ਜੁਝਾਰਵਾਦੀ ਕਾਵਿ ਫਰੰਟ ਦੇ ਇਸ ਨਾਇਕ ਦਾ ਨਾਂ ਮੈਂ 1977 ਵਿੱਚ ਪਹਿਲੀ ਵਾਰ ਸਣਿਆ।
ਕਾਲਜ ਦਾਖਲ ਹੋਇਆ ਤਾਂ ਨਕਸਲਵਾਦੀ ਦੌਰ ਦੀ ਰਹਿੰਦ ਖੂੰਹਦ ਬਾਕੀ ਸੀ। ਹਰਬੰਸ ਮਾਲਵਾ,
ਜੁਆਲਾ ਦਿਆਲਪੁਰੀ, ਮਾਸਟਰ ਤ੍ਰਲੋਚਨ ਜਦੋਂ ਭਾਸ਼ਨ ਦਿੰਦੇ ਤਾਂ ਲਾਲ ਸਿੰਘ ਦਿਲ, ਸੰਤ
ਰਾਮ ਉਦਾਸੀ, ਦਰਸ਼ਣ ਖਟਕੜ, ਅਮਰਜੀਤ ਚੰਦਨ, ਪਾਸ਼ ਦੀਆਂ ਸਤਰਾਂ ਜਰੂਰ ਬੋਲਦੇ। ਉਨ੍ਹਾਂ
ਦੇ ਨਾਂ ਉਸ ਦੌਰ ਵਿੱਚ ਗੂੰਜਦੇ ਸਨ। ਜੋ ਮੇਰੇ ਵਰਗੇ ਹਰ ਮੁੰਡੇ ਨੂੰ ਪ੍ਰਭਾਵਤ
ਕਰਦੇ। ਮੈਂ ਉਦੋਂ ਹੀ ਲਾਲ ਸਿੰਘ ਦਿਲ ਨਾਲ ਜੁੜ ਗਿਆ। ਉਹ ਰੂਪੋਸ਼ੀ ਤੋਂ ਬਾਅਦ
ਸਮਰਾਲੇ ਪਰਤ ਚੁੱਕਾ ਸੀ। ਸਾਹਿਤਕ ਮੀਟਿੰਗਾਂ ਵਿੱਚ ਆਂਉਂਦਾ ਸੀ। ਅਸੀਂ ਗੁਲਜ਼ਾਰ
ਮੁਹੰਮਦ ਗੋਰੀਆ, ਸਰੋਦ ਸੁਦੀਪ, ਲਾਲ ਸਿੰਘ ਦਿਲ ਦੀ ਤਿੱਕੜੀ ਨੂੰ ਅਕਸਰ ਮਿਲਦੇ। ਕਦੀ
ਕਦੀ ਯਕੀਨ ਵੀ ਨਾ ਆਉਂਦਾ ਕਿ ਮੁਸਲਮਾਨ ਬਣ ਚੁੱਕਿਆ ਉਜੂ ਵੁਜੂ ਦੀ ਫਲਾਸਫੀ ਝਾੜਨ
ਵਾਲਾ ਮਾਨਸਿਕ ਬਿਮਾਰ ਮਰੀਅਲ ਜਿਹਾ ਬੰਦਾ ਇਹ ਹੀ ਲਾਲ ਸਿੰਘ ਦਿਲ ਹੈ। ਸਾਹਿਤ ਦੇ
ਖੇਤਰ ਦਾ ਜੁਝਾਰੂ ਨਾਇਕ....। ਹਾਂ ਜੀ ਉਹ ਉਹੀ ਮਿਸ਼ਾਲ ਵਾਂਗੂੰ ਬਲਦਾ, ਲਾਲ ਵਾਂਗੂੰ
ਦਗਦਾ, ਸਤਲੁਜ ਦੀ ਹਵਾ ਵਾਂਗੂੰ ਸ਼ੂਕਦਾ, ਨਾਗ ਵਾਂਗੂੰ ਡੰਗਦਾ ਤੇ ਤੁਹਾਡੀ ਫਰਜਾਂ
ਪ੍ਰਤੀ ਆਲਸ ਤੇ ਸੱਥਰ ਵਾਂਗੂੰ ਮਨ ਵਿੱਚ ਵਿਛ ਜਾਣ ਵਾਲਾ ਦਿਲ ਜੋ ਅੱਜ ਸਾਡੇ ਵਿੱਚ
ਨਹੀਂ ਰਿਹਾ।
ਇਨਕਲਾਬ ‘ਬੋਤੇ ਦਾ ਬੁੱਲ’ ਬਣ ਗਿਆ ਸੀ ਜੋ ਡਿਗਣ ਵਿੱਚ ਹੀ ਨਹੀਂ ਆ ਰਿਹਾ ਸੀ। ਕਈਆਂ
ਵਾਂਗੂੰ ਲਾਲ ਵੀ ਟੁੱਟ ਗਿਆ ਸੀ। ਜੋ ਨਾ ਝੁਕਿਆ ਨਾ ਮੁਚਿਆ ਤੇ ਨਾ ਹੀ ਬਾਕੀ ਲੋਕਾਂ
ਵਾਂਗ ਉਸ ਨੂੰ ‘ਸ਼ਬਦਾਂ ਦੀ ਖੱਟੀ’ ਖਾਣ ਦਾ ਢੰਗ ਆਇਆ। ਉਸ ਦੇ ਸੁਪਨਿਆਂ ਵਿੱਚ ਸਿਰਜੇ
ਮਾਡਲ ਦਾ ਟੁੱਟਣਾ ਭੁਰਨਾ ਉਦੋਂ ਹੀ ਪਤਾ ਲੱਗਦਾ ਜਦੋਂ ਉਹ ਕਦੇ ਦਾਰੂ ਪੀ ਕੇ ਗੱਲਾਂ
ਕਰਦਾ। ਗੋਰੀਆ ਉਹਦਾ ਸਭ ਤੋਂ ਪੱਕਾ ਦੋਸਤ ਸੀ। ਜਦੋਂ ਲਾਲ ਤੋਂ ਲੋਕ ਭੱਜਦੇ ਤਾਂ
ਗੋਰੀਆ ਉਸ ਨੂੰ ਸੰਭਾਲਦਾ ਆਖਦਾ ‘ਬਾਪੂ ਚੁੱਪ ਕਰ ਜਾ’। ਸਮਾਜ ਨੇ ਜਾਂ ਸਰਕਾਰ ਨੇ
ਕਦੀ ਵੀ ਨਹੀਂ ਉਸ ਦੀ ਸਾਰ ਪੁੱਛੀ। ਮੇਰੇ ਦੇਖਦੇ ਉਸ ਨੂੰ ਜਦੋਂ ਵੀ ਜਰੂਰਤ ਸੀ ਤਾਂ
ਗੁਲਜ਼ਾਰ ਮੁਹੰਮਦ ਗੋਰੀਏ ਨੇ ਹੀ ਉਸ ਨੂੰ ਸੰਭਾਲਿਆ। ਜੋ ਅੱਜ ਵੀ ਮੈਨੂੰ ਆਖ ਰਿਹਾ ਸੀ
“ਲਾਲ ਤਾਂ ਹੱਥਾਂ ਵਿੱਚੋਂ ਨਿੱਕਲਦਾ ਜਾਂਦੈ ਸਿਰਫ ਦਿਲ ਹੀ ਧੜਕਦਾ ਹੈ ਮੈਨੂੰ ਸਮਝ
ਨੀ ਆਉਂਦੀ ਕਿ ਮੈਂ ਕੀ ਕਰਾਂ” ਉਹ ਡੀ ਐੱਮ ਸੀ ਹਸਪਤਾਲ ਵਿੱਚ ਉਸ ਨਾਲ ਆਖਰੀ ਸਾਹਵਾਂ
ਤੱਕ ਨਿਭਿਆ। ਨਹੀ ਤਾਂ ਅਜਿਹੇ ਮੌਕੇ ਬਹੁਤੇ ਲੋਕ ਭੱਜ ਜਾਂਦੇ ਨੇ।
ਪਿਛਲੇ ਪੱਚੀ ਸਾਲਾਂ ਤੋਂ ਸਾਡਾ ਮਿਲਣ ਵਰਤਣ ਰਿਹਾ। ਕੋਈ ਗੋਸ਼ਟੀ ਹੋਵੇ ਸਾਹਿਤਕ
ਸਮਾਗਮ ਹੋਵੇ ਜਾਂ ਸਮਰਾਲੇ ਬੈਠ ਕੇ ਪੀਣੀ ਹੋਵੇ ਗੋਰੀਆਂ ਤੇ ਦਿਲ ਬਿਨਾਂ ਸਾਰੀਆਂ
ਮਹਿਫਲਾਂ ਅਧੂਰੀਆਂ ਸਨ। ਏਥੇ ਹੀ ਉਸ ਦਾ ਦਿਲ ਫਰੋਲਿਆ ਜਾ ਸਕਦਾ ਸੀ। 1990 ਵਿੱਚ
ਮੈਂ ਕਨੇਡਾ ਆ ਗਿਆ ਪਰ ਸਾਡੀ ਸਾਂਝ ਹਮੇਸ਼ਾਂ ਰਹੀ ਫੋਨ ਤੇ ਵੀ ਤੇ ਭਾਰਤ ਜਾਣ ਸਮੇਂ
ਵੀ। ਉਹ ਕਦੀ ਚਾਹ ਵੇਚਦਾ ਕਦੀ ਮਸਜਿਦ ਵਿੱਚ ਸਕਿਉਰਟੀ ਕਰਦਾ ਪਰ ਆਪਣੇ ਆਪ ਨੂੰ ਵੇਚ
ਨਾ ਸਕਿਆ। ਏਹੋ ਉਸ ਦਾ ਸਭ ਤੋਂ ਵੱਡਾ ਦੁਖਾਂਤ ਸੀ। ਏਹੋ ਦੁਖਾਂਤ ਕੁਲਵੰਤ ਨੀਲੋਂ ਦਾ
ਵੀ। ਵੱਡਾ ਸ਼ਾਇਰ ਆਰਥਿਕ ਤੌਰ ਤੇ ਨੀਵਾਂ ਹੀ ਰਿਹਾ। ਮੈਂ 1993 ਵਿੱਚ ਉਸ ਨੂੰ ਮਿਲਿਆ
ਉਹ ਲੰਬੀ ਚੁੱਪ ਤੋੜ ਕੇ ਕਵਿਤਾ ਜਾਂ ਗ਼ਜ਼ਲ ਵਲ ਨੂੰ ਪਰਤ ਰਿਹਾ ਸੀ।
1996 ਵਿੱਚ ਸਮਰਾਲੇ ਮੇਰੀ ਕਿਤਾਬ ਤੇ ਹੋਈ ਗੋਸ਼ਟੀ ਤੋਂ ਬਾਅਦ ਅੰਬਾਂ ਦੇ ਬਾਗ ਵਿੱਚ
ਇੱਕ ਮਹਿਫਲ ਹੋਈ ਜਿਸ ਦਾ ਨਾਇਕ ਉਸ ਦਿਨ ਲਾਲ ਸਿੰਘ ਦਿਲ ਸੀ। ਉਸ ਨੇ ਉਸ ਦਿਨ ਬਹੁਤ
ਰਚਨਾਵਾਂ ਸੁਣਾਈਆ ਫਟੋਆਂ ਖਿਚਵਾਈਆਂ। ਉਸ ਦਿਨ ਇੰਡੀਅਨ ਐਕਸਪ੍ਰੈੱਸ ਦੀ ਇੱਕ ਨਾਮਵਰ
ਕਾਲਮ ਨਵੀਸ ਸਿਰਫ ਉਸੇ ਕਰਕੇ ਉੱਥੇ ਪਹੁੰਚੀ ਸੀ। ਉਸ ਦਿਨ ਉਹ ਮੈਨੂੰ ਬੜਾ ਟਹਿਕਿਆ
ਲੱਗਿਆ। ਪਰ ਜਦੋਂ 2000 ਵਿੱਚ ਇਡੀਆ ਗਿਆ ਤਾਂ ਉਹ ਉਦਾਸ ਸੀ। ਉਸ ਦਾ ਮਨੋ ਬਲ ਟੁੱਟ
ਰਿਹਾ ਸੀ। ਮਨ ‘ਚ ਵਸਿਆ ਇਨਕਲਾਬੀ ਮਾਡਲ ਭੁਰ ਰਿਹਾ ਸੀ। ਉਹ ਦਾਰੂ ਪੀ ਕੇ ਗੁਲਤਾਨ
ਹੋ ਜਾਂਦਾ। ਹਵਾ ਨੂੰ ਗਾਲਾਂ ਕੱਢਦਾ ਹਰ ਕਿਸੇ ਨਾਲ ਪੰਗਾ ਲੈਂਦਾ ਅਵਾ ਤਵਾ ਬੋਲਦਾ।
ਏਨਾਂ ਮੁਲਕਾਂ ਵਿੱਚ ਏਹ ਹੀ ‘ਮਾਨਸਿਕ ਸਟਰੈੱਸ’ ਹੈ ਜਿਸ ਦਾ ਡਾਕਟਰੀ ਇਲਾਜ ਹੈ। ਪਰ
ਇਹ ਗੱਲ ਕਿਸੇ ਨੇ ਵੀ ਨਾਂ ਸਮਝੀ।
ਉਸਨੇ ਆਪਣਾ ਜੀਵਨ ਲੋਕ ਸੰਘਰਸ਼ ਵਿੱਚ ਲਾ ਦਿੱਤਾ। ਉੱਤਰ ਪ੍ਰਦੇਸ਼ ਵਿੱਚ ਉਹ ਰੂਪੋਸ਼ ਹੋ
ਕੇ ਜੀਵਨ ਬਤੀਤ ਕਰਦਾ ਰਿਹਾ। ਵਿਆਹ ਦੀ ਉਮਰ ਲੰਘ ਗਈ, ਔਰਤ ਪ੍ਰਾਪਤੀ ਦੀ ਲਾਲਸਾ,
ਬੱਚਿਆ ਦੀ ਲਾਲਾਸਾ, ਸਭ ਦੀ ਕੁਰਬਾਨੀ ਦੇ ਦਿੱਤੀ ਉਸ ਨੇ। ਉਹ ਜਿੰਦਾ ਸ਼ਹੀਦ ਸੀ।
ਗਰੀਬੀ ਹਰ ਰੋਜ ਉਸ ਦਾ ਕਤਲ ਕਰਦੀ। ਪਰ ਉਹ ਫੇਰ ਟਹਿਕ ਪੈਂਦਾ। ਗੋਦੜੀ ਵਿੱਚ ਵੀ
ਦਗਦਾ ਲਾਲ ਜੋ ਸੀ ਉਹ...।
ਸਨ 2004 ਵਿੱਚ ਮੇਰੀ ਉਸ ਨਾਲ ਮੁਲਾਕਾਤ ਭੂਪਿੰਦਰ ਮਾਂਗਟ (ਪੰਜ ਦਰਿਆ) ਦੇ ਘਰ
ਛੰਦੜਾਂ ਹੋਈ। ਉਸ ਦਿਨ ਵੀ ਗੋਰੀਆ ਉਸ ਦੇ ਨਾਲ ਸੀ। ਉਸ ਦਿਨ ਲਾਲ ਦੀ ਚਮਕ ਮੈਨੂੰ
ਪਹਿਲੀ ਵਾਰ ਫਿੱਕੀ ਜਾਪੀ। ਉਸ ਨੇ ਬਹੁਤ ਪੀਤੀ ਹੋਈ ਸੀ ਉਹ ਗਾਲਾਂ ਕੱਢਦਾ, ਲੜਦਾ,
ਵਿਅੰਗ ਕਸਦਾ। ਪਰ ਕੌਣ ਸਮਝੇ ਕਿ ਲਾਲ ਮਾਨਸਿਕ ਤੌਰ ਤੇ ਮਰ ਰਿਹਾ ਸੀ।
ਮੈਂ ਕਨੇਡਾ ਆਕੇ ਉਸਦੀ ਮਾਨਸਿਕ ਮੌਤ ਬਾਰੇ ਬੇਹੱਦ ਚਿੰਤਤ ਰਿਹਾ। ਮੈਨੂੰ ਪਤਾ ਸੀ ਕਿ
ਜੇ ਇਹ ਹੀ ਹਾਲ ਰਿਹਾ ਤਾਂ ਉਹ ਨਹੀਂ ਬਚੇਗਾ। ਸਾਡੀ ਆਖਰੀ ਮੁਲਾਕਾਤ 30 ਦਸੰਬਰ 2004
ਨੂੰ ਮੇਰੀ ਪੁਸਤਕ ਤੇ ਹੋਈ ਗੋਸ਼ਟੀ ਤੇ ਹੋਈ। ਬਾਅਦ ਵਿੱਚ ਸਮਰਾਲੇ ਮੇਰੇ ਘਰੇ
ਸਾਹਿਤਕਾਰਾਂ ਦੀ ਮਹਿਫਲ ਜੁੜੀ। ਜਿਸ ਵਿੱਚ ਗੋਰੀਆ, ਪ੍ਰੋ: ਹਮਦਰਦਵੀਰ ਨੌਸ਼ਹਿਰਵੀ,
ਪ੍ਰੋ:ਬਲਦੀਪ, ਨਿਰੰਜਣ ਸੂਖਮ, ਗੁਰਮੁੱਖਦੀਪ ਤੇ ਹੋਰ ਅਨੇਕਾਂ ਸਾਹਿਤਕਾਰ ਸਨ ਉਸ ਦਿਨ
ਦਿਲ ਸਾਹਿਬ ਦਾ ਵਰਤਾਰਾ ਬਿਲਕੁੱਲ ਵੱਖਰਾ ਸੀ। ਉਹ ਬਗੈਰ ਕਿਸੇ ਗੱਲ ਤੇ ਜਗਰੂਪ ਸ਼ਾਹੀ
ਨੂੰ ਗਾਲਾਂ ਕੱਢ ਰਿਹਾ ਸੀ ਕਿਉਂਕਿ ਜਗਰੂਪ ਦਾ ਬਾਪੂ ਸੁਰਜੀਤ ਸ਼ਾਹੀ ਵੀ ਨਕਸਲ ਬਾੜੀ
ਦਾ ਅਹਿਮ ਕਾਰਕੁੰਨ ਸੀ । ਜਿਸ ਦਾ ਜਿਕਰ ਕਰਕੇ ਉਹ ਉਸ ਦੇ ਪੁੱਤ ਨੂੰ ਗਾਲਾਂ ਕੱਢ ਕੇ
ਕਰ ਰਿਹਾ ਸੀ।
ਗੋਰੀਆ ਬਾਪੂ ਦੀਆਂ ਮਿੰਨਤਾ ਕਰਕੇ ਉਸ ਨੂੰ ਘਰ ਛੱਡ ਆਇਆ ਸੀ। ਮੈਂ ਬਹੁਤ ਉਦਾਸ ਸਾਂ
ਉਸਦੀ ਮਾਨਸਿਕ ਬਿਮਾਰੀ ਨੂੰ ਕੋਈ ਨਹੀ ਸੀ ਸਮਝ ਰਿਹਾ, ਗੋਰੀਏ ਤੋਂ ਬਿਨਾ...। ਜੋ
ਉਸਦੇ ਸਾਹਾਂ ਵਿੱਚ ਜਿਊਂਦਾ ਸੀ। ਮੈਨੂੰ ਗੋਰੀਏ ਦਾ ਬਾਪੂ ਦਾ ਤਾਂ ਪਤਾ ਨਹੀਂ ਪਰ ਉਹ
ਲਾਲ ਨੂੰ ਹੀ ਆਪਣਾ ਬਾਪੂ ਸਮਝਦਾ ਸੀ। ਜੋ ਅੱਜ ਉਸਦੇ ਹੱਥਾਂ ‘ਚੋਂ ਜਾ ਰਿਹਾ ਸੀ।
ਮੈਂ ਫੋਨ ਤੇ ਉਸ ਦੀ ਭੁੱਬ ਮਹਿਸੂਸ ਕਰ ਸਕਦਾ ਸਾਂ। ਬੁੱਧ ਸਿੰਘ ਨੀਲੋਂ ਵੀ ਰੋ ਰਿਹਾ
ਸੀ।
ਏਨੇ ਨੂੰ ਮਾਸਟਰ ਤ੍ਰਲੋਚਨ ਦੌੜਿਆ ਅੰਦਰੋ ਆਇਆ ਗੋਰੀਏ ਨੇ ਕਿਹਾ ਮਾਂਗਟ ਫੋਨ ਰੱਖ ਦੇ
ਅੰਦਰ ਕੋਈ ਪ੍ਰਾਬਲਮ ਹੈ। ਸ਼ਾਇਦ ਏਹੋ ਮਨਹੂਸ ਖਬਰ ਸੀ ਹੁਣ ਜੁਝਾਰਵਾਦੀ ਕਵਿਤਾ ਦੇ
ਨਾਇਕ ਲਾਲ ਸਿੰਘ ਦਿਲ ਇਸ ਦੁਨੀਆ ਵਿੱਚ ਨਹੀਂ ਰਹੇ। ਇੱਕ ਯੁੱਗ ਦਾ ਅੰਤ ਹੋ ਗਿਆ ਸੀ।
ਫੇਰ ਇਹ ਖਬਰ ਪੂਰੀ ਦੁਨੀਆਂ ਵਿੱਚ ਫੈਲ ਗਈ।
ਲਾਲ ਸਿੰਘ ਦਿਲ ਦਾ ਜਨਮ 11 ਅਪਰੈਲ 1943 ਨੂੰ ਨਾਨਕੇ ਪਿੰਡ ਘੁੰਗਰਾਲੀ ਸਿੱਖਾਂ
ਵਿੱਚ ਹੋਇਆ। ਉਸ ਦਾ ਬਾਪੂ ਰੌਣਕੀ ਮਿਹਨਤ ਕਸ਼ ਚੁੱਪ ਰਹਿਣ ਵਾਲਾ ਸਾਊ ਮਨੁੱਖ ਸੀ। ਜੋ
ਕਿਰਤੀ ਜਮਾਤ ਦੇ ਨਾਇਕ ਵਜੋਂ ਉਸਦੀ ਕਵਿਤਾ ਵਿੱਚ ਪ੍ਰਤੀਨਿੱਧ ਹੈ। ਉਸਦੀ ਬੇਬੇ ਚਿੰਤ
ਕੌਰ ਜੋ ਸਾਰੇ ਲੇਖਕਾਂ ਦੀ ਬੇਬੇ ਸੀ। ਬੱਸ ਏਹੋ ਉਸਦਾ ਸੰਸਾਰ ਸੀ।ਬੇਬੇ ਦੀ ਮੌਤ ਤੋਂ
ਬਾਅਦ ਉਹ ਟੁੱਟ ਗਿਆ ਸੀ।ਇਨਕਲਾਬ ਦਾ ਨਾ ਆਉਣਾ ਅਤੇ ਬੇਬੇ ਦਾ ਤੁਰ ਜਾਣਾ ਉਸ ਲਈ ਸਭ
ਤੋਂ ਵੱਡੇ ਸਦਮੇ ਸਨ। ਪਰ ਇਹ ਨਾਇਕ ਅੰਤ ਤੱਕ ਸ਼ਬਦਾਂ ਦਾ ਝੰਡਾ ਚੁੱਕ, ਲੜਦਾ ਰਿਹਾ,
ਕਿਰਤੀਆਂ ਮਜ਼ਦੂਰਾਂ ਦੇ ਹੱਕ ਵਿੱਚ। ਮਨੁੱਖਤਾ ਦੇ ਨਾਮ ਤੇ ਹੋ ਰਹੀ ਦੁਰਗਤੀ ਖਿਲਾਫ
ਉਹ ਲਿਖਦਾ ਹੈ:-
ਇਹ ਗੱਲ ਦੱਸੀ ਜਾਵੇ ਜੇ
ਦੂਜੇ ਸਿਤਾਰੇ ਦੇ ਲੋਕਾਂ ਨੂੰ
ਪੱਥਰ ਹੋ ਜਾਵਣ, ਨਾ ਮੁੜ ਉੱਠਣ
ਪਸ਼ੂਆਂ ਨੂੰ ਜੇ ਅਨੁਭਵ ਹੋ ਜਾਏ
ਜੰਗਲਾਂ ਨੂੰ ਨੱਸ ਜਾਵਣ
ਮਨੁੱਖਤਾ ਤੋਂ ਡਰਦੇ ਚੀਖਦੇ
ਪਿਛਲੇ ਦਿਨਾਂ ਵਿੱਚ ਲਾਲ ਸਿੰਘ ਦਿਲ ਦੀ ਕਵਿਤਾ ਬਾਰੇ ਤਾਂ ਬਹੁਤ ਆਰਟੀਕਲ ਛਪੇ।
ਕਿਉਂਕਿ ਉਹ ਇੱਕ ਦੌਰ ਦਾ ਨਾਇਕ ਸੀ ਪਰ ਇਸ ਲਾਲ ਨੂੰ ਵਿਅੱਕਤੀਗਤ ਤੌਰ ਤੇ ਕਿਸੇ ਨੇ
ਨਾ ਪੁੱਛਿਆ। ਸਾਡਾ ਇਹੋ ਦੁਖਾਂਤ ਹੈ ਅਸੀਂ ਮੜੀ ਪੂਜਕ ਹਾਂ ਜਿੰਦੇ ਦੀ ਕਦਰ ਨਹੀਂ
ਕਰਦੇ। ਇਹੋ ਦੁਖਾਂਤ ਨੰਦ ਲਾਲ ਨੂਰਪੁਰੀ ਤੇ ਸ਼ਿਵ ਦਾ ਵੀ ਹੋਇਆ ਸੀ ਤੇ ਲਾਲ ਸਿੰਘ
ਦਿਲ ਦਾ ਵੀ ਹੋ ਗਿਆ। ਹੁਣ ਉਸਦੀ ਕਵਿਤਾ ਬਾਰੇ ਬਥੇਰੇ ਆਰਟੀਕਲ ਛਪਣਗੇ। ਉਸ ਨੂੰ ਇੱਕ
ਯੁੱਗ ਦਾ ਨਾਇਕ ਵੀ ਕਿਹਾ ਜਾਵੇਗਾ। ਯੂਨੀਵਰਸਿਟੀਆਂ ਤੇ ਉਨ੍ਹਾਂ ਵਿੱਚ ਬੈਠੇ ਸ਼ਬਦੀ
ਸ਼ੇਰ (ਸੋ ਕਾਲਡ ਸਕਾਲਰ) ਦਹਾੜਦੇ ਰਹਿਣਗੇ। ਪਰ ਅਫਸੋਸ ਲਾਲ ਸਿੰਘ ਦਿਲ ਚੰਗੇ ਇਲਾਜ਼
ਖੁਣੋ ਅੱਜ ਸਾਡੇ ਵਿੱਚ ਨਹੀਂ ਹੈ। ਪੰਜਾਬੀਆਂ ਨੇ ਦੇਸ਼ਾਂ ਬਿਦੇਸ਼ਾਂ ਵਿੱਚ ਬਥੇਰੀ
ਤਰੱਕੀ ਕੀਤੀ ਮਾਇਕ ਤੌਰ ਤੇ ਪਰ ਅਜੇ ਮਾਨਸਿਕ ਤੌਰ ਤੇ ਨਹੀ। ਤਾਂ ਹੀ ਤਾਂ ਅਸੀਂ
ਸਾਹਿਤ ਦਾ ਇੱਕ ਹੋਰ ਲਾਲ ਗੁਆ ਲਿਆ। ਪਤਾ ਨਹੀਂ ਮੇਰੇ ਮਨ ਵਿੱਚ ਅੱਜ ਇਹ ਗੀਤ ਕਿਉਂ
ਗੂੰਜਦਾ ਹੈ:-
ਨਹੀਂਉ ਲੱਭਣੇ ਲਾਲ ਗੁਆਚੇ
ਮਿੱਟੀ ਨਾਂ ਫਰੋਲ ਜੋਗੀਆ।
(22
ਅਗਸਤ 2007)-ਈ-ਮੇਲ ਰਾਹੀਂ 21 ਅਗਸਤ ਨੂੰ ਪੁੱਜਿਆ।