ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਮੱਖ ਪੰਨਾ

ਲੇਖ/ਚੇਤੇ ਦੀ ਚੰਗੇਰ/ਸ਼ੋਕ ਸਮਾਚਾਰ/ਸ਼ਰਧਾਂਜਲੀ

ਲਿਖਾਰੀ

 ''ਕਦੋਂ ਛੁਪਾ ਕੇ ਰੱਖਦੇ ਤਾਰੇ ਬੁੱਕਲਾਂ ਦੇ ਵਿਚ ਲੋ''
-ਮੁਹਿੰਦਰ ਸਿੰਘ ਘੱਗ-

 


ਪਿਛਲੇ ਕੁਝ ਸਮੇਂ ਦੌਰਾਨ ਜਰਵਾਣੀ ਮੋਤ ਪੰਜਾਬੀ ਸਾਹਿਤ ਜਗਤ ਦੇ ਸਤ ਅਨਮੋਲ ਮੁਨੱਵਰ ਸਤਾਰਿਆਂ (ਜੁਗਿੰਦਰ ਸਿੰਘ ਰਾਹੀ, ਕੰਵਰ ਇਮਿਤਿਆਜ਼, ਟੀ ਆਰ ਵਿਨੋਦ, ਅਬਨਾਸ਼ੀ ਸਿੰਘ, ਸੰਤੋਖ ਸਿੰਘ ਧੀਰ ਅਤੇ ਹੁਣ ਰਾਮਸਰੂਪ ਅਣਖੀ ਅਤੇ ਪਰੋਫੈਸਰ ਹਰਿੰਦਰ ਸਿੰਘ ਮਹਿਬੂਬ) ਨੂੰ ਆਪਣੀ ਕਾਲੀ ਬੁਕਲ ਵਿਚ ਲੁਕਾ ਚੁੱਕੀ ਹੈ । ਜਦ ਕਿ ਮਾਂ ਬੋਲੀ ਪੰਜਾਬੀ ਨੂੰ ਤਾਂ ਅੱਜ ਹਰ ਕਲਮ ਦੀ ਲੋੜ ਹੈ। ਜਰਵਾਣੀ ਮੌਤ ਵਲੋਂ ਇਡਾ ਧੱਕਾ ਕਿ ਮਾਤਮੀ ਸਫ ਚੱਕਣ ਦਾ ਸਮਾਂ ਹੀ ਨਹੀਂ ਦਿੱਤਾ । ਸਬਰ ਦੀ ਵੀ ਕੋਈ ਹੱਦ ਹੁੰਦੀ ਹੈ। ਹਿਰਖ ਵਿਚ ਆਈ ਵਿਲੂੰਧਰੀ ਗਈ ਆਤਮਾ ਨੇ ਨਿਹੋਰਾ ਕੀਤਾ:

ਨੀ ਮੌਤੇ ਕਿਤੇ ਤੂੰ ਮਰ ਜਾਵੇਂ ਸਵਾ ਮਹੀਨਾ ਪੂਰਾ ਅੜੀਏਂ ਤੇਰਾ ਸੋਗ ਮਨਾਵਾਂਗੇ।
ਇਹ ਵੀ ਸਾਡਾ ਵਾਅਦਾ ਸਮਝੀਂ ਹਰ ਦੇਸ਼ ਦੀ ਬੋਲੀ ਵਿਚ ਵੈਣ ਤੇਰੇ ਲਈ ਪਾਵਾਂਗੇ।
ਹਰ ਧਰਮ ਦੀਆਂ ਰਸਮਾਂ ਨਾਲ ਕਰਾਂਗੇ ਕਿਰਿਆ ਕਰਮ ਵੀ ਤੇਰੀ
ਇਕ ਵੇਰ ਤੇਰੀ ਗਤੀ ਹੋ ਜਾਵੇ ਅਸੀਂ ਆਪਣਾ ਫਰਜ਼ ਨਿਭਾਵਾਂਗੇ।

ਜਦ ਤੂੰ ਤੁਰ ਗਈ ਏਸ ਜਹਾਨੋਂ, ਮਾਤਮ ਸਫਾਂ ਦੀ ਲੋੜ ਨਹੀਂ ਰਹਿਣੀ
ਨਾ ਕਦੇ ਹੋਊ ਦੁਖ ਹਿਜਰ ਦਾ ਗੀਤ ਖੁਸ਼ੀ ਦੇ ਗਾਵਾਂਗੇ।

ਪਲ ਭਰ ਵਿਚ ਹੀ ਇਕ ਹੋਰ ਖਿਆਲ ਨੇ ਜਨਮ ਲਿਆ, ਇਦਾਂ ਲਗਾ ਜਿਵੇਂ ਮੌਤ ਆਪਣਾ ਪੱਖ ਪੇਸ਼ ਕਰ ਰਹੀ ਹੋਵੇ:

ਹੁਕਮ ਦੀ ਬੱਝੀ ਸਜਣਾ ਮੈਂ ਇਸ ਜਗ ਤੇ ਆਮਾਂ
ਮੇਰੇ ਤੇ ਕਿਉਂ ਰੋਸਾ ਕਰਦਾਂ ਮੈਂ ਤਾਂ ਹੁਕਮ ਬਜਾਮਾਂ
ਦਾਣਾ ਪਾਣੀ ਜਦੋਂ ਮੁਕਿਆ ਤੇਰੇ ਲਈ ਵੀ ਆਊਂ
ਕਾਲੀ ਬੁਕਲ ਵਿਚ ਲਪੇਟ ਕੇ ਤੈਨੂੰ ਵੀ ਲੈ ਜਾਊਂ

''ਜੋ ਉਪਜਿਉ ਸੋ ਬਿਨਸ ਹੈ" ਦੇ ਫੁਰਮਾਨ ਅਨੁਸਾਰ ਇਸ ਸੰਸਾਰ ਤੇ ਹਰ ਘੱੜੀ ਹਰ ਪਲ ਸੰਜੋਗ ਵਿਯੋਗ ਦਾ ਨਾਟਕ ਨਿਰੰਤਰ ਚਲਦਾ ਆ ਰਿਹਾ ਹੈ। ਹਰਕਤ ਜ਼ਿਦੰਗੀ ਹੈ ਅਤੇ ਖੜੋਤ ਮੌਤ । ਦਰੱਖਤ ਦੀ ਟਾਹਣ ਨਾਲ ਲਗਾ ਪੱਤਾ ਜਿਨਾ ਚਿਰ ਹਵਾ ਦੇ ਬੁਲਿਆਂ ਨਾਲਾਂ ਅਠਕੇਲੀਆਂ ਕਰ ਸਕਦਾ ਹੈ ਉਹ ਜੀਵਤ ਹੈ। ਹਰਕਤ ਬੰਦ ਹੋਈ ਤਾਂ ਟਾਹਣ ਨਾਲੋਂ ਟੁੱਟਾ ਪੱਤਾ ਫੇਰ ਹਵਾ ਦੇ ਕੰਧੇੜ ਚੜ੍ਹ ਕੇ ਕਿਤੇ ਦਾ ਕਿਤੇ ਦੂਰ ਚਲਾ ਜਾਂਦਾ ਹੈ। ਮਿੱਟੀ ਵਿਚ ਮਿੱਟੀ ਹੋ ਜਾਣ ਬਾਅਦ ਨਾ ਹੀ ਉਸ ਦੀ ਕੋਈ ਯਾਦ ਅਤੇ ਨਾ ਹੀਂ ਉਸ ਦਾ ਕੋਈ ਵਜ਼ੂਦ ਬਾਕੀ ਰਹਿ ਜਾਂਦਾ ਹੈ। ਇਸੇ ਤਰਾਂ ਮਨੁਖ ਦੀ ਛਾਤੀ ਅੰਦਰ ਰਖਿਆ ਮਾਸ ਦਾ ਲੌਥੜਾ ਜਦ ਧਕ ਧਕ ਕਰਨੋ ਹਟ ਜਾਂਦਾ ਹੈ ਤਾਂ ਸਰੀਰ ਮਿਰਤਕ ਹੋ ਜਾਂਦਾ ਹੈ, ਫਿਰ ਮਿੱਟੀ ਦਾ ਪੁਤਲਾ ਸਾਡਾ ਸਰੀਰਕ ਰੂਪ ਵੀ ਇਕ ਜਾਂ ਦੂਜੇ ਢੰਗ ਨਾਲ ਮਿੱਟੀ ਵਿਚ ਹੀ ਸਮਾ ਜਾਂਦਾ ਹੈ। ਪਰ ਜਿਹੜੇ ਲੋਕ ਬਾਬਾ ਨਾਨਕ ਦੀ ਸਲਾਹ ''ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ ਬਹੁੜ ਨਾ ਆਵੇ ਵਾਰੀ ਜੀਉ" ਨੂੰ ਮੰਨ ਕੇ ਜੀਵਤ ਘੜੀਆਂ ਦੀ ਯੋਗ ਵਰਤੋਂ ਕਰਦੇ ਹੋਏ ਕੁਝ ਐਸਾ ਕੰਮ ਕਰ ਜਾਂਦੇ ਹਨ ਕਿ ਮੋਤ ਜਰਵਾਣੀ ਸਰੀਰਕ ਤੋਰ ਤੇ ਭਾਵੇਂ ਉਹਨਾਂ ਨੂੰ ਆਪਣੀ ਕਾਲੀ ਬੁਕਲ ਵਿਚ ਛੁਪਾ ਸਕਦੀ ਹੈੇ ਪਰ ਉਹਨਾਂ ਦੀ ਆਤਮਾਂ ਤੇ ਮੌਤ ਦਾ ਕੋਈ ਜ਼ੋਰ ਨਹੀਂ ਚਲਦਾ।

ਇਕ ਨਾਮ ਸਾਨੂੰ ਜਨਮ ਵੇਲੇ ਮਾਤਾ, ਪਿਤਾ ਅਤੇ ਭਾਈ ਚਾਰੇ ਵਲੋਂ ਦਿਤਾ ਜਾਂਦਾ ਹੈ ਦੂਸਰਾ ਨਾਮ ਅਸੀਂ ਆਪਣੇ ਜੀਵਨ-ਕਾਲ ਵਿਚ ਕਮਾਉਂਦੇ ਹਾਂ। ਇਸ ਕਮਾਏ ਹੋਏ ਨਾਮ ਨੇ ਹੀ ਸਾਡੇ ਨਾਲ ਜਾਣਾ ਹੈ। ਗੁਰੂ ਨਾਨਕ ਜੀ ਦਾ ਫੁਰਮਾਨ ਹੈ ''ਬੇਦਾ ਗੰਢ ਬੋਲੇ ਸਚ ਕੋਇ ਮੁਇਆ ਗੰਢ ਨੇਕੀ ਸਤ ਹੋਇ" ਸੇਲ ਟੈਕਸ, ਪਰਾਪਰਟੀ ਟੈਕਸ ਜਮਣ-ਮਰਨ ਟੈਕਸ ਤੋਂ ਇਲਾਵਾ ਇਕ ਹੋਰ ਬੜਾ ਹੀ ਜ਼ਰੂਰੀ ਟੈਕਸ ਵੀ ਹੈ, ਜਿਸ ਨੂੰ ਮੈਂ 'ਕਾਲ ਟੈਕਸ' ਕਿਹਾ ਕਰਦਾ ਹਾਂ। ਹਰ ਇਨਸਾਨ ਤੇ ਕਾਲ ਟੈਕਸ ਵਖਰੋ ਵਖਰਾ ਹੁੰਦਾ ਹੈ ਇਹਨਾਂ ਸਾਹਿਤਕਾਰਾਂ ਤੇ ਸਾਹਿਤ ਟੈਕਸ ਲਗਾ ਸੀ। ਹਰ ਇਕ ਦਾ ਇਕ ਵਸੀਹ ਦਾਇਰਾ ਸੀ, ਤਨੋਂ ਮਨੋਂ ਮੇਹਨਤ ਕਰ ਕੇ ਇਹਨਾਂ ਨੇ ਆਪਣਾ ਟੈਕਸ ਅਦਾ ਕਰ ਕੇ ਪੰਜਾਬੀ ਸਾਹਿਤ ਦਾ ਖਜ਼ਾਨਾ ਭਰ ਦਿਤਾ। ਜਿਸ ਕੰਮ ਲਈ ਆਏ ਸਨ ਪੂਰਾ ਕਰ ਗਏ ਹਨ। ਜਿਸਮਾਨੀ ਤੌਰ ਤੇ ਭਾਵੇਂ ਉਹ ਸਾਥੋਂ ਕਿਤੇ ਦੂਰ ਚਲੇ ਗਏ ਹਨ। ਉਹਨਾਂ ਨਾਲ ਸਾਡੀ ਕੋਈ ਬੋਲੀ ਦੀ ਸਾਂਝ ਨਹੀਂ ਰਹਿ ਗਈ ਹੈ ਪਰ ਉਹ ਸਾਹਿਤ ਦਾ ਇਕ ਵਡਮੁਲਾ ਖਜ਼ਾਨਾ ਪਿੱਛੇ ਛਡ ਗਏ ਹਨ । ਆਉਣ ਵਾਲੀਆਂ ਪੀੜ੍ਹੀਆਂ ਜਦ ਚਾਹੁਣ ਉਹਨਾਂ ਦੀ ਆਤਮਾ ਨਾਲ ਸੰਵਾਦ ਰਚਾ ਸਕਦੀਆਂ ਹਨ। ਉਹਨਾਂ ਦੇ ਇਸ ਖਜ਼ਾਨੇ ਵਿਚੋਂ ਝੋਲੀਆਂ ਭਰ ਸਕਦੀਆਂ ਹਨ।

''ਸਾਂਭ ਸਾਂਭ ਨਹੀਂ ਰਖਦਾ ਕੋਈ ਗੰਢਾ ਵਿਚ ਖੁਸ਼ਬੂ ਕਦੋਂ ਲੁਕਾ ਕੇ ਰੱਖਦੇ ਤਾਰੇ ਬੁੱਕਲਾਂ ਦੇ ਵਿਚ ਲੋ'' ਆਸ ਹੀ ਨਹੀਂ ਪੂਰਨ ਵਿਸ਼ਵਾਸ਼ ਹੈ ਕਿ ਉਹਨਾਂ ਦੀ ਜਗਾਈ ਜੋਤ ਪੁੰਗਰਦੀਆਂ ਲਗਰਾਂ ਲਈ ਬੇਹਦ ਲਾਹੇਵੰਦ ਹੋਵਿਗੀ।

ਪੰਜਾਬੀ ਸਾਹਿਤ ਸਭਾ ਕੇਲੇਫੋਰਨੀਆਂ ਨੇ ਵੀਡੀਓ ਕਾਨਫਰੰਸ ਕੀਤੀ ਯੂਬਾ ਸਿਟੀ ਤੋਂ ਪਰਧਾਨ ਹਰਬੰਸ ਸਿੰਘ ਜਗਿਯਆਸੂ, ਰਾਵਿੰਦਰ ਸਿੰਘ ਅਟਵਾਲ, ਗੁਰਚਰਨ ਸਿੰਘ ਜ਼ਖਮੀਂ ਮੁਹਿੰਦਰ ਸਿੰੱਘ ਘੱਗ, ਸੈਕਰਾਮੈਂਟੋ ਤੋਂ ਮਨਜੀਤ ਕੌਰ ਸੇਖੋਂ, ਡਾਕਟਰ ਅਮਰੀਕ ਸਿੰਘ, ਜੋਤੀ ਸਿੰਘ, ਤਤਿੰਂਦਰ ਕੌਰ, ਕਮਲ ਬੰਗਾ, ਗੁਰਪਾਲ ਸਿੰਘ ਖੈਹਿਰਾ, ਦਲਜੀਤ ਸਿੰਘ ਨਿੱਝਰ, ਸਟਾਕਟਨ ਤੋਂ ਹਰਜਿੰਦਰ ਸਿੰਘ ਪੰਧੇਰ ਮਿਰਗਇੰਦਰ ਕੋਰ ਪੰਧੇਰ, ਡਾਕਟਰ ਸ਼ੇਰ ਗਿਲ, ਜਸਵੰਤ ਸਿੰਘ ਸ਼ਾਦ, ਤ੍ਰਿਪਤ ਸਿੰਘ ਭੱਟੀ, ਫਰੀਮੌਂਟ ਤੋਂ ਤਾਰਾ ਸਿੰਘ, ਹਰਭਜਨ ਸਿੰਘ ਢਿਲੋਂ, ਮੇਜਰ ਦਲੇਰ, ਨੀਲਮ ਸੈਣੀ, ਚਰਨਜੀਤ ਸਿੰਘ ਪੰਨ ਅਤੇ ਈਸ਼ਰ ਸਿੰਘ ਮੋਮਨ ਅਤੇ ਹੋਰ ਬਹੁਤ ਸਾਰਿਆਂ ਲੇਖਕਾਂ ਨੇ ਇਸ ਸੋਗ ਸਮਾਗਮ ਵਿਚ ਭਾਗ ਲਿਆ।

ਪੰਜਾਬੀ ਸਾਹਿਤ ਸਭਾ ਕੇਲੇਫੋਰਨੀਆਂ ਇਸ ਦੁਖ ਦੇ ਸਮੇਂ ਪੰਜਾਬੀ ਜਗਤ ਨਾਲ ਅਤੇ ਵਿਛੜਨ ਵਾਲਿਆਂ ਦੇ ਪਰਵਾਰਾਂ ਦੇ ਦੁੱਖ ਵਿਚ ਸ਼ਰੀਕ ਹੁੰਦੀ ਹੋਈ ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਕਰਦੀ ਹੈ ਕਿ ਸਾਨੂੰ ਉਹਨਾਂ ਮਹਾਨ ਲੇਖਕਾਂ ਦੇ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ੇ।

ਮੁਹਿੰਦਰ ਸਿੰਘ ਘੱਗ
(530) 695-1318
25 ਫਰਵਰੀ 2010

ਮੁਹਿੰਦਰ ਸਿੰਘ ਘੱਗ ਦੀਆਂ 'ਲਿਖਾਰੀ' ਵਿਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ

Likhari

Copyright - Likhari: Panjabi Likhari Forum-2001-2010