ਕਠਪੁਤਲੀਆਂ--ਮੇਜਰ ਮਾਂਗਟ
“ਆਪਣੇ ਮਸੀਂ ਲਹੂਰਾਂ ਨਾਲ ਪਾਲ਼ੇ
ਸੀ ਹੁਣ ਇਹ ਪਾਲਣੇ ਪੈ ਗਏ”। ਹਰਨਾਮ ਕੌਰ ਨੇ ਮਨ ਹੀ ਮਨ ਕਿਹਾ।ਦਸ ਸਾਲ ਹੋ ਗਏ ਸਨ
ਕਨੇਡਾ ਆਈ ਨੂੰ ਪਰ ਇਹ ਸਿਲਸਲਾ ਮੁੱਕਣ ਵਿੱਚ ਹੀ ਨਹੀਂ ਸੀ ਆ ਰਿਹਾ। ਉਸ ਦੇ ਗੋਡੇ
ਦਰਦ ਕਰਦੇ ਸਨ ਤੇ ਰੀੜ ਦੀ ਹੱਡੀ ਵਿੱਚੋਂ ਸੇਕ ਜਿਹਾ ਨਿੱਕਲਦਾ ਰਹਿੰਦਾ। ਉਸਦਾ ਜੀ
ਕਰਦਾ ਸੀ ਕਿ ਬੇਸਮੈਂਟ ਵਿੱਚੋਂ ਆਪਣੇ ਘਰ ਵਾਲੇ ਨਿਰੰਜਣ ਸਿੰਘ ਨੂੰ ਹਾਕ ਮਾਰ ਲਵੇ।
ਪਰ ਉਹ ਤਾਂ ਆਪ ਸਾਰੀ ਰਾਤ ਹੂੰਗਦਾ ਰਿਹਾ ਸੀ ਜਿਵੇਂ ਡਾਢਾ ਬੁਖਾਰ ਚੜਿਆ ਹੋਵੇ।ਬਾਹਰ
ਕਈ ਦਿਨਾਂ ਬਾਅਦ ਧੁੱਪ ਚੜੀ ਸੀ। ਬੈਕਯਾਰਡ ਵਿੱਚ ਖੜੇ ਬੂਟਿਆਂ ਨੂੰ ਫੁੱਲ ਜਿਹੇ
ਲੱਗੇ ਦਿਖਾਈ ਦੇ ਰਹੇ ਸਨ। ਉਸਦਾ ਜੀ ਕਰਦਾ ਸੀ ਕਿ ਬਾਹਰ ਹਰੇ ਹਰੇ ਘਾਹ ਤੇ ਗੇੜਾ
ਕੱਢੇ। ਪਰ ਕਿੱਥੇ? ਚਾਰ ਬੱਚਿਆਂ ਨੇ ਉਸ ਦੀ ਭੂਤਨੀ ਭੁਲਾ ਛੱਡੀ ਸੀ।ਇੱਕ ਉਸਦੀ ਕਮੀਜ਼
ਖਿੱਚਦਾ ਤੇ ਦੂਜਾ ਲੱਤਾਂ ਨੂੰ ਚੁੰਬੜ ਜਾਂਦਾ ਕਿ ‘ਪਹਿਲਾਂ ਮੈਨੂੰ ਚੁੱਕ’।ਜੇ ਉਹ
ਘੂਰਦੀ ਤਾਂ ਰੋਣ ਲੱਗ ਜਾਂਦੇ। ਜੇ ਰਤਾ ਵੀ ਧਿਆਨ ਕਿਸੇ ਹੋਰ ਪਾਸੇ ਕਰਦੀ ਤਾਂ ਛੋਟਾ
ਪੌੜੀਆਂ ਜਾ ਚੜਦਾ। ਕੀਰਤੀ ਕਦੇ ਸਟੀਰੀੳੇ ਨੂੰ ਛੇੜਦੀ ਅਤੇ ਕਦੇ ਕੁਰਸੀ ਕੋਲ ਕਰਕੇ
ਕਿਚਨ ਦੇ ਕਾਊਂਟਰ ਤੇ ਜਾ ਚੜਦੀ। ਉਸ ਨੂੰ ਹਟਾਉਂਦੀ ਤਾਂ ਦੂਸਰਾ ਟੀ ਵੀ ਨੂੰ ਜਾ
ਚੁੰਬੜਦਾ। ਲੜਦੇ ਰੋਂਦੇ ਕੁਰਲਾਉਂਦੇ ਨਿਆਣਿਆਂ ਨੂੰ ਵਰਾਂਉਦੀ ਕਈ ਵਾਰੀ ਹਰਨਾਮ ਕੌਰ
ਆਪ ਰੋਣਹਾਕੀ ਹੋ ਜਾਂਦੀ।
ਅੱਜ ਵੀ ਉਸਦਾ ਰੋਣ ਠੱਲਿਆ
ਨਹੀਂ ਸੀ ਗਿਆ। ਬੱਚਿਆਂ ਦੀ ਭੱਜ ਦੌੜ ਤੇ ਚੀਕ ਚਿਹਾੜੇ ਨਾਲ ਨਿਰੰਜਣ ਸਿੰਘ ਵੀ ਉੱਠ
ਕੇ ਉੱਪਰ ਆ ਗਿਆ। “ਨਾਂ ਮਖਾਂ ਟਿਕਦੇ ਨੀ।ਸੌਣ ਕਿਹੜਾ ਦਿੰਦੇ ਨੇ ਘੜੀ। ਪਹਿਲਾਂ ਹੀ
ਸਾਰੀ ਰਾਤ ਨੀਂਦ ਨਹੀਂ ਆਈ”।
ਅੱਗੋਂ ਹਰਨਾਮ ਕੌਰ ਕਹਿਣ ਲੱਗੀ
“ਮੈਂ ਕਿਹੜਾ ਸੌਖੀ ਹਾਂ। ਸਾਰਾ ਦਿਨ ਬੱਚੇ ਦਿਮਾਗ ਚੱਟ ਜਾਂਦੇ ਨੇ।ਸੋਚਦੀ ਰਹਿੰਦੀ
ਹਾਂ ਕਦੋਂ ਰਾਤ ਆਵੇ। ਪਰ ਰਾਤ ਕਿਹੜਾ ਸੌਖੀ ਲੰਘਦੀ ਏ।ਦੋ ਬੱਚੇ ਪੈਂਦ ਸਰਾਹਣੇ ਪਏ
ਹੁੰਦੇ ਨੇ ਨੀਂਦ ਕਿਹੜਾ ਆਂਉਦੀ ਏ। ਸਗੋਂ ਪਾਸਾ ਵੀ ਨਹੀਂ ਲੈ ਹੁੰਦਾ। ਸਿੱਧੀ ਸਧੋਰ
ਪਈ ਦਾ ਸ਼ਰੀਰ ਆਕੜ ਜਾਂਦਾ ਏ। ਪਾਲੇ ਦੇ ਬਾਪੂ ਪਤਾ ਨਹੀਂ ਕਿਹੜੀ ਕੈਦ ਭੁਗਤ ਰਹੇ
ਹਾਂ। ਟੁੱਕਰ ਮਿਲਣਾ ਤਾਂ ਇੱਕ ਪਾਸੇ ਰਿਹਾ ਮੈਂ ਤਾਂ ਅਜੇ ਸਵੇਰ ਦੀ ਚਾਹ ਵੀ ਨਹੀਂ
ਝੁਲ਼ਸੀ। ਚਾਹ ਤਾਂ ਮੈਂ ਤਾਂ ਪੀਵਾਂ ਜੇ ਜੁਆਕ ਮੈਨੂੰ ਪੀਣ ਦੇਣ”।
ਨਿਰੰਜਣ ਸਿੰਘ ਨੇ ਉਸਦੀ ਗੱਲ
ਦਾ ਕੋਈ ਜਵਾਬ ਨਾ ਦਿੱਤਾ। ਬੱਸ ਏਨਾ ਹੀ ਆਖਿਆ’ “ਲਿਆ ਮੈਂ ਦੋ ਕੱਪ ਚਾਹ ਬਣਾ ਦਿੰਦਾ
ਹਾਂ। ਜੁਆਕ ਮੈਂ ਸੰਭਾਲ ਲਊ ਤੂੰ ਚਾਹ ਪੀ ਲਵੀਂ”।
ਹਰਨਾਮ ਕੌਰ ਤੋਂ ਅੱਥਰੂ ਨਾ
ਡੱਕੇ ਗਏ। ਉਸ ਨੂੰ ਆਪਣਾ ਆਪ ਬੜਾ ਦੋਸ਼ੀ ਜਿਹਾ ਜਾਪਿਆ। ਉਹ ਮਨ ਹੀ ਮਨ ਸੋਚਣ ਲੱਗੀ
‘ਕੀ ਇਹ ਉਹ ਹੀ ਸਰਪੰਚ ਨਿਰੰਜਣ ਸਿੰਘ ਹੈ, ਸਾਰਾ ਪਿੰਡ ਜਿਸਦੀ ਸੁਲਾਹ ਲੈਣ ਲਈ ਅੱਗੇ
ਪਿੱਛੇ ਘੁੰਮਿਆ ਕਰਦਾ ਸੀ। ਠਾਣੇਦਾਰ ,ਪਟਵਾਰੀ ਅਤੇ ਤਸੀਲਦਾਰ ਤੱਕ ਏਹਦੇ ਤੋਂ ਕੰਨ
ਭੰਨਦੇ ਸਨ। ਤੇ ਅੱਜ ਇਸ ਦੀ ਇਹ ਹਾਲਤ’। ਚਾਹ ਬਣਾਉਣੀ ਤਾਂ ਇੱਕ ਪਾਸੇ ਰਹੀ, ਇਸ ਨੇ
ਤਾਂ ਕਦੀ ਪਾਣੀ ਦਾ ਗਲਾਸ ਤੱਕ ਭਰਕੇ ਨਹੀਂ ਸੀ ਪੀਤਾ। ਮੈਂ ਸਾਰੀ ਉਮਰ ਏਹਦੇ ਸਾਹਮਣੇ
ਜਾਨ ਤੋੜ ਕੇ ਕੰਮ ਕਰਦੀ ਰਹੀ। ਕਦੀ ਉੱਚਾ ਸਾਹ ਵੀ ਨਹੀਂ ਸੀ ਕੱਢਿਆ। ਪਰ ਹੁਣ ਜਾਂਦੀ
ਉਮਰੇ ਇਹ ਦੀ ਸ਼ਾਨ ਦੇ ਮੁਨਾਰੇ ਹੁਣ ਕਿਉਂ ਢਹਿ ਢੇਰੀ ਹੋ ਗਏ? ਕਦੀ ਇਹ ਸਿੰਕ ਵਿਚ ਪਏ
ਜੂਠੇ ਭਾਂਡੇ ਧੋਣ ਜਾ ਲੱਗਦਾ ਏ ਤੇ ਕਦੀ ਰੋਟੀਆਂ ਤੱਤੀਆਂ ਕਰਦਾ ਏ, ਜਾਂ ਚਾਹ
ਬਣਾਉਂਦਾ ਏ। ਇਹ ਉਮਰ ਤਾਂ ਇਹਦੀ ਹੁਕਮ ਚਲਾਉਣ ਤੇ ਅਰਾਮ ਕਰਨ ਦੀ ਸੀ। ਪਰ ਹੁਣ ਤਾਂ
ਦੋ ਵਕਤ ਰੱਬ ਦਾ ਨਾਂ ਲੈਣੋਂ ਵੀ ਗਿਆ। ਉਥੋਂ ਆਂਉਦਾ ਹੋਇਆ ਆਪਣੇ ਵਾਸਤੇ ਤੇ ਮੇਰੇ
ਵਾਸਤੇ ਕਿੰਨੀ ਸੋਹਣੀ ਮਾਲ਼ਾ ਤੇ ਬਾਣੀ ਦੇ ਗੁਟਕੇ ਲੈ ਕੇ ਆਇਆ ਸੀ ਕਿ ਹੁਣ ਕਨੇਡਾ
ਪਹੁੰਚ ਕੇ ਅਰਾਮ ਨਾਲ ਮਾਲ਼ਾ ਫੇਰਾਂਗੇ’।
ਸੋਚਾਂ ਵਿੱਚ ਡੁੱਬੀ ਹਰਨਾਮ
ਕੌਰ ਨੂੰ ਵੇਖ ਕੇ ਨਿਰੰਜਣ ਸਿਉਂ ਫੇਰ ਬੋਲਿਆ, “ਨਾਮੀਏਂ ਕੀ ਸੋਚੀਂ ਪੈ ਗਈ ਏਂ? ਹੁਣ
ਪਿੱਛੇ ਬਾਰੇ ਸੋਚਿਆਂ ਕੀ ਬਣਨਾ ਏਂ,ਏਥੇ ਹਰ ਕਿਸੇ ਨੂੰ ਆਪੋ ਧਾਪ ਪਈ ਹੋਈ ਆ। ਆਪਾਂ
ਨੂੰ ਪੁੱਛਣ ਲਈ ਕਿਸੇ ਪਾਸ ਸਮਾਂ ਹੀ ਨਹੀਂ। ਦੱਸ ਚਾਹ ਧਰ ਦਿਆਂ”?
ਹਰਨਾਮ ਕੌਰ ਅੱਖਾਂ ਪੂੰਝਦੀ ਬੋਲੀ, “ ਧਰ ਲੈ ਪਾਲੇ ਦੇ ਬਾਪੂ। ਬੱਸ ਤੇਰੇ ਹੱਥੋਂ ਹੀ
ਸੇਵਾ ਕਰਾਉਣੀ ਬਾਕੀ ਸੀ”। ਉਹ ਬੱਚਿਆਂ ਵਾਂਗੂੰ ਫੁੱਟ ਫੁੱਟ ਕੇ ਰੋ ਪਈ।
“ਕਮਲੀ ਨਾਂ ਬਣ ਨਾਮੀਏ। ਉਹ ਵੀ
ਤਾਂ ਵਿਚਾਰੇ ਮਜ਼ਬੂਰੀ ਵਸ ਨੇ। ਪਾਲਾ ਤੇ ਉਹਦੇ ਘਰੋਂ ਲੜਕੀ ਵੀ ਤਾਂ ਸਾਰਾ ਦਿਨ ਕੰਮ
ਤੇ ਮਰਦੇ ਨੇ। ਬਿੱਕਰ ਟਰੱਕ ਤੇ ਜਾਂਦਾ ਏ। ਉਹਦੇ ਘਰੋਂ ਲੜਕੀ ਆਪ ਸ਼ਾਮ ਤੱਕ ਟੁੱਟ ਕੇ
ਮਸਾਂ ਆਕੇ ਕੰਮ ਤੋਂ ਡਿੱਗਦੀ ਏ। ਉਹ ਤਾਂ ਪਾਲੇ ਦੇ ਬਾਪੂ ਠੀਕ ਹੈ ਪਰ ਜੇ ਆਪ
ਸੰਭਾਲਣ ਜੋਗੇ ਹੋਈਏ ਤਾਂ ਸੰਭਾਲੀਏ ਨਾਂ। ਗੋਡਿਆਂ ਤੋਂ ਉੱਠਿਆ ਨਹੀਂ ਜਾਂਦਾ। ਜੋੜਾਂ
ਵਿੱਦ ਦਰਦ ਹੁੰਦਾ ਰਹਿੰਦਾ ਏ।ਪਤਾ ਨਹੀਂ ਗਠੀਆ ਹੋ ਗਿਆ। ਹੁਣ ਤਾਂ ਆਪਣਾ ਆਪ
ਸੰਭਾਲਣਾ ਵੀ ਔਖਾ ਲੱਗਦਾ ਏ ਫੇਰ ਇਹ ਜੁਆਕ ਸੰਭਾਲਣੇ ਕਿਤੇ ਸੌਖੇ ਨੇ? ਨਾਲੇ ਇਹ
ਕਿਤੇ ਟਿਕਣ ਵਾਲੇ ਨੇ।ਔਹ ਵੇਖ ਕਿਵੇਂ ਫਿੱਡਾ ਜਿਹਾ ਪੌੜੀਆਂ ਵਲ ਨੂੰ ਭੱਜਾ ਜਾਂਦਾ
ਏ। ਸਵੇਰ ਦੀ ਵੀਹ ਵਾਰੀ ਰੋਕ ਹਟੀ ਹਾਂ,ਸੁਣਦਾ ਹੀ ਨਹੀਂ”। ਕਹਿ ਕੇ ਹਰਨਾਮ ਕੌਰ ਫੇਰ
ਉਸਦੇ ਪਿੱਛੇ ਦੌੜੀ।
ਨਿਰੰਜਣ ਸਿੰਘ ਚਾਹ ਦਾ ਕੱਪ
ਹਰਨਾਮ ਕੌਰ ਵਲ ਵਧਾਉਂਦਾ ਹੋਇਆ ਬੋਲਿਆ, “ਲੈ ਤੂੰ ਚਾਹ ਪੀ ਜੇ ਕੁੱਝ ਖਾਣਾ ਹੈ ਤਾਂ
ਵੀ ਦੱਸ? ਲਿਆ ਉਨਾ ਚਿਰ ਜੁਆਕਾਂ ਨੂੰ ਮੈਂ ਸਾਂਭਦਾ ਹਾਂ”। ਤੇ ਫੇਰ ਉਹ ਬੱਚਿਆਂ ਨੂੰ
ਆਪ ਖਿਡਾਉਣ ਲੱਗ ਪਿਆ। ਸੋਨੀ, ਰਾਜੂ, ਰਾਣੀ ਤੇ ਕੀਰਤੀ ਹੁਣ ਉਸ ਦੇ ਦੁਆਲੇ ਹੋ ਗਏ।
ਕੋਈ ਉਸ ਦੀ ਪੱਗ ਖਿੱਚਦਾ ਤੇ ਕੋਈ ਕੁੜਤਾ। ਕੋਈ ਕਹਿੰਦਾ ਕੋਕ ਦੇਹ ਤੇ ਕੋਈ ਕਹਿੰਦਾ
ਕੁੱਕੀ ਲੈਣੀ ਹੈ। ਪਰ ਉਹ ਉਨ੍ਹਾਂ ਨੂੰ ਹੋਰ ਹੀ ਖੇਡਾਂ ਪਾਉਣ ਦੇ ਯਤਨ ਕਰਦਾ ਰਿਹਾ।
ਖਿਡਾਵਾ ਬਣਿਆ ਘਰ ਵਾਲਾ, ਹਰਨਾਮ ਕੌਰ ਨੂੰ ਬੜਾ ਹੀ ਅਜੀਬ ਲੱਗ ਰਿਹਾ ਸੀ। ਉਹ
ਗੋਡਿਆਂ ਭਾਰ ਬੈਠਾ ਛੁਣਛਣਿਆਂ ਨਾਲ ਚਿੱਟੀ ਦਾੜੀ ਵੀ ਹਿਲਾਉਂਦਾ। ਕਦੀ ਪੁੱਠਾ ਕਦੀ
ਸਿੱਧਾ ਹੋ ਉਨ੍ਹਾਂ ਦਾ ਮਨੋਰੰਜਨ ਕਰਦਾ। ਇਸ ਵਕਤ ਉਹ ਸਰਪੰਚ ਨਿਰੰਜਣ ਸਿੰਘ ਬਿਲਕੁੱਲ
ਨਹੀਂ ਸੀ ਜਾਪ ਰਿਹਾ। ਉਹ ਇੱਲਤਾਂ ਕਰਦੇ ਰਾਜੂ ਨੂੰ ਕੱਛਾਂ ਹੇਠ ਹੱਥ ਪਾਕੇ ਸੋਫੇ ਵਲ
ਨੂੰ ਘਸੀਟੀਂ ਲਈ ਜਾ ਰਿਹਾ ਇਉਂ ਲੱਗਦਾ ਸੀ, ਜਿਵੇਂ ਕੋਈ ਤਮਾਸ਼ਾ ਜਿਹਾ ਕਰ ਰਿਹਾ
ਹੋਵੇ। ਹਰਨਾਮ ਕੌਰ ਨੂੰ ਆਪਣੇ ਬਚਪਨ ਦੇ ਦਿਨ ਯਾਦ ਆਏ ਜਦੋਂ ਉਹ ਕਠਪੁਤਲੀਆਂ ਦਾ
ਤਮਾਸ਼ਾ ਵੇਖਦੀ ਹੁੰਦੀ ਸੀ। ਕਠਪੁਤਲੀਆਂ ਵਾਲਾ ਭਾਈ ਇੱਕ ਮਰਦ ਕਠਪੁਤਲੀ ਨਚਾਇਆ ਕਰਦਾ
ਸੀ ਜਿਸਦਾ ਨਾਂ ਉਸਨੇ ਪ੍ਰਤਾਪਾ ਰੱਖਿਆ ਹੋਇਆ ਸੀ। ਉਹ ਵੀ ਜਮਾ ਪਾਲੇ ਦੇ ਬਾਪੂ
ਵਾਂਗੂੰ ਹੀ ਪੁੱਠਾ ਸਿੱਧਾ ਜਿਹਾ ਹੋਇਆ ਕਰਦਾ ਸੀ। ਜਿਸ ਬਾਰੇ ਸੋਚ ਕੇ ਹਰਨਾਮ ਕੌਰ
ਦਾ ਆਪ ਮੁਹਾਰੇ ਹੀ ਹਾਸਾ ਨਿੱਕਲ ਗਿਆ।
ਉਹ ਬੋਲੀ, “ਕਦੀ ਆਪਣੇ ਨਿਆਣਿਆ
ਨੂੰ ਤਾਂ ਇਹ ਲਾਡ ਲਡਾਏ ਨਹੀਂ ਸਨ। ਬੱਸ ਕੰਮ ਹੀ ਕੰਮ ਕਰਦੇ ਰਹੇ। ਕਦੀ ਟੁੱਕ ਕਦੀ
ਮੱਝਾਂ ਦੀ ਸਾਂਭ ਸੰਭਾਲ ਤੇ ਕਦੀ ਧਾਰਾਂ। ਉਥੋਂ ਹਟਣਾ ਤਾਂ ਹੋਰ ਅਨੇਕਾਂ ਕੰਮ। ਇੱਕ
ਵਾਰ ਛੱਡਿਆ ਛਡਾਇਆ ਫੇਰ ਸਾਰਾ ਕੁੱਝ ਦੁਬਾਰਾ ਤੋਂ ਕਰਨਾ ਪੈ ਗਿਆ। ਹਰਨਾਮ ਕੌਰ ਉਹ
ਦਿਨਾਂ ਨੂੰ ਯਾਦ ਕਰਨ ਲੱਗੀ ਬੋਲੀ, “ਉਦੋਂ ਤਾਂ ਸਰੀਰ ਵਿੱਚ ਬਥੇਰੀ ਤਾਕਤ ਸੀ,ਕਦੇ
ਨਰਮਾਂ ਚੁਗਣਾ ਕਦੇ ਛੱਲੀਆਂ ਡੁੰਗਣੀਆਂ, ਮੂੰਗੀ ਤੋੜਨੀ, ਦਿਹਾੜੀਦਾਰਾਂ ਦਾ ਕਰਨਾ।
ਆਟਾ ਪਿਸਾਉਣ ਲਈ ਪੀਹਣ ਤਿਆਰ ਕਰਨਾ। ਕੱਪੜੇ ਧੋਹਣੇ, ਸੱਨੀਆਂ ਕਰਨੀਆਂ”। ਹਰਨਾਮ ਕੌਰ
ਨੂੰ ਅਪਣਾ ਭਰਿਆ ਭਕੁੰਨਿਆ ਭਰ ਯਾਦ ਆਇਆ। ਖੁਰਲੀਆਂ ਤੇ ਪੰਜ ਸੱਤ ਸੱਜਰ ਸੂਈਆਂ
ਮੱਝਾ। ਪੱਠੇ ਚਰਦੇ ਬਲਦਾਂ ਦੀ ਮੱਚ ਮੱਚ, ਇੰਜਣ ਦੀ ਠੱਕ ਠੱਕ ਤੇ ਗੁਰਦੁਵਾਰੇ ਵੱਜਦਾ
ਲਾਊਡ ਸਪੀਕਰ। ਸਾਰਾ ਦਿਨ ਵੀਹੀ ਵਿੱਚ ਵੱਜਦੇ ਸਮਾਨ ਵੇਚਣ ਵਾਲਿਆਂ ਦੇ ਹੋਕਰੇ। ਕਦੀ
ਸਬਜ਼ੀ ਵਾਲਾ ਆ ਜਾਂਦਾ ਤੇ ਕਦੀ ਕੱਪੜਿਆਂ ਵਾਲਾ। ਜ਼ਿੰਦਗੀ ਵਿੱਚ ਜਿਵੇਂ ਰੂਹ ਜਿਹੀ
ਧੜਕਦੀ ਸੀ।
“ਪਤਾ ਨਹੀਂ ਕਿੱਥੇ ਚਲੀ ਗਈ ਉਹ
ਰੌਣਕ। ਮੈਨੂੰ ਤਾਂ ਜਾਣੀ ਮੱਝਾਂ ਹੀ ਨਹੀਂ ਭੁਲਦੀਆ। ਏਥੇ ਆਕੇ ਕਿੰਨੀ ਦੇਰ ਸੁਪਨੇ
ਆਂਉਦੇ ਰਹੇ ਜਿਵੇਂ ਪਾਣੀ ਦੀਆਂ ਪਿਆਸੀਆਂ ਅੜਿੰਗ ਰਹੀਆਂ ਹੋਣ। ਮੱਥੇ ਫੁੱਲੀ ਤਾਂ
ਮੇਰੇ ਅਜਿਹੀ ਹੱਥ ਪਈ ਸੀ ਕਿ ਹੋਰ ਕਿਸੇ ਨੂੰ ਧਾਰ ਹੀ ਨਹੀਂ ਸੀ ਦਿੰਦੀ। ਸਾਡੇ ਲਈ
ਤਾਂ ਉਹ ਹੀ ਸੋਨੇ ਦੀ ਲੰਕਾ ਸੀ ਪਾਲੇ ਦੇ ਬਾਪੂ।ਪਰ ਹੁਣ ਫਸ ਗਏ ਇਸ ਉਜਾੜ ਬੀਆਬਾਨ
ਵਿੱਚ।ਕਾਹਦੀ ਕਨੇਡਾ ਏ”। ਉਸਦਾ ਹੌਕਾ ਨਿੱਕਲ ਗਿਆ।
ਫੋਨ ਦੀ ਘੰਟੀ ਦਹਾੜੀ ਜਿਸ ਨੂੰ
ਸੁਣਦਿਆਂ ਹੀ ਹਰਨਾਮ ਕੌਰ ਦੇ ਜਿਸਮ ਵਿੱਚ ਡਰ ਦਾ ਕਰੰਟ ਦੌੜਿਆ। ਉਸਨੇ ਫੋਨ ਚੁੱਕਿਆ
ਤਾਂ ਅੱਗੋਂ ਪਾਲੇ ਦੇ ਘਰ ਵਾਲੀ ਬੋਲੀ, “ਬੱਚਿਆਂ ਨੇ ਕੁੱਝ ਖਾਅ ਪੀ ਲਿਆ ਕਿ ਨਹੀਂ।
ਆਂਡੇ ਉਬਾਲ ਕੇ ਦੇਣੇ ਸਨ ਜਾਂ ਸੀਰੀਅਲ ਤੇ ਸੈਂਡਵਿੱਚ ਦੇ ਦੇਣਾ ਸੀ। ਕੀਰਤੀ ਦੀ ਖੰਘ
ਦੀ ਦਵਾਈ ਫਰਿੱਜ ਵਿੱਚ ਪਈ ਹੈ। ਇਨ੍ਹਾਂ ਦਾ ਧਿਆਨ ਰੱਖਣਾ ਬਗੈਰਾ ਬਗੈਰਾ। ਉਹ ਅੱਗੋਂ
‘ਚੰਗਾ ਕੋਈ ਨਾ ਕੋਈ ਨਾ’ ਕਰਦੀ ਰਹੀ। ਉਦਾਂ ਅੰਦਰੋਂ ਦੁਖੀ ਸੀ ਕਿ ‘ਏਨ੍ਹਾਂ ਦੇ ਖਾਣ
ਪੀਣ ਦਾ ਸਾਨੂੰ ਨਹੀਂ ਫਿਕਰ, ਅਸੀਂ ਵੀ ਤਾਂ ਕੁੱਝ ਲੱਗਦੇ ਹਾਂ ਏਹਨਾਂ ਦੇ। ਅਸੀਂ
ਸਵੇਰ ਦੇ ਭੁੱਖਣ ਭਾਣੇ ਹਾਂ ਤੇ ਇੱਕ ਬੱਚਿਆਂ ਨੇ ਬੱਸ ਕਰਾਈ ਪਈ ਆ ਸਾਨੂੰ ਤਾਂ ਕਿਸੇ
ਨੇ ਕਦੀ ਪੁੱਛਿਆ ਨਹੀਂ ਕਿ ਤੁਸੀਂ ਕੁੱਝ ਖਾ ਲਿਆ ਜਾਂ ਕਿਸੇ ਗੱਲੋਂ ਔਖੇ ਤਾਂ ਨਹੀਂ।
ਸਾਡੇ ਲਈ ਤਾਂ ਕਿਸੇ ਕੋਲ ਸਮਾਂ ਹੀ ਨਹੀਂ। ਜਿਵੇਂ ਅਸੀਂ ਘਰ ਵਿੱਚ ਵਾਧੂ ਸਮਾਨ
ਹੋਈਏ’। ਫੋਨ ਸੁਣ ਕੇ ਉਹ ਹੋਰ ਵੀ ਉਦਾਸ ਹੋ ਗਈ।
ਨਿਰੰਜਣ ਸਿੰਘ ਨੇ ਅਜੇ ਉਸ
ਅੱਗੇ ਚਾਹ ਧਰੀ ਹੀ ਸੀ ਕਿ ਫੇਰ ਫੋਨ ਆ ਗਿਆ। ਹੁਣ ਛੋਟੀ ਬਹੂ ਸੁੱਖੀ ਦਾ ਸੀ ਕਿ
‘ਸ਼ਾਮ ਨੂੰ ਰਾਜੂ ਤੇ ਰਾਣੀ ਦੀ ਡਾਕਟਰ ਦੀ ਅਪੁਆਇੰਟਮੈਂਟ ਹੈ ਇਨ੍ਹਾਂ ਨੂੰ ਚਾਰ
ਵੱਜਦੇ ਨੂੰ ਨੁਹਾ ਕੇ ਤਿਆਰ ਕਰ ਦਿਉ। ਏਨ੍ਹਾਂ ਦੇ ਟੀਕੇ ਲੱਗਣੇ ਹਨ ਰਾਣੀ ਦਾ ਡਾਇਪਰ
ਜਰੂਰ ਬਦਲ ਦਿਉ।ਦਿਨੇ ਏਨਾਂ ਨੂੰ ਸੌਣ ਨਾਂ ਦਿਉ ਨਹੀਂ ਤਾਂ ਟੀਕੇ ਦੇ ਦਰਦ ਕਰਕੇ ਜੇ
ਨਾਂ ਸੁੱਤੇ ਤਾਂ ਸਾਰੀ ਰਾਤ ਤੰਗ ਕਰਨਗੇ’। ਹਰਨਾਮ ਕੌਰ ਫੇਰ ‘ਅੱਛਾ ਕੋਈ ਨਾ ਕੋਈ
ਨਾਂ’ ਉਨ੍ਹੀ ਦੇਰ ਕਰਦੀ ਰਹੀ ਜਿੰਨੀ ਦੇਰ ਸੁੱਖੀ ਨੇ ਓ: ਕੇ: ਬਾਏ ਕਹਿ ਕੇ ਫੋਨ ਨ
ਰੱਖ ਦਿੱਤਾ। ਹੁਣ ਤਾਂ ਉਹ ਰੋਅ ਹੀ ਪਈ ਤੇ ਨਿਰੰਜਣ ਸਿੰਘ ਨੂੰ ਆਖਣ ਲੱਗੀ, “ਇਉਂ
ਕਰਦੀਆਂ ਨੇ ਜਿਵੇਂ ਮੈਂ ਕੋਈ ਨੌਕਰਾਣੀ ਹੋਵਾਂ।ਸਾਰਿਆਂ ਨੇ ਹੀ ਸਮੇਂ ਸਿਰ ਜਾਗਣਾ ਤੇ
ਸੌਣਾ ਹੁੰਦਾ ਹੈ।ਇੱਕ ਸਾਡੇ ਕੋਲ ਹੀ ਸੁੱਖ ਅਰਾਮ ਲਈ ਸਮਾਂ ਨਹੀਂ।ਹੁਣ ਤਾਂ ਗੁਰੂ ਘਰ
ਵੀ ਨਹੀਂ ਜਾਇਆ ਜਾਂਦਾ।ਉਦੋਂ ਵੀ ਸਾਰਿਆ ਨੇ ਲੇਟ ਜਾਗਣਾ ਹੁੰਦਾ ਹੈ,ਟੀ ਵੀ ਵੇਖਣਾ
ਹੁੰਦਾ ਹੈ ਤੇ ਸਟੋਰਾਂ ਨੂੰ ਜਾਣਾ ਹੁੰਦਾ ਹੈ।ਜਿਵੇਂ ਏਨ੍ਹਾਂ ਨੂੰ ਕੋਈ ਲੁਕਵੀਂ ਤਾਰ
ਨਾਲ ਨਚਾ ਕੇ ਤਮਾਸ਼ਾ ਵੇਖ ਰਿਹਾ ਹੋਵੇ ਤੇ ਅੱਗੋਂ ਇਹ ਸਾਨੂੰ ਨਚਾਈ ਜਾਂਦੇ ਨੇ”।ਉਸ
ਨੂੰ ਸੋਚੀਂ ਡੁੱਬੀ ਵੇਖ ਕੇ ਨਿਰੰਜਣ ਸਿੰਘ ਬਲਿਆ, “ਇੱਕ ਮੋੇਹ ਦੀ ਤੰਦ ਹੈ ਜੋ
ਖਹਿੜਾ ਨਹੀਂ ਛੱਡਦੀ ਨਹੀਂ ਹੁਣ ਨੂੰ ਤਾਂ ਛੱਡਕੇ ਕਦੋਂ ਦੇ ਇੰਡੀਆ ਤੁਰ ਜਾਂਦੇ”।
ਬੱਚੇ ਦੌੜ ਰਹੇ ਸਨ,ਇੱਲਤਾਂ ਕਰ
ਰਹੇ ਸਨ।ਹਰਨਾਮ ਕੌਰ ਸੋਚਾਂ ਵਿੱਚ ਡੁੱਬੀ ਆਪਣੇ ਅਤੀਤ ਨੂੰ ਚੇਤੇ ਕਰਦੀ,ਚਾਹ ਦੀਆਂ
ਚੁਸਕੀਆਂ ਲੈਂਦੀ ਰਹੀ।ਏਹੋ ਦਸ਼ਾ ਨਿਰੰਜਣ ਸਿੰਘ ਦੀ ਵੀ ਸੀ,ਜੋ ਚਾਹ ਦੀਆਂ ਘੁੱਟਾਂ
ਭਰਦਾ ਕਦੀ ਪੈਰ ਦੇ ਅੰਗੂੰਠੇ ਨਾਲ ਕਾਰਪਿਟ ਨੂੰ ਕੁਰੇਦਦਾ ਤੇ ਕਦੀ ਵਾਰ ਵਾਰ ਆਪਣੀ
ਪਗੜੀ ਨੂੰ ਠੀਕ ਕਰਦਾ ਜੋ ਉਸਦੇ ਮਨ ਵਿਚਲੀ ਬੇਚੈਨੀ ਨੂੰ ਜ਼ਾਹਰ ਕਰ ਰਹੀ ਸੀ। ਫੇਰ ਉਹ
ਹਰਨਾਮ ਕੌਰ ਨੂੰ ਕਹਿਣ ਲੱਗਿਆ, “ਨਾਮੀਏ ਇਹ ਜਾਣ ਵੀ ਕਿੱਥੇ ਵਿਚਾਰੇ?ਇੰਡੀਆ ਵਿੱਚ
ਖੁੱਲੇ ਥਾਂ ਹੁੰਦੇ ਸੀ,ਡੰਗਰ ਪਸ਼ੂ ਹੁੰਦੇ ਸੀ, ਕੁੱਤੇ ਬਿੱਲੀ ਚਿੜੀ ਜਨੌਰ ਸੌ ਕੁੱਝ
ਸੀ,ਪਰ ਏਥੇ ਤਾਂ ਕੁੱਝ ਵੀ ਨਹੀਂ। ਖੁੱਲੇ ਵਿਹੜਿਆਂ ਦੀ ਥਾਂ ਘਰਾਂ ਵਿੱਚ ਬੰਦ ਹੋ ਗਏ
ਨੇ। ਉਸੈ ਜਗਾ ਹੀ ਖਾਣਾ ਪੀਣਾ ਤੇ ਨੱਚਣਾ ਕੁੱਦਣਾ ਹੈ। ਇਨ੍ਹਾਂ ਦਾ ਮਨ ਪਰਚਾਵਾ ਜੇ
ਨਹੀ ਹੋਊ ਤਾਂ ਚੀਜਾਂ ਤੋੜਨਗੇ।ਇਨ੍ਹਾਂ ਦਾ ਮਨ ਹੋਰ ਪਾਸੇ ਲਾਈ ਰੱਖਣ ਲਈ ਇਨ੍ਹਾਂ
ਨੂੰ ਖਿਡਾਉਣਾ ਵੀ ਜਰੂਰੀ ਹੈ”।
“ਉਹ ਤਾਂ ਠੀਕ ਹੈ ਪਾਲੇ ਦੇ
ਬਾਪੂ ਪਰ ਹੁਣ ਤਾਂ ਇਉਂ ਲੱਗਦਾ ਹੈ ਜਿਵੇਂ ਇਨ੍ਹਾਂ ਨੂੰ ਖਿਡਾਉਂਦੇ ਖਿਡਾਉਂਦੇ ਆਪ
ਵੀ ਚਾਬੀ ਵਾਲੇ ਖਿਡਾਉਣੇ ਬਣ ਗਏ ਹੋਈਏ”।ਹਰਨਾਮ ਕੌਰ ਨੇ ਅਜੇ ਗੱਲ ਪੂਰੀ ਹੀ ਕੀਤੀ
ਸੀ ਕਿ ਜਦ ਨੂੰ ਕੀਰਤੀ ਨੇ ਰੀਮੋਟ ਵਾਲੀ ਕਾਰ ਛੱਡੀ ਜੋ ਸਿੱਧੀ ਹਰਨਾਮ ਕੌਰ ਦੇ
ਪੈਰਾਂ ਵਿੱਚ ਆ ਵੱਜੀ।ਉੱਧਰ ਸੋਨੀ ਦੁੱਧ ਪਾ ਕੇ ਸੀਰੀਅਲ ਮੰਗ ਰਿਹਾ ਸੀ।ਰਾਜੂ ਰਾਣੀ
ਦੇ ਵਾਲ ਪੁੱਟ ਰਿਹਾ ਸੀ।ਘਰ ਵਿੱਚ ਜਿਵੇਂ ਕੋਈ ਮਹਾਂਭਾਰਤ ਦਾ ਜੰਗ ਹੋ ਰਿਹਾ ਹੋਵੇ।
ਹਰਨਾਮ ਕੌਰ ਹਫੀ ਹੋਈ ਬੋਲੀ, “
ਇਹ ਕਾਹਦਾ ਕਨੇਡਾ ਹੈ। ਆਪ ਤਾਂ ਉਹ ਕੰਮ ਤੇ ਚਲੇ ਜਾਂਦੇ ਨੇ ਪਿੱਛੋਂ ਬੱਚੇ ਸੰਭਾਲਣੇ
ਕਿਹੜਾ ਸੌਖੇ ਨੇ। ਅਜੇ ਅਸੀ ਵਿਹਲੇ ਹਾਂ ਤੇ ਘਰੇ ਬੈਠੇ ਪਰਛਾਦੇ ਛਕਦੇ ਹਾਂ। ਮੈਂ
ਕਹਿੰਨੀ ਆਂ ਬੱਚੇ ਸੰਭਾਲਣ ਤੋਂ ਤਾਂ ਸਾਰੇ ਕੰਮ ਸੌਖੇ ਹੋਣਗੇ। ਸੋਚਿਆ ਸੀ ਕਿ
ਨੂੰਹਾਂ ਆ ਜਾਣਗੀਆਂ ਤਾਂ ਆਰਾਮ ਮਿਲੇਗਾ।ਪਰ ਕਿਸਮਤ ਵਿੱਚ ਆਰਾਮ ਕਿੱਥੇ।ਹੁਣ ਤਾਂ
ਹੱਡ ਗੋਡੇ ਵੀ ਸਾਥ ਨਹੀਂ ਦਿੰਦੇ। ਇੱਕ ਜੈ ਖਾਣਾ ਆ ਸੂਗਰ ਤੇ ਬਲੈੱਡ ਪਤਾ ਨ੍ਹੀਂ
ਕਿੱਧਰੋ ਚਿੰਬੜ ਗਿਆ। ਇੰਡੀਆ ‘ਚ ਘੋੜੇ ਵਰਗੀ ਪਈ ਸੀ ਏਥੇ ਆਕੇ ਸੌ ਬਿਮਾਰੀਆਂ ਲੱਗ
ਗਈਆਂ।ਹਾਏ ਨੀ ਮਾਂ ਮੇਰੀਏ ਮੈਂ ਤਾਂ ਲੈ ਲਈ ਗੋਡਿਆਂ ਨੇ।ਬੱਸ ਬੱਚੇ ਸੰਭਾਲਣ ਜੋਗੇ
ਹੀ ਰਹਿ ਗਏ”।ਉਸ ਨੇ ਪੀੜ ਨਾਲ ਕਸੀਸ ਵੱਟੀ।
ਨਿਰੰਜਣ ਸਿੰਘ ਨੇ ਫੇਰ ਕਿਹਾ,
“ਪਰ ਉਹ ਵੀ ਕੀ ਕਰਨ ਨਾਮੀਏ,ਉਹ ਕਿਹੜਾ ਸੌਖੇ ਨੇ।ਘਰ ਤਾਂ ਤੋਰਾ ਮਸਾਂ ਤੁਰਦਾ ਏ।
ਕਿੰਨੇ ਤਾਂ ਖਰਚੇ ਨੇ ਏਥੇ?”
“ਉਹ ਤਾਂ ਠੀਕ ਹੈ ਪਾਲੇ ਦੇ
ਬਾਪੂ ਪਰ ਪਿਛਲੀ ਵਾਰੀ ਜਦੋਂ ਤੂੰ ਕਿਹਾ ਸੀ ਕਿ ਆਪਾਂ ਸਿਆਲੋ ਸਿਆਲ ਇੰਡੀਆ ਜਾ
ਆਵਾਂਗੇ ਤਾਂ ਸਾਰੇ ਕਿਵੇਂ ਟੱਪੇ ਸੀ,ਕਿ ਏਥੇ ਜੁਆਕ ਕੌਣ ਸੰਭਾਲੂ। ਇਹਦਾ ਮਤਲਬ ਹੁਣ
ਜੁਆਕ ਈ ਨੇ ਸਾਰਾ ਕੁੱਝ ਸਾਡੀ ਤਾਂ ਕੋਈ ਕੀਮਤ ਹੀ ਨਹੀਂ”? ਗੱਲ ਕਰਦਿਆਂ ਹਰਨਾਮੀਂ
ਦੀਆਂ ਅੱਖਾਂ ਪਰਲ ਪਰਲ ਵਹਿ ਤੁਰੀਆਂ।ਉਹ ਕਿੰਨੀ ਹੀ ਦੇਰ ਚੁੰਨੀ ਦੇ ਲੜ ਨਾਲ ਅੱਖਾਂ
ਪੂੰਝਦੀ ਰਹੀ ਤੇ ਚਾਰੇ ਜੁਆਕ ਉਦਾਸੇ ਜਿਹੇ ਮੂੰਹ ਲੈ ਕੇ ਉਹਦੇ ਉਹਦੀਆਂ ਲੱਤਾਂ ਨਾਲ
ਲੱਗ ਕੇ ਬੈਠ ਗਏ, ਜਿਵੇਂ ਕਹਿਣਾ ਚਾਹੁੰਦੇ ਹੋਣ ‘ਬੀ ਜੀ ਤੁਸੀਂ ਕਿਉਂ ਰੋਂਦੇ
ਹੋਂ?”ਬੇਵਸੀ ਦੇ ਇਸ ਮਹੌਲ ਨੇ ਨਿਰੰਜਣ ਸਿੰਘ ਦਾ ਮਨ ਹੋਰ ਵੀ ਉਦਾਸ ਕਰ ਦਿੱਤਾ।
ਉਹ ਆਪਣੇ ਪਰਿਵਾਰ ਬਾਰੇ ਸੋਚਣ
ਲੱਗਿਆ ਕਿ ਕਿਵੇਂ ਜ਼ਮੀਨ ਵਿੱਚੋਂ ਕੁੱਝ ਨਾਂ ਬਣਨ ਕਰਕੇ ਉਸ ਕਨੇਡਾ ਜਾਣ ਲਈ ਆਪਣੇ
ਸਾਲ਼ੇ ਦੇ ਮਿੰਨਤਾਂ ਤਰਲੇ ਕੀਤੇ ਸਨ। ਤੇ ਉਸਦੀ ਭੈਣ ਦੇ ਜੋਰ ਪਾਉਣ ਤੇ ਮਸਾਂ ਉਹ
ਪਾਲੇ ਨੂੰ ਰਿਸ਼ਤਾ ਕਰਵਾਉਣ ਲਈ ਰਾਜੀ ਹੋਇਆ ਸੀ। ਸੱਤ ਏਕੜ ਜ਼ਮੀਨ ਦੋ ਭਰਾਵਾਂ ਵਿੱਚ
ਵੰਡੀ ਜਾਣੀ ਸੀ, ਜੋ ਕੁੱਝ ਵੀ ਨਹੀਂ ਸੀ। ਦੋ ਕੁੜੀਆਂ ਦੇ ਮਸਾਂ ਹੀ ਵਿਆਹ ਕੀਤੇ ਸਨ
ਤੇ ਕਰਜ਼ਾ ਅਜੇ ਤੱਕ ਚੜਿਆ ਹੋਇਆ ਸੀ। ਉਧਰ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਕਾਰਨ ਡਰ
ਲੱਗਦਾ ਸੀ। ਦੋਨੋ ਮੁੰਡੇ ਕਾਲਜ ਜਾਂਦੇ ਸਨ ਨਾਂ ਜਾਣੇ ਕਦੋਂ ਕੀ ਹੋ ਜਾਵੇ? ਉਸ ਨੇ
ਮੁੰਡੇ ਬਾਹਰਲੇ ਮੁਲਕ ਕੱਢਣ ਦਾ ਫੈਸਲਾ ਕਰ ਲਿਆ ਸੀ। ਤੇ ਜੋਰ ਜੂਰ ਪਾਕੇ ਪਾਲੇ ਦਾ
ਕਨੇਡਾ ਵਿਆਹ ਕਰਵਾ ਦਿੱਤਾ। ਫੇਰ ਤਿੰਨ ਕੁ ਸਾਲਾਂ ਬਾਅਦ ਉਹ ਛੋਟੇ ਮੁੰਡੇ ਬਿੱਕਰ
ਸਮੇਤ ਆਪ ਵੀ ਕਨੇਡਾ ਆ ਗਏ। ਪਿੱਛੇ ਸਾਰਾ ਘਰ ਬਾਰ ਛੱਡ ਛਡਾ ਕੇ।
‘ਬਿਨਾਂ ਮਜ਼ਬੂਰੀ ਤੋਂ ਘਰ ਬਾਰ
ਛੱਡ ਕੇ ਬੇਗਾਨੇ ਮੁਲਕਾਂ ਨੂੰ ਕੌਣ ਤੁਰਦਾ ਹੈ’। ਨਿਰੰਜਣ ਸਿੰਘ ਸੋਚੀਂ ਡੁੱਬ ਗਿਆ
ਤੇ ਹਰਨਾਮ ਕੌਰ ਨੂੰ ਕਹਿਣ ਲੱਗਿਆ, “ਕਨੇਡਾ ਵੀ ਆਪ ਏ ਸਹੇੜਿਆ ਹੈ ਕਿਹੜਾ ਕਿਸੇ ਨੇ
ਗਲ਼ ਪਾਇਆ ਸੀ। ਹੁਣ ਤਾਂ ਔਖੇ ਸੌਖੇ ਕੱਟਣੀ ਹੀ ਪੈਣੀ ਹੈ।ਨਾਲੇ ਆਪਣਾ ਹੀ ਪਰਿਵਾਰ
ਹੈ।ਧੀਆਂ ਗਈਆਂ ਤੇ ਨੂੰਹਾਂ ਆ ਗਈਆਂ। ਇਹ ਪੋਤੇ ਪੋਤਰੀਆਂ ਵੀ ਸਾਡੇ ਹੀ ਨੇ ਫੇਰ ਦੋਸ਼
ਕੀਹਨੂੰ ਦੇਣਾ ਹੈ?”
“ਗੱਲ ਤਾਂ ਸਾਰੀ ਠੀਕ ਹੈ,ਪਰ
ਮਨੀ ਰਾਮ ਉਦਾਸ ਹੋ ਜਾਂਦਾ ਹੈ। ਜਾਣੀ ਦਿਲ ਨੂੰ ਡੋਬੂ ਜਿਹੇ ਪੈਣ ਲੱਡ ਜਾਂਦੇ ਨੇ”।
ਹਰਨਾਮ ਕੌਰ ਨੇ ਕਿਹਾ।
“ਚੱਲ ਉਦਾਸ ਨਾ ਹੋ ਚਾਹ ਤੇਰੀ ਠੰਢੀ ਹੋਈ ਜਾਂਦੀ ਹੈ। ਤੇ ਮੈਂ ਘੜੀ ਬੇਸਮੈਂਟ ਵਿੱਚ
ਜਾ ਕੇ ਆਰਾਮ ਕਰਦਾ ਹਾਂ”।
ਨਿਰੰਜਣ ਸਿੰਘ ਬੇਸਮੈਂਟ ਵਿੱਚ
ਆ ਕੇ ਪੈ ਗਿਆ ਪਰ ਅਜੇ ਵੀ ਉਸਦਾ ਮਨ ਟਿਕਾਣੇ ਨਹੀਂ ਸੀ। ਕਦੀ ਪਿੰਡ ਵਾਲੀ ਪੈਲ਼ੀ
ਯਾਦ ਆਂਉਦੀ ਕਦੀ ਘਰ। ਫੇਰ ਆਪ ਹੀ ਭੰਨਾਂ ਘੜਤਾਂ ਵਿੱਚ ਪਿਆ ਉਹ ਸੋਚਣ ਲੱਗਿਆ,
“ਮਨਾਂ ਪਾਲਾ ਤੇ ਬਿੱਕਰ ਕਿਹੜਾਂ ਸੌਖੇ ਨੇ ਉਨ੍ਹਾਂ ਦੀਆਂ ਘਰ ਵਾਲੀਆਂ ਵੀ ਮਸਾਂ ਆ
ਕੇ ਕੰਮ ਤੋਂ ਡਿੱਗਦੀਆਂ ਨੇ। ਤੜਕੇ ਹੀ ਫੇਰ ਅਲਾਰਮ ਦੀ ਚੀਕ ਜਿਹੀ ਸਾਰਿਆਂ ਦੀਆਂ
ਭਾਜੜਾਂ ਪੁਆ ਦਿੰਦੀ ਹੈ।ਚਾਹ ਬਣਾ ਰੋਟੀ ਬੰਨ,ਜੁਆਕਾਂ ਨੂੰ ਦੇਖ ਕਈ ਵਾਰ ਤਾਂ ਆਪਣੀ
ਚਾਹ ਵੀ ਉਨ੍ਹਾਂ ਨੂੰ ਕਾਰ ਵਿੱਚ ਹੀ ਜਾ ਕੇ ਪੀਣੀ ਪੈਂਦੀ ਹੈ। ਸ਼ਾਮ ਨੂੰ ਆਕੇ ਫੇਰ
ਓਹੋ ਭੱਜ ਦੌੜ। ਇੱਕ ਤਾਂ ਕੰਮ ਵਾਲੇ ਨਿੰਬੂ ਵਾਂਗੂੰ ਨਿਚੋੜ ਦਿੰਦੇ ਨੇ ਤੇ ਉੱਤੋਂ
ਇਹ ਜਿੰਮੇਵਾਰੀਆਂ। ਅਸੀਂ ਤਾਂ ਬਹੁਤ ਸੌਖੇ ਹਾਂ, ਨਹੀ ਤਾਂ ਸੂਬੇਦਾਰ ਬੱਗਾ ਸਿੰਘ
ਦੱਸਦਾ ਸੀ ਕਿ ‘ਤਾਇਆ ਦਸੌਂਧਾ ਸਿਉਂ ਤੇ ਤਾਈ ਬਚਨੀ ਫਾਰਮਾਂ ਵਿੱਚ ਕਿਵੇਂ ਹੱਡ ਗੋਡੇ
ਰਗੜ ਕੇ ਗੁਜਾਰਾ ਤੋਰਦੇ ਨੇ’। ਉਸਦਾ ਮਨ ਫੇਰ ਬੇਚੈਨ ਹੋ ਗਿਆ ਤੇ ਉਹ ਫੇਰ ਉੱਪਰ ਨੂੰ
ਉੱਠ ਤੁਰਿਆ।
“ਨਾਂ ਫੇਰ ਆ ਗਏ? ਹੁਣ ਘੜੀ
ਆਰਾਮ ਕਰ ਲੈਂਦੇ? ਹਰਨਾਮੀ ਨੇ ਪੁੱਛਿਆ।
“ਬੱਸ ਆਰਾਮ ਕਾਹਦਾ ਕਰਨਾ ਏ।
ਪਾਲਾ ਤੇ ਬਿੱਕਰ ਕਿਵੇਂ ਚਾਵਾਂ ਨਾਲ ਪੜ੍ਹਾਏ ਸੀ ਕਦੀ ਖਾਧੀ ਸੀ ਏਨਾਂ ਨੇ ਬੇਹੀ
ਰੋਟੀ? ਤੇ ਹੁਣ ਬਿੱਕਰ ਕਿਵੇਂ ਦਸ ਦਸ ਦਿਨ ਦੀਆਂ ਇਕੱਠੀਆਂ ਰੋਟੀਆਂ ਲੈ ਕੇ ਟਰੱਕ ਤੇ
ਚਲਾ ਜਾਂਦਾ ਹੈ। ਵਿਚਾਰਾ ਬੇਹੀਆਂ ਹੀ ਖਾਂਦਾ ਹੋਵੇਗਾ। ਉਥੇ ਲੋਕ ਕਹਿੰਦੇ ਸਨ ਕਿ
ਜੱਟ ਦੀ ਜੂਨ ਬੁਰੀ ਹੈ ਜੋ ਸੱਪਾਂ ਦੀਆਂ ਸਿਰੀਆਂ ਮਿੱਧਦਾ ਫਿਰਦਾ ਹੈ। ਮੈਂ ਕਹਿੰਦਾ
ਹਾਂ ਏਥੇ ਟਰੱਕਾਂ ਵਾਲਿਆਂ ਦੀ ਜੂਨ ਉਸ ਤੋਂ ਵੀ ਭੈੜੀ ਹੈ। ਅਸੀਂ ਘੱਟੋ ਘੱਟ ਤਾਜੀ
ਰੋਟੀ ਤਾਂ ਖਾਂਦੇ ਸੀ ਤੇ ਸ਼ਾਮ ਨੂੰ ਘਰ ਆ ਜਾਈਦਾ ਸੀ। ਇਹ ਪੰਦਰਾ ਪੰਦਰਾਂ ਦਿਨ
ਜੁਆਕਾਂ ਦਾ ਮੂੰਹ ਨਹੀ ਵੇਖਦੇ। ਬਰਫਾਂ ਲੱਦੇ ਮੌਸਮ ਵਿੱਚ ਵੀ ਮੌਤ ਦੇ ਘੋੜੇ ਤੇ
ਸਵਾਰ ਹੋਏ ਤੁਰੇ ਫਿਰਦੇ ਨੇ। ਮਜਾਲ ਹੈ ਕਿਤੇ ਘਰ ਬਹਿ ਕੇ ਅਰਾਮ ਨਾਲ ਟੀ ਵੀ ਵੇਖਿਆ
ਹੋਵੇ”।ਨਿਜੰਣ ਸਿੰਘ ਨੇ ਫਿਕਰ ਜ਼ਾਹਰ ਕੀਤਾ।
ਉਸ ਨੂੰ ਫੈਕਟਰੀਆਂ ਵਿੱਚ ਖੂਨ
ਸਾੜਦੇ ਲੱਖਾਂ ਲੋਕਾਂ ਦਾ ਖਿਆਲ ਆਇਆ ਜੋ ਸਵੇਰੇ ਜਾ ਕੇ ਫੈਕਟਰੀਆਂ ਵਿੱਚ ਬੰਦ ਹੋ
ਜਾਂਦੇ। ਬਾਹਰ ਭਾਵੇਂ ਮੀਂਹ ਜਾਵੇ ਜਾਂ ਹਨੇਰੀ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਤੇ
ਰਾਤ ਪਈ ਤੋਂ ਨਿੱਕਲਦੇ। ਕਈਆਂ ਨੇ ਤਾਂ ਔਵਰ ਟਾਈਮ ਦੇ ਲਾਲਚ ਵਿੱਚ ਕਈ ਕਈ ਮਹੀਨੇ
ਸੂਰਜ ਦੇ ਦਰਸ਼ਣ ਹੀ ਨਹੀਂ ਕੀਤੇ ਹੋਣੇ। ਫਾਰਮਾਂ ਵਿੱਚ ਬੁੱਢੇ ਠੇਰਿਆਂ ਦਾ ਵੀ ਮੰਦਾ
ਹਾਲ ਸੀ। ਹਰ ਪਾਸੇ ਇੱਕ ਹਫੜਾ ਦਫੜੀ ਤੇ ਭੱਜ ਨੱਸ ਪਈ ਹੋਈ ਸੀ। ਪਤਾ ਨਹੀਂ ਸਾਰੇ
ਕਿਸਦੇ ਇਸ਼ਾਰਿਆ ਤੇ ਨੱਚ ਰਹੇ ਸਨ। ਜਿਵੇਂ ਤਮਾਸ਼ੇ ਵਾਲਾ ਭਾਈ ਕਠਪੁਤਲੀਆਂ ਨਚਾਇਆ
ਕਰਦਾ ਸੀ।
ਉਸ ਨੇ ਰੇਡੀੳੇ ਲਾਇਆ ਤਾਂ
ਖਬਰਾਂ ਵਿੱਚ ਦੱਸ ਰਹੇ ਸਨ ਕਿ ਅਮਰੀਕਾ ਵਿੱਚ ਹੋਏ ਨਸਲੀ ਹਮਲਿਆ ਦਾ ਸ਼ਿਕਾਰ ਕੁੱਝ
ਸਿੱਖ ਵੀ ਹੋਏ ਹਨ ਜਿਨਾਂ ਦਾ ਪਹਿਰਾਵਾ ਅੱਤਵਾਦੀ ਗੁੱਟਾਂ ਨਾਲ ਮਿਲਦਾ ਜੁਲਦਾ ਸੀ।
ਗਿਆਰਾਂ ਸਤੰਬਰ ਨੂੰ ਹੋਏ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਮਹੌਲ ਬਹੁਤ ਖਰਾਬ ਹੋ ਗਿਆ
ਸੀ। ਨਸਲਵਾਦੀ ਉਸਾਮਾ ਬਿਨ ਲਾਦਿਨ ਦੀ ਪੱਗ ਵਾਲੀ ਫੋਟੋ ਵੇਖ ਕੇ ਹਰ ਪਗੜੀ ਵਾਲੇ ਨੂੰ
ਕੁੱਟ ਧਰਦੇ। ਤੇ ਕਈਆਂ ਦੀਆਂ ਜਾਨਾ ਵੀ ਚਲੀਆਂ ਗਈਆਂ। ਉਸਦੇ ਆਪਣੇ ਪੁੱਤਰ ਵੀ ਤਾਂ
ਪੱਗਾਂ ਬੰਨਦੇ ਸਨ। ਉਹ ਬਹੁਤ ਡਰ ਗਿਆ। ਉਸ ਨੂੰ 1984 ਵਿੱਚ ਹੋਏ ਦਿੱਲੀ ਦੰਗਿਆ ਦੀ
ਤੇ ਫੇਰ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਦੀ ਯਾਦ ਆਈ। ਉਸ ਮਹੌਲ ਵਿੱਚੋਂ ਕੱਢ ਕੇ
ਮਸਾਂ ਉਹ ਆਪਣੇ ਪੁੱਤਰਾਂ ਨੂੰ ਏਥੇ ਲੈ ਕੇ ਆਇਆ ਸੀ। ਉਸ ਨੇ ਕਿਹਾ, “ਹਰਨਾਮੀਏ ਆਪਣੀ
ਉਲਾਦ ਨਹੀਂ ਮਿਲਦੀ ਇਹ ਬੱਚੇ ਵੀ ਆਪਣੇ ਹੀ ਨੇ ਆਪਣੀ ਅਗਲੀ ਪੀੜੀ”।
ਹਰਨਾਮੀ ਨੇ ਵੇਖਿਆ ਕਿ ਉਸਦਾ
ਘਰ ਵਾਲਾ ਫੇਰ ਬੱਚਿਆਂ ਸਾਹਮਣੇ ਗੋਡਿਆਂ ਪਰਨੇ ਹੋ ਕੇ ਉਨ੍ਹਾਂ ਨੂੰ ਖਿਡਾ ਰਿਹਾ ਸੀ।
ਕਦੀ ਉਹ ਕੁੱਝ ਕਰਦਾ ਤੇ ਕਦੀ ਕੁੱਝ। ਪਤਾ ਨਹੀਂ ਉਸਦਾ ਦਰਦ ਕਿੱਥੇ ਚਲਾ ਗਿਆ ਸੀ।
ਹਰਨਾਮੀ ਨੂੰ ਫੇਰ ਉਹ ‘ਕਠਪੁਤਲੀਆਂ’ ਵਾਲੇ ਪ੍ਰਤਾਪੇ ਵਰਗਾ ਲੱਗਿਆ, ਪਰ ਉਹ ਮੂੰਹੋਂ
ਕੁੱਝ ਨਾਂ ਬੋਲੀ।ਬੱਚੇ ਅਜੇ ਵੀ ਖਰੂਦ ਪਾ ਰਹੇ ਸਨ।
(7 ਜੁਲਾਈ 2003)