ਗੈਰੀ ਅਤੇ ਹੈਰੀ ਦੋਵੇਂ
ਭਰਾ ਸਨ।ਵੱਡਾ
ਚੌਦਾਂ ਸਾਲਾਂ ਦਾ ਅਤੇ ਛੋਟਾ ਗਿਆਰਾਂ ਦਾ।ਦੋਨੋ
ਸਨਾਵਰ ਸਕੂਲ ਤੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਪਣੀ ਜਨਮ-ਭੂਮੀ ਇੰਗਲੈਂਡ ਦੇ
ਸ਼ਹਿਰ ਹੰਸਲੋ ਆਏ ਹੋਏ ਸਨ।
ਉਨ੍ਹਾਂ ਦੀਆਂ
ਛੁੱਟੀਆਂ ਦਾ ਇਹ ਆਖਰੀ ਹਫਤਾ ਬੀਤ ਰਿਹਾ ਸੀ।ਜਿਉਂ
ਜਿਉਂ ਸਮਾਂ ਲੰਘਦਾ ਜਾ ਰਿਹਾ ਸੀ ਦੋਹਾਂ ਦੇ ਚਿਹਰੇ ਇਸ ਤਰ੍ਹਾਂ ਮੁਰਝਾਉਂਦੇ ਜਾ ਰਹੇ
ਸਨ ਜਿਵੇਂ ਸੋਕੇ ਮਾਰੇ ਬੂਟੇ।ਇੰਗਲੈਂਡ
ਦਾ ਮਹੌਲ ਜਿਵੇਂ ਇਨ੍ਹਾਂ ਮਰਝਾ ਰਹੇ ਬੂਟਿਆਂ ਲਈ ਪਾਣੀ ਹੋਵੇ।ਉਨ੍ਹਾਂ
ਦਾ ਜੀ ਕਰਦਾ ਸੀ ਕਿ ਇਸ ਹਫਤੇ ਵਿੱਚ ਉਹ ਇੰਗਲੈਂਡ ਦਾ ਸਾਰਾ ਮਾਹੌਲ਼ ਆਪਣੇ ਅੰਦਰ
ਸਮੋ ਲੈਣ।
ਇਸੇ ਕਰਕੇ ਉਹ
ਸਵੇਰੇ ਟਿਊਬ ਸਟੇਸ਼ਨ ਤੇ ਆ ਪਹੁੰਚਦੇ ਅਤੇ ਉੱਥੋਂ ਡੇਅ-ਪਾਸ ਲੈ ਕੇ ਅੰਡਰ ਗਰਾਊਂਡ
ਟਰੇਨ ਫੜ ਕੇ ਘੁੰਮਦੇ ਰਹਿੰਦੇ,
ਕਦੇ ਲੰਡਨ ਵਲ ਨੂੰ ਅਤੇ ਹੀਥਰੋ ਏਅਰ ਪੋਰਟ ਵਲ ਨੂੰ।
ਇਹ ਉਨ੍ਹਾਂ ਦਾ ਰੋਜ ਦਾ ਕੰਮ ਹੀ ਬਣ ਗਿਆ ਸੀ।ਅੱਜ
ਤਾਂ ਉਹ ਕੁੱਝ ਵਧੇਰੇ ਹੀ ਉਦਾਸ ਸਨ।
ਹੀਥਰੋ ਏਅਰ
ਪੋਰਟ ਤੇ ਬਣੇ ਹੋਟਲ ਹਿਲਟਨ ਦੇ ਲਾਂਜ਼ ਵਿੱਚ ਬੈਠੇ ਉਹ ਕਿੰਨੀ ਹੀ ਦੇਰ ਸਵਰਗ ਵਰਗਾ
ਵਾਤਾਵਰਨ ਆਪਣੇ ਅੰਦਰ ਸਮੋਂਦੇ ਰਹੇ।
ਤੇ ਫੇਰ ਟਰਮੀਨਲ ਚਾਰ ਤੇ ਜਾਕੇ ਤੇ ਜਾ ਕੇ ਆਂਉਦੇ ਜਾਂਦੇ ਮੁਸਾਫਰਾਂ ਨੂੰ ਵੇਖਦੇ
ਰਹੇ।
ਛੋਟੇ ਭਰਾ ਨੇ ਵੱਡੇ ਨੂੰ
ਕਿਹਾ “ਵੀਕ
ਇੰਡ ਤੱਕ ਆਪਾਂ ਵੀ ਚਲੇ ਜਾਣਾ ਹੈ?”
ਵੱਡੇ ਨੂੰ ਇਉਂ ਲੱਗਿਆ
ਜਿਵੇਂ ਕਿਸੇ ਵਲੋਂ ਸਣਾਈ ਹੋਈ ਭਿਆਨਕ ਸਜ਼ਾ ਦਾ ਖ਼ਿਆਲ ਉਸ ਨੂੰ ਆ ਗਿਆ ਹੋਵੇ।
ਤੇ ਉਸਦੀਆਂ
ਅੱਖਾਂ ਨਮ ਹੋ ਗਈਆਂ।
ਉਹ ਕੁੱਝ ਨਾਂ
ਬੋਲਿਆ ਬੱਸ ਆਂਉਦੇ ਜਾਂਦੇ ਮੁਸਾਫਰਾਂ ਨੂੰ ਤੱਕਦਾ ਰਿਹਾ।ਛੋਟਾ
ਫੇਰ ਬੋਲਿਆ “ਡੈਡ
ਨੂੰ ਆਪਾਂ ਕਹਿ ਦਿੰਦੇ ਹਾਂ ਅਸੀਂ ਨਹੀਂ ਜਾਣਾ ਉੱਥੇ।
ਕਿਉਂ ਜਾਈਏ ਅਸੀਂ ਉੱਥੇ?
ਵੱਡਾ ਸਿਰਫ ਚੁੱਪ ਰਿਹਾ
ਤੇ ਅਥਰੂ ਆਪ ਮੁਹਾਰੇ ਉਸਦੀਆਂ ਅੱਖਾਂ ‘ਚੋਂ
ਬਹਿ ਤੁਰੇ।
ਤੇ ਫੇਰ ਜੇਬ ‘ਚੋਂ
ਟਿਸ਼ੂ ਕੱਢ ਕੇ ਅੱਖਾਂ ਪੂੰਝਦਾ ਉਹ ਬਾਹਰ ਵਲ ਤੁਰ ਆਇਆ ਸੀ।
ਉੱਥੋਂ ਨਿੱਕਲ ਕੇ ਉਹ
ਫੇਰ ਟਰੇਨ ਚੜ੍ਹ ਗਏ।
ਸਾਊਥਾਲ ਵਲ ਨੂੰ ਜਿੱਥੇ ਉਨ੍ਹਾਂ ਦੀ ਮਾਂ ਕੰਮ ਕਰਦੀ ਸੀ।
ਸਾਊਥਾਲ ਆ ਕੇ,ਭੀੜ
ਭੜੱਕਾ ਅਤੇ ਭਾਰਤੀ ਦੁਕਾਨਾਂ ਦੇਖ ਕੇ ਉਨ੍ਹਾਂ ਨੂੰ ਭਾਰਤ ਦੇ ਕਿਸੇ ਸ਼ਹਿਰ ਦੀ ਯਾਦ
ਆਈ ਸੀ।ਉਸੇ
ਤਰ੍ਹਾਂ ਦੁਕਾਨਾਂ ਤੇ ਵੱਜ ਰਿਹਾ ਉੱਚੀ ਸੰਗੀਤ,ਰੌਲਾ
ਰੱਪਾ,
ਦੁਕਾਨਦਾਰਾਂ ਦੇ ਹੋਕੇ
ਅਤੇ ਲੋਕਾਂ ਦੀ ਭੀੜ ਦਾ ਵਹਿ ਰਿਹਾ ਦਰਿਆ।
ਸੜਕ ਦੇ ਦੋਨੋਂ ਪਾਸੇ ਭਾਰਤੀ ਅਤੇ ਪਾਕਿਸਤਾਨੀ ਹੋਟਲਾਂ ਵਿੱਚੋਂ ਖਾਣਿਆਂ ਦੀ ਸੌਗੰਧ
ਆ ਰਹੀ ਸੀ ਜਿਸ ਨੇ ਉਨ੍ਹਾਂ ਦੀ ਭੁੱਖ ਹੋਰ ਵੀ ਚਮਕਾ ਦਿੱਤੀ।
ਗੈਰੀ ਨੇ ਹੈਰੀ
ਨੂੰ ਕਿਹਾ ਚੱਲ ਕਿਸੇ ਰੈਸਟੋਰੈਂਟ ਵਿੱਚ ਬਹਿ ਕੇ ਚਿਕਨ ਟਿੱਕਾ ਜਾਂ ਕਬਾਬ ਰੋਲ
ਖਾਂਦੇ ਹਾਂ”।
ਹੈਰੀ ਨੇ ਮੋਢੇ ਸਕੋੜਦੇ
ਹੋਏ ਕਿਹਾ, “ਇੰਡੀਅਨ
ਰੈਸਟੋਰੈਂਟ ਵਿੱਚ ਨਹੀਂ ਖਾਣਾ”।
“ਕਿਉ?”
ਗੈਰੀ ਨੇ
ਪੁੱਛਿਆ।
“ਫੇਰ
ਸਾਲ ਭਰ ਇੰਡੀਅਨ ਖਾਣਾ ਹੀ ਖਾਣਾ ਹੈ ਐਵਰੀਡੇਅ ਦਾਲ਼ ਰੋਟੀ ਜਾਂ ਚਾਵਲ।ਆਈ
ਹੇਟ ਦੈੱਮ।
ਆਈ ਲਾਈਕ ਮੈਕਡੌਨਲ,ਬਰਗਰ
ਕਿੰਗ,ਫਿਸ਼ਨ
ਚਿਪਸ,ਪੀਜ਼ਾ
ਕਨਟੱਕੀ ਫਰਾਈ ਚਿਕਨ।”
ਇਹ ਸਾਰੇ ਫਾਸਟ ਫੂਡ
ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਨ।
ਗੈਰੀ ਨੂੰ ਸਕੂਲ
ਮੈੱਸ ਵਿਚਲਾ ਖਾਣਾ ਯਾਦ ਕਰਕੇ ਧੁੜਤੜੀ ਜਿਹੀ ਆਈ।“ਆਈ
ਹੇਟ ਦੈੱਮ ਆਲਸੋ”।
ਉਹ ਬੋਲਿਆ।
“ਅੱਜ
ਤਾਂ ਆਪਾਂ ਮਕਡੌਨਲ ਵਿੱਚੋਂ ਚਿਕਨ ਬਰਗਰ ਲੈ ਕੇ ਖਾਵਾਂਗੇ,
ਪਹਿਲਾਂ ਮੱਮ
ਨੂੰ ਨਾਲ ਲੈ ਲਈਏ।”
ਛੋਟੇ ਨੇ ਫੈਸਲਾ
ਸੁਣਾਇਆ।
ਉਨ੍ਹਾਂ ਦੀ ਮਾਂ ਦੇ ਕੰਮ
ਛੱਡਣ ਦਾ ਵੇਲਾ ਹੋਣ ਵਾਲਾ ਸੀ।
ਸ਼ਾਮ ਦੇ ਪੰਜ ਵੱਜਣ ਵਾਲੇ ਸਨ ਤੇ ਉਹ ਉਧਰ ਨੂੰ ਤੁਰ ਪਏ ਜਿੱਥੇ ਉਨ੍ਹਾਂ ਦੀ ਮਾਂ
ਕੱਪੜਿਆਂ ਦੇ ਸਟੋਰ ਤੇ ਕੰਮ ਕਰਦੀ ਸੀ।
ਮਾਂ ਨੂੰ ਪਤਾ ਸੀ ਕਿ ਬੱਚੇ ਆਉਣਗੇ ਉਨ੍ਹਾਂ ਦੀ ਪਹਿਲਾਂ ਫੋਨ ਤੇ ਗੱਲ ਹੋ ਚੁੱਕੀ ਸੀ।ਉਹ
ਕੰਮ ਛੱਡ ਕੇ ਖੜੀ ਉਨ੍ਹਾਂ ਨੂੰ ਹੀ ਉਡੀਕ ਰਹੀ ਸੀ।
ਮਾਂ ਨੂੰ ਮਿਲਣ ਸਾਰ ਹੀ ਉਹ ਕਹਿਣ ਲੱਗੇ
“ਮਾਂ
ਅਸੀਂ ਮੈਕਡੌਨਲ ਖਾਅ ਲਈਏ?”
“ਕਿਉਂ
ਇੰਡੀਅਨ ਫੂਡ ਨਹੀਂ ਖਾਣਾ?”
ਸਿਮਰਨ ਨੇ ਮੋੜਵਾਂ ਸਵਾਲ
ਕੀਤਾ।
“ਨੋ
ਮੱਮ ਉੱਥੇ ਐਵਰੀ ਡੇਅ ਹੀ ਖਾਣਾ ਹੈ”।
“ਤੁਹਾਡਾ
ਪ੍ਰਿੰਸੀਪਲ ਤਾਂ ਕਹਿੰਦਾ ਸੀ ਉੱਥੇ ਰੋਜ ਡਿਫਰੈਂਟ ਫੂਡ ਹੁੰਦਾ ਹੈ?
ਮਾਂ ਨੇ ਫੇਰ
ਪੁੱਛਿਆ।
“
ਕੀ ਡਿਫਰੈਂਟ ਹੁੰਦਾ ਹੈ
ਸਿਰਫ ਦਾਲ਼ ਸਬਜੀ,
ਰੋਟੀ ਅਤੇ ਚਾਵਲ ਤਾਂ ਉਹੀ ਹੁੰਦੇ ਹਨ।
ਉੱਥੇ ਕਿਹੜਾ
ਏਥੇ ਵਾਂਗੂੰ ਸਾਰੇ ਫੂਡ ਮਿਲਦੇ ਨੇ”।ਛੋਟੇ
ਨੇ ਜਿਵੇਂ ਤਰਲਾ ਲਿਆ।
ਉਨ੍ਹਾਂ ਦੀ ਇੱਛਾ ਦੇਖ
ਕੇ ਸਿਮਰਨ ਉਨ੍ਹਾਂ ਨੂੰ ਮੈਕਡੌਨਲ ਲੈ ਗਈ।ਅੱਗੇ
ਜਦੋਂ ਕਦੇ ਉਹ ਮੈਕਡੌਨਲ ਜਾਂਦੇ ਤਾਂ ਉਨ੍ਹਾਂ ਨੂੰ ਜਿਵੇਂ ਚਾਅ ਜਿਹਾ ਚੜ ਜਾਂਦਾ ਪਰ
ਅੱਜ ਉਹ ਉਦਾਸ ਸਨ।
ਗੈਰੀ ਪੁੱਛ
ਰਿਹਾ ਸੀ, “ਮੱਮ
ਅਸੀਂ ਇੰਗਲੈਂਡ ਕਿਉਂ ਨਹੀਂ ਪੜ੍ਹ ਸਕਦੇ,ਦੱਸ
ਨਾ ਸਾਨੂੰ?”
ਪਰ ਸਿਮਰਨ ਨੇ ਇਹ ਕਹਿ
ਕੇ ਪ੍ਰਸ਼ਨ ਟਾਲ਼ ਦਿੱਤਾ ਸੀ ਕਿ “ਘਰੇ
ਜਾ ਕੇ ਆਪਣੇ ਪਿਉ ਨੂੰ ਪੁੱਛ ਲਿਉ”।
ਉਸ ਸ਼ਾਮ ਜਦੋਂ ਉਹ ਘਰ
ਪਹੁੰਚੇ ਤਾਂ ਉਨ੍ਹਾਂ ਦਾ ਪਿਉ ਰਣਜੀਤ ਸਿੰਘ ਸੋਫੇ ਤੇ ਬੈਠਾ ਸ਼ਰਾਬ ਦੀਆਂ ਚੁਸਕੀਆਂ
ਲੈਂਦਾ ਹੋਇਆ ਟੀ: ਵੀ: ਵੇਖ ਰਿਹਾ ਸੀ।ਉਹ
ਅਕਸਰ ਹੀ ਕੰਮ ਤੋਂ ਆਕੇ,
ਨਹਾ ਧੋਅ ਕੇ ਸ਼ਰਾਬ ਦਾ ਪੈੱਗ ਲੈ ਕੇ ਟੈਲੀਵੀਯਨ ਅੱਗੇ ਬੈਠ ਜਾਂਦਾ।
ਉਨ੍ਹਾਂ ਦੇ ਘਰੇ
ਵੜਨ ਸਾਰ ਉਹ ਘੜੀ ਦੇਖਦਾ ਬੋਲਿਆ, “ਐਨਾ
ਚਿਰ।ਸੱਤ
ਵੱਜਣ ਵਾਲੇ ਹੋ ਗਏ।”
ਸਿਮਰਨ ਨੇ ਦੱਸਿਆ ਕੇ ਉਹ
ਮੈਕਡੌਨਲ ਖੜ ਗਏ ਸਨ।
ਉਥੇ ਟਾਈਮ ਲੱਗ
ਗਿਆ।
ਤਾਂ ਰਣਜੀਤ ਨੇ ਇੱਕੋ ਸਾਹੇ ਕਿੰਨੇ ਹੀ ਹੁਕਮ ਆਪਣੀ ਪਤਨੀ ਨੂੰ ਚਾੜ ਦਿੱਤੇ,
“ਭੁੱਖ ਲੱਗੀ ਪਈ
ਹੈ ਇੱਕ ਆਮਲੇਟ ਹੀ ਬਣਾ ਦੇ।ਨਾਲੇ
ਉਧਰੋਂ ਤਾਰੀ ਨੇ ਆਉਣਾ ਹੈ ਮੇਰਾ ਚਿਕਨ ਲਿਆਂਦਾ ਪਿਆ ਹੈ ਛਿੱਲ ਕੇ ਇਹ ਵੀ ਬਣਾ ਲੈ”
ਬਗੈਰਾ
ਬਗੈਰਾ...।
ਗੈਰੀ ਨੂੰ ਇਹ ਗੱਲ ਚੰਗੀ
ਨਾ ਲੱਗੀ ਕਿ ਉਸਦਾ ਪਿਉ ਆਉਣ ਸਾਰ ਉਸਦੀ ਮਾਂ ਨੂੰ ਕੰਮ ਦੇ ਹੁਕਮ ਚਾੜ ਦੇਵੇ।
ਉਹ ਵੀ ਤਾਂ ਕੰਮ ਤੋਂ ਆਕੇ ਅਜੇ ਮਸਾਂ ਘਰ ਵੜੀ ਸੀ।
ਉਸਨੇ ਵੀ ਆਰਾਮ ਕਰਨਾ ਸੀ ਤੇ ਚਿਕਨ ਡੈਡੀ ਆਪ ਵੀ ਤਾਂ ਛਿੱਲ ਸਕਦੇ ਸਨ।
ਜੇ ਭੁੱਖ ਲੱਗੀ ਹੋਈ ਸੀ ਤਾਂ ਆਮਲੇਟ ਵੀ ਆਪ ਬਣਾ ਕੇ ਖਾਅ ਸਕਦੇ ਸਨ।
ਉਹ ਸੋਚਦਾ ਰਿਹਾ ਪਰ ਮੂੰਹੋਂ ਕੁੱਝ ਨਾ ਬੋਲਿਆ।ਕਿਉਂਕਿ
ਉਹ ਜਾਣਦਾ ਸੀ ਕਿ ਇਹ ਡੈਡੀ ਦਾ ਸੱਭਿਆਚਾਰ ਹੈ।ਔਰਤ
ਨੂੰ ਹੁਕਮ ਚਾੜਨਾ।
ਬੱਚਿਆਂ ਨੂੰ
ਹੁਕਮ ਚਾੜਨਾ।
ਤੇ ਆਪਣੀ ਹਰ
ਗ਼ਲਤ ਅਤੇ ਠੀਕ ਗੱਲ ਮੰਨਵਾਉਣੀ।ਸ਼ਾਇਦ
ਇਹ ਸੱਭਿਆਚਾਰ ਸਿੱਖਣ ਹੀ ਡੈਡੀ ਨੇ ਉਨ੍ਹਾਂ ਨੂੰ ਇੰਡੀਆ ਪੜ੍ਹਨ ਲਾਇਆ ਸੀ,
ਲਾਇਆ ਨਹੀਂ ਸਗੋਂ ਹੁਕਮ ਦਿੱਤਾ ਸੀ,
ਬਗੈਰ ਉਨ੍ਹਾ ਦੀ ਇੱਛਾ ਜਾਨਣ ਦੇ।
ਇੰਡੀਆ ਜਾਕੇ ਇਸ
ਸੱਭਿਆਚਾਰ ਦਾ ਨਮੂਨਾ ਉਹ ਦੇਖ ਚੁੱਕੇ ਸਨ।ਜਿਥੇ
ਹੁਕਮ ਚਾੜਨਾ ਅਤੇ ਹੁਕਮ ਮਨਾਉਣਾ ਹੀ ਸੱਭਿਆਚਾਰ ਸੀ।
ਪਤੀ ਵਲੋਂ ਪਤਨੀ ਨੂ,
ਪਿਉ ਵਲੋਂ ਪੁੱਤ ਨੂੰ,ਮਾਂ
ਵਲੋਂ ਧੀ ਨੂੰ ਅਤੇ ਭੈਣ ਵਲੋਂ ਭਰਾ ਨੂੰ ਇਸੇ ਤਰ੍ਹਾਂ ਹੁਕਮ ਚਾੜੇ ਜਾਂਦੇ ਸਨ ਜਿਵੇਂ
ਡੰਡੇ ਦੇ ਜੋਰ ਤੇ ਪਸ਼ੂਆਂ ਨੂੰ ਹਿੱਕਿਆ ਜਾਂਦਾ ਹੈ।
ਉਨ੍ਹਾਂ ਨੂੰ ਵੀ ਡੰਡੇ ਦੇ ਜੋਰ ਨਾਲ ਕੱਟਿਆਂ ਵੱਛਿਆਂ ਵਾਂਗੂੰ ਹਿੱਕ ਕੇ ਇੰਡੀਆ ਭੇਜ
ਦਿੱਤਾ ਸੀ।
ਨਹੀਂ ਤਾਂ ਉਹ
ਇੰਗਲੈਂਡ ਵਿੱਚ ਜੰਮੇ ਪਲੇ ਅਤੇ ਖੇਡੇ,
ਅਤੇ ਏਥੇ ਹੀ
ਉਨ੍ਹਾਂ ਦੇ ਦੋਸਤ ਮਿੱਤਰ ਸਨ।
ਇੰਡੀਆ ਨਾਲ
ਉਨ੍ਹਾਂ ਦਾ ਕੀ ਸਬੰਧ ਸੀ?
ਬੱਸ ਇਹ ਹੀ ਕਿ ਉਹ
ਉਨ੍ਹਾਂ ਦੇ ਡੈਡੀ ਦਾ ਦੇਸ਼ ਸੀ...?
ਤੇ ਇਸੇ ਕਰਕੇ ਉਨ੍ਹਾਂ
ਦੀ ਜਿੱਦ ਸੀ?
ਕਈ ਵਾਰੀ ਉਹ ਸੋਚਦੇ ਜੇ
ਭਾਰਤੀ ਕਲਚਰ ਐਨਾ ਹੀ ਚੰਗਾ ਸੀ ਤਾਂ ਫੇਰ ਉਹ ਕਲਚਰ ਛੱਡ ਕੇ ਮੰਮੀ ਡੈਡੀ ਇੰਗਲੈਂਡ
ਕਿਉਂ ਆਏ ਸਨ?
ਤੇ ਹੋਰ ਲੋਕ ਕਿਉਂ ਆ ਰਹੇ ਹਨ?ਕਿਉਂ
ਨਹੀਂ ਮੁੜਕੇ ਉਹ ਇੰਡੀਆ ਜਾ ਕੇ ਰਹਿਣ ਲੱਗ ਪੈਂਦੇ?
ਅਜਿਹੇ ਸੁਆਲ ਅਕਸਰ ਉਨ੍ਹਾਂ ਨੂੰ ਪਰੇਸ਼ਾਨ ਕਰੀਂ ਰੱਖਦੇ।
ਫੇਰ ਉਸ ਸ਼ਾਮ ਰਣਜੀਤ ਦੇ ਦੋਸਤ ਤਾਰੀ ਨਾਲ ਦਿਲਬਾਗ ਅੰਕਲ ਵੀ ਆਏ।
ਗੱਲਾਂ ‘ਚੋਂ
ਗੱਲਾਂ ਨਿੱਕਲਦੀਆਂ ਰਹੀਆਂ।ਇੰਗਲੈਂਡ
ਦੀਆਂ ਗੱਲਾਂ ਭਾਰਤ ਦੀਆਂ ਗੱਲਾਂ ਅਤੇ ਬੱਚਿਆਂ ਦੀ ਪੜ੍ਹਾਈ ਦੀਆਂ ਗੱਲਾਂ।
ਰਣਜੀਤ ਹੁੱਬ ਹੁੱਬ ਕੇ ਦੱਸ ਰਿਹਾ ਸੀ, “ਦੇਖੋਂ
ਏਥੇ ਬੱਚੇ ਵਿਗੜ ਜਾਂਦੇ ਹਨ,
ਮਾਂ ਬਾਪ ਦੀ ਕਦਰ ਨਹੀਂ ਕਰਦੇ,ਗੱਲ
ਗੱਲ ਤੇ ਗਾਲਾਂ ਕੱਢਦੇ ਹਨ।ਨਸ਼ੇ
ਖਾਣ ਲੱਗ ਜਾਂਦੇ ਹਨ,ਕਈ
ਤਾਂ ਜੰਮਦੇ ਹੀ ਗਰਲ ਫਰੈਂਡਾਂ ਦੇ ਮਗਰ ਘੁੰਮਣ ਲੱਗ ਜਾਂਦੇ ਹਨ।
ਆਹ ਸਾਡਾ
ਗੁਆਂਢੀ ਤਾਰਾ ਸਿੰਘ ਹੈ ਨਾਂ ਉਹਦਾ ਮੁੰਡਾ ਈ ਨੀ ਮਾਨ।
ਮਾਂ ਪਿਉ ਘਰੋਂ
ਕੰਮ ਤੇ ਨਿੱਕਲ ਜਾਂਦੇ ਹਨ ਤੇ ਉਹ ਆਪਣੀ ਗਰਲ ਫਰੈਂਡ ਨੂੰ ਘਰ ਲੈ ਆਂਉਦਾ ਹੈ।
ਕਈ ਵਾਰੀ ਤਾਂ ਮੂੰਹ ਹਨੇਰੇ ਹੀ ਘਰ ਮੂਹਰੇ ਕਾਰ ਵਿੱਚ ਬੈਠੇ ਹੁੰਦੇ ਆ....”।
ਅੰਕਲ ਦਿਲਬਾਗ ਸਿੰਘ
ਬੋਲਿਆ, “ਇਹ
ਮੁਲਕ ਹੀ ਅਜਿਹਾ ਹੈ ਕਿਵੇ ਰੋਕੋਂਗੇ ਏਹੋ ਜਿਹੀ
‘ਲਾਦ?
ਹੁਣ ਸਾਡੀ
ਸਟਰੀਟ ਵਾਲੇ ਜੀਤੇ ਦੀ ਕੁੜੀ ਕਹਿੰਦੇ ਕਿਸੇ ਗੋਰੇ ਨਾਲ ਭੱਜ ਗਈ।
ਪਹਿਲਾਂ ਉਹਦੇ ਨਾਲ ਕਲੱਬਾਂ ਵਿੱਚ ਜਾਂਦੀ ਸੀ।ਇੱਕ
ਦੋ ਵਾਰੀ ਜੀਤੇ ਨੇ ਵੀ ਅੱਖੀਂ ਦੇਖ ਲਈ।ਉਸਨੇ
ਘੂਰਨ ਕੇ ਹਟਾਉਣ ਦੀ ਕੋਸਿਸ਼ ਕੀਤੀ।
ਤਾਂ ਕਹਿੰਦੀ ‘ਖਬਰਦਾਰ
ਜੇ ਮੈਨੂੰ ਕੁੱਝ ਕਿਹਾ ਏ,
ਮੈਂ ਹੁਣ ਅਠਾਰਾਂ ਸਾਲਾਂ ਦੀ ਹਾਂ ਜੋ ਮਰਜੀ ਕਰਾਂ ਤੁਸੀਂ ਨਹੀਂ ਮੈਨੂੰ ਹਟਾ ਸਕਦੇ,
ਜੇ ਧੱਕੇ ਨਾਲ ਰੋਕੋਂਗੇ ਤਾਂ ਪੁਲਿਸ ਆਊ’।
ਤੇ ਫੇਰ ਇੱਕ
ਦਿਨ ਉਹ ਉਸੇ ਨਾਲ ਭੱਜ ਗਈ”।
ਪਿਉ
ਦੀ ਗੱਲ ਸੁਣ ਕੇ ਤਾਰੀ ਤੋਂ ਵੀ ਰਿਹਾ ਨਾਂ ਗਿਆ,
“ਹੁਣ ਮੈਂ
ਥੋਨੂੰ ਕੀ ਦੱਸਾਂ?
ਮਾਂ ਬਾਪ ਦੇ ਘਰੋਂ
ਨਿੱਕਲਣ ਦੀ ਦੇਰ ਹੁੰਦੀ ਹੈ ਤੇ ਮੁੰਡੇ ਕੁੜੀਆਂ ਕੀ ਕੁੱਝ ਕਰਦੇ ਹਨ।
ਸਕੂਲਾਂ ਵਿੱਚ
ਵੀ ਏਹੋ ਹਾਲ ਹੈ।ਫੇਰ
ਲੜਾਈਆਂ ਝਗੜੇ ਹੁੰਦੇ ਹਨ,ਗੈਂਗ
ਬਣਦੇ ਹਨ,
ਨਸ਼ਾ ਪੱਤਾ ਚੱਲਦਾ ਹੈ।
ਪਰ ਸਾਡੇ ਲੋਕ ਤਾਂ ਸਿਰਫ ਪੈਸਾ ਕਮਾਉਣ ਵਿੱਚ ਰੁਝੇ ਹੋਏ ਹਨ ਜੁਅਕਾਂ ਨੂੰ ਦੇਖਣ ਦਾ
ਤਾਂ ਉਨ੍ਹਾਂ ਕੋਲ ਟੈਮ ਹੀ ਨਹੀਂ।
ਪੈਸਾ ਹੀ ਤਾਂ ਸਭ ਕੁੱਝ ਨਹੀਂ ਹੁੰਦਾ।
ਜੇ ਹੁਣ ਪੈਸਾ ਕਮਾਉਣ ਲਈ ਅਸੀਂ ਵਲਾਇਤ ਆਏ ਹਾਂ ਇਸਦਾ ਮਤਲਬ ਇਹ ਤਾਂ ਨਹੀਂ ਕਿ ਆਪਣੀ
ਉਲਾਦ ਹੀ ਗੁਆ ਬਹੀਏ?”
ਰਣਜੀਤ ਉਹਦੀ ਗੱਲ ਸੁਣ
ਕੇ ਸੋਫੇ ਤੋਂ ਭੁੜਕਿਆ, “ਇਹ
ਹੀ ਸੋਚ ਕੇ ਤਾਂ ਮੈਂ ਆਪਣੇ ਦੋਨੋਂ ਜੁਆਕਾਂ ਦਾ ਦਾਖਲਾ ਇੰਡੀਆ ਸਨਾਵਰ ਸਕੂਲ ਵਿੱਚ
ਕਰਵਾਇਆ ਹੈ।”
ਉਸਦੀ ਗੱਲ ਸੁਣ ਕੇ
ਦਿਲਬਾਗ ਨੇ ਅਖਿਆ, “ਲੜਾਈਆਂ
ਝਗੜੇ ਅਤੇ ਨਸ਼ੇ ਤਾਂ ਹੁਣ ਇੰਡੀਆ ਵਿੱਚ ਵੀ ਬਹੁਤ ਨੇ।
ਮੈਂ ਹੁਣ ਉਥੇ ਛੇ ਮਹੀਨੇ ਲਾ ਕੇ ਹੀ ਆਇਆ ਹਾਂ।
ਕੁੜੀਆਂ ਮੁੰਡੇ
ਘਰੋਂ ਪੜ੍ਹਨ ਜਾਂਦੇ ਹਨ।ਪਰ
ਕਾਲਜਾਂ ਵਿੱਚ ਪਹੁੰਚਦੇ ਹੀ ਨਹੀਂ।
ਬੱਸਾਂ ਵਿੱਚ
ਮੁੰਡੇ ਅਵਾਰਾਗਰਦੀ ਕਰਦੇ ਤੁਰੇ ਫਿਰਦੇ ਹਨ।
ਏਥੇ ਤਾਂ ਜੋ ਕੁੱਝ ਹੁੰਦਾ ਹੈ ਥੋਨੂੰ ਪਤਾ ਲੱਗ ਜਾਂਦਾ ਹੈ,ਓੱਥੇ
ਤਾਂ ਪਤਾ ਵੀ ਨਹੀਂ ਲੱਗਦਾ।
ਐਥੇ ਮੰਗੂੰ ਓੱਥੇ ਵੀ ਹੁਣ ਆਹ ਫਰਿੰਡਾਂ ਫਰੂੰਡਾਂ ਵਾਲੀ ਗੱਲ ਬਹੁਤ ਹੈ ਤੇ ਚੋਰੀ
ਛੁੱਪੇ ਬਾਹਰ ਅੰਦਰ ਵੀ ਜਾਂਦੇ ਹਨ।
ਮੁੰਡੇ ਜੋ ਨਸ਼ੇ ਕਰਦੇ ਹਨ ਬੱਸ ਪੁੱਛੋ ਨਾਂ...।
ਮੈਂ ਤਾਂ ਸੁਣ ਕੇ ਹੈਰਾਨ ਰਹਿ ਗਿਆ।ਅਖੇ
ਬਰਿੱਡਾਂ ਤੇ ਲਾ ਕੇ ਆਇਉਡੈਕਸ ਖਾਂਦੇ ਨੇ।
ਕਿਰਲੀਆਂ ਫੂਕ
ਕੇ ਉਨ੍ਹਾਂ ਦੀ ਸੁਆਹ ਨਾਲ ਸਿਗਰਟਾਂ ਭਰ ਕੇ ਪੀਂਦੇ ਨੇ।
ਕੁੜੀਆਂ ਵੀ ਕਹਿੰਦੇ ਨਸ਼ੇ ਕਰਦੀਆਂ ਨੇ ਕਈ ਕਹਿੰਦੇ ਨਸ਼ੇ ਲਈ ਖੰਘ ਵਾਲੀ ਦਵਾਈ ਵੀ
ਪੀਂਦੀਆਂ ਨੇ”।
“ਪਰ
ਅੰਕਲ ਇਹ ਗੱਲਾਂ ਆਮ ਸਕੂਲਾਂ ਕਾਲਜਾਂ ਵਿੱਚ ਹੋਣਗੀਆਂ ਸਨਾਵਰ ਵਰਗੇ ਸਕੂਲ ਵਿੱਚ
ਨਹੀਂ।
ਉਥੇ ਦਾ ਤਾਂ ਮਹੌਲ ਦੇਖ ਕੇ ਹੀ ਰੂਹ ਨਸਿ਼ਆ ਜਾਂਦੀ ਹੈ।ਉਨ੍ਹਾਂ
ਦੀ ਵਰਦੀ ਕਿਆ ਬਾਤ ਹੈ।
ਡਸਿਪਲਨ ਅਤੇ
ਸਟੈਂਡਰਡ ਐਨਾਂ ਕਿ ਬੱਸ ਪੁੱਛੋ ਨਾਂ।ਬੱਚਾ
ਬਿਗੜਨਾ ਤਾਂ ਇੱਕ ਪਾਸੇ ਰਿਹਾ,ਓਨਾਂ
ਦੀ ਮਰਜੀ ਤੋਂ ਬਗੈਰ ਖੰਭ ਵੀ ਨਹੀਂ ਮਾਰ ਸਕਦਾ।
ਉਥੋਂ ਦੇ ਪੜੇ
ਬੱਚੇ ਨਿਕਲਣ ਸਾਰ ਅਫਸਰ ਲੱਗਦੇ ਨੇ।
ਐਵੇਂ ਤਾਂ ਨਹੀਂ ਲੋਕ ਲੱਖਾਂ ਰੁਪਏ ਦਾਖਲੇ ਤੇ ਖਰਚਦੇ”।ਰਣਜੀਤ
ਦਿਲਬਾਗ ਅੰਕਲ ਤੇ ਹੋਰ ਪ੍ਰਭਾਵ ਪਾਉਣ ਲਈ ਬੋਲਿਆ।
ਪਰ ਉਸਦਾ ਜਵਾਬ ਤਾਰੀ ਨੇ
ਦਿੱਤਾ “ਰਣਜੀਤ
ਪੈਸਾ ਖਰਚਣਾ ਹੀ ਸਭ ਕੁੱਝ ਨਹੀਂ ਹੁੰਦਾ ਤੇ ਨਾਂ ਹੀ ਸਾਰਾ ਕੁੱਝ ਡਸਿਪਲਨ ਹੁੰਦਾ ਹੈ।
ਤੇਰੇ ਬੱਚੇ ਏਥੋਂ ਦੇ ਜੰਮੇ ਪਲ਼ੇ ਹਨ ਤੂੰ ਏਨ੍ਹਾਂ ਨੂੰ ਧੱਕੇ ਨਾਲ ਨਹੀਂ ਉਥੇ ਤੋਰ
ਸਕਦਾ।ਇਹ
ਜਾਣੋ ਇਨਕਾਰ ਵੀ ਕਰ ਸਕਦੇ ਹਨ।ਕਿਤੇ
ਇਹ ਨਾਂ ਹੋਵੇ ਕਿ ਇਹ ਨਾਂ ਏਧਰ ਦੇ ਰਹਿਣ ਤੇ ਨਾਂ ਉਧਰ ਦੇ?”
“ਲੈ
ਇਨਕਾਰ ਕਿਵੇਂ ਕਰ ਦੇਣਗੇ?
ਦੋ ਮਾਰਾਂਗੇ ਕੰਨਾਂ
ਤੇ...।
ਇਸੇ ਕਰਕੇ ਤਾਂ ਉਥੇ ਲਾਏ
ਨੇ ਬਈ ਕਹਿਣਾ ਮੰਨਣ ਸਿੱਖਣ,
ਵੱਡਿਆਂ ਦੇ ਆਖੇ ਲੱਗਣ।
ਏਥੇ ਦੇ ਜੁਆਕ ਤਾਂ ਡੰਗਰ ਹੁੰਦੇ ਹਨ।ਦੋ
ਤੇ ਦੋ ਚਾਰ ਤਾਂ ਉਹ ਕਲਕੂਲੇਟਰ ਤੋਂ ਬਗੈਰ ਦੱਸ ਨਹੀਂ ਸਕਦੇ।
ਉਥੇ ਵੀਹ ਤੱਕ
ਪਹਾੜੇ ਮੂੰਹ ਜਬਾਨੀ ਯਾਦ ਹੁੰਦੇ ਨੇ।
ਉਥੇ ਡੰਡਿਆਂ ਤੋਂ ਡਰਦੇ ਜੁਆਕ ਪੜ੍ਹਦੇ ਨੇ ਏਥੇ ਡੰਡੇ ਦਾ ਡਰ ਨਹੀਂ ਤੇ ਉਹ ਬਿਗੜ
ਜਾਂਦੇ ਨੇ।
ਹੋਰ ਤਾਂ ਹੋਰ ਮਾਂ ਪਿਉ ਵੀ ਉਨ੍ਹਾਂ ਨੂੰ ਹੱਥ ਨਹੀਂ ਲਾ ਸਕਦੇ।
ਉਥੇ ਜੇ ਲੈਸਨ ਨਾ ਯਾਦ ਹੋਵੇ ਤੇ ਅਗਲੇ ਮੁਰਗਾ ਬਣਾ ਲੈਂਦੇ ਨੇ”।
ਰਣਜੀਤ ਆਪਣੀ ਗੱਲ ਮੰਨਵਾਉਣ ਲਈ ਗੱਲ ਨੂੰ ਹੋਰ ਵਧਾਈ ਜਾ ਰਿਹਾ ਸੀ।
ਰਣਜੀਤ ਦੀ ਗੱਲ ਸੁਣ ਕੇ
ਤਾਰੀ ਨੇ ਵਿਅੰਗ-ਭਰੀ ਹਾਸੀ ਹੱਸਦਿਆਂ ਕਿਹਾ ਦੇਖ ਰਣਜੀਤ
“ਦੇਖ
ਰਣਜੀਤ ਆਪਾਂ ਵੀ ਉੱਥੋਂ ਹੀ ਆਏ ਹਾਂ ਤੇ ਏਥੇ ਆ ਕੇ ਵੀ ਸਕੂਲਾਂ ਦਾ ਸਿਸਟਮ ਵੇਖਿਆ
ਹੈ,
ਏਥੇ ਪੜ੍ਹਾਈ ਮਾਨਸਿਕ ਲੈਬਲ ਨੂੰ ਮੁੱਖ ਰੱਖ ਕੇ ਕਰਵਾਈ ਜਾਂਦੀ ਹੈ ਅਤੇ ਓਥੇ ਡੰਡੇ
ਦੇ ਜੋਰ ਨਾਲ਼।ਹੋਰ
ਵੀ ਕਈ ਤਰਾਂ ਦੇ ਸਰੀਰਕ ਕਸ਼ਟ ਦਿੱਤੇ ਜਾਂਦੇ ਹਨ।
ਮੇਰੇ ਹਿਸਾਬ ਨਾਲ਼ ਤਾਂ ਏਥੇ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ ਹੈ।
ਮੈਂ ਕਦੇ ਕਦੇ ਜੁਆਕਾਂ ਨਾਲ਼ ਸਕੂਲ ਜਾਂਦਾ ਹੀ ਹਾਂ।ਬਈ
ਮੈਨੂੰ ਤਾਂ ਏਥੋਂ ਦਾ ਸਿਸਟਮ ਜਿ਼ਆਦਾ ਵਧੀਆ ਲੱਗਦਾ ਹੈ”।
“ਨਾਂ
ਫੇਰ ਕਨੇਡਾ ਵਾਲੇ ਸੁਰਿੰਦਰ ਨੇ ਆਪਣੇ ਦੋਵੇਂ ਮੁੰਡੇ ਬੜੂ ਸਾਹਿਬ ਕਿਉਂ ਲਾਏ ਨੇ?
ਅਮਰੀਕਾ ਵਾਲੇ ਲਖਵੀਰ ਨੇ ਆਪਣੇ ਜੁਆਕ ਸੈਨਿਕ ਸਕੂਲ ਨਾਭਾ ਵਿੱਚ ਲਾਏ ਹਨ।
ਤੇ ਆਹ ਸਾਡੀ
ਸਟਰੀਟ ਵਾਲੇ ਜਗਤਾਰ ਦੇ ਮੁੰਡਾ ਅਤੇ ਕੁੜੀ ਸਿ਼ਮਲੇ ਪੜ੍ਹਦੇ ਹਨ।
ਇਉਂ ਕਿਤੇ ਸਾਰੇ ਲੋਕ ਕਮਲ਼ੇ ਥੋੜੋ ਨੇ ਜੋ ਆਪਣੇ ਜੁਆਕਾਂ ਨੂੰ ਐਨਾ ਪੈਸਾ ਖਰਚ ਕੇ
ਇੰਡੀਆ ਪੜ੍ਹਨ ਭੇਜਦੇ ਨੇ?”
ਰਣਜੀਤ ਦਾ ਗੁੱਸਾ
ਉਬਾਲ਼ੇ ਮਾਰਨ ਲੱਗਿਆ।ਪਰ
ਦਿਲਬਾਗ ਨੇ ਗੱਲ ਹਾਸੇ ਵਿੱਚ ਪਾਉਂਦੇ ਹੋਏ ਕਿਹਾ
“ਤੂੰ
ਕਾਹਨੂੰ ਖ਼ਫਾ ਹੁੰਦਾ ਏਂ ਆਪਾਂ ਨੂੰ ਏਥੇ ਬੈਠਿਆਂ ਨੂੰ ਕੀ ਪਤੈ ਚੱਲੋ ਜੁਆਕਾਂ ਨੂੰ
ਪੁੱਛ ਲੈਂਦੇ ਹਾਂ”।
ਤੇ ਉਸ ਨੇ ਨਾਲ਼
ਹੀ ਦੋਨਾਂ ਜੁਆਕਾਂ ਨੂੰ ਹਾਕ ਮਾਰ ਦਿੱਤੀ।
ਦੋਵੇਂ ਜੁਆਕ ਜੋ ਨਾਲ ਦੇ ਕਮਰੇ ਵਿੱਚ ਬੈਠੇ ਟੀ: ਵੀ: ਵੇਖ ਰਹੇ ਸਨ ਹਾਕ ਸੁਣ ਕੇ
ਸਿਟਿੰਗ-ਰੂਮ ਵਿੱਚ ਆ ਗਏ।
ਦਿਲਬਾਗ ਅੰਕਲ
ਨੇ ਬੜੇ ਪਿਆਰ ਨਾਲ ਪੁੱਛਿਆ, “ਬੇਟੇ
ਤੁਸੀਂ ਇੰਡੀਆ ਪੜ੍ਹਨਾਂ ਪਸੰਦ ਕਰਦੇ ਹੋਂ ਕਿ ਏਥੇ?”
ਦੋਵੇਂ ਜੁਆਕ ਇਕੱਠੇ ਹੀ
ਬੋਲੋ, “ਨੋ
ਅੰਕਲ ਵੂਈ ਲਾਈਕ ਹੀਅਰ”
“ਬੇਟੇ
ਕਿਉਂ?
ਕੋਈ ਕਾਰਨ ਤਾਂ ਹੋਵੇਗਾ?
ਤਾਂ ਗੈਰੀ ਬੋਲਿਆ,
“ਅੰਕਲ ਓਥੇ ਕੋਈ
ਲਾਈਫ ਨਹੀਂ।
ਲੋਕ ਬਹੁਤ ਬੈਕਵਰਡ ਹਨ।
ਪੜ੍ਹਾਉਣ ਦਾ ਤਰੀਕਾ ਬਹੁਤ ਗਲਤ ਹੈ।
ਉਹ ਤਾਂ ਸਟੂਡੈਂਟਸ ਨੂੰ ਸਾਹ ਤੱਕ ਨਹੀਂ ਲੈਣ ਦਿੰਦੇ।ਹੋਸਟਲ
ਸਾਨੂੰ ਜੇਲ਼ ਵਾਂਗ ਲੱਗਦਾ ਹੈ।
ਹੋਸਟਲ-ਵਾਰਡਨ ਦਾ ਵੀਹੇਵ ਬਹੁਤ ਮਾੜਾ ਹੈ।
ਅਸੀਂ ਖੇਡ ਨਹੀਂ ਸਕਦੇ ਟੀ: ਵੀ: ਨਹੀਂ ਦੇਖ ਸਕਦੇ।ਫਰੈਂਡਸ਼ਿੱਪ
ਨਹੀਂ ਕਰ ਸਕਦੇ।
ਮੈੱਸ ਵਿੱਚ ਹਰ ਰੋਜ ਰੋਟੀ ਦਾਲ਼ ਚਾਵਲ ਹੀ ਬਣਦੇ।
ਓਥੇ ਐਦਾਂ ਲੱਗਦਾ ਹੈ ਜਿਵੇਂ ਅਸੀਂ ਪਰਿਜਨ ਵਿੱਚ ਰਹਿ ਰਹੇ ਹੋਈਏ।
ਵੂਈ ਡੌਂਟ ਲਾਈਕ ਦੋਜ਼ ਥਿੰਗਜ਼।ਅਸੀਂ
ਓਥੇ ਜਾਣਾ ਨਹੀਂ ਚਾਹੁੰਦੇ”।
ਗੈਰੀ ਦੀਆਂ ਅੱਖਾਂ ਭਰ ਆਈਆਂ ਅਤੇ ਹੈਰੀ ਵੀ ਉਦਾਸ ਹੋ ਗਿਆ।
ਤਾਰੀ ਨੇ ਜੁਆਕਾਂ ਨਾਲ਼
ਹਮਦਰਦੀ ਜਤਾਉਂਦੇ ਹੋਏ ਕਿਹਾ, “ਯਾਰ
ਰਣਜੀਤ ਇਹ ਤਾਂ ਤੂੰ ਜੁਆਕਾਂ ਤੇ ਜ਼ੁਲਮ ਕਰ ਰਿਹਾ ਏਂ?
ਕੀ ਕਰਨਗੇ ਇਹ
ਓਥੇ ਜਾ ਕੇ ਜਦੋਂ ਏਨਾਂ ਦਾ ਮਨ ਹੀ ਖੁਸ਼ ਨਹੀਂ?
ਏਥੇ ਕੋਈ
ਪੜ੍ਹਾਈ ਏਨੀਂ ਮਾੜੀ ਤਾਂ ਨਹੀਂ।
ਅਜੇ ਹੁਣ ਤੱਕ
ਵੀ ਜੇ ਕੋਈ ਉਧਰਲਾ ਵਲਾਇਤ ਤੋਂ ਵਕੀਲੀ ਜਾਂ ਡਾਕਟਰੀ ਕਰ ਕੇ ਜਾਂਦਾ ਹੈ ਉਸ ਦੀ ਓਥੇ
ਪੂਰੀ ਪੁੱਛ ਹੁੰਦੀ ਹੈ।ਲੋਕਾਂ
ਵਿੱਚ ਉਹ ਵਲਾਇਤ ਦੀ ਹੀ ਬੱਲੇ ਬੱਲੇ ਕਰਵਾਉਂਦਾ ਹੈ।
ਤੇ ਲੋਕ ਉਧਰੋਂ ਲੱਖਾਂ ਰੁਪਈਆ ਖਰਚ ਕੇ ਬੱਚਿਆਂ ਨੂੰ ਵਲਾਇਤ ਪੜ੍ਹਾਉਣ ਭੇਜਦੇ ਹਨ।
ਪਰ ਤੁਸੀਂ ਏਥੇ ਆ ਕੇ ਹੁਣ ਉਧਰ ਨੂੰ ਭੇਜੀ ਜਾਂਦੇ ਹੋਂ।ਹੁਣ
ਥੋਡੇ ਤੋਂ ਮੁਫਤ ਵਿੱਚ ਵੀ ਇਹ ਸਹੂਲਤ ਨਹੀਂ ਮਾਣੀ ਜਾਂਦੀ”?
ਤਾਰੀ ਦੀ ਗੱਲ ਨੂੰ ਹੀ
ਅੱਗੇ ਵਧਾਉਂਦੇ ਦਿਲਬਾਗ ਅੰਕਲ ਨੇ ਕਿਹਾ, “ਏਵੇਂ
ਤਾਂ ਜੁਆਕਾਂ ਨੇ ਨਾਂ ਏਧਰਲੇ ਰਹਿਣਾ ਹੈ ਅਤੇ ਨਾਂ ਉਧਰਲੇ।
ਮੁੜਕੇ ਏਥੇ ਆ ਕੇ ਉਹ ਹੀ ਦੁੱਖ ਭੋਗਣਗੇ ਜੋ ਹੁਣ ਤੱਕ ਅਸੀਂ ਭੋਗਦੇ ਰਹੇ ਹਾਂ।
ਇਹ ਗਲਤ ਗੱਲ ਹੈ”।
ਗੈਰੀ ਅਤੇ ਹੈਰੀ ਨੂੰ
ਉਨ੍ਹਾਂ ਦੀ ਗੱਲ ਬਾਤ ਚੰਗੀ ਲੱਗੀ।
ਪਰ ਉਨ੍ਹਾਂ ਦੇ
ਡੈਡੀ ਤੇ ਅਜੇ ਵੀ ਕੋਈ ਅਸਰ ਨਹੀਂ ਸੀ ਹੋਇਆ।
ਸਗੋਂ ਉਹ ਤਾਂ ਆਖ ਰਿਹਾ ਸੀ, “ਬੈਠੇ
ਤਾਂ ਖਾਣ ਪੀਣ ਤੇ ਸ਼ੁਗਲ ਕਰਨ ਲਈ ਸੀ ਤੁਸੀਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ।ਮੇਰੀ
ਪੀਤੀ ਹੋਈ ਹੀ ਲਾਹ ਦਿੱਤੀ।ਲਾਉ
ਇੱਕ ਇੱਕ ਪੈੱਗ”।
ਆਖਦਾ ਉਹ ਹੋਰ ਪੈੱਗ ਬਣਾਉਣ ਲੱਗਿਆ।
ਉਹ ਕਾਫੀ ਦੇਰ ਬੈਠੇ ਰਹੇ।ਉਨ੍ਹਾ
ਦੇ ਜਾਣ ਤੋਂ ਬਾਅਦ ਰਣਜੀਤ ਤਾਂ ਰੋਟੀ ਖਾਅ ਕੇ ਸੌਂ ਗਿਆ ਪਰ ਦੋਹਾਂ ਬੱਚਿਆਂ ਨੂੰ
ਨੀਂਦ ਨਹੀਂ ਸੀ ਪਈ।
ਉਹ ਵਾਰ ਵਾਰ
ਆਪਣੀ ਮਾਂ ਨੂੰ ਪੁੱਛਦੇ ਰਹੇ, “ਮਾਂ
ਅਸੀਂ ਏਥੇ ਕਿਉਂ ਨਹੀਂ ਰਹਿ ਸਕਦੇ?
ਕੀ ਸਾਨੂੰ ਉਸ ਕੈਦ ਵਿੱਚ ਫੇਰ ਜਾਣਾ ਪਵੇਗਾ?
ਉਹ ਸਾਰੀ ਰਾਤ ਰੋਂਦੇ ਰਹੇ ਤੇ ਉਨ੍ਹਾਂ ਦੀ ਮਾਂ ਵੀ ਰੋਂਦੀ ਰਹੀ।
ਦੂਜਾ ਦਿਨ ਚੜਿਆ,
ਇਹ ਉਨ੍ਹਾਂ ਦੀਆਂ ਛੁੱਟੀਆਂ ਦਾ ਆਖਰੀ ਦਿਨ ਸੀ।
ਗੈਰੀ ਆਪਣੇ ਘਰ ਤੋਂ ਚੌਥੇ ਪੰਜਵੇਂ ਘਰ ਤੇ ਨਜ਼ਰ ਟਿਕਾਈਂ ਖੜਾ ਸੀ,ਜਿੱਥੋਂ
ਉਸਦੀ ਗਰਲ ਫਰੈਂਡ ਜੈਨੀਫਰ ਨੇ ਨਿੱਕਲਣਾ ਸੀ।
ਉਹ ਛੋਟਾ ਹੁੰਦਾ
ਹੀ ਜੈਨੀਫਰ ਨਾਲ ਹੀ ਖੇਡਦਾ ਅਤੇ ਪੜ੍ਹਦਾ ਆ ਰਿਹਾ ਸੀ।
ਦੋਹਾਂ ਦੀ ਦੋਸਤੀ ਬਹੁਤ ਗੂੜੀ ਸੀ।ਪਰ
ਇੰਡੀਆ ਜਾਣ ਕਰਕੇ ਉਹ ਵੱਖਰੇ ਹੋ ਗਏ ਸਨ।ਹੁਣ
ਜਿਸ ਦਿਨ ਦੇ ਗੈਰੀ ਅਤੇ ਹੈਰੀ ਆਏ ਸਨ ਜੈਨੀਫਰ ਬਹੁਤ ਖੁਸ਼ ਸੀ।
ਗੈਰੀ ਨੂੰ ਵੇਖਣ
ਸਾਰ ਉਸਦੀ ਚੀਕ ਨਿੱਕਲ ਗਈ ਸੀ।ਉਸਨੂੰ
ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਆ ਰਿਹਾ।ਉਹ
ਉਸ ਨੂੰ ਦੇਖਣ ਸਾਰ ਬੋਲੀ, “ਤੂੰ
ਏਥੋਂ ਕਿਉਂ ਚਲਾ ਗਿਆ?
ਕੀ ਇਹ ਤੇਰਾ ਦੇਸ਼ ਨਹੀਂ?
ਤੇਰੇ ਮੰਮ ਡੈਡ ਕਿਉਂ ਨਹੀਂ ਤੈਨੂੰ ਏਥੇ ਪੜ੍ਹਨ ਦੇਣਾ ਚਾਹੁੰਦੇ?
ਕਿਉਂ ਤੂੰ ਏਨਾ
ਕੰਮਜ਼ੋਰ ਬਣ ਗਿਆ?”
ਉਹ ਗੁੱਸੇ ਵਿੱਚ ਬੋਲਦੀ
ਰਹੀ ਸੀ।
ਉਸ ਦੀਆਂ ਗੱਲਾਂ ਸੁਣ ਕੇ ਗੈਰੀ ਦਾ ਰੋਣ ਨਿੱਕਲ ਗਿਆ ਸੀ।
ਉਸਨੇ ਫੇਰ ਪੁੱਛਿਆ, “ਇਸ
ਵਾਰੀ ਤਾਂ ਤੂੰ ਏਥੇ ਸਕੂਲ ਜਾਵੇਂਗਾ?”
ਗੈਰੀ ਨੇ ਨਾਂ
ਵਿੱਚ ਸਿਰ ਫੇਰ ਦਿੱਤਾ।“ਤੂੰ
ਇੰਡੀਆ ਜਾ ਕੇ ਪੜ੍ਹਨਾ ਚਾਹੁੰਦਾ ਏਂ?”
“ਨਹੀਂ
ਜੈਨੀ ਮੈਂ ਨਹੀਂ ਚਾਹੁੰਦਾ”।
“ਗੈਰੀ
ਇਹ ਜ਼ੁਲਮ ਹੈ ਜੋ ਤੂੰ ਆਪਣੇ ਆਪ ਤੇ ਕਰ ਰਿਹਾ ਏਂ।ਤੇਰੇ
ਫਰੈਂਡਜ਼ ਸਾਰੇ ਏਥੇ ਹਨ।
ਤੂੰ ਏਥੇ ਜੰਮਿਆ ਪਲਿਆ ਅਤੇ ਖੇਡਿਆ ਏਂ।
ਤੇਰਾ ਦੇਸ਼ ਇਹ
ਹੈ।ਇੰਡੀਆ
ਤੇਰੇ ਡੈਡ ਦਾ ਹੋਮ ਕੰਟਰੀ ਹੈ ਤੇਰਾ ਨਹੀਂ।
ਉਹ ਤੇਰੇ ਨਾਲ ਧੱਕਾ ਨਹੀਂ ਕਰ ਸਕਦੇ।ਜੇ
ਕਰਦੇ ਨੇ ਤਾਂ ਤੂੰ ਉਸਦੇ ਖਿਲਾਫ ਸਟੈਂਡ ਲੈ।
ਜੇ ਫੇਰ ਵੀ ਤੇਰੀ ਕੋਈ ਨਹੀਂ ਸੁਣਦਾ ਤਾਂ ਤੂੰ ਇਸ ਕੰਟਰੀ ਦਾ ਸਿਟੀਜਨ ਏਂ ਪੁਲੀਸ
ਨੂੰ ਫੋਨ ਕਰ।
ਉਹ ਤੈਨੂੰ ਏਸ
ਧੱਕੇ ਤੋਂ ਬਚਾਵੇਗੀ।
ਇਟਜ਼ ਟੂ ਮੱਚ”।
ਜੈਨੀਫਰ ਪੂਰੇ ਗੁੱਸੇ ਵਿੱਚ ਆਖ ਰਹੀ ਸੀ।
ਪਰ ਜਿਉਂ ਹੀ ਉਸਨੇ ਗੈਰੀ
ਨੂੰ ਅੱਥਰੂ ਕੇਰਦੇ ਹੋਏ ਤੱਕਿਆ ਤਾਂ ਜੈਨੀਫਰ ਨੇ ਉਸ ਨੂੰ ਬਾਹਾਂ ਵਿੱਚ ਘੁੱਟ ਲਿਆ।
ਉਸੇ ਵਕਤ ਨਾਲ
ਦੇ ਘਰ ਵਾਲੇ ਕਿਸੇ ਪੰਜਾਬੀ ਦਾ ਨਜ਼ਰੀਂ ਪੈ ਗਿਆ।
ਉਹ ਸਿੱਧਾ ਰਣਜੀਤ ਦੇ ਘਰ ਨੂੰ ਭੱਜਿਆ।
“ਰਣਜੀਤ
ਹੱਦ ਈ ਹੋ ਗਈ ਬਈ ਗੋਰਿਆਂ ਦੀ ਕੁੜੀ ਤੇਰੇ ਮੁੰਡੇ ਹੈਰੀ ਨੂੰ ਜੱਫੀ ਪਾਈਂ ਕਿੱਸ ਕਰ
ਰਹੀ ਸੀ।
ਆਪਣੀ ਉਲਾਦ ਨੂੰ ਸੰਭਾਲੋ।ਇਹ
ਗੋਰੀਆਂ ਦਾ ਕੁੱਝ ਨਹੀਂ ਜਾਣਾ ਤੇਰੇ ਲੜਕੇ ਬਿਗੜ ਜਾਣਗੇ”।
ਰਣਜੀਤ ਗੁਆਂਢੀ ਦੀ ਗੱਲ
ਸੁਣ ਕੇ ਲੋਹਾ ਲਾਖਾ ਹੋਇਆ ਸਿਮਰਨ ਨੂੰ ਬੋਲਣ ਲੱਗਿਆ,
“ਲੈ ਸੁਣ ਲੈ
ਤੂੰ ਵੀ।ਬੜਾ
ਆਖਦੀ ਸੀ ਜੁਆਕਾਂ ਨੂੰ ਏਥੇ ਪੜ੍ਹਨ ਲਾਉ।ਬੱਸ
ਆ ਹੀ ਬਾਕੀ ਰਹਿ ਗਈ ਸੀ।
ਅਜੇ ਕੀ ਉਮਰ ਹੈ ਗੈਰੀ ਦੀ ਸਿਰਫ ਚੌਦਾਂ ਪੰਦਰਾਂ ਸਾਲ ਦੀ ਜੇ ਹੁਣੇ ਗੋਰੀਆਂ ਦੇ
ਚੱਕਰ ਵਿੱਚ ਪੈ ਗਿਆ ਤਾਂ ਬੱਸ ਸਰ ਗਿਆ।
ਏਨ੍ਹਾ ਲਈ ਹੀ
ਹੁਣ ਤੱਕ ਮਰਦੇ ਰਹੇ ਹਾਂ ਹੁਣ ਇਹ ਏਹੋ ਜਿਹੇ ਚੰਦ ਚਾੜਨਗੇ?
ਲੋਕ ਕੀ ਕਹਿਣਗੇ।
ਗੈਰੀ ਦੀ ਹਿੰਮਤ ਕਿਵੇਂ ਪਈ?
ਮੈਂ ਤਾਂ ਉਨ੍ਹਾ ਨੂੰ
ਕਿਸੇ ਹਾਲਤ ਵਿੱਚ ਵੀ ਏਥੇ ਪੜ੍ਹਨ ਨਹੀਂ ਦੇਵਾਂਗਾ”।
ਰਣਜੀਤ ਦਾ ਗੁੱਸਾ ਬੇਕਾਬੂ ਹੋ ਰਿਹਾ ਸੀ।
ਸਿਮਰਨ ਤਰਲੇ ਕਰ ਰਹੀ ਸੀ
ਕਿ ਬੱਚਿਆ ਨੂੰ ਕੁੱਝ ਨਾ ਕਿਹੋ ਉਨ੍ਹਾ ਵਿਚਾਰਿਆਂ ਨੇ ਤਾਂ ਚਲੇ ਹੀ ਜਾਣਾ ਹੈ।
ਫੇਰ ਐਵੇਂ ਬੁੱਸ ਬੁੱਸ ਕਰਦੇ ਜਾਣਗੇ।
ਉਸ ਦਿਨ ਹੈਰੀ ਵੀ ਆਪਣੇ ਫਰੈਂਡਾ ਨਾਲ ਖੇਡਦਾ ਦੇਰ ਰਾਤ ਨੂੰ ਘਰ ਆਇਆ ਸੀ।
ਉਸ ਦਿਨ ਗੈਰੀ ਨੇ ਆਪਣੀ
ਮੰਮੀ ਨੂੰ ਕਿਹਾ ਸੀ, “ਮੰਮ
ਅੱਜ ਸਾਡਾ ਲਾਸਟ ਦਿਨ ਹੈ ਕਿਤੇ ਘੁੰਮਣ ਲੈ ਕੇ ਚੱਲੋ ਨਾਂ।
ਅੱਗੋਂ ਸਿਮਰਨ ਬੋਲੀ ਸੀ, “ਬੇਟੇ
ਸੈਟਰਡੇਅ ਮੈਂ ਤਾਂ ਵੇਹਲੀ ਹੁੰਦੀ ਆਂ ਪਰ ਤੇਰੇ ਡੈਡੀ ਦਾ ਔਵਰ ਟਾਈਮ ਹੁੰਦਾ ਹੈ।
ਇਸ ਦਿਨ ਡੇਢੇ
ਪੈਸੇ ਮਿਲਦੇ ਨੇ ਤੇ ਉਹ ਔਵਰ ਟਾਈਮ ਛੱਡਦੇ ਨਹੀਂ।
ਉਹ ਤਾਂ ਅਰਲੀ ਮੌਰਨਿੰਗ ਹੀ ਕੰਮ ਤੇ ਚਲੇ ਗਏ ਸਨ।ਹੁਣ
ਗ੍ਰੌਸਰੀ ਲੈਣ ਵੀ ਮੈਨੂੰ ਜਾਣਾ ਪੈਣਾ ਹੈ।
ਅਜੇ ਮੈਂ ਕੱਪੜੇ ਵੀ ਧੋਣੇ ਹਨ,
ਹੋਰ ਕਈ ਕੰਮ ਨੇ ਫੇਰ ਕੱਲ ਨੂੰ ਥੋਡੀ ਫਲਾਈਟ ਹੈ”।
ਹੈਰੀ ਕੁੱਝ ਅੱਪਸੈੱਟ
ਜਿਹਾ ਹੋ ਗਿਆ ਸੀ ਉਸ ਤੋਂ ਕਿਹੇ ਬਗੈਰ ਰਿਹਾ ਨਾ ਗਿਆ।
“ਮਾਂ ਡੈਡ ਨੂੰ
ਪਤਾ ਸੀ ਕਿ ਕੱਲ ਨੂੰ ਅਸੀਂ ਚਲੇ ਜਾਣਾ ਹੈ ਫੇਰ ਉਹ ਅੱਜ ਔਵਰ ਟਾਈਮ ਨੂੰ ਰਹਿਣ
ਦਿੰਦੇ?
ਆਪਾਂ ਥੀਏਟਰ ਚੱਲਦੇ
ਅਸੀਂ ‘ਟਾਈਟੈਨਕ’
ਮੂਵੀ ਦੇਖਣਾ
ਚਾਹੁੰਦੇ ਸੀ।
ਪਰ ਉਹ ਤਾਂ ਸਾਡੇ ਨਾਲੋਂ ਮਨੀ ਨੂੰ ਵੱਧ ਪਿਆਰ ਕਰਦੇ ਹਨ”।
“ਬੇਟੇ
ਮੈਂ ਕਿਹਾ ਸੀ ਕਿ ਮੂਵੀ ਦੇਖਣ ਚੱਲਾਂਗੇ ਤਾਂ ਕਹਿੰਦੇ ਉਸ ਮੂਵੀ ਦਾ ਕੀ ਦੇਖਣਾ ਏ।
ਉਹਦੇ ਵਿੱਚ ਜ਼ਹਾਜ ਜਿਹਾ ਈ ਡੁੱਬਦਾ ਏ ਉਹਦਾ ਕੀ ਦੇਖਣਾ ਹੈ।
ਨਾਲੇ ਗੋਰਿਆਂ
ਦੀ ਸਟੋਰੀ ਹੈ ਆਪਾਂ ਨੂੰ ਕੀ?
ਜੇ ਮੈਂ ਔਵਰ ਟਾਇਮ
ਛੱਡੂੰ ਤਾਂ ਚਾਲੀ ਪੰਜਾਹ ਪੌਂਡ ਜਾਣਗੇ”।
ਮਾਂ ਦੀ ਗੱਲ ਸੁਣ ਕੇ
ਹੈਰੀ ਨੇ ਸਿਰ ਮਾਰਿਆ, “ਹਰ
ਟਾਈਮ ਮਨੀ ਮਨੀ ਮਨੀ,
ਵਰਕ ਵਰਕ ਵਰਕ ਡੈਡ ਦੀ
ਹੋਰ ਕੋਈ ਲਾਈਫ ਨਹੀਂ ਹੈ।
ਪੈਸੇ ਬਾਰੇ ਹੀ ਸੋਚਦੇ ਨੇ ਸਾਡੇ ਤੱਕ ਉਨ੍ਹਾ ਨੂੰ ਕੀ?
ਅਸੀਂ ਆਪ ਹੀ
ਕਿਤੇ ਘੁੰਮ ਆਵਾਂਗੇ”।
ਸਿਮਰਨ ਨੇ ਬਥੇਰਾ
ਸਮਝਾਇਆ ਪਰ ਉਹ ਉਸਦੇ ਕਹਿੰਦੇ ਕਹਿੰਦੇ ਤਿਆਰ ਹੋ ਕੇ ਨਿੱਕਲ ਗਏ।
ਹੇਟਨ ਕਰੌਸ ਤੋਂ ਉਨ੍ਹਾਂ
ਨੇ ਈਸਟ ਬੌਂਡ ਨੂੰ ਟਰੇਨ ਫੜੀ।
ਹੰਸਲੋ,
ਈਰਲ,
ਕਨਜ਼ਿੰਕਟਨ ਅਤੇ ਲੈਸਟਰ ਸੁਕੇਅਰ ਹੁੰਦੇ ਹੋਏ ਉਹ ਵਿਕਟੋਰੀਆ ਜਾ ਉੱਤਰੇ।
ਉੱਥੋਂ ਉਨ੍ਹਾਂ
ਨੇ ਬੱਸ ਚੜਕੇ ਸੈਂਟਰਲ ਲੰਡਨ ਦਾ ਗੇੜਾ ਕੱਢਿਆ।
ਖ਼ੂਬਸੂਰਤ ਲੰਡਨ ਵਿੱਚ ਲੋਕਾਂ ਦੀ ਸਜ ਧਜ ਕਮਾਲ ਦੀ ਸੀ।
ਕੋਟ ਪੈਂਟ ਪਾਈਂ ਟਾਈਆਂ ਲਾਈਂ ਲੋਕਾਂ ਦਾ ਚੁੱਪ ਚਾਪ ਸਫਰ ਕਰਨਾ ਉਨ੍ਹਾਂ ਨੂੰ ਬਹੁਤ
ਚੰਗਾ ਲੱਗ ਰਿਹਾ ਸੀ।
ਬਜ਼ਾਰਾਂ ਵਿੱਚ ਵੀ ਨਾ ਕੋਈ ਧੱਕਾ ਨਾ ਮੁੱਕੀ ਤੇ ਨਾ ਹੀ ਰੌਲਾ ਗੌਲਾ।
ਇੱਕ ਪਲ਼ ਉਨ੍ਹਾਂ ਨੂੰ ਭਾਰਤ ਦਾ ਖਿਆਲ ਆਇਆ।
ਸ਼ੋਰ ਸ਼ਰਾਬਾ,
ਰਿਸ਼ਵਤ,
ਸਿਪਾਰਸ਼ਾਂ,
ਗੰਦਗੀ,
ਭ੍ਰਿਸ਼ਟਾਚਾਰ,
ਭੀੜ ਭਰੇ ਬਜ਼ਾਰ ਅਤੇ ਧੱਕਾ ਮੁੱਕੀ।
ਹੈਰੀ ਦੇ ਹਨ ਵਿੱਚ ਹੌਲ ਜਿਹਾ ਪੈਣ ਲੱਗਿਆ।
ਉਸਨੇ ਗੈਰੀ ਨੂੰ
ਕਿਹਾ, “ਵੱਟ
ਏ ਲਾਈਫ”।
ਫੇਰ ਉਹ ਬਕਿੰਗਮ ਪੈਲਿਸ
ਤੋਂ ਬੱਸ ਚੜ ਕੇ ਤਰਫਾਲਗਰ ਸੁਕੇਅਰ ਹੁੰਦੇ ਹੋਏ ਪਾਰਲੀਮੈਂਟ ਹਾਊਸ ਅਤੇ ਲੰਡਨ ਬਰਿੱਜ
ਵਲ ਵੀ ਗਏ।
ਸੈਂਟਰਲ ਲੰਡਨ ਵਿੱਚ ਉਨ੍ਹਾਂ ਨੇ ਇੱਕ ਸਿਨਮੇ ਵਿੱਚ
‘ਟਾਈਟੈਨਿਕ’
ਮੂਵੀ ਵੀ ਦੇਖੀ
ਤੇ ਮੁੜਕੇ ਰੇਲਵੇ ਸਟੇਸ਼ਨ ਤੇ ਆ ਚਾਰ ਵਜੇ ਫੇਰ ਵਾਪਸੀ ਟਰੇਨ ਫੜ ਲਈ।
ਹੁਣ ਦੋਵੇਂ
ਉਦਾਸ ਬੈਠੇ ਸਨ ਜਿਵੇਂ ਪਿੰਜਰੇ ਵਿੱਚ ਪਾਉਣ ਤੋਂ ਪਹਿਲਾਂ ਕਬੂਤਰਾਂ ਦੇ ਪਰ ਕੱਟ
ਦਿੱਤੇ ਹੋਣ।ਵੱਡੇ
ਦੀਆਂ ਅੱਖਾਂ ਵਿੱਚ ਅਥਰੂ ਵੇਖ ਛੋਟਾ ਬੋਲਿਆ,
“ਮੈਂ ਤਾਂ ਮਰ
ਜਾਵਾਂਗਾ ਪਰ ਵਾਪਸ ਇੰਡੀਆ ਨਹੀਂ ਜਾਵਾਂਗਾ”।
“ਜਾਣਾ
ਤਾਂ ਮੈਂ ਵੀ ਨਹੀਂ ਚਾਹੁੰਦਾ”।
ਗੈਰੀ ਨੇ ਕਿਹਾ
“ਫੇਰ
ਆਪਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ ਜੇ ਡੈਡੀ ਧੱਕਾ ਕਰਵਗੇ ਤਾਂ ਪੁਲਿਸ ਨੂੰ ਫੋਨ
ਕਰ ਦੇਵਾਂਗੇ।
ਪਰ ਡੈਡ ਇਸ ਤਰਾਂ ਨਹੀਂ ਕਰ ਸਕਦੇ ਅਸੀਂ ਬ੍ਰਿਟਿਸ਼ ਸਿਟੀਜ਼ਨ ਹਾਂ”।
ਫੇਰ ਦੋਨਾਂ ਨੇ ਨਾ ਜਾਣ ਦੀ ਕਸਮ ਖਾਧੀ।
ਟਰੇਨ ਉੱਤਰ ਕੇ ਉਹ ਘਰ
ਨੂੰ ਤੁਰ ਪਏ।
ਹੈਰੀ ਦੇ ਰਸਤੇ
ਵਿੱਚ ਕਈ ਦੋਸਤ ਮਿਲੇ।ਤੇ
ਗੈਰੀ ਵੀ ਜੈਨੀਫਰ ਨੂੰ ਉਸਦੇ ਘਰ ਅੱਗੇ ਮਿਲਿਆ।
ਜੈਨੀਫਰ ਅਜੇ ਵੀ ਹੈਰਾਨ ਸੀ ਕਿ ਗੈਰੀ ਸਟੈਂਡ ਕਿਉਂ ਨਹੀਂ ਲੈ ਰਿਹਾ।
ਉਸਨੇ ਫੇਰ ਗੈਰੀ
ਨੂੰ ਕਿਹਾ “ਆਪਣੇ
ਆਪ ਤੇ ਜ਼ੁਲਮ ਨਾ ਕਰ ਜੇ ਨਹੀਂ ਜਾਣਾ ਚਾਹੁੰਦਾ ਨਾਂ ਜਾਅ।
ਜੇ ਤੂੰ ਕਹੇਂ
ਮੈਂ ਪੁਲੀਸ ਨੂੰ ਫੋਨ ਕਰ ਦਿੰਦੀ ਹਾਂ”।
ਉਸ ਦਿਨ ਜਦੋਂ ਉਹ ਘਰ ਗਏ
ਤਾਂ ਓਨਾ ਦਾ ਡੈਡ ਸੋਫੇ ਤੇ ਸ਼ਰਾਬ ਦਾ ਪੈੱਗ ਲਾਈਂ ਬੈਠਾ ਸੀ,
ਪੂਰੇ ਗੁੱਸੇ ਵਿੱਚ।
ਉਹ ਉਨ੍ਹਾਂ ਨੂੰ ਦੇਖਣ ਸਾਰ ਬੋਲਿਆ “ਸਵੇਰ
ਦੇ ਤੁਸੀਂ ਕਿੱਥੇ ਸੀ?
ਜਾਣ ਦੀ ਤਿਆਰੀ ਨਹੀਂ ਸੀ
ਕਰਨੀ?
ਐਵੇਂ ਤੁਰੇ ਫਿਰਦੇ ਹੋਂ।
“ਡੈਡੀ
ਅਸੀਂ ਮੂਵੀ ਦੇਖਣ ਗਏ ਸੀ ਨਾਲੇ ਮੈਕਡੌਨਲ ਖਾਣਾ ਸੀ," ਦੇਵੇਂ ਬੋਲੇ।
ਰਣਜੀਤ ਗੁੱਸੇ ਤੇ ਕਾਬੂ
ਪਾਉਂਦਾ ਬੋਲਿਆ ਚਲੋ ਹੁਣ ਕਰੋ ਤਿਆਰੀ”।
ਤਾਂ ਗੈਰੀ ਬੋਲਿਆ,
“ਡੈਡ ਨਹੀਂ
ਜਾਵਾਂਗਾ ਇੰਡੀਆ,
ਮੇਰਾ ਕੰਟਰੀ ਬ੍ਰਟਿਸ਼ ਹੈ”।
ਉਸਦੇ ਨਾਲ ਹੀ
ਹੈਰੀ ਬੋਲਿਆ, “ਮੇਰੇ
ਸਾਰੇ ਫਰੈਂਡ ਏਥੇ ਹਨ ਮੈਂ ਵੀ ਨਹੀਂ ਜਾਣਾ ਭਾਵੇਂ ਕੁੱਝ ਵੀ ਹੋ ਜਾਵੇ”।
ਰਣਜੀਤ ਅੱਗੋਂ ਕੜਕਿਆ
“ਜਾਣਾ
ਕਿਵੇਂ ਨਹੀਂ?
ਇਹ ਤੁਸੀਂ ਸੋਚਿਆ ਕਿਵੇ?”
ਤਾਂ ਅੱਗੋਂ ਗੈਰੀ ਵੀ
ਕੜਕਿਆ “ਜੇ
ਸਾਡੇ ਨਾਲ ਧੱਕਾ ਕੀਤਾ ਤਾਂ ਸਾਨੂੰ ਪੁਲਿਸ ਕਾਲ ਕਰਨੀ ਪਵੇਗੀ।
ਇਟਜ਼ ਟੂ ਮੱਚ।
ਇੰਗਲੈਂਡ ਸਾਡਾ
ਦੇਸ਼ ਹੈ।
ਅਸੀਂ ਕੋਈ ਗ਼ਮਲਿਆਂ ਵਿੱਚ ਉਗਾਏ ਫੁੱਲ ਨਹੀਂ ਕਿ ਜਿੱਥੇ ਜੀ ਕੀਤਾ ਚੁੱਕ ਕੇ ਧਰ
ਦਿੱਤਾ।
ਸਾਡੀਆਂ ਜੜ੍ਹਾਂ ਇੱਸ ਮਿੱਟੀ ਵਿੱਚ ਹਨ।
ਜੇ ਤੁਹਾਡੀਆਂ
ਜੜ੍ਹਾਂ ਭਾਰਤ ਵਿੱਚ ਹਨ ਤਾਂ ਤੁਸੀਂ ਉਥੇ ਜਾਉ।
ਪਰ ਅਸੀਂ ਨਹੀਂ ਜਾਵਾਂਗੇ”।
ਗੈਰੀ ਦੀ ਦ੍ਰਿੜਤਾ ਅਤੇ
ਰੋਹ ਭਰੀਆਂ ਅੱਖਾਂ ਵੇਖ ਕੇ ਰਣਜੀਤ ਠੰਢਾ ਪੈ ਗਿਆ।
ਉਸ ਰਾਤ ਇੱਕ
ਮਿੰਟ ਵੀ ਉਸਦੀ ਅੱਖ ਨਹੀਂ ਲੱਗੀ।
ਉਹ ਸਾਰੀ ਰਾਤ
ਸੋਚਦਾ ਰਿਹਾ ਕਿ ‘ਕੀ
ਉਹ ਠੀਕ ਹੈ ਜਾਂ ਗ਼ਲਤ’।
ਦੂਸਰਾ ਦਿਨ ਚੜ੍ਹਿਆ ਤਾਂ
ਉਨ੍ਹਾਂ ਦੀ ਕਾਰ ਦੌੜਦੀ ਜਾ ਰਹੀ ਸੀ, ਹੀਥਰੋ ਏਅਰ ਪੋਰਟ ਵਲ ਨੂੰ ਨਹੀਂ ਸਗੋਂ
ਇੰਗਲੈਂਡ ਦੇ ਹੀ ਕਿਸੇ ਸਕੂਲ ਵਿੱਚ ਦਾਖਲਾ ਲੈਣ।
ਦੋਵੇਂ ਬੱਚੇ ਬਹੁਤ ਖੁਸ਼ ਸਨ।
ਆਸੇ ਪਾਸੇ ਚਹਿਲ
ਪਹਿਲ ਸੀ ਤੇ ਪਾਰਕਾਂ ਵਿੱਚ ਖ਼ੂਬਸੂਰਤ ਫੁੱਲ ਜੋ ਆਪਣੀਆਂ ਜੜ੍ਹਾਂ ਜ਼ਮੀਨ ਵਿੱਚ
ਗੱਡੀ ਇਨ੍ਹਾਂ ਬੱਚਿਆਂ ਵਾਂਗੂੰ ਹੀ ਟਹਿਕ ਅਤੇ ਮਹਿਕ ਰਹੇ ਸਨ।