-ਕਹਾਣੀਆਂ-

ਸ਼ਾਮਲਾਟ

ਮੇਜਰ ਮਾਂਗਟ

ਸ਼ਾਮਲਾਟ--ਮੇਜਰ ਮਾਂਗਟ
ਉਸ ਨੂੰ ਯਾਦ ਹੈ ਅਜੇ ਤੱਕ ਜਦੋˆ ਛੋਟੀ ਹੁੰਦੀ ਨੂੰ ਉਸ ਦੀ ਮਾਂ ਧੰਨੋ ਉਸ ਨੂੰ ਰਾਵੀ ਕਹਿ ਕੇ ਬੁਲਾਇਆ ਕਰਦੀ ਸੀ ਅਤੇ ਉਸਦਾ ਬਾਪ ਜਗੀਰ ਸਿੰਘ ਉਸ ਨੂੰ ਬੇਹੱਦ ਪਿਆਰ ਕਰਿਆ ਕਰਦਾ ਸੀ। ਉਦੋˆ ਜ਼ਮਾਨਾ ਹੋਰ ਹੁੰਦਾ ਸੀ। ਦੋ ਸੌ ਘਰਾਂ ਦਾ ਛੋਟਾ ਜਿਹਾ ਪਿੰਡ ਜਿੱਥੇ ਅਜੇ ਨਾਂ ਤਾ ਬਿਜਲੀ ਪਹੁੰਚੀ ਸੀ ਅਤੇ ਨਾਂ ਹੀ ਪੱਕੀਆਂ ਸੜਕਾਂ। ਪਰ ਤਾਂ ਵੀ ਉਨ੍ਹਾਂ ਦੇ ਮਨ ਨੂੰ ਇੱਕ ਅਜੀਬ ਜਿਹੀ ਖੁਸ਼ੀ ਅਤੇ ਸੰਤੁਸ਼ਟੀ ਰਹਿੰਦੀ। ਇਸ ਛੋਟੇ ਜਿਹੇ ਪਿੰਡ ਵਿਚ ਉਸਦਾ ਬਚਪਨ ਗੁੱਡੀਆਂ ਪਟੋਲਿਆਂ ਦੀਆਂ ਖੇਡਾਂ ਖੇਡਦਿਆਂ ਬੀਤਿਆ, ਇਸੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਉਸਨੇ ਪੜ੍ਹਨਾ ਲਿਖਣਾ ਸਿੱਖਿਆ। ਕਦੀ ਕਦਾਈˆ ਖੇਤਾਂ ਵਿਚ ਹਲ ਵਾਹੁੰਦੇ ਬਾਪੂ ਦੀ ਰੋਟੀ ਉਹ ਆਪਣੀ ਮਾਂ ਧੰਨੋ ਨਾਲ ਲੈਕੇ ਜਾਂਦੀ।

ਪਿੰਡ ਦੇ ਬਾਹਰ ਬਾਹਰ, ਵਗਦੀ ਨਹਿਰ ਕਿਨਾਰੇ ਉਨ੍ਹਾਂ ਦਾ ਖੇਤ ਸੀ। ਜਿੱਥੇ ਕੰਮ ਕਰਦਾ ਉਸਦਾ ਬਾਪੂ ਚਮਕ ਰਹੀ ਭੁੱਖ ਅਹਿਸਾਸ ਕਰਦਾ ਪਿੰਡ ਦਾ ਰਸਤਾ ਤੱਕਦਾ। ਜਦੋˆ ਉਹ ਧੰਨੋ ਦੇ ਨਾਲ ਆਪਣੀ ਬੇਟੀ ਰਾਵੀ ਨੂੰ ਵੀ ਚਾਹ ਜਾਂ ਲੱਸੀ ਦਾ ਡੋਲੂ ਚੁੱਕੀˆ ਕਾਹਲੇ ਕਦਮੀˆ ਆਉˆਦਿਆਂ ਵੇਖਦਾ ਤਾਂ ਉਸਦੇ ਚਿਹਰੇ ਤੇ ਮੁਸਕਰਾਹਟ ਫੈਲ ਜਾਂਦੀ। ਉਹ ਜਿਹੜਾ ਕੰਮ ਕਰਦਾ ਵਿਚਕਾਰ ਹੀ ਛੱਡ ਕੇ ਟਾਹਲੀ ਦੀ ਸੰਘਣੀ ਛਾਂਵੇ ਆ ਬੈਠਦਾ ਅਤੇ ਉਨ੍ਹਾਂ ਦੇ ਪੁੱਜਣ ਦੀ ਉਡੀਕ ਕਰਦਾ।

ਨਹਿਰ ਦੇ ਨਾਲ ਨਾਲ ਬਹੁਤ ਵੱਡੀ ਚਰਾਂਦ ਪਈ ਸੀ ਜਿਸ ਵਿਚ ਕੋਈ ਕੋਈ ਦਰਖਤ ਖੜ੍ਹਾ ਸੀ। ਇਸ ਚਰਾਂਦ ਵਿਚ ਪਸ਼ੂਆਂ ਦੇ ਵੱਗ ਚਰਦੇ ਰਹਿੰਦੇ। ਇਸ ਤੋˆ ਇਲਾਵਾ ਨਾਂ ਕੋਈ ਉਸ ਜ਼ਮੀਨ ਨੂੰ ਵਾਹੁੰਦਾ ਅਤੇ ਨਾ ਹੀ ਬੀਜਦਾ। ਕਈ ਵਾਰੀ ਚਰਾਂਦ ਤੇ ਚਰ ਰਿਹਾ ਪਸ਼ੂ ਉਨ੍ਹਾਂ ਦੇ ਖੇਤ ਵਿਚ ਖੜੀ ਫਸਲ ਨੂੰ ਮੂੰਹ ਮਾਰਨ ਆ ਪੈˆਦਾ। ਜਿਉˆ ਹੀ ਬਾਪੂ ਦੀ ਨਜ਼ਰ ਪੈˆਦਾ ਉਹ ਉਭੜਵਾਹੇ ਉਠ ਕੇ ਲਲਕਾਰਾ ਮਾਰਦਾ। ਵੱਗ ਚਾਰਨ ਵਾਲੇ ਨੂੰ ਖਰੀਆਂ ਖਰੀਆਂ ਸੁਣਾਉˆਦਾ ਤੇ ਅੱਗੇ ਤੋˆ ਪਸ਼ੂਆਂ ਦਾ ਧਿਆਨ ਰੱਖਣ ਦੀ ਤਾਕੀਦ ਕਰਦਾ। ਕਈ ਵਾਰੀ ਉਹ ਰਾਵੀ ਨੂੰ ਕਹਿੰਦਾ, "ਜਾ ਮੇਰਾ ਪੁੱਤ ਭੱਜ ਕੇ ਉਹ ਪਸ਼ੂ ਮੋੜ ਕੇ ਆ।" ਰਾਵੀ ਕੋਈ ਛੋਟਾ ਮੋਟਾ ਡੰਡਾ ਚੁੱਕ ਕੇ ਭੱਜਦੀ ਤੇ ਪਸ਼ੂ ਡਰਦਾ ਮਾਰਾ ਏਕੜਾਂ ਵਿਚ ਫੈਲੀ ਚਰਾਂਦ ਨੂੰ ਫੇਰ ਚੂੰਡਣ ਜਾ ਲੱਗਦਾ।

ਇੱਕ ਦਿਨ ਉਸਨੇ ਰੋਟੀ ਖਾਂਦੇ ਬਾਪੂ ਨੂੰ ਪੁੱਛਿਆ ਸੀ "ਬਾਪੂ ਇਹ ਕਿਸਦੀ ਜ਼ਮੀਨ ਹੈ?" ਅੱਗੋˆ ਬਾਪੂ ਨੇ ਉਸ ਨੂੰ ਜਵਾਬ ਦਿੱਤਾ ਸੀ, "ਪੁੱਤ ਇਹ ਸ਼ਾਮਲਾਟ ਹੈ" ਸਾਰੇ ਪਿੰਡ ਦੀ ਸਾਂਝੀ ਜ਼ਮੀਨ ਕੋਈ ਇਸਦਾ ਮਾਲਕ ਨਹੀˆ ਹੁੰਦਾ, ਤੇ ਕੋਈ ਵੀ ਇਸ ਨੂੰ ਵਰਤ ਸਕਦਾ ਹੈ।" ਫੇਰ ਕਿੰਨੇ ਹੀ ਦਿਨ ਉਹ ਸੋਚਦੀ ਰਹੀ ਸੀ ਇਸ 'ਸ਼ਾਮਲਾਟ' ਬਾਰੇ ਤੇ ਇਸਦੇ ਅਰਥਾਂ ਬਾਰੇ।

ਰਾਵੀ ਘਰ ਵਿਚ ਸਭ ਤੋˆ ਵੱਡੀ ਸੀ, ਜਦੋˆ ਉਹ ਕਾਫੀ ਹੁੰਦੜਹੇਲ ਹੋ ਗਈ ਸੀ ਤਾਂ ਸਾਲ ਸਾਲ ਦੇ ਫਰਕ ਨਾਲ ਉਨ੍ਹਾਂ ਦੇ ਘਰ ਉਸਦੇ ਦੋ ਛੋਟੇ ਭਰਾਵਾਂ ਨੇ ਜਨਮ ਲਿਆ ਸੀ। ਫੇਰ ਮਾਂ ਬਾਪ ਨਾਲ ਰਾਵੀ ਦਾ ਪਿਆਰ ਵੰਡਿਆ ਗਿਆ। ਕਈ ਵਾਰੀ ਤਾਂ ਉਸ ਨੂੰ ਲੱਗਦਾ ਕਿ ਭਰਾਵਾਂ ਦੇ ਆਉਣ ਨਾਲ ਘਰ ਵਿਚ ਉਸਦੀ ਕਦਰ ਘਟ ਗਈ ਹੈ। ਨਹੀˆ ਤਾਂ ਅੱਗੇ ਜਦੋˆ ਕਦੇ ਉਸਦੀ ਮਾਂ ਧੰਨੋ ਉਸ ਨੂੰ ਹਾਕਾਂ ਮਾਰਦੀ, "ਰਾਵੀ! ਰਾਵੀ ਕੁੜੇ ਕਿੱਥੇ ਆਂ ਤੂੰ।" ਤਾਂ ਬਾਪੂ ਅੱਗੋˆ ਖਿੱੜ ਖਿੜਾਕੇ ਹੱਸ ਕੇ ਜੁਵਾਬ ਦਿੰਦਾ, "ਰਾਵੀ ਰਹਿ ਗਈ ਪਾਕਿਸਤਾਨ" ਪਰ ਹੁਣ ਉਹ ਬਾਪੂ ਹੱਸਦਾ ਨਹੀˆ ਸੀ ਚੁੱਪ ਚੁੱਪ ਰਹਿੰਦਾ। ਸਗੋˆ ਕਦੇ ਰਾਵੀ ਨੂੰ ਖਿੜ ਖੜਾ ਕੇ ਹੱਸਦੀ ਵੇਖ ਲੈˆਦਾ ਜਾਂ ਉਸਦੇ ਸਿਰੋˆ ਚੁੰਨੀ ਲੱਥੀ ਵੇਖ ਲੈˆਦਾ ਤਾਂ ਅੱਗੋˆ ਟੁੱਟ ਕੇ ਪੈˆਦਾ, " ਹੁਣ ਤੂੰ ਨਿਆਣੀ ਨਹੀˆ ਰਹੀ।" ਤੇ ਆਨੀ ਬਹਾਨੀ ਮਾਂ ਨਾਲ ਲੜਦਾ ਰਹਿੰਦਾ। ਸ਼ਾਇਦ ਜੁਆਨੀ ਵਿਚ ਪੈਰ ਧਰਨ ਸਾਰ ਹੀ ਮਾਂ ਬਾਪ ਨੂੰ ਉਸਦੇ ਵਿਆਹ ਦਾ ਫਿਕਰ ਪੈ ਗਿਆ ਸੀ।

ਰਾਵੀ ਨੇ ਪ੍ਰਾਇਮਰੀ ਤੋˆ ਬਾਅਦ ਨਾਲ ਲੱਗਦੇ ਪਿੰਡ ਵਿਚ ਦਸਵੀˆ ਜਮਾਤ ਤੱਕ ਪੜ੍ਹਾਈ ਕੀਤੀ ਤੇ ਫੇਰ ਉਸ ਨੂੰ ਅੱਗੇ ਪੜ੍ਹਨ ਦੀ ਇਜ਼ਾਜਤ ਨਾ ਮਿਲੀ। ਇਸ ਆਪਣੇ ਛੋਟੇ ਜਿਹੇ ਪਿੰਡ ਦੇ ਜਾਦੂਮਈ ਮਹੌਲ 'ਚ ਵਿਚਰਦਿਆਂ ਉਸ ਨੇ ਸਹੇਲੀਆਂ ਨਾਲ ਰਲ ਕੇ ਵਿਆਹਾਂ ਵਿਚ ਗਿੱਧੇ ਪਾਏ, ਘੌੜੀਆਂ ਗਾਈਆਂ, ਬਰਾਤਾਂ ਚੜ੍ਹਾਈਆਂ ਅਤੇ ਬਰਾਤਾਂ ਢੁਕਦੀਆਂ ਵੇਖੀਆਂ। ਕਈ ਵਾਰ ਕਿਸੇ ਦਾ ਖ਼ੂਬਸੂਰਤ 'ਦੁਲਹਾ' ਵੇਖੇ ਸਹੇਲੀਆਂ ਦੇ ਮੂਹੋˆ ਆਮ ਹੀ ਨਿੱਕਲ ਜਾਂਦਾ "ਅਨੀ ਕਿੰਨਾ ਸੋਹਣਾ ਪ੍ਰਾਹੁਣਾ ਹੈ, ਕਿੰਨੀ ਕਿਸਮਤ ਵਾਲੀ ਨਿੱਕਲੀ।" ਅਜਿਹੇ ਸਮੇˆ ਰਾਵੀ ਵੀ ਆਪਣੇ ਲਈ ਵੀ ਸੁਪਨੇ ਗੁੰਦਣੇ ਸ਼ੁਰੂ ਕਰ ਦਿੰਦੀ। "ਕਦੀ ਉਸਦਾ ਪ੍ਰਾਹੁਣਾ ਵੀ ਉਸ ਨੂੰˆ ਵਿਆਹੁਣ ਆਵੇਗਾ, ਉੱਚਾ ਲੰਬਾ, ਗੋਰਾ ਚਿੱਟਾ ਤੇ ਭਰ ਜੁਆਨ। ਫੇਰ ਉਹ ਆਪਣੇ ਆਪ ਹੀ ਸ਼ਰਮਾ ਜਾਂਦੀ। ਅਤੇ ਉਸ ਨੂੰ ਸੁਪਨਿਆ ਵਿਚ ਹੀ ਹਮੇਸ਼ਾਂ ਇਸੇ ਤਰ੍ਹਾਂ ਦਾ ਰਾਜਕੁਮਾਰ ਦਿਖਾਈ ਦਿੰਦਾ ਜੋ ਉਸ ਨੂੰ ਕਿਸੇ ਦਿਨ ਉਡਾ ਕੇ ਦੂਰ ਕਿਸੇ ਪਰੀ ਦੇਸ਼ ਵਿਚ ਲੈ ਜਾਵੇਗਾ। ਜਿੱਥੇ ਸਿਰਫ਼ ਪਿਆਰ ਹੀ ਪਿਆਰ ਹੋਵੇਗਾ ਤੇ ਉਨ੍ਹਾਂ ਦੀ ਆਪਣੀ ਇੱਕ ਵਖਰੀ ਦੁਨੀਆਂ ਹੋਵੇਗੀ ਜਿੱਥੇ ਰੱਜ ਕੇ ਉਹ ਹਾਰ ਸ਼ਿੰਗਾਰ ਕਰੇਗੀ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰੇਗੀ।

ਸੋਹਣੀ ਤਾਂ ਉਹ ਆਪ ਵੀ ਬਹੁਤ ਸੀ। ਲੋਕੀˆ ਹਮੇਸ਼ਾਂ ਕਹਿੰਦੇ ਕਿ ਉਹ ਬਹੁਤ ਸੋਹਣੀ ਹੈ। ਇੱਕ ਵਾਰੀ ਤਾਂ ਉਨ੍ਹਾਂ ਦੀ ਗੁਆਂਢਣ ਪਿਆਰੋ ਨੇ ਉਸਦੀ ਮਾਂ ਨੂੰ ਆਖ ਦਿੱਤਾ ਸੀ, " ਕੁੜੇ ਧੰਨੋ ਤੇਰੀ ਕੁੜੀ ਤਾਂ ਬੜੀ ਸੁਹਣੀ ਨਿਕਲੀ। ਇਹਨੂੰ ਤਾਂ ਕੋਈ ਬਾਹਰਲਾ ਮੁੰਡਾ ਵੇਖ ਕੇ ਬਾਹਰ ਭੇਜਿਉ।"

ਉਸ ਤੋˆ ਬਾਅਦ ਰਾਵੀ ਨੂੰ ਵੀ ਆਪਣੇ ਸੁਹਪੱਣ ਤੇ ਮਾਣ ਹੋਣ ਲੱਗਿਆ। ਹੁਣ ਤਾਂ ਮਾਂ ਬਾਪ ਉਸ ਤੋˆ ਚੋਰੀ ਘੁਸਰ ਮੁਸਰ ਕਰਦੇ ਰਹਿੰਦੇ। ਸ਼ਾਇਦ ਉਸ ਲਈ ਕੋਈ ਮੁੰਡਾ ਵੇਖਿਆ ਜਾ ਰਿਹਾ ਸੀ। ਹੁਣ ਉਸਦਾ ਬਾਪੂ ਮਹੀਨੇ ਵਿਚ ਦੋ ਤਿੰਨ ਵਾਰੀ ਬਾਹਰ ਕਿਧਰੇ ਜਾਂਦਾ। ਤੇ ਥਕਿਆ ਹਾਰਿਆ ਸ਼ਾਮ ਨੂੰ ਘਰ ਪਰਤ ਆਉˆਦਾ। ਮਾਂ ਆਂਢਣਾ ਗੁਆਂਢਣਾਂ ਕੋਲ ਗੱਲਾਂ ਕਰਦੀ, "ਕੁੜੀ ਘਰੋˆ ਤੋਰਨੀ ਕਿਹੜਾ ਸੌਖੀ ਹੈ ਫਿਕਰ ਤਾਂ ਹੋਣਾ ਹੀ ਹੈ।" ਕਈ ਵਾਰੀ ਰਾਵੀ ਸੋਚਦੀ, "ਕੀ ਮੈˆ ਐਨਾ ਵੱਡਾ ਬੋਝ ਹਾਂ ਇਸ ਘਰ ਤੇ ਮੈˆ ਜੰਮੀ ਪਲੀ ਏਥੇ, ਹਸਦੀ ਖੇਡਦੀ ਜੁਆਨ ਹੋਈ, ਇੱਥੇ ਮੇਰੇ ਮਾਂ ਬਾਪ, ਭਰਾ ਤੇ ਸਹੇਲੀਆਂ ਨੇ,ਫੇਰ ਕਿਉˆ ਹਰ ਕਿਸੇ ਨੂੰ ਮੈਨੂੰ ਘਰੋˆ ਤੋਰਨ ਦੀ ਕਾਹਲ ਪੈ ਗਈ, ਕਿਉˆ ਮੈਨੂੰ ਲਾ-ਵਾਰਿਸ ਸਮਝਿਆ ਜਾ ਰਿਹਾ ਹੈ। ਉਸ ਦੀ ਮਾਨਸਿਕਤਾ ਵਿਚ ਫੈਲੇ ਸੁਪਨਿਆਂ ਦੀ ਖੂਬਸੂਰਤ ਚਰਾਂਦ ਨੂੰ ਰੋਜ਼ ਸੋਚਾਂ ਦੇ ਵੱਗ ਚਰਨ ਲੱਗੇ। ਉਸਨੂੰ ਕਦੀ ਕਦਾਈˆ ਆਪਣਾ ਆਪਾ ਨਹਿਰ ਨਾਲ ਲੱਗਦੀ ਵਾਧੂ ਜ਼ਮੀਨ ਵਰਗਾ ਜਾਪਦਾ।

ਮਾਂ ਬਾਪ ਦੇ ਸੁਪਨਿਆਂ ਨੂੰ ਬੂਰ ਪਿਆ। ਬਾਪੂ ਦੇ ਬਾਹਰ ਲੱਗਦੇ ਗੇੜੇ ਰੁਕੇ। ਘਰ ਦਾ ਮਹੌਲ ਜਿਵੇˆ ਸਾਜਿਸ਼ੀ ਜਿਹਾ ਹੋ ਗਿਆ। ਮਾਂ ਬਾਪ ਚੋਰੀ ਛਪੋਰੀ ਗੱਲਾਂ ਕਰਦੇ ਤੇ ਉਸਨੂੰ ਵੇਖ ਕੇ ਇਕ ਦਮ ਚੁੱਪ ਹੋ ਜਾਂਦੇ। ਫਿਰ ਇਕ ਦਿਨ ਮਾਂ ਨੇ ਉਸ ਨੂੰ ਸੁੱਤੀ ਉਠਦੀ ਨੂੰ ਅਚਾਨਕ ਹੀ ਕਿਹਾ ਸੀ, "ਪੁੱਤ ਰਾਵੀ.....ਉਠ ਮੇਰਾ ਪੁੱਤ ਨਹਾ-ਧੋ ਲੈ ਤੇ ਜਲਦੀ ਤਿਆਰ ਹੋ ਜਾ। ਉਹ ਹੀ ਸੂਟ ਪਾਈˆ ਜੋ ਤੂੰ ਲੰਬੜਾਂ ਦੀ ਪ੍ਰੀਤੋ ਦੇ ਵਿਆਹ ਤੇ ਪਾਇਆ ਸੀ, ਬੜਾ ਸੋਹਣਾ ਲਗਦਾ ਸੀ ਤੈਨੂੰ........ਅੱਜ ਬੇਟੇ ਤੈਨੂੰ ਕਿਸੇ ਨੇ ਵੇਖਣ ਆਉਣਾ।" ਮਾਂ ਨੇ ਘਿਓ ਖਿਚੜੀ ਹੁੰਦੀ ਨੇ ਆਖਿਆ। ਰਾਵੀ ਦੀ ਜ਼ੁਬਾਨ ਨੂੰ ਜਿਵੇˆ ਜੰਦਰਾ ਲੱਗ ਗਿਆ ਸੀ। ਸਮਝ ਨਹੀˆ ਸੀ ਪੈ ਰਹੀ ਕਿ ਕੀ ਕਰੇ ਤੇ ਕੀ ਕਹੇ ਮਾਂ ਨੂੰ। ਅਚਾਨਕ ਆਈ ਉਸ ਆਫ਼ਤ ਬਾਰੇ ਉਸ ਨੂੰ ਕੁੱਝ ਨਹੀˆ ਸੀ ਸੁੱਝ ਰਿਹਾ। ਉਸ ਦਾ ਦਿਲ ਕਰਦਾ ਸੀ ਬਈ ਮਾਂ ਨੂੰ ਕਹਿ ਦੇਵੇ, "ਮੈˆ ਤਾਂ ਪੜ੍ਹਨਾ ਹੈ ਅਗਾਂਹ। ਮੈˆ ਨਹੀˆ ਕਰਨਾ ਅਜੇ ਵਿਆਹ ਵਿਊਅ......" ਉਸਨੇ ਵਿਆਹ ਬਾਰੇ ਸੁਪਨੇ ਤਾਂ ਵੇਖੇ ਸੀ ਪਰ ਉਸ ਨੂੰ ਇਹ ਨਹੀˆ ਸੀ ਪਤਾ ਕਿ ਵਿਆਹ ਲਫ਼ਜ਼ ਇੱਕ ਦਮ ਠਾਹ ਕਰਦਾ ਉਸਦੇ ਮੱਥੇ ਤੇ ਆ ਵੱਜੇਗਾ। ਉਸ ਦੀ ਚੁੱਪ ਨੂੰ ਤਾੜਦਿਆਂ ਮਾਂ ਨੇ ਫੇਰ ਕਿਹਾ ਸੀ, "ਪੁੱਤਰ ਤੇਰਾ ਵੱਡਾ ਮਾਸੜ ਲਿਆ ਰਿਹਾ ਹੈ ਰਿਸ਼ਤਾ, ਮੁੰਡਾ ਬਾਹਰਲੇ ਮੁਲਕੋˆ ਆਇਆ, ਸੁਖ ਨਾਲ ਬਾਹਰਲੇ ਮੁੰਡੇ ਤਾਂ ਕਿਸਮਤ ਵਾਲਿਆਂ ਨੂੰ ਮਿਲਦੇ ਹਨ..........ਨਾਲੇ ਤੂੰ ਛੋਟੇ ਭਰਾਵਾਂ ਦੀ ਸੋਚ ਤੇਰੇ ਸੰਗ ਉਨ੍ਹਾਂ ਦਾ ਵੀ ਵਿਚਾਰਿਆਂ ਦਾ ਕੁੱਝ ਬਣ ਜਾਵੇਗਾ....ਉਹ ਵੀ ਬਾਹਰ ਨਿੱਕਲ ਜਾਣਗੇ।"

ਰਾਵੀ ਲਹੂ ਦੀਆਂ ਘੁੱਟਾਂ ਭਰ ਕੇ ਰਹਿ ਗਈ ਕਿ ਇੱਕੋ ਰਾਤ ਵਿਚ ਮਾਂ-ਬਾਪ ਕਿਉˆ ਐਨੇ ਸੁਆਰਥੀ ਹੋ ਗਏ ਕਿ ਉਸ ਨੂੰ ਆਪਣੀ ਮੰਜ਼ਿਲ ਲਈ ਪੌੜੀ ਬਣਾਕੇ ਵਰਤ ਸਕਦੇ ਹਨ। ਉਸ ਦਾ ਤਾਂ ਇਹ ਵੀ ਦਿਲ ਕਰਦਾ ਸੀ ਕਿ ਮਾਂ ਨੂੰ ਤੋੜਕੇ ਜਵਾਬ ਦੇ ਦੇਵੇ ਕਿ ਮੈਂ ਨਹੀਂ ਪਾਉਣੇ ਸੋਹਣੇ ਕੱਪੜੇ। ਮੈਂ ਕੋਈ ਗਾਂ ਮੱਝ ਥੋੜੋ ਹਾਂ ਜਿਸ ਨੂੰ ਹਾਰ ਸ਼ਿੰਗਾਰ ਕੇ ਮੰਡੀ ਵੇਚਣ ਜਾਣਾ ਹੈ। ਪਰ ਉਹ ਮਾਂ ਨੂੰ ਕੁੱਝ ਵੀ ਨਾ ਕਹਿ ਸਕੀ।

ਦੁਪਹਿਰ ਵੇਲੇ ਇੱਕ ਕਾਰ ਉਨ੍ਹਾਂ ਦੇ ਘਰ ਅੱਗੇ ਰੁਕੀ। ਜਿਸ ਨੂੰ ਵੇਖ ਕੇ ਉਸਦਾ ਬਾਪੂ ਵਾਰ ਵਾਰ ਆਪਣੇ ਸਾਫ਼ੇ ਨੂੰ ਠੀਕ ਕਰਦਾ ਕਹਿ ਉੱਠਿਆ ਸੀ, "ਲੈ ਉਹ ਆ ਗਏ" ਤੇ ਉਹ ਕਾਫ਼ੀ ਘਬਰਾਇਆ ਹੋਇਆ ਸੀ। ਮਾਂ ਵੀ ਤਾਂ ਉਸ ਦੀ ਕਾਫ਼ੀ ਘਬਰਾਈ ਹੋਈ ਸੀ ਜੋ ਸਿਰ ਦੀ ਚੁੰਨੀ ਠੀਕ ਕਰਦੀ ਕਦੀ ਘਰ ਦੇ ਅੰਦਰ ਅਤੇ ਕਦੀ ਬਾਹਰ ਜਾ ਰਹੀ ਸੀ ਜਿਵੇˆ ਕੀੜੀ ਦੇ ਘਰ ਭਗਵਾਨ ਆਇਆ ਹੋਵੇ। ਰਾਵੀ ਨੇ ਵਿਹੜੇ ਵਿਚੋˆ ਖੁੱਲਦੀ ਖਿੜਕੀ ਵਿਚੋˆ ਤੱਕਿਆ ਸੀ। ਮਾਸੜ ਕਾਰ ਵਿਚੋˆ ਉਤਰ ਕੇ ਅੰਦਰ ਨੂੰ ਆ ਰਿਹਾ ਸੀ। ਬਾਪੂ ਵਾਰ ਵਾਰ ਉਸ ਨੂੰ ਮਿੰਦਰ ਸਿਆਂ, ਮਿੰਦਰ ਸਿਆਂ ਕਰਦਾ ਲੋਲੋ ਪੋਪੋ ਜਿਹੀ ਕਰ ਰਿਹਾ ਸੀ। ਉਹ ਹੀ ਮਹਿੰਦਰ ਸਿੰਘ ਜਿਹੜਾ ਕਦੇ ਜਗੀਰ ਸਿੰਘ ਅੱਗੇ ਉਭਾਰਸਰਦਾ ਨਹੀˆ ਸੀ ਹੁੰਦਾ ਤੇ ਅੱਜ ਮੱਤਾਂ ਤੇ ਮੱਤਾਂ ਦੇ ਰਿਹਾ ਸੀ ਕਿ "ਜਗੀਰ ਸਿਆਂ ਬਾਗਲੇ ਦੀਆਂ ਕੰਧਾਂ ਥੋੜੀਆਂ ਹੋਰ ਉਚੀਆਂ ਕਰ ਲੈਣੀਆਂ ਸੀ। ਬਰਾਂਡੇ ਵਿਚ ਪਾਣੀ ਦੀਆਂ ਘਰਾਲਾਂ ਪਈਆਂ ਦਿਸਦੀਆਂ ਨੇ ਰੰਗ ਰੋਗਨ ਕਰਵਾ ਲਿਆ ਕਰੋ। ਫੇਰ ਆਪ ਹੀ ਉਹ ਜਗੀਰ ਸਿੰਘ ਦਾ ਪੱਖ ਲੈˆਦਾ ਕਿ ਕਬੀਲਦਾਰੀ ਵਿਚ ਐਨੀ ਵਿਹਲ ਕਿੱਥੇ? ਰਾਵੀ ਇਸ ਸਾਰਾ ਵਰਤਾਰਾ ਹੈਰਾਨ ਹੋਕੇ ਵੇਖ ਰਹੀ ਸੀ ਕਿ ਕਿਵੇˆ ਉਸਦਾ ਬਾਪੂ ਇੱਕੋ ਦਿਨ ਵਿਚ ਐਨਾ ਗਰੀਬ ਹੋ ਗਿਆ ਸੀ ਜੋ ਮਿੰਦਰ ਸਿੰਘ ਮਾਸੜ ਅੱਗੇ ਖਸਿਆਨੀ ਜਿਹੀ ਹਾਸੀ ਹੱਸਦਾ ਮਿਣ ਮਿਣ ਕਰੀ ਜਾ ਰਿਹਾ ਸੀ। ਜਿਸ ਗੱਲ ਨੇ ਰਾਵੀ ਨੂੰ ਸਭ ਤੋˆ ਵੱਧ ਠੇਸ ਪਹੁੰਚਾਈ , ਉਹ ਇਹ ਸੀ ਕਿ ਉਹ ਅਜੇ ਤੱਕ ਪਛਾਣ ਨਹੀˆ ਸੀ ਸਕੀ ਕਿ ਉਸ ਨੂੰ ਵੇਖਣ ਆਏ ਅਧਖੜ੍ਹ ਉਮਰ ਦੇ ਮਰਦਾਂ ਵਿਚੋਂ ਉਸਦੇ ਸੁਪਨਿਆਂ ਦਾ ਰਾਜ ਕੁਮਾਰ ਕੌਣ ਹੈ? ਮਾਸੜ ਨਾਲ ਆਏ ਚਾਰ ਪੰਜ ਬੰਦਿਆਂ ਵਿਚ ਦੋ ਅੱਧਖੜ ਉਮਰ ਦੇ ਮਹਾਜਨ ਜਿਹੇ ਜਾਪਦੇ,ਸ਼ਾਇਦ ਮੁੰਡੇ ਦੇ ਚਾਚੇ ਤਾਏ ਜਾਂ ਅੰਕਲ ਹੋਣਗੇ ਉਹ ਸੋਚਦੀ ਰਹੀ। ਉਦੋਂ ਨੂੰ ਮਾਂ ਨੇ ਉਸ ਨੂੰ ਹਾਕ ਮਾਰੀ, 'ਕੁੜੇ ਰਾਵੀ ਪੁੱਤ ਤੂੰ ਤਿਆਰ ਹੈਂ? ਆ ਗਏ ਉਹ....ਆਜਾ ਏਧਰ...ਚਾਹ ਪਾਣੀ ਵੀ ਦੇਣਾ ਹੈ ਉਨ੍ਹਾਂ ਨੂੰ, ਆ ਮੇਰਾ ਪੁੱਤ....' ਰਾਵੀ ਨੂੰ ਜਾਪਿਆ ਜਿਵੇˆ ਹਰ ਕੋਈ ਪਾਖੰਡ ਕਰ ਰਿਹਾ ਹੈ ਤੇ ਉਸ ਨਾਲ ਕੋਈ ਧੋਖਾ ਹੋਣ ਵਾਲਾ ਹੈ। ਜਿਵੇਂ ਬਲੀ ਦੇ ਬੱਕਰੇ ਨੂੰ ਬਲੀ ਚਾੜਨ ਤੋˆ ਪਹਿਲਾਂ ਸ਼ਿੰਗਾਰਿਆ ਜਾਂਦਾ ਹੈ। ਬੱਸ ਇਹ ਹੀ ਹਾਲ ਸੀ ਰਾਵੀ ਦਾ ਅਣਗਿਣਤ ਬੋਲ ਉਸਦੀ ਜ਼ੁਬਾਨ ਤੇ ਆਕੇ ਦਮ ਤੋੜਦੇ ਰਹੇ।

ਚਾਹ ਤਿਆਰ ਹੋ ਚੁੱਕੀ ਸੀ। ਛੋਟੇ ਭਰਾ ਠੰਢਾ ਸੋਢਾ ਮਹਿਮਾਨਾਂ ਨੂੰ ਕਦੋਂ ਦੇ ਫੜਾ ਆਏ ਸਨ। ਭਾਂਤ ਸੁਭਾਂਤੀਆਂ ਮਠਿਆਈਆਂ, ਤੇ ਨਮਕੀਨ ਟਰੇਅ ਵਿਚ ਰੱਖੇ ਜਾ ਚੁੱਕੇ ਸਨ। ਪਤਾ ਨਹੀˆ ਕਦੋਂ ਮਾਂ ਨੇ ਆਪਣੀ ਗੁਆਂਢਣ ਸਹੇਲੀ 'ਪਿਆਰੋ' ਨੂੰ ਵੀ ਬੁਲਾ ਲਿਆ ਸੀ। ਹੁਣ ਮਾਂ ਅਤੇ ਪਿਆਰੋ ਚਾਚੀ ਉਸ ਨੂੰ ਜੋਰ ਪਾ ਰਹੀਆਂ ਸਨ ਉਹ ਚਾਹ ਵਾਲੀ ਟਰੇਅ ਚੁੱਕ ਕੇ ਬੈਠਕ ਵਿਚ ਜਾਵੇ। ਉਸੇ ਵਕਤ ਰਾਵੀ ਨੂੰ ਮਾਂ ਤੋਂ ਇਹ ਵੀ ਪਤਾ ਲੱਗਿਆ ਕਿ ਉਸ ਨੂੰ ਵੇਖਣ ਆਏ ਲੋਕਾਂ ਵਿਚ ਦੋ ਔਰਤਾਂ ਵੀ ਹਨ। ਰਾਵੀ ਬੈਠਕ ਵਿਚ ਜਾਣੋਂ ਇਨਕਾਰ ਕਰ ਰਹੀ ਸੀ, ਉਸ ਨੂੰ ਸਮਝ ਨਹੀਂ ਸੀ ਪੈ ਰਿਹਾ ਕਿ ਉਹ ਬਾਪੂ ਹੁਣ ਆਪਣੀ ਧੀ ਦੀ ਨੁਮਾਇਸ਼ ਕਿਵੇਂ ਵੇਖੇਗਾ ਜੋ ਕਦੀ ਉਸਦੇ ਸਿਰ ਤੋਂ ਕਦੀ ਚੁੰਨੀ ਲੱਥੀ ਬ੍ਰਦਾਸ਼ਤ ਨਹੀਂ ਸੀ ਕਰਦਾ ਹੁੰਦਾ। ਪਰ ਅੱਜ ਬਾਪੂ ਵੀ ਵਾਰ ਵਾਰ ਚੁੱਲ੍ਹੇ ਚੌਂਕੇ ਵੱਲ ਗੇੜਾ ਮਾਰਦਾ ਉਸਦੀ ਮਾਂ ਧੰਨੋ ਨੂੰ ਕਹਿ ਰਿਹਾ ਸੀ ਜਲਦੀ ਭੇਜੋ ਫਿਰ ਰਾਵੀ ਨੂੰ ਉਹ ਜਾਣ ਲਈ ਕਾਹਲੇ ਹਨ। ਜਿਵੇਂ ਕਹਿਣਾ ਚਾਹੁੰਦਾ ਹੋਵੇ ਉਸਦੀ ਧੀ ਦਾ ਸੌਦਾ ਕਰਨ ਆਏ ਗਾਹਕ ਸੌਦਾ ਕੀਤੇ ਵਗੈਰ ਹੀ ਨਾ ਪਰਤ ਜਾਣ। ਰਾਵੀ ਨੂੰ ਅੱਜ ਜਾਪ ਰਿਹਾ ਸੀ ਜਿਵੇˆ ਸਾਰੇ ਸੁਆਰਥੀ ਹੋਣ। ਉਸ ਨੇ ਬੁੱਲਾਂ ਅੰਦਰ ਹੀ ਆਪਣੇ ਮਨ ਅੰਦਰਲੇ ਹੌਕਿਆਂ ਦੀ ਪੀੜ ਨੂੰ ਘੁੱਟ ਲਿਆ ਅਤੇ ਟਰੇਅ ਚੁੱਕ ਕੇ ਬੈਠਕ ਵਲ ਨੂੰ ਤੁਰ ਪਈ।

ਮਾਸੜ ਨੇ ਜਾਣ ਪਛਾਣ ਕਰਾਈ। ਰਾਵੀ ਦੇ ਗੁਣਾਂ ਦਾ ਗੁੱਡਾ ਬੰਨਿਆ, ਜਿਵੇਂ ਚੰਗਾ ਵਪਾਰੀ ਮੰਡੀ ਵਿਚ ਪਸ਼ੂ ਵੇਚਣ ਸਮੇਂ ਝੂਠ ਦੇ ਪਲੰਦੇ ਬੰਨਦਾ ਹ, ਬੱਸ ਮਾਸੜ ਵੀ ਅੱਜ ਏਸੇ ਤਰ੍ਹਾਂ ਜਾਪਦਾ ਸੀ। ਰਾਵੀ ਦੇ 'ਸਤਿ ਸ੍ਰੀ ਅਕਾਲ' ਕਹਿਣ ਤੋˆ ਲੈਕੇ ਹੁਣ ਤੱਕ ਵੇਖਣ ਆਏ ਮਹਿਮਾਨਾਂ ਦੇ ਤੇਵਰ ਬਦਲ ਰਹੇ ਸਨ ਜੋ ਅੱਖਾਂ ਪਾੜ ਪਾੜ ਕੇ ਉਸ ਵਲ ਵੇਖ ਰਹੇ ਸਨ। ਮਾਸੜ ਨੇ ਫੇਰ ਗੱਲ ਨੂੰ ਅੱਗੇ ਤੋਰਨ ਲਈ ਹੋਰ ਲੜੀ ਸ਼ੁਰੂ ਕਰ ਲਈ, " ਭਾਈ ਸਾਡੇ ਸਮੇˆ ਤਾਂ ਜ਼ਮਾਨਾ ਹੋਰ ਹੁੰਦਾ ਸੀ, ਉਦੋਂ ਕੁੜੀਆਂ ਦੇਖਣ ਦਖਾਉਣ ਦਾ ਰਿਵਾਜ ਕਿੱਥੇ ਹੁੰਦਾ ਸੀ? ਹੁਣ ਤਾਂ ਜ਼ਮਾਨਾ ਬਦਲ ਗਿਆ ਏ ਭਾਈ।" ਮਾਸੜ ਨੇ ਨਾਲ ਆਪਣੀਆਂ ਔਰਤਾਂ ਬਾਰੇ ਦੱਸਿਆ ਕਿ ਇੱਕ ਮੁੰਡੇ ਦੀ ਭੈਣ ਹੈ ਅਤੇ ਇੱਕ ਹੈ ਭਰਜਾਈ। ਇਹ ਜਗਤਾਰ ਹੈ ਕਨੇਡਿਉਂ ਆਇਆ ਹੈ ਇੱਕ ਮਹੀਨੇ ਦੀ ਛੁੱਟੀ ਲੈਕੇ। ਇਹ ਨਾਲ ਹਨ ਕਾਕੇ ਦਾ ਪਿਤਾ ਦਾ ਛੋਟਾ ਭਰਾ, ਮਾਸੀ ਦਾ ਲੜਕਾ ਤੇ ਇੱਕ ਇਨ੍ਹਾਂ ਦਾ ਦੋਸਤ।" ਰਾਵੀ ਨੇ ਚੋਰ ਅੱਖ ਨਾਲ ਜਗਤਾਰ ਵਲ ਵੇਖਿਆ, ਉਸਨੂੰ ਤਾਂ ਜਿਵੇਂ ਘੁਮੇਰ ਜਿਹੀ ਆ ਗਈ ਸੀ। ਇਹੋ ਜਿਹੀ ਨਹੀਂ ਸੀ ਸੋਚੀ ਉਸਨੇ ਆਪਣੇ ਸੁਪਨਿਆਂ ਦੇ ਰਾਜ ਕੁਮਾਰ ਦੀ ਤਸਵੀਰ। ਇੱਹ ਅੱਧਖੜ ਮਰਦ ਕੋਈ 'ਅੰਕਲ' ਜਾਪਦਾ ਸੀ ਨਾਂ ਕਿ ਉਸਦਾ ਹਾਣ ਪ੍ਰਵਾਣ। ਰਾਵੀ ਦਾ ਦਿਲ ਕਰਦਾ ਸੀ ਕਿ ਬੈਠਕ ਵਿਚੋਂ ਉੱਠ ਕੇ ਬਾਹਰ ਭੱਜ ਜਾਵੇ ਪਰ ਨਾਲ ਆਈਆਂ ਔਰਤਾਂ ਰਾਵੀ ਨੂੰ ਉਸਦੀ ਪੜ੍ਹਾਈ, ਸਲਾਈ ਕਢਾਈ ਤੇ ਹੋਰ ਅਣਗਿਣਤ ਤਰ੍ਹਾਂ ਦੇ ਸਵਾਲ ਪੁੱਛੀ ਜਾ ਰਹੀਆਂ ਸਨ। ਕੁੱਝ ਦੇਰ ਬਾਅਦ ਰਾਵੀ ਬੈਠਕ ਵਿਚੋˆ ਉਠ ਕੇ ਬਾਹਰ ਆ ਗਈ।

ਰਾਵੀ ਬੈਠਕ 'ਚੋਂ ਆ ਕੇ ਦਲਾਨ ਅੰਦਰਲੇ ਕਮਰੇ 'ਚ ਮੰਜੇ ਤੇ ਪਈ ਡੁਸਕਦੀ ਰਹੀ ਸੀ ਤੇ ਮਾਂ ਧੰਨੋ ਉਸ ਨੂੰ ਵਾਰ ਵਾਰ ਸਮਝਾਉਂਦੀ ਰਹੀ ਸੀ। ਫੇਰ ਬੈਠਕ ਵਿਚ ਸ਼ਰਾਬ ਦਾ ਦੌਰ ਚਲਦਾ ਰਿਹਾ, ਮੁਰਗਾ ਵੱਢਿਆ ਗਿਆ। ਬੱਸ ਰਾਵੀ ਵੀ ਵੱਢੀ ਗਈ ਉਸ ਮੁਰਗੇ ਵਾਂਗੂੰ ਹੀ ਜਿਸ ਦਾ ਜਿਸਮ ਮਹਿਮਾਨਾਂ ਲਈ ਹਾਰ ਸ਼ਿੰਗਾਰ ਕੇ ਪਰੋਸ ਦਿੱਤਾ ਗਿਆ ਸੀ। ਉਹ ਮੁੜਕੇ ਆਉਣ ਦਾ ਵਾਅਦਾ ਕਰਕੇ ਚਲੇ ਗਏ। ਉਨ੍ਹਾਂ ਦੀਆਂ ਗੱਲਾਂ ਤੋਂ ਲਗਦਾ ਸੀ ਕਿ ਰਾਵੀ ਉਨ੍ਹਾਂ ਨੂੰ ਪਸੰਦ ਹੈ। ਉਸ ਰਾਤ ਮਾਂ ਦੇ ਵਾਰ ਵਾਰ ਕਹਿਣ ਤੇ ਵੀ ਰੋਟੀ ਦੀ ਬੁਰਕੀ ਉਸਦੇ ਸੰਘ ਹੇਠੋˆ ਨਹੀˆ ਉਤਰੀ ਸੀ ਤੇ ਉਹ ਸਾਰੀ ਰਾਤ ਰਜਾਈ 'ਚ ਮੂੰਹ ਦੇ ਕੇ ਰੋˆਦੀ ਰਹੀ ਸੀ। ਉਸ ਨੂੰ ਜਾਪਦਾ ਸੀ ਜਿਵੇˆ ਉਹ ਕੋਈ ਸੁਪਨਾ ਦੇਖ ਰਹੀ ਹੋਵੇ ਜਿਸ ਵਿਚ ਪੈˆਤੀ ਚਾਲੀ ਸਾਲ ਦਾ ਮਰਦ ਉਸ ਨਾਲ ਜਬਰ ਜਿਨਾਹ ਕਰਨ ਲਈ ਅੱਗੇ ਵਧ ਰਿਹਾ ਹੋਵੇ ਤਾਂ ਸਾਰੇ ਸਕੇ ਸੰਬੰਧੀ ਖੜੇ ਤਮਾਸ਼ਾ ਵੇਖ ਰਹੇ ਹੋਣ। ਉਸ ਰਾਤ ਮਾਸੜ ਉਨ੍ਹਾਂ ਦੇ ਘਰ ਹੀ ਰਹਿ ਪਿਆ ਸੀ। ਇੱਕ ਵਾਰੀ ਬਾਪੂ ਨੇ ਨਸ਼ੇ ਦੀ ਲੋਰ ਵਿਚ ਕਿਹਾ ਸੀ, 'ਮਿੰਦਰ ਸਿਆਂ ਰਾਵੀ ਤਾਂ ਅਜੇ ਆਪਣੀ ਵੀਹਾਂ ਵਰ੍ਹਿਆਂ ਤੋਂ ਥੱਲੇ ਹੈ ਪਰ ਕਾਕਾ ਪਕਰੋੜ ਜਾਪਦਾ ਹੈ....ਗੱਲ ਕੁੱਝ ਜੱਚਦੀ ਨਹੀˆ।" ਤਾਂ ਮਾਸੜ ਨੇ ਗੱਲ ਭੁੰਜੇ ਨਹੀਂ ਸੀ ਪੈਣ ਦਿੱਤੀ, ਅਖੇ- "ਮੈਂ ਤਾਂ ਐਨਾ ਕੀਤਾ ਹੈ। ਬਾਹਰਲੇ ਮੁੰਡੇ ਤਾਂ ਕਿਸਮਤ ਵਾਲਿਆਂ ਨੂੰ ਮਿਲਦੇ ਹਨ। ਤੁਸੀਂ ਕਮਲੀਆਂ ਗੱਲਾਂ ਨਾ ਕਰੋ।।।ਸਾਰੇ ਟੱਬਰ ਦੀ ਜੂਨ ਸੁਧਰ ਜੂ। ਐਥੇ ਤਾਂ ਕੰਮ ਨੀ ਮਿਲਦੇ....ਮੁੰਡੇ ਥੋਡੇ ਬਾਹਰ ਨਿਕਲ ਜਾਣਗੇ। ਨਹੀˆ ਤਾਂ ਏਜੰਟਾ ਪਿੱਛੇ ਲੋਕ ਲੱਖਾਂ ਰੁਪਈਆ ਚੱਕੀ ਫਿਰਦੇ ਹਨ। ਕੁੱਝ ਅਕਲ ਤੋਂ ਕੰਮ ਲਵੋ।" ਉਸਦਾ ਬਾਪੂ 'ਚੰਗਾ ਜਿਵੇਂ ਤੇਰੀ ਮਰਜ਼ੀ' ਕਹਿ ਕੇ ਚੁੱਪ ਕਰ ਗਿਆ ਸੀ। ਪਰ ਰਾਵੀ ਦੇ ਕੰਨਾ ਅੰਦਰ ਮਾਸੜ ਦੇ ਬੋਲਾਂ ਦਾ ਪਿਆ ਸਿੱਕਾ ਅਜੇ ਵੀ ਪਿਘਲ ਰਿਹਾ ਸੀ। ਉਧਰ ਪਿਆਰੋ ਵੀ ਉਸ ਦੀ ਮਾਂ ਨੂੰ ਏਵੇਂ ਕਹਿ ਰਹੀ ਸੀ, " ਅੱਗੇ ਲੋਕ ਜੰਮਦੀਆਂ ਨੂੰ ਮਾਰ ਦਿੰਦੇ ਸਨ, ਇਹ ਤਾਂ ਫੇਰ ਕਨੇਡਾ ਚੱਲੀ ਆ। ਜੇ ਇਕ ਨਾਲ ਮਾੜੀ ਜਿਹੀ ਹਬੀ ਨਬੀ ਵੀ ਹੋਜੂ ਤਾਂ ਕਿਹੜਾ ਪਰਲੋਂ ਆਜੂ। ਸਾਰੇ ਟੱਬਰ ਦੀ ਜੂਨ ਸੁਧਰ ਜਾਉ।" ਭਾਵ ਜੇ ਇੱਕ ਕੁੜੀ ਦੇ ਖੂਹ 'ਚ ਸੁੱਟਣ ਨਾਲ ਸਾਰੇ ਟੱਬਰ ਦੀ ਜ਼ਿੰਦਗੀ ਬਣਦੀ ਹੈ ਤਾਂ ਸੌਦਾ ਕੋਈ ਮਾੜਾ ਨਹੀਂ। ਕਿੱਡੇ ਖੇਖਣ ਹਾਰੇ ਹਨ ਇਹ ਲੋਕ ਅਖੇ ਜ਼ਮਾਨਾ ਬਦਲ ਗਿਆ। ਪਰ ਇਨ੍ਹਾਂ ਦੀ ਧੀਆਂ ਭੈਣਾਂ ਦੇ ਸੌਦੇ ਕਰਨ ਦੀ ਉਨ੍ਹਾਂ ਨੂੰ ਮਾਰ ਮੁਕਾਉਣ ਦੀ ਆਦਤ ਨਹੀˆ ਬਦਲੀ। ਬੱਸ ਜੇ ਬਦਲਿਆ ਹੈ ਤਾਂ ਸਿਰਫ਼ ਢੰਗ। ਉਹ ਆਪਣੇ ਅੰਦਰ ਹੀ ਅੰਦਰ ਜ਼ਹਿਰ ਘੋਲਦੀ ਰਹਿੰਦੀ।

ਫੇਰ ਇਕ ਦਿਨ ਮਾਸੜ ਦੇ ਹੱਥ ਸੁਨੇਹਾ ਆਇਆ ਕਿ ਰਿਸ਼ਤਾ ਪੱਕਾ ਹੈ ਤੇ ਉਹ ਅਗਲੇ ਐਤਵਾਰ ਕੁੜੀ ਨੂੰ ਸ਼ਗਨ ਪਾਉਣ ਆਉਣਗੇ। ਰਾਵੀ ਹਾਲਾਤ ਦੇ ਹੱਥਾਂ 'ਚ ਬੇਵਸ ਹੋਈ ਜਗਤਾਰ ਦੀ ਮੰਗੇਤਰ ਬਣ ਗਈ। ਉਹ ਕੈਨੇਡਾ ਵਾਪਸ ਮੁੜ ਗਿਆ ਤੇ ਦਿਨ ਬੀਤਦੇ ਗਏ। ਫਿਰ ਪਤਾ ਲੱਗਿਆ ਕਿ ਉਸ ਨੇ ਰਾਵੀ ਨੂੰ ਸਪੌਂਸਰਸ਼ਿੱਪ ਦੇ ਪੇਪਰ ਭੇਜ ਦਿੱਤੇ ਹਨ। ਫੇਰ ਰਾਵੀ ਦੇ ਪੇਪਰ ਭਰਨ ਤੋਂ ਲੈ ਕੇ ਵੀਜ਼ਾ ਮਿਲਣ ਤੱਕ ਸਾਰੇ ਕੰਮ ਹੋਏ ਤੇ ਫਿਰ ਇੱਕ ਦਿਨ ਉਹ ਵੀ ਆ ਗਿਆ, ਜਦੋਂ ਉਸਦਾ ਕੈਨੇਡਾ ਜਾਣ ਦਾ ਵੀਜ਼ਾ ਆ ਗਿਆ। ਬਾਪੂ ਨੇ ਬੇਹੱਦ ਖਰਚ ਕੀਤਾ। ਉਸਨੂੰ ਗਹਿਣਿਆਂ ਨਾਲ ਲੱਦ ਦਿੱਤਾ। ਮਾਂ ਨੇ ਮਹਿੰਗੇ ਤੋਂ ਮਹਿੰਗੇ ਸੂਟ ਲੈ ਕੇ ਦਿੱਤੇ ਤੇ ਰਾਵੀ ਇੱਕ ਦਿਨ ਜਹਾਜ ਚੜ੍ਹ ਕੇ ਕੈਨੇਡਾ ਆ ਉਤਰੀ।

ਕੈਨੇਡਾ ਆ ਕੇ ਉਸਦਾ ਜਗਤਾਰ ਨਾਲ ਇੱਕ ਸੁੰਦਰ ਹਾਲ ਵਿਚ ਵਿਆਹ ਹੋ ਗਿਆ। ਖੂਬ ਪਾਰਟੀ ਹੋਈ। ਵਿਆਹ ਤੋਂ ਤੁਰੰਤ ਬਾਅਦ ਹੀ ਰਾਵੀ ਨੂੰ ਅਹਿਸਾਸ ਹੋਣ ਲੱਗ ਪਿਆ ਸੀ ਕਿ ਪੰਜਾਬ ਜਾ ਕੇ ਵੱਡੀਆਂ ਡੀਗਾਂ ਮਾਰਨ ਵਾਲੇ ਅਤੇ ਅਣਭੋਲ ਕੁੜੀਆਂ ਦੇ ਸੌਦੇ ਕਰਨ ਵਾਲੇ ਸਧਾਰਨ ਕਿਸਮ ਦੇ ਮਜ਼ਦੂਰ ਹਨ। ਹੱਡ-ਭੰਨਵੀਂ ਕਮਾਈ ਕਰਨ ਉਪਰੰਤ ਵੀ ਜਿਨ੍ਹਾਂ ਦੇ ਪਿੜ ਪੱਲੇ ਕੁਝ ਨਹੀਂ ਪੈਂਦਾ। ਜਗਤਾਰ ਵੀ ਏਸੇ ਕਿਸਮ ਦਾ ਇੱਕ ਮਜ਼ਦੂਰ ਸੀ ਜੋ ਦਸ ਬਾਰਾਂ ਸਾਲ ਪਹਿਲਾਂ ਰੀਫਿਊਜ਼ੀ ਬਣਕੇ ਇਸ ਮੁਲਕ ਵਿਚ ਆਇਆ ਸੀ। ਬਹੁਤ ਲੰਬੀ ਖੱਜਲ ਖੁਆਰੀ ਤੋਂ ਬਾਅਦ ਉਸ ਨੂੰ ਇਸ ਧਰਤੀ ਤੇ ਇਮੀਗਰਾਂਟ ਦੇ ਤੌਰ ਤੇ ਰਹਿਣ ਦਾ ਹੱਕ ਮਿਲਿਆ ਸੀ। ਦਸ ਬਾਰਾਂ ਸਾਲ ਦੀ ਸਾਰੀ ਕਮਾਈ ਜਾਂ ਤਾਂ ਵਕੀਲਾਂ ਦੇ ਢਿੱਡਾਂ ਵਿਚ ਜਾ ਵੜੀ ਸੀ ਜਾਂ ਫਿਰ ਮੁੰਡਿਆਂ ਦੀ ਸੰਗਤ ਵਿਚ,ਦਾਰੂ ਸਿੱਕੇ ਦੀਆਂ ਮਹਿਫ਼ਲਾਂ, ਆਵਾਰਾਗਰਦੀ ਅਤੇ ਲਾਪਰਵਾਹੀ ਨੇ ਉਸਦੀ ਕਮਾਈ ਡਕਾਰ ਲਈ ਸੀ। ਉਹ ਅਜੇ ਤੱਕ ਗੰਦੀ ਜਿਹੀ ਅਪਾਰਟਮੈਂਟ ਵਿਚ ਰਹਿ ਕੇ ਗੁਜ਼ਾਰਾ ਕਰ ਰਿਹਾ ਸੀ। ਰਾਵੀ ਨੂੰ ਭਾਵੇਂ ਕੁੱਝ ਵੀ ਉਸ ਦੇ ਖਿਆਲਾਂ ਅਨੁਸਾਰ ਨਾ ਜਾਪਿਆ ਪਰ ਤਾਂ ਵੀ ਉਸ ਨੇ ਸਮਝੌਤਾ ਕਰ ਲਿਆ ਸੀ ਇਸ ਘਰ ਨੂੰ ਆਪਣਾ ਮੰਨ ਕੇ ਤੋਰਨ ਦਾ। ਉਸ ਨੇ ਬੜੀ ਮੁਸ਼ਕਲ ਨਾਲ ਕੰਮ ਲੱਭਿਆ 'ਪਲਾਸਟਿਕ' ਦੀ ਫੈਕਟਰੀ ਵਿਚ। ਉਹ ਬਾਰਾਂ ਬਾਰਾਂ ਘੰਟੇ ਲੰਬੀਆਂ ਸ਼ਿਫਟਾਂ ਕੰਮ ਕਰਦੀ। ਮਸ਼ੀਨ ਨਾਲ ਮਸ਼ੀਨ ਹੋਈ ਦੇ ਜਿਸਮ ਦੇ ਸਾਰੇ ਅੰਗ ਥਕਾਵਟ ਨਾਲ ਆਕੜ ਜਾਂਦੇ। ਉਹ ਮਨ ਹੀ ਮਨ ਆਪਣੇ ਮਾਸੜ ਨੂੰ ਕੋਸਦੀ ਕਿ "ਦੱਸੇ ਹੁਣ ਕਿਹੜਾ ਇੱਥੇ ਸਵਰਗ ਹੈ, ਕਿਹੜੀ ਐਸ਼ ਹੈ। ਇੱਥੇ ਜੂਨ ਸੁਧਰਨੀ ਤਾਂ ਇੱਕ ਪਾਸੇ ਰਹੀ, ਮੇਰਾ ਤਾਂ ਜੀਣਾ ਨਰਕ ਬਣ ਗਿਆ ਹੈ। ਕੀ ਹੈ ਏਥੇ ਸੁਆਹ ਤੇ ਖੇਹ...." ਆਪ ਮੁਹਾਰੈ ਹੀ ਉਸਦੀਆਂ ਅੱਖਾਂ ਵਿਚੋˆ ਅੱਥਰੂ ਵਹਿ ਤੁਰਦੇ। ਮਸਾਂ ਮਸਾਂ ਵੀਕ ਐਂਡ ਆਉਂਦਾ ਅਰਾਮ ਕਰਨ ਲਈ, ਘਰ ਬੈਠਣ ਲਈ ਪਰ ਵੀਕ ਐਂਡ ਤੇ ਜਗਤਾਰ ਆਪਣੇ ਪੁਰਾਣੇ ਰੀਫਿਊਜੀ ਦੋਸਤਾਂ ਨਾਲ ਸ਼ਰਾਬ ਪੀਕੇ ਅੱਧੀ ਅੱਧੀ ਰਾਤ ਤੋਂ ਬਾਅਦ ਘਰ ਆਉਂਦਾ। ਜੇ ਉਹ ਬੋਲਦੀ ਤਾਂ ਅੱਗੋਂ ਉਸ ਨੂੰ ਭੱਜ ਕੇ ਪੈਂਦਾ, " ਕੈਨੇਡਾ ਵਰਗੇ ਮੁਲਕ 'ਚ ਕੀ ਕੱਢਤੀ ਹੁਣ ਸਾਲੀ ਨੂੰ ਪਰ ਲੱਗ ਗਏ। ਮੱਤਾਂ ਦਊਗੀ ਇਹ ਹੁਣ ਮੈਨੂੰ....ਹੂੰ..." ਰਾਵੀ ਦੇ ਅੰਦਰ ਅੱਗ ਦੇ ਭਾਂਬੜ ਬਲ ਉਠਦੇ ਪਰ ਤਾਂ ਵੀ ਉਹ ਹਮੇਸ਼ਾਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦੀ।

ਫੇਰ ਜਗਤਾਰ ਨੇ ਆਪਣੇ ਮਾਪਿਆਂ ਤੇ ਛੋਟੇ ਭੈਣ ਭਰਾ ਨੂੰ ਕੈਨੇਡਾ ਮੰਗਵਾਉਣ ਦੀ ਅਰਜ਼ੀ ਭਰੀ। ਅਰਜ਼ੀ ਭਰਨ ਤੋਂ ਤਿੰਨ ਸਾਲ ਬਾਅਦ ਉਸਦੇ ਮਾਂ-ਬਾਪ ਅਤੇ ਦੋ ਛੋਟੇ ਭੈਣ ਭਰਾ ਕੈਨੇਡਾ ਆ ਗਏ। ਇੰਡੀਆ ਵਿਚ ਵੀ ਉਸਦੇ ਦੋ ਵੱਡੇ ਭੈਣ ਭਰਾ ਸਨ, ਭੈਣ ਵਿਆਹੀ ਹੋਈ ਸੀ ਤੇ ਭਾਈ ਛੜਾ ਛਟਾਂਗ ਤੇ ਸਿੱਧਰਾ ਵੀ। ਹੁਣ ਜਗਤਾਰ ਦਾ ਪੂਰਾ ਪਰਿਵਾਰ ਕੈਨੇਡਾ ਪਹੁੰਚ ਗਿਆ ਸੀ ਤੇ ਉਹ ਬੇਹੱਦ ਖੁਸ਼ ਸੀ। ਉਸਦੇ ਪੈਰ ਜ਼ਮੀਨ ਤੇ ਨਹੀਂ ਸਨ ਲੱਗਦੇ। ਹੁਣ ਜੇ ਉਸ ਪਰਿਵਾਰ ਨੂੰ ਦੁੱਖ ਸੀ ਤਾਂ ਪਿੱਛੇ ਹਿੰਦੋਸਤਾਨ ਰਹਿ ਗਇਆਂ ਦਾ... ਤੇ ਸਮਾਂ ਇਸੇ ਤਰ੍ਹਾਂ ਹੀ ਬੀਤਦਾ ਗਿਆ।

ਅਜੇ ਛੇ ਮਹੀਨੇ ਵੀ ਨਹੀˆ ਗੁਜ਼ਰੇ ਸਨ ਕਿ ਰਾਵੀ ਨੂੰ ਰਵਿੰਦਰ, ਰਵਿੰਦਰ ਕੁਰੇ ਕਰਦੀ ਫਿਰਨ ਵਾਲੀ ਸੱਸ ਦੇ ਤੇਵਰ ਬਦਲ ਗਏ। ਉਸ ਨੂੰ ਆਪਣੇ ਪੁੱਤ ਦਾ ਘਰ ਆਪਣਾ ਜਾਪਣ ਲੱਗਿਆ। ਉਹ ਰਾਵੀ ਦੇ ਹਰ ਕੰਮ ਵਿਚ ਨੁਕਸ ਕੱਢਣ ਲੱਗੀ। ਜਗਤਾਰ ਨੂੰ ਹਰ ਗੱਲ ਸਬੰਧੀ ਉਲਟਾ ਸਿੱਧਾ ਸਿਖਾਉˆਦੀ ਰਹਿੰਦੀ। ਸ਼ਾਮ ਨੂੰ ਕੰਮ ਤੋਂ ਆਇਆ ਜਗਤਾਰ ਮਾੜੀ ਮਾੜੀ ਗੱਲ ਤੇ ਉਸ ਨਾਲ ਲੜ੍ਹਦਾ ਰਹਿੰਦਾ। ਕਈ ਵਾਰੀ ਗੱਲ ਕੁੱਟ ਮਾਰ ਤੱਕ ਵੀ ਚਲੀ ਜਾਂਦੀ।

ਰਾਵੀ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾਂ ਰਹੀ ਜਦੋਂ ਉਸ ਦੀ ਸੱਸ ਨਸੀਬ ਕੌਰ ਫੇਰ ਮੋਮੋ ਠਗਣੀਆਂ ਵਾਂਗ ਉਸ ਨਾਲ ਮਿੱਠੀ ਪਿਆਰੀ ਹੋ ਗਈ। ਜਗਤਾਰ ਵੀ ਉਸਦੇ ਅੱਗੇ ਪਿੱਛੇ ਘੁੰਮਣ ਲੱਗਿਆ। ਲੜਾਈ ਕਰਨ ਦਾ ਨਾਂ ਨਿਸ਼ਾਨ ਤੱਕ ਭੁੱਲ ਗਿਆ ਸੀ ਉਹ... ਰਾਵੀ ਨੂੰ ਜਾਪਦਾ ਜਿਵੇˆ ਇਸ ਮੋਹ ਭਿੱਜੇ ਮਹੌਲ ਵਿਚ ਕੋਈ ਸੁਆਰਥ ਦਾ ਜ਼ਹਿਰ ਜ਼ਰੂਰ ਹੋਵੇਗਾ। ਉਸ ਨੂੰ ਉਹ ਵੇਲਾ ਯਾਦ ਆਇਆ ਜਦੋਂ ਅਧਖੜ੍ਹ ਮਰਦ ਨਾਲ ਸ਼ਾਦੀ ਕਰਨ ਲਈ ਉਸਦੇ ਮਾਪੇ ਵੀ ਖੰਡ ਮਿਸ਼ਰੀ ਹੋ ਗਏ ਸਨ ਤਾਂ ਕਿ ਉਸ ਦੇ ਆਸਰੇ ਸਾਰਾ ਟੱਬਰ ਕੈਨੇਡਾ ਨਿੱਕਲ ਜਾਵੇ, ਉਹ ਤਾਂ ਫਿਰ ਉਸ ਦਾ ਆਪਣਾ ਖੂਨ ਸੀ ਜੇ ਉਦੋਂ ਪੇਟਂ ਜੰਮ ਕੇ ਪਾਲੀ ਪਣਾਸੀ ਦਾ ਸੌਦਾ ਕੀਤਾ ਜਾ ਸਕਦਾ ਤਾਂ ਸਹੁਰੇ ਘਰ ਵਾਲੇ ਤਾਂ ਅਜਿਹਾ ਕਿਉˆ ਨਹੀˆ ਸੀ ਕਰ ਸਕਦੇ। ਉਸ ਦੀ ਭੁੱਖ ਮਾਰੀ ਗਈ। ਰਾਤਾਂ ਦੀ ਨੀਂਦ ਉਡ ਗਈ। ਸਾਰੇ ਘਰ ਦਾ ਮਹੌਲ ਜਿਵੇˆ ਸਾਜਿਸ਼ੀ ਜਿਹਾ ਹੋ ਗਿਆ ਸੀ। ਉਹ ਇਸ ਦਮਘੋਟੂ ਮਾਹੌਲ ਵਿਚੋਂ ਭੱਜ ਜਾਣਾ ਚਾਹੁੰਦੀ ਸੀ।

ਫੇਰ ਅਚਾਨਕ ਇੱਕ ਦਿਨ ਬਿੱਲੀ ਥੈਲੋ ਤੋਂ ਬਾਹਰ ਆ ਹੀ ਗਈ। ਸਨਿਚੱਰਵਾਰ ਦੀ ਸ਼ਾਮ ਸੀ ਵੀਕ ਐਂਡ ਦੀ ਛੁੱਟੀ ਜਗਤਾਰ ਉਸਦੇ ਗੋਡੇ ਮੁੱਢ ਬੈਠਾ ਬੇਹੱਦ ਪਿਆਰ ਜਤਾ ਰਿਹਾ ਸੀ ਤੇ ਉਸਦੀਆਂ ਝੂਠੀਅ ਮੂਠੀਆਂ ਤਾਰੀਫ਼ਾਂ ਕਰ ਰਿਹਾ ਸੀ। ਰਾਵੀ ਨੂੰ ਖੁਸ਼ ਮੂਡ ਵਿਚ ਵੇਖਕੇ ਉਸ ਨੇ ਗੱਲ ਤੋਰੀ, "ਰਵਿੰਦਰ ਤੇਰੇ ਨਾਲ ਇੱਕ ਗੱਲ ਕਰਨੀ ਸੀ?"
"ਦੱਸੋ..." ਰਾਵੀ ਨੇ ਹੁੰਘਾਰਾ ਭਰਿਆ।
"ਆਪਣਾ ਦਲੀਪ ਹੈ ਨਾ...ਤੇਰਾ ਜੇਠ।"
"ਕੀ ਕਰਨਾ ਹੈ ਉਸਨੂੰ..." ਰਾਵੀ ਦਾ ਮੱਥਾ ਠਣਕਿਆ।
"ਉਸਨੂ ਕੈਨੇਡਾ ਕੱਢਣਾ ਹੈ।"
"ਕੱਢ ਲਉ ਫੇਰ... ਇਹਦੇ 'ਚ ਮੈਥੋਂ ਕੀ ਪੁੱਛਣਾ ਹੈ?"
"ਤੂੰ ਹੀ ਤਾਂ ਕੱਢਣਾ ਹੈ ਉਸ ਨੂੰ...ਬੱਸ ਕੇਰਾਂ ਉਸ ਦੇ ਪੇਪਰ ਭਰ ਦੇ।" ਉਹ ਰਾਵੀ ਅੱਗੇ ਮਿਣ ਮਿਣ ਕਰਨ ਲੱਗਿਆ।
"ਮੈਂ ਕਿਵੇˆ ਭਰ ਸਕਦੀ ਹਾਂ ਪੇਪਰ ਵਿਆਹੀ ਵਰੀ ਹੋਈ।"

"ਲੈ ਪੇਪਰ ਭਰਨ ਦਾ ਕੀ ਹੈ...ਏਥੇ ਸਾਰਾ ਕੁੱਝ ਚਲਦਾ ਹੀ ਹੈ। ਆਪਣੇ ਲੋਕ ਭਰਦੇ ਹੀ ਨੇ ਜਾਅਲੀ ਪੇਪਰ... ਤੂੰ ਮੇਰੇ ਤੋਂ ਕਾਗਜ਼ਾਂ ਵਿਚ ਤਲਾਕ ਲੈਕੇ ਉਸ ਨਾਲ ਵਿਆਹ ਸ਼ੋਅ ਕਰ ਦੇ। ਇਸ ਨਾਲ ਤੈਨੂੰ ਕੀ ਫਰਕ ਪੈਂਣਾ..." ਉਹ ਮਿੰਨਤਾਂ ਤਰਲਿਆਂ ਤੇ ਉੱਤਰ ਆਇਆ ਸੀ।

ਰਾਵੀ ਨੂੰ ਬੇਹੱਦ ਗੁੱਸਾ ਚੜ੍ਹਿਆ। ਜਗਤਾਰ ਦੇ ਵੱਡੇ ਭਰਾ ਦਲੀਪ ਦੀ ਸ਼ਕਲ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੀ। ਬੁਢਾਪੇ 'ਚ ਪੈਰ ਧਰਦਾ ਸੁੱਕਿਆ ਸੜਿਆ ਵੀਹ ਜ਼ਹਿਮਤਾਂ ਦਾ ਮਾਰਿਆ ਸ਼ੁਦਾਈ ਜਿਹਾ ਬੰਦਾ। ਜਿਸ ਨੂੰ ਵੇਖਦਿਆਂ ਹੀ ਦਿਲ ਕੱਚਾ ਹੋਣ ਲੱਗ ਪੈਂਦਾ। ਸ਼ਰਾਬ ਜ਼ਰਦਾ ਪੀਣ ਖਾਣ ਵਾਲਾ ਉਹ ਬੰਦਾ ਮੈਲੇ ਕੁਚੈਲੇ ਕੱਪੜੇ ਪਾਈ ਪਿੰਡ ਦੀਆਂ ਗਲੀਆਂ 'ਚ ਘੁੰਮਦਾ ਫਿਰਦਾ ਰਹਿੰਦਾ। ਉਸਦੇ ਪੇਪਰ ਭਰਨ ਵਾਰੇ ਸੋਚ ਕੇ ਰਾਵੀ ਦਾ ਦਿਮਾਗ ਘੁੰਮਣ ਲੱਗਿਆ। ਉਹ ਸ਼ੇਰਨੀ ਵਾਂਗ ਦਹਾੜੀ, "ਮੈਂ ਨਹੀਂ ਭਰਨੇ ਕਿਸੇ ਦੇ ਪੇਪਰ ਪੂਪਰ।"

ਜਗਤਾਰ ਪਹਿਲਾਂ ਤਾਂ ਥੋੜਾ ਜਿਹਾ ਝੇਂਪ ਗਿਆ ਪਰ ਫੇਰ ਮਿਨਤਾਂ ਤਰਲੇ ਕਰਨ ਲੱਗਿਆ। ਰਾਵੀ ਦਾ ਦਿਲ ਕਰਦਾ ਸੀ ਕਿ ਕਹੇ ਕਿ ਤੁਹਾਡਾ ਤਾਂ ਫਿਰ ਵੀ ਟੱਬਰ ਏਧਰ ਆ ਗਿਆ ਹੁਣ ਮੇਰਾ ਵੀ ਕੋਈ ਆ ਲੈਣ ਦਿਉ। ਕਿਉਂ ਪਾਉਂਦੇ ਹੋ ਮੈਨੂੰ ਏਨਾ ਝੰਝਟਾਂ ਵਿਚ। ਪਰ ਉਹ ਕਹਿ ਨਾ ਸਕੀ। ਜਦੋਂ ਜਗਤਾਰ ਨੂੰ ਗੱਲ ਸਿਰੇ ਨਾ ਚੜ੍ਹਦੀ ਜਾਪੀ ਤਾਂ ਉਸ ਦੇ ਚਿਹਰੇ ਦੀਆਂ ਨਸਾਂ ਖਿੱਚੀਆਂ ਗਈਆਂ। ਉਹ ਭੁੜਕ ਕੇ ਬੋਲਿਆ, "ਨਾ ਤੂੰ ਸਮਝਦੀ ਕੀ ਹੈਂ ਆਪਣੇ ਆਪ ਨੂੰ?" ਰਾਵੀ ਦਾ ਸਬਰ ਜਵਾਬ ਦੇ ਗਿਆ। ਮੈਂ ਤਾਂ ਜੋ ਸਮਝਦੀ ਹਾਂ, ਸਮਝਦੀ ਹੀ ਹਾਂ। ਪਰ ਤੂੰ ਸ਼ਰਮ ਨਾਲ ਮਰ ਜਾ ਜਾਕੇ ਜੋ ਔਰਤ ਨੂੰ ਬਜ਼ਾਰੂ ਸਮਝ ਕੇ ਦੂਜਿਆਂ ਦੇ ਅੱਗੇ ਪੇਸ਼ ਕਰਦਾ ਫਿਰਦਾ ਹੈ। ਮੈਂ ਕੋਈ ਸ਼ਤਰੰਜ ਦਾ ਮੋਹਰਾ ਨਹੀਂ ਬਣੀ ਜਿਥੇ ਮਰਜ਼ੀ ਲਾ ਦਿਉ। ਮੇਰੇ ਮਾਪਿਆਂ ਨੇ ਜਿੱਥੇ ਮੈਨੂੰ ਵਿਆਹਤਾ, ਵਿਆਹਤਾ ਪਰ ਮੇਰੇ ਕੋਲੋਂ ਨਹੀਂ ਰੋਜ਼ ਖਸਮ ਬਦਲੇ ਜਾਂਦੇ ਭਾਵੇਂ ਕਾਗਜ਼ੀ ਹੀ ਕਿਉˆ ਨਾ ਹੋਣ। ਮੈਂ ਤੇਰੀ ਹਾਂ ਤੇ ਤੇਰੀ ਹੀ ਰਹਾਂਗੀ। ਮੈਂ ਨਹੀਂ ਕਰਨੇ ਕੋਈ ਪੇਪਰ ਸਾਈਨ। ਤੇ ਉਹ ਭੁੱਬੀਂ ਰੋ ਪਈ। ਜਗਤਾਰ ਆਪਣੀ ਵਾਹ ਜਾਂਦੀ ਨਾਂ ਵੇਖ ਕੇ ਕਮਰੇ ਤੋਂ  ਬਾਹਰ ਹੋ ਗਿਆ।

ਬੱਸ ਫੇਰ ਕੀ ਸੀ ਘਰ ਮਹਾਂਭਾਰਤ ਦਾ ਮੈਦਾਨੇ ਜੰਗ ਬਣ ਗਿਆ। ਸਾਰਿਆਂ ਦੇ ਚਿਹਰੇ ਤਣੇ ਗਏ। ਸੱਸ ਤਾਹਨੇ ਮਿਹਣੇ ਭਰੇ ਬੋਲਾਂ ਨਾਲ ਉਸ ਨੂੰ ਕੁੱਝ ਨਾ ਕੁੱਝ ਸੁਣਾਉˆਦੀ ਰਹਿੰਦੀ ਜਾਂ ਆਪਣੇ ਮੁੰਡੇ ਨੂੰ ਸਿਖਾਉਂਦੀ ਰਹਿੰਦੀ, ਜਗਤਾਰ ਪੁੱਤ ਇਹ ਕਿਹੋ ਜਿਹੀ ਹੈ, ਤੇਰੀ ਬਹੂ.... ਤੇਰੇ ਕਹਿਣੇ ਵਿਚ ਨਹੀਂ ਹੈ ...ਇਸਨੂੰ ਵੀ ਖੰਭ ਨਿਕਲ ਆਏ.... ਇਹ ਮੁਲਕ 'ਚ ਕਾਹਦੀ ਆ ਗਈ, ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਹੈ।" ਫੇਰ ਸ਼ਰਾਬ ਦੇ ਨਸ਼ੇ ਵਿਚ ਜਗਤਾਰ ਨੇ ਕਈ ਵਾਰੀ ਰਾਵੀ ਦੇ ਵਾਲਾਂ ਨੂੰ ਮਰੋੜ ਚਾੜਿਆ ਤੇ ਗਾਲ੍ਹਾਂ ਵੀ ਕੱਢੀਆਂ। ਹੁਣ ਤਾਂ ਘਰ ਦਾ ਮਹੌਲ ਐਨਾ ਖਰਾਬ ਹੋ ਚੁੱਕਿਆ ਸੀ ਕਿ ਉਨ੍ਹਾਂ ਦਾ ਜੀਣਾ ਦੁੱਭਰ ਹੋ ਗਿਆ। ਹੌਲੀ ਹੌਲੀ ਘਰ ਦੀ ਲੜਾਈ ਅੰਦਰ ਬਾਹਰਲੇ ਰਿਸ਼ਤੇਦਾਰ ਵੀ ਪੈਣੇ ਸ਼ੁਰੂ ਹੋ ਗਏ। ਫੇਰ ਸਹੁਰਿਆਂ ਦਾ ਪਲੱੜਾ ਭਾਰੂ ਹੋ ਗਿਆ। ਸਾਰੇ ਇਹੋ ਕਹਿਣ ਲੱਗੇ ਕਿ ਚੱਲ ਭਰਦੇ ਪੇਪਰ ਤਾਂ ਕੀ ਹੈ। ਫੇਰ ਇੱਕ ਦਿਨ ਰੋਜ਼ ਰੋਜ਼ ਦੀ ਲੜਾਈ ਤੋਂ ਤੰਗ ਆਈ ਹੋਈ ਰਾਵੀ ਨੇ ਤਲਾਕ ਦੇ ਪੇਪਰ ਸਾਈਨ ਕੀਤੇ ਅਤੇ ਉਸ ਤੋˆ ਕੁੱਝ ਅਰਸਾ ਬਾਅਦ ਤਲਾਕ ਮਨਜੂਰ ਹੋਣ ਤੇ ਜਗਤਾਰ ਦੇ ਵੱਡੇ ਭਰਾ ਨੂੰ ਆਪਣੇ ਪਤੀ ਦੇ ਤੌਰ ਤੇ ਸਪੌˆਸਰ ਕਰ ਦਿੱਤਾ।

ਦੱਬੀ ਘੁੱਟੀ ਇਸ ਘਰ ਵਿਚ ਦਿਨ ਕੱਟਦੀ ਰਹੀ । ਜਿਆਦਾ ਤਰ ਉਹ ਚੁੱਪ ਹੀ ਰਹਿੰਦੀ। ਉਨ੍ਹਾਂ ਦੇ ਘਰ ਅਜੇ ਕਿਸੇ ਬਾਲ ਬੱਚੇ ਨੇ ਵੀ ਜਨਮ ਨਹੀˆ ਸੀ ਲਿਆ ਜਿਸ ਨਾਲ ਉਹ ਪਰਚੀ ਰਹਿੰਦੀ। ਖੈਰ ਅਠਾਰਾਂ ਮਹੀਨੇ ਬੀਤ ਜਾਣ ਬਾਅਦ ਦਲੀਪ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਸਾਰਾ ਟੱਬਰ ਉਸ ਨੂੰ ਚਾਈˆ ਚਾਈˆ ਜਾਕੇ ਏਅਰ ਪੋਰਟ ਤੋਂ ਘਰ ਲੈ ਆਇਆ। ਉਧਰ ਇਮੀਗਰੇਸ਼ਨ ਨੂੰ ਵਿਆਹ ਦੀ ਸਚਾਈ ਨੱਬੇ ਦਿਨਾਂ ਦੇ ਅੰਦਰ ਅੰਦਰ ਵਿਖਾਉਣ, ਰੀਤਾਂ ਰਸਮਾਂ ਅਨੁਸਾਰ ਵਿਆਹ ਕਰਨਾ ਜ਼ਰੂਰੀ ਸੀ। ਸਾਰਿਆਂ ਨੇ ਜ਼ੋਰ ਪਾਉਣ ਤੇ ਧੱਕੀ ਧੱਕਾਈ ਰਾਵੀ ਤੋˆ ਇਹ ਨਾਟਕ ਵੀ ਕਰਵਾ ਲਿਆ ਗਿਆ। ਪਰ ਉਸ ਵੇਲੇ ਰਾਵੀ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਜਿਸ ਦਿਨ ਦਲੀਪ ਦੇ ਪਾਸਪੋਰਟ ਤੇ ਸਟੈਂਪ ਲੱਗਣ ਦੀ ਖੁਸ਼ੀ ਵਿਚ ਸਾਰਿਆਂ ਨੇ ਰਲਕੇ ਸ਼ਰਾਬ ਪੀਤੀ। ਸ਼ਰਾਬੀ ਹਾਲਤ ਵਿਚ ਹੀ ਜਗਤਾਰ ਬੋਲਿਆ ਸੀ, "ਹੁਣ ਤੂੰ ਮੇਰੀ ਕੁੱਝ ਨਹੀਂ ਲੱਗਦੀ। ਤੂੰ ਮੈਨੂੰ ਤਲਾਕ ਦੇ ਕੇ ਦਲੀਪ ਨਾਲ ਵਿਆਹ ਕਰਵਾਇਆ ਹੈ ਉਸੇ ਨਾਲ ਰਹਿਣਾ ਪਊ ਹੁਣ ਤੈਨੂੰ। ਜਾਹ ਸੌਂ ਜਾ ਕੇ ਆਪਣੇ ਖਸਮ ਨਾਲ....।" ਇਹ ਸੁਣ ਕੇ ਰਾਵੀ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ।

ਉਹ ਫੇਰ ਬੋਲਿਆ, "ਮੈਂ ਅਗਲੇ ਸਾਲ ਇੰਡੀਆ ਜਾਵਾਂਗਾ ਹੋਰ ਵਿਆਹ ਕਰਵਾਵਾਂਗਾ, ਪੂਰੇ ਠਾਠ ਬਾਠ ਨਾਲ। ਵੇਖੀ ਸਈ ਤੂੰ... ਉਥੇ ਕਨੇਡਿਉˆ ਗਇਆਂ ਦੇ ਲੋਕ ਅੱਗੇ ਪਿੱਛੇ ਘੁੰਮਦੇ ਨੇ...ਮੈਨੂੰ ਵਿਆਹਾਂ ਦਾ ਘਾਟਾ ਏ....?" ਉਹ ਨਸ਼ੇ ਵਿੱਚ ਝੂਮ ਰਿਹਾ ਸੀ। ਪਤਾ ਨਹੀਂ ਉਹ ਸ਼ਰਾਬੀ ਸੀ ਜਾਂ ਸੱਚ ਕਹਿ ਰਿਹਾ ਸੀ ਪਰ ਸਾਰਾ ਟੱਬਰ ਸੁਣ ਰਿਹਾ ਸੀ। ਕਿਸੇ ਨੇ ਵੀ ਉਸ ਨੂੰ ਅਵਾ ਤਵਾ ਬੋਲਣੋਂ ਨਾਂ ਰੋਕਿਆ। ਸਗੋਂ ਸੱਸ ਤਾਂ ਕਹਿ ਰਹੀ ਸੀ, "ਕੋਈ ਨਾ ਪੁੱਤ ਅਗਲੇ ਸਾਲ ਜ਼ਰੂਰ ਚੱਲਾਂਗੇ ਇੰਡੀਆ, ਤੈਂਨੂੰ ਕਾਸੇ ਦਾ ਘਾਟਾ ਹੈ....?" ਰਾਵੀ ਦਾ ਦਿਲ ਕੀਤਾ ਕਿ ਉਹ ਹੁਣੇ ਉਨ੍ਹਾਂ ਨੂੰ ਚੰਗੀ ਤਰਾਂ ਸਬਕ ਸਿਖਾ ਦੇਵੇ। ਉਹ ਆਪਿਉਂ ਬਾਹਰ ਹੋ ਕੇ ਬੋਲੀ, "ਅਗਲਾ ਸਾਲ ਕਦੋਂ ਆਇਆ, ਮੈਂ ਅੱਜ ਹੀ ਥੋਨੂੰ ਸਬਕ ਸਿਖਾ ਕੇ ਜਾਵਾਂਗੀ, ਮੈਂ ਇਸ ਘਰ ਵਿਚ ਕਿਸੇ ਵੀ ਕੀਮਤ ਤੇ ਨਹੀਂ ਰਹਿਣਾ....ਨਾ ਤੁਸਂˆ ਸਮਝਦੇ ਕੀ ਹੋ ਮੈਨੂੰ...ਸ਼ਾਮਲਾਟ.... ਬਈ ਜਿਸ ਦਾ ਜੀ ਕੀਤਾ ਉਸੇ ਨੇ ਹੀ ਕਬਜ਼ਾ ਕਰ ਲਿਆ। ਮੈਂ ਕੋਈ ਸ਼ਾਮਲਾਟ ਨਹੀਂ ਹਾਂ।" ਤੇ ਉਸਦੀ ਭੁੱਬ ਨਿੱਕਲ ਗਈ ਤੇ ਉਸਦੀਆਂ ਅੱਖਾਂ ਵਿਚ ਰੋਹ ਦੇ ਚੰਗਿਆੜੇ ਭਾਂਬੜ ਬਣ ਗਏ।

 

ਲਿਖਾਰੀ
Likhari


© likhari: Punjabi Likhari Forum-2001-2007