‘ਅੱਗ ਦੀ
ਨਦੀ’---ਮੇਜਰ ਮਾਂਗਟ
ਨਹਿਰ ਕਿਨਾਰੇ ਬੈਠਾ ਉਹ ਸੋਚਾਂ ਵਿੱਚ ਡੁਬਿਆ ਰਿਹਾ।ਨਹਿਰ ਵਿੱਚ ਜਿਵੇਂ ਪਾਣੀ ਦੀ
ਬਜਾਏ ਖ਼ੂਨ ਵਹਿ ਰਿਹਾ ਹੋਵੇ ਤੇ ਉਹ ਵੀ ਉਸਦੇ ਸਕੇ ਭਰਾ ਦਾ ਖ਼ੂਨ।
ਜ਼ਿੰਦਗੀ ਉਸ ਲਈ ਬੋਝ ਬਣ ਗਈ ਸੀ। ਜਦੋਂ ਤੋਂ
ਪਿੰਡ ਦੇ ਕੁੱਝ ਲੋਕਾਂ ਨੇ ਉਸ ਨੂੰ ਭਾਈਚਾਰੇ ਵਿੱਚੋਂ ਛੇਕ ਦਿੱਤਾ ਸੀ।ਉਸ ਨੇ ਬਥੇਰਾ
ਕਿਹਾ ਸੀ ਕਿ ਉਹ ਦੋਸ਼ੀ ਨਹੀਂ ਹੈ ਅਤੇ ਅਜਿਹਾ ਉਸ ਨੇ ਮਜਬੂਰੀ ਵਸ ਕੀਤਾ ਸੀ।
ਪਰ ਉਸਦੀ ਸੁਣਦਾ ਕੌਣ? ਜਦੋਂ ਕਿ ਉਸਦੇ
ਦਸਤਖ਼ਤਾਂ ਵਾਲਾ ਪੇਪਰ ਹਰ ਕੋਈ ਪੜ੍ਹ ਚੁੱਕਿਆ ਸੀ ਅਤੇ ਉਸ ਪਰਚੇ ਦੀਆਂ ਫੋਟੋ
ਕਾਪੀਆਂ ਅਜੇ ਵੀ ਪਿੰਡ ਵਿੱਚ ਘੁੰਮ ਰਹੀਆਂ ਸਨ,ਜਿਨਾਂ ਉੱਪਰ ਸਪਸ਼ਟ ਲਿਖਿਆ ਹੋਇਆ ਸੀ
ਕਿ ‘ਹਾਦਸੇ ਦਾ ਕਾਰਨ ਉਸ ਦੇ ਭਰਾ ਦੀ ਸ਼ਰਾਬ ਬਣੀ ਹੈ ਜੋ ਉਹ ਮੇਰੇ ਨਾਲ ਪੀਕੇ
ਤੁਰਿਆ ਸੀ’।ਮੈਂ ਉਸ ਨੂੰ ਬਥੇਰਾ ਰੋਕਿਆ ਕਿ ਨਾਂ ਜਾਹ ਪਰ ਉਹ ਮੰਨਿਆ ਨਹੀਂ।...ਤੇ
ਗੱਡੀ ਵਿੱਚ ਜਾ ਬੱਜਾ।
ਇਸ ਵਿੱਚ ਕਾਰ ਵਾਲੇ ਡਰਾਈਵਰ ਦਾ ਕੋਈ ਕਸੂਰ ਨਹੀਂ ਅਤੇ ਨਾਂ ਹੀ ਇਸ ਦੇ
ਖਿਲਾਫ ਕੋਈ ਕੇਸ ਦਰਜ ਕੀਤਾ ਜਾਵੇ। ਮੈਂ ਸੱਠ ਹਜ਼ਾਰ
ਰੁਪਈਆ ਲੈ ਕੇ ਏਸ ਕੇਸ ਦਾ ਫੈਸਲਾ ਕਰਦਾ ਹਾਂ’।ਹੇਠਾਂ ਉਸਦੇ ਦਸਤਖ਼ਤ ਸਨ ‘ਭਰਪੂਰ
ਸਿੰਘ’।ਏਹੋ ਕਾਗਜ਼ ਉਸਦੇ ਭਤੀਜੇ ਨੇ ਉਸਦੇ ਮੂੰਹ ਤੇ ਮਾਰਿਆ ਸੀ ਤੇ ਧੱਕੇ ਮਾਰ ਕੇ
ਉਸ ਨੂੰ ਬੂਹਿਉਂ ਬਾਹਰ ਕਰ ਦਿੱਤਾ ਸੀ।ਆਪਣੇ ਭਰਾ ਦੇ ਭੋਗ ਵਾਲੇ ਦਿਨ ਵੀ ਉਹ ਬਾਹਰ
ਹੀ ਤੁਰਦਾ ਫਿਰਦਾ ਰਿਹਾ ਸੀ।
ਅੱਜ ਵੀ ਉਹ
ਨਹਿਰ ਕਿਨਾਰੇ ਬੈਠਾ ਇਹ ਹੀ ਸੋਚ ਰਿਹਾ ਸੀ ਕਿ “ਮੈਂ ਉਸਦਾ ਸਕਾ ਭਰਾ ਹੋ ਕੇ ਉਸਦੇ
ਖ਼ੂਨ ਦਾ ਮੁੱਲ ਕਿਵੇਂ ਵੱਟ ਸਕਦਾ ਹਾਂ?ਅਸੀਂ ਇੱਕੋ ਮਾਂ ਦੀ ਕੁੱਖੋਂ ਜਾਏ।
ਇਕੱਠੇ ਖੇਡੇ, ਸਕੂਲ ਪੜ੍ਹੇ।
ਉਹ ਮੈਨੂੰ ਛੋਟੇ ਹੁੰਦੇ ਨੂੰ ਮੋਢਿਆਂ ਤੇ ਚੁੱਕ ਕੇ ਖਿਡਾਉਂਦਾ ਰਿਹਾ।
ਮੈਂ ਉਸਦੇ ਖ਼ੂਨ ਦੇ ਪੈਸੇ ਕਿਵੇਂ ਵੱਟ ਸਕਦਾ ਹਾਂ? ਖ਼ੂਨ ਸ਼ਬਦ ਦਿਮਾਗ
ਵਿੱਚ ਆਉਂਦਿਆ ਹੀ ਉਸਦਾ ਖ਼ੂਨ ਸਰਦ ਹੋ ਗਿਆ ਸੀ।
ਸਾਹਮਣੇ ਵਗਦਾ ਪਾਣੀ ਜਿਵੇਂ ਪਾਣੀ ਨਾਂ ਹੋਵੇ ਸਗੋਂ ਖ਼ੂਨ ਹੋਵੇ।
ਪਰ ਇਹ ਗੱਲ ਤਾਂ ਸੱਚ ਸੀ ਕਿ ਇਹ ਸ਼ਬਦ ਉਸਦੇ ਆਪਣੇ ਹੀ ਲਿਖੇ ਹੋਏ ਸਨ ਕਿ “ਮੈਂ
ਭਰਪੂਰ ਸਿੰਘ ਵਾਸੀ ਮੰਡੇਰ, ਸੁਖਦੇਵ ਸਿੰਘ ਵਾਸੀ ਘੁਮਾਣ
ਤੋਂ ਸੱਠ ਹਜ਼ਾਰ ਰੁਪਏ ਆਪਣੇ ਭਰਾ ਜਗਤ ਸਿੰਘ ਦੇ ਇਲਾਜ ਲਈ ਲੈ ਕੇ ਇਹ ਫੈਸਲਾ ਕਰਦਾ
ਹਾਂ”। ਉਸਦੇ ਦਸਤਖ਼ਤਾਂ ਦੇ ਨਾਲ ਹੀ ਥਾਣੇਦਾਰ ਬਘੇਲ
ਸਿੰਘ ਅਤੇ ਦੋ ਹੋਰ ਗਵਾਹਾਂ ਦੇ ਸਾਈਨ ਸਨ। ਉਸਦੇ ਭਤੀਜੇ
ਨੇ ਇਸੇ ਚਿੱਠੀ ਦੀ ਕਾਪੀ ਹਾਸਲ ਕਰ ਲਈ ਸੀ ਅਤੇ ਚੀਖਿਆ ਸੀ
“ਐਡਾ
ਅਕ੍ਰਿਤਘਣ ਨਿੱਕਿਲਿਆ ਤੂੰ..ਆਪਣੇ ਹੀ ਭਰਾ ਦੀ ਪਿੱਠ ਵਿੱਚ ਛੁਰਾ ਖੋਭ ਦਿੱਤਾ?
ਕਮੀਨਿਆ ਨਿੱਕਲ ਜਾ ਏਥੋਂ ਤੂੰ ਸਾਡੇ ਬਾਪ ਦਾ ਕਾਤਲ ਏਂ।ਉਹਦੀ ਮੌਤ ਦਾ ਮੁੱਲ
ਵੱਟਿਆ ਏ ਤੂੰ। ਕਿਸ ਨੂੰ ਪੁੱਛ ਕੇ ਤੂੰ ਪੈਸੇ ਲਏ ਸੀ
ਸਾਡੇ ਬਾਪ ਦੇ?”
“ਉਹ ਮੇਰਾ
ਵੀ ਤਾਂ ਭਰਾ ਸੀ”। ਭਰਪੂਰ ਤੋਂ ਕਿਹਾ ਗਿਆ ਸੀ।
“ਤਾਂ ਭਰਾ ਤੇਰੇ ਵਰਗੇ ਹੁੰਦੇ ਨੇ?”
ਤੇ ਫੇਰ
ਉਸ ਨੇ ਧੱਕੇ ਮਾਰ ਕੇ ਉਸ ਨੂੰ ਬੂਹਿਉਂ ਬਾਹਰ ਕਰ ਦਿੱਤਾ ਸੀ।ਪਿੰਡ ਦੇ ਲੋਕਾਂ ਨੇ ਇਹ
ਤਮਾਸ਼ਾ ਵੇਖਿਆ ਤੋਇ ਤੋਇ ਕੀਤੀ।ਜਿਵੇਂ ਉਹ ਜਿਊਦੇ ਜੀ ਹੀ ਮਰ ਗਿਆ ਹੋਵੇ।ਬਾਹਰ ਆਕੇ
ਉਹ ਬਹੁਤ ਰੋਇਆ ਸੀ। ਤੇ ਉਸਦਾ ਰੋਣ ਇੱਕ ਵਾਰ ਫੇਰ ਨਿੱਕਲ ਗਿਆ।
ਭਰਾ ਦਾ
ਭੋਗ ਪੈ ਗਿਆ ਸੀ।ਭਰਾ ਦਾ ਹੋਣਾ ਬੀਤਿਆ ਕੱਲ ਬਣ ਗਿਆ ਸੀ ਪਰ ਲੋਕਾਂ ਲਈ ਇਹ ਘਟਨਾ
ਨਵੀਂ ਨਕੋਰ ਸੀ। ਉਹ ਜਿੱਧਰੋਂ ਵੀ ਨਿੱਲਕਦਾ ਲੋਕ ਆਨੀਂ
ਬਹਾਨੀਂ ਤਾਹਨੇ ਮਾਰਦੇ। ਜਾਨਵਰਾਂ ਵਿੱਚੀਂ ਉਸ ਨੂੰ
ਸੁਣਾ ਕੇ ਗਾਲਾਂ ਕੱਢਦੇ।ਉਸਦਾ ਘਰੋਂ ਬਾਹਰ ਨਿੱਕਲਣਾ ਮੁਹਾਲ ਹੋ ਗਿਆ।ਲੋਕ ਜਦ ਵੀ ਉਸ
ਨੂੰ ਦੇਖ ਲੈਂਦੇ ਮੂੰਹ ਜੋੜ ਕੇ ਖੁਸਰ ਫੁਸਰ ਕਰਦੇ।ਕਈ ਪਾਸੇ ਨੂੰ ਮੂੰਹ ਕਰਕੇ ਹੱਸ
ਪੈਂਦੇ ਤਾਂ ਉਸਦਾ ਕਾਲਜਾ ਵਿਨਿੰਆਂ ਜਾਂਦਾ। ਘਰ ਜਾਂਦਾ
ਤਾਂ ਘਰ ਵਾਲੀ ਆਖਦੀ, “ਹੋਰ ਕਰ ਲੈ ਐਨਾ....।
ਮਹੀਨਾਂ ਦਿਨ ਰਾਤ ਘਰ ਨਹੀਂ ਵੜਿਆ।ਜੁਆਕ ਨਹੀਂ ਪੁੱਛੇ।ਲੈ ਲਿਆ ਦੱਖੂ
ਦਾਣਾ...।
ਅਖੇ ਮੇਰਾ ਭਰਾ ਹੈ। ਉਹ ਤੇਰੇ ਭਰਾ ਨਾਲੋਂ
ਉਹਨਾਂ ਦਾ ਬਾਪ ਵੱਧ ਤੀ”।
ਪਰ ਭਰਪੂਰ
ਘਰ ਵਾਲੀ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਾਂ ਦਿੰਦਾ।ਉਸਦੀ ਚੁੱਪ ਇੱਕ ਰੋਗ ਬਣਦੀ
ਜਾ ਰਹੀ ਜਾ ਰਹੀ ਸੀ।ਉਧਰ ਸਤਿੰਦਰ ਜਿਸ ਦਿਨ ਦਾ ਅਮਰੀਕਾ ਤੋਂ ਆਇਆ ਸੀ ਸ਼ਰਾਬ ਨਾਲ
ਰੱਜਿਆ ਰਹਿੰਦਾ ਜਦੋਂ ਲੋਕ ਅਫਸੋਸ ਕਰਨ ਵੀ ਜਾਂਦੇ ਤਾਂ ਉਸਨੇ ਪੀਤੀ ਹੁੰਦੀ।ਪੀਣ ਦਾ
ਬਹਾਨਾ ਬਣਾਉਂਦਾ ਉਹ ਆਖਦਾ ਕਿ ਉਹ ਤਾਂ ਪੀਂਦਾ ਹੈ ਉਸ ਦਾ ਦਿਲ ਨਹੀਂ ਖੜਦਾ।ਪਰ
ਉਨ੍ਹਾਂ ਦੇ ਘਰੇ ਤਾਂ ਮੀਟ ਵੀ ਨਿੱਤ ਬਣਦਾ ਸੀ। ਜਿਸ
ਬਾਰੇ ਉਸ ਦੀ ਪਤਨੀ ਆਖਦੀ ਕਿ “ਮੀਟ ਦਾ ਕੀ ਹੈ ਅਮਰੀਕਾ
ਤਾਂ ਇਹ ਆਮ ਵਰਗੀ ਗੱਲ ਹੀ ਹੈ।ਨਾਲੇ ਸਤਿੰਦਰ ਰੋਟੀ ਘੱਟ ਹੀ ਖਾਂਦਾ ਹੈ”।
ਪਰ ਭਰਪੂਰ
ਸਮਝਦਾ ਸੀ ਕਿ ਉਨ੍ਹਾਂ ਨੂੰ ਆਪਣੇ ਬਾਪ ਦਾ ਦੁੱਖ ਨਹੀਂ ਹੈ।
ਉਹ ਸਿਰਫ ਮਗਰ ਮੱਛ ਦੇ ਹੰਝੂ ਵਹਾ ਰਹੇ ਸਨ।ਅਮਰੀਕਾ ਤੋਂ ਉਹ ਉਦੋਂ ਤਾਂ ਆਏ
ਨਾਂ ਜਦੋਂ ਉਹ ਜਿ਼ੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ।
ਉਦੋਂ ਤਾਂ ਉਹ ਫੋਨ ਤੇ ਹੀ ਆਖਦੇ ਕੋਈ ਨਾਂ ਚਾਚਾ ਜਿੰਨਾ ਖਰਚ ਆਉਂਦਾ ਹੈ ਕਰੀ ਜਾ ਜੋ
ਵੀ ਤੇਰਾ ਹੋਵੇਗਾ ਅਸੀਂ ਦੇਵਾਂਗੇ।ਅੱਗੋਂ ਉਹ ਆਖਦਾ ਕੋਈ ਗੱਲ ਨਹੀਂ ਮੇਰਾ ਭਰਾ
ਪਹਿਲਾਂ ਹੈ।ਪਰ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਹ ਉਨ੍ਹਾਂ ਦਾ ਬਾਪ ਪਹਿਲਾ ਬਣ ਗਿਆ
ਸੀ।
ਉਨ੍ਹਾਂ ਦਾ ਆਉਣਾ ਇਸ ਲਈ ਵੀ ਜਰੂਰੀ ਸੀ ਤਾਂ ਕਿ ਉਹ ਪਿਉ ਦੀ ਜ਼ਮੀਨ
ਜਾਇਦਾਦ ਆਪਣੇ ਨਾਂਉ ਕਰਾ ਸਕਣ,ਉਸਦੇ ਪੈਸੇ ਤੇ ਹੋਰ ਪੂੰਜੀ ਤੇ ਹੱਕ ਜਤਾ ਸਕਣ।ਜਿੱਥੇ
ਹਰ ਸ਼ਾਮ ਪਟਵਾਰੀ ਉਨ੍ਹਾਂ ਦੇ ਘਰ ਆਕੇ ਹਾਜ਼ਰੀ ਲੁਆਂਉਦਾ ਤੇ ਰੱਜ ਕੇ ਘਰੋਂ
ਨਿੱਕਲਦਾ ਉਥੇ ਵਕੀਲ ਦਾ ਗੇੜਾ ਵੀ ਰੋਜ ਲੱਗਦਾ ਜਿਸ ਨੇ ਉਨ੍ਹਾਂ ਨੂੰ ਕਮਿਸ਼ਨ ਬਦਲੇ
ਲੱਖਾਂ ਰੁਪਏ ਦੀ ਇੰਸ਼ੋਰੈਂਸ ਲੈ ਕੇ ਦੇਣ ਦਾ ਝਾਂਸਾ ਦਿੱਤਾ ਸੀ।
ਸਤਿੰਦਰ ਆਪਣੇ ਅਮਰੀਕਾ ਰਹਿੰਦੇ ਦੋ ਭਰਾਵਾਂ ਨੂੰ ਢਿੱਬੀ ਮਾਰ ਕੇ ਆਪਣੇ ਬਾਪ
ਦੀ ਮੌਤ ਦਾ ਪੂਰਾ ਫਾਇਦਾ ਲੈਣਾ ਚਾਹੁੰਦਾ ਸੀ।ਭਰਪੂਰ ਨੂੰ ਉਹ ਇੱਕ ਨੰਬਰ ਦਾ ਪਾਖੰਡੀ
ਜਾਪਦਾ ਸੀ। ਨਹੀਂ ਤਾਂ ਜਿਸ ਦਾ ਪਿਉ ਮਰ ਗਿਆ ਹੋਵੇ ਉਸ
ਨੂੰ ਮੀਟ ਸ਼ਰਾਬਾਂ ਸੁੱਝਣ,ਤਰ੍ਹਾਂ ਤਰ੍ਹਾਂ ਦੇ ਕੱਪੜੇ ਅਤੇ ਪ੍ਰਫਿਊਮ ਲਾਉਣੇ
ਸੁੱਝਣ?ਉਹ ਆਪਣੀ ਮਾਂ ਨੂੰ ਆਖਦਾ ਕਿ ਉਹ ਆਪਣੇ ਬਾਪ ਦੇ ਅਧੂਰੇ ਕੰਮ ਪੂਰੇ ਕਰ ਰਿਹਾ
ਹੈ। ਜਦੋਂ ਕਿ ਉਹ ਆਪਣੇ ਨਿੱਜੀ ਫਾਇਦੇ ਨੂੰ ਮੁੱਖ ਰੱਖ
ਕੇ ਫਿਰ ਰਿਹਾ ਸੀ।ਆਪਣੇ ਦਿਖਾਵੇ ਭਰੇ ਰਹਿਣ ਸਹਿਣ ਨੂੰ ਉਹ ਆਮ ਜਿਹੀ ਗੱਲ ਆਖਦਾ।
ਭਰਪੂਰ ਕਦੇ
ਕਦੇ ਸੋਚਦਾ ਕਿ ‘ਕੈਸਾ ਵਕਤ ਆ ਗਿਆ ਕਿ ਲੋਕ ਰਿਸ਼ਤਿਆਂ ਦੇ ਝੂਠੇ ਨਕਾਬ ਕੀ ਕੀ
ਪਾਖੰਡ ਕਰਦੇ ਹਨ।ਜੀਂਦੇ ਜੀ ਇਸਦੇ ਬਾਪ ਨੇ ਏਸੇ ਸਤਿੰਦਰ ਨੂੰ ਕਦੀ ਵੀ ਚੰਗਾ ਨਹੀਂ
ਸੀ ਸਮਝਿਆ।ਇਸਦੀਆਂ ਆਦਤਾਂ ਤੋਂ ਤੰਗ ਆਕੇ ਹੀ ਇਸਦੇ ਬਾਪ ਨੇ ਔਖਾ ਹੋ ਕੇ ਇਸ ਨੂੰ
ਅਮਰੀਕਾ ਭੇਜਿਆ ਸੀ ਜ਼ਮੀਨ ਗਹਿਣੇ ਧਰ ਕੇ।ਜੋ ਅਜੇ ਤੱਕ ਵੀ ਗਹਿਣੇ ਹੈ।ਇਹ ਭਾਵੇਂ
ਉੱਥੇ ਸੈੱਟ ਵੀ ਹੋ ਗਏ ਸਾਰਾ ਟੱਬਰ ਵੀ ਇਸਨੇ ਉੱਥੇ ਬੁਲਾ ਲਿਆ।ਵਿਆਹ ਕਰਵਾ ਲਿਆ
ਅੱਗੋਂ ਬੱਚੇ ਵੀ ਹੋ ਗਏ।ਪਰ ਮਨ ਦੀ ਭੁੱਖ ਨਹੀਂ ਗਈ।ਇਸ ਦਾ ਬਾਪ ਮਰਨ ਸਮੇਂ ਤੱਕ ਵੀ
ਦੁਖੀ ਸੀ।ਆਪਣੇ ਸਿਰ ਪੁੱਤਾਂ ਨੂੰ ਨੂੰ ਸੈੱਟ ਕਰਨ ਲਈ ਚੜ੍ਹਿਆ ਕਰਜਾ ਉਸ ਨੇ ਆਪ ਹੀ
ਉਤਾਰਿਆ।ਇਸ ਵਾਰੀ ਉਹ ਆਪਣੀ ਸਕੂਲ ਟੀਚਰ ਵਜੋਂ ਰੀਟਾਇਰਮੈਂਟ ਲੈਣ ਲਈ ਆਇਆ ਸੀ ਉਸ ਨੇ
ਆਪਣੇ ਭਰਾ ਨਾਲ ਸਾਰੀਆਂ ਗੱਲਾਂ ਕੀਤੀਆਂ।ਉਹ ਰੀਟਾਇਰਮੈਂਟ ਵਾਲੇ ਪੈਸਿਆਂ ਨਾਲ ਜ਼ਮੀਨ
ਛੁਡਾਉਣੀ ਚਾਹੁੰਦਾ ਸੀ ਕਿਉਕਿ ਉਸਦੇ ਅਮਰੀਕਾ ਵਸਦੇ ਪੁੱਤਾਂ ਤੋਂ ਛੁਡਾਈ ਨਹੀਂ ਸੀ
ਗਈ।ਪਰ ਮੁੜਕੇ ਇਹ ਭਾਣਾ ਵਰਤ ਗਿਆ।ਜੀਂਦੇ ਜੀ ਉਹ ਆਖਦਾ ਸੀ ਕਿ ਮੈਂ ਇੱਕ ਵਾਰੀ
ਅਮਰੀਕਾਂ ਜਾ ਕੇ ਮੁੜ ਆਉਣਾ ਹੈ ਫੇਰ ਕਦੀ ਵੀ ਉੱਥੇ ਵਾਪਿਸ ਨਹੀਂ ਜਾਣਾ।ਉਸ ਦੀ ਪਤਨੀ
ਜਗੀਰ ਕੁਰ ਆਪਣੇ ਮੁੰਡੇ ਦੀ ਮੰਨਦੀ ਸੀ ਕਿਉਂਕਿ ਜਦੋਂ ਸਤਿੰਦਰ ਦਾ ਵਿਆਹ ਕਰਨ ਉਹ
ਭਾਰਤ ਆਈ ਸੀ ਤਾਂ ਉਸ ਸੱਤ ਲੱਖ ਰੁਪਈਆ ਤੇ ਮੂੰਹ ਮੰਗਵਾਂ ਦਾਜ ਲਿਆ ਸੀ।ਨੂੰਹ ਨੂੰ
ਉਹ ਆਪਣੇ ਰੋਹਬ ਹੇਠ ਰੱਖਦੀ ਸੀ।ਪਹਿਲਾਂ ਤਾਂ ਨੂੰਹ ਅਜੇ ਤਿੜ ਫਿੜ ਕਰਦੀ ਵੀ ਪਰ ਬਾਪ
ਦੀ ਮੌਤ ਤੋਂ ਬਾਅਦ ਸਤਿੰਦਰ ਨੇ ਉਸ ਨੂੰ ਸਮਝਾ ਦਿੱਤਾ ਸੀ ਕਿ
“ਮੰਮੀ ਦੀ ਦੱਬ ਕੇ ਸੇਵਾ ਕਰ ਇਸ ਨੂੰ ਆਪਣੇ ਹੱਥ ਵਿੱਚ ਰੱਖ ਇਸੇ ਗੱਲ ਦਾ ਆਪਾਂ ਨੂੰ
ਫਾਇਦਾ ਹੈ।ਫੇਰ ਜਦੋਂ ਵੀ ਕਦੇ ਇੰਡੀਆ ਆਇਆ ਕਰੇਂਗੀ ਤਾਂ ਐਸ਼ਾਂ ਕਰੇਂਗੀ”।ਸਤਿੰਦਰ
ਦੀ ਇਸ ਗੱਲ ਤੇ ਅਮਲ ਸ਼ੁਰੂ ਹੋ ਗਿਆ ਸੀ।ਜਿਸ ਨੂੰ ਭਰਪੂਰ ਚੰਗੀ ਤਰ੍ਹਾਂ ਸਮਝ ਰਿਹਾ
ਸੀ।
ਆਪਣੇ ਪਿਉ
ਦੀ ਮੌਤ ਦਾ ਅਫਸੋਸ ਸਤਿੰਦਰ ਕੁੱਝ ਵਧੇਰੇ ਹੀ ਕਰ ਰਿਹਾ ਸੀ।
ਪਿਉ ਨਾਲ ਸਬੰਧਤ ਕੰਮਾਂ ਕਾਜਾਂ ਵਿੱਚ ਸਤਿੰਦਰ ਨੇ ਅਮਰੀਕਾ ਰਹਿੰਦੇ ਦੋਹਾਂ
ਛੋਟੇ ਭਰਾਵਾਂ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਸੀ ਸਮਝੀ।
ਉਹ ਬਾਪ ਦੀ ਮੌਤ ਤੇ ਉੱਥੇ ਬੈਠੇ ਹੀ ਕਲਪਦੇ ਰਹੇ।ਜਾਂਦੀ ਵਾਰੀ ਦਾ ਮੂੰਹ ਵੀ
ਨਾਂ ਦੇਖ ਸਕੇ।ਅਜੇ ਨਵੇਂ ਨਵੇਂ ਹੋਣ ਕਾਰਨ ਉਹ ਆ ਵੀ
ਨਹੀਂ ਸਨ ਸਕਦੇ। ਪਰਦੇਸਾਂ ਦੇ ਏਹੋ ਮਾਮਲੇ ਤਾਂ ਦੁਖੀ
ਕਰਦੇ ਨੇ।ਉਨ੍ਹਾਂ ਦਾ ਪਿਉ ਮਾਸਟਰ ਜਗਤ ਸਿੰਘ ਵੀਜ਼ਾ ਆਉਣ ਤੋਂ
ਕੁੱਝ ਮਹੀਨੇ ਦੀ ਛੁੱਟੀ ਲੈ ਕੇ ਉਨ੍ਹਾਂ ਦੇ ਨਾਲ ਹੀ ਅਮਰੀਕਾ ਚਲਿਆ ਗਿਆ ਸੀ।ਛੇ
ਮਹੀਨੇ ਬੀਤਣ ਤੋਂ ਬਾਅਦ ਉਹ ਆਪਣੀ ਰੀਟਾਇਰਮੈਂਟ ਲੈਣ ਲਈ ਭਾਰਤ ਆਇਆ ਸੀ।
ਤਾਂ ਇਹ ਭਾਣਾ ਵਰਤ ਗਿਆ।ਲੋਕ ਅੱਜ ਵੀ ਉਸਨੂੰ ਯਾਦ ਕਰਦੇ ਨਾਂ ਥੱਕਦੇ।
ਜਮਸ਼ੇਦਪੁਰ ਦੇ ਹਾਈ ਸਕੂਲ ਵਿੱਚ ਉਹ ਸਮਾਜਿਕ ਵਿਗਿਆਨ ਪੜ੍ਹਾਇਆ ਕਰਦਾ
ਸੀ।ਬੇਹੱਦ ਸ਼ਰੀਫ ਸੀ ਤੇ ਵਿਦਿਆਰਥੀ ਉਸ ਤੋਂ ਬਹੁਤ ਖੁਸ਼ ਸਨ।ਪਹਿਲੇ ਸਾਲਾਂ ਵਿੱਚ
ਉਹ ਸਾਈਕਲ ਤੇ ਜਾਂ ਬੱਸ ਚੜ ਕੇ ਸਕੂਲ ਪੜ੍ਹਾਉਣ ਜਾਂਦਾ ਰਿਹਾ।ਪਰ ਬਾਅਦ ਵਿੱਚ ਆ ਕੇ
ਉਸ ਨੇ ਸਕੂਟਰ ਲੈ ਲਿਆ ਸੀ। ਜਾਣ ਲੱਗਿਆ ਉਹ ਆਪਣੇ
ਸਕੂਟਰ ਨੂੰ ਬੰਦ ਕਮਰੇ ਵਿੱਚ ਖੜਾ ਕਰਦੇ ਜਿੰਦਰਾ ਲਗਾ ਗਿਆ ਸੀ।ਹਾਦਸੇ ਵਾਲੇ ਦਿਨ ਉਹ
ਆਪਣੀ ਰੀਟਾਇਰਮੈਂਟ ਦੇ ਸਬੰਧ ਵਿੱਚ ਏਸੇ ਸਕੂਟਰ ਤੇ ਲੁਧਿਆਣੇ ਨੂੰ ਜਾ ਰਿਹਾ ਸੀ ਕਿ
ਚੰਡੀਗੜ ਲੁਧਿਆਣਾ ਸੜਕ ਤੇ ਇੱਕ ਗੱਡੀ ਵਾਲਾ ਉਸ ਵਿੱਚ ਆ ਵੱਜਾ ਸੀ।
ਸਾਰਾ ਕਸੂਰ ਭਾਵੇਂ ਗੱਡੀ ਵਾਲੇ ਦਾ ਸੀ,ਪੁਲੀਸ ਨੇ ਉਸ ਨੂੰ ਫੜ ਵੀ ਲਿਆ ਸੀ
ਪਰ ਉਹ ਕੋਈ ਤਕੜੇ ਟਰਾਂਸਪੋਟਰ ਹੋਣ ਕਰਕੇ ਪੁਲੀਸ ਨੇ ਕੋਈ ਖਾਸ ਕਾਰਵਾਈ ਨਹੀਂ ਸੀ
ਕੀਤੀ।ਪੁਲੀਸ ਦੇ ਜੋਰ ਪਾਉਣ ਤੇ ਉਨ੍ਹਾਂ ਲਹੂ ਨਾਲ ਲੱਥ ਪੱਥ ਹੋਏ ਜਗਤ ਸਿੰਘ ਨੂੰ
ਚੁੱਕ ਕੇ ਟਰੱਕ ਵਿੱਚ ਧਰ ਲਿਆ ਸੀ। ਉਨ੍ਹਾਂ ਨੇ ਇਸ ਗੱਲ
ਦੀ ਪਰਵਾਹ ਵੀ ਨਹੀਂ ਸੀ ਕੀਤੀ ਕਿ ਉਸ ਦੀਆਂ ਪੱਸਲੀਆਂ ਟੁੱਟੀਆਂ ਹੋਈਆਂ ਹਨ ਤੇ ਖ਼ੂਨ
ਵਗ ਰਿਹਾ ਸੀ।ਉਹ ਤਾਂ ਜਗਤ ਸਿੰਘ ਨੂੰ ਛੇਤੀ ਨਾਲ ਹਸਪਤਾਲ ਸੁੱਟ ਖਹਿੜਾ ਛੁਡਾ ਲੈਣਾ
ਚਾਹੁੰਦੇ ਸੀ।ਪਰ ਇਸ ਹਾਦਸੇ ਸਮੇਂ ਜਦੋਂ ਸ਼ਨਾਖ਼ਤ ਲਈ ਪੁਲੀਸ ਨੇ ਜਗਤ ਸਿੰਘ ਦਾ
ਬਟੂਆ ਫਰੋਲਿਆ ਸੀ ਤਾਂ ਪਤਾ ਲੱਗਿਆ ਸੀ ਕਿ ਉਹ ਅਮਰੀਕਾ ਤੋਂ ਆਇਆ ਹੈ।
ਬਾਹਰਲੀ ਸਾਮੀ ਹੋਣ ਕਰਕੇ ਪੁਲੀਸ ਨੇ ਕੁੱਝ ਧਿਆਨ ਦਿੱਤਾ ਸੀ ਕਿ “ਕੋਈ ਤਾਂ
ਮਗਰ ਆਊ ਹੀ..”।ਏਸੇ ਕਰਕੇ ਇੱਕ ਸਿਪਾਹੀ ਜਗਤ ਸਿੰਘ ਦੇ ਪਿੰਡ ਨੂੰ ਭਜਾਇਆ ਸੀ।ਤੇ
ਪਿੰਡੋਂ ਉਸਦਾ ਭਰਾ ਭਰਪੂਰ ਸਿੰਘ ਭੱਜਾ ਆਇਆ ਸੀ।ਹਾਦਸੇ ਵਾਲੀ ਥਾਂ ਤੇ ਲੱਗਿਆ ਖ਼ੂਨ
ਦਾ ਛੱਪੜ ਵੇਖ ਕੇ ਉਸ ਦਾ ਮੱਥਾ ਠਣਕਿਆ ਸੀ। ਪਰ ਉੱਥੇ
ਪੁੱਜਣ ਤੇ ਪਤਾ ਲੱਗਾ ਕਿ ਉਸਦੇ ਭਰਾ ਨੂੰ ਸਮਰਾਲਾ ਸ਼ਹਿਰ ਦੇ ਹਸਪਤਾਲ ਲੈ ਗਏ ਹਨ
ਉੱਥੇ ਗਿਆ ਤਾਂ ਪਤਾ ਲੱਗਾ ਕਿ ਅੱਗੋਂ ਲੁਧਿਆਣੇ ਸੀ: ਐੱਮ: ਸੀ: ਹਸਪਤਾਲ ਲੈ ਗਏ ਹਨ
ਕਿਉਂਕਿ ਸਮਰਾਲੇ ਉਸਦੇ ਖ਼ੂਨ ਦਾ ਗਰੁੱਪ ਨਹੀਂ ਸੀ ਮਿਲਿਆ।ਜਦੋਂ ਭਰਪੂਰ ਸਿੰਘ
ਲੁਧਿਆਣੇ ਪੁੱਛਦਾ ਪੁਛਾਉਂਦਾ ਪਹੁੰਚਿਆ ਤਾਂ ਉਸ ਨੇ ਵੇਖਿਆ ਸੀ ਕਿ ਉਸਦਾ ਭਰਾ ਸੱਟਾਂ
ਦਾ ਭੰਨਿਆ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦੇ ਬੈੱਡ ਤੇ ਪਿਆ ਹੈ।
ਜਿਸ ਨੂੰ ਵੇਖ ਕੇ ਉਸਦੀ ਧਾਅ ਨਿੱਕਲ ਗਈ।ਉਸਦੇ ਇਲਾਜ ਬਾਰੇ ਪੁੱਛਣ ਤੇ ਪਤਾ
ਲੱਗਿਆ ਕਿ ਡਾ: ਉਸਦੇ ਵਾਰਿਸਾਂ ਨੂੰ ਉਡੀਕ ਰਹੇ ਹਨ।ਟਰੱਕ ਡਰਾਈਵਰ ਅਤੇ ਪੁਲਿਸ ਵਾਲਾ
ਇੱਕ ਖੂੰਜੇ ਕੁਰਸੀਆਂ ਤੇ ਬੈਠੇ ਸਨ।ਸ਼ਾਇਦ ਅਮਰੀਕਾ ਦਾ ਐਡਰੈੱਸ ਹੋਣ ਕਰਕੇ ਪੁਲੀਸ
ਨੇ ਦੂਜੀ ਪਾਰਟੀ ਨੂੰ ਵੀ ਉਡੀਕਣਾ ਜਰੂਰੀ ਸਮਝਿਆ ਸੀ।
ਰੋਂਦੇ
ਭਰਪੂਰ ਨੂੰ ਵੇਖ ਕੇ ਡਾਕਟਰਾਂ ਨੇ ਕਿਹਾ ਸੀ “ਇਹ ਵੇਲਾ ਰੋਣ ਦਾ ਨਹੀਂ ਇਸ ਨੂੰ
ਬਚਾਉਣ ਦਾ ਹੈ”।
ਭਰਪੂਰ ਨੇ ਕਿਹਾ “ਇਸ ਲਈ ਤਾਂ ਮੇਰੀ ਜਾਨ ਵੀ ਹਾਜਰ ਹੈ”।
ਉਸੇ ਵਕਤ
ਪੁਲੀਸ ਦਾ ਬੰਦਾ ਬੋਲਿਆ “ਜੀ ਅਸੀਂ ਬੜੀ ਮੁਸ਼ਕਲ ਨਾਲ ਇਹ ਬੈੱਡ ਤੇ ਕਮਰਾ ਤਾਂ ਲੈ
ਦਿੱਤਾ ਹੈ।ਹੁਣ ਅੱਗੋਂ ਤੁਸੀਂ ਡਾਕਟਰ ਨਾਲ ਗੱਲ ਕਰ ਲਵੋ”।
ਇੱਕ ਡਾਕਟਰ ਨੇ ਦੂਜੇ ਕੋਲ ਦੂਜੇ ਨੇ ਤੀਜੇ ਕੋਲ ਉਸ ਨੂੰ ਭੇਜਿਆ ਤਾਂ ਵੱਡੇ ਡਾਕਟਰ
ਦਾ ਕਹਿਣਾ ਸੀ “ਇਸਦੇ ਬਚਾਅ ਲਈ ਸਾਨੂੰ ਜਾਨ ਨਹੀਂ ਪੈਸਾ ਚਾਹੀਦਾ ਹੈ ਤਾਂ ਅਪਰੇਸ਼ਨ
ਹੋ ਸਕੇਗਾ”।
ਭਰਪੂਰ ਨੇ
ਪਿੰਡੋਂ ਲਿਆਂਦੇ ਸਾਰੇ ਪੈਸੇ ਡਾਕਟਰ ਨੂੰ ਫੜਾ ਦਿੱਤੇ ਕਿ “ਆਹ ਲਉ ਪੰਜ ਸੌ ਰੁਪਈਆ
ਹੈ”।
ਅੱਗੋਂ ਡਾਕਟਰ ਨੇ ਕਿਹਾ “ਮਜ਼ਾਕ ਕਰਦਾ ਏਂ?ਤੇਰੇ ਭਰਾ ਦੀ ਜਾਨ ਜਾ ਰਹੀ ਏ ਤੇ ਤੂੰ
ਉਸ ਨੂੰ ਬਚਾਉਣ ਦੇ ਸਿਰਫ ਪੰਜ ਸੌ ਰੁਪਈਏ ਦੇ ਰਿਹਾ ਏਂ?ਇਸ ਤਾਂ ਅਜੇ ਫੀਸ ਹੈ ਸਾਡੀ
ਮੈ ਡਾਕਟਰ ਸਲੂਜ਼ਾ ਅਤੇ ਸਿੱਧੂ ਨੂੰ ਵੀ ਹਿੱਸਾ ਦੇਣਾ ਹੈ।ਫੇਰ ਦਵਾਈਆਂ ਕਿੱਥੋਂ
ਆਉਣਗੀਆਂ? ਦਵਾਈਆਂ ਅਤੇ ਅਪ੍ਰੇਸ਼ਨ ਬਗੈਰ ਤਾਂ ਤੇਰੇ ਭਰਾ ਦੀ ਜਾਨ ਕਿਸੇ ਵੀ ਹਾਲਤ
ਵਿੱਚ ਬਚ ਨਹੀਂ ਸਕਦੀ।ਅਪ੍ਰੇਸ਼ਨ ਤੇ ਤੀਹ ਹਜ਼ਾਰ ਤੱਕ ਖਰਚਾ ਆ ਸਕਦਾ ਹੈ”।
ਤੇ ਫੇਰ
ਇੱਕ ਢਿੱਡਲ਼ ਜਿਹੇ ਬੰਦੇ ਨੇ ਬੰਦੇ ਭਰਪੂਰ ਦੀ ਬਾਂਹ ਫੜਦੇ ਹੋਏ ਕਿਹਾ, “ਛੋਟੇ ਭਾਈ
ਮੇਰਾ ਨਾਂਉ ਗੁਰਮੀਤ ਸਿੰਘ ਗਰੇਵਾਲ ਹੈ।ਮੈਂ ਗਰੇਵਾਲ ਟ੍ਰਾਂਸਪੋਰਟ ਤੋਂ ਹਾਂ।ਮੇਰੀ
ਹੀ ਗੱਡੀ ਸੀ ਜੋ ਡਰਾਈਵਰ ਚਲਾਉਂਦਾ ਸੀ।ਭਰਾਵਾ ਮੈਨੂੰ ਵੀ ਬਹੁਤ ਦੁੱਖ ਹੈ ਪਰ
ਪ੍ਰਮਾਤਮਾਂ ਨੂੰ ਏਹੋ ਮਨਜ਼ੂਰ ਸੀ ਉਸਦੀ ਕਰਨੀ ਨੂੰ ਕੌਣ ਟਾਲ਼ ਸਕਦਾ ਹੈ।ਅਮਰੀਕਾ
ਤੋਂ ਆਏ ਬੰਦੇ ਨੂੰ ਏਥੇ ਸਕੂਟਰ ਚਲਾਉਣਾ ਹੀ ਨਹੀਂ ਚਾਹੀਦਾ।ਉੱਥੇ ਟ੍ਰੈਫਿਕ ਉਲਟੇ
ਪਾਸੇ ਚੱਲਦਾ ਹੈ।ਡਰਾਈਵਰ ਦੱਸਦਾ ਸੀ ਕਿ ਇਸ ਨੇ ਉਲਟ ਪਾਸੇ ਤੋਂ ਸਕੂਟਰ ਮੂਹਰੇ ਲੈ
ਆਂਦਾ ਉਸ ਨੇ ਬਥੇਰੀ ਬਚਾਉਣ ਦੀ ਕੋਸਿਸ਼ ਕੀਤੀ ਪਰ ਰੱਬ ਦੀ ਕਰਨੀ ਕੌਣ ਟਾਲ਼ ਸਕਦਾ
ਹੈ।ਛੋਟੇ ਭਾਈ ਤੂੰ ਦਿਲ ਨਾਂ ਛੱਡ ਇਹਦਾ ਇਲਾਜ ਕਰਵਾ ਆਹ ਫੜ ਤੀਹ ਹਜ਼ਾਰ ਰੁਪਈਆ।ਤੂੰ
ਸ਼ੁਕਰ ਕਰ ਉੱਤੇ ਟਾਇਰ ਚੜਨੋਂ ਬਚ ਗਏ”।ਉਸ ਨੇ ਨੋਟਾਂ ਦੀ ਗੱਡੀ ਭਰਪੂਰ ਦੇ ਹੱਥ ਦੇ
ਦਿੱਤੀ।
ਉੱਧਰ
ਡਾਕਟਰ ਅਪਰੇਸ਼ਨ ਲਈ ਪੈਸੇ ਮੰਗ ਰਹੇ ਸਨ ਤੇ ਭਰਪੂਰ ਸੋਚ ਰਿਹਾ ਸੀ ਕਿ ਭਰਾ ਦੀ ਜਾਨ
ਬਚਾਉਣੀ ਬਹੁਤ ਜਰੂਰੀ ਹੈ।ਉਹ ਭਰਾ ਜੋ ਛੋਟਾ ਹੁੰਦਾ ਉਸ ਨੂੰ ਮੋਢਿਆਂ ਤੇ ਚੁੱਕ ਕੇ
ਖਿਡਾਉਂਦਾ ਰਿਹਾ ਸੀ।ਉਸ ਕੋਲ ਆਪਣੇ ਕੋਲ ਤਾਂ ਪੈਸੇ ਨਹੀਂ ਸਨ।ਤੇ ਹੋਰ ਰਾਹ ਵੀ ਕੋਈ
ਨਹੀਂ ਸੀ ਉਸ ਨੇ ਪੈਸੇ ਫੜ ਲਏ।ਤਾਂ ਗੁਰਮੀਤ ਫੇਰ ਬੋਲਿਆ “ਮੇਰਾ ਵੱਡਾ ਭਰਾ ਲਛਮਣ
ਸਿੰਘ ਗਰੇਵਾਲ ਐਮ ਐਲ ਏ ਹੈ।ਤੇ ਸਮਰਾਲੇ ਸਾਰੇ ਸ਼ਰਾਬ ਦੇ ਠੇਕੇ ਵੀ ਆਪਣੇ ਹਨ,ਕਿਸੇ
ਵੀ ਮੱਦਦ ਦੀ ਲੋੜ ਪਏ ਤਾਂ ਦੱਸਣਾ”।
ਪੁਲੀਸ
ਵਾਲੇ ਨੇ ਭਰਪੂਰ ਨੂੰ ਪੁੱਛਿਆ “ਨਾ ਹੋਰ ਏਹਦਾ ਏਧਰ ਕੋਈ ਨਹੀ”?
“ਨਹੀਂ ਜੀ
ਅੱਜ ਕੱਲ ਤਾਂ ਮੇਰੇ ਕੋਲ ਹੀ ਰਹਿੰਦਾ ਹੈ।ਇਸਦਾ ਆਪਣਾ ਘਰ ਵੀ ਹੈ।ਤਿੰਨ ਮੁੰਡੇ ਅਤੇ
ਘਰ ਵਾਲੀ ਅਮਰੀਕਾ ਰਹਿੰਦੇ ਹਨ।ਇਸਦੇ ਵੱਡੇ ਮੁੰਡੇ ਨੂੰ ਮੈਂ ਹੁਣੇ ਐੱਸ ਟੀ ਡੀ ਤੋਂ
ਐਕਸੀਡੈਂਟ ਦੀ ਖ਼ਬਰ ਦੇਵਾਂਗਾ ਫੇਰ ਸ਼ਾਇਦ ਉਹ ਆ ਜਾਵੇ”।
ਪੁਲੀਸ ਵਾਲੇ ਨੇ ਫੇਰ ਪੁੱਛਿਆ “ਤੈਨੂੰ ਪੱਕਾ ਪਤਾ ਹੈ ਕਿ ਇਸਦਾ ਮੁੰਡਾ ਆ
ਜਾਵੇਗਾ”?
“ਜੀ ਪੱਕਾ ਪਤਾ ਤਾਂ ਨਹੀਂ ਅਜੇ ਗੱਲ ਕਰਨੀ ਹੈ”?
“ਫੇਰ ਤਾਂ
ਤੇਰੇ ਭਰਾ ਦੀ ਜਾਨ ਚਲੀ ਜਾਵੇਗੀ।ਭਰਾ ਮੁੜਕੇ ਨਹੀਂ ਮਿਲਦੇ ਉਸ ਨੂੰ ਬਚਾ ਲੈ।ਇਲਾਜ
ਲਈ ਤੇਰੇ ਕੋਲ ਪੈਸੇ ਹੈ ਗੇ? ਘੱਟੋ ਘੱਟ ਪੰਜਾਹ ਸੱਠ ਹਜ਼ਾਰ ਰੁਪਈਆ ਲੱਗ ਜਾਵੇਗਾ”।
“ਪੰਜਾਹ
ਸੱਠ ਹਜ਼ਾਰ”। ਬਲਵੀਰ ਦਾ ਸਾਹ ਉਤਾਂਹ ਚੜ ਗਿਆ,ਮੇਰੇ ਕੋਲ ਤਾਂ ਸਿਰਫ ਪੰਜ ਸੌ ਰੁਪਈਆ
ਹੈ ਜਾਂ ਆਹ ਤੀਹ ਹਜ਼ਾਰ ਏਨ੍ਹਾਂ ਨੇ ਦਿੱਤਾ ਹੈ ਜੋ ਉਸੇ ਵਕਤ ਡਾਕਟਰ ਨੇ ਫੜ ਲਿਆ
ਹੈ।ਅਜੇ ਦਸ ਹਜ਼ਾਰ ਹੋਰ ਮੰਗਦੇ ਹਨ।ਫੇਰ ਰੋਜ ਦੀਆਂ ਦਵਾਈਆਂ।ਮੈਨੂੰ ਤਾਂ ਸਮਝ ਨਹੀਂ
ਆਉਂਦੀ ਮੈਂ ਕੀ ਕਰਾਂ?ਜੇ ਮੇਰੇ ਵਸ ਹੋਵੇ ਤਾਂ ਇੱਕ ਇੱਕ ਕਤਰਾ ਖ਼ੂਨ ਦਾ ਦੇ
ਦੇਵਾਂ”।ਭਰਪੂਰ ਦਾ ਰੋਣ ਨਿੱਕਲ ਗਿਆ।
ਪੁਲੀਸ
ਵਾਲਾ ਬੋਲਿਆ “ਰੋਣ ਨਾਲ ਕੁੱਝ ਨਹੀਂ ਬਣਨਾ।ਤੀਹ ਹਜ਼ਾਰ ਤਾਂ ਤੂੰ ਦੇ ਹੀ ਦਿੱਤਾ
ਹੈ।ਮੈਂ ਗੱਲ ਕਰਦਾ ਹਾਂ ਅੱਜ ਦਾ ਕੰਮ ਸਰ ਜਾਵੇਗਾ।ਅਜੇ ਪੁਲੀਸ ਨੇ ਵੀ ਕੁੱਝ ਨਹੀਂ
ਲਿਆ।ਤੈਨੂੰ ਕੱਲ ਨੂੰ ਥਾਣੇ ਆਉਣਾ ਪੈਣਾ ਹੈ।ਮੈਂ ਉਨ੍ਹਾਂ ਨਾਲ ਗੱਲ ਕਰਕੇ ਵੇਖ
ਲਵਾਂਗਾ।ਜਦ ਨੂੰ ਤਾਂ ਫੇਰ ਸ਼ਾਇਦ ਇਸ ਦਾ ਮੁੰਡਾ ਆ ਹੀ ਜਾਵੇ”।
ਭਰਪੂਰ
‘ਅੱਛਾ ਜੀ’ ਕਹਿੰਦਾ ਹੋਇਆ ਇੱਕ ਨੁੱਕਰ ਵਿੱਚ ਲੱਗ ਕੇ ਬਹਿ ਗਿਆ।ਫੇਰ ਪੁਲੀਸ ਵਾਲਾ
ਦੂਸਰੇ ਬੰਦੇ ਕੋਲ ਜਾ ਖੜਿਆ।ਉਹ ਬਾਹਾਂ ਹਿਲਾ ਕੇ ਕੁੱਝ ਕਹਿ ਰਿਹਾ ਸੀ ਜੋ ਭਰਪੂਰ
ਨੂੰ ਸੁਣਾਈ ਨਾ ਦਿੱਤਾ।ਫੇਰ ਪੁਲੀਸ ਵਾਲਾ ਅਤੇ ਗੁਰਮੀਤ ਸਿੰਘ ਕਿਸੇ ਪਾਸੇ ਗਏ ਜਦੋਂ
ਵਾਪਸ ਆਏ ਤਾਂ ਦੋਨੋਂ ਖੁਸ਼ ਸਨ।ਪੁਲੀਸ ਵਾਲਾ ਵਾਰ ਵਾਰ ਆਪਣੀ ਜੇਬ ਨੂੰ ਟੋਹ ਰਿਹਾ
ਸੀ।
ਉਸ ਤੋਂ
ਬਾਅਦ ਜਗਤ ਸਿੰਘ ਨੂੰ ਅਪਰੇਸ਼ਨ ਲਈ ਲਿਜਾਇਆ ਗਿਆ।ਡਾਕਟਰ ਭੱਜ ਨੱਸ ਕਰਦੇ ਰਹੇ।ਭਰਪੂਰ
ਨੂੰ ਵਾਰ ਵਾਰ ਦਵਾਈਆਂ ਲਿਆਉਣ ਲਈ ਸ਼ਹਿਰ ਭਜਾਉਂਦੇ ਰਹੇ।ਅਪਰੇਸ਼ਨ ਹੋ ਗਿਆ
ਸੀ।ਟੁੱਟੀਆਂ ਪੱਸਲ਼ੀਆਂ ਅਤੇ ਟੁੱਟੀ ਲੱਤ ਬੰਨ ਦਿੱਤੇ ਗਏ ਸਨ।ਪਰ ਅਜੇ ਵੀ ਜਗਤ ਸਿੰਘ
ਨੂੰ ਹੋਸ਼ ਨਹੀਂ ਸੀ ਆਈ।
ਡਾਕਟਰ
ਭਰਪੂਰ ਸਿੰਘ ਤੇ ਅਹਿਸਾਨ ਜਤਾ ਰਹੇ ਸਨ।ਤੇ ਆਖ ਰਹੇ ਸਨ ਕਿ “ਅੱਜ ਦਾ ਕੰਮ ਤਾਂ ਚੱਲ
ਗਿਅ ਕੱਲ ਨੂੰ ਦਵਾਈਆਂ ਲਈ ਤੇ ਅਗਲੇ ਇਲਾਜ ਲਈ ਤੈਨੂੰ ਹੋਰ ਪੈਸੇ ਜਮਾਂ ਕਰਵਾਉਣੇ
ਪੈਣਗੇ।ਹਰ ਰੋਜ ਸਵੇਰੇ ਚਾਰ ਹਜ਼ਾਰ ਰੁਪਈਆ।ਕੱਲ ਨੂੰ ਅੱਠ ਹਜ਼ਾਰ ਕਰਵਾਉਣਾ ਪਵੇਗਾ
ਕਿਉਕਿ ਮਰੀਜ ਲਈ ਸਪੈਸ਼ਲ ਬੈੱਡ ਦੀ ਜਰੂਰਤ ਹੈ।ਇਹ ਬੈੱਡ ਉੱਥੋਂ ਹੀ ਮਿਲੇਗਾ ਜਿਹੜੇ
ਮੈਡੀਕਲ ਸੈਂਟਰ ਤੋਂ ਤੁਹਾਨੂੰ ਦਵਾਈਆਂ ਲਿਆਉਣ ਭੇਜੀਦਾ ਹੈ”।
ਭਰਪੂਰ
ਸਿੰਘ ਡਾਕਟਰ ਦੀ ਗੱਲ ਸੁਣ ਕੇ ਸੁੰਨ ਹੋ ਗਿਆ।ਫੇਰ ਉਹ ਐੱਸ ਟੀ ਡੀ ਤੋਂ ਆਪਣੇ
ਭਤੀਜਿਆਂ ਨੂੰ ਅਮਰੀਕਾ ਫੋਨ ਕਰਨ ਭੱਜਿਆ।ਉਸਦੀ ਜੇਬ ਵਿੱਚ ਤਾਂ ਦਵਾਈਆਂ ਲਿਆ ਕੇ
ਸਿਰਫ ਇੱਕ ਸੌ ਚਾਲੀ ਰੁਪਏ ਬਚੇ ਸਨ ਜਦੋਂ ਕਿ ਐੱਸ ਟੀ ਡੀ ਵਾਲੇ ਇੱਕ ਮਿੰਟ ਦੇ ਅੱਸੀ
ਰੁਪਏ ਲੈਂਦੇ ਸਨ।ਡੇਢ ਮਿੰਟ ਵਿੱਚ ਕੀ ਗੱਲ ਹੋਵੇਗੀ ਉਹ ਸੋਚਦਾ ਜਾ ਰਿਹਾ ਸੀ।ਹਸਪਤਾਲ
ਦੇ ਸਾਹਮਣੇ ਬਣੇ ਪੀ: ਸੀ: ਉ: ਦੇ ਅੰਦਰ ਦਾਖਲ ਹੋਣ ਸਾਰ ਉਸ ਨੇ ਉੱਥੇ ਬੈਠੇ ਮੁੰਡੇ
ਨੂੰ ਕਿਹਾ “ਅਮਰੀਕਾ ਫੋਨ ਲਾਉਣਾ ਹੈ ਬੱਸ ਸਿਰਫ ਇੱਕ ਮਿੰਟ ਹੀ ਲਾਉਣਾ ਹੈ ਜਦੋਂ
ਮਿੰਟ ਪੂਰਾ ਹੋ ਗਿਆ ਮੈਨੂੰ ਦੱਸ ਦਈਂ”।
ਮੁੰਡੇ ਨੇ
“ਚੰਗਾ’ ਕਹਿੰਦੇ ਹੋਏ ਉਸ ਤੋਂ ਲੈ ਕੇ ਲਿਖਿਆ ਨੰਬਰ ਲਾਇਆ।ਨੰਬਰ ਲਾਉਣ ਸਾਰ ਫੋਨ ਮਿਲ
ਗਿਆ ਤੇ ਚੁੱਕਿਆ ਵੀ ਸਤਿੰਦਰ ਨੇ।ਤੇ ਭਰਪੂਰ ਨੇ ਇੱਕੋ ਸਾਹੇ ਗੱਲ ਨਬੇੜਨੀ ਚਾਹੀ
‘ਜਗਤੇ ਬਾਈ ਦਾ ਅੱਜ ਸਵੇਰੇ ਐਂਕਸੀਡੈਂਟ ਹੋ ਗਿਆ ਸੱਟਾਂ ਕਾਫੀ ਹਨ,ਉਹ ਸੀ ਐੱਮ ਸੀ
ਹਸਪਤਾਲ ਵਿੱਚ ਹੈ।ਅਪਰੇਸ਼ਨ ਹੋ ਗਿਆ ਜੇ ਤੁਹਾਡੇ ‘ਚੋਂ ਕੋਈ ਆ ਸਕਦਾ ਹੈ ਤਾਂ ਆ
ਜਾਵੋ ਨਹੀਂ ਤਾਂ ਆਪਣੀ ਮੰਮੀ ਨੂੰ ਜਰੂਰ ਭੇਜ ਦੇਵੋਂ”।ਸਤਿੰਦਰ ਅੱਗੋਂ ਕੋਈ ਸਵਾਲ
ਪੁੱਛਦਾ ਤਾਂ ਇੱਕ ਮਿੰਟ ਹੋ ਗਿਆ ਭਰਪੂਰ ਨੂੰ ਆਪਣੀ ਜੇਬ ਦਾ ਖਿ਼ਆਲ ਆਇਆ ਤੇ ਉਸ ਨੇ
ਵਿੱਚੋਂ ਹੀ ਫੋਨ ਕੱਟ ਦਿੱਤਾ।ਸਤਿੰਦਰ ਉਧਰੋਂ ਹੈਲੋ ਹੈਲੋ ਕਰਦਾ ਹੀ ਰਹਿ ਗਿਆ।
ਭਰਪੂਰ
ਮੁੜਕੇ ਫੇਰ ਹਸਪਤਾਲ ਆ ਗਿਆ।ਉਸਨੇ ਦੇਖਿਆ ਉੱਥੇ ਪਿੰਡਦੇ ਕੁੱਝ ਹੋਰ ਲੋਕ ਵੀ ਆ ਗਏ
ਸਨ ਖ਼ਬਰ ਲੈਣ ਨੂੰ।ਪੁਲਿਸ ਵਾਲਾ ਅਤੇ ਟ੍ਰਾਂਸਪੋਟਰ ਸਾਹਮਣੇ ਖੜੇ ਹਸ ਰਹੇ ਸਨ।
ਉਨ੍ਹਾਂ ਭਰਪੂਰ ਨੂੰ ਕੁੱਝ ਕਹਿਣ ਲਈ ਕੋਲ ਬੁਲਾਇਆ ਦੋਹਾਂ ਕੋਲੋਂ ਸ਼ਰਾਬ ਦੀ ਬੂ ਆ
ਰਹੀ ਸੀ।ਉਨ੍ਹਾਂ ਭਰਪੂਰ ਨੂੰ ਵੀ ਸੁਲਾ ਮਾਰੀ ਕਿ ਇਸ ਦੁੱਖ ਦੇ ਸਮੇਂ ਵਿੱਚ ਘੁੱਟ ਲਾ
ਲਵੇ। ਦਿਲ ਖੜ ਜਾਵੇਗਾ।ਪਰ ਭਰਾ ਦੀ ਹਾਲਤ ਵੇਖ ਕੇ ਦਿਲ ਤਾਂ ਉਸਦਾ ਡੁੱਬਦਾ ਜਾ ਰਿਹਾ
ਸੀ।ਪੁਲੀਸ ਵਾਲੇ ਨੇ ਕੁੱਝ ਸਖਤੀ ਨਾਲ ਕੱਲ ਨੂੰ ਉਸ ਨੂੰ ਥਾਣੇ ਆਉਣ ਦਾ ਹੁਕਮ
ਚਾੜਿਆ।ਸ਼ਾਮ ਢਲ ਗਈ ਸੀ।ਆਖਰੀ ਬੱਸ ਪਿੰਡ ਨੂੰ ਜਾਣ ਵਿੱਚ ਥੋੜਾ ਸਮਾਂ ਰਹਿ ਗਿਆ
ਸੀ।ਉਸ ਨੇ ਕਿਸੇ ਰਿਸ਼ਤੇਦਾਰ ਨੂੰ ਰਾਤ ਨੂੰ ਹਸਪਤਾਲ ਰਹਿਣ ਲਈ ਮਨਾਇਆ ਤੇ ਬੇਹੋਸ਼
ਪਏ ਭਰਾ ਨੂੰ ਛੱਡ ਕੱਲ ਦਾ ਇੰਤਜਾਮ ਕਰਨ ਲਈ ਉਹ ਪਿੰਡ ਜਾਣ ਵਾਲੀ ਬੱਸ ਫੜਨ ਲਈ ਦੌੜ
ਪਿਆ।ਘਰ ਜਾਕੇ ਉਸਨੇ ਸਾਰੀ ਕਹਾਣੀ ਪਤਨੀ ਨੂੰ ਦੱਸੀ।ਖ਼ਬਰ ਲੈਣ ਵਾਲੇ ਲੋਕ ਦੇਰ ਰਾਤ
ਤੱਕ ਉਨਾਂ ਦੇ ਘਰ ਆਂਉਦੇ ਰਹੇ।ਸਾਰੀ ਰਾਤ ਉਸ ਨੂੰ ਨੀਂਦ ਨਹੀਂ ਸੀ ਪਈ।ਰਾਤ ਨੂੰ
ਭੈੜੇ ਭੈੜੇ ਸੁਪਨੇ ਆਏ ਜਿਵੇਂ ਉਨ੍ਹਾਂ ਦੇ ਆਪਣੇ ਪਿੰਡ ਦੀ ਨਹਿਰ ਵਿੱਚ ਪਾਣੀ ਨਹੀਂ
ਸਗੋਂ ਖ਼ੂਨ ਵਗ ਰਿਹਾ ਹੋਵੇ।ਕਦੇ ਇਹ ਖ਼ੂਨ ਅੱਗ ਵਿੱਚ ਬਦਲ ਜਾਂਦਾ ਤੇ ਉਹ ਉਭੜਵਾਹੇ
ਫੇਰ ਉੱਠ ਖੜਦਾ।
ਦੂਸਰੇ ਦਿਨ
ਉਹ ਹਸਪਤਾਲ ਜਾਣ ਤੋਂ ਪਹਿਲਾਂ ਥਾਣੇ ਪਹੁੰਚਿਆ।ਅੱਗੋਂ ਥਾਣੇਦਾਰ ਬਘੇਲ ਸਿੰਘ ਦੇ ਨਾਲ
ਗੁਰਮੀਤ ਸਿੰਘ ਵੀ ਬੈਠਾ ਸੀ। ਥਾਣੇਦਾਰ ਨੇ ਉਸ ਨੂੰ
ਬੈਠਣ ਲਈ ਕਿਹਾ ਤੇ ਪੁੱਛਿਆ ਕਿ “ਕੱਲ ਤੂੰ ਹੌਲਦਾਰ ਸੁੱਚਾ ਸਿੰਘ ਦੇ ਸਾਹਮਣੇ ਸਰਦਾਰ
ਤੋਂ ਤੀਹ ਹਜ਼ਾਰ ਰੁਪਈਆ ਆਪਣੇ ਭਰਾ ਦਾ ਇਲਾਜ ਲਈ ਫੜਿਆ ਸੀ”?
“ਹਾਂ ਜੀ
ਸਾਹਿਬ”। ਭਰਪੂਰ ਨੇ ਡਰੀ ਜਿਹੀ ਆਵਾਜ ਵਿੱਚ ਕਿਹਾ।
ਥਾਣੇਦਾਰ ਅੱਗੋਂ ਫੇਰ ਬੋਲਿਆ, “ਤੇਰਾ ਏਨਾਂ ਦੇ ਖਿਲਾਫ ਕੋਈ ਕਿਸਮ ਦੀ ਰਪਟ ਲਿਖਾਉਣ
ਦਾ ਜੇ ਇਰਾਦਾ ਹੈ ਤਾਂ ਏਨ੍ਹਾਂ ਦਾ ਪੈਸਾ ਹੁਣੇ ਮੋੜਦੇ।''
ਜੇ ਨਹੀਂ ਤਾਂ ਤਾਂ ਤੇਰੇ ਭਰਾ ਦੇ ਇਲਾਜ ਲਈ ਹੋਰ ਵੀ ਪੈਸੇ ਮੈਂ ਦੁਆ
ਦੇਵਾਂਗਾ।ਪਰ ਤੈਨੂੰ ਰਾਜੀਨਾਮਾ ਕਰਨਾ ਪਊ ਕਿ ਤੂੰ ਮੁੜਕੇ ਏਨ੍ਹਾਂ ਤੇ ਕਿਸੇ ਕਿਸਮ
ਦਾ ਕੋਈ ਵੀ ਕੇਸ ਨਹੀਂ ਕਰੇਗਾ।ਤੇ ਇਹ ਗੱਲ ਖਤਮ ਹੋਈ ਸਮਝੀਂ”।
“ਜੀ ਮੇਰੇ
ਕੋਲ ਤਾਂ ਇਸ ਵਕਤ ਪੈਸੇ ਹੈ ਨਹੀਂ?”
“ਤੇਰੇ ਭਰਾ ਦੇ ਇਲਾਜ ਲਈ ਹਨ ਤੇਰੇ ਪਾਸ.....”।ਥਾਣੇਦਾਰ ਉੱਚੀ ਸੁਰ ਵਿੱਚ ਕੜਕਿਆ।
“ਜੀ
ਨਹੀਂ”।“ਫੇਰ ਉਹਨੂੰ ਕਿਵੇਂ ਬਚਾ ਲਵੇਗਾਂ? ਦੇਖ ਮੈਂ ਦੌਰੇ ਤੇ ਜਾਣਾ ਹੈ ਜਾਂ ਤਾਂ
ਏਨ੍ਹਾਂ ਦੇ ਪੈਸੇ ਵਾਪਿਸ ਕਰ ਦੇ ਤੇ ਜਾਂ ਫੇਰ ਰਾਜੀਨਾਮਾਂ ਕਰ ਲੈ”। ਥਾਣੇਦਾਰ ਨੇ
ਗੱਲ ਨਬੇੜੀ।ਅਜੇ ਉਹ ਬਹੁਤ ਚੰਗੀ ਭਾਸ਼ਾ ਵਰਤ ਰਿਹਾ ਸੀ ਆਮ ਬੰਦੇ ਵਰਗੀ ਭਾਸ਼ਾ ਜੋ
ਕਦੀ ਵੀ ਪੁਲਿਸ ਦੀ ਭਾਸ਼ਾ ਵਿੱਚ ਤਬਦੀਲ ਹੋ ਸਕਦੀ ਸੀ।
ਭਰਪੂਰ
ਸੋਚੀਂ ਪੈ ਗਿਆ।ਉਸਦੇ ਕੋਲ ਤਾਂ ਦੋ ਸੌ ਰੁਪਈਆ ਸੀ ਤੇ ਘਰ ਵੀ ਕੋਈ ਪੈਸਾ ਨਹੀਂ
ਸੀ।ਆਈ ਚਲਾਈ ਹੀ ਸੀ।ਛੋਟੀ ਕਿਰਸਾਨੀ ਹੋਣ ਕਰਕੇ ਆੜਤੀਏ ਤੋਂ ਵੀ ਕੋਈ ਉਮੀਦ ਨਹੀਂ ਸੀ
ਰੱਖੀ ਜਾ ਸਕਦੀ।ਉਸਨੇ ਸਾਰੇ ਸਕੇ ਸਬੰਧੀਆਂ ਤੇ ਨਿਗਾ ਘੁਮਾਈ ਕਿਤੋਂ ਵੀ ਆਸ ਦੀ ਕਿਰਨ
ਦਿਖਾਈ ਨਾਂ ਦਿੱਤੀ।ਕੌਣ ਸੀ ਜੋ ਉਸ ਨੂੰ ਇੱਕ ਦਮ ਪੰਜਾਹ ਹਜ਼ਾਰ ਰੁਪਈਆ ਉਧਾਰ ਦੇ
ਦਿੰਦਾ?ਆਪਣੇ ਭਤੀਜੇ ਨੂੰ ਅਮਰੀਕਾ ਫੋਨ ਕਰਕੇ ਉਹ ਕਿਵੇਂ ਆਖਦਾ ਕਿ ਆਪਣੇ ਪਿਉ ਦੇ
ਇਲਾਜ ਲਈ ਖਰਚਾ ਭੇਜੋ।ਆਖਰ ਉਸਦਾ ਵੀ ਤਾਂ ਉਹ ਭਰਾ ਸੀ।ਫਿਰ ਉਸ ਨੂੰ ਜਾਪਿਆ ਜਿਵੇਂ
ਉਸਦੀ ਮਰੀ ਹੋਈ ਮਾਂ ਉਸ ਨੂੰ ਆਖ ਰਹੀ ਸੀ ‘ ਵੇ ਭੂਰਿਆ ਬਚਾ ਲੈ ਮੇਰੇ ਪੁੱਤ ਨੂੰ ਵੇ
ਬਚਾ ਲੈ ਆਪਣੇ ਭਰਾ ਨੂੰ’ ਭਰਾ ਜੋ ਹਸਪਤਾਲ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ
ਸੀ।ਜਿੱਥੇ ਡਾਕਟਰ ਅਗਲੇ ਇਲਾਜ ਲਈ ਅਤੇ ਦਵਾਈਆਂ ਲਈ ਪੈਸੇ ਉਡੀਕ ਰਹੇ ਹੋਣਗੇ।ਏਥੇ ਹਰ
ਕਿਸੇ ਦਾ ਧਰਮ ਪੈਸਾ ਜਾਂ ਰਿਸ਼ਵਤ ਬਣ ਗਿਆ ਸੀ।ਥਾਣੇ ਤੇ ਹਸਪਤਾਲ ਜਿਵੇਂ ਲੋਕਾਂ ਦੀ
ਮੱਦਦ ਲਈ ਨਹੀਂ ਸਗੋਂ ਉਨ੍ਹਾਂ ਦਾ ਝਟਕਾ ਕਰਨ ਲਈ ਬਣਾਏ ਕਸਾਈਖਾਨੇ ਹੋਣ।ਉਸ ਨੇ
ਪਹਿਲੀ ਵਾਰੀ ਆਪਣੇ ਮੁਲਕ ਨੂੰ ਗਾਲ ਕੱਢੀ ਜਿੱਥੇ ਹਰ ਬੰਦਾ ਜੇਬ ਕਤਰਾ ਸੀ।ਉਸ ਨੂੰ
ਮੁੰਡਿਆ ਦਾ ਬਾਹਰਲੇ ਮੁਲਕਾਂ ਨੂੰ ਭੱਜਣਾ ਜਾਇਜ ਜਾਪਿਆ।ਤਾਂ ਹੀ ਤਾਂ ਉਸਦੇ ਭਰਾ ਨੇ
ਵੱਡਾ ਮੁੰਡਾ ਅਮਰੀਕਾ ਕੱਢਣ ਲਈ ਆਪਣੀ ਜ਼ਮੀਨ ਗਹਿਣੇ ਧਰ ਦਿੱਤੀ ਸੀ।
ਥਾਣੇਦਾਰ
ਨੇ ਭਾਸ਼ਾ ਨੂੰ ਪੁਲਿਸ ਦੀ ਪੁੱਠ ਚੜਾਈ, “ਉਏ ਬੈਠਾ ਕੀ ਆਪਣੀ ਮਾਂ ਬਾਰੇ ਸੋਚਦਾ ਏਂ
ਉਧਰ ਤੇਰਾ ਪਿਉ ਮਰਨ ਡਿਹਾ ਏ ਤੇ ਤੂੰ ਸਾਡਾ ਵਕਤ ਬਰਬਾਦ ਕਰਦਾ ਏਂ ...? ਸਾਲ਼ਾ
ਦਿਹਾੜੀਦਾਰ ਜਿਹਾ।ਇੱਕ ਤਾਂ ਤੇਰੇ ਭਰਾ ਨੇ ਸਰਦਾਰ ਦੀ ਗੱਡੀ ਭੰਨ ਦਿੱਤੀ। ਅੰਨੇ
ਹੋਕੇ ਤੁਸੀਂ ਸੜਕਾਂ ਤੇ ਤੁਰੇ ਫਿਰਦੇ ਉਂਅ ਤੇ ਉੱਪਰੋ ਤੂੰ ਤੀਹ ਹਜ਼ਾਰ ਰੁਪਈਆ ਲੈ
ਲਿਆ।ਅਜੇ ਨਖਰੇ ਕਰਦਾ ਏਂ।ਮੈਂ ਤਾਂ ਸਰਦਾਰ ਦੇ ਮੂੰਹ ਨੂੰ ਚੁੱਪ ਆਂ ਨਹੀਂ ਤਾਂ ਕਦੋਂ
ਦਾ ਲੰਮਾ ਪਾਇਆ ਹੋਣਾ ਸੀ।ਜਲਦੀ ਫੈਸਲਾ ਦੱਸ। ਜਾਂ ਪੈਸੇ ਫੜਾ ਤੇ ਜਾਂ ਰਾਜੀਨਾਮਾ
ਕਰ”।ਉਸ ਨੇ ਮੋਟੇ ਢਿੱਡ ਨੂੰ ਕਈ ਪਲੋਸਿਆ।
ਭਰਪੂਰ ਨੇ
ਸੋਚਿਆ ਜੇ ਮੈਂ ਪੈਸੇ ਨਾਂ ਲੲ,ੇ ਕੇਸ ਤਾਂ ਏਨ੍ਹਾਂ ਟ੍ਰਾਂਸਪੋਟਰਾਂ ਨੇ ਫੇਰ ਵੀ
ਪੈਸੇ ਦੇ ਜੋਰ ਨਾਲ ਨਹੀਂ ਹੋਣ ਦੇਣਾ।ਜੇ ਮੈਂ ਪੈਸੇ ਨਹੀਂ ਲੈਂਦਾ ਤਾਂ ਮੇਰਾ ਭਰਾ
ਇਲਾਜ ਵਲੋਂ ਮਰ ਜਾਵੇਗਾ।ਉਸਦਾ ਰੋਣ ਨਿੱਕਲ ਗਿਆ।ਉਸਨੇ ਥਾਣੇਦਾਰ ਨੂੰ ਰਾਜੀਨਾਮੇਂ ਲਈ
ਹਾਂ ਕਰ ਦਿੱਤੀ।
ਥਾਣੇਦਾਰ
ਦੇ ਚਿਹਰੇ ਤੇ ਮੁਸਕਰਾਹਟ ਦੌੜੀ।ਉਸ ਨੇ ਕਿਹਾ “ਉਏ ਮੁਨਸ਼ੀ ਲਿਆ ਪੇਪਰ ਤੇ ਕਰਾ
ਦਸਤਖ਼ਤ”।ਮੁਨਸ਼ੀ ਨੇ ਪੰਜ ਛੇ ਸਾਫ ਪੇਪਰਾਂ ਦੇ ਥੱਲੇ ਉਸਦੇ ਸਾਈਨ ਕਰਵਾ ਲਏ।ਤੇ ਉਸ
ਨੂੰ ਬਾਹਰ ਬੈਠਣ ਲਈ ਕਿਹਾ।ਕਿ ਰਾਜੀਨਾਮੇ ਦੀ ਕਾਪੀ ਲੈ ਕੇ ਜਾਵੇ।ਤੇ ਫੇਰ ਘੰਟੇ ਕੁ
ਬਾਅਦ ਮੁਨਸ਼ੀ ਇੱਕ ਪਰਚਾ ਲੈ ਕੇ ਆਇਆ, ਜਿਸ ਤੇ ਇਹ ਸਾਰੀ ਕਹਾਣੀ ਬਣਾ ਕੇ ਲਿਖੀ ਹੋਈ
ਸੀ।ਕਿ ‘ਪਹਿਲਾਂ ਮੇਰੇ ਭਰਾ ਨੇ ਸ਼ਰਾਬ ਪੀਤੀ ਉਸ ਵਕਤ ਮੈਂ ਵੀ ਨਾਲ ਸੀ।ਉਹ ਪੂਰਾ
ਸ਼ਰਾਬੀ ਸੀ।ਫੇਰ ਉਸ ਨੂੰ ਆਪਣੀ ਰੀਟਾਰਿਮੈਂਟ ਨਾਲ ਸਬੰਧਤ ਲੁਧਿਆਣੇ ਕੋਈ ਕੰਮ
ਸੀ।ਮੈਂ ਉਸ ਨੂੰ ਸ਼ਰਾਬੀ ਹੋਣ ਕਰਕੇ,ਜਾਣੋਂ ਰੋਕਿਆ ਵੀ ਸੀ ਪਰ ਉਹ ਨਾ ਮੰਨਿਆ।ਮੈਂ
ਬੱਸ ਚੜ ਕੇ ਪਿੰਡ ਨੂੰ ਚਲਾ ਗਿਆ।ਤੇ ਬਾਅਦ ਵਿੱਚ ਇਹ ਹਾਦਸਾ ਹੋ ਗਿਆ।ਗੱਡੀ ਦੇ
ਡਰਾਈਵਰ ਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਮੇਰੇ ਭਰਾ ਦਾ ਹੀ ਸੀ।ਮੈਂ ਉਸਦੇ ਇਲਾਜ ਲਈ
ਸੱਠ ਹਜ਼ਾਰ ਰੁਪਈਆ ਵਸੂਲਿਆ ਹੈ।ਮੈਂ ਜਗਤ ਸਿੰਘ ਦਾ ਸਕਾ ਭਰਾ ਭਰਪੂਰ ਸਿੰਘ ਇਹ
ਰਾਜੀਨਾਮਾ ਕਰਦਾ ਹਾਂ ਕਿ ਭਵਿੱਖ ਵਿੱਚ ਮੈਂ ਸਰਦਾਰ ਗੁਰਮੀਤ ਸਿੰਘ ਦੇ ਖਿਲਾਫ ਕੋਈ
ਕਿਸੇ ਵੀ ਕਿਸਮ ਦਾ ਦੀਵਾਨੀ ਜਾਂ ਫੌਜਦਾਰੀ ਕੇਸ ਦਾਇਰ ਨਹੀਂ ਕਰਾਂਗਾ’।ਜਿਸ ਦੇ ਥੱਲੇ
ਉਸਨੇ ਦਸਤਖ਼ਤ ਕਰਨੇ ਸਨ।
ਉਸ ਨੇ
ਫੈਸਲਾ ਪੜ੍ਹਨ ਸਾਰ ਕਿਹਾ “ਆ ਲਫਜ ਤਾਂ ਮੈਂ ਕਹੇ ਹੀ ਨਹੀਂ”? ਤਾਂ ਥਾਣੇਦਾਰ ਬੋਲਿਆ
“ਥੱਲੇ ਸਾਈਨ ਕਰ ਬਹੁਤਾ ਚਲਾਕ ਨਾ ਬਣ।ਤੇ ਆਹ ਫੜ ਤੀਹ ਹਜ਼ਾਰ ਰੁਪਈਆ ਹੋਰ ਇਦੇ ‘ਚ
ਪੰਜ ਸੌ ਘੱਟ ਹੈ। ਸਾਡੀ ਫੀਸ... ਇਨ੍ਹਾ ਨਾਲ ਤਾਂ ਇੱਕ ਬੋਤਲ ਤੇ ਕੁੱਕੜ ਵੀ ਨਹੀਂ
ਆਉਣਾ”।
ਮਰ ਰਹੇ
ਭਰਾ ਦੀ ਜ਼ਿੰਦਗੀ ਬਚਾਉਣ ਖਾਤਰ ਜਦੋਂ ਉਸ ਨੂੰ ਸਾਈਨ
ਕਰਨੇ ਹੀ ਪਏ ਤਾਂ ਖੁਸ਼ ਹੁੰਦੇ ਥਾਣੇਦਾਰ ਨੇ ਕਿਹਾ “ਹੁਣ ਤੂੰ ਜਾ ਸਕਦਾ ਏਂ”।ਤੇ ਉਹ
ਮਰੀਅਲ ਜਿਹੀ ਸੂਰਤ ਲੈਕੇ ਥਾਣੇ ਚੋਂ ਬਾਹਰ ਆ ਗਿਆ ਸੀ।ਜੇਬ ਵਿੱਚ ਪਾਏ ਪੇਪਰ ਨੂੰ ਉਹ
ਵਾਰ ਵਾਰ ਟੋਹ ਰਿਹਾ ਸੀ ਜਿਵੇਂ ਉਸ ਕੋਲ ਕੋਈ ਨਜ਼ਾਇਜ ਅਸਲਾ ਹੋਵੇ।ਉਸਨੇ ਪਤਾ ਨਹੀਂ
ਆਪਣੇ ਭਰਾ ਨਾਲ ਵਿਸ਼ਵਾਸ਼ ਘਾਤ ਕੀਤਾ ਸੀ ਜਾਂ ਉਸ ਦੀ ਜਾਨ ਬਚਾਉਣ ਲਈ ਆਪਣੇ ਕਿਰਦਾਰ
ਦੀ ਕੁਰਬਾਨੀ ਦਿੱਤੀ ਸੀ।ਉਸ ਨੂੰ ਪਤਾ ਸੀ ਕਿ ਹੁਣ ਗੁਰਮੀਤ ਸਿੰਘ ਵਲੋਂ ਪੁਲੀਸ ਨੂੰ
ਪੈਸੇ ਦੇਣ ਤੋਂ ਇਲਾਵਾ ਸ਼ਰਾਬ ਤੇ ਭੁੰਨੇ ਮੁਰਗਿ਼ਆਂ ਨਾਲ ਸੇਵਾ ਕੀਤੀ
ਜਾਵੇਗੀ।ਕਿਉਂਕਿ ਉਸ ਨੂੰ ਵੀ ਪੁਲੀਸ ਨੇ ਕੋਰਟ ਕਚਹਿਰੀਆਂ ਦੇ ਚੱਕਰ ‘ਚੋਂ ਬਚਾ ਲਿਆ
ਸੀ।ਨਹੀਂ ਉਨ੍ਹਾਂ ਦਾ ਬਹੁਤ ਖਰਚ ਆ ਸਕਦਾ ਸੀ ਖੱਜਲ ਖੁਆਰੀ ਵਾਧੂ ਦੀ।ਪੁਲੀਸ ਦੇ ਇੱਕ
ਸਿਪਾਹੀ ਨੇ ਉਸ ਨੂੰ ਵੀ ਸੁਲਾ ਮਾਰੀ ਸੀ ਕਿ ਰਾਜੀਨਾਮਾ ਹੋਇਆ ਹੈ ਆ ਬਹਿ ਕੇ ਲਾਉਂਦੇ
ਹਾਂ।ਪਰ ਉਹ ਕਿੱਥੇ ਰੁਕ ਸਕਦਾ ਸੀ ਤੇ ਸ਼ਰਾਬ ਉਸਦੇ ਸੰਘੋਂ ਕਿਵੇਂ ਲੰਘ ਸਕਦੀ ਸੀ।
ਉਹ ਹਸਪਤਾਲ
ਵਿੱਚ ਪਹੁੰਚਿਆ ਤਾਂ ਉੱਥੇ ਖ਼ਬਰ ਲੈਣ ਵਾਲਿਆਂ ਦਾ ਤਾਂਤਾ ਜਿਹਾ ਜੁੜਿਆ ਹੋਇਆ
ਸੀ।ਸਾਰੇ ਭਰਪੂਰ ਨੂੰ ਉਡੀਕ ਰਹੇ ਸਨ।ਨਾਲਦੇ ਮਾਸਟਰ ਰਿਸ਼ਤੇਦਾਰ ਅਤੇ ਸਕੇ ਸਬੰਧੀ
ਜਗਤ ਸਿੰਘ ਦੇ ਸੁਭਾਅ ਦੀਆਂ ਤਾਰੀਫਾਂ ਕਰ ਰਹੇ ਸਨ।ਕਈ ਨਾਲਦੇ ਮਾਸਟਰ,ਉਨ੍ਹਾਂ ਦੇ
ਪੁਰਾਣੇ ਵਿਦਿਆਰਥੀ ਅਤੇ ਪਿੰਡ ਵਾਲੇ ਆਖ ਰਹੇ ਸਨ ਕਿ “ਪੈਸੇ ਜਿੰਨੇ ਮਰਜੀ ਲੱਗਦੇ ਨੇ
ਪਰਵਾਹ ਨਾ ਕਰ ਸਾਨੂੰ ਦੱਸ ਪਰ ਮਾਸਟਰ ਜੀ ਠੀਕ ਹੋਣੇ ਚਾਹੀਦੇ ਨੇ”।ਉਦੋਂ ਭਰਪੂਰ
ਸਿੰਘ ਦੇ ਮਨ ਵਿੱਚ ਆਈ ਕਿ ਉਹ ਤਾਂ ਐਵੇਂ ਢੇਰੀ ਢਾਅ ਬੈਠਾ ਸੀ ਲੋਕ ਤਾਂ ਜਗਤ ਸਿੰਘ
ਖਾਤਰ ਨੋਟਾਂ ਦੀਆਂ ਜੇਬਾਂ ਭਰੀ ਫਿਰਦੇ ਸਨ।ਉਹ ਸੋਚਣ ਲੱਗਿਆ ਕਿ ਬੰਦੇ ਦੀ ਜਾਇਦਾਦ
ਜਮੀਨ ਅਤੇ ਘਰ ਹੀ ਨਹੀਂ ਹੁੰਦੇ ਉਸ ਦੇ ਬਣਾਏ ਹੋਏ ਸਬੰਧ ਵੀ ਹੁੰਦੇ ਹਨ ਜੋ ਕਈ ਵਾਰੀ
ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਹੁੰਦੇ ਹਨ।ਇਹ ਜਗਤ ਸਿੰਘ ਦੀ ਬਣੀ ਹੋਈ ਹੋਣ
ਕਰਕੇ ਹੀ ਸੀ ਜਿਸ ਨੇ ਵੀ ਉਸਦੇ ਐਕਸੀਡੈਂਟ ਬਾਰੇ ਸੁਣਿਆ ਸਾਰੇ ਕੰਮ ਛੱਡ ਕੇ ਹਸਪਤਾਲ
ਪਹੁੰਚ ਗਿਆ।
ਉਸਨੇ ਆਪਣੇ
ਲੇਟ ਹੋਣ ਦਾ ਕਾਰਨ ਨਹੀਂ ਸੀ ਦੱਸਿਆ।ਲੋਕਾਂ ਨੇ ਕਿਹਾ ਸੀ ਇੱਕ ਵਾਰੀ ਚੰਗੀ ਤਰਾਂ
ਉਸਦੇ ਮੁੰਡਿਆਂ ਨੂੰ ਦੱਸ ਦਿੱਤਾ ਜਾਵੇ।ਡਾਕਟਰ ਪੈਸਿਆਂ ਦੀ ਝਾਕ ਵਿੱਚ ਗਿਰਝਾਂ
ਵਾਂਗੂੰ ਉਸਦੇ ਦੁਆਲੇ ਘੁੰਮ ਰਹੇ ਸਨ, ਕੋਈ ਕਹੇ ਦਵਾਈਆਂ ਲਿਆ ਤੇ ਕੋਈ ਕਹੇ ਵੱਡੇ
ਡਾਕਟਰ ਨੂੰ ਮਿਲ।ਉਹ ਭੱਜਿਆ ਨੱਸਿਆ ਫਿਰਦਾ ਰਿਹਾ।ਪਰ ਜਗਤ ਸਿੰਘ ਨੂੰ ਹੋਸ਼ ਨਹੀਂ ਸੀ
ਆ ਰਹੀ।ਦਿਮਾਗ ਵਿੱਚ ਲੱਗੀ ਸੱਟ ਦੀ ਡਾਕਟਰਾਂ ਨੂੰ ਚਿੰਤਾ ਸੀ ਜੋ ਠੀਕ ਹੋਣ ਵਿੱਚ
ਨਹੀਂ ਸੀ ਆ ਰਹੀ।
ਪੰਦਰਾਂ
ਦਿਨ ਏਸੇ ਹਾਲ ਵਿਚ ਬੀਤ ਗਏ।ਜਿਉਂ ਜਿਉਂ ਪੈਸੇ ਮੁੱਕਦੇ ਗਏ ਇਲਾਜ ਵੀ ਮੱਠਾ ਪੈਂਦਾ
ਗਿਆ।ਜਗਤ ਸਿੰਘ ਬੇਸੁਰਤੀ ਦੀ ਹਾਲਤ ਵਿੱਚ ਜਿਸਮ ਤੇ ਲਾਈਆਂ ਪਾਈਪਾਂ ਲਾਹ ਲਾਹ
ਸੁੱਟਦਾ ਪਰ ਅੱਖ ਨਾਂ ਪੁੱਟਦਾ।ਉਸਦੀ ਹਾਲਤ ਵੇਖੀ ਨਹੀਂ ਸੀ ਜਾਂਦੀ।ਇੱਕ ਦਿਨ
ਡਾਕਟਰਾਂ ਨੇ ਦੱਸਿਆ ਕਿ ਕੋਈ ਪੱਸਲੀ ਟੁੱਟ ਕੇ ਉਸਦੇ ਅੰਦਰ ਖੁੱਭ ਗਈ ਸੀ ਜਿਸ ਨੇ
ਜਖ਼ਮ ਕਰ ਦਿੱਤਾ ਸੀ।ਤੇ ਉਸੇ ਥਾਂ ਹੁਣ ਇਨਫੈਕਸ਼ਨ ਹੋ ਗਈ ਹੈ।ਜੋ ਬੜੀ ਤੇਜੀ ਨਾਲ
ਫੈਲ ਰਹੀ ਹੈ ਇਸ ਹਾਲਤ ਵਿੱਚ ਅਪ੍ਰੇਸ਼ਨ ਕਰਨਾ ਬਹੁਤ ਔਖਾ ਹੈ ਜੇ ਕੀਤਾ ਵੀ ਤਾਂ
ਪੈਸੇ ਬਹੁਤ ਲੱਗਣਗੇ।ਹੁਣ ਇਸਦਾ ਬਚਣਾ ਮੁਸ਼ਕਲ ਲੱਗਦਾ ਹੈ।ਬੇਸ਼ੱਕ ਇਸਦੇ ਮੁੰਡਿਆਂ
ਨੂੰ ਦੱਸ ਦਿਉ।ਤੇ ਫੇਰ ਇਹ ਖ਼ਬਰ ਵੀ ਭਰਪੂਰ ਨੇ ਟੈਲੀਫੋਨ ਤੇ ਦਿੱਤੀ।ਤੇ ਸਤਿੰਦਰ ਨੇ
ਕਿਹਾ ਸੀ ਕਿ ਉਹ ਜਲਦੀ ਹੀ ਆ ਰਿਹਾ ਹੈ।
ਫੇਰ ਹਫਤੇ
ਬਾਅਦ ਸਤਿੰਦਰ ਵੀ ਆ ਗਿਆ।ਹਸਪਤਾਲ ਦੇ ਕਮਰੇ ਵਿੱਚ ਵੜਨ ਸਾਰ ਉਸਨੇ ਆਪਣੇ ਪਿਉ ਨੂੰ
ਦੇਖ ਕੇ ਧਾਅ ਮਾਰੀ ਤੇ ਭੱਜ ਕੇ ਉਸਨੂੰ ਚਿੰਬੜ ਗਿਆ।ਪ੍ਰਫਿਊਮ ਅਤੇ ਸ਼ਰਾਬ ਦੀ ਰਲੀ
ਮਿਲੀ ਸੁਗੰਧ ਫੈਲ ਗਈ ਸੀ।ਭਰਪੂਰ ਨੂੰ ਪਤਾ ਸੀ ਕਿ ਸਤਿੰਦਰ ਕਾਫੀ ਸ਼ਰਾਬ ਪੀਂਦਾ ਹੈ
ਪਰ ਅਜਿਹੇ ਮੌਕੇ ਵੀ ਉਹ ਪੀਕੇ ਆਵੇਗਾ ਉਸ ਨੂੰ ਇਹ ਆਸ ਨਹੀਂ ਸੀ।ਮਾਂ ਉਸ ਦੀ ਕਹਿ
ਰਹੀ ਸੀ ਕਿ, ਉਹ ਤਾਂ ਹੀ ਪੀਂਦਾ ਹੈ ਕਿ ਪਿਉ ਦੀ ਹਾਲਤ ਉਸ ਤੋਂ ਝੱਲੀ ਨਹੀਂ
ਜਾਂਦੀ।ਆਉਣ ਸਾਰ ਉਸਨੇ ਮਾਰੂਤੀ ਲੈ ਲਈ ਤੇ ਇੱਕ ਡਰਾਈਵਰ ਰੱਖ ਲਿਆ ਸੀ।ਉਹ ਉਸਦੀ
ਪਤਨੀ ਅਤੇ ਮਾਂ ਇਸੇ ਮਰੂਤੀ ਤੇ ਹਸਪਤਾਲ ਆਂਉਦੇ,ਪਹਿਲਾਂ ਇੱਕ ਦੋ ਦਿਨ ਲਗਾਤਾਰ,ਤੇ
ਫੇਰ ਹਰ ਤੀਜੇ ਚੌਥੇ ਦਿਨ।ਭਰਪੂਰ ਨੇ ਜਗਤ ਸਿੰਘ ਦੇ ਇਲਾਜ ਵਿੱਚ ਹੁਣ ਜਿਆਦਾ ਦਖਲ
ਅੰਦਾਜੀ ਕਰਨੀ ਠੀਕ ਨਹੀਂ ਸੀ ਸਮਝੀ।ਪਰ ਸਤਿੰਦਰ ਨੇ ਹਸਪਤਾਲ ਦੇ ਰਾਊਂਡ ਤੱਕ ਹੀ ਗੱਲ
ਸੀਮਿਤ ਰੱਖੀ।ਡਾਕਟਰਾਂ ਨੇ ਅਗਲੇ ਇਲਾਜ ਲਈ ਉਸ ਪਾਸੋਂ ਪੈਸੇ ਮੰਗੇ ਉਹ ਕਹਿੰਦਾ
“ਪੈਸੇ ਦਰਖਤਾ ਨੂੰ ਲੱਗਦੇ ਨੇ ਅਮਰੀਕਾ ਵਿੱਚ ਮੇਰੇ ਪਿਉ ਦਾ ਇਲਾਜ ਕਰਨਾ ਤੁਹਾਡੀ
ਜਿੰਮੇਵਾਰੀ ਹੈ।ਏਸੇ ਗੱਲ ਦੀ ਤੁਸੀਂ ਤਨਖਾਹ ਲੈਂਦੇ ਹੋਂ”।ਡਾਕਟਰਾਂ ਨੇ ਧਿਆਨ ਕਰਨਾ
ਛੱਡ ਦਿੱਤਾ।ਉਹ ਆਪ ਵੀ ਬੇਧਿਆਨਾ ਸ਼ਰਾਬ ਪੀ ਕੇ ਤੁਰਿਆ ਫਿਰਦਾ।ਹੁਣ ਉਸ ਨਾਲ਼ ਕਈ
ਖਾਊ ਯਾਰ ਵੀ ਰਲ ਗਏ ਜੋ ਪਹਿਲਾਂ ਕਦੀ ਨਜ਼ਰ ਨਹੀਂ ਸੀ ਆਏ।ਉਹ ਖ਼ਬਰ ਲੈਣ ਆਏ ਸੜਕ ਦੇ
ਦੂਜੇ ਪਾਸੇ ਬਣੇ ਇੱਕ ਹਾਤੇ ਵਿੱਚ ਬਹਿ ਕੇ ਸ਼ਰਾਬ ਪੀਣ ਲੱਗਦੇ।ਸਤਿੰਦਰ ਹਰ ਕਿਸੇ
ਖ਼ਬਰ ਨੂੰ ਆਏ ਨਾਲ ਘਟੀਆ ਵਰਤਾਅ ਕਰਦਾ।ਉਸਦੀ ਬਦਤਮੀਜ਼ੀ ਦਾ ਸਿ਼ਕਾਰ ਭਰਪੂਰ ਨੂੰ ਵੀ
ਹੋਣਾ ਪਿਆ।
ਇੱਕ ਦਿਨ
ਭਰਪੂਰ ਨੇ ਕਿਹਾ “ਸਤਿੰਦਰ ਪੈਸੇ ਪਹਿਲਾਂ ਵੀ ਬਹੁਤ ਲੱਗ ਚੁੱਕੇ ਹਨ ਹੁਣ ਅਣਗਹਿਲੀ
ਨਾ ਕਰ”।ਤਾਂ ਉਹ ਅੱਗੋ ਪੁੱਠਾ ਹੀ ਬੋਲਿਆ ਕਿ ਤੂੰ ਮੇਰੇ ਪਿਉ ਦਾ ਇਲਾਜ ਨਹੀਂ
ਕਰਵਾਇਆ ਤੇ ਹੁਣ ਪੈਸੇ ਮੰਗਦਾ ਏਂ।ਤੂੰ ਡਾਕਟਰਾਂ ਨਾਲ ਰਲਿਆ ਹੋਇਆ ਏਂ”।ਭਰਪੂਰ ਨੇ
ਕਿਹਾ ਕਿ “ਤੇਰੇ ਨਾਲ ਫਿਰਨ ਵਾਲੇ ਸਾਰੇ ਖਾਣ ਪੀਣ ਵਾਲੇ ਹਨ ਏਨ੍ਹਾਂ ਨੂੰ ਮੂੰਹ ਨਾਂ
ਲਾ”।ਤਾਂ ਉਹ ਬੋਲਿਆ “ਚਾਚਾ ਤੂੰ ਮੇਰੇ ਫਰੈਂਡਾ ਨੂੰ ਵੇਖ ਕੇ ਨਹੀਂ ਜਰਦਾ।ਹਟਾ ਕੇ
ਦਿਖਾ”।ਤੇ ਫੇਰ ਇੱਕ ਦਿਨ ਤਾਂ ਉਸ ਨੇ ਭਰਪੂਰ ਨੂੰ ਇਹ ਵੀ ਕਹਿ ਦਿੱਤਾ “ਤੈਨੂੰ ਏਥੇ
ਆਉਣ ਦੀ ਲੋੜ ਨਹੀਂ ਮੈਂ ਹੁਣ ਆ ਗਿਆ ਹਾਂ।ਇਹ ਮੇਰਾ ਬਾਪ ਹੈ”। ਭਰਪੂਰ ਕਹਿਣਾ ਤਾਂ
ਚਾਹੁੰਦਾ ਸੀ ਤੇਰੇ ਬਾਪ ਨਾਲੋਂ ਮੇਰਾ ਭਰਾ ਪਹਿਲਾਂ ਹੈ”।ਪਰ ਉਸਨੇ ਗੱਲ ਵਧਾਉਣੀ ਠੀਕ
ਨਾ ਸਮਝੀ।
ਜਗਤ ਸਿੰਘ
ਦੇ ਸਾਰੇ ਜਿਸਮ ਵਿੱਚ ਇਨਫੈਕਸ਼ਨ ਫੈਲ ਗਈ।ਡਾਕਟਰਾਂ ਦੀ ਬੇਧਿਆਨੀ ਵਧਦੀ ਗਈ ਤੇ
ਸਤਿੰਦਰ ਦੀ ਸ਼ਰਾਬ।ਇੱਕ ਦਿਨ ਜਗਤ ਸਿੰਘ ਦੀ ਹਾਲਤ ਵਧੇਰੇ ਹੀ ਬਿਗੜ ਗਈ ਤੇ ਉਸ ਦਾ
ਦਿਹਾਂਤ ਹੋ ਗਿਆ।ਸਤਿੰਦਰ ਉਸਦੀ ਪਤਨੀ ਅਤੇ ਮਾਂ ਧਾਂਹੀ ਰੋਂਦੇ ਹਸਪਤਾਲ ਆਏ।ਸਤਿੰਦਰ
ਬੈੱਡ ਦੀਆਂ ਬਾਹੀਆਂ ਫੜ ਕੇ ਰੋਂਦਾ ਰਿਹਾ।ਪਰ ਕੁੱਝ ਲੋਕ ਕਹਿ ਰਹੇ ਸਨ ਕਿ ਹੁਣ
ਮਗਰਮੱਛ ਦੇ ਅਥਰੂ ਬਹਾਉਣ ਦਾ ਕੀ ਫਾਇਦਾ ਹੈ।ਉਦੋਂ ਤਾਂ ਇਸ ਨੂੰ ਸ਼ਰਾਬ ਤੋਂ ਵਿਹਲ
ਨਹੀਂ ਮਿਲੀ।ਪਰ ਭਰਪੂਰ ਬਹੁਤ ਰੋਇਆ।ਉਹ ਹਸਪਤਾਲ ਆਇਆ ਪਰ ਚੁੱਪ ਹੀ ਰਿਹਾ।ਹਸਪਤਾਲ
ਵਾਲਿਆ ਦੂਸਰੇ ਦਿਨ ਕਾਫੀ ਸਾਰੇ ਪੈਸੇ ਲੈਕੇ ਜਗਤ ਸਿੰਘ ਦੀ ਮ੍ਰਿਤਕ ਦੇਹ ਵਾਰਿਸਾਂ
ਦੇ ਹਵਾਲੇ ਕਰ ਦਿੱਤੀ।ਪਿੰਡ ਲਿਆ ਕੇ ਉਸਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ।ਅੰਤਮ
ਸੰਸਕਾਰ ਦੇ ਬਹੁਤ ਇਕੱਠ ਹੋਇਆ।ਪਰ ਜਗਤ ਸਿੰਘ ਦੇ ਦੋ ਛੋਟੇ ਮੁੰਡੇ ਨਾ ਪਹੁੰਚ
ਸਕੇ।ਲੋਕ ਉਸਦੀ ਮਾੜੀ ਕਿਸਮਤ ਅਤੇ ਚੰਗੇ ਸੁਭਾਅ ਦੀਆਂ ਗੱਲਾਂ ਕਰਦੇ ਰਹੇ।
ਅਜੇ ਉਸਦੇ
ਪਾਠ ਦਾ ਭੋਗ ਵੀ ਨਹੀਂ ਸੀ ਪਿਆ ਕਿ ਸਤਿੰਦਰ ਨੇ ਆਸੇ ਪਾਸੇ ਭੱਜ ਨੱਸ ਕਰਨੀ ਸ਼ੁਰੂ
ਕਰ ਦਿੱਤੀ।ਸਭ ਤੋਂ ਪਹਿਲਾਂ ਉਸ ਨੇ ਉਸਦੀ ਰੀਟਾਇਰਮੈਂਟ ਦਾ ਪੈਸਾ ਲਿਆ ਜੋ ਉਸਦੇ
ਮਹਿਕਮੇ ਵਾਲੇ ਤਿੰਨ ਲੱਖ ਰੁਪਈਏ ਦਾ ਚੈੱਕ ਉਦਸੇ ਭੋਗ ਤੇ ਦੇ ਗਏ।ਡੀ ਈ ਉ ਆਪ ਆਕੇ
ਚੈੱਕ ਦੇ ਕੇ ਗਿਆ।ਭੋਗ ਤੇ ਬਹੁਤ ਇਕੱਠ ਹੋਇਆ ਸੀ।ਲੋਕ ਅਤੇ ਰਿਸ਼ਤੇਦਾਰ ਤਰ੍ਹਾਂ
ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ।
ਕੁੱਝ ਲੋਕ
ਸਤਿੰਦਰ ਨੂੰ ਕਹਿ ਰਹੇ ਸਨ ਕਿ ਉਸ ਨੂੰ ਉਨ੍ਹਾਂ ਟ੍ਰਾਂਸਪੋਟਰਾਂ ਦੇ ਖਿਲਾਫ ਕੇਸ
ਕਰਨਾ ਚਾਹੀਦਾ ਹੈ।ਕੁੱਝ ਕਹਿ ਰਹੇ ਸਨ ਕਿ ਉਸਦੀ ਇੰਨਸ਼ੋਰੈਂਸ ਲੈਣੀ ਚਾਹੀਦੀ
ਹੈ।ਸਤਿੰਦਰ ਵੀ ਚਾਹੁੰਦਾ ਸੀ ਕਿ ਸਭ ਕੁੱਝ ਵਸੂਲ ਕੀਤਾ ਜਾਵੇ।ਜਦੋਂ ਉਸਨੇ ਭਰਪੂਰ
ਨਾਲ ਗੱਲ ਕੀਤੀ ਤਾਂ ਉਹ ਟਾਲ਼ ਗਿਆ।ਕੁੱਝ ਲੋਕ ਕਹਿੰਦੇ ਸਨ ਕਿ ਭਰਪੂਰ ਨੇ ਉਨ੍ਹਾਂ
ਟ੍ਰਾਂਸਪੋਟਰਾਂ ਤੋਂ ਪੈਸਾ ਖਾਧਾ ਹੈ ਤਾਂ ਹੀ ਅੱਗੇ ਨਹੀਂ ਆਉਂਦਾ।ਅਗਲੀ ਕਾਰਵਾਈ ਲਈ
ਥਾਣੇ ‘ਚੋਂ ਰਿਪੋਰਟ ਲੈਣੀ ਜਰੂਰੀ ਸੀ।ਸਤਿੰਦਰ ਕਿਸੇ ਮੰਤਰੀ ਦੇ ਮੁੰਡੇ ਨੂੰ ਲੈ ਕੇ
ਥਾਣੇ ਗਿਆ ਤਾਂ ਥਾਣੇਦਾਰ ਨੇ ਦੱਸਿਆ ਕਿ ਕੇਸ ਤਾਂ ਹੋ ਹੀ ਨਹੀਂ ਸਕਦਾ ਨਾਂ ਦੀਵਾਨੀ
ਤੇ ਨਾਂ ਫੌਜਦਾਰੀ ਕਿਉਂਕਿ ਮ੍ਰਿਤਕ ਦੇ ਭਰਾ ਨੇ ਦੂਜੀ ਪਾਰਟੀ ਨਾਲ ਰਾਜੀਨਾਮਾਂ ਕੀਤਾ
ਹੈ ਤੇ ਸੱਠ ਹਜਾਰ ਰੁਪਈਆ ਵੀ ਲਿਆ ਹੈ।ਪਰ ਸਤਿੰਦਰ ਨੂੰ ਯਕੀਨ ਨਾ ਆਇਆ ਤਾਂ ਥਾਣੇਦਾਰ
ਨੇ ਉਸਨੂੰ ਰਾਜੀਨਾਮੇ ਦੀ ਕਾਪੀ ਕੱਢ ਕੇ ਵਿਖਾਈ।ਤਾਂ ਸਤਿੰਦਰ ਅੱਗ ਬਗੂਲਾ ਹੋ
ਉੱਠਿਆ।ਉਸਨੇ ਉਸ ਕਾਪੀ ਦੀਆਂ ਫੋਟੋ ਕਾਪੀਆਂ ਕੀਤੀਆਂ ਪਿੰਡ ਨੂੰ ਭੱਜਿਆ ਅੱਗੇ ਭਰਪੂਰ
ਘਰ ਹੀ ਬੈਠਾ ਸੀ।ਉਹ ਆਉਣ ਸਾਰ ਸਾਰੇ ਰਿਸ਼ਤੇ ਬੁੱਲ ਕੇ ਚੀਖਣ ਲੱਗਿਆ ਕਿ “ਕੁੱਤਿਆ
ਆਹ ਦੇਖ ਕੀ ਹੈ! ਆਹ ਵੇਖ ਤੇਰੇ ਸਾਈਨ।ਮੇਰੇ ਪਿਉੁ ਨੇ ਤਾਂ ਕਦੇ ਸ਼ਰਾਬ ਪੀਤੀ ਹੀ
ਨਹੀਂ। ਇਹ ਤੂੰ ਪੈਸਿਆਂ ਪਿੱਛੇ ਉਸਦੀ ਪਿੱਠ ਵਿੱਚ ਛੁਰਾ ਮਾਰਿਆ ਹੈ।ਭਰਾ ਨਾਲ
ਵਿਸ਼ਵਾਸ਼ ਘਾਤ ਕੀਤਾ ਹ।ਜਾ ਦਫਾ ਹੋ ਜਾ ਮੇਰੇ ਘਰੋ”।
ਭਰਪੂਰ ਨੇ
ਬਥੇਰਾ ਕਿਹਾ ਕਿ ਅਜਿਹਾ ਉਸਨੇ ਆਪਣੇ ਭਰਾ ਨੂੰ ਬਚਾਉਣ ਲਈ ਕੀਤਾ ਹੈ।ਪਰ ਉਸ ਦੀ ਕਿਸੇ
ਨੇ ਨਹੀਂ ਸੀ ਸੁਣੀ।ਉਹ ਰੋਂਦਾ ਕੁਰਲਾਉਂਦਾ ਘਰ ਆ ਗਿਆ।ਉਸਦੀ ਪਤਨੀ ਜੀਤੋ ਕਹਿੰਦੀ
“ਹੋਰ ਲੈ ਲੈ ਇਨਾਮ ਐਨੇ ਦਿਨ ਘਰ ਨਹੀਂ ਵੜਿਆ ਅਖੇ ਮੇਰਾ ਭਰਾ ਹੈ।ਫੇਰ ਇਹ ਸਾਰੇ
ਪਿੰਡ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ।ਲੋਕ ਕਹਿੰਦੇ ਉਹ ਭਰਾ ਦੇ ਪੈਸੇ ਖਾਅ ਗਿਆ
ਉਸਦੇ ਕਾਤਲਾਂ ਨਾਲ ਮਿਲ ਗਿਆ।ਉਸ ਵਲੋਂ ਕੀਤੇ ਸਾਈਨਾਂ ਵਾਲਾ ਪੇਪਰ ਸਾਰੇ ਪਿੰਡ ਵਿੱਚ
ਘੁੰਮਣ ਲੱਗਾ ਲੋਕ ਫੋਟੋ ਕਾਪੀਆਂ ਚੁੱਕੀ ਫਿਰਦੇ ਸਨ ਤੇ ਆਖਦੇ ਸਨ ਭਾਈ ਕਲਯੁੱਗ
ਹੈ।ਪਰ ਪਿੰਡ ਦੇ ਕਈ ਬੰਦੇ ਕਹਿੰਦੇ ਕਿ ਉਹ ਭਰਪੂਰ ਨੂੰ ਜਾਣਦੇ ਹਨ ਉਹ ਅਜਿਹਾ ਨਹੀਂ
ਕਰ ਸਕਦਾ।ਉਹ ਸਤਿੰਦਰ ਨੂੰ ਗ਼ਲਤ ਦੱਸਦੇ।ਕੁੱਝ ਲੋਕ ਉਧਰ ਹੋ ਗਏ ਤੇ ਕੁੱਝ ਉਧਰ।
ਸਤਿੰਦਰ
ਆਪਣੇ ਪਿਉ ਦੇ ਪੈਸੇ ਇਕੱਠੇ ਕਰਦਾ ਰਿਹਾ।ਉਸਦੀ ਰੀਟਾਇਰਮੈਂਟ ਦੇ ਇੰਸ਼ਰੋਰੈਂਸ ਅਤੇ
ਪੈਨਸ਼ਨ ਦੇ।ਉਹ ਅਪਣੀ ਅਨਪੜ ਮਾਂ ਨੂੰ ਝੂਠ ਬੋਲ ਕੇ ਪੈਸਿਆਂ ਤੇ ਕਬਜਾ ਕਰਦਾ
ਰਿਹਾ।ਕਦੇ ਮਹਿੰਗੇ ਕੱਪੜੇ ਖਰੀਦਦਾ ਤੇ ਕਦੇ ਸ਼ਰਾਬ।ਜਿੱਥੇ ਉਹ ਚਾਹੁੰਦਾ ਮਾਂ
ਅਗੂੰਠਾ ਲਾ ਦਿੰਦੀ।ਛੋਟਿਆਂ ਨੂੰ ਪੁੱਛਣ ਦੀ ਉਸ ਨੇ ਕੋਈ ਲੋੜ ਹੀ ਨਹੀਂ ਸੀ
ਸਮਝੀ।ਉਸਦੀ ਘਰ ਵਾਲੀ ਆਪਣੀ ਸੱਸ ਦੀ ਦੱਬ ਕੇ ਸੇਵਾ ਕਰਦੀ ਤਾਂ ਕਿ ਉਹ ਉਸੇ ਪੈਸੇ ਦਾ
ਲੁਧਿਆਣੇ ਪਲਾਟ ਲੈ ਸਕਣ।
ਭਰਪੂਰ ਨੂੰ
ਜਾਪਦਾ ਸੀ ਕਿ ਛੁਰਾ ਉਸਨੇ ਨਹੀਂ ਬਲਕਿ ਸਤਿੰਦਰ ਆਪਣੇ ਭਰਾਵਾਂ ਅਤੇ ਪਿਉ ਦੀ ਪਿੱਠ
ਵਿੱਚ ਮਾਰ ਰਿਹਾ ਹੈ।ਕੁੱਝ ਲੋਕ ਅਤੇ ਰਿਸ਼ਤੇਦਾਰ ਵੀ ਇਹ ਹੀ ਕਹਿ ਰਹੇ ਸਨ।।ਪਰ
ਉਨ੍ਹਾਂ ਦੀ ਸੁਣਦਾ ਕੌਣ?ਕਈ ਪਿੰਡ ਦੇ ਲੋਕ ਉਸਦਾ ਮਜਾਕ ਉਡਾਉਂਦੇ ਤੇ ਕਹਿੰਦੇ ‘ਹੁਣ
ਤਾਂ ਲਹੂ ਕਾਲਾ ਹੋ ਗਿਆ ਹੈ’।ਤੇ ਕਈ ਉਸਦੇ ਹੱਕ ਵਿੱਚ ਬੋਲਦੇ।ਉਹ ਬੇਹੱਦ ਪਰੇਸ਼ਾਨ
ਰਹਿਣ ਲੱਗਿਆ।ਉਸਦਾ ਪਿੰਡ ਵਿੱਚ ਨਿੱਕਲਣਾ ਮੁਹਾਲ ਹੋ ਗਿਆ।ਉਸਦਾ ਕਿਤੇ ਵੀ ਜੀ ਨਾਂ
ਲੱਗਦਾ।ਜੀ ਕਰਦਾ ਸੀ ਇਸੇ ਨਹਿਰ ਵਿੱਚ ਡੁੱਬ ਕੇ ਮਰ ਜਾਵੇ।ਜਿਵੇਂ ਉਸਦਾ ਭਰਾ ਮਰ ਗਿਆ
ਸੀ।ਜਿਸਦੀ ਮੌਤ ਦਾ ਲਾਹਾ ਲਿਆ ਜਾ ਰਿਹਾ ਸੀ।
ਕਾਰ ਦੀ
ਡਿੱਘੀ ਵਿੱਚ ਧਰੀ ਗੁੱਛਾ ਮੁੱਛਾ ਲਾਸ਼ ਅਜੇ ਵੀ ਉਸਦੇ ਜਹਿਨ ਵਿੱਚ ਉਸੇ ਤਰ੍ਹਾਂ ਪਈ
ਸੀ ਜੋ ਉਸ ਨੂੰ ਕਦੀ ਨਹੀਂ ਸੀ ਭੁੱਲਦੀ।ਉਸਨੇ ਸਾਹਮਣੇ ਦੇਖਿਆ ਨਹਿਰ ਵਿੱਚ ਛੱਲਾਂ
ਮਾਰਦਾ ਪਾਣੀ ਵਗ ਰਿਹਾ ਸੀ।ਪਾਣੀ ਨਹੀਂ ਜਿਵੇਂ ਇਹ ਲਹੂ ਹੋਵੇ,ਉਸਦੇ ਭਰਾ ਦਾ
ਲਹੂ।ਖ਼ੂਨ ਦਾ ਛੱਪੜ ਅਤੇ ਉਸ ਵਿੱਚ ਡਿੱਗਿਆ ਪਿਆ ਸਕੂਟਰ ਉਸਨੂੰ ਯਾਦ ਆਏ।ਇੱਕ ਕੰਬਣੀ
ਜਿਹੀ ਦਿਮਾਗ ਨੂੰ ਚੜੀ ਤੇ ਉਸਦੀ ਭੁੱਬ ਨਿੱਕਲ ਗਈ।ਉਹ ਰੋਂਦਾ ਰਿਹਾ ਉਹ ਮੇਰਾ ਭਰਾ
ਸੀ ਜੋ ਮੈਨੂੰ ਮੋਢਿਆਂ ਤੇ ਚੁੱਕ ਕੇ ਖਿਡਾਉਂਦਾ ਰਿਹਾ ਤੇ ਅਸੀਂ ਇੱਕੋ ਮਾਂ ਦਾ ਦੁੱਧ
ਪੀਕੇ ਵੱਡੇ ਹੋਏ।ਮੈਂ ਉਸ ਨਾਲ ਧੋਖਾ ਕਿਵੇਂ ਕਰ ਸਕਦਾ ਹਾਂ।ਉਹ ਰੋਂਦਾ ਰਿਹਾ ਤੇ
ਪਾਣੀ ਵਗਦਾ ਰਿਹਾ ਜਿਵੇ ਕੋਈ ਖੂਨ ਦੀ ਨਦੀ ਵਗ ਰਹੀ ਹੋਵੇ।ਉਸ ਦਿਨ ਤੋਂ ਬਾਅਦ ਲੋਕਾਂ
ਨੇ ਉਸ ਨੂੰ ਫੇਰ ਕਿਤੇ ਨਹੀਂ ਸੀ ਵੇਖਿਆ।ਪਤਾ ਨਹੀਂ ਉਹ ਕਿੱਥੇ ਚਲਾ ਗਿਆ ਸੀ।ਪਿੰਡ
ਵਿੱਚ ਅਜੇ ਵੀ ਲੋਕ ਕਈ ਤਰ੍ਹਾਂ ਦੀਆਂ ਗਲਾਂ ਕਰਦੇ ਸਨ।ਪਰ ਸੁਣਨ ਵਾਲਾ ਪਤਾ ਨਹੀਂ
ਕਿੱਥੇ ਸੀ।