ਮੇਰਾ
ਨਾਂ ਸੁਰਿੰਦਰਜੀਤ ਕੌਰ ਹੈ।ਸਾਰੇ
ਮੈਨੂੰ ਸ਼ਿੰਦੀ ਕਹਿੰਦੇ ਨੇ।ਮੈਂ
ਸੀ ਆਪਣੇ ਮਾਂ ਬਾਪ ਦੀ ਲਾਡਲੀ ਸ਼ਿੰਦੀ।ਕਈ
ਵਾਰ ਮੇਰੇ ਪਾਪਾ ਆਖਦੇ, “ਇਹ
ਕੁੜੀ ਨਹੀਂ ਮੇਰਾ ਮੁੰਡਾ ਹੈ ਇਹ ਤਾਂ...
।
ਇਹਦੀ
ਲਿਆਕਤ ਦੱਸਦੀ ਆ ਬਈ ਬਹੁਤ ਉੱਚੀ ਉਡਾਣ ਭਰੇਗੀ”।
ਇਹ ਗੱਲ
ਤਾਂ ਕਈ ਵਾਰੀ ਹੱਥ ਦੇਖਣ ਆਏ ਪਾਂਡੇ ਵੀ ਕਹਿ ਦਿੰਦੇ,
“ਜ਼ਜ਼ਮਾਨ
ਬੇਟੀ ਦੀਆਂ ਰੇਖਾਵਾਂ ਦੱਸਦੀਆਂ ਨੇ ਕਿਸਮਤ ਦੀ ਬੜੀ ਬਲੀ ਆ,ਬਾਹਰਲੇ
ਮੁਲਕ ਦਾ ਯੋਗ ਬਣਦੈ...।
ਆਹ ਵੇਖ ਧਨ ਦੀ ਕੋਠੀ।ਸਮਝੋ
ਫੁਰਰ ਹੋਈ...।
ਸਰਦਾਰ ਜੀ ਫੰਗ ਬਣੇਗੀ,ਥੋਡੇ
ਲਈ ਇਹ ਕਿਸਮਤ ਵਾਲੀ ਕੰਨਿਆ।ਕਨੇਡਾ
ਅਮਰੀਕਾ ਦਾ ਧਨ ਲਿਖਿਐ।ਤੁਸੀਂ
ਵੀ ਉੱਡ ਜਾਵੋਂਗੇ।ਜ਼ਜ਼ਮਾਨ
ਬੱਸ ਪਰੋਹਿਤ ਨੂੰ ਖੁਸ਼ ਕਰ ਦਿਉ...”।
ਪਾਪਾ
ਵਿਅੰਗ ਨਾਲ ਕਹਿੰਦੇ “ਪੰਡਿਤਾ
ਟਿੱਚਰਾਂ ਤਾਂ ਨੀ ਕਰਦਾ।ਪਰਸੂ
ਰਾਮਾ ਜੇ ਤੇਰੀ ਜ਼ਬਾਨ ਸੱਚੀ ਹੋ ਜੇ ਮੂੰਹ ਮੰਗਿਆ ਦਾਨ ਦਊਂ।ਹੁਣ
ਆ ਲੈ ਫੜ ਦਸਾਂ ਦਾ ਨੋਟ।ਜੇ
ਕੁੱਝ ਹੋਰ ਖਾਣਾ ਪੀਣਾ ਤਾਂ ਦੱਸ”।
ਪੰਡਿਤ
ਪਰਸੂ ਰਾਮ ਜੋ ਦੋ ਦਹਾਕਿਆਂ ਤੋਂ ਸਾਡੇ ਪਰਿਵਾਰ ਨਾਲ ਸਾਂਝ ਰੱਖਦਾ ਸੀ ਪਾਪਾ ਨੂੰ
ਅਸੀਸਾਂ ਦਿੰਦਾ ਤੁਰ ਜਾਂਦਾ।
ਉਦੋਂ
ਮੈਂ ਬੀ ਕਾਮ ਪਹਿਲਾ ਦੀ ਵਿਦਿਆਰਥਣ ਸੀ।
ਐਮ ਬੀ ਏ ਕਰਨ ਦਾ ਨਿਸ਼ਾਨਾ ਸੀ।
ਪਾਪਾ ਕਹਿੰਦੇ ਸੀ ਜਿੰਨੀ ਮਰਜੀ ਪੜ੍ਹ ਖਰਚਾ ਮੈਂ ਆਪੇ ਕਰਾਂਗਾ।
ਮੇਰੇ ਪਾਪਾ ਮਿਲਟਰੀ ਚੋਂ ਕੈਪਟਨ ਰਿਟਾਇਰ ਹੋਏ ਸਨ।
ਪਹਿਲੀ ਔਲਾਦ ਹੋਣ ਕਾਰਨ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ।
ਮੇਰੇ ਤੋਂ ਬਾਅਦ ਭਾਂਵੇਂ ਮੇਰਾ ਛੋਟਾ ਭਰਾ ਵੀ ਹੋਇਆ,ਪਰ
ਮੇਰੇ ਪਿਆਰ ਨੂੰ ਕੋਈ ਫਰਕ ਨਾਂ ਪਿਆ।ਮੈਂ
ਜੋ ਗੱਲ ਮੂੰਹੋਂ ਕੱਢਦੀ ਪੂਰੀ ਹੁੰਦੀ।
ਕਦੇ ਕਦੇ ਮੰਮੀ ਆਖਦੀ “ਤੁਸੀਂ
ਸਿਰ ਚੜ੍ਹਾ ਲੈਣੀ ਆਂ...।ਉਨਾਂ
ਮੁੰਡੇ ਦਾ ਨੀ ਕਰਦੇ ਜਿੰਨਾ ਏਹਦਾ ਕਰਦੇ ਓਂ...”
ਪਾਪਾ
ਕਹਿੰਦੇ “ਬਈ
ਇਹ ਕੈਪਟਨ ਪ੍ਰਿਤਪਾਲ ਸਿੰਘ ਦੀ ਪਲੇਠੀ ਧੀ ਆ।
ਇਹਦਾ ਸਥਾਨ ਹੋਰ ਕੋਈ ਨਹੀਂ ਲੈ ਸਕਦਾ”
ਪਾਪਾ ਜੀ
ਉਨੀਂ ਤਿੰਨ ਭਰਾ ਸਨ।
ਇੱਕ ਖੇਤੀ ਕਰਦਾ ਦੂਜਾ ਪਟਵਾਰੀ ਤੇ ਤੀਜੇ ਮੇਰੇ ਪਾਪਾ ਮਿਲਟਰੀ ਮੈਨ।ਦੂਜੇ
ਭਰਾ ਪਤਾ ਨਹੀਂ ਕਿਸ ਗੱਲੋਂ ਪਾਪਾ ਨਾਲ ਖਾਰ ਖਾਂਦੇ ਸਨ।ਕਈ
ਵਾਰ ਤਾਂ ਸਾਨੂੰ ਸੁਣਾ ਕੇ ਵੀ ਆਖ ਦਿੰਦੇ ਕਿ
“ਫੌਜੀ
ਤਾਂ ਅੱਧੇ ਕਮਲ਼ੇ ਹੁੰਦੇ ਆ।ਦੇਖ
ਏਹਨੇ ਕੁੜੀ ਕਿਵੇਂ ਸਿਰ ਚੜਾਈ ਆ।
ਪਿੰਡ ‘ਚ
ਵੀ ਪੈਂਟ ਸ਼ਰਟ ਪਾ ਕੇ ਸਕੂਟਰ ਭਜਾਈਂ ਫਿਰੂ।ਕੁੜੀਆਂ
ਵਾਲੇ ਕਿਤੇ ਲੱਛਣ ਨੇ ਏਹਦੇ...।
ਜਦੋਂ ਕੋਈ ਨਵਾਂ ਚੰਦ ਚਾੜ ਤਾ ਫੇਰ ਪਤਾ ਲੱਗੂ”
ਪਿੰਡ
ਦੀਆਂ ਕਈ ਔਰਤਾਂ ਮੇਰੀ ਮਾਂ ਨੂੰ ਆਖਦੀਆਂ “ਕੁੜੇ
ਫੌਜਣੇ ਏਹਨੂੰ ਅਕਲ ਦਿਆ ਕਰ ਬਈ ਇਉਂ ਫਿਰਦੀਆਂ ਕੁੜੀਆਂ ਕੱਤਰੀਆਂ ਚੰਗੀਆਂ ਨੀ
ਲੱਗਦੀਆਂ ਕੱਲ ਨੂੰ ਬਗਾਨੇ ਘਰ ਜਾਣੈ...”
ਪਰ ਪਾਪਾ
ਦੀ ਕਮਿਸਟਰੀ ਕਿਸੇ ਨਾਲ ਨਾ ਰਲ਼ਦੀ।
ਉਹ ਕਹਿੰਦੇ “ਸਕੂਟਰ
ਕੀ ਗੱਲ ਆ ਮੈਂ ਤਾਂ ਕੁੜੀ ਨੂੰ ਪਾਇਲਟ ਬਣੌਣੈ ਲੋਕਾਂ ਦਾ ਕੀ ਢਿੱਡ ਦੁਖਦੈ”।
ਲੋਕ ਤੇ
ਰਿਸ਼ਤੇਦਾਰ ਚਾਹੁੰਦੇ ਸਨ ਮੈਂ ਜਲਦੀ ਵਿਆਹੀ ਜਾਵਾ।
ਤਾਂ ਕਿ ਮੈਨੂ ਵੇਖ ਪਿੰਡ ਦੀਆਂ ਹੋਰ ਕੁੜੀਆਂ ਨਾ ਰੀਸ ਕਰਨ।
ਬੁੱਢੀਆਂ ਆਖਦੀਆਂ “ਭਾਈ
ਏਹਦੇ ਹੱਥ ਪੀਲ਼ੇ ਕਰ ਕੇ ਸੁਰਖਰੂ ਹੋਵੋ।
ਜੁੰਮੇਵਾਰੀ ਮੁੱਕੇ ਏਨੀ ਪੜ੍ਹ ਕੇ ਕਿਤੇ ਏਹਨੇ ਲਫਟੈਣ ਲੱਗਣੈ ਕੱਲ ਕਲਾ ਨੂੰ ਸੌ ਕੋਈ
ਗੱਲ ਹੋ ਜੇ...”
ਇਹ ਆਲੇ
ਦੁਆਲੇ ਦਾ ਦਬਾ ਹੀ ਸੀ ਕਿ ਪਾਪਾ ਨੇ ਮੇਰੇ ਲਈ ਮੁੰਡੇ ਦੇਖਣੇ ਸ਼ੁਰੂ ਕਰ
ਦਿੱਤੇ।
ਚੰਗੀਆਂ ਨੌਕਰੀਆਂ ਵਾਲੇ ਤੇ ਚੰਗੀਆਂ ਜ਼ਮੀਨਾਂ ਵਾਲੇ।
ਜ਼ਮੀਨਾਂ ਵਾਲੇ ਪਾਪਾ ਨੂੰ ਖਿਆਲਾਂ ਪੱਖੋਂ ਚੰਗੇ ਨਾਂ ਲੱਗਦੇ ਤੇ ਨੌਕਰੀਆਂ ਵਾਲੇ ਦਾਜ
ਦੀ ਲਿਸਟ ਸੁਣਾ ਦਿੰਦੇ।
ਪਾਪਾ ਉਨ੍ਹਾਂ ਨੂੰ ਘਟੀਆ ਦੁਸ਼ਮਣ ਵਾਂਗ ਤਿਆਗ ਕੇ ਆ ਜਾਂਦੇ।
ਮੰਮੀ ਕਹਿੰਦੀ ਇਸ ਤਰ੍ਹਾਂ ਤਾਂ ਥੋਡੇ ਕੁੱਝ ਵੀ ਫਿੱਟ ਨੀ ਔਣਾ,ਬੱਸ
ਆਪਣੀ ਹੀ ਲੈਫਟ ਰੈਟ ਲੈਫਟ ਰੈਟ ਕਰਦੇ ਰਿਹੋ।ਉੱਤੋਂ
ਕੁੜੀ ਦੀ ਉਮਰ ਲੰਘਦੀ ਜਾਂਦੀ ਆ”
ਪਰ ਪਾਪਾ
ਚਾਹੁੰਦੇ ਸਨ ਕਿ ਮੇਰਾ ਬਾਹਰ ਜਾਣ ਦਾ ਕੋਈ ਜੁਗਾੜ ਬਣ ਜਾਵੇ।
ਪਾਂਡੇ ਦੀ ਕਹੀ ਗੱਲ ਉਨ੍ਹਾਂ ਦੇ ਦਿਲ ਵਿੱਚ ਬੈਠੀ ਸੀ।ਉਹ
ਹਮੇਸ਼ਾਂ ਕਹਿੰਦੇ “ਜੇ
ਸ਼ਿੰਦੀ ਲਈ ਕੋਈ ਬਾਹਰਲਾ ਮੁੰਡਾ ਮਿਲ ਜਾਵੇ”
ਮੰਮੀ ਵੀ
ਅੱਕ ਕੇ ਆਖ ਦਿੰਦੇ ਕਿ “ਚੱਲ
ਕਰ ਲੋ ਫੇ ਟਰਾਈ ਨਾਲ ਮੁੰਡੇ ਦਾ ਵੀ ਕੁੱਝ ਬਣ ਜਾਵੇਗਾ”।
ਪਾਪਾ ਹਸ
ਕੇ ਆਖਦੇ “ਕੱਲਾ
ਮੁੰਡੇ ਦਾ ਕਿਉਂ ਆਪਣਾ ਵੀ ਬਾਹਰ ਜਾਣ ਦਾ ਸਪਨਾ ਪੂਰਾ ਹੋ ਜਾਵੇਗਾ।
ਫੇਰ ਤਾਂ ਤੂੰ ਵੀ ਫੌਜਣ ਤੋਂ ਕਨੇਡਾ ਵਾਲੀ ਬਣ ਜਾਵੇਂਗੀ”
ਸਾਡੇ
ਸਮਾਜ ਵਿੱਚ ਕਨੇਡਾ ਵਾਲੀ ਫੀਤੀ ਹਰ ਕੋਈ ਲਗਵਾਉਣੀ ਚਾਹੁੰਦੈ।
ਤੇ ਫੇਰ ਇੱਕ ਦਿਨ ਕਨੇਡਾ ਵਾਲਾ ਰਿਸ਼ਤਾ ਵੀ ਮਿਲ ਗਿਆ।
ਗੱਲ ਯਾਦ
ਕਰਕੇ ਫੇਰ ਮੇਰੇ ਜਿਸਮ ਵਿੱਚ ਸੀਤ ਲਹਿਰ ਚੱਲ ਪਈ।
ਮੇਰਾ ਜਿਸਮ ਕੰਬਣ ਲੱਗ ਪਿਆ ਏ।
ਅਕਸਰ ਇਵੇਂ ਹੁੰਦਾ ਹੈ ਜਦੋਂ ਮੈਂ ਕਿਸੇ ਨੂੰ ਇਹ ਗੱਲ ਦੱਸਦੀ ਹਾਂ।
ਮੇਰੇ ਘਰ ਵਿੱਚ ਤਾਂ ਮੇਰੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ।ਮੈਂ
ਬੱਸ ਬਿਨਾਂ ਖੰਭਾਂ ਵਾਲੀ ਚਿੜੀ ਹਾਂ।
ਅੱਜ ਮੇਰਾ ਜੀ ਕਾਰਦਾ ਹੈ ਧਾਹਾਂ ਮਾਰ ਕੇ ਰੋਵਾਂ।
ਮੇਰੇ ਪਾਪਾ ਵੀ ਹਮੇਸ਼ਾਂ ਮੈਨੂੰ ਪਿਆਰ ਨਾਲ ਆਖਦੇ ਸਨ
‘ਇਹ
ਤਾਂ ਮੇਰੀ ਚਿੜੀ ਹੈ ਚਿੜੀ’।
ਉਂਝ
ਮੇਰੇ ਪਾਸ ਸਭ ਕੁੱਝ ਹੈ।
ਇੱਕ ਮਿਲੀਅਨ ਡਾਲਰ ਦਾ ਘਰ।ਡਰਾਈਵੇਅ
ਵਿੱਚ ਬੀ ਐੱਮ ਡਬਲਿਯੂ ਕਾਰ ਅਤੇ ਮਰਸੈਡੀ ਦਾ ਐੱਸ ਯੂ ਵੀ।
ਇਹ ਸ਼ਹਿਰ ਦਾ ਪੌਸ਼ ਏਰੀਆ ਹੈ।
ਮੇਰੇ ਹਸਬੈਂਡ ਚਾਰਟਿਡ ਅਕਾਊਂਟੈਟ ਨੇ।ਬਹੁਤ
ਵੱਡੀਆਂ ਕੰਪਨੀਆਂ ਦੇ ਅਕਾਊਂਟ ਰੱਖਦੇ ਨੇ।ਕਦੀ
ਅਮਰੀਕਾ ਤੇ ਕਦੀ ਕਨੇਡਾ ਦੇ ਦੂਸਰੇ ਸ਼ਹਿਰ ਟਰੈਵਲ ਕਰਦੇ ਰਹਿੰਦੇ ਨੇ।ਬੱਸ
ਮੈਂ ਹੀ ਪਿੰਜਰੇ ਪਿਆ ਪੰਛੀ ਹਾਂ।
ਮੇਰਾ
ਐੱਮ ਬੀ ਏ ਕਰਨ ਦਾ ਸੁਪਨਾ ਤਾਂ ਵਿਚਕਾਰ ਹੀ ਟੁੱਟ ਗਿਆ ਸੀ।
ਹੁਣ ਮੇਰੇ ਹੱਸਬੈਂਡ ਮੇਰੇ ਤੋਂ ਜੌਬ ਵੀ ਕੋਈ ਨਹੀਂ ਕਰਵਾਉਣਾ ਚਾਹੁੰਦੇ।
ਕਹਿੰਦੇ ਘਰ ਰਹਿ ਕੇ ਹੀ ਮੇਰੀ ਮੱਦਦ ਕਰਿਆ ਕਰ।
ਪਰ ਮੱਦਦ ਤਾਂ ਮੈਂ ਤਾਂ ਕਰਾਂ ਜੇ ਉਹ ਘਰ ਰਹਿਣ।
ਵਿਆਹ
ਤੋਂ ਬਾਅਦ ਸਾਡੇ ਇੱਕ ਹੀ ਬੱਚਾ ਹੋਇਆ।
ਮੇਰੀ ਧੀ ਰੱਮੀ ਜੋ ਅਠਾਰਾਂ ਵਰਿਆਂ ਦੀ ਹੈ ਤੇ ਅੱਜ ਕੱਲ ਬੋਸਟਨ ਯੂਨੀਵਰਸਿਟੀ ਵਿੱਚ
ਮੈਡੀਕਲ ਸਾਇੰਸ ਦੀ ਡਿਗਰੀ ਕਰਦੀ ਹੈ।
ਦੋ ਤਿੰਨ ਮਹੀਨੇ ਬਾਅਦ ਘਰ ਆਂਉਦੀ ਏ।
ਉਦੋਂ ਮੇਰਾ ਚਾਅ ਨਹੀਂ ਚੁੱਕਿਆ ਜਾਂਦਾ।ਘਰ
ਆ ਕੇ ਵੀ ਉਹ ਟੈਲੀਵੀਯਨ,
ਕੰਮਪਿਊਟਰ ਜਾਂ ਫੋਨ ਤੇ ਬਿਜ਼ੀ ਰਹਿੰਦੀ ਏ।
ਮੇਰੇ ਨਾਲ ਗੱਲਾਂ ਭਾਵੇਂ ਘੱਟ ਕਰਦੀ ਆ ਪਰ ਉਸ ਨੂੰ ਮੇਰੀਆਂ ਬਣਾਈਆਂ ਮੇਥਿਆਂ
ਵਾਲੀਆਂ ਰੋਟੀਆਂ ਦਹੀਂ ਨਾਲ ਬਹੁਤ ਪਸੰਦ ਨੇ।
ਉਹ ਆਉਣ ਸਾਰ ਕਹੂ “ਮਾਂ
ਦਹੀਂ ਨਾਲ ਗਰੀਨ ਰੋਟੀ ਬਣਾ ਦੇ”।
ਉਸ ਨੂੰ ਤਾਂ ਫਰੈਂਡਾ ਦੇ ਫੋਨ ਵੀ ਬਹੁਤ ਆਂਉਦੇ ਨੇ।
ਮੇਰੀ ਧੀ
ਜਦੋਂ ਸਾਗ ਮੱਕੀ ਦੀ ਰੋਟੀ,
ਰਾਜ
ਮਾਂਹ ਚੌਲ਼,
ਛੋਲੇ
ਪੂਰੀਆਂ ਅਤੇ ਚਿਕਨ ਕਰੀ ਬਣਾਉਣ ਲਈ ਆਖਦੀ ਏ ਤਾਂ ਮੈਨੂੰ ਚਾਅ ਚੜ ਜਾਂਦਾ ਏ।
ਪਰ ਫੇਰ ਇਹ ਸੋਚ ਕੇ ਮੈਂ ਬਹੁਤ ਉਦਾਸ ਹੋ ਜਾਂਦੀ ਕਿ ਮੇਰੇ ਜਿਸਮ ਨਾਲ ਲੱਗਾ ਇਹ ਖੰਭ
ਵੀ ਇੱਕ ਦਿਨ ਟੁੱਟ ਜਾਣਾ ਹੈ।
ਤੁਸੀਂ
ਇਹ ਤਾਂ ਮੈਨੂੰ ਪੁੱਛਿਆ ਹੀ ਨਹੀਂ ਕਿ ਤੂੰ ਕਨੇਡਾ ਕਿਵੇਂ ਆਈ ਸੀ?
ਤੇ ਤੇਰੇ ਮੰਮੀ ਪਾਪਾ ਹੁਣ ਕਿੱਥੇ ਨੇ?ਲਉਂ
ਮੈਂ ਆਪੇ ਹੀ ਦੱਸ ਦਿੰਦੀ ਹਾਂ।
ਮੈਨੂੰ ਰਤਾ ਅੱਥਰੂ ਪੂੰਝ ਲੈਣ ਦਿਉ।
ਫੇਰ ਦੌੜ ਪਏ ਮੇਰੇ ਸਿਰ ‘ਚ
ਖਿਆਲਾਂ ਦੇ ਘੋੜੇ।
ਇਨ੍ਹਾਂ ਨੇ ਹੀ ਮੈਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਮਰੀਜ਼ ਬਣਾ ਛੱਡਿਆ ਹੈ।
ਡਾਕਟਰ ਕਹਿੰਦਾ ਹੈ,
ਮਨ ਨਾਲ
ਗੱਲਾਂ ਕਰਨੀਆਂ ਛੱਡ ਦੇ।
ਕਾਲਪਨਿਕ ਸਰੋਤਿਆਂ ਨੂੰ ਆਪਣੀਆਂ ਕਹਾਣੀਆਂ ਸੁਣਾਉਣੀਆਂ ਛੱਡ ਕੇ ਖੁਸ਼ ਰਿਹਾ ਕਰ।
ਪਰ ਹੋਰ ਮੈਂ ਕਰਾਂ ਵੀ ਕੀ?
ਮੇਰੀ
ਗੱਲ ਸੁਣਨ ਵਾਲਾ ਹੋਰ ਕਿਹੜਾ ਹੈ?
ਮੇਰੇ
ਮੰਮੀ ਪਾਪਾ ਮੇਰੇ ਦਿਲ ਵਿੱਚ ਰਹਿੰਦੇ ਨੇ।
ਤੇ ਮੇਰਾ ਭਰਾ ਕਮਲ ਏਸੇ ਸ਼ਹਿਰ ਵਿੱਚ।ਮੈਨੂੰ
ਕਦੀ ਨਹੀਂ ਮਿਲਦਾ।ਕਹਿੰਦਾ
ਮੈਂ ਉਸਦੀ ਮਨਹੂਸ ਭੈਣ ਹਾਂ।
ਉਸ ਦੀ ਘਰ ਵਾਲੀ ਨੂੰ ਤਾਂ ਮੈਂ ਬਿਲਕੁੱਲ ਚੰਗੀ ਨਹੀਂ ਲੱਗਦੀ।
ਮੈਨੂੰ ਦੇਖ ਕੇ ਉਨ੍ਹਾਂ ਦੇ ਮੱਥੇ ਤੇ ਵੱਟ ਪੈ ਜਾਂਦੇ ਨੇ।
ਮੈਂ ਉਨਾਂ ਦੇ ਘਰ ਜਾਣਾ ਹੀ ਛੱਡ ਤਾ।ਮੇਰੇ
ਉਹ ਖੰਭ ਵੀ ਟੁੱਟ ਗਏ।ਮਨਹੂਸ
ਜੋ ਹੋਈ।ਖੰਭਾਂ
ਹੀਣ ਚਿੜੀ।
ਮੇਰੇ
ਹਸਬੈਂਡ ਬਲਵਿੰਦਰ ਸਿੰਘ ਸਹੋਤਾ ਜੋ ਆਪਣੇ ਆਪ ਨੂੰ ਬੌਬ ਸਹੋਟਾ ਕਹਾ ਕੇ ਖੁਸ਼ ਹੁੰਦਾ
ਹੈ।
ਮੇਰੇ ਨਾਲ ਕਦੀ ਨਹੀਂ ਲੜਿਆ ਅਤੇ ਨਾ ਹੀ ਕਿਸੇ ਗੱਲ ਤੋਂ ਮੈਨੂੰ ਰੋਕਿਆ ਏ।
ਮੈਂ ਤਾਂ ਚਾਹੁੰਦੀ ਹਾਂ ਉਹ ਮੇਰੇ ਨਾਲ ਲੜੇ ਮੈਨੂੰ ਕਿਸੇ ਗੱਲੋਂ ਰੋਕੇ ਤਾਂ ਮੈਨੂੰ
ਵੀ ਲੱਗੇ ਕਿ ਮੈਂ ਉਸਦੀ ਪਤਨੀ ਹਾਂ।
ਪਰ ਉਹ ਲੜਨ ਰੋਕਣ ਤਾਂ,
ਤਾਂਹੀ
ਜੇ ਕਦੀ ਘਰ ਰਹਿਣ।
ਜੀਵਨ ਬੇ ਰਸ ਹੈ,
ਫਿੱਕਾ
ਫਿੱਕਾ।
ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਤਾਕਤਵਰ ਮਜ਼ਬੂਤ ਪਤੀ ਦੀ ਪਤਨੀ ਹੋਵੇ।
ਪਰ ਇਹ ਹਰ ਗੱਲ ‘ਚ
ਕਮਜੋਰ ਤੇ ਲੋੜ ਤੋਂ ਵੱਧ ਸਾਊ ਆ।
ਕਦੀ ਕਦੀ ਏਨੀ ਸ਼ਰਾਫਤ ਤੋਂ ਵੀ ਖਿਝ ਚੜ ਜਾਂਦੀ ਆ...।
ਕਦੀ ਵੀ
ਕੰਪਨੀ ਨੂੰ ਕਿਸੇ ਗੱਲੋਂ ਜਵਾਬ ਨਹੀਂ ਦਿੰਦਾ।
ਜਿੱਥੇ ਤੋਰ ਦਿੰਦੇ ਨੇ ਤੁਰ ਜਾਂਦਾ ਏ।ਬੰਦੇ
ਦੀ ਕੋਈ ਆਪਣੀ ਲਾਈਫ ਵੀ ਤਾਂ ਹੁੰਦੀ ਆ।
ਦਰਅਸਲ ਏਹੋ ਜਿਹੇ ਬੰਦੇ ਤਾਂ ਕੰਪਨੀਆਂ ਨੂੰ ਵਿਆਹੇ ਹੋਏ ਹੁੰਦੇ ਨੇ।
ਜੇ ਦੋ ਤਿੰਨ ਬੱਚੇ ਹੀ ਹੁੰਦੇ ਤਾਂ ਵੀ ਮੈਨੂੰ ਕੰਪਨੀ ਮਿਲ ਜਾਂਦੀ।
ਇਹ ਤਾਂ ਪਹਿਲੇ ਬੱਚੇ ਤੋਂ ਬਾਅਦ ਹੀ ਕਹਿਣ ਲੱਗ ਪਏ,
“ਸਿੰਡੀ
ਨੋ ਮੋਰ ਬੇਬੀ ਦੈਟਸ ਇਟ।ਟੇਕ
ਕੇਅਰ ਕਰਨੀ ਮੁਸ਼ਕਲ ਹੋਵੇਗੀ।
ਮੈਂ ਕਿਹੜਾ ਘਰ ਰਹਿਣੈ”।
ਪਰ ਏਦਾਂ
ਦੇ ਪਿਉ ਦੇ ਘਰ ਨਿਆਣਿਆਂ ਨੇ ਕਰਨਾ ਵੀ ਕੀ ਸੀ,
ਜਿਹਦੇ ਕੋਲ ਨਿਆਣਿਆਂ ਲਈ ਵਕਤ ਹੀ ਨਹੀਂ ਸੀ ਹੋਣਾ।
ਕਲਕੂਲੇਟਰ ਕੰਮਪਿਊਟਰ ਹੀ ਇਹਦੇ ਬੱਚੇ ਨੇ।
ਲੈਬ ਟੌਪ ਨੂੰ ਇਸਨੇ ਸਾਰੀ ਉਮਰ ਗੋਦ ‘ਚ
ਖਿਡਾਇਆ।
ਹੋਟਲ ਹੀ ਇਸਦਾ ਘਰ ਨੇ।
ਤੇ ਕਲਾਇੰਟ ਆਪਣੀ ਤੀਵੀਂ ਤੋਂ ਵੀ ਵੱਧ।ਹੋਰ
ਕੋਈ ਰਿਸ਼ਤਾ ਰਹੇ ਜਾਂ ਨਾਂ ਰਹੇ ਪਰ ਕਲਾਇੰਟ ਨਾਲ ਰਿਸ਼ਤੇ ਨਹੀਂ ਟੁੱਟਣੇ ਚਾਹੀਦੇ।
ਮੈਨੂੰ ਲੱਗਦੈ ਹੈ ਜਿਵੇਂ ਮੈਂ ਕਿਸੇ ਮਸ਼ੀਨ ਨਾਲ ਵਿਆਹੀ ਹੋਵਾਂ।
ਮੇਰਾ
ਤਾਂ ਕੀ ਫਿਕਰ ਕਰਨਾ ਸੀ ਆਪਣੀ ਸਿਹਤ ਦਾ ਵੀ ਫਿਕਰ ਨੀ ਕਰਦੇ।
ਡਾਕਟਰਾਂ ਕਹਿ ਦਿੱਤਾ ਹੈ ਕਿ ਕਰਿਸਟਰੋਲ ਬਹੁਤ ਹਾਈ ਹੈ।
ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋ ਗਏ ਨੇ।
ਵਕਤ ਸਿਰ ਖਾਣਾ ਨਾ ਖਾਣ ਕਰਕੇ ਫੂਡ ਪਾਈਪ ਵਿੱਚ ਪ੍ਰੌਬਲਮ ਹੈ।
ਨਜ਼ਰ ਘੱਟ
ਰਹੀ ਹੈ,
ਸਿਹਤ
ਡਿੱਗ ਰਹੀ ਹੈ।
ਏਦਾਂ ਤਾਂ ਹਰਟ ਅਟੈਕ ਵੀ ਹੋ ਸਕਦਾ ਹੈ।
ਕੀ ਕਰਨੀ ਹੈ ਏਨੀ ਮਾਇਆ?
ਕਿੱਥੇ
ਲੈਕੇ ਜਾਣਾ ਹੈ ਇਹ ਮਹਿਲ ਵਰਗਾ ਘਰ?
ਇਹ ਮਹਿੰਗੀਆਂ ਕਾਰਾਂ ਇੱਕ ਦਿਨ ਖੜੀਆਂ ਹੀ ਰਹਿ ਜਾਣਗੀਆਂ।
ਤੇ ਸਾਹਾਂ ਦਾ ਭੌਰ ਫੁਰਰ ਹੋ ਜਾਵੇਗਾ।
ਜਦੋਂ ਮੈਂ ਲੜਦੀ ਹਾਂ ਤਾਂ ਉਲਟ ਮੈਨੂੰ ਹੀ ਆਖਦੈ ਕਿ ਤੂੰ ਡੀਪਰੈਸ਼ਨ ਦੀ ਸ਼ਿਕਾਰ ਏਂ।
ਮੇਰੀ ਗੱਲ ਸੁਣਨ ਲਈ ਉਸ ਕੋਲ ਵਕਤ ਹੀ ਨਹੀਂ,
ਤਾਂ ਹੀ ਤਾਂ ਤੁਹਾਨੂੰ ਸੁਣਾ ਰਹੀ ਹਾਂ।
ਅੱਜ
ਮੈਨੂੰ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਆ।
ਕਾਸ਼ ਅਪਣੀ ਖੰਭ ਹੀਣ ਚਿੜੀ ਨੂੰ ਪਲੋਸ ਸਕਦੇ।
ਪਰ ਮੇਰੇ ਮਨਹੂਸ ਦੇ ਕਰਮਾਂ ‘ਚ
ਹੁਣ ਇਹ ਕਿੱਥੇ...।
ਮੇਰੀ ਵਜਾ ਕਰਕੇ ਹੀ ਤਾਂ ਸਭ ਵਾਪਰਿਆ ਸੀ।
ਲਉ ਹੁਣ ਤੁਹਾਨੂੰ ਇਹ ਘਟਨਾਂ ਵੀ ਦੱਸਣੀ ਹੀ ਪੈਣੀ ਆ।
ਪਾਪਾ
ਨੂੰ ਅਖਬਾਰ ‘ਚੋਂ
ਮੇਰੇ ਲਈ ਕਨੇਡਾ ਵਾਲਾ ਮੁੰਡਾ ਆਖਰ ਮਿਲ ਹੀ ਗਿਆ ਸੀ।
ਏਹ ਹੀ ਜੋ ਅੱਜ ੱਕਲ ਮੇਰੇ ਹਸਬੈਂਡ ਨੇ।
ਇਹ ਛੋਟੀ ਉਮਰੇ ਕਨੇਡਾ ਆ ਗਏ ਸਨ ਪਰ ਰਿਸ਼ਤਾ ਇੰਡੀਆਂ
‘ਚੋਂ
ਲੱਭਣਾ ਚਾਹੁੰਦੇ ਸੀ।
ਇਨ੍ਹਾਂ ਵਿਆਹ ਲਈ ਐਡ ਦਿੱਤੀ ਜਿਸ ਤੇ ਆਪਣੀ ਅਕਾਊਟਿੰਗ ਦੀ ਡਿਗਰੀ ਵੀ ਲਿਖੀ ਹੋਈ ਸੀ।
ਪਾਪਾ ਨੇ ਕਿਹਾ ‘ਬਾਹਰਲਾ
ਮੁੰਡਾ ਹੈ ਤੇਰੇ ਟੇਸਟ ਦਾ ਟ੍ਰਾਈ ਕਰਕੇ ਵੇਖ ਲੈਂਦਾ ਹਾਂ’।
ਫੇਰ
ਮੇਰੀ ਫੋਟੋ ਦੇ ਨਾਲ ਮੇਰੀ ਐਜ਼ੂਕੇਸ਼ਨ ਮੇਰਾ ਟੇਸਟ ਲਿਖ ਕੇ ਪਾਰਸਲ ਭੇਜ ਦਿੱਤਾ ਗਿਆ।
ਤੇ ਅਗਲੇ ਹਫਤੇ ਜਨਾਬ ਕਾਰ ਲੈ ਕੇ ਪਿੰਡ ਆ ਪਹੁੰਚੇ।
ਇਨਾਂ ਦੀ ਇੱਕ ਮਾਸੀ ਤੇ ਚਾਚੇ ਦਾ ਪੁੱਤ ਵੀ ਨਾਲ ਸਨ।
ਮਿਲਣ ਸਾਰ ਇਨਾਂ ਕਿਹਾ “ਐਹੋ
ਜਿਹੀ ਕੁੜੀ ਤਾਂ ਮੈਂ ਭਾਲਦਾ ਸੀ।ਐਮ
ਬੀ ਏ ਵੀ ਕਰਵਾ ਦਵਾਂਗਾ।
ਮੈਨੂੰ ਸਾਰਾ ਕੁੱਝ ਬਹੁਤ ਪਸੰਦ ਆ”।
ਪਾਪਾ
ਨੂੰ ਉਸ ਦਾ ਝੱਟ ਰੋਟੀਆਂ ਪਟੱਕ ਦਾਲ ਵਾਲਾ ਅੰਦਾਜ਼ ਬਹੁਤ ਪਸੰਦ ਆਇਆ ਤੇ ਵਿਆਹ ਦੀ
ਗੱਲ ਪੱਕੀ ਹੋ ਗਈ
।
ਬਗੈਰ ਕਿਸੇ ਵਿਚੋਲੇ ਦੇ।
ਪੰਦਰਾਂ ਦਿਨਾਂ ਦਾ ਵਿਆਹ ਰੱਖ ਦਿੱਤਾ ਗਿਆ।
ਇਨ੍ਹਾਂ ਦੀ ਛੁੱਟੀ ਬੜੀ ਥੋੜੀ ਸੀ।
ਇਹ ਪੰਦਰਾਂ ਦਿਨ ਪਾਪਾ ਲਈ ਬੜੇ ਮਹੱਤਵ ਪੂਰਨ ਦਿਨ ਸਨ।
ਧੀ ਨੂੰ ਬਾਹਰ ਭੇਜਣ ਦਾ ਸੁਪਨਾ ਪੂਰਾ ਕਰਨ ਲਈ ਉਹ ਜਿਵੇਂ ਕੋਈ ਯੁੱਧ ਲੜ ਰਹੇ ਹੋਣ।
ਏਨੇ
ਥੋੜੇ ਦਿਨਾਂ ਵਿੱਚ ਵਿਆਹ ਦੀ ਤਿਆਰੀ ਕਰਨੀ ਕਿਹੜਾ ਸੌਖੀ ਹੁੰਦੀ ਹੈ।
ਬੰਨੇ ਹੋਏ ਦਿਨ ਦੌੜ ਰਹੇ ਸਨ ਉਧਰ ਗੱਡੀਆਂ ਰੇੜਿਆਂ ਟਰੈਕਟਰਾਂ ਟਰਾਲੀਆਂ ਤੇ ਸਮਾਨ
ਢੋਇਆ ਜਾ ਰਿਹਾ ਸੀ।
ਪਾਪਾ ਦਾ ਸਕੂਟਰ ਸ਼ਹਿਰ ਤੋਂ ਘਰ ਤੇ ਘਰੋਂ ਸ਼ਹਿਰ ਵਲ ਸ਼ੂਕਦਾ ਦੌੜ ਰਿਹਾ ਸੀ।ਲੋਕ
ਵੇਖ ਰਹੇ ਸਨ।
ਪਾਪਾ ਜਿਵੇਂ ਮੈਦਾਨੇ ਜੰਗ ਵਿੱਚ ਜੂਝ ਰਹੇ ਹੋਣ।
ਉਦੋਂ ਅਜੇ ਪੈਰਿਜ ਪੈਲਿਸਾਂ ਵਾਲੇ ਵਿਆਹਾਂ ਦਾ ਰਿਵਾਜ਼ ਨਹੀਂ ਸੀ।
ਘਰਾਂ ਦੇ ਵਿਹੜਿਆਂ ਵਿੱਚ ਹੀ ਸ਼ਾਦੀਆਂ ਨੇਪਰੇ ਚੜਦੀਆਂ।
ਬੱਸ ਰੰਗ
‘ਚ
ਭੰਗ ਪੈ ਗਿਆ ਸੀ।
ਮੇਰੇ ਪਾਪਾ ਜੂਝਦੇ ਜੂਝਦੇ ਜਾਨ ਕੁਰਬਾਨ ਕਰ ਗਏ ਆਪਣੀ ਸੋਨ ਚਿੜੀ ਲਈ।ਲਉ
ਫੇਰ ਮੇਰੇ ਲੂੰ ਕੰਡੇ ਖੜੇ ਹੋ ਗਏ।
ਵਿਆਹ
ਵਿੱਚ ਸਿਰਫ ਦੋ ਦਿਨ ਬਾਕੀ ਸਨ।
ਮੰਮੀ ਪਾਪਾ ਨੇ ਉਸ ਦਿਨ ਵਰੀ ਦੇ ਸੂਟ ਤੇ ਸੁਨਿਆਰੇ ਦਿਉਂ ਗਹਿਣੇ ਗੱਟੇ ਲੈਣੇ ਸਨ।
ਉਹ ਸਾਡੇ ਪਿੰਡ ਤੋਂ ਅਜੇ ਸ਼ਹਿਰ ਜਾਣ ਲਈ ਜੀ ਟੀ ਰੋਡ ਤੇ ਚੜੇ ਹੀ ਸਨ ਕਿ ਇੱਕ ਦੂਜੇ
ਪਾਸਿਉਂ ਤੇਜ ਰਫਤਾਰ ਆਉਂਦੀ ਗੱਡੀ ਨੇ ਇੱਕ ਬੱਸ ਨੂੰ ਬਚਾਉਣ ਲਈ ਅਜਿਹਾ ਕੱਟ ਮਾਰਿਆ
ਕਿ ਉਹ ਗੱਡੀ ਬੇਕਾਬੂ ਹੋਕੇ ਪਾਪਾ ਦੇ ਸਕੂਟਰ ਤੇ ਆ ਚੜੀ।
ਮੰਮੀ ਪਾਪਾ ਉੱਥੇ ਹੀ ਢੇਰ ਹੋ ਗਏ।
ਥਾਂ ਤੇ ਹੀ ਦੋਹਾਂ ਦੀ ਮੌਤ ਹੋ ਗਈ।
ਸਾਰੇ ਪਿੰਡ ਵਿੱਚ ਕਹਿਰ ਵਰਤ ਗਿਆ ਸੀ।
ਸਾਰੇ ਇਲਾਕੇ ਵਿੱਚ ਕੈਪਟਨ ਪ੍ਰਿਤਪਾਲ ਤੇ ਉਸਦੀ ਪਤਨੀ ਦੀ ਮੌਤ ਦਾ ਮਾਤਮ ਛਾ ਗਿਆ।
ਉਸ ਦਿਨ ਕਿਸੇ ਘਰ ਰੋਟੀ ਨਹੀਂ ਸੀ ਪੱਕੀ।
ਮੈਂ ਤਾਂ ਸੁਣਨ ਸਾਰ ਬੇਹੋਸ਼ ਹੋ ਗਈ ਸਾਂ।
ਜੋ ਵੀ ਸੁਣਦਾ ਆਖਦਾ ‘ਰੱਬਾ
ਅਜਿਹਾ ਭਾਣਾ ਕਿਸੇ ਨਾਲ ਨਾਂ ਵਰਤਾਈਂ।
ਲੋਕ ਕੰਨਾਂ ਨੂੰ ਹੱਥ ਲਾ ਵਾਹਿਗੁਰੂ ਵਾਹਿਗੁਰੂ ਕਰਦੇ।
ਔਰਤਾਂ
ਨੇ ਮੈਨੂੰ ਮਾੜੇ ਕਰਮਾਂ ਵਾਲੀ ਕਿਹਾ।
ਤੇ ਚਾਚੀਆਂ ਤਾਈਆਂ ਨੇ ਮਨਹੂਸ।
ਕਿਵੇਂ ਭੁੱਲ ਸਕਦੀ ਹਾਂ ਮੈਂ ਉਹ ਦਿਨ,
ਜਦੋਂ ਮੇਰੇ ਵਿਆਹ ਤੋਂ ਪਹਿਲਾਂ ਘਰੋਂ ਦੋ ਅਰਥੀਆਂ ਨਿੱਕਲੀਆਂ।
ਜਦੋਂ ਮੇਰੇ ਡੈਡੀ ਮੰਮੀ ਨੂੰ ਉਹ ਹੀ ਕੱਪੜੇ ਪੁਆਏ ਗਏ ਸਨ ਜੋ ਉਨ੍ਹਾਂ ਮੇਰੇ ਵਿਆਹ
ਤੇ ਪਾਉਣੇ ਸਨ।
ਉਨ੍ਹਾਂ ਦਾ ਚਾਅ ਨਾਲ ਸਵਾਇਆ ਕੋਟ ਪੈਂਟ ਉਨ੍ਹਾਂ ਦੀ ਚਿਤਾ ਵਿੱਚ ਰੱਖਿਆ ਗਿਆ ਸੀ।
ਇਸ ਕਹਿਰ ਨੇ ਮੈਨੂੰ ਕਮਲ਼ੀ ਕਰ ਦਿੱਤਾ।
ਇਹ ਕਿਹੋ ਜਿਹਾ ਆਨੰਦ ਕਾਰਜ ਸੀ ਜਦੋਂ ਮੇਰੀ ਰੂਹ ਜ਼ਿਬਾ ਹੋਈ ਸੀ।
ਉਦੋਂ
ਬਲਵਿੰਦਰ ਨੇ ਬੜਾ ਸਿਦਕ ਦਿਖਾਇਆ ਸੀ।
ਉਸ ਨੇ ਕਿਹਾ “ਵਿਆਹ
ਤਾਂ ਮੈਂ ਏਸੇ ਕੁੜੀ ਨਾਲ ਕਰਾਂਗਾ ਭਾਵੇਂ ਕੁੱਝ ਦਿਨ ਲੇਟ ਪਿਆ ਹੋ ਜਾਵੇ”।
ਹਾਲਾਂਕਿ
ਇਨ੍ਹਾਂ ਦਾ ਪਰਿਵਾਰ ਕਹਿ ਰਿਹਾ ਸੀ ‘ਰਿਸ਼ਤਾ
ਛੱਡ ਦੇ ਕੁੜੀ ਮਨਹੂਸ ਆ’।
ਮੇਰੇ ਰਿਸ਼ਤੇਦਾਰ ਕਹਿ ਰਹੇ ਸਨ ‘ਵਿਆਹ
ਜਰੂਰ ਕਰਵਾ ਤੇਰੇ ਮਾਂ ਪਿਉ ਦੀ ਇੱਛਾ ਸੀ ਕਿ ਕੁੜੀ ਕਨੇਡਾ ਜਾਵੇ’।
ਬਲਵਿੰਦਰ
ਵੀ ਵਿਆਹ ਲਈ ਅੜਿਆ ਰਿਹਾ ਤੇ ਬਜੁਰਗ ਔਰਤਾਂ ਨੇ ਮੈਨੂੰ ਵੀ ਮਨਾ ਲਿਆਂ ਕਿ
“ਧੀਏ
ਮਰਨ ਵਾਲਿਆਂ ਨਾਲ ਤਾਂ ਮਰਿਆ ਨੀ ਜਾਂਦਾ ਤਕੜੀ ਹੋ।
ਤੁਰ ਗਿਆਂ ਦੀ ਰੂਹ ਨੂੰ ਸ਼ਾਂਤੀ ਮਿਲੂ”।
ਕਈ ਮੈਨੂੰ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਦਾ ਵਾਸਤਾ ਦੇ ਰਹੇ ਸਨ।
ਫੇਰ ਇੱਕ
ਦਿਨ ਮੈਨੂੰ ਬੇਜਾਨ ਸਰੀਰ ਨੂੰ ਅਨੰਦਾਂ ਤੇ ਬਿਠਾ ਤਾ।
ਲਾਲ ਸੂਟ ਪਾਉਣ ਨਾਲ ਕਿਤੇ ਹਫਤਾ ਪਹਿਲਾਂ ਲੱਗੇ ਜ਼ਖਮ ਭਰ ਜਾਣੇ ਸੀ।
ਮੈਂ ਰੋਂਦੀ ਕੁਰਲਾਂਦੀ ਰਹੀ।
ਡੋਲੀ ਚੜਦੀ ਦੀਆਂ ਧਾਹਾਂ ਅੰਬਰ ਪਾੜ ਦੇਣ ਵਾਲ਼ੀਆਂ ਸਨ।ਮੇਰੇ
ਵਿਦਾ ਹੋਣ ਵੇਲੇ ਮੈਨੂੰ ਮਾਂ ਪਿਉ ਦੇ ਹੱਥ ਨਸੀਬ ਨਾ ਹੋਏ।
ਬਲਵਿੰਦਰ
ਨਾਲ ਪਹਿਲੀ ਮਿਲਣੀ ਵੀ ਕੁੱਝ ਏਸੇ ਤਰ੍ਹਾਂ ਦੀ ਹੀ ਸੀ।
ਜਿਵੇਂ ਕੋਈ ਪੱਥਰ ਨੂੰ ਛੂਹ ਰਿਹਾ ਹੋਵੇ।
ਭਾਵਨਾਵਾਂ ਜਦੋਂ ਮਰ ਜਾਣ ਫੇਰ ਕਾਹਦੀ ਖੁਸ਼ੀ ਤੇ ਕਾਹਦੇ ਚਾਅ।
ਮੈਂ ਕਈ ਸਾਲ ਇਸ ਪ੍ਰਭਾਵ ‘ਚੋਂ
ਨਾ ਨਿੱਕਲ ਸਕੀ।
ਜਦੋਂ ਕੁੱਝ ਨਿੱਕਲੀ ਵੀ ਤਾਂ ਇਹ ਬਹੁਤ ਦੂਰ ਚਲੇ ਗਏ।ਹੁਣ
ਮੈਂ ਬਲਾਉਂਦੀ ਹਾਂ ਤਾਂ ਇਨ੍ਹਾ ਕੋਲ ਸਮਾਂ ਨਹੀਂ।
ਮੈਂ ਜਿੰਦਾ ਲਾਸ਼ ਬਣ ਕੇ ਰਹਿ ਗਈ ਹਾਂ।ਸਾਡੇ
ਪਤੀ ਪਤਨੀ ਦੇ ਢੀਚੂੰ ਢੀਚੂੰ ਕਰਦੇ ਸਬੰਧਾਂ ਦੀ ਹੀ ਨਿਸ਼ਾਨੀ ਹੈ ਮੇਰੀ ਬੇਟੀ ਰੱਮੀ।
ਹੁਣ ਤਾਂ ਇਹ ਜ਼ਿੰਦਗੀ ਜਿਵੇਂ ਬੋਝ ਬਣ ਗਈ ਆ।
ਪਹਿਲਾਂ
ਪਹਿਲ ਤਾਂ ਮੈਂ ਆਪਣੀ ਧੀ ਨਾਲ ਪਰਚੀ ਰਹੀ ਤੇ ਸੋਚਿਆਂ ਸ਼ਾਇਦ ਇਹ ਵੱਡੀ ਹੋਕੇ ਇਹ
ਮੇਰੇ ਖੰਭ ਬਣੇਗੀ।
ਪਰ ਏਨਾਂ ਮੁਲਕਾਂ ਵਿੱਚ ਤਾਂ ਬੱਚਿਆਂ ਦੇ ਖੰਭ ਨਿੱਕਲਣ ਦੀ ਦੇਰ ਹੁੰਦੀ ਆ ਕਿ ਉਹ
ਉੱਡ ਜਾਂਦੇ ਨੇ।
ਤਾਂ ਹੀ ਤਾਂ ਫੇਰ ਗੋਰੇ ਕਾਲ਼ੇ ਆਪਣੇ ਅਧੂਰੇ ਰਹਿ ਗਏ ਚਾਵਾਂ ਨੂੰ ਪੂਰਾ ਕਰਨ ਲਈ
ਕੁੱਤੇ ਬਿੱਲੀਆਂ ਪਾਲ਼ ਲੈਂਦੇ ਨੇ।
ਉਨ੍ਹਾਂ ਨੂੰ ਹੀ ਸੰਵਾਰਦੇ ਦੁਲਾਰਦੇ ਤੇ ਪੁਚਕਾਰਦੇ ਰਹਿੰਦੇ ਨੇ।
ਕਾਰ ਦੀ ਅਗਲੀ ਸੀਟ ਤੇ ਬਰਾਬਰ ਬਿਠਾਉਣਗੇ,ਉਨ੍ਹਾਂ
ਦੇ ਜਨਮ ਦਿਨ ਮਨਾਉਣਗੇ।
ਮੈਂ ਤਾਂ ਉਹ ਵੀ ਨਹੀਂ ਕਰ ਸਕਦੀ।ਕੁੱਲ
ਮਿਲਾ ਕੇ ਮੇਰੇ ਹਿੱਸੇ ਤਾਂ ਘਰ ਦਾ ਕੰਮ ਜਾਂ ਪਾਠ ਕਰਨਾ ਹੀ ਰਹਿ ਗਿਆ ਹੈ।
ਮੇਰੀ
ਉਮਰ ਅਜੇ ਬਤਾਲੀ ਵਰਿਆਂ ਦੀ ਹੈ ਪਰ ਮੈਂ ਬਹੱਤਰਾਂ ਦੀ ਮਹਿਸੂਸ ਕਰ ਰਹੀ ਹਾਂ।
ਜਦੋਂ ਮੇਰੀ ਬੇਟੀ ਦੋ ਚਾਰ ਮਹੀਨੇ ਬਾਅਦ ਕਿਸੇ ਵੀਕ ਐਂਡ ਤੇ ਘਰ ਆਂਉਦੀ ਆ ਫੇਰ ਮੈਂ
ਥੋੜਾ ਗੁਟਕਦੀ ਚਹਿਕਦੀ ਵੀ ਹਾਂ।
ਅੱਜ ਕੱਲ ਤਾਂ ਉਹ ਵੀ ਮੇਰੀ ਕੋਈ ਗੱਲ ਨਹੀਂ ਸੁਣਦੀ।ਹਰ
ਗੱਲ ਤੇ ਆਖ ਦਿੰਦੀ ਆ “ਮੌਮ
ਥੋਨੂੰ ਕੀ ਪਤੈ”?
ਮੈਂ ਫੇਰ ਅਰਸ਼ ਤੋਂ ਫਰਸ਼ ਤੇ ਆ ਡਿੱਗਦੀ ਹਾਂ।
ਮੇਰੇ ਘਰ ਵਾਲਾ ਵੀ ਏਦਾਂ ਹੀ ਕਰਦਾ ਹੈ।ਤੁਸੀਂ
ਕਦੇ ਆਹਲਣਿਉ ਡਿੱਗਿਆ ਬੋਟ ਵੇਖਿਆ ਹੈ?ਮੈਨੂੰ
ਬੱਸ ਉਹ ਹੀ ਸਮਝ ਲਵੋ।
ਸਭ ਤੋਂ
ਜਿਆਦਾ ਅਫਸੋਸ ਤਾਂ ਮੈਨੂੰ ਆਪਣੇ ਭਰਾ ਦਾ ਹੈ।
ਕੀ ਨਹੀਂ ਸੀ ਕੀਤਾ ਮੈਂ ਉਸ ਦੇ ਲਈ?
ਉਸ ਨੂੰ ਕੱਪੜੇ ਲੀੜੇ ਜਾਕਟਾਂ ਪੈਂਟਾ,
ਘੜੀਆਂ ਕੈਮਰੇ ਸਭ ਕੁੱਝ ਭੇਜਦੀ ਰਹੀ।
ਸੋਚਦੀ ਸੀ ਕਿ ਹੁਣ ਮੈਂ ਹੀ ਉਸਦੇ ਮਾਂ ਬਾਪ ਹਾਂ,
ਕਿਸੇ ਗੱਲੋਂ ਹੌਕਾ ਨਾਂ ਲਵੇ।
ਨਾਲੇ ਇੱਕ ਔਰਤ ਦਾ ਪਤੀ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ ਪਰ ਪੇਕਿਆਂ ਲਈ ਸਮਾਨ
ਭੇਜਣ ਸਮੇਂ ਉਹ ਕਿੰਨੀ ਗਰੀਬਣੀ ਤੇ ਬੇਵੱਸ ਹੋ ਜਾਂਦੀ ਆ।
ਉਹ ਵੀ ਮੇਰੇ ਵਰਗੀ ਜੋ ਆਪ ਕੰਮ ਵੀ ਨਾ ਕਰਦੀ ਹੋਵੇ ਤੇ ਪਤੀ ਤੇ ਡਿਪੈਂਡ ਹੋਵੇ।
ਭਾਵੇਂ ਉਹ ਕੁੱਝ ਨਾਂ ਵੀ ਕਹੇ ਪਰ ਆਪਣੇ ਦਿਲ ਵਿੱਚ ਤਾਂ ਘਟਾ ਮਹਿਸੂਸ ਹੁੰਦਾ ਈ
ਆ...।
ਬਈ ਕਿਤੇ ਅਗਲਾ ਇਹ ਨਾਂ ਸੋਚੇ ‘ਜੇ
ਕੰਮ ਕਰੇ ਤਾਂ ਪਤਾ ਲੱਗੇ ਕਿ ਖਰਚੇ ਕਿੱਦਾ ਕਰੀਦੇ ਨੇ’।
ਊਂ ਕਹਿਣ
ਨੂੰ ਤਾਂ ਮੇਰੇ ਏਥੇ ਬਥੇਰੇ ਰਿਸ਼ਤੇਦਾਰ ਰਹਿੰਦੇ ਨੇ ਪਰ ਜਦ ਮਿਲਦੇ ਵਰਤਦੇ ਈ ਨੀ ਫੇਰ
ਮੈਂਨੂੰ ਕਿਸੇ ਦਾ ਕੀ ਭਾਅ...?
ਜਦੋਂ ਮੇਰਾ ਸਕਾ ਭਰਾ ਈ ਮੇਰੇ ਨਾਲ ਨੀ ਬੋਲਦਾ ਹੋਰ ਕਿਸੇ ਨੂੰ ਕੀ ਕਹਿਣੈ।
ਮਿਲਣ ਵਰਤਣ ਦੀ ਕਿਸੇ ਕੋਲ ਵਿਹਲ ਹੀ ਨਹੀਂ।
ਉਲਟਾ ਮੈਨੂੰ ਕਹਿਣ ਗੇ “ਤੂੰ
ਤਾਂ ਵਿਹਲੀ ਐਸ਼ਾਂ ਕਰਦੀ ਏਂ,
ਸਾਡੇ ਕੋਲ ਟੈਮ ਕਿੱਥੇ ਆ।”
ਹੁਣ ਤਾਂ
ਟੀ ਵੀ ਹੀ ਮੇਰਾ ਸਕਾ ਸਬੰਧੀ ਹੈ ਜੋ ਮੇਰਾ ਸਾਥ ਦਿੰਦਾ ਏ।
ਹਿੰਦੀ ਪੰਜਾਬੀ ਡਰਾਮੇ ਹੀ ਮੇਰਾ ਸਮਾਜ ਨੇ।
ਉਨ੍ਹਾਂ ਵਿਚਲੇ ਰਿਸ਼ਤਿਆਂ ਨਾਲ ਜੁੜੀ ਕਦੇ ਮੈਂ ਕਦੇ ਉਦਾਸ ਅਤੇ ਕਦੇ ਖੁਸ਼ ਹੁੰਦੀ ਹਾਂ।
ਏਹੋ ਕਹਾਣੀਆਂ ਹੁਣ ਮੇਰਾ ਸੱਚ ਬਣ ਗਈਆਂ ਨੇ ਤੇ ਮੇਰੀ ਇਕੱਲਤਾ ਦਾ ਸਾਥ ਵੀ।
ਮੈਂ ਤਾਂ
ਕਿਸੇ ਨਾਲ ਗੱਲ ਕਰਨ ਲਈ ਘਰੋਂ ਬਾਹਰ ਵੀ ਨਹੀਂ ਨਿੱਕਲਦੀ।
ਜਿਸ ਨੂੰ ਵੀ ਮਿਲੋ ਆਪਣੇ ਹੀ ਰੋਣੇ ਲੈ ਕੇ ਬੈਠ ਜਾਂਦਾ ਏ।
ਆਹ ਸਾਡੇ ਨਾਲ ਦੇ ਘਰ ਵਾਲੇ ਪਾਕਸਤਾਨ ਤੋਂ ਨੇ ਪਰ ਆਪਣੇ ਆਪ ਦਾ ਪਤਾ ਨਹੀਂ ਲੱਗਣ
ਦੇਣਾ ਚਾਹੁੰਦੇ।
ਮੁਸਲਮ ਕਹਾ ਕੇ ਰਾਜੀ ਨਹੀਂ।
ਅੰਗਰੇਜੀ ਵਿੱਚ ਹੀ ਗੱਲਾਂ ਕਰਦੇ ਨੇ।
ਕਹਿੰਦੇ ਸਾਨੂੰ ਪੰਜਾਬੀ ਹਿੰਦੀ ਉਰਦੂ ਕੁੱਝ ਵੀ ਸਮਝ ਨਹੀਂ ਆਂਉਦਾ । ਪਤਾ ਨਹੀਂ ਲੋਕ
ਕਿਵੇਂ ਕੁੱਝ ਵਰਿਆਂ ਵਿੱਚ ਹੀ ਆਪਣਾ ਪਿਛੋਕੜ ਭੁੱਲ ਜਾਂਦੇ ਨੇ।
ਹੋਰ ਤਾਂ
ਹੋਰ ਏਹਨਾਂ ਨੇ ਤਾਂ ਆਪਣੇ ਨਾਂ ਵੀ ਬਦਲ ਲਏ ਨੇ।
ਔਰਤ ਕਰੀਮਾਂ ਤੋਂ ਕੈਮੀ ਬਣ ਗਈ ਹੈ ਤੇ ਬੰਦਾ ਜਾਵੇਦ ਤੋਂ ਜੇਸਨ।
ਦੇਸੀਆਂ ਨੂੰ ਮਿਲਣ ਵਿੱਚ ਇਹ ਹੱਤਕ ਸਮਝਦੇ ਨੇ।
ਕਾਲ਼ੇ ਗੋਰੇ ਹੀ ਏਨ੍ਹਾਂ ਦੇ ਮਹਿਮਾਨ ਹੁੰਦੇ ਨੇ।
ਹੁਣ ਤਾਂ ਏਹਨਾਂ ਦੇ ਮੁੰਡੇ ਕੁੜੀਆਂ ਕਾਲਿਆਂ ਗੋਰਿਆਂ ਤੋਂ ਬਿਨਾਂ ਕਿਸੇ ਨਾਲ ਬਾਸਕਟ
ਬਾਲ ਵੀ ਨਹੀਂ ਖੇਡਦੇ।
ਤੇ ਗੋਰੇ ਕਾਲ਼ਿਆਂ ਨੂੰ ਹੀ ਬਾਰ ਬੀ ਕਿਊ ਤੇ ਬੁਲਾ ਕੇ ਉਨ੍ਹਾਂ ਨਾਲ ਬੀਅਰਾਂ ਪੀਣ
ਵਿੱਚ ਆਪਣਾ ਮਾਣ ਸਮਝਦੇ ਨੇ।
ਜਿੱਦਣ ਨਿਆਣਿਆਂ ਨੇ ਉਹੋ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਕਰਦੇ ਨੇ ਫੇਰ
ਇਨ੍ਹਾਂ ਪਛਤਾਉਣਾ ਏ।
ਜਦੋਂ ਕੋਈ ਕੁੜੀ ਕਾਲੇ ਗੋਰੇ ਨਾਲ ਵਿਆਹ ਦੀ ਜਿੱਦ ਫੜ ਕੇ ਬੈਠ ਗਈ ਇਨ੍ਹਾਂ ਫਿਰ ਤੋਂ
ਇਨਾਂ ਆਪਣੇ ਖੋਲ ਵਿੱਚ ਜਾ ਵੜਨਾ ਏ।
ਬੰਦਾ ਫਿਰ ਜੇਸਨ ਤੋਂ ਜਾਵੇਦ ਬਣ ਕੇ ਮਸਜਿਦ ਜਾਣ ਲੱਗ ਪਵੇਗਾ।
ਔਰਤ ਫੇਰ ਕਿਸੇ ਖੱਲ ਖੂੰਜੇ ਸੁੱਟਿਆ ਹਿਜ਼ਾਬ ਪਹਿਨਣ ਲੱਗ ਪਵੇਗੀ।
ਇੱਕ ਮੈਂ ਹੀ ਹਾਂ ਜਿਸ ਵਿੱਚ ਕੋਈ ਤਬਦੀਲੀ ਨਹੀਂ ਆਂਉਦੀ।
ਸਟਰੀਟ
ਤੋ ਹੋਰ ਬਥੇਰੇ ਨੇ ਜਿਨਾਂ ਦੇ ਘਰਾਂ ਵਿੱਚ ਇਕੱਲਤਾ ਦੀ ਹਨੇਰੀ ਸ਼ੂਕਦੀ ਏ।
ਔਹ ਕੁੱਤੇ ਵਾਲੀ ਗੋਰੀ ਡੌਨਾ ਦਾ ਵੀ ਤਾਂ ਏਹੋ ਹਾਲ ਏ।ਕੁੱਤੇ
ਨਾਲ ਹੀ ਪਰਚੀ ਰਹਿੰਦੀ ਆ।
ਰੋਜ ਉਸ ਨੂੰ ਘਮਾਉਣ ਲੈ ਕੇ ਜਾਊ।
ਜੇ ਮੈਂ ਡੋਰ ‘ਚ
ਖੜੀ ਹੋਵਾਂ ਤਾਂ ਵਿਸ਼ ਕਰਨਾ ਨਹੀਂ ਭੁੱਲਦੀ।
ਕਿਵੇਂ ਲੋਗੜ ਜਿਹਾ ਕੁੱਤਾ ਉਹਦਾ ਮੂੰਹ ਚੱਟਦਾ ਰਹਿੰਦਾ ਏ।
ਤੇ ਉਹ ਵੀ ਮਾਈ ਹਨੀ, ਮੇਰਾ ਸਨ ਤੋਂ ਬਿਨਾਂ ਗੱਲ ਨੀ ਕਰਦੀ।
ਕਦੀ ਗੁੱਸੇ ਵਿੱਚ ਹੋਵੇ ਤਾਂ ਉਸ ਨੂੰ ਟੌਮ ਕਹਿਕੇ ਘੂਰਦੀ ਆ।
ਬੱਸ ਇਹ ਕੁੱਤਾ ਹੀ ਇਹਦੇ ਖੰਭ ਨੇ।
ਇਹਦਾ ਪਤੀ ਤੇ ਨਿਆਣੇ ਸਭ ਏਹਨੂੰ ਛੱਡ ਕੇ ਦੌੜ ਚੁੱਕੇ ਨੇ।
ਮੇਰੀ ਧੀ
ਸਕੂਲੀ ਪੁਸਤਕਾਂ ਵਿੱਚ ਕਲਿੱਫਰਡ ਕੁੱਤੇ ਦੀ ਸੀਰੀਜ਼ ਸਭ ਤੋਂ ਵੱਧ ਪਸੰਦ ਕਰਦੀ ਸੀ।
ਉਸ ਨੂੰ ਕੋਈ ਨਾਲ ਖੇਡਣ ਵਾਲਾ ਚਾਹੀਦਾ ਸੀ।
ਉਸ ਨੇ ਵੀ ਕਲਿੱਫਰਡ ਵਰਗਾ ਕੁੱਤਾ ਮੰਗਿਆ ਸੀ।
ਪਰ ਉਸ ਦੇ ਡੈਡੀ ਨਹੀਂ ਮੰਨੇ।
ਉਹ ਕਹਿੰਦੇ ਤੇਰੇ ਬਰਥ ਡੇਅ ਤੇ ਮੈਂ ਪੱਪੀ ਗਿਫਟ ਨਹੀਂ ਦੇ ਸਕਦਾ।
ਦਿਲੋਂ ਮੈਂ ਵੀ ਚਾਹੁੰਦੀ ਸੀ ਕਿ ਉਹ ਕਤੂਰਾ ਰੱਖ ਲਵੇ ਮੇਰਾ ਵੀ ਦਿਲ ਲੱਗਿਆ ਰਹੂ।
ਕਹਿੰਦੇ ਪਾਲਤੂ ਜਾਨਵਰ ਰੱਖਣ ਨੱਲ ਤੁਹਾਡਾ ਮਾਨਸਿਕ ਤਨਾਅ ਘਟਦਾ ਹੈ।
ਫੇਰ ਸ਼ਾਇਦ ਮੈਂਨੂੰ ਵੀ ਇਹ ਡੀਪ੍ਰੈਸ਼ਨ ਨਾ ਹੁੰਦਾ ਤੇ ਮੈਂ ਵੀ ਬਲੱਡ ਪ੍ਰੈੱਸ਼ਰ ਸ਼ੂਗਰ
ਦੀ ਮਰੀਜ਼ ਨਾਂ ਬਣਦੀ।
ਸਾਡੇ
ਭਾਰਤੀ ਲੋਕਾਂ ਨੂੰ ਭੁਲੇਖਾ ਹੈ ਕਿ ਉਨ੍ਹਾਂ ਦੀ ਔਲਾਦ ਗੋਰਿਆਂ ਵਾਂਗ ਨਹੀਂ ਕਰਦੀ।
ਤਾਂ ਹੀ ਉਹ ਸੱਭਿਆਚਾਰ ਦੀ ਦੁਹਾਈ ਦਿੰਦੇ ਰਹਿੰਦੇ ਨੇ।
ਉਨ੍ਹਾਂ ਦੇ ਅੰਦਰ ਵੀ ਕੋਈ ਡਰ ਹੀ ਬੈਠਾ ਹੋਣੈ।
ਭਲਾ ਉਨ੍ਹਾਂ ਨੂੰ ਪੁੱਛੇ ਕਿ ਗਰਮ ਪਾਣੀ ‘ਚ
ਸੁੱਟੀਆਂ ਚੀਜਾਂ ਗਰਮ ਕਿਉਂ ਨੀ ਹੋਣਗੀਆਂ।
ਉਹ ਚਾਹੁੰਦੇ ਨੇ ਸੁੱਖ ਸਹੂਲਤਾਂ ਤਾਂ ਕਨੇਡਾਂ ਦੀਆਂ ਮਾਣੀਏ ਤੇ ਬੱਚੇ ਸਿੱਖਣ ਭਾਰਤੀ
ਰਹੁ ਰੀਤਾਂ।
ਮੈਂ ਤਾਂ ਕਹਿਨੀ ਆਂ ਕਿ ਮੇਰੇ ਵਾਂਗੂੰ ਥੋਨੂੰ ਵੀ ਕਨੇਡਾ ਦਾ ਸਾਰਾ ਪੈਕਿਜ ਇਕੱਠਾ
ਹੀ ਮਿਲੂ।
ਉਹ
ਸਤਵੰਜਾ ਨੰਬਰ ਘਰ ਵਾਲੀ ਵਨੀਤਾ ਜੋ ਸ਼ੈਰਡੀਅਨ ਕਾਲਜ ਵਿੱਚ ਪੜਾਉਂਦੀ ਆ ਦੱਸਦੀ ਸੀ ਕਿ
ਆਪਣੇ ਮੁੰਡੇ ਕੁੜੀਆਂ ਵੀ ਘੱਟ ਨੀ।
ਸਕੂਲਾਂ ਕਾਲਜਾਂ ਵਿੱਚ ਉਹ ਵੀ ਸਾਰਾ ਕੁੱਝ ਗੋਰਿਆ ਕਾਲਿਆਂ ਵਾਂਗ ਹੀ ਕਰਦੇ ਨੇ।
ਮੈਂ ਤਾਂ ਕਹਾਂਗੀ ਕਿ ਉਹ ਦੋਗਲੇ ਹੋ ਗਏ ਨੇ।
ਘਰ ਕਿਸੇ ਹੋਰ ਸੱਭਿਆਚਾਰ ਦਾ ਡਰਾਮਾ ਕਰਦੇ ਨੇ ਤੇ ਬਾਹਰ ਕਿਸੇ ਹੋਰ ਦਾ।
ਮੁਆਫ ਕਰਨਾ ਉਂਝ ਹੈ ਅਸੀਂ ਸਾਰੇ ਹੀ ਦੋਗਲੇ।
ਜਿਨਾਂ ਗੱਲਾਂ ਤੋਂ ਬੱਚਿਆਂ ਨੂੰ ਰੋਕਦੇ ਹਾਂ ਖੁਦ ਉਹ ਆਪ ਕਰਦੇ ਹਾਂ।
ਏਹੋ ਕੁੱਝ ਧਾਰਮਿਕ ਥਾਵਾਂ ਤੇ ਹੈ।
ਬੱਚਿਆਂ ਨੇ ਵੀ ਸਾਡੇ ਤੇ ਹੀ ਜਾਣਾ ਹੁੰਦਾ ਹੈ।
ਜਿਹੜਾ ਬੱਚਾ ਸੱਚ ਸੱਚ ਦੱਸ ਦਿੰਦਾ ਹੈ ਉਹ ਸਾਡੇ ਤੋਂ ਬ੍ਰਦਾਸ਼ਤ ਨਹੀਂ ਹੁੰਦਾ ਤੇ
ਫੇਰ ਅਸੀਂ ਉਹਦੇ ਖੰਭ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੀ ਤਾਂ ਬੱਚੇ ਦੌੜ ਜਾਂਦੇ
ਨੇ।
ਏਸੇ ਲਈ ਮੈਂ ਆਪਣੀ ਧੀ ਨੂੰ ਕੁੱਝ ਨਹੀਂ ਕਹਿੰਦੀ।
ਏਥੇ ਹਰ ਕੋਈ ਅੱਖੀ ਦੇਖ ਕੇ ਮੱਖੀ ਨਿਗਲਣ ਦਾ ਆਦੀ ਹੋ ਜਾਂਦਾ ਹੈ।
ਮੈਨੂੰ ਲੱਗਦਾ ਹੈ ਮੇਰੀ ਧੀ ਦਾ ਵੀ ਕੋਈ ਬੁਆਏ ਫਰੈਂਡ ਹੈ ਸ਼ਾਇਦ ਉਸੇ ਨਾਲ ਫੋਨ ਤੇ
ਲੱਗੀ ਰਹਿੰਦੀ ਹੈ।
ਪਿਛਲੀ ਵਾਰ ਇਕੱਠੇ ਮੈਕਸੀਕੋ ਵੀ ਜਾ ਆਏ ਨੇ।
ਏਥੇ ਇਹ ਗੱਲਾਂ ਆਮ ਨੇ।
ਜਿਆਦਾ ਰੋਕਾਂਗੇ ਤਾਂ ਘਰੋਂ ਦੌੜ ਜਾਊ ਫਿਰ ਕੀ ਕਰ ਲਵਾਂਗੇ?
ਉਹੋ ਤਾਂ ਹੁਣ ਮੇਰਾ ਆਸਰਾ ਹੈ।
ਇਹਦੇ ਡੈਡੀ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ।
ਜਦੋਂ ਮਨ
ਬਹੁਤ ਬੇਚੈਨ ਹੋ ਜਾਂਦਾ ਹੈ ਫੇਰ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪੈਂਦੀ ਹਾਂ।
ਪਾਠ ਕਰਕੇ ਇੱਕ ਗੱਲ ਤਾਂ ਜਰੂਰ ਸਮਝ ਪੈਂਦੀ ਹੈ ਕਿ ਦੁਨੀਆਂ ਦੇ ਇਹ ਸਾਰੇ ਰਿਸ਼ਤੇ
ਨਾਤੇ ਝੂਠੇ ਨੇ।
ਰੇਤ ਦੀਆਂ ਕੰਧਾਂ।
ਇਨਸਾਨ ਦੁਨੀਆਂ ਵਿੱਚ ਇਕਲਾ ਆਇਆ ਸੀ ਤੇ ਇਕੱਲਾ ਹੀ ਜਾਵੇਗਾ।
ਫੇਰ
ਇਕੱਲਾ ਰਹਿ ਕਿਉਂ ਨਹੀਂ ਸਕਦਾ?
ਮੈਂ
ਸੋਚਦੀ ਹਾਂ।
ਕਿਉਂ ਦੂਸਰਿਆਂ ਦਾ ਸਹਾਰਾ ਭਾਲਦਾ ਏ।
ਉਨ੍ਹਾਂ ਸਹਾਰੇ ਉੱਡਣਾ ਲੋਚਦਾ ਏ।
ਮਾਪੇ ਪਤੀ ਪੁੱਤਰ ਭੈਣ ਭਰਾ,
ਚਾਚੇ ਤਾਏ ਮਾਮੇ ਮਾਸੀਆਂ ਹੋਰ ਕੀ ਨੇ ਸਭ ਕੁੱਝ ਸਿਰਫ ਗਰਜਾਂ ਦੇ ਰਿਸ਼ਤੇ।
ਪਤਾ
ਨਹੀਂ ਅੱਜ ਮੇਰਾ ਮਨ ਕਿਉਂ ਨਹੀਂ ਸ਼ਾਂਤ ਹੋ ਰਿਹਾ।
ਪਤੀ ਨੂੰ ਫੋਨ ਕਰਦੀ ਆਂ ਤਾਂ ਅੱਗੋਂ ਮਸ਼ੀਨ ਬੋਲ ਪੈਂਦੀ ਆ।
ਧੀ ਨੇ ਫੋਨ ਬੰਦ ਕੀਤਾ ਹੋਇਆ ਹੈ।
ਭਰਾ ਅਜੇ ਕੱਲ ਹੀ ਮੇਰੇ ਨਾਲ ਲੜ ਕੇ ਮੈਨੂੰ ਮਨਹੂਸ ਹੋਣ ਦੇ ਤਾਹਨੇ ਮਾਰ ਕੇ ਹਟਿਆ
ਹੈ।
ਮੇਰਾ ਹੋਰ ਕੌਣ ਹੈ...?
ਕੋਈ ਵੀ ਨਹੀਂ।
ਮੈ ਡੈਡੀ
ਨੂੰ ਕੋਸਦੀ ਹਾਂ ਕਿਉਂ ਕੀਤਾ ਸੀ ਮੇਰਾ ਰਿਸ਼ਤਾ ਕਨੇਡਾ।
ਮੇਰੀ ਔਲਾਦ ਤੇ ਪਤੀ ਤਾਂ ਸਿਸਟਮ ਦਾ ਪੁਰਜਾ ਬਣ ਗਏ ਨੇ।
ਮੈਂ ਰਹਿ ਗਈ ਬੇਜਾਨ ਚੀਜਾਂ ਨਾਲ ਮੱਥਾ ਮਾਰਨ ਲਈ।
ਅੱਜ ਅਥਰੂ ਡੱਕੇ ਨਹੀਂ ਜਾ ਰਹੇ।
ਮੰਮੀ ਡੈਡੀ ਵਲੋਂ ਮਿਲੇ ਪਿਆਰ ਦਾ ਨਿੱਘ ਬਹੁਤ ਯਾਦ ਆ ਰਿਹਾ ਏ।
ਮੈਂ ਮਨ
ਹੋਰ ਪਾਸੇ ਲਾਉਣ ਲਈ ਬੂਹੇ ਵਿੱਚ ਜਾ ਖੜਦੀ ਹਾਂ।
ਡੌਨਾ ਕੁੱਤਾ ਲਈ ਆ ਰਹੀ ਹੈ।
ਹੱਸਦੀ ਮੁਸਕਰਾਂਉਦੀ ਹੋਈ।
ਚੰਗੀ ਤਰ੍ਹਾਂ ਤਿਆਰ ਹੋਈ ਹੋਈ ਏ।
ਨੀਲੀ ਜੀਨ ਅਤੇ ਰੈੱਡ ਟੀ ਸ਼ਰਟ ਵਿੱਚ ਕਿੰਨੀ ਜਚਦੀ ਹੈ।
ਪੰਜਾਹਾ ਦੀ ਤਾਂ ਹੋਊ ਪਰ ਪੈਂਤੀਆਂ ਤੋਂ ਵੀ ਘੱਟ ਲੱਗਦੀ ਆ।
ਉਸਦਾ ਮੇਕ ਅੱਪ ਤੇ ਮੁਸਕਰਾਹਟ ਮੱਲੋ ਮੱਲੀ ਰਾਹ ਜਾਂਦਿਆਂ ਦਾ ਧਿਆਨ ਖਿੱਚਦੇ ਨੇ ।
ਜੀਣ ਦਾ ਸਾਹਸ ਦਿੰਦੇ ਨੇ।
ਮੈਂ ਉਸ ਨਾਲ ਗੱਲ ਕਰਨ ਲਈ ਰੁਕਦੀ ਹਾਂ।
ਉਸਦਾ
ਕੁੱਤਾ ਅੱਗੇ ਪਿੱਛੇ ਦੌੜ ਰਿਹਾ ਹੈ।
ਕਦੀ ਉਸ ਦੇ ਪੈਰ ਸੁੰਘਦਾ ਹੈ ਤੇ ਕਦੀ ਮੂੰਹ ਵਲ ਤੱਕ ਕੇ ਚੂੰ ਚੂੰ ਕਰਦਾ ਹੈ।
ਜਿਵੇਂ ਕਹਿ ਰਿਹਾ ਹੋਵੇ ਹੁਣ ਮੈਨੂੰ ਗੋਦੀ ਚੁੱਕ।
ਉਹ ਵੀ ਵਾਰ ਵਾਰ ਨੋ ਹਨੀ ਨੋ ਮਾਈ ਸਨ ਕਹਿ ਕਹਿ ਟਾਲ ਰਹੀ ਹੈ।
ਮੈਨੂੰ ਦੂਰੋਂ ਹੀ ਹੱਥ ਹਿਲਾ ਉਸ ਨੇ ‘ਹੈਲੋ
ਸਿੰਡੀ’
ਕਿਹਾ ਹੈ।
ਮੈਂ ਬਾਹਰ ਨਿੱਕਲ ਕੇ ਉਸ ਨਾਲ ਗੱਲੀਂ ਜੁੱਟ ਜਾਂਦੀ ਹਾਂ।
ਘਰ ਦੀਆਂ,
ਸਟਰੀਟ ਦੀਆਂ,
ਆਪਣੀ ਇਕੱਲਤਾ ਦੀਆਂ ਮੈਂ ਉਸ ਨਾਲ ਬਹੁਤ ਗੱਲਾਂ ਕਰਦੀ ਹਾਂ।
ਉਹ ਮੇਰੀ ਉਦਾਸੀ ਨੂੰ ਭਾਂਪ ਕੇ ਪੁੱਛਦੀ ਹੈ:
“ਡਾਰਲਿੰਗ
ਕਿਉਂ ਐਨੀ ਉਦਾਸ ਏਂ?”
“ਮੇਰੇ
ਵਲ ਵੇਖ ਮੇਰੇ ਮਾਂ ਬਾਪ ਪਤੀ,
ਬੱਚੇ ਪਤਾ ਨਹੀਂ ਸਾਰੇ ਕਿੱਥੇ ਨੇ।
ਮੈਂ ਫੇਰ ਵੀ ਖੁਸ਼ ਹਾਂ”।
ਉਹ ਉੱਚੀ ਉੱਚੀ ਹੱਸੀ।
“ਕੀ
ਮੈਂ ਜੀਂਦੀ ਨਹੀਂ?
ਤੂੰ ਵੀ ਮਜਬੂਤ ਹੋ”।
ਤੇ ਮੈਂ
ਕਿਹਾ ਮੇਰਾ ਕੋਈ ਨਹੀਂ ਮੈਂ ਕੀਹਦੇ ਸਹਾਰੇ ਉੱਡਾਂ...।
ਤਾਂ ਡੌਨਾ ਜੋਰ ਜੋਰ ਨਾਲ ਹੱਸੀ।
“ਡਾਰਲਿੰਗ
ਰਿਸ਼ਤੇ ਤਾਂ ਮੋਮ ਦੇ ਖੰਭ ਹੁੰਦੇ ਨੇ ਰਤਾ ਸੇਕ ਲੱਗਿਆ ਤੇ ਪਿਘਲ ਕੇ ਵੱਖ ਹੋ ਗਏ”
ਮੈਂ ਰੋਜ
ਗੁਰਬਾਣੀ ਪੜ੍ਹਦੀ ਹਾਂ ਮੈਨੂੰ ਇਹ ਗੱਲ ਕਿਉਂ ਨਾ ਸਮਝ ਲੱਗੀ।
ਮੇਰੇ ਜਿਸਮ ਵਿੱਚ ਜਿਵੇਂ ਕੋਈ ਸ਼ਕਤੀ ਆ ਗਈ ਹੋਵੇ।
ਮੈਂ ਪਹਿਲੀ ਵਾਰ ਅੱਜ ਸੋਚ ਰਹੀ ਹਾਂ ਕਿ ਮੈਂ ਕਿਸੇ ਤੋਂ ਕੀ ਲੈਣੈ।
ਮੈਨੂੰ ਵੀ ਆਪਣੀ ਮਰਜੀ ਨਾਲ ਜੀਣਾ ਚਾਹੀਦਾ ਏ।
ਮੇਰੇ ਡੈਡੀ ਵੀ ਕਹਿੰਦੇ ਸੀ: ‘ਬੰਦੇ
ਵਿੱਚ ਆਤਮਵਿਸ਼ਵਾਸ ਦੇ ਖੰਭ ਹੋਣੇ ਚਾਹੀਦੇ ਨੇ ਫੇਰ ਨੀ ਉਹ ਡਿੱਗਦਾ’।
ਮੈਨੂੰ
ਜਾਪਿਆ ਸਾਰੇ ਰਿਸ਼ਤੇ ਝੂਠੇ ਹਨ।
ਰੇਤ ਦੀਆਂ ਕੰਧਾਂ।
ਮੈਂ ਆਲੇ
ਦੁਆਲੇ ਵੇਖਿਆ।
ਸੂਰਜ ਚਮਕ ਰਿਹਾ ਸੀ ਫੁੱਲ ਖਿੜ ਰਹੇ ਸਨ।
ਡੌਨਾ ਮੁਸਕਰਾ ਰਹੀ ਸੀ।
ਕੁੱਤਾ ਖੇਡ ਰਿਹਾ ਸੀ।
ਫੇਰ ਮੈਂ ਕਿਉਂ ਉਦਾਸ ਸੀ?
ਜੀ ਕਰਦਾ ਸੀ ਉੱਡ ਜਾਵਾਂ।
ਜਿਵੇਂ ਪੰਛੀ ਖੁੱਲ੍ਹੇ ਅੰਬਰਾਂ ‘ਚ
ਉੱਚੀ ਉਡਾਣ ਭਰਦੇ ਨੇ।
ਮੇਰੇ ਮਨ ਤੋਂ ਜਿਵੇਂ ਮਣਾ ਮੂੰਹੀ ਬੋਝ ਲਹਿ ਗਿਆ ਹੋਵੇ।
Major Mangat
Phone # 905-796 -9797