ਹੱਸਦੀ ਹੈ) ਦੇ ਮਾਈ ਲੋਹੜੀ, ਜੀਵੇ
ਤੇਰੀ ਜੋੜੀ ...
ਜੋਰਾ ਸਿੰਘ: ... ਤੇ ਜਦੋਂ ਅਸੀਂ ਲੋਹੜੀ ਮੰਗਣ ਜਾਂਦੇ ਹੁੰਦੇ ਸਾਂ ...
ਸੁੰਦਰ ਮੁੰਦਰੀਏ, ਹੋ
ਤੇਰਾ ਕੌਣ ਵਿਚਾਰਾ, ਹੋ
ਦੁੱਲਾ ਭੱਟੀ ਵਾਲਾ, ਹੋ
ਦੁੱਲੇ ਧੀ ਵਿਆਹੀ, ਹੋ ... (ਹੱਸਦੇ ਹਨ) ਸੇਰ ਸੱਕਰ ਪਾਈ, ਹੋ ...
ਨਨਤੀ: ... ਤੇ ਜਦੋਂ ਕਿਸੇ ਘਰ ਅੱਗੇ ਬਹੁਤੀ ਦੇਰ ਖੜੋਣਾ ਪੈਂਦਾ ਸੀ ਤਾਂ
ਅਸੀਂ ਕਹਿੰਦੀਆਂ ਸਾਂ (ਹੱਸਦੀ ਹੈ) ...
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਲੋਹੜੀ ਮੰਗਣ ਆਈਆਂ
ਤੂੰ ਕਾਹਤੋਂ ਦੇਰਾਂ ਲਾਈਆਂ
ਅਸੀਂ ਕੌਣ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ,
ਸਾਨੂੰ ਛੇਤੀ ਛੇਤੀ ਤੋਰ।
ਦੋਵੇਂ: ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਨਿੱਕੀ: (ਹੈਰਾਨੀ ਨਾਲ ਮਾਂ ਵਲ ਦੇਖਦੀ ਹੈ। ਹੱਸ ਕੇ) ਅੱਛਾ! ਮਾਂ, ਇਹ
ਹਾਲੋਵੀਨ ਵਾਂਗ ਲੋਹੜੀ ਮੰਗਦੇ ਐ?
(ਬੱਚੇ ਕੁਝ ਕਹਿੰਦੇ ਐ, ਸਮਥਿੰਗ ਲੋਹਰੀ, ਸਮਥਿੰਗ ਲੋਹਰੀ ... ਕਰ ਕੇ
ਮੰਗਦੇ ਐ?
ਨਨਤੀ: ਹਾਂ ਨਿੱਕੀ, ਹਾਲੋਵੀਨ ਵਾਂਗ ਹੀ, ਲੋਹੜੀ ਤੇ ਪੰਜਾਬ ਵਿਚ ਬੱਚੇ
ਘਰੋ ਘਰੀ ਲੋਹੜੀ ਮੰਗਣ ਜਾਂਦੇ ਐ।
ਲੋਹੜੀ ਸਾਡਾ ਇਕ ਬਹੁਤ ਹੀ ਪੁਰਾਤਨ ਅਤੇ ਹੁਲਾਸ ਭਰਿਆ ਤਿਓਹਾਰ ਹੈ। ਪੋਹ
ਦੇ ਅਖੀਰਲੇ ਦਿਨ ਲੋਹੜੀ ਮੰਗਦੇ ਐ। ਫੇਰ ਲੋਹੜੀ ਦੀ ਅੱਗ ਬਾਲਦੇ ਐ; ਤੇ
ਪੋਹ ਦੀ ਠਰੀ ਰਾਤ ਵਿਚ ਅੱਗ ਦੀ ਧੂਣੀ ਬਾਲ ਕੇ ਸੇਕਦੇ ਸੇਕਦੇ ਮਾਘ ਦਾ
ਮਹੀਨਾ ਚੜ੍ਹ ਜਾਂਦੈ ਤੇ ਸਵੇਰੇ ਲੋਕੀ ਮਾਘੀ ਮਨਾਉਂਦੇ ਐ।
ਜੋਰਾ ਸਿੰਘ: ਇੱਥੋਂ ਦੇ ਜੰਮੇ ਬੱਚਿਆਂ ਨੂੰ ਭਲਾ ਕੀ ਪਤੈ ਪੋਹ ਮਾਘ ਕਿਸ
ਬਲਾ ਨੂੰ ਕਹਿੰਦੇ ਐ। ਜਿੰਨੀ ਦੇਰ ਆਪਾਂ ਇਹਨਾਂ ਨੂੰ ਦਸਾਂਗੇ ਨਾ ...
ਨਿੱਕੀ: You are talking about months, Dad ? Right?
ਜੋਰਾ ਸਿੰਘ: Right! ਯਾਨੀ ਕਿ ਜਨਵਰੀ ਦੇ ਅੱਧ ਵਿੱਚ ਲੋਹੜੀ ਮਨਾਈ ਜਾਂਦੀ
ਐ।
ਨਨਤੀ: ਚਲੋ ਅੰਗਰੇਜ਼ੀ 'ਚ ਤੁਸੀਂ ਜਨਵਰੀ ਕਹਿ ਲਓ, ਪਰ ਲੋਹੜੀ ਪੋਹ 'ਚ ਹੀ
ਹੋਈ ਜਦੋਂ ਠੰਡ 'ਚ ਮੁੰਡੇ ਕੁੜੀਆਂ ਪਿੰਡ ਦੀ ਸਾਂਝੀ ਲੋਹੜੀ ਵਾਸਤੇ
ਲੱਕੜਾਂ, ਪਾਥੀਆਂ, ਗੁੜ, ਰਿਓੜੀਆਂ, ਚਿਰਵੜੇ, ਤਿੱਲਾਂ ਦਾ ਭੁੱਗਾ,
ਮੁੰਗਫਲੀ ਤੇ ਹੋਰ ਕਈ ਕੁਝ 'ਕੱਠਾ ਕਰ ਲਿਆਉਂਦੇ।
ਨਿੱਕੀ: ਫੇਰ ਉਹਨੂੰ ਕੀ ਕਰਦੇ ਐ ਮਾਂ?
ਨਨਤੀ: ਫੇਰ ਸਾਰੇ ਸਾਮਾਨ ਨੂੰ ਪਿੰਡ ਦੇ ਇੱਕ ਵੱਡੇ ਖੁੱਲ੍ਹੇ ਫਲ੍ਹੇ ਵਿਚ
ਲੈ ਆਉਂਦੇ ਨੇ।
ਜੋਰਾ ਸਿੰਘ: (ਨਿੱਕੀ ਵਲ ਵੇਖ ਕੇ) ਹੁਣ ਆਪਾਂ ਪਹਿਲਾਂ ਨਿੱਕੀ ਨੂੰ ਦੱਸੀਏ
ਤਾਂ ਸਹੀ ਕਿ ਫਲ੍ਹਾ ਕੀ ਹੁੰਦੈ ...
ਨਨਤ: (ਜੋਰਾ ਸਿੰਘ ਦੀ ਗੱਲ ਟੋਕ ਕੇ), ਚੰਗਾ, ਚੰਗਾ ਮੈ ਦੱਸ ਦੇਨੀ ਆਂ
ਤੁਸੀਂ ਛੇਤੀ ਦੇਣੇ ਤਿਆਰ ਹੋ ਆਓ, ਐਵੇਂ ਦੇਰ ਹੋ ਰਹੀ ਹੈ।
ਜੋਰਾ ਸਿੰਘ: ਓ ਤੂੰ ਘਬਰਾ ਨਾ, ਮੈਂ ਤਾਂ ਦੋ ਮਿੰਟ 'ਚ ਜੋ ਜਾਣੈ ਤਿਆਰ।
(ਅੰਦਰ ਨੂੰ ਜਾਂਦਾ ਹੋਇਆ ਫੇਰ ਖੜੋ ਜਾਂਦਾ ਹੈ ਅਤੇ ਨਿੱਕੀ ਨੂੰ ਦੱਸਣ ਲੱਗ
ਜਾਂਦਾ ਹੈ)
ਜੋਰਾ ਸਿੰਘ: ਫਲ੍ਹਾ ਹੁੰਦੈ ਪੁੱਤ, ਇੱਕ ਵੱਡਾ ਸਾਰਾ ਚੁਰਾਹਾ ਯਾਨੀ ਕੇ
ਕਰਾਸਿੰਗ। (crossing /intersection) ਜਿੱਥੇ ਆ ਕੇ ਕਈ ਰਾਹ ਮਿਲਦੇ
ਨੇ। ਓਹ ਥਾਂ ਖੁੱਲ੍ਹਾ ਹੁੰਦੈ; (ਸਟੇਜ ਦੇ ਵਿਚਕਾਰ ਵਲ ਜਾਂਦਾ ਹੈ ਅਤੇ
ਹੱਥ ਦੇ ਇਸ਼ਾਰਿਆਂ ਨਾਲ ਸਮਝਾਉਣ ਦਾ ਯਤਨ ਕਰਦਾ ਹੈ)
(ਸਟੇਜ ਉੱਤੇ ਰੌਸ਼ਨੀ ਪੀਲੀ ਤੋਂ ਹੌਲੀ ਹੌਲੀ ਲਾਲ ਹੁੰਦੀ ਜਾਂਦੀ ਹੈ)
ਜੋਰਾ ਸਿੰਘ: ਜਿਵੇਂ ਕਿ ਮਨ ਲਓ ਆਹ ਚੁਰਾਹਾ ਐ, ਜਿੱਥੇ ਕਈ ਰਾਹ ਆ ਮਿਲਦੇ
ਐ। ਇਹ ਖੁੱਲ੍ਹਾ ਜਿਹਾ ਥਾਂ ਐ ਜਿੱਥੇ ਪਿੰਡ ਦੇ ਲੋਕ, ਸੁਆਣੀਆਂ, ਮਰਦ,
ਬੱਚੇ ਅਤੇ ਬਜ਼ੁਰਗ ਇਕੱਠੇ ਹੋ ਕੇ ਵੱਡੀ ਸਾਰੀ ਅੱਗ ਬਾਲਦੇ ਐ। ਬਹੁਤ
ਸਾਰੀਆਂ ਲੱਕੜਾਂ ਪਾਥੀਆਂ ਲਾ ਕੇ ... ਜਿਹਨੂੰ ਲੋਹੜੀ ਕਹਿੰਦੇ ਐ। ਫੇਰ
ਵੱਡੀ ਰਾਤ ਤੱਕ ਅੱਗ ਦੁਆਲੇ ਬੈਠ ਕੇ ਸੇਕਦੇ ਰਹਿੰਦੇ ਐ।
(ਸਾਰੇ ਬੈਠ ਕੇ ਲੋਹੜੀ ਸੇਕਦੇ ਲਗਦੇ ਹਨ, ਨਨਤੀ ਜੋਰਾ ਸਿੰਘ ਨੂੰ ਹੱਥ ਦੇ
ਇਸ਼ਾਰੇ ਨਾਲ ਅੰਦਰ ਜਾਣ ਨੂੰ ਕਹਿੰਦੀ ਹੈ)
ਜੋਰਾ ਸਿੰਘ: ਓ. ਕੇ. ਮੈਂ ਤਿਆਰ ਹੋ ਆਵਾਂ ਬਾਕੀ ਤੇਰੀ ਮੰਮੀ ਦਸੂ।
(ਅੰਦਰ ਜਾਂਦਾ ਹੋਇਆ ਜੋਰਾ ਸਿੰਘ ਨਨਤੀ ਵਲ ਹੱਸ ਕੇ ਦੇਖਦਾ ਹੈ)
ਨਾਲੇ ਲੋਕ ਘੁਲਾੜੀ ਦਾ ਤਾਜ਼ਾ ਗੁੜ੍ਹ ਖਾਂਦੇ ਐ, ਨਾਲੇ ਘਰ ਦੀ ਕੱਢੀ ...
(ਹੱਥ ਨਾਲ ਪੀਣ ਦਾ ਕਰਮ ਕਰਦਾ ਹੋਇਆ ਜੋਰਾ ਸਿੰਘ ਅੰਦਰ ਚਲਾ ਜਾਂਦਾ ਹੈ।)
ਨਨਤੀ: ਨਾਲੇ ਲੋਕ ਲੋਹੜੀ ਦੀ ਧੂਣੀ ਸੇਕਦੇ ਐ, ਰਿਓੜੀਆਂ, ਤਿਲਾਂ ਦਾ
ਭੁੱਗਾ, ਅਤੇ ਗੁੜ ਖਾਂਦੇ ਐ। ਸੁਆਣੀਆਂ ਸ਼ਗਨਾਂ ਦੇ ਗੀਤ ਗਾਉਂਦੀਐਂ ਅਤੇ
ਭਰਵੀਂ ਫਸਲ ਹੋਣ ਦੀਆਂ ਸੁੱਖਣਾ ਸੁਖਦੀਐਂ। ਲੋਹੜੀ ਤੇ ਲੋਕ ਇੱਕ ਦੂਜੇ ਨੂੰ
ਨਵੇਂ ਮੌਸਮ ਦੀ ਵਧਾਈ ਦੇਂਦੇ ਐ, ਨਵੀਂ ਫਸਲ ਦੀ ਸ਼ੁਭ ਕਾਮਨਾ ਕਰਦੇ ਐ।
ਮਗਰੋਂ ਲੋਕ ਨੱਚਦੇ, ਗਾਉਂਦੇ, ਇਸ ਤਰ੍ਹਾਂ ਲੋਹੜੀ ਦਾ ਤਿਓਹਾਰ ਮਨਾਉਂਦੇ
ਐ।
ਨਿੱਕੀ: But Mom ਇੱਥੇ ਤਾਂ ਆਪਾਂ outside ਅੱਗ ਬਾਲ ਨਹੀਂ ਸਕਦੇ; ਇੱਥੇ
ਤਾਂ ਕੋਈ ਨਹੀਂ ਮਨਾ ਸਕਦਾ ਲੋਹੜੀ ਇੰਡੀਆ ਵਾਂਗੂੰ। I remember! I went
with you last year, on a lohri party. It was just like a
birthday party. ਆਪਾਂ ਵੀ ਤਾਂ ਅੱਜ ਬੇਬੀ ਬੋਆਏ ਦੀ ਪਹਿਲੀ ਲੋਹੜੀ 'ਤੇ
ਗਿਫਟ ਹੀ ਦੇਣ ਚੱਲੇ ਆਂ।
ਨਨਤੀ: ਲੋਹੜੀ ਤਾਂ ਮਨਾਉਂਦੇ ਹੀ ਹੁੰਦੇ ਸੀ ਮੁੰਡੇ ਜੰਮੇ ਦੀ ਖ਼ੁਸ਼ੀ ਵਿਚ,
ਕੋਈ ਜਿੱਦਾਂ ਮਰਜੀ ਪਿਆ ਮਨਾਵੇ ਪਰ ਨਿੱਕੀ ਹੁਣ ਤੂੰ ਜਾ ਕੇ ਕਪੜੇ ਬਦਲ ਲੈ
... ਹੋਰ ਦੇਰ ਨਾ ਕਰੀਂ। ਅੱਗੇ ਈ ਤੇਰੇ ਡੈਡੀ ਨੇ ਦਿਹਾੜੀ ਲਾ ਦਿੱਤੀ ਐ।
ਕਹਿੰਦੇ ਸੀ ਅਖੇ ਮੈਂ ਦੋ ਮਿੰਟ 'ਚ ਤਿਆਰ ਹੋ ਜਾਣੈ।
ਨਿੱਕੀ: (ਉੱਚੀ ਆਵਾਜ਼ ਵਿੱਚ) ਮੈਂ ਨਹੀਂ ਜਾਂਦੀ। ਤੁਸੀਂ ਮੇਰੇ ਜੰਮਣ 'ਤੇ
ਕਿਹੜਾ ਲੋਹੜੀ ਮਨਾਈ ਹੋਣੀ ਐ? I see no difference. ਸੋ ਮਾਂਮ ਮੈ
ਇੱਥੋਂ ਹੀ ਆਪਣੀ ਫਰੈਂਡ ਦੀ ਪਾਰਟੀ 'ਤੇ ਚਲੇ ਜਾਣੈ।
(ਅੰਦਰ ਨੂੰ ਜਾਂਦੀ ਹੋਈ ਉੱਚੀ ਆਵਾਜ਼ ਵਿੱਚ ਕਹਿੰਦੀ ਜਾਂਦੀ ਹੈ) ਤੁਸੀਂ
ਕੁੜੀਆਂ ਨੂੰ ਬਰਾਬਰ ਨਹੀਂ ਸਮਝਦੇ ...
ਨਨਤੀ: ਓਹੋ, ਨਿੱਕੀ ਫੇਰ ਓਹੀ ਗੱਲ! (ਖਿਝ ਕੇ ਆਪਣੇ ਪਤੀ ਨੂੰ 'ਵਾਜ
ਮਾਰਦੀ ਹੋਈ) ਆਹ ਮੈਂ ਕਿਹਾ ਜੀ, ਛੇਤੀ ਕਰੋ। ਫਿਰ ਸਗ਼ਨ ਪੈ ਚੁੱਕੇ ਤੋਂ
ਪਿੱਛੋਂ ਜਾਣ ਦਾ ਕੀ ਫਾਇਦਾ?
(ਸੋਚੀਂ ਪੈ ਜਾਂਦੀ ਹੈ; ਪਿੱਠਭੂਮੀ ਵਿੱਚੋਂ ਆਵਾਜ਼ ਉੱਭਰਦੀ ਹੈ:
ਲੋਹੜੀ ਬਈ ਲੋਹੜੀ
ਦਿਓ ਗੁੜ ਦੀ ਰੋੜੀ, ਬਈ ਲੋਹੜੀ
ਕੋਠੀ ਹੇਠ ਚਾਕੂ
ਗੁੜ ਵੰਡੇ ਮੁੰਡੇ ਦਾ ਬਾਪੂ
ਕੋਠੀ ਉੱਤੇ ਕਾਂ,
ਗੁੜ ਵੰਡੇ ਮੁੰਡੇ ਦੀ ਮਾਂ
ਦੇ ਮਾਈ ਲੋਹੜੀ
ਜੀਵੇ ਤੇਰੀ ਜੋੜੀ
ਲੋਹੜੀ ਬਈ ਲੋਹੜੀ।
ਨਨਤੀ: (ਫਿਰ ਆਪ ਮੁਹਾਰੇ) ਗੁੜ ਵੰਡੇ ਮੁੰਡੇ ਦਾ ਬਾਪੂ, ਗੁੜ ਵੰਡੇ ਮੁੰਡੇ
ਦੀ ਮਾਂ ... ਗੱਲ ਤਾਂ ਨਿੱਕੀ ਦੀ ਠੀਕ ਈ ਐ, ਪਰ ਅਸੀਂ ਮਾਪੇ ਵੀ ਰਸਮਾਂ
ਰਿਵਾਜਾਂ ਵਿਚ ਫਸੇ ਹੋਏ ਆਂ। ... ਸਾਰੇ ਈ ਲੋਕ ਮੁੰਡੇ ਦੀ ਹੀ ਲੋਹੜੀ
ਮਨਾਉਂਦੇ ਐ, ਅਸੀਂ ਕਿਹੜਾ ਜੱਗੋਂ ਬਾਹਰੇ ਆਂ ...
(ਸੋਚੀਂ ਪੈ ਜਾਂਦੀ ਹੈ, ਫਿਰ ਖੜਕਾ ਸੁਣ ਕੇ ਮੁੜਦੀ ਹੈ)
ਲੋਹੜੀ ਦ੍ਰਿਸ਼ - ਦੂਜਾ
(ਰਣਬੀਰ ਤੇ ਜਗਰੂਪ ਦਾਖ਼ਿਲ ਹੁੰਦੇ ਹਨ। ਰਣਬੀਰ ਨੇ ਬੇਬੀ ਚੁੱਕੀ ਹੋਈ ਹੈ,
ਅਤੇ ਜਗਰੂਪ ਨੇ ਬੇਬੀ ਦਾ ਬੈਗ, ਉਹ ਦੋਵੇਂ ਅੰਕਲ ਦੇ ਪੋਤੇ ਦੀ ਲੋਹੜੀ ਦੀ
ਪਾਰਟੀ ਤੇ ਜਾਣ ਲਈ ਆਏ ਹਨ।)
ਜਗਰੂਪ: ਦੇ ਮਾਂ ਲੋਹੜੀ, ਜੀਵੇ ਤੇਰੀ ਜੋੜੀ ... (ਹੱਥਲਾ ਬੈਗ ਇੱਕ ਪਾਸੇ
ਰੱਖਦੀ ਹੈ, ਤੇ ਹੱਸਦੀ ਹੱਸਦੀ ਸੱਸ-ਮਾਂ ਨੂੰ ਚੰਬੜ ਜਾਂਦੀ ਹੈ।)
ਨਨਤੀ: ਮਾਂ ਸਦਕੇ, ਮਾਂ ਵਾਰੀ, ਵਰ੍ਹਿਆਂ ਵਾਲੇ ਦਿਨ ਆਈ ਐਂ ਨੂੰਹ-ਰਾਣੀ!
(ਓਹਨੂੰ ਘੁੱਟ ਕੇ ਜੱਫੀ ਪਾਉਂਦੀ ਹੋਈ, ਫੇਰ ਜੱਫੀ ਤੋਂ ਅਲਗ ਹੋ ਕੇ )
(ਫੇਰ ਰਣਬੀਰ ਦੇ ਸਿਰ ਤੇ ਪਿਆਰ ਦੇਂਦੀ ਹਾਲ ਪੁੱਛਦੀ ਹੈ।)
ਕਿਦਾਂ ਪੁੱਤ ਰਣਬੀਰ, ਤਕੜਾ ਐਂ?
ਰਣਬੀਰ: ਹਾਂ ਜੀ ਬੇ ਜੀ, ਤਕੜਾ ਹਾਂ।
ਨਨਤੀ: (ਬੇਬੀ ਨੂੰ ਪਿਆਰ ਦੇਂਦੀ ਹੋਈ ) ਮਾਂ ਸਦਕੇ, ਭਾਗਾਂ ਵਾਲੀ ਹੋਵੇ
...
(ਫੇਰ ਜਗਰੂਪ ਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦੀ ਹੈ ) ਮੈਂ ਤਾਂ ਸੋਚਿਆ
ਸੀ ਕਿ ਆਪਣੀ ਬੇਬੀ ਅਜੇ ਦੋ ਹਫਤਿਆਂ ਦੀ ਐ, ਖੌਰੇ ਤੂੰ ਨਾ ਜਾਵੇਂ। ਚਲੋ
ਚੰਗਾ ਹੋ ਗਿਆ, ਤੁਸੀਂ ਆ ਗਏ ਓ। ਰਲ ਕੇ ਚਲਦੇ ਆਂ।
ਜੋਰਾ ਸਿੰਘ: (ਤਿਆਰ ਹੋ ਕੇ ਆਉਂਦਾ ਹੈ) ਲੈ ਭਾਗਵਾਨੇ ਮੈਂ ਤਿਆਰ ਬਰ
ਤਿਆਰ। ਚੱਲ ਤੁਰ। (ਕਹਿੰਦਾ ਹੋਇਆ ਜੋਰਾ ਸਿੰਘ ਆਪਣੇ ਹੀ ਧਿਆਨ ਵਿੱਚ ਸਟੇਜ
'ਤੇ ਮੁੜ ਦਾਖ਼ਲ ਹੁੰਦਾ ਹੈ; ਕਦਮਾਂ ਵਿੱਚ ਕਾਹਲ ਹੈ, ਪੈਂਟਸੂਟ, ਟਾਈ ਤੇ
ਬੂਟ ਪਾਏ ਹੋਏ ਹਨ। ਰਣਬੀਰ ਅਤੇ ਜਗਰੂਪ ਵਲ ਨਿਗਾਹ ਮਾਰਦਾ ਹੈ; ਖੁਸ਼ ਹੋ ਕੇ
ਪਹਿਲਾਂ ਜਗਰੂਪ ਦੇ ਸਿਰ 'ਤੇ ਪਿਆਰ ਦੇਂਦਾ ਹੈ ਫਿਰ ਅਗੇ ਵਧ ਕੇ ਰਣਬੀਰ
ਨਾਲ ਹੱਥ ਮਿਲਾਉਂਦਾ ਹੈ)
ਸੁਣਾ ਬਈ ਰਣਬੀਰ ਕੀ ਹਾਲ ਐ?
ਰਣਬੀਰ: ਠੀਕ ਠਾਕ ਆਂ ਡੈਡ।
ਜੋਰਾ ਸਿੰਘ: ਤੁਸੀਂ ਵੀ ਆਪਣੇ ਅੰਕਲ ਦੇ ਪੋਤੇ ਦੀ ਲੋਹੜੀ ਦੀ ਪਾਰਟੀ 'ਤੇ
ਜਾਣ ਲਈ ਆਏ ਹੋ ਨਾ?
ਨਨਤੀ: ਆਹੋ, ਇਹਨਾਂ ਨੇ ਕਿਓਂ ਨਹੀਂ ਜਾਣਾ; ਤੂੰ ਜਗਰੂਪ ਬੈਠ ਜਾ, ਬਸ
ਚਲਦੇ ਹੀ ਆਂ
(ਜਗਰੂਪ ਨੂੰ ਕੁਰਸੀ ਵਲ ਨੂੰ ਲੈ ਜਾ ਕੇ ਬਿਠਾ ਦੇਂਦੀ ਹੈ ਤੇ ਰਣਬੀਰ ਤੋਂ
ਬੇਬੀ ਫੜਨ ਲਈ ਮੁੜਦੀ ਹੈ।)
ਰਣਬੀਰ: ਹਾਂ ਡੈਡ, ਅਸੀਂ ਵੀ ਉਹਨਾਂ ਦੀ ਲੋਹੜੀ ਤੇ ਜਾਣ ਲਈ ਆਏ ਆਂ, ਤਾਂ
ਹੀ ਪਹਿਲਾਂ ਇੱਧਰ ਆਏ ਆਂ। ਸੋਚਿਆ, ਜਗਰੂਪ ਨੂੰ ਥੋੜ੍ਹੀ ਹੈਲਪ ਜੋ ਜਾਊ
ਮਾਅਮ ਦੀ।
(ਕਹਿੰਦਾ ਹੋਇਆ ਮੰਮੀ ਵਲ ਬੇਬੀ ਨੂੰ ਵਧਾਉਂਦਾ ਹੈ।) ਆਹ ਲਓ ਮਾਅਮ ਸਾਡੀ
ਨਿੱਕੀ ਜਿਹੀ ਲੋਹੜੀ!
(ਓਹਦੇ ਵਲ ਬੇਬੀ ਨੂੰ ਵਧਾਉਦਾ ਹੋਇਆ, ਏਨੇ ਨੂੰ ਨਿੱਕੀ ਅਦੰਰੋਂ ਤਿਆਰ ਹੋ
ਕੇ ਭੱਜੀ
ਆਉਂਦੀ ਹੈ ਅਤੇ ਬੇਬੀ ਨੂੰ ਵਿਚਾਲਿਓਂ ਹੀ ਬੋਚ ਲੈਂਦੀ ਹੈ।)
ਨਨਤੀ: (ਨਿੱਕੀ ਨੂੰ ਖ਼ਬਰਦਾਰ ਕਰਦੀ ਹੋਈ ) ਦੇਖੀਂ, ਸੁੱਟ ਨਾ ਦੇਈਂ, ਸੰਭਲ
ਕੇ ਨਿੱਕੀ।
ਨਿੱਕੀ: ਆਹਾ! ਇਹ ਤਾਂ ਸਾਡੀ ਲਾਡੋ ਲੋਹੜੀ, ਕਿੰਨੀ ਸੋਹਣੀ, ਕਿੰਨੀ ਪਿਆਰੀ
... ਕਿੰਨੀ ਮੋਹਣੀ
(ਬੇਬੀ ਨੂੰ ਚੁੰਮਦੀ ਹੈ ਅਤੇ ਗੋਲ ਗੋਲ ਨੱਚਦੀ ਹੈ। ਸਾਰੇ ਖ਼ੁਸ਼ੀ ਵਿੱਚ ਉਸ
ਵਲ ਦੇਖਦੇ ਹਨ) ...
ਨਿੱਕੀ: ਮਾਂ ਆਪਾਂ ਇਸ ਬੇਬੀ ਦੀ ਲੋਹੜੀ ਇਸ ਕਰਕੇ ਨਹੀਂ ਮਨਾਉਂਦੇ ਕਿ ਇਹ
ਕੁੜੀ ਹੈ? ਤੁਸੀਂ ਸਾਰੇ ਕੁੜੀਆਂ ਨੂੰ Equal ਹੀ ਨਹੀਂ ਸਮਝਦੇ। ਕੁੜੀਆਂ
ਨੂੰ ਬਰਾਬਰ ਨਹੀਂ ਸਮਝਦੇ ਇਸ ਲਈ ਕੁੜੀਆਂ ਦੀ ਲੋਹੜੀ ਨਹੀ ਮਨਾਉਂਦੇ?
ਰਣਬੀਰ: ਚੁੱਪ ਕਰ ਨਿੱਕੀ, ਬਹੁਤਾ ਨਹੀਂ ਬੋਲੀਦਾ।
ਨਿੱਕੀ: Why? Because you are a boy and I am a girl? ਤੇਰੇ ਵਾਰੀ
ਤਾਂ ਮਾਮ ਡੈਡ ਨੇ ਲੋਹੜੀ ਮਨਾਈ ਹੀ ਹੋਣੀ ਐ, ਤੂੰ ਤਾਂ ਕਹਿਣਾ ਈ ਐ ਕਿ
ਚੁੱਪ ਕਰ।
ਰਣਬੀਰ: What are you talking about? ਮੇਰੀ ਲੋਹੜੀ, ਮੈਨੂੰ ਨਹੀਂ
ਯਾਦ!
ਨਿੱਕੀ: I am talking about my Lohri! Where's Mom my Lohri?
(ਰਣਬੀਰ ਹੱਸਦਾ ਹੈ ... ਨਿੱਕੀ ਉਹਨੂੰ ਘੂਰਦੀ ਹੈ; ਜੋਰਾ ਤੇ ਨਨਤੀ ਸੋਚੀਂ
ਪੈ ਜਾਂਦੇ ਹਨ। ਦ੍ਰਿਸ਼ ਰੁਕ ਜਾਂਦਾ ਹੈ।)
ਲੋਹੜੀ ਦ੍ਰਿਸ਼ – ਤੀਸਰਾ
ਜੋਰਾ ਸਿੰਘ: ਕਿਓਂ, ਚੁੱਪ ਕਿਉਂ ਕਰਾਉਨੇ ਓਂ, ਬੋਲਣ ਦਿਓ ਕੁੜੀ ਨੂੰ; ਹਾਂ
ਧੀਏ ਇਹੀ ਸੱਚ ਹੈ ਕਿ ਲੋਕ ਸਦੀਆਂ ਤੋਂ ਮੁੰਡੇ ਦੇ ਜੰਮਣ ਦੇ ਹੀ ਸ਼ਗਨ
ਮਨਾਉਂਦੇ ਆਏ ਐ, ਕਿਉਂਕਿ ਮੁੰਡੇ ਨੂੰ ਹੀ ਉਤਾਂਹ ਸਮਝਦੇ ਆਏ ਐ; ਤੇ ਲੋਹੜੀ
ਦਾ ਤਿਓਹਾਰ ਜਿੱਥੇ ਨਵੇਂ ਮੌਸਮ ਅਤੇ ਨਵੇਂ ਅੰਨ ਦੀ ਖ਼ੁਸ਼ੀ ਲਈ ਮਨਾਇਆ
ਜਾਂਦਾ ਸੀ, ਹੁਣ ਸਿਰਫ ਮੁੰਡੇ ਦੀ ਪਹਿਲੀ ਲੋਹੜੀ ਕਰਕੇ ਹੀ ਮਨਾਉਣ ਲੱਗ ਪਏ
ਹਨ।
ਨਨਤੀ: ਹਾਂ, ਏਦਾਂ ਤਾਂ ਕਦੀ ਸੋਚਿਆ ਈ ਨਹੀਂ ਸੀ। ਮੇਰੇ ਮਾਪਿਆਂ ਕਿਹੜਾ
ਮੇਰੀ ਮਨਾਈ ਹੋਣੀ ਐ ਮੇਰੀ ਲੋਹੜੀ? ਮੇਰੀ ਮਾਂਜੀ ਦੀ ਲੋਹੜੀ ਕਿਹੜਾ ਉਸਦੇ
ਮਾਂ ਪਿਓ ਨੇ ਮਨਾਈ ਹੋਣੀ ਐ? ਆਪਾਂ ਕੁੜੀ ਦੀ ਲੋਹੜੀ ਕਿਓਂ ਨਹੀਂ
ਮਨਾਉਂਦੇ? ਹਾਅ, ਇਹ ਤੇ ਮੈਂ ਕਦੀ ਸੋਚਿਆ ਈ ਨਹੀਂ!
ਨਿੱਕੀ: ਹੁਣ ਸੋਚ ਲਓ ਮਾਮ, ਹੁਣ ਸੋਚ ਲਓ! ਸੋਚੋ ਜੇ new weather, new
season, new crop and new born ਦੀ ਖ਼ੁਸ਼ੀ ਵਿੱਚ ਲੋਹੜੀ ਮਨਾਈ ਜਾਂਦੀ
ਹੈ, ਤਾਂ ਸਾਨੂੰ ਡੈਡ, ਮਾਮ ਇਸ ਨਵੀਂ ਬੇਬੀ ਦੀ ਫਸਟ ਲੋਹੜੀ, ਅੱਜ ਹੀ,
ਇੱਥੇ ਹੀ, ਹੁਣੇ ਈ ਮਨਾਉਣੀ ਚਾਹੀਦੀ ਹੈ।
(ਬੇਬੀ ਨੂੰ ਉਤਾਂਹ ਚੁੱਕ ਕੇ ਸਾਰਿਆਂ ਨੂੰ ਦਿਖਾਉਂਦੀ ਹੋਈ।)
ਸਾਡੇ ਵਿਹੜੇ ਅੱਜ ਲੋਹੜੀ ਆਈ ਏ ... (ਤੇ ਨੱਚਣ ਲੱਗ ਪੈਂਦੀ ਹੈ।) ਅੱਜ ਹੀ
ਏਥੇ ਹੀ ਹੁਣੇ ਈ, Now. Let’s celebrate lohri. ਲੋਹੜੀ, ਸਾਡੀ ਲਾਡੋ
ਦੀ ਲੋਹੜੀ।
ਜਗਰੂਪ: ਹਾਂ ਨਿੱਕੀ, let’s celebrate lohri,ਆਪਣੇ ਮਾਅਮ-ਡੈਡ ਨੇ
ਆਪਾਂ ਨੂੰ ਕੀ ਕਹਿਣੈ?
ਨਿੱਕੀ: ... ਲੋਹੜੀ ਆਈ ਏ।
ਜਸ਼ਨ ਮਨਾਓ, ਗਿੱਧਾ ਪਾਓ, ਨੱਚ ਲਓ ਸਾਰੇ ਰਲ ਕੇ ਨੀ ... ਲੋਹੜੀ ਆਈ ਏ।
ਲੋਹੜੀ ਬਈ ਲੋਹੜੀ (ਗਾਉਂਦੀ ਹੈ।)
ਸਾਰੇ: ਬਈ ਲੋਹੜੀ ਆਈ ਏ।
ਰਣਬੀਰ: ਓ.ਕੇ. ਨਿੱਕੀਏ, ਪਟਿੱਕੀਏ ਅੱਜ ਤੂੰ ਜਿੱਤੀ। Let’s celebrate!
(ਰਣਬੀਰ ਵੀ ਨੱਚਣ ਲੱਗ ਜਾਂਦਾ ਹੈ।) ਲੋਹੜੀ ਬਈ ਲੋਹੜੀ
ਸਾਰੇ: ਬਈ ਲੋਹੜੀ ਆਈ ਏ।
ਨਨਤੀ: (ਭੱਜ ਕੇ ਨਿੱਕੀ ਦੇ ਹੱਥਾਂ ਵਿੱਚੋਂ ਬੇਬੀ ਨੂੰ ਫੜਨ ਲਗਦੀ ਹੈ;
ਨਿੱਕੀ ਨਹੀਂ ਫੜਾਉਂਦੀ, ਨੱਚਦੀ ਹੈ)
ਹਾਂ, ਰਵਾਜ ਵੀ ਤਾਂ ਸਾਡੇ ਈ ਬਣਾਏ ਹੋਏ ਐ; ਜੇ ਅਸੀਂ ਮਾਪੇ ਮੁੰਡੇ ਜੰਮੇ
ਦੀ ਲੋਹੜੀ ਪਾ ਸਕਦੇ ਹਾਂ ਤਾਂ ਕੁੜੀ ਜੰਮਣ ਤੋਂ ਕਿਓ ਨਹੀਂ ਪਾ ਸਕਦੇ?
ਬਰਕਤ ਆਈ ਏ।
ਨਿੱਕੀ: That’s right, Mom!
ਨਨਤੀ: (ਨਿੱਕੀ ਤੋਂ ਪੋਤੀ ਨੂੰ ਫੜਦੀ ਹੋਈ) ਮੈਂ ਤਾਂ ਆਪਣੀ ਪੋਤੀ ਦੀ
ਪਹਿਲੀ ਲੋੜੀ ਦੇ ਸ਼ਗਨ ਮਨਾਵਾਂਗੀ। (ਗਾਉਂਦੀ ਹੈ।)
ਤਿੱਲ, ਚਿਰਵੜੇ, ਰਿਓੜੀਆਂ ਕਰਾਂ ਅਗਨ ਦੀ ਭੇਂਟ
ਨਿਰਮਲ ਅਗਨ ਜਲ਼ਾਈ ਏ, ਹੁਣ ਲੋਹੜੀ ਆਈ ਏ।
ਮਹਿੰਦੀ ਰੱਤੇ ਪੈਰਾਂ ਵਾਲੀ ਅਗਨ ਲਿਆਈ ਏ
ਲਾਲ ਪੀਲੀਆਂ ਸੁਨਹਿਰੀ ਲਾਟਾਂ ਦੀ ਫੁਲਕਾਰੀ ਲੈ ਕੇ,
ਲੋਹੜੀ ਆਈ ਏ।
ਬਰਕਤ ਆਈ ਏ, ਕੰਜਕ ਆਈ ਏ ... ਲੋਹੜੀ ਆਈ ਏ।
ਲੋਹੜੀ ... ਬਈ ਲੋਹੜੀ (ਗਾਉਂਦੀ ਹੈ)
ਸਾਰੇ: ਬਈ ਲੋਹੜੀ ਆਈ ਏ।
ਜੋਰਾ ਸਿੰਘ: ਲੋਹੜੀ ਆਈ ਏ! (ਭਾਰੀ ਸੁਰ ਵਿੱਚ)
ਨਿੱਕੀ: (ਉੱਚੀ ਹੇਕ ਵਿਚ ਆਵਾਜ਼ ਲਗਾਉਂਦੀ ਹੈ) ਲੋਹੜੀ, holy fire
ਲੋਹੜੀ, new born baby has come! holy fire!
ਸਾਰੇ: ਲੋਹੜੀ ਆਈ ਏ।
ਨਿੱਕੀ: let’s sing and dance, holy fire!
ਸਾਰੇ: ਲੋਹੜੀ ਆਈ ਏ।
ਨਿੱਕੀ: Come, Nimi, Bawi, Ritu, Minu, come! Holy Fire!
ਸਾਰੇ: ਲੋਹੜੀ ਆਈ ਏ।
ਨਿੱਕੀ: Celebrate the holy Fire ... lohri, lohri, Holy Fire!
ਸਾਰੇ: ਲੋਹੜੀ ਆਈ ਏ।
ਜੋਰਾ ਸਿੰਘ: ਲੋਹੜੀ ਆਈ ਏ!! (ਭਾਰੀ ਆਵਾਜ਼ ਵਿੱਚ)
ਜਗਰੂਪ: ਲੋਹੜੀ ਬਈ ਲੋਹੜੀ!
ਸਾਰੇ: ਬਈ ਲੋਹੜੀ ਆਈ ਏ।
ਜਗਰੂਪ: ਆਓ ਸਾਰੀਆਂ ਨੱਚ ਕੇ ਨੀ ਜਸ਼ਨ ਮਨਾਈਏ!
ਸਾਰੇ: ਬਈ ਲੋਹੜੀ ਆਈ ਏ।
ਜਗਰੂਪ: ਗਿੱਧਾ ਪਾਓ, ਨੱਚ ਲਓ ਕੁੜੀਓ ਰਲ ਕੇ ਨੀ!
ਸਾਰੇ: ਬਈ ਲੋਹੜੀ ਆਈ ਏ।
ਜਗਰੂਪ: ਸਸੂਜੀ ਦੇ ਘਰ ਪੋਤੀ ਆਈ ਏ!
ਸਾਰੇ: ਬਈ ਲੋਹੜੀ ਆਈ ਏ।
(ਚਾਰ ਪੰਜ ਕੁੜੀਆਂ ਸਟੇਜ 'ਤੇ ਨੱਚਦੀਆਂ ਦਾਖ਼ਲ ਹੁੰਦੀਆਂ ਹਨ।)
ਕੁੜੀਆਂ: ਲੋਹੜੀ ਬਈ ਲੋਹੜੀ।
ਸਾਰੇ: ਬਈ ਲੋਹੜੀ ਆਈ ਏ।
ਨਨਤੀ ਦੇ ਘਰ ਪੋਤੀ ਆਈ ਏ,
ਦਿਓ ਵਧਾਈਆਂ ਨਨਤੀ ਨੂੰ,
ਕੁੜੀ ਲੋਹੜੀ ਆਈ ਏ।
ਸਾਰੇ: ਬਈ ਲੋਹੜੀ ਆਈ ਏ।
(ਸਾਰੇ ਗੋਲ ਦਾਇਰੇ ਵਿਚ ਨੱਚਣ ਲੱਗ ਜਾਂਦੇ ਹਨ। ਗੁਆਂਢ ਵਿੱਚੋਂ ਆਈ ਇਕ
ਔਰਤ ਜਿੰਦਰ ਗਾਉਂਦੀ ਹੈ ...)
ਜਿੰਦਰ: ਲੋਹੜੀ ਬਈ ਲੋਹੜੀ!
ਸਾਰੇ: ਬਈ ਲੋਹੜੀ ਆਈ ਏ।
ਜਿੰਦਰ: ਦਿਓ ਗੁੜ ਦੀ ਰੋੜੀ,
ਸਾਰੇ: ਬਈ ਲੋਹੜੀ ਆਈ ਏ।
ਜਿੰਦਰ: ਕੋਠੀ ਹੇਠ ਚਾਕੂ,
ਗੁੜ ਵੰਡੇ ਕੁੜੀ ਦਾ ਬਾਪੂ
ਕੋਠੀ ਉੱਤੇ ਕਾਂ,
ਗੁੜ ਵੰਡੇ ਕੁੜੀ ਦੀ ਮਾਂ
ਲੋਹੜੀ ਬਈ ਲੋਹੜੀ!
ਸਾਰੇ: ਬਈ ਲੋਹੜੀ ਆਈ ਏ।
ਜਗਰੂਪ: (ਕੁੜੀ ਦੀ ਮਾਂ ਕੁੜੀ ਨੂੰ ਕੁੱਛੜ ਚੁੱਕ ਕੇ ਬੋਲੀ ਪਾਉਂਦੀ ਹੈ):
ਅੱਧੀ ਰਾਤੀਂ ਮੇਰੀ ਲਾਡੋ ਜਨਮੀ,
ਜੱਗ ਵਿੱਚ ਧੁੰਮਾਂ ਪਾਈਆਂ
ਵਿੱਚ ਕਨੇਡਾ ਜਨਮ ਲਿਆ,
ਇੰਡੀਆ ਮਿਲਣ ਵਧਾਈਆਂ
ਚੰਦਨ ਦਾ ਤਾਂ ਬਣਿਆ ਪੰਘੂੜਾ,
ਰੇਸ਼ਮੀ ਡੋਰਾਂ ਪਾਈਆਂ
ਪੱਟ ਦੇ ਪੰਘੂੜੇ ਮੇਰੀ ਖੇਡੇ ਗੁੜੀਆ,
ਝੂਟੇ ਦੇਵਣ ਪਰੀਆਂ ਆਈਆਂ
ਰਲ ਮਿਲ ਸਖੀਆਂ ਸ਼ਗਨ ਮਨਾਵਣ,
ਘਰ ਸੱਸੂ ਜੀ ਦੇ ਮਿਲਣ ਵਧਾਈਆਂ
ਸਾਰੀਆਂ ਕੁੜੀਆਂ: (ਬੋਲੀ ਚੁੱਕਦੀਆਂ ਹਨ)
ਘਰ ਨਨਤੀ ਦੇ ਮਿਲਣ ਵਧਾਈਆਂ,
ਜੀ ਘਰ ਨਨਤੀ ਦੇ ਮਿਲਣ ਵਧਾਈਆਂ ...
(ਸਾਰੇ ਗੋਲ ਦਇਰੇ ਵਿਚ ਨੱਚਦੇ ਹਨ)
(ਕੁੜੀਆਂ ਨੀਲੀਆਂ, ਪੀਲੀਆਂ, ਲਾਲ ਲਾਈਟਾਂ ਵਿੱਚ ਨੱਚਦੀਆਂ ਹਨ)
ਜਗਰੂਪ: (ਬੇਬੀ ਨੂੰ ਉੱਚੀ ਚੁੱਕਦੀ ਹੋਈ)
ਕੁੜੀ ਲੋਹੜੀ ਆਈ ਏ,
ਬਰਕਤ ਆਈ ਏ!
ਮਾਂ ਰਾਣੀ ਨੇ ਚੁੱਕ ਕਲੇਜੇ ਲਾਈ ਏ।
ਰਣਬੀਰ: (ਉੱਤੇ ਝੁਕਦਾ ਹੈ)
ਬਾਬਲ ਰਾਜੇ ਪਲਕੀਂ ਚੁੱਕ ਬਿਠਾਈ ਏ
ਧੀ ਰਾਣੀ ਆਈ ਏ,
ਲੋਹੜੀ ਆਈ ਏ।
ਵੀਰ ਪੁੰਨਿਆਂ ਦਾ ਚੰਨ ਵੰਡਦਾ ਗੁੜ ਦੀਆਂ ਭੇਲੀਆਂ
ਚੰਨ ਚਾਂਦਨੀ ਭੈਣ ਵਿਹੜੇ ਆਈ ਏ,
ਬਈ ਲੋਹੜੀ ਆਈ ਏ।
ਨਿੱਕੀ: (ਉੱਚੀ ਹੇਕ ਵਿਚ ਆਵਾਜ਼ ਲਗਾਉਂਦੀ ਹੈ)
ਲੋਹੜੀ, holy fire, new born baby has come! ਲੋਹੜੀ! (ਸਾਰੇ)
let’s sing and dance, holy fire has come! ਲੋਹੜੀ! (ਸਾਰੇ) all
celebrate, celebrate the holy fire ... lohri, lohri! ਲੋਹੜੀ!
(ਸਾਰੇ)
(ਸਟੇਜ ਤੇ ਸਾਰੇ ਪਾਤਰ ਨੱਚ ਰਹੇ ਹਨ ਅਤੇ ਲੋਹੜੀ ਗਾ ਰਹੇ ਹਨ, ਕਈ ਰੰਗਾਂ
ਦੀ ਰੋਸ਼ਨੀ ਉਹਨਾਂ ਉੱਤੇ ਪੈ ਰਹੀ ਹੈ।)
॥ਸੂਤਰਧਾਰ ਦੀ ਆਵਾਜ਼॥
ਪੋਹ ਦਾ ਪਾਲਾ ਅਗਨ ਚੜ੍ਹਾਈ ਏ, ਹੁਣ ਲੋਹੜੀ ਆਈ ਏ,
ਹਰਾ ਹਰਾ ਘਿਓ ਦਾ ਭਰਿਆ ਸਾਗ਼ ਸਰ੍ਹੋਂ ਦਾ ਮਹਿਕੇ
ਸੋਨੇ ਰੰਗੀ ਮਕਈ ਦੀ ਰੋਟੀ ਨਾਲ ਗੁੜ ਦੀ ਭੇਲੀ ਟਹਿਕੇ
ਅਗਨ ਦੁਆਲੇ ਬੈਠ ਆਓ ਸਾਰੇ ਬੇਲੀ ਰਲ ਕੇ ਖਾਈਏ, ਬਈ ਲੋਹੜੀ ਆਈ ਏ।
ਹਰ ਨਵ-ਜੰਮੇ ਦੀ ਲੋਹੜੀ ਮਨਾਉਣ, ਰਲਕੇ ਵਿੱਚ ਫਲ੍ਹੇ ਦੇ ਆਏ,
ਹੱਥਾਂ ਵਿੱਚ ਭਰ ਕੇ ਤਿਲ, ਚਿਰਵੜੇ, ਰਿਓੜੀਆਂ ਲਿਆਏ
ਨਾਲ ਗੁੜ ਦੀ ਭੇਲੀ ਲਿਆਏ, ਲੋਹੜੀ ਸੇਕਣ ਆਏ।
ਬਈ ਹੁਣ ਲੋਹੜੀ ਆਈ ਏ।
’ਕੱਠ ਵਿੱਚ ਪਰਮੇਸਰ ਆਏ, ਈਸਰ ਆਏ
ਦਲਿੱਦਰ ਦੀ ਜੜ੍ਹ ਅਗ਼ਨੀ ਪਾਏ, ਬਈ ਲੋਹੜੀ ਆਈ ਏ,
ਸੁਸਤੀ ਜਾਏ, ਚੁਸਤੀ ਆਏ, ਖ਼ੁਸ਼ੀਆਂ ਦਾ ਹੜ੍ਹ ਲਿਆਈ ਏ
ਬਈ ਹੁਣ ਲੋਹੜੀ ਆਈ ਏ।
ਅਗਨ ਦੁਆਲੇ ਜੁੜ ਗਈ ਸੱਥ ਵਿੱਚ ਨਿੱਘ ਲਿਆਈ ਏ
ਦਿਓ ਵਧਾਈਆਂ ਸਾਰੇ
ਨਵ-ਜਾਤ ਬੱਚੇ, ਨਵੀਂ ਫਸਲ ਦਾ ਨਵਾਂ ਅੰਨ ਲਿਆਈ ਏ
ਗਿੱਧਾ ਪਾਓ, ਭੰਗੜਾ ਪਾਓ, ਰਲ ਕੇ ਗਾਓ ਨਵਾਂ ਮੌਸਮ ਲਿਆਈ ਏ
ਬਈ ਹੁਣ ਲੋਹੜੀ ਆਈ ਏ।
(ਕੁੜੀਆਂ ਨੀਲੀਆਂ, ਪੀਲੀਆਂ, ਲਾਲ ਲਾਈਟਾਂ ਵਿੱਚ ਨੱਚਦੀਆਂ ਹਨ। ਪਰਦਾ
ਹੌਲੀ ਹੌਲੀ ਬੰਦ ਹੁੰਦਾ ਹੈ।)
(ਸਮਾਪਤ)
*****
(25 ਜਨਵਰੀ
2010)