ਅੱਜ ਸਟੈਨਲੇਅ ਕੱਪ ਲਈ ਸੈਮੀ
ਫਾਈਨਲ ਮੈਚ ਹੋਣਾ ਸੀ। ਮੇਪਲ ਲੀਫ ਟੋਰਾਂਟੋ ਦੀ ਟੀਮ ਬਿਆਲੀ ਸਾਲਾਂ ਬਾਅਦ ਇਸ ਮੁਕਾਮ
ਤੇ ਪਹੁੰਚੀ ਸੀ। ਸਾਰੇ ਟੋਰਾਂਟੋ ਵਿੱਚ ਜਸ਼ਨ ਸਨ। ਕਾਰਾਂ ਤੇ ਮੇਪਲ ਲੀਫ ਦੇ
ਝੰਡੇ,ਘਰਾਂ ਤੇ ਮੇਪਲ ਲੀਫ ਦੇ ਝੰਡੇ ਤੇ ਇਹ ਝੰਡੇ ਉੱਚੀਆਂ ਇਮਾਰਤਾਂ ਤੇ ਵੀ ਲਹਿਰਾ
ਰਹੇ ਸਨ। ਜਿਵੇਂ ਸਾਰਾ ਸ਼ਹਿਰ ਹੀ ਖਿਡਾਰੀਆਂ ਦੇ ਸਾਹ ਵਿੱਚ ਸਾਹ ਲੈ ਰਿਹਾ ਹੋਵੇ।
ਲੋਕਾਂ ਵਿੱਚ ਉਤਸ਼ਾਹ ਏਨਾਂ ਸੀ
ਕਿ ਸੜਕਾਂ ਕਿਨਾਰੇ ਵਿਕਣ ਵਾਲੇ ਝੰਡੇ ਲੱਭਿਆਂ ਨਹੀਂ ਸੀ ਲੱਭ ਰਹੇ। ਜਿਉਂ ਹੀ
ਸਕਾਈਡੋਮ ਤੋਂ ਮੈਚ ਦਾ ਸਿੱਧਾ ਪ੍ਰਸਾਰਣ ਟੈਲੀਵੀਯਨ ਤੇ ਆਰੰਭ ਹੋਣ ਲੱਗਿਆ, ਸੜਕਾਂ
ਇੱਕ ਦਮ ਸੁੰਨੀਆਂ ਹੋ ਗਈਆਂ। ਸਪੋਰਟਸ ਬਾਰਾਂ ਵਿੱਚ ਦਰਸ਼ਕਾਂ ਦੀ ਇਕੱਠੀ ਹੋਈ ਭੀੜ
ਪੱਬਾਂ ਭਾਰ ਹੋ ਕੇ ਮੈਚ ਦੇਖਣ ਲਈ ਅਤੇ ਆਪਣੀ ਟੀਮ ਦੇ ਜਿੱਤਣ ਦੀਆਂ ਅਰਦਾਸਾਂ ਵੀ
ਕਰਨ ਉਮੜ ਪਈ ਸੀ। ਉਧਰ ਰੁਬੀਨਾਂ ਦੇ ਚਿੱਤ ਵਿੱਚ ਵੀ ਆਪਣੇ ਨੰਨੇ ਜਿਹੇ ਬੇਟੇ ਦੀ
ਯਾਦ ਉਭਰੀ ਜੋ ਕਦੇ ਏਸੇ ਤਰ੍ਹਾਂ ਉਸ ਨਾਲ ਬੈਠ ਕੇ ਮੈਚ ਦੇਖਦਾ ਹੁੰਦਾ ਸੀ। ਅੱਜ ਉਹ
ਖੁਦ ਉਸ ਦਾ ਮੈਚ ਦੇਖਣ ਲਈ ਬੈਠੀ ਸੀ ਤੇ ਜਿੱਤ ਦੀਆਂ ਅਰਦਾਸਾਂ ਕਰਨ ਦੇ ਨਾਲ ਨਾਲ
ਸੋਚ ਪਿੱਛੇ ਵੀ ਸੋਚ ਰਹੀ ਸੀ।
ਸਮਾਂ ਭਾਵੇਂ ਮੁਸ਼ਕਲਾਂ ਭਰਿਆ
ਵੀ ਕਿਉਂ ਨਾਂ ਹੋਵੇ ਗੁਜਰ ਹੀ ਜਾਂਦਾ ਹੈ। ਉਨ੍ਹਾਂ ਦਾ ਵੀ ਗੁਜ਼ਰ ਗਿਆ ਸੀ। ਬੜਾ
ਕੁੱਝ ਬਦਲ ਗਿਆ ਸੀ। ਪਰ ਜੇ ਨਹੀਂ ਬਦਲਿਆ ਤਾਂ ਉਹ ਸੀ ਉਹੋ ਘਰ ਤੇ ਉਹੋ ਸੋਫਾ।
ਗੈਰਾਜ਼ ਵਿੱਚ ਕਾਰਾਂ ਦੀ ਮਕੈਨਕੀ ਨਾਲ ਸਬੰਧਤ ਚੀਜ਼ਾਂ ਦੀ ਥਾਂ ਆਈਸ ਹਾਕੀ ਨਾਲ ਸਬੰਧਤ
ਸਮਾਨ ਤੇ ਹਾਕੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਘਰ ਦੀਆਂ ਦੀਵਾਰਾਂ ਤੇ
ਸੋਹਣੀਆਂ ਸੋਹਣੀਆਂ ਕਾਰਾਂ ਦੀ ਬਜਾਏ ਹਾਕੀ ਖਿਡਾਰੀਆਂ ਦੇ ਪੋਸਟਰ ਲੱਗ ਗਏ ਸਨ। ਇਹ
ਸਾਰੀ ਰੁਬੀਨਾ ਦੇ ਬੇਟੇ ਟੌਮ ਦੇ ਸ਼ੌਂਕ ਦੀ ਗੱਲ ਸੀ,ਜੋ ਕਦੇ ਨੰਨੇ ਨੰਨੇ ਕਦਮ ਰੱਖਦਾ
ਆਈਸ ਤੇ ਚੜ੍ਹਿਆ ਸੀ ਤੇ ਅੱਜ ਅੱਜ ਦੁਨੀਆਂ ਦੀ ਪ੍ਰਸਿੱਧ ਟੀਮ ਮੇਪਲ ਲੀਫ ਤੱਕ ਜਾ
ਪਹੁੰਚਿਆ ਸੀ। ਜੇ ਉਸਦੀ ਖੇਡ ਦਾ ਪਰਦਰਸ਼ਨ ਅੱਜ ਦੇ ਮੈਚ ਵਿੱਚ ਵੀ ਚੰਗਾ ਰਿਹਾ ਤਾਂ
ਅਗਲੇ ਸਾਲ ਉਸਨੇ ਏਸੇ ਟੀਮ ਨਾਲ ਬਾਰਾਂ ਮਿਲੀਅਨ ਡਾਲਰ ਤੇ ਸਾਈਨ ਕਰਨਾ ਸੀ।
ਏਅਰ ਕਨੇਡਾ ਸੈਂਟਰ ਵਿੱਚ ਬਫਲੋ
ਸੇਵਰ ਦੀ ਟੀਮ ਨਾਲ ਮੈਚ ਸ਼ੁਰੂ ਹੋਣ ਲੱਗਿਆ ਸੀ। ਟੌਮ ਦੇ ਗੋਲਾਂ ਨੂੰ ਉਸ ਦੇ ਚਹੇਤੇ
ਗੋਲ਼ ਕੀਪਰ ਡੌਮੇਨਿਕ ਹਾਸ਼ਿਕ ਨੇ ਰੋਕਣਾ ਸੀ। ਵਿਸ਼ਵ ਪ੍ਰਸਿੱਧ ਖਿਡਾਰੀ ਵੇਅਨ ਗ੍ਰੈਸਕੀ
ਖੁਦ ਮੈਚ ਵੇਖਣ ਲਈ ਪਹੁੰਚਿਆ ਹੋਇਆ ਸੀ। ਇਹ ਸਾਰਾ ਕੁੱਝ ਰੁਬੀਨਾ ਨੂੰ ਸੁਪਨਾ ਜਿਹਾ
ਜਾਪ ਰਿਹਾ ਸੀ ਜਿਵੇਂ ਉਹ ਸਿਤਾਰਿਆਂ ਦੀ ਦੁਨੀਆ ਵਿੱਚ ਉੱਡ ਰਹੀ ਹੋਵੇ।
ਫੇਰ ਇੱਕ ਏਸ ਤਰ੍ਹਾਂ ਦਾ ਵੀ
ਖਿਆਲ ਆਇਆ ਜਿਸ ਨੇ ਉਸ ਨੂੰ ਅਰਸ਼ ਤੋਂ ਧਰਤ ਤੇ ਲਿਆ ਸੁੱਟਿਆ। ਐਨ ਉਸ ਦੇ ਸਾਹਮਣੇ ਪਏ
ਅਖਬਾਰ ਦੀ ਸੁਰਖੀ ਵਿੱਚ ਲਿਖਿਆ ਸੀ ਕਿ ਟੌਮ ਦਾ ਪਿਤਾ ਲੰਬਾਰਡੋ ਉਸ ਦਾ ਮੈਚ ਵੇਖਣ
ਏਅਰ ਕਨੇਡਾ ਸੈਂਟਰ ਜਰੂਰ ਪਹੁੰਚੇਗਾ। ਇਹ ਵਾਕ ਉਸ ਨੂੰ ਛਲਣੀ ਕਰ ਗਿਆ ਸੀ। ਉਹ ਸੋਚਣ
ਲੱਗੀ ਕਿ ਇਹ ਤਾਂ ਹੱਦ ਦਰਜੇ ਦੀ ਕਮੀਨਗੀ ਹੈ...। ਉਦੋਂ ਇਸੇ ਬੰਦੇ ਨੇ ਉਸ ਚੁੜੇਲ
ਡੈਬੀ ਪਿੱਛੇ ਲੱਗ ਕੇ ਆਪਣੇ ਪੁੱਤਰ ਨੂੰ ਤਿਆਗ ਦਿੱਤਾ ਸੀ। ਤੇ ਉਹ ਵਿਚਾਰਾ ਮੇਰੀ
ਹਿੱਕ ਨਾਲ ਲੱਗ ਕੇ ਰੋਜ ਡੁਸਕਦਾ ਸੀ ਕਿ ‘ਮੰਮੀ ਡੈਡੀ ਘਰ ਕਿਉਂ ਨਹੀਂ ਆਂਉਦੇ‘। ਉਹ
ਸਵਾਲ ਪੁੱਛਦਾ ਰਹਿੰਦਾ ਕਿ ‘ਡੈਡੀ ਸਾਨੂੰ ਲਾਈਕ ਕਿਉਂ ਨਹੀਂ ਕਰਦੇ?‘ ਕੀ ਨੁਕਸ ਹੈ
ਸਾਡੇ ਵਿੱਚ ੳਹ ਕਿਸੇ ਹੋਰ ਦੇ ਘਰ ਕਿਉਂ ਰਹਿੰਦੇ ਨੇ? ਰੁਬੀਨਾਂ ਕੀ ਜਵਾਬ ਦਿੰਦੀ
ਟੌਮ ਦੇ ਇਨ੍ਹਾਂ ਸਵਾਲਾ ਦਾ। ਪੁੱਤਰ ਦਾ ਮਨ ਹੋਰ ਪਾਸੇ ਪਾਉਣ ਨੂੰ ਹੀ ਤਾਂ ਉਸ ਨੇ
ਉਸ ਨੂੰ ਆਈਸ ਹਾਕੀ ਵਿੱਚ ਲਾਇਆ ਸੀ। ਮੁੜਕੇ ਇਹ ਉਸਦੀ ਦਿਲਚਸਪੀ ਤੇ ਸਖਤ ਮਿਹਨਤ ਹੀ
ਸੀ ਕਿ ਏਸ ਪੱਧਰ ਤੇ ਆ ਪਹੁੰਚਿਆ ਸੀ। ਹੁਣ ਜਦੋ ਉਹ ਆਪਣੀ ਮੰਜ਼ਿਲ ਦੇ ਐਨਾ ਕਰੀਬ ਸੀ
ਤਾਂ ਇਹ ਬਿਪਤਾ ਆ ਪਈ। ਪਿਉ ਨੂੰ ਪੁੱਤਰ ਦਾ ਮੋਹ ਜਾਗ ਪਿਆ ਤੇ ਅਖਬਾਰਾਂ ਨੂੰ
ਚਟਕਾਰੇ ਲਾ ਲਾ ਕੇ ਗੱਲਾਂ ਕਰਨ ਲਈ ਮਸਾਲਾ ਮਿਲ ਗਿਆ।
ਰੁਬੀਨਾ ਨੂੰ ਉਹ ਦਿਨ ਵੀ ਯਾਦ
ਆਇਆ ਜਦੋਂ ਉਹ ਟੌਮ ਨੂੰ ਲੈ ਕੇ ਪਹਿਲੀ ਵਾਰੀ ਮਿਸੀਸਾਗਾ ਸ਼ਹਿਰ ਦੇ ਇੱਕ ਛੋਟੇ ਜਿਹੇ
ਆਈਸ ਰਿੰਕ ਤੇ ਗਈ ਸੀ। ਏਧਰੋਂ ਉਧਰੋਂ ਪਤਾ ਕਰਕੇ ਉਸਨੇ ਟੌਮ ਨੂੰ ਛੇ ਸਾਲਾ ਬੱਚਿਆਂ
ਦੀ ਟੀਮ ਵਿੱਚ ਪੁਆ ਦਿੱਤਾ ਸੀ । ਉਹ ਆਪ ਭਾਵੇਂ ਟੈਲੀਵੀਯਨ ਤੇ ਹਾਕੀ ਤਾਂ ਦੇਖਦੀ
ਰਹਿੰਦੀ ਪਰ ਕੋਚ ਦੇ ਦੱਸਣ ਤੇ ਉਸ ਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਇਸ ਗੇਮ ਨੂੰ
ਖੇਡਣ ਲਈ ਕਿੰਨੇ ਸਮਾਨ ਦੀ ਜਰੂਰਤ ਹੁੰਦੀ ਹੈ। ਜੋ ਉਸ ਨੇ ਸਾਰਾ ਕੁੱਝ ਟੌਮ ਨੂੰ
ਲਿਸਟ ਤੋਂ ਪੜ੍ਹਕੇ ਖਰੀਦ ਦਿੱਤਾ। ਹੌਲੀ ਹੌਲੀ ਉਸ ਨੂੰ ਸਮਾਨ ਯਾਦ ਹੋਣਾ ਸ਼ੁਰੂ ਹੋ
ਗਿਆ ਸੀ ਜਿਵੇ ਨੈੱਕ ਗਾਰਡ.ਸ਼ਿੱਨ ਪੈਡ,ਲੈੱਗ ਗਾਰਡ, ਮਾਊਥ ਗਾਰਡ, ਜੌਕ, ਐਲਬੋ ਪੈਡ,
ਸ਼ੋਲਡਰ ਪੈਡ, ਹੈਲਮੈੱਟ, ਸਕੇਟ ਪੱਕ ਅਤੇ ਸਟਿੱਕ। ਜਿੰਨਾ ਤੇ ਹਜ਼ਾਰ ਡਾਲਰ ਲੱਗ ਗਿਆ
ਸੀ ਜੋ ਉਸਨੇ ਔਖੀ ਹੋ ਕੇ ਆਪਣੇ ਵੀਜ਼ੇ ਤੋਂ ਦੇ ਦਿੱਤਾ ਸੀ। ਤੇ ਹੁਣ ਏਸੇ ਸਮਾਨ ਨੂੰ
ਰਟਦੀ ਰਹਿੰਦੀ।
ਉਹ ਜਾਣਦੀ ਸੀ ਕਿ ਉਸ ਦੇ ਪਿਉ
ਨੇ ਇਹ ਸਮਾਨ ਉਸ ਨੂੰ ਕਦੀ ਨਹੀਂ ਸੀ ਲੈ ਕੇ ਦੇਣਾ ਸਗੋਂ ਉਲਟਾ ਉਸ ਨੂੰ ਵੀ ਗਾਲਾ
ਕੱਢਣੀਆਂ ਸਨ ਕਿ ‘ਹਜ਼ਾਰ ਡਾਲਰ ਫੂਕ ਕੇ ਆ ਗਈ। ਇਸ ਨੂੰ ਤੂੰ ਕਿਹੜੀ ਉਲੰਪਿਕ ਵਿੱਚ
ਖਿਡਾਉਣਾ ਹੈ? ਆਖਰ ਮਕੈਨਿਕ ਦੇ ਪੁੱਤਰ ਨੇ ਮਕੈਨਿਕ ਹੀ ਬਣਨਾ ਹੈ‘। ਅੱਜ ਰੁਬੀਨਾ ਦੀ
ਮਿਹਨਤ ਰਾਸ ਆ ਗਈ ਸੀ ਤੇ ਉਹ ਬਹੁਤ ਖੁਸ਼ ਵੀ ਸੀ।
ਰੁਬੀਨਾ ਨੂੰ ਆਪਣੇ ਆਪ ਤੇ ਮਾਣ
ਵੀ ਮਹਿਸੂਸ ਹੋਇਆ। ਉਹ ਸੋਚਣ ਲੱਗੀ ਜੇ ਮੇਰੀ ਜਗਾ ਲੰਬਾਰਡੋ ਹੁੰਦਾ ਕੀ ਕਦੀ ਤੜਕੇ
ਉੱਠ ਕੇ ਟੌਮ ਨੂੰ ਪ੍ਰੈਕਟਿਸ ਲਈ ਲੈ ਜਾਂਦਾ?ਨਹੀਂ ਕਦੀ ਵੀ ਨਹੀਂ। ਉਸ ਨੂੰ ਉਹ ਦਿਨ
ਵੀ ਯਾਦ ਆਇਆ ਜਦੋਂ ਉਹ ਟੌਮ ਨੂੰ ਪਹਿਲੀ ਵਾਰੀ ਅਰੀਨੇ ਵਿੱਚ ਲੈ ਕੇ ਗਈ ਸੀ। ਉਸ ਨੂੰ
ਤਾਂ ਉਸਦੇ ਹਾਕੀ ਵਾਲੇ ਕੱਪੜੇ ਵੀ ਨਹੀਂ ਸਨ ਪਾਉਣੇ ਆਂਉਦੇ ਤੇ ਨਾਂ ਹੀ ਸਕੇਟ
ਬੰਨਣੇ। ਉਸਦੀ ਇਸ ਅਣਜਾਣਤਾ ਨੂੰ ਦੇਖਦੇ ਹੋਏ ਲੰਬਾਰਡੋ ਵਾਂਗ ਉਸਦਾ ਕਿਸੇ ਨੇ ਮਖੌਲ
ਨਹੀਂ ਸੀ ਉਡਾਇਆ ਸਗੋ ਹਰ ਗੱਲ ਵਿੱਚ ਉਸਦੀ ਮੱਦਦ ਕੀਤੀ ਸੀ। ਰੁਬੀਨਾ ਅਪਣਾ ਹਾਸਾ
ਨਾਂ ਰੋਕ ਸਕੀ, ਜਦੋਂ ਉਸ ਟੌਮ ਦੇ ਪਹਿਲੇ ਦਿਨ ਸਕੇਟ ਬੰਨਣ ਦੀ ਯਾਦ ਆਈ। ਸਧਾਰਨ
ਬੂਟਾਂ ਦੇ ਬੰਨੇ ਤਸਮਿਆਂ ਵਾਂਗੂੰ ਸਕੇਟ ਬੰਨੇ ਹੋਣ ਕਰਕੇ ਉਹ ਇੱਕ ਕਦਮ ਪੁੱਟਦਾ ਤੇ
ਡਿੱਗ ਪੈਂਦਾ। ਮੁੜਕੇ ਉਸ ਤੋਂ ਉੱਠਿਆ ਨਾਂ ਜਾਂਦਾ। ਜਦੋਂ ਕਿਸੇ ਹੋਰ ਨੇ ਉਸਦੇ ਸਕੇਟ
ਠੀਕ ਤਰੀਕੇ ਨਾਲ ਬੰਨ ਦਿੱਤੇ ਤਾਂ ਉਸ ਤੋਂ ਆਈਸ ਤੇ ਨਾਂ ਚੱਲ ਹੋਵੇ।ਉਹ ਇੱਕ ਘੰਟੇ
ਦੌਰਾਨ ਮਸਾਂ ਸ਼ੀਸ਼ੇ ਦੀ ਦੀਵਾਰ ਫੜਕੇ ਦੋ ਕਦਮ ਚੱਲਿਆ ਤਾਂ ਕਿਤੇ ਸਾਲ ਬਾਅਦ ਜਾਕੇ ਉਹ
ਚੰਗੀ ਤਰ੍ਹਾਂ ਸਕੇਟ ਕਰਨ ਲੱਗਿਆ।
ਉਹ ਲੰਬਾਰਡੋ ਦੀ ਬੇਰੁੱਖੀ
ਭੁਲਾ ਕੇ ਟੌਮ ਦੀ ਪ੍ਰੈਕਟਿਸ ਵਿੱਚ ਰੁਝਣ ਲੱਗੀ। ਆਪਣੇ ਭਰਾ ਟੌਮ ਨੂੰ ਦੇਖਕੇ ਹੁਣ
ਤਾਂ ਉਸਦੀ ਛੋਟੀ ਬੇਟੀ ਟੀਨਾ ਵੀ ਸਕੇਟ ਲੈਣ ਦੀ ਜਿੱਦ ਕਰਨ ਲੱਗ ਪਈ ਸੀ। ਪਰ
ਲੰਬਾਰਡੋ ਨੂੰ ਕੀ?ਉਸ ਦਾ ਘਰ ਆਉਣਾ ਘੱਟਦਾ ਹੀ ਚਲਾ ਗਿਆ। ਰਿਸ਼ਤਾ ਪੂਰੀ ਤਰ੍ਹਾਂ
ਟੁੱਟਿਆ ਵੀ ਨਹੀਂ ਸੀ ਬੱਸ ਢੀਂਚੂ ਢੀਂਚੂ ਕਰਦਾ ਚੱਲ ਰਿਹਾ ਸੀ। ਉਹ ਮਕੈਨਕੀ ਕਰਨ ਦੇ
ਬਹਾਨੇ ਆਪਣੇ ਗੈਰਾਜ਼ ਵਿੱਚ ਹੀ ਰਾਤਾਂ ਕੱਟਣ ਲੱਗਾ। ਜੇ ਕਦੀ ਘਰ ਆ ਵੀ ਜਾਂਦਾ ਤਾਂ
ਤੜਕੇ ਹੀ ਉੱਠ ਕੇ ਚਲਾ ਜਾਂਦਾ। ਮਹੀਨੇ ਬਾਅਦ ਉਹ ਘਰ ਦੀ ਮਾਰਗੇਜ਼ ਉਤਾਰਨ ਲਈ ਤੇ
ਬਿੱਲ ਉਤਾਰਨ ਲਈ ਪੈਸੇ ਦੇ ਜਾਂਦਾ। ਬਾਕੀ ਦਾ ਖਰਚਾ ਰੁਬੀਨਾ ਆਪ ਤੋਰ ਲੈਂਦੀ। ਔਰਤ
ਮਰਦ ਵਾਲਾ ਰਿਸ਼ਤਾ ਤਾਂ ਉਨ੍ਹਾਂ ਵਿੱਚ ਰਿਹਾ ਹੀ ਕੋਈ ਨਹੀਂ ਸੀ। ਉਸ ਨੇ ਇਕੱਲਾ ਪੈਸਾ
ਕੀ ਕਰਨਾ ਸੀ ਉਸ ਨੂੰ ਤਾਂ ਆਪਣੇ ਹਿੱਸੇ ਦਾ ਮਰਦ ਚਾਹੀਦਾ ਸੀ ਜੋ ਡੈਬੀ ਦੇ ਹਿੱਸੇ ਆ
ਗਿਆ ਸੀ।
ਫੇਰ ਕੁੱਝ ਹੋਰ ਯਾਦਾਂ ਤਾਜਾ
ਹੋ ਗਈਆਂ। ਉਹ ਦਿਨ ਵੀ ਯਾਦ ਆਏ ਜਦੋਂ ਉਹ ਏਸ ਸੰਕਟ ਵਿੱਚੋਂ ਨਿੱਕਲ ਰਹੀ ਸੀ। ਇੱਕ
ਦਿਨ ਉਸ ਨੇ ਚੀਕ ਚੀਕ ਕੇ ਕਿਹਾ ਸੀ ‘ਇਹ ਡੈਬੀ ਕੌਣ ਹੁੰਦੀ ਹੈ ਮੇਰੇ ਮਰਦ ਤੇ ਕਬਜਾ
ਕਰਨ ਵਾਲੀ ਪਰ ਉਹ ਕੀ ਕਰਦੀ ਜੇ ਮਰਦ ਹੀ ਉਸਦਾ ਕਿਸੇ ਦਾ ਹੋ ਗਿਆ ਸੀ। ਏਸੇ ਕਰਕੇ
ਤਾਂ ਡੈਬੀ ਜਦੋਂ ਵੀ ਵਕਤ ਮਿਲਦਾ ਗੈਰਾਜ਼ ਵਿੱਚ ਲੰਬਾਰਡੋ ਕੋਲ ਪਹੁੰਚ ਜਾਂਦੀ ਤੇ
ਉੱਥੇ ਬੈਠੀ ਸਿਗਰਟਾਂ ਫੂਕਦੀ ਰਹਿੰਦੀ। ਸ਼ਾਮ ਢਲਦਿਆਂ ਹੀ ਲੰਬਾਰਡੇ ਉਸ ਨੂੰ ਗੈਰਾਜ਼
ਤੇ ਬਣੇ ਉਪਰਲੇ ਕਮਰੇ ਵਿੱਚ ਲੈ ਜਾਂਦਾ। ਉਹ ਪੈੱਗ ਟਕਰਾਂਉਂਦੇ ਗੱਲਾਂ ਮਾਰਦੇ। ਫੇਰ
ਉੱਤੇ ਹੀ ਖਾਣਾ ਆ ਜਾਂਦਾ ਤੇ ਉੱਤੇ ਹੀ ਸੌਂ ਜਾਂਦੇ। ਇਹ ਸਧਾਰਨ ਕਮਰਾ ਹੁਣ ਉਨ੍ਹਾਂ
ਦਾ ਬੈੱਡ ਰੂਮ ਵੀ ਬਣ ਗਿਆ ਸੀ ਜਿਸ ਵਿੱਚ ਸੋਫਾ ਟੀ ਵੀ, ਵੀ ਸੀ ਆਰ ਸਭ ਕੁੱਝ ਆ
ਚੁੱਕਾ ਸੀ। ਪਹਿਲਾਂ ਇੱਹ ਸਬੰਧ ਲੁਕਵੇਂ ਰੂਪ ਵਿੱਚ ਸਨ ਤੇ ਫੇਰ ਸ਼ਰੇਆਮ ਹੋ ਗਏ।
ਰੁਬੀਨਾ ਨੂੰ ਗੁੱਸਾ ਚੜਿਆ
‘ਉਦੋਂ ਤਾਂ ਉਹ ਡੈਬੀ ਹੀ ਸਭ ਕੁੱਝ ਸੀ, ਉਦੋਂ ਕਿਉਂ ਨਾਂ ਬੱਚੇ ਯਾਦ ਆਏ ਜੋ ਪਿਉ ਦੇ
ਪਿਆਰ ਲਈ ਵਿਲਕਦੇ ਸੀ ਤੇ ਵਾਰ ਵਾਰ ਪੁੱਛਦੇ ਸੀ ਕਿ ਡੈਡੀ ਕਿਉਂ ਨਹੀਂ ਘਰ ਆਂਉਂਦੇ।
ਉਦੋਂ ਨਾ ਪੁੱਤ ਦੀ ਯਾਦ ਆਈ ਹੁਣ ਏਹ ਖੇਖਣ ਕਿਸ ਕੰਮ ਦੇ। ਇਹ ਇਕੱਲਤਾ ਜਿਵੇਂ ਉਸ ਨੇ
ਬੱਚਿਆਂ ਨਾਲ ਕੱਟੀ ਸੀ ਉਹ ਹੀ ਜਾਣਦੀ ਸੀ।
ਫੇਰ ਹੌਲੀ ਹੌਲੀ ਲੰਬਾਰਡੋ ਨੇ
ਘਰੇ ਖਰਚਾ ਦੇਣਾ ਬੰਦ ਕਰ ਦਿੱਤਾ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਸਨ ਕਿ ਉਸ ਨੇ
ਡੈਬੀ ਨੂੰ ਇੱਕ ਕੰਡੋਮੀਨੀਅਮ ਲੈ ਦਿੱਤਾ ਸੀ ਤੇ ਉਸ ਕੋਲ ਹੀ ਰਹਿਣ ਲੱਗ ਪਿਆ ਸੀ।
ਜਿਉ ਜਿਉਂ ਪਤੀ ਦਾ ਲੜ ਛੁੱਟਦਾ ਗਿਆ ਰੁਬੀਨਾਂ ਆਪਣੇ ਬੱਚਿਆਂ ਦੇ ਹੋਰ ਨੇੜੇ ਹੁੰਦੀ
ਚਲੀ ਗਈ। ਹੁਣ ਉਸ ਲਈ ਬੱਚੇ ਹੀ ਸਾਰਾ ਕੁੱਝ ਸਨ।ਉਨ੍ਹਾਂ ਦੀ ਪੜ੍ਹਾਈ ਦਾ ਖਿਆਲ
ਰੱਖਦੀ ਤੇ ਗੇਮਾਂ ਤੇ ਲੈ ਕੇ ਜਾਂਦੀ। ਘਰ ਦੀ ਸਾਫ ਸਫਾਈ ਵਿੱਚ ਵੀ ਉਸਦਾ ਮਨ ਨਾਂ
ਲੱਗਦਾ ਜੇ ਵਕਤ ਮਿਲਦਾ ਤਾਂ ਕੱਪੜੇ ਧੋ ਲੈਂਦੀ ਜਾਂ ਖਾਣਾ ਬਣਾ ਲੈਂਦੀ ਨਹੀਂ ਤਾਂ ਉਹ
ਬਾਹਰੋਂ ਹੀ ਖਾ ਲੈਂਦੇ।
ਫੇਰ ਇੱਕ ਦਿਨ ਉਸਦਾ ਲੰਬਾਰਡੋ
ਨਾਲੋਂ ਰਿਸ਼ਤਾ ਟੁੱਟ ਹੀ ਗਿਆ। ਉਸ ਦੇ ਵਕੀਲ ਵਲੋਂ ਭੇਜੇ ਤਲਾਕ ਦੇ ਪੇਪਰਾਂ ਤੇ ਉਸ
ਨੇ ਸਾਈਨ ਕਰ ਦਿੱਤੇ ਸਨ। ਅਦਾਲਤ ਨੇ ਉਸ ਨੂੰ ਘਰ ਦੇ ਦਿੱਤਾ ਸੀ ਤੇ ਲੰਬਾਰਡੋ ਨੂੰ
ਗੈਰਾਜ਼।ਬੱਚੇ ਨਾਂ ਹੀ ਉਸ ਨੇ ਮੰਗੇ ਸਨ ਤੇ ਨਾਂ ਹੀ ਰੁਬੀਨਾ ਨੇ ਉਸ ਨੂੰ ਦੇਣੇ
ਸਨ,ਕਿਉਂਕਿ ਬੱਚਿਆਂ ਵਿੱਚ ਤਾਂ ਉਸ ਨੂੰ ਕੋਈ ਦਿਲਚਸਪੀ ਹੈ ਹੀ ਨਹੀਂ ਸੀ। ਸੋ ਛੱਤੀ
ਸਾਲ ਦੀ ਉਮਰ ਵਿੱਚ ਹੀ ਉਸਦੀ ਜਰਕ ਜਰਕ ਕਰਦੀ ਵਿਆਹੁਤਾ ਜ਼ਿੰਦਗੀ ਦਾ ਭੋਗ ਪੈ ਗਿਆ
ਸੀ।
ਏਹੋ ਗੱਲ ਰੁਬੀਨਾ ਦੀ ਆਪਣੀ
ਮਾਂ ਨਾਲ ਵੀ ਹੋਈ ਸੀ। ਉਸਦਾ ਪਤੀ ਵੀ ਉਸ ਨੂੰ ਏਸੇ ਉਮਰ ਵਿੱਚ ਛੱਡ ਗਿਆ ਸੀ। ਇਸ
ਸਬੰਧੀ ਉਸ ਨੇ ਪਹਿਲਾਂ ਵੀ ਕਈ ਹੋਰ ਔਰਤਾਂ ਨਾਲ ਵੀ ਗੱਲ ਕੀਤੀ ਸੀ। ਇਹ ਸਮੱਸਿਆਂ
ਸਮਾਜ ਵਿੱਚ ਆਮ ਜਿਹੀ ਬਣਦੀ ਜਾ ਰਹੀ ਸੀ। ਪਤਾ ਨਹੀਂ ਕਿਉਂ ਜਦੋਂ ਔਰਤ ਉਮਰ ਦੀ ਢਲਾਣ
ਉੱਤਰਨ ਲੱਗਦੀ ਹੈ ਤੇ ਮਰਦ ਉਸਦਾ ਹੱਥ ਛੱਡ ਦਿੰਦਾ ਹੈ।
ਉਸ ਨੂੰ ਇਟਲੀ ਵਿੱਚ ਰਹਿੰਦੀ
ਆਪਣੀ ਮਾਂ ਦੀ ਯਾਦ ਆਈ। ਕਿਵੇਂ ਵਕਤ ਤੋਂ ਪਹਿਲਾਂ ਹੀ ਉਸ ਨੇ ਆਪਣੇ ਆਪ ਨੂੰ ਸਮੇਟਣਾ
ਸ਼ੁਰੂ ਕਰ ਦਿੱਤਾ ਸੀ। ਕਸਵੀਆਂ ਜੀਨਾਂ ਛੱਡ ਕੇ ਢਿੱਲੇ ਢਿੱਲੇ ਜਿਹੇ ਕੱਪੜੇ ਪਾਉਣ
ਲੱਗ ਪਈ ਸੀ। ਬਾਕੀ ਮਹੱਤਵ ਪੂਰਨ ਕੰਮਾਂ ਵਾਂਗੂੰ ਚਰਚ ਜਾਣਾ ਵੀ ਉਸ ਲਈ ਜਰੂਰੀ ਕੰਮ
ਬਣ ਗਿਆ ਸੀ। ਹੋਰ ਫੋਟੋਆਂ ਦੇ ਨਾਲ ਨਾਲ ਕਮਰਿਆਂ ਵਿੱਚ ਜੀਸਿਸ ਦੀਆਂ ਫੋਟੋਆਂ ਵੀ
ਵਧਣ ਲੱਗੀਆਂ ਸਨ। ਪਾਠ ਪੂਜਾ ਵਿੱਚ ਲੱਗੀ ਹੁਣ ਉਹ ਆਪਣੇ ਪਤੀ ਜੌਰਜ਼ ਲਈ ਬਹੁਤਾ ਸਮਾਂ
ਨਾ ਕੱਢ ਸਕਦੀ।
ਪਰ ਜੌਰਜ਼ ਤਾਂ ਆਪਣੇ ਆਪ ਨੂੰ
ਅਜੇ ਜਵਾਨ ਮਹਿਸੂਸ ਕਰਦਾ ਸੀ। ਘਰਦੇ ਬੈਕਯਾਰਡ ਵਿੱਚ ਬਣੇ ਛੋਟੇ ਜਿਹੇ ਕਮਰੇ ਵਿੱਚ
ਉਹ ਵਾਈਨ ਬਣਾਉਂਦਾ। ਉਸਦਾ ਆਪਣਾ ਸੇਬਾਂ,ਅੰਗੂਰਾਂ ਤੇ ਸੰਤਰਿਆਂ ਦਾ ਫਾਰਮ ਸੀ। ਬੱਸ
ਫਾਰਮ ਵੀ ਕਾਹਦਾ ਐਸ਼ ਪ੍ਰਸਤੀ ਦਾ ਅੱਡਾ।
ਉਨ੍ਹਾਂ ਹੀ ਦਿਨਾਂ ਵਿੱਚ ਉਹ
ਮਾਰਗਰੀਤਾ ਨਾਂ ਦੀ ਕੁੜੀ ਉਸਦੇ ਫਾਰਮ ਵਿੱਚ ਕੰਮ ਕਰਨ ਆਈ ਸੀ। ਸਿਰਫ ਸਤਾਈ ਅਠਾਈ
ਸਾਲ ਦੀ ਹੋਵੇਗੀ ਉਹ। ਉਸਦਾ ਪਿਉ ਵੀ ਉਸਦੇ ਨਾਲ ਆਉਦਾ ਸੀ। ਜੋ ਸ਼ਰਾਬ ਦਾ ਬੇਹੱਦ
ਸ਼ੁਕੀਨ ਸੀ। ਮਾਰਗਰੀਤਾ ਦੀ ਸ਼ਾਦੀ ਤਾਂ ਹੋਈ ਸੀ ਪਰ ਟੁੱਟ ਗਈ ਸੀ।
ਜੋਅ ਨੇ ਆਪਣੇ ਖੇਤਾਂ ਵਿੱਚ ਕਈ
ਟਰੇਲਰ ਹੋਮ ਰੱਖੇ ਹੋਏ ਸਨ, ਜਿਨਾਂ ਵਿੱਚ ਬਾਰਾਂ ਵੀ ਬਣੀਆਂ ਹੋਈਆਂ ਸਨ। ਬਾਰਾਂ
ਵਿੱਚ ਉਸ ਨੇ ਕਈ ਤਰ੍ਹਾਂ ਦੀ ਵਾਈਨ ਰੱਖੀ ਹੁੰਦੀ ਸੀ। ਕੰਮ ਕਰਨ ਵਾਲਿਆਂ ਨੂੰ ਏਨਾਂ
ਵਿੱਚੋਂ ਮੁਫਤ ਪੀਣ ਦੀ ਸਹੂਲਤ ਸੀ। ਉਹ ਕਾਮਿਆਂ ਨੂੰ ਘਰ ਲਿਜਾਣ ਲਈ ਹੋਮ ਮੇਡ ਵਾਈਨ
ਸਸਤੇ ਭਾਅ ਤੇ ਵੇਚਦਾ ਵੀ। ਫਾਰਮ ਵਿੱਚ ਦਾਖਲ ਹੋਣ ਸਮੇਂ ਵੀ ਇੱਕ ਅਜਿਹੀ ਹੀ ਬਾਰ
ਸੀ। ਕਈ ਕਾਮੇ ਤਾਂ ਸਵੇਰੇ ਵਾਈਨ ਗਿਲਾਸ ਚੜਾ ਕੇ ਹੀ ਅੱਗੇ ਫਾਰਮ ਵਿੱਚ ਜਾਂਦੇ।
ਜਿਨਾ ਵਿੱਚੋਂ ਮਾਰਗਰੀਤਾ ਦਾ ਪਿਉ ਵੀ ਇੱਕ ਸੀ। ਮੁਫਤ ਦੀ ਸ਼ਰਾਬ ਕਾਰਨ ਉਹ ਆਪਣੀ
ਸੁੱਧ ਬੁੱਧ ਖੋਅ ਬੈਠਦਾ। ਉਸ ਨੂੰ ਤਾਂ ਆਪਣੀ ਧੀ ਦਾ ਖਿਆਲ ਵੀ ਨਾਂ ਰਹਿੰਦਾ। ਸ਼ਰਾਬੀ
ਹੋਇਆ ਜਦੋਂ ਉਹ ਕਿਸੇ ਟਰੇਲਰ ਹੋਮ ਵਿੱਚ ਜਾ ਪੈਂਦਾ ਤੇ ਜੋਅ ਉਸ ਨੂੰ ਰੋਕਣ ਦੀ ਬਜਾਏ
ਹੋਰ ਪਿਆਉਂਦਾ ਰਹਿੰਦਾ। ਜਦੋਂ ਉਹ ਬੇਸੁਰਤ ਹੋ ਜਾਂਦਾ ਤਾਂ ਜੋਅ ਮਾਰਗਰੀਤਾ ਦੇ ਹੋਰ
ਨੇੜੇ ਹੋ ਜਾਂਦਾ। ਫੇਰ ਉਹ ਕਿਸੇ ਹੋਰ ਹੋਮ ਵਿੱਚ ਚਲੇ ਜਾਂਦੇ। ਘਰੇ ਬੈਠੀ ਰੁਬੀਨਾਂ
ਦੀ ਮਾਂ ਨੂੰ ਕੁੱਝ ਵੀ ਪਤਾ ਨਹੀਂ ਸੀ ਕਿ ਫਾਰਮ ਵਿੱਚ ਕੀ ਹੋ ਰਿਹਾ ਹੈ। ਉਸ ਨੂੰ
ਤਾਂ ਉਦੋਂ ਹੀ ਪਤਾ ਲੱਗਾ ਜਦੋਂ ਫਾਰਮ ਵਿੱਚ ਕੰਮ ਕਰਨ ਵਾਲੀ ਔਰਤ ਫਾਰਮ ਦੀ ਮਾਲਕ ਬਣ
ਬੈਠੀ ਤੇ ਉਹ ਸਿਰਫ ਜੀਸਿਸ ਦੀਆਂ ਫੋਟੋਆਂ ਸਾਫ ਕਰਨ ਜੋਗੀ ਰਹਿ ਗਈ।
ਪਰ ਰੁਬੀਨਾਂ ਨੇ ਤਾਂ ਆਪਣੀ ਮਾ
ਵਾਂਗੂੰ ਅਜੇ ਆਪਣੇ ਆਪ ਨੂੰ ਸਮੇਟਿਆ ਵੀ ਨਹੀਂ ਸੀ। ਉਹ ਖੂਬਸੂਰਤ ਸੀ ਚੰਗਾ ਪਹਿਨਦੀ
ਸੀ, ਸੋਹਣੀ ਲੱਗਦੀ ਸੀ। ਫੇਰ ਲੰਬਾਰਡੋ ਨੂੰ ਡੈਬੀ ਵਿੱਚ ਕਿਹੜੀ ਅਜਿਹੀ ਚੀਜ਼ ਨਜ਼ਰ ਪਈ
ਸੀ ਜੋ ਉਹ ਉਸ ਨੂੰ ਛੱਡ ਕੇ ਡੈਬੀ ਦੇ ਪਿੱਛੇ ਲੱਗ ਤੁਰਿਆ ਸੀ। ਏਥੋਂ ਤੱਕ ਕਿ ਬੱਚਿਆ
ਦਾ ਮੋਹ ਵੀ ਉਸ ਨੂੰ ਰੋਕ ਨਾ ਸਕਿਆ। ਉਸ ਨੇ ਤਾਂ ਇੱਕ ਵਾਰ ਵੀ ਪਿੱਛੇ ਮੁੜ ਕੇ ਨਾਂ
ਵੇਖਿਆ...। ਕਿੰਨਾਂ ਸੁਆਰਥੀ ਨਿੱਕਲਿਆ ਉਹ...। ਰੁਬੀਨਾ ਨੇ ਮੱਲੋਮੱਲੀ ਨਿੱਕਲ ਗਏ
ਅਥਰੂ ਪੂੰਝੇ।
ਯੂਨੀਵਰਸਿਟੀ ਤੋਂ ਟੀਨਾਂ ਦਾ ਫੋਨ ਆਇਆ ਕਿ ਮਾਂ ਤੂੰ ਦੇਖ ਰਹੀ ਏਂ ਨਾਂ ਟੀ ਵੀ...।
ਉਹ ਬਹੁਤ ਭਾਵੁਕ ਜਾਪ ਰਹੀ ਸੀ। ਰੁਬੀਨਾ ਨੇ ਟੀ ਵੀ ਤੇ ਨਜ਼ਰ ਗੱਡੀ। ਮੈਚ ਸ਼ੁਰੂ ਹੋਣ
ਹੀ ਵਾਲਾ ਸੀ। ਦੋ ਕੁਮੈਨਟੇਟਰ ਅੱਜ ਦੇ ਮੈਚ ਬਾਰੇ ਹੀ ਗੱਲਾਂ ਕਰ ਰਹੇ ਸਨ। ਉਨ੍ਹਾਂ
‘ਚੋਂ ਇੱਕ ਕਹਿ ਰਿਹਾ ਸੀ ਕਿ ਟੌਮ ਦਾ ਡੈਡ ਏਅਰ ਕਨੇਡਾ ਸੈਂਟਰ ਦੇ ਨਾਲ ਹੀ ਕਿਸੇ
ਹੋਟਲ ਵਿੱਚ ਠਹਿਰਿਆ ਹੋਇਆ ਹੈ, ਉਹ ਮੈਚ ਵੇਖਣ ਜਰੂਰ ਆਵੇਗਾ।‘
ਰੁਬੀਨਾ ਨੂੰ ਬੇਹੱਦ ਗੁੱਸਾ
ਆਇਆ ਉਹ ਸੋਚ ਰਹੀ ਸੀ ਕਿ ਇਹ ਮੀਡੀਏ ਵਾਲਿਆਂ ਦੇ ਤਾਂ ਬੱਸ ਕੋਈ ਗੱਲ ਹੱਥ ਆਉਣੀ
ਚਾਹੀਦੀ ਹੈ। ਮੈਂ ਟੌਮ ਨੂੰ ਏਥੇ ਤੱਕ ਪੁੰਹਚਾਣ ਲਈ ਜੋ ਕੁੱਝ ਕੀਤਾ ਮੈਨੂੰ ਤਾਂ ਕਦੀ
ਕਿਸੇ ਨੇ ਪੁੱਛਿਆ ਵੀ ਨਹੀਂ ਜੋ ਸਾਨੂੰ ਬਲੈਕ ਮੇਲ ਕਰ ਰਿਹਾ ਹੈ ਉਸ ਦੀ ਹਰ ਪਾਸੇ
ਚਰਚਾ ਹੋ ਰਹੀ ਹੈ। ਦਰਅਸਲ ਇੱਹ ਖਬਰਾਂ ਬਣਾਉਣ ਵਾਲੇ, ਛੁਪਾਉਣ ਵਾਲੇ, ਇਨ੍ਹਾਂ ਨੂੰ
ਭੜਕਾਉਣ ਵਾਲੇ ਸਾਰੇ ਹੀ ਮਗਰਮੱਛ ਹਨ। ਜਿਨ੍ਹਾਂ ਵਲੋਂ ਕੇਰੇ ਝੂਠੇ ਅਥਰੂ ਸਿਰਫ ਪੈਸਾ
ਕਮਾਉਣ ਲਈ ਹੁੰਦੇ ਹਨ। ਉਨ੍ਹਾਂ ਦਾ ਇਹ ਲਾਲਚ ਕਿਸੇ ਦਾ ਵੀ ਜੀਵਨ ਅਤੇ ਮਾਨਸਿਕ ਸਕੂਨ
ਡਕਾਰ ਸਕਦਾ ਹੈ।
ਉਸ ਨੂੰ ਇੱਕ ਦਿਨ ਪਹਿਲਾਂ
ਵਾਲੀ ਉਹ ਘਟਨਾ ਵੀ ਯਾਦ ਆਈ, ਜਦੋਂ ਇੱਕ ਅਖਬਾਰ ਦਾ ਪੱਤਰਕਾਰ ਬਗੈਰ ਕਿਸੇ
ਅਪੁੰਇੰਟਮੈਂਟ ਦੇ ਬੈੱਲ ਵਜਾ ਕੇ ਉਸਦੇ ਘਰ ਆ ਵੜਿਆ ਸੀ। ਉਸ ਨੇ ਕਿਹਾ ਤਾਂ ਇਹ ਸੀ
ਕਿ ਮੈਂ ਟੌਮ ਬਾਰੇ ਗੱਲ ਕਰਨ ਆਇਆ ਹਾਂ ਪਰ ਉਸਨੇ ਬੇਹੂਦਾ ਕਿਸਮ ਦੇ ਸਵਾਲਾਂ ਦੀ ਝੜੀ
ਲਾ ਦਿੱਤੀ ਸੀ। ‘ਕਿ ਟੌਮ ਦਾ ਪਿਉ ਘਰ ਛੱਡ ਕੇ ਕਿਉਂ ਚਲਾ ਗਿਆ?ਕੀ ਮੇਰਾ ਕੋਈ ਹੋਰ
ਕੋਈ ਹੋਰ ਚੱਕਰ ਸੀ? ਜਾਂ ਮੈਂ ਠੰਢੀ ਔਰਤ ਸੀ?‘ ਰੁਬੀਨਾ ਦੇ ਨਾਂਹ ਵਿੱਚ ਜਵਾਬ ਦੇਣ
ਤੇ ਉਹ ਪੁੱਛਣ ਲੱਗਿਆ ‘ਤਾਂ ਕੀ ਉਹ ਲੈਜ਼ਬੀਅਨ ਹੈ?‘ ਅਜਿਹੇ ਬੇਹੂਦਾ ਸੁਆਲ ਸੁਣ ਕੇ
ਉਸ ਦਾ ਸਿਰ ਚਕਰਾਉਣ ਲੱਗਾ। ਉਸ ਨੇ ਰਿਪੋਰਟਰ ਨੂੰ ਕਿਹਾ ਕਿ ਤੁਰੰਤ ਮੇਰੇ ਘਰ ਤੋਂ
ਬਾਹਰ ਹੋ ਜਾ। ਰਿਪੋਰਟਰ ਬਾਹਰ ਤਾਂ ਚਲਾ ਗਿਆ ਪਰ ਦੂਸਰੇ ਦਿਨ ਅਖਬਾਰ ਦੀ ਸੁਰਖੀ ਸੀ,
‘ਕਿ ਹਾਕੀ ਪਲੇਅਰ ਟੌਮ ਦੀ ਮਾਂ ਵਲੋਂ ਪੱਤਰਕਾਰ ਨਾਲ ਬਦਤਮੀਜੀ ਕੀਤੀ ਗਈ। ਇਸ ਖਬਰ
ਵਿੱਚ ਉਸ ਨੂੰ ਘਟੀਆ ਤੇ ਘਮੁੰਡੀ ਔਰਤ ਵਜੋਂ ਬਿਆਨਿਆ ਗਿਆ ਸੀ ਤੇ ਲਿਖਿਆ ਗਿਆ ਸੀ ਕਿ
ਟੌਮ ਦੇ ਪਿਤਾ ਦੇ ਘਰ ਛੱਡਣ ਦੀ ਇੱਕ ਇਹ ਵੀ ਵਜ਼ਾ ਹੋ ਸਕਦੀ ਹੈ‘।
ਖਬਰ ਪੜ੍ਹਦਿਆਂ ਰੁਬੀਨਾਂ ਦੇ
ਲਹੂ ਦੀ ਗਤੀ ਤੇਜ ਹੋ ਗਈ ਸੀ ਤੇ ਜੀ ਕਰਦਾ ਸੀ ਕਿ ਉਸ ਪੱਤਰਕਾਰ ਦਾ ਜਾ ਕੇ ਸਿਰ ਪਾੜ
ਦੇਵੇ। ਪਰ ਉਹ ਆਪਣੇ ਪੁੱਤ ਦੀ ਖੁਸ਼ੀ ਵੇਲੇ ਕੋਈ ਇਸ ਤਰ੍ਹਾਂ ਦਾ ਕੋਈ ਵੀ ਪੰਗਾ ਖੜਾ
ਕਰਨਾ ਨਹੀਂ ਚਾਹੁੰਦੀ ਸੀ। ਬੱਸ ਉਸ ਨੇ ਤਾਂ ਜੀਸਿਸ ਨੂੰ ਯਾਦ ਕੀਤਾ ਤੇ ਅਜਿਹੀਆ
ਬੁਰੀਆਂ ਬੁਲਾਵਾਂ ਤੋਂ ਬਚਾ ਕੇ ਰੱਖਣ ਦੀ ਦੁਆ ਕੀਤੀ।
ਕੁਮੈਨਟੇਟਰ ਫਿਰ ਆਪਸ ਵਿੱਚ
ਗੱਲਬਾਤ ਕਰ ਰਹੇ ਸਨ ਕਿ ਜੇ ਟੌਮ ਦਾ ਪਿਤਾ ਅੰਦਰ ਆ ਗਿਆ ਤਾਂ ਉਸਦਾ ਟੌਮ ਦੀ ਗੇਮ ਤੇ
ਕੀ ਅਸਰ ਪਵੇਗਾ। ਖਚਾਖਚ ਭਰੇ ਏਅਰ ਕਨੇਡਾ ਸੈਂਟਰ ਵਿੱਚ ਬੈਠੇ ਦਰਸ਼ਕ ਵੀ ਸ਼ਾਇਦ ਏਹੋ
ਸੋਚ ਰਹੇ ਸਨ,‘ਕਿ ਕੀ ਉਹ ਚੰਗੀ ਤਰ੍ਹਾਂ ਖੇਡ ਵੀ ਸਕੇਗਾ ਜਾਂ ਨਹੀਂ?‘ ਇਹ ਟੌਮ ਦਾ
ਬਹੁਤ ਹੀ ਮਹੱਤਵ ਪੂਰਨ ਮੈਚ ਸੀ। ਜਿਸ ਨੇ ਉਸਦੀ ਕਿਸਮਤ ਦੇ ਦਰਵਾਜ਼ੇ ਖੋਹਲਣੇ ਸਨ।ਅਗਰ
ਉਹ ਕਾਮਯਾਬ ਰਹਿੰਦਾ ਸੀ ਤਾਂ ਉਸ ਨੇ ਮਿਲੀਅਨ ਡਾਲਰਾਂ ਦੇ ਕੰਨਟਰੈਕਟ ਸਾਈਨ ਕਰਨੇ
ਸਨ। ਇਸੇ ਲਾਲਚ ਕਾਰਨ ਤਾਂ ਪਿਉ ਨੂੰ ਪੁੱਤ ਦੀ ਯਾਦ ਆ ਗਈ ਸੀ। ਇਹ ਤਾਂ ਇੱਕ ਬਲੈਕ
ਮੇਲਿੰਗ ਸੀ ਜੋ ਲੰਬਾਰਡੋ ਕਰਨ ਜਾ ਰਿਹਾ ਸੀ। ਰੁਬੀਨਾਂ ਨੂੰ ਕੁੱਝ ਲੋਕਾਂ ਦੇ ਫੋਨ
ਵੀ ਆਏ ਕਿ ਲੰਬਾਰਡੋ ਨਾਲ ਸਮਝੌਤਾ ਕਰ ਲਵੇ। ਪਰ ਉਹ ਪੁੱਛਦੀ ਸੀ ਕਿਉਂ? ਉਹ ਤਾਂ ਟੌਮ
ਦੇ ਪੈਸੇ ‘ਚੋਂ ਉਸ ਨੂੰ ਪੈਨੀ ਵੀ ਨਹੀਂ ਦੇਵੇਗੀ ਤੇ ਨਾਂ ਹੀ ਉਸ ਅੱਗੇ ਗਿੜਗੜਾਏਗੀ।
ਜਿਹੜੇ ਬੰਦੇ ਨੇ ਅੱਜ ਤੱਕ ਸਾਰ ਨਹੀਂ ਪੁੱਛੀ ਅੱਜ ਉਹ ਹੀ ਪਿਉ ਹੋਣ ਦਾ ਨਾਟਕ ਕਰ
ਰਿਹਾ ਹੈ? ਇਹ ਤਾਂ ਹੱਦ ਦਰਜੇ ਦੀ ਕਮੀਨਗੀ ਹੈ।‘ ਉਹ ਸ਼ੀਹਣੀ ਵਾਂਗ ਦਹਾੜੀ।
ਰੁਬੀਨਾ ਦਾ ਮਨ ਫੇਰ ਕੁੱਝ ਹੋਰ
ਸੋਚਣ ਲੱਗ ਪਿਆ। ਏਨ੍ਹਾਂ ਮਰਦਾ ਨੂੰ ਅਧੇੜ ਉਮਰ ਵਿੱਚ ਆ ਕੇ ਪਤਾ ਨਹੀਂ ਕੀ ਹੋ
ਜਾਂਦਾ ਹੈ। ਇਸ ਉਮਰ ਵਿੱਚ ਔਰਤ ਤਾਂ ਅਪਣੇ ਆਪ ਨੂੰ ਸਮੇਟਣ ਲੱਗ ਜਾਂਦੀ ਹੈ ਪਰ ਮਰਦ
ਬਿਖਰਨੇ ਸ਼ੁਰੂ ਹੋ ਜਾਂਦੇ ਹਨ। ਆਪਣੀ ਔਰਤ ਛੱਡ ਕੇ ਉਨ੍ਹਾਂ ਨੂੰ ਹੋਰ ਤੀਵੀਂਆਂ
ਚੰਗੀਆਂ ਚੰਗੀਆਂ ਲੱਗਦੀਆਂ ਨੇ। ਘਰ ਦੀ ਤੀਵੀਂ ਨੂੰ ਟੁੱਟ ਟੁੱਟ ਕੇ ਪੈਣਗੇ ਤੇ
ਬਾਹਰਲੀਆਂ ਅੱਗੇ ਭਿਜੀਆਂ ਬਿੱਲੀਆਂ ਬਣ ਜਾਣਗੇ। ਲੰਬਾਰਡੋ ਹੋਵੇ ਜਾਂ ਉਸਦਾ ਪਿਤਾ
ਸਾਰੇ ਇੱਕ ਹੀ ਤਰ੍ਹਾਂ ਦੇ ਹੁੰਦੇ ਨੇ...।
ਉਧਰ ਕੁਮੈਂਟਰੀ ਵਾਲਾ ਕਹਿ
ਰਿਹਾ ਸੀ ਸੀ ਲਉ ਹੁਣ ਆ ਰਹੀ ਹੈ ਟੋਰਾਂਟੋ ਮੇਪਲ ਲੀਫ ਦੀ ਟੀਮ ਮੈਦਾਨ ਵਿੱਚ। ਉਸੇ
ਵਕਤ ਨੀਲੀਆਂ ਵਰਦੀਆਂ ਤੇ ਬਣਿਆਂ ਚਿੱਟੇ ਰੰਗ ਵਾਲਾ ਮੇਪਲ ਲੀਫ ਦੇ ਝੰਡੇ ਦਾ ਸੁਆਗਤ
ਹੋਇਆ ਲੋਕ ਝੰਡੇ ਲਹਿਰਾਉਂਦੇ ਚੀਕਾਂ ਮਾਰਦੇ ਆਪਣੀਆਂ ਸੀਟਾਂ ਤੋਂ ਉੱਠ ਖੜੇ ਹੋਏ।
ਸੀਟੀਆਂ ਦੇ ਨਾਲ ਨਾਲ ਆਈਸ ਤੇ ਤਿਲਕਦੇ ਸਕੇਟਾਂ ਬੂਟਾਂ ਦੀ ਸ਼ੂਕ ਪਈ। ਇਸ ਸ਼ੂਕ ਵਿੱਚ
ਟੌਮ ਦੇ ਬੂਟਾਂ ਦੀ ਸ਼ੂਕ ਵੀ ਸ਼ਾਮਲ ਸੀ, ਕਦੇ ਜਿੰਨਾਂ ਦੇ ਬਲੇਡ ਉਹ ਆਪ ਤਿੱਖੇ
ਕਰਵਾਉਂਦੀ ਰਹੀ ਸੀ। ਇਹ ਸ਼ੂਕ ਟੈਲੀਵੀਯਨ ਤੇ ਸੁਣਨਾ ਉਸ ਦਾ ਬਹੁਤ ਵੱਡਾ ਸੁਪਨਾ ਸੀ
ਜੋ ਅੱਜ ਪੂਰਾ ਹੋ ਰਿਹਾ ਸੀ।
ਜੂਨੀਅਰ ਟੀਮ ਤੋਂ ਉਸਦੇ ਪੁੱਤਰ ਨੂੰ ਸੀਨੀਅਰ ਟੀਮ ਨਾਲ ਖੇਡਣ ਦਾ ਮੌਕਾ ਮਿਲਿਆ ਸੀ
ਉਹ ਵੀ ਸਟੈਨਲੇ ਕੱਪ ਵਿੱਚ। ਅੱਜ ਜਦੋਂ ਦੂਸਰੇ ਪਾਸੇ ਤੋਂ ਬਫਲੋ ਸੇਵਰਜ਼ ਦੀ ਟੀਮ ਸੀ
ਤਾਂ ਬਾਤ ਹੀ ਕੁੱਝ ਹੋਰ ਸੀ। ਟੌਮ ਦਾ ਸਭ ਤੋਂ ਮਨ ਪਸੰਦ ਤੇ ਨੈਸ਼ਨਲ ਹਾਕੀ ਲੀਗ ਦਾ
ਸਿਰੇ ਦਾ ਗੋਲੀ ਡੌਮੇਨਿਕ ਹਾਸ਼ਿਕ ਵੀ ਵਿਖਾਈ ਦੇ ਰਿਹਾ ਸੀ। ਰੁਬੀਨਾ ਇਹ ਮੈਚ ਮੂਹਰਲੀ
ਕਤਾਰ ਵਿੱਚ ਬੈਠ ਕੇ ਦੇਖਣਾ ਚਾਹੁੰਦੀ ਸੀ ਪਰ ਲੰਬਾਰਡੋ ਦੇ ਬਿਆਨਾ ਕਰਕੇ ਉਸ ਨੇ
ਉੱਥੇ ਨਾ ਹੀ ਜਾਣਾ ਠੀਕ ਸਮਝਿਆ। ਉਹ ਮੀਡੀਏ ਸਾਹਮਣੇ ਤਮਾਸ਼ਾ ਨਹੀਂ ਬਣਨਾ ਚਾਹੁੰਦੀ
ਸੀ। ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਟੀ ਵੀ ਤੇ ਜੋ ਹੋ ਰਿਹਾ ਹੈ, ਵਾਕਿਆ ਹੀ
ਇਹ ਸੁਪਨਾ ਨਹੀਂ ਸੀ। ਘੜੀ ਦੀ ਘੜੀ ਉਹ ਸਾਰਾ ਕੁੱਝ ਭੁੱਲ ਕੇ ਅਰਦਾਸ ਕਰਨ ਲੱਗੀ ਕਿ
ਅੱਜ ਦੇ ਮੈਚ ਵਿੱਚ ਰੱਬ ਉਸਦੇ ਪੁੱਤਰ ਨੂੰ ਸ਼ਕਤੀ ਬਖਸ਼ੇ।
ਜਿਉਂ ਹੀ ਟੀ ਵੀ ਕੈਮਰਾ ਟੌਮ
ਤੇ ਪਿਆ ਉਸ ਨੇ ਆਪਣੀ ਛਾਤੀ ਤੇ ਹੱਥ ਧਰਿਆ ਜਿਥੇ ਜਰਸੀ ਹੇਠਾਂ ਉਸਦੀ ਮਾਂ ਦੀ ਫੋਟੋ
ਸੀ।ਰੁਬੀਨਾ ਉਸ ਦਾ ਇਹ ਇਸ਼ਾਰਾ ਸਮਝਦੀ ਹੋਈ ‘ਜੀਊਂਦਾ ਰਹਿ ਮੇਰਾ ਪੁੱਤਰ ਕਹਿ ਕੇ
ਅਸ਼ੀਰਵਾਦ ਦੇ ਰਹੀਂ ਸੀ ਤੇ ਸੋਚ ਰਹੀ ਸੀ ਕਿ ਲੰਬਾਰਡੋ ਵੀ ਕਿਤੇ ਬੈਠਾ ਇਹ ਦੇਖਦਾ
ਹੋਵੇਗਾ ਜਿਸ ਨੂੰ ਅਪਣੇ ਪੁੱਤਰ ਨਾਲੋਂ ਮੁਫਤ ਦੀ ਪਬਲੀਸਿਟੀ ਤੇ ਪੈਸਾ ਪਿਆਰੇ
ਸਨ।ਟੌਮ ਦੀ ਮੁਸਕਰਾਹਟ ਦੱਸ ਰਹੀ ਸੀ ਕਿ ਉਹ ਮੀਡੀਏ ਦੇ ਪ੍ਰਚਾਰ ਨੂੰ ਖੇਡ ਤੇ ਭਾਰੂ
ਨਹੀਂ ਹੋਣ ਦੇਵੇਗਾ।ਉਸਦਾ ਆਤਮਵਿਸ਼ਵਾਸ਼ ਪੂਰੀ ਤਰ੍ਹਾਂ ਕਾਇਮ ਸੀ।
ਰਾਸ਼ਟਰੀ ਗੀਤ ਗਾਏ ਜਾਣ ਤੋਂ
ਬਾਅਦ ਰੈਫਰੀ ਦੀ ਵਿਸਲ ਵੱਜੀ।ਪੱਕ ਆਈਸ ਤੇ ਲੱਗਣ ਸਾਰ ਬਿਜਲੀ ਜਿਹੀ ਫੁਰਤੀ ਨਾਲ
ਉੱਡਦੇ ਖਿਡਾਰਆਂ ਨੇ ਹਾਕੀਆਂ ਦੀ ਖੜਖੜਾਹਟ ਤੇ ਸਕੇਟਾਂ ਦੀ ਸ਼ੂਕ ਨਾਲ ਵਾਤਾਵਰਨ ਕੀਲ
ਲਿਆ।
ਮੈਚ ਸ਼ੁਰੂ ਹੋਏ ਨੂੰ ਅਜੇ ਕੁੱਝ
ਹੀ ਮਿੰਟ ਹੋਏ ਸਨ ਤਾਂ ਟੀ ਵੀ ਕੈਮਰੇ ਇੱਕ ਵਿਅੱਕਤੀ ਵਲ ਘੁੰਮੇ ਜੋ ਚੀਕ ਰਿਹਾ ਸੀ
ਸਾਬਾਸ਼ ਮੇਰੇ ਪੁੱਤਰ, ਵੈੱਲ ਡੱਨ...।‘ ਉਹ ਅਜੇ ਚੀਕ ਹੀ ਰਿਹਾ ਸੀ ਕਿ ਸਕਿਉਰਟੀ
ਵਾਲੇ ਉਸ ਨੂੰ ਸਟੇਡੀਅਮ ਤੋਂ ਬਾਹਰ ਲੈ ਗਏ। ਰੁਬੀਨਾ ਨੇ ਟੀ ਵੀ ਤੇ ਦੇਖਿਆ ਉਹ
ਲੰਬਾਰਡੋ ਹੀ ਸੀ। ਉਸਦਾ ਜੀ ਕੀਤਾ ਕਿ ਚੁੱਕ ਕੇ ਉਸਦੇ ਸਿਰ ਵਿੱਚ ਕੁੱਝ ਮਾਰੇ, ਜੋ
ਉਸਦੇ ਪੁੱਤਰ ਨੂੰ ਡਿਸਟਰਬ ਕਰ ਰਿਹਾ ਸੀ। ਪਰ ਟੌਮ ਨੇ ਉਧਰ ਕੋਈ ਧਿਆਨ ਨਾ ਦਿੱਤਾ।
ਉਸ ਨੂੰ ਮਾਣ ਸੀ ਆਪਣੇ ਪੁੱਤਰ ਦੇ ਆਤਮ ਵਿਸ਼ਵਾਸ਼ ਤੇ ਜੋ ਮੁਸ਼ਕਲ ਦੀ ਘੜੀ ਵਿੱਚ ਹੋਰ
ਵੀ ਮਜਬੂਤੀ ਨਾਲ ਪੈਰ ਗੱਡ ਲੈਂਦਾ ਸੀ। ਏਹੋ ਜਿਹੀਆਂ ਮੁਸ਼ਕਲਾਂ ਨੂੰ ਖਾਦ ਬਣਾ ਕੇ
ਊਰਜ਼ਾ ਦਾ ਕੰਮ ਲੈਣਾ ਉਸ ਨੂੰ ਚੰਗੀ ਤਰ੍ਹਾਂ ਆਂਉਦਾ ਸੀ।ਏਹੋ ਗੱਲ ਉਸਦੀ ਕਾਮਯਾਬੀ ਦਾ
ਰਾਜ ਸੀ।
ਸੈਕਿੰਡ ਪੀਰੀਅਡ ਤੱਕ ਦੋਨੋ
ਟੀਮਾਂ ਬਰਾਬਰ ਬਰਾਬਰ ਸਨ। ਫੇਰ ਪਤਾ ਨਹੀਂ ਕਿਧਰੋਂ ਟੌਮ ਸਾਰਿਆਂ ਨੂੰ ਚੀਰਦਾ ਹਨੇਰੀ
ਦੀ ਤਰ੍ਹਾਂ ਪੱਕ ਲੈ ਕੇ ਉੱਡਿਆ ਤੇ ਗੋਲੀ ਨੂੰ ਚਕਮਾ ਦੇ ਕੇ ਉਸਨੇ ਜੋਰਦਾਰ ਨਿਸ਼ਾਨਾ
ਦਾਗਿਆ। ਉਸੇ ਵਕਤ ਕੂਮੈਨਟੇਟਰ ਚੀਕ ਪਏ ਗੋਲ਼...। ਫੇਰ ਹਜ਼ਾਰਾਂ ਝੰਡੇ ਲਹਿਰਾਏ
ਸੀਟੀਆਂ ਵੱਜੀਆਂ ਤੇ ਟੀ ਵੀ ਕੈਮਰਾ ਵਾਰ ਵਾਰ ਉਸ ਤੇ ਘਮੁੰਣ ਲੱਗਾ। ਰੁਬੀਨਾ ਨੂੰ
ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਹੁਣ ਉਸਦੇ ਪੁੱਤਰ ਦੇ ਗੋਲ ਕਾਰਨ ਮੇਪਲ ਲੀਫ
ਇੱਕ ਗੋਲ ਨਾਲ ਅੱਗੇ ਚੱਲ ਰਹੀ ਸੀ।
ਤੀਸਰੇ ਤੇ ਆਖਰੀ ਗੇੜ ਵਿੱਚ
ਦੋਨੋ ਟੀਮਾਂ ਸਿਰ ਧੜ ਦੀ ਬਾਜੀ ਸਮਝ ਕੇ ਭਿੜ ਰਹੀਆਂ ਸਨ। ਸਾਰੇ ਟੋਰਾਂਟੋ ਵਿੱਚ
ਸੜਕਾਂ ਤੇ ਸੁੰਨ ਸਰਾਂ ਸੀ। ਸਪੋਰਟਸ ਬਾਰਾਂ ਖੇਡ ਪਰੇਮੀਆਂ ਨਾਲ ਤੁੰਨੀਆਂ ਪਈਆਂ
ਸਨ।ਲੋਕ ਸਾਰੇ ਸਾਹ ਰੋਕ ਕੇ ਮੈਚ ਵੇਖ ਰਹੇ ਸਨ ਸ਼ਾਇਦ ਪੂਰੀ ਦੁਨੀਆਂ ਹੀ ਟੀ ਵੀ ਤੇ
ਇਹ ਦਿਲਚਸਪ ਮੈਚ ਵੇਖ ਰਹੀ ਸੀ। ਹਾਕੀਆਂ ਦਾ ਖੜਾਕ ਯੁੱਧ ਦੇ ਮੈਦਾਨ ਦਾ ਭੁਲੇਖਾ ਪਾ
ਰਿਹਾ ਸੀ। ਜੀਵਨ ਵੀ ਇੱਕ ਏਸੇ ਤਰ੍ਹਾਂ ਦਾ ਯੁੱਧ ਹੀ ਤਾਂ ਸੀ ਜੋ ਉਸਦੀ ਮਾਂ ਨੇ
ਆਪਣੇ ਪਤੀ ਦੇ ਖਿਲਾਫ ਲੜਿਆ ਸੀ ਤੇ ਅੱਜ ਰੁਬੀਨਾ ਲੰਬਾਰਡੋ ਦੇ ਖਿਲਾਫ ਲੜ ਰਹੀ ਸੀ।
ਟੌਮ ਦਿਆਂ ਸ਼ੌਟਾਂ ਨੂੰ ਰੋਕਣ
ਵਾਲਾ ਹਾਕੀ ਜਗਤ ਦਾ ਪ੍ਰਸਿੱਧ ਜਰਨੈਲ ਹਾਸ਼ਕ ਟੌਮ ਦਾ ਪ੍ਰੇਰਣਾ ਸਰੋਤ ਹੀ ਉਸ ਦੀਆਂ
ਜੋਰਦਾਰ ਸ਼ੌੱਟਾਂ ਨੂੰ ਰੋਕ ਰਿਹਾ ਸੀ, ਜਿਸ ਨੂੰ ਖੇਡਦਿਆਂ ਵੇਖ ਵੇਖ ਕੇ ਤਾਂ ਟੌਮ ਨੇ
ਆਪ ਖੇਡਣਾ ਸਿੱਖਿਆਂ ਸੀ। ਇਹ ਹਾਸ਼ਿਕ ਦਾ ਆਖਰੀ ਟੂਰਨਾਮੈਂਟ ਸੀ ਜਿਸ ਤੋਂ ਬਾਅਦ ਉਸਨੇ
ਰੀਟਾਇਰ ਹੋ ਜਾਣਾ ਸੀ। ਦੂਜੇ ਪਾਸੇ ਟੌਮ ਨੇ ਇੱਕ ਪ੍ਰਸਿੱਧੀ ਦੇ ਜਗਤ ਵਿੱਚ ਪ੍ਰਵੇਸ਼
ਕਰਨਾ ਸੀ। ਮੈਦਾਨੇ ਜੰਗ ਵਿੱਚ ਕੌਣ ਗੁਰੂ ਤੇ ਕੌਣ ਚੇਲਾ। ਬਾਈ ਸਾਲਾ ਟੌਮ ਆਪਣੇ ਹੀ
ਇਸ਼ਟ ਸਾਹਮਣੇ ਇਹ ਸਾਬਤ ਕਰ ਰਿਹਾ ਸੀ।
ਫੇਰ ਸਕੇਟਾਂ ਦੀ ਸ਼ੂਕ ਪਈ
ਜਿਵੇਂ ਕੋਈ ਤੂਫਾਨ ਝੁੱਲ ਪਿਆ ਹੋਏ। ਜੋਰਦਾਰ ਖੜਾਕ ਹੋਇਆ ਬਿਜਲੀ ਦੀ ਲਿਸ਼ਕ ਵਾਂਗ
ਇੱਕ ਹੋਰ ਗੋਲ ਦਾਗ ਦਿੱਤਾ ਗਿਆ। ਇਹ ਗੋਲ ਵੀ ਟੌਮ ਦਾ ਸੀ। ਰੌਲਾ ਐਨਾ ਪਿਆ ਕਿ ਕੁੱਝ
ਵੀ ਸੁਣਾਈ ਨਾ ਦਿੱਤਾ। ਉਸੇ ਪਲ ਟੋਪੀਆਂ ਹਵਾ ਵਿੱਚ ਉੱਛਲੀਆਂ, ਲੰਬੀਆਂ ਸੀਟੀਆਂ ਤੇ
ਲਹਿਰਾਉਂਦੇ ਝੰਡੇ। ਰੈਫਰੀ ਦੀ ਲੰਬੀ ਸੀਟੀ ਨੇ ਮੈਚ ਸਮਾਪਤ ਕਰ ਦਿੱਤਾ। ਟੋਰਾਂਟੋ
ਦੀਆਂ ਸੜਕਾਂ ਤੇ ਕਾਰਾਂ ਦੇ ਹਾਰਨ ਅਜੇ ਵੀ ਗੂੰਜ ਰਹੇ ਸਨ। ਟੋਰਾਂਟੋ ਮੇਪਲ ਲੀਫ ਦੀ
ਟੀਮ ਫਾਈਨਲ ਵਿੱਚ ਪ੍ਰਵੇਸ਼ ਕਰ ਗਈ ਸੀ। ਟੀ ਵੀ ਕੈਮਰੇ ਹੁਣ ਟੌਮ ਤੇ ਸਨ ਸਾਰਾ
ਰਾਸ਼ਟਰੀ ਅਤੇ ਅੰਤਰਰਤਸ਼ਟਰੀ ਮੀਡੀਆ ਉਸ ਨੂੰ ਘੇਰੀ ਖੜਾ ਸੀ। ਉਨ੍ਹਾਂ ਵਿੱਚੋਂ ਹੀ
ਕਿਸੇ ਨੇ ਸੁਆਲ ਪੁੱਛਿਆ ਸੀ ਕਿ ”ਤੈਨੂੰ ਇਸ ਕਾਮਯਾਬੀ ਤੱਕ ਪਹੁੰਚਾਣ ਦਾ ਸਿਹਰਾ ਕਿਸ
ਨੂੰ ਜਾਂਦਾ ਹੈ?”
ਤਾਂ ਟੌਮ ਨੇ ਕਿਹਾ ਮੇਰੀ ਮਾਂ
ਰੁਬੀਨਾ ਨੂੰ। ਇਹ ਮੇਰੀ ਮਾਂ ਦੀ ਜਿੱਤ ਹੈ ਜੋ ਮੇਰੀ ਸਿਰਜਣਹਾਰ ਹੈ ਤੇ ਜਿਸਦਾ ਮੈਂ
ਬਹੁਤ ਸਤਿਕਾਰ ਕਰਦਾ ਹਾਂ।”
ਦੂਸਰੇ ਦਿਨ ਦੀਆਂ ਅਖਬਾਰਾਂ ਦੇ
ਮੁੱਖ ਪੰਨਿਆਂ ਤੇ ਟੌਮ ਦੀ ਫੋਟੋ ਦੇ ਨਾਲ ਨਾਲ ਉਸਦਾ ਇਹ ਬਿਆਨ ਵੀ ਛਪਿਆ ਕਿ ਇੱਹ
ਜਿੱਤ ਮੇਰੀ ਮਾਂ ਰੂਬੀਨਾ ਦੀ ਹੈ ਜੋ ਮੇਰੀ ਸਿਰਜਣਹਾਰ ਹੈ।
ਪਰ ਲੰਬਾਰਡੋ ਦਾ ਜਿਕਰ ਕਿਧਰੇ ਵੀ ਨਹੀਂ ਸੀ।
ਸਮਾਪਤ (18 ਮਈ 2005)