‘ਉੱਤਰੀ ਅਮਰੀਕਾ ਵਿੱਚ ਰਚੀ ਜਾਣ ਵਾਲੀ ਪੰਜਾਬੀ ਕਹਾਣੀ’
ਮੇਜਰ ਮਾਂਗਟ‘ਉੱਤਰੀ ਅਮਰੀਕਾ ਵਿੱਚ ਰਚੀ ਜਾਣ ਵਾਲੀ ਪੰਜਾਬੀ ਕਹਾਣੀ’--ਮੇਜਰ ਮਾਂਗਟ
ਸਾਹਿਤ ਦੇ ਰੂਪਾਂ ਵਿੱਚ ਕਹਾਣੀ ਨੂੰ ਪ੍ਰਮੁੱਖ ਸਥਾਨ ਹਾਸਲ ਹੈ ਅਤੇ ਪੰਜਾਬੀਆਂ ਨਾਲ ਕਹਾਣੀ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਇਹ ਹੀ ਕਾਰਨ ਹੈ ਕਿ ਪੰਜਾਬੀ ਜਿੱਥੇ ਵੀ ਗਏ ਹਨ ਤਾਂ ਵੀ ਕਹਾਣੀ ਉਨ੍ਹਾਂ ਦੇ ਨਾਲ ਨਾਲ ਹੀ ਗਈ ਹੈ। ਉੱਤਰੀ ਅਮਰੀਕਾ ਵਿੱਚ ਪੰਜਾਬੀਆਂ ਦੀ ਆਮਦ ਉਨੀਵੀਂ ਸਦੀ ਦੇ ਅੰਤਿਮ ਸਮੇਂ ਹੋਈ। ਸਾਡੇ ਪੁਰਖੇ ਜਦੋਂ ਏਨ੍ਹਾਂ ਮੁਲਕਾਂ ਵਿੱਚ ਆਏ ਉਨਾਂ ਦਾ ਕੰਮ ਕਰਨ ਦਾ ਢੰਗ ਅਤੇ ਸਮੱਸਿਆਵਾਂ ਆਪਣੀ ਕਿਸਮ ਦੀਆਂ ਸਨ। ਉਨ੍ਹਾਂ ਰੇਲਵੇਂ ਲਾਈਨਾਂ ਵਿਛਾਈਆਂ, ਆਰਾ ਮਿੱਲਾਂ ਵਿੱਚ ਕੰਮ ਕੀਤਾ ਅਤੇ ਨਸਲੀ ਵਿਤਕਰਾ ਝੱਲਿਆ। ਆਪਣੇ ਕੰਮ ਕਾਜ ਦੌਰਾਨ ਅਨੇਕਾਂ ਅਜਿਹੀਆਂ ਕਹਾਣੀਆ ਹੋਣਗੀਆਂ ਜੋ ਉਨ੍ਹਾਂ ਨਾਲ ਵਾਪਰੀਆਂ। ਜਿਨਾਂ ਨੂੰ ਉਸ ਵਕਤ ਉਹ ਭਾਵੇਂ ਕਲਮਬਧ ਨਾ ਕਰ ਸਕੇ ਹੋਣ, ਪਰ ਇਹ ਕਹਾਣੀਆਂ ਉਨ੍ਹਾਂ ਦੇ ਜਿਹਨ ਵਿੱਚ ਜਰੂਰ ਉਕਰੀਆਂ ਗਈਆਂ ਹੋਣਗੀਆਂ। ਜਿਨਾਂ ਦਾ ਸਬੂਤ ਸਾਨੂੰ ਸਾਧੂ ਸਿੰਘ ਧਾਮੀ ਦੁਆਰਾ ਰਚਿਤ ਨਾਵਲ ‘ਮਲੂਕਾ’ ਵਿੱਚ ਮਿਲਦਾ ਹੈ। ਇਸ ਨਾਵਲ ਦੀਆਂ ਘਟਨਾਵਾਂ ਵਿੱਚ ਉੱਤਰੀ ਅਮਰੀਕਾ ਵਿੱਚ ਪੁੰਗਰਨ ਵਾਲੀ ਪੰਜਾਬੀ ਕਹਾਣੀ ਦੇ ਬੀਜ ਮੌਜੂਦ ਸਨ।
ਪੰਜਾਬ ਵਾਸੀਆਂ ਨੇ ਕੈਨੇਡਾ ਅਮਰੀਕਾ ਆਕੇ ਸਖਤ ਮਿਹਨਤ ਤਾਂ ਕੀਤੀ ਹੀ ਨਸਲਵਾਦ ਦਾ ਮਾਨਸਿਕ ਅਤੇ ਸਰੀਰਕ ਤਸ਼ੱਦਤ ਵੀ ਝੱਲਿਆ। ਕਾਮਾਗਾਟਾਮਾਰੂ ਦਾ ਗੋਲੀਆਂ ਨਾਲ ਸੁਆਗਤ ਕਰਨਾ ਏਸੇ ਲੜੀ ਦਾ ਇੱਕ ਹਿੱਸਾ ਸੀ । ਨਸਲਵਾਦ ਦੇ ਇਹ ਪੱਛ ਪੰਜਾਬੀ ਲਿਖਤਾਂ ਵਿੱਚ ਵੀ ਆਪਣਾ ਪ੍ਰਭਾਵ ਪਾਉਂਦੇ ਰਹੇ। ਉੱਧਰ ਨਵੇਂ ਆਏ ਭਾਰਤੀਆਂ ਨੂੰ ਵਾਪਸ ਨਾ ਜਾ ਸਕਣ ਜਾਂ ਆਪਣੇ ਪਰਿਵਾਰ ਨਾਂ ਮੰਗਵਾ ਸਕਣ ਕਾਰਨ ਵਤਨਾਂ ਦੀ ਯਾਦ ਬਹੁਤ ਤੜਫਾਉਂਦੀ ਸੀ, ਜਿਸ ਦਾ ਪ੍ਰਭਾਵ ਉਨ੍ਹਾਂ ਪਹਿਲਾਂ ਪਹਿਲ ਕਾਵਿਕ ਰੂਪ ਵਿੱਚ ਬਿਆਨਿਆ। ਉੱਧਰ ਵਤਨ ਗ਼ੁਲਾਮ ਸੀ, ਜੇ ਉਹ ਜਾਂਦੇ ਤਾਂ ਜਾਂਦੇ ਕਿੱਥੇ? ਉਹ ਚਾਹੁੰਦੇ ਸਨ ਕਿ ਆਪਣਾ ਵਤਨ ਆਜ਼ਾਦ ਹੋਵੇ ਤੇ ਉਹ ਵਾਪਿਸ ਜਾਕੇ ਉੱਥੇ ਆਜ਼ਾਦੀ ਨਾਲ ਰਹਿ ਸਕਣ। ਇਸੇ ਗੱਲ ਨੂੰ ਮੁੱਖ ਰੱਖਕੇ ਉਨ੍ਹਾਂ ‘ਗ਼ਦਰ ਦੀ ਗੂੰਜ’ ਨਾਂ ਦਾ ਪਰਚਾ ਵੀ ਕੱਢਿਆ। ਜਿਸ ਵਿੱਚ ਲਾਲਾ ਹਰਦਿਆਲ, ਕਾਸ਼ੀ ਰਾਮ ਮੜੌਲੀ, ਹਰਨਾਮ ਸਿੰਘ ਟੁੰਡੀਲਾਟ, ਸੋਹਣ ਸਿੰਘ ਭਕਨਾ ਵਰਗੇ ਗ਼ਦਰੀ ਯੋਧਿਆਂ ਨੇ ਸਾਹਿਤ ਰਚਿਆ, ਜੋ ਜਿਆਦਾ ਕਾਵਿਕ ਰੂਪ ਵਿੱਚ ਹੀ ਸੀ। ਪਰ ਅਸੀਂ ਆਖ ਸਕਦੇ ਹਾਂ ਕਿ ਇਹ ਪੰਜਾਬੀ ਕਹਾਣੀ ਲਈ ਜ਼ਮੀਨ ਤਿਆਰ ਹੋ ਰਹੀ ਸੀ।
ਦੂਜੀ ਸੰਸਾਰ ਜੰਗ ਤੋਂ ਬਾਅਦ ਪੰਜਾਬੀਆਂ ਨੇ ਬਿਦੇਸ਼ਾਂ ਵਲ ਵਹੀਰਾਂ ਘੱਤੀਆਂ। ਉਹ ਜਿ਼ਆਦਾਤਰ ਆਪਣੀ ਆਰਥਿਕ ਦਸ਼ਾ ਸੁਧਾਰਨ ਵਾਸਤੇ ਨਿੱਕਲੇ ਸਨ। 1947 ਵਿੱਚ ਭਾਰਤ ਆਜ਼ਾਦ ਵੀ ਹੋ ਗਿਆ, ਪਰ ਪਰਦੇਸਾਂ ਵਿੱਚ ਆਏ ਇਹ ਭਾਰਤੀ ਵਾਪਿਸ ਨਾ ਜਾ ਸਕੇ। ਵਤਨ ਦੀ ਯਾਦ ਉਨ੍ਹਾਂ ਨੂੰ ਸਤਾਉਂਦੀ ਰਹੀ ਅਤੇ ਦੂਜੇ ਪਾਸੇ ਇਹ ਖਿ਼ਆਲ ਵੀ ਆਉਂਦਾ ਕਿ ਹੁਣ ਇਹ ਹੀ ਉਨ੍ਹਾਂ ਦਾ ਮੁਲਕ ਹੈ ਜਿੱਥੇ ਉਨ੍ਹਾਂ ਨੇ ਜੀਵਨ ਭਰ ਲਈ ਰਹਿਣਾ ਹੈ। ਇਸੇ ਕਰਕੇ 1947 ਤੋਂ ਬਾਅਦ ਹੀ ਬਿਦੇਸ਼ਾਂ ਵਿੱਚ ਪੰਜਾਬੀ ਕਹਾਣੀ ਦਾ ਮੁੱਢ ਬੱਝਦਾ ਹੈ। ਸ਼ੁਰੂ ਸ਼ੁਰੂ ਵਿੱਚ ਰਵਿੰਦਰ ਰਵੀ ਨੇ ਵਤਨ ਦੀ ਮਿੱਟੀ ਨੂੰ ਯਾਦ ਕਰਦਿਆਂ ਕੁੱਝ ਕਹਾਣੀਆਂ ਲਿਖੀਆਂ। ਜਿਉਂ ਜਿਉਂ ਉਨ੍ਹਾਂ ਏਥੋਂ ਦੇ ਜੀਵਨ ਵਿੱਚ ਘੁਲਣਾ ਮਿਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀਆਂ ਕਹਾਣੀਆਂ ਦੇ ਵਿਸ਼ੇ ਵੀ ਤਬਦੀਲ ਹੋ ਗਏ। ਕੰਮ ਤੇ ਆਂਉਂਦੀਆਂ ਮੁਸ਼ਕਲਾਂ, ਸੱਭਿਆਚਾਰਕ ਵਖਰੇਵਾਂ ਅਤੇ ਨਸਲਵਾਦ ਉਨ੍ਹਾਂ ਦੀਆਂ ਕਹਾਣੀਆਂ ਦੇ ਵਿਸ਼ੇ ਬਣੇ। ਕੁੱਝ ਅਲੋਚਕ ਭੂ-ਹੇਰਵੇ ਅਤੇ ਨਸਲਵਾਦ ਵਾਲੀਆਂ ਕਹਾਣੀਆਂ ਨੂੰ ਉੱਤਰੀ ਅਮਰੀਕਾ ਦੀ ਕਹਾਣੀ ਦਾ ਪਹਿਲਾ ਪੜਾ ਮੰਨਦੇ ਹਨ ਅਤੇ ਇਸ ਦਾ ਕਾਰਜਕਾਲ 1980 ਤੱਕ ਮਿੱਥਦੇ ਹਨ। ਸੱਠਵੇਂ ਦਹਾਕੇ ਤੋਂ ਬਾਅਦ ਪੰਜਾਬੀਆਂ ਦੀ ਵੱਡੀ ਗਿਣਤੀ ਇਸ ਖਿੱਤੇ ਵਿੱਚ ਆਕੇ ਵਸੀ। ਇਸ ਪੀੜੀ ਦੇ ਜੁਆਕ ਅੱਸੀਵੇਂ ਦਹਾਕੇ ਤੱਕ ਜੁਆਨ ਹੋ ਚੁੱਕੇ ਸਨ। ਉਹ ਏਨ੍ਹਾਂ ਮੁਲਕਾਂ ਵਿੱਚ ਪੜ ਲਿਖ ਕੇ ਏਥੋਂ ਦੀਆਂ ਕਦਰਾਂ ਕੀਮਤਾਂ ਅਨੁਸਾਰ ਜੀਣ ਲੱਗੇ, ਜੋ ਕਿ ਪਹਿਲੀ ਪੀੜੀ ਨੂੰ ਰਾਸ ਨਹੀਂ ਸੀ। ਜਿਸ ਕਰਕੇ ਇੱਕ ਸੱਭਿਆਚਾਰਕ ਟਕਰਾ ਪੈਦਾ ਹੋ ਗਿਆ। ਇਸ ਸਮੇਂ ਤੋਂ ਬਾਅਦ ਜੋ ਕਹਾਣੀ ਹੋਂਦ ਵਿੱਚ ਆਈ ਉਹ ਇਸੇ ਕਸ਼ਮਕਸ਼ ਦੀ ਕਹਾਣੀ ਹੈ। ਰਵਿੰਦਰ ਰਵੀ ਜਿਸ ਨੇ ਸਵੈ-ਮੁਲਾਂਕਣ ਵਾਲੀਆਂ ਕਹਾਣੀਆਂ ਵੀ ਰਚੀਆਂ ਤੇ ਬ੍ਰਹਿਮੰਡੀ ਚੇਤਨਾਂ ਵਾਲੀਆਂ ਵੀ। ਉਸ ਦੀ ਕਹਾਣੀ ਵਿੱਚ ਵੀ ਏਥੇ ਆਕੇ ਇੱਕ ਮੋੜ ਪ੍ਰਤੀਤ ਹੁੰਦਾ ਹੈ। ਉਸ ਦੀ ਕਹਾਣੀ ਆਦਰਸ਼ਵਾਦ ਦੇ ਅਕਾਸ਼ ਤੋਂ ਉੱਤਰਦੀ ਹੈ,ਜਿੱਥੇ ਉਹ ਇੱਕ ਅਜਿਹੇ ਮਨੁੱਖ ਦੀ ਕਲਪਣਾ ਕਰਦਾ ਸੀ ਜੋ ਰੰਗਾਂ, ਨਸਲਾਂ, ਭਾਸ਼ਾਵਾਂ ਅਤੇ ਦੇਸ਼ਾਂ ਤੋਂ ਮੁਕਤ ਹੋਇਆ ਇੱਕ ਬ੍ਰਹਿਮੰਡੀ ਚੇਤਨਾ ਵਾਲਾ ਮਨੁੱਖ ਹੋਵੇ। ਪਰ ਰਵੀ ਦੀ ਵਿਸ਼ਵ ਚੇਤਨਾ ਦਾ ਸੰਕਲਪ ਉਸ ਵਕਤ ਨਵਾਂ ਮੋੜ ਕੱਟਦਾ ਹੈ ਜਦੋਂ ਬ੍ਰਹਿਮੰਡ ‘ਚੋਂ ਉੱਤਰ ਕੇ ਉਸਦੀ ਕਹਾਣੀ ਸਾਡੇ ਆਪਣੇ ਘਰਾਂ ਵਿੱਚ ਪ੍ਰਵੇਸ਼ ਕਰ ਜਾਂਦੀ ਹੈ।
‘ਸ਼ਾਦੀ ਵਲ ਜਾਂਦੀ ਸੜਕ’ ਰਵਿੰਦਰ ਰਵੀ ਦੀ ਇੱਕ ਅਜਿਹੀ ਹੀ ਕਹਾਣੀ ਹੈ ਜੋ ਯਥਾਰਥ ਦੀ ਜ਼ਮੀਨ ਤੇ ਪੈਰ ਗੱਡ ਕੇ ਖੜਦੀ ਹੈ। ਪਹਿਲੀ ਪੀੜੀ ਦੂਜੀ ਪੀੜੀ ਨੂੰ ਆਪਣੀਆਂ ਕਦਰਾਂ ਕੀਮਤਾਂ ਅਨੁਸਾਰ ਜੀਣ ਤੇ ਮਜ਼ਬੂਰ ਕਰਦੀ ਹੈ। ਮਜ਼ਬੂਰ ਹੀ ਨਹੀਂ ਕਰਦੀ ਬਲਕਿ ਸੱਭਿਆਚਾਰ ਦੀ ਬੇਦੀ ਤੇ ਕੁਰਬਾਨ ਕਰਦੀ ਹੈ। ਇੰਦਰ ਆਪਣੇ ਬੱਚਿਆਂ ਨੂੰ ਆਪਣੀ ਸੋਚ ਅਨੁਸਾਰ ਜੀਣ ਲਈ ਮਜ਼ਬੂਰ ਕਰਦਾ ਹੈ। ਬੱਚੇ ਕੁੱਝ ਦੇਰ ਤਾਂ ਆਪਣੇ ਅੰਦਰਲਾ ਨਿੱਜ ਮਾਰ ਕੇ ਅਜਿਹਾ ਨਾਟਕ ਕਰਨ ਦੀ ਕੋਸਿਸ਼ ਵੀ ਕਰਦੇ ਹਨ, ਜਿਸ ਤੇ ਉਹ ਬੇਹੱਦ ਮਾਣ ਵੀ ਕਰਦਾ ਹੈ ਤੇ ਸੋਚਦਾ ਹੈ ਕਿ ਸੋਹਣ ਅਤੇ ਮੋਹਣੀ ਵਰਗੇ ਲਾਇਕ ਬੱਚੇ ਹਰ ਘਰ ਵਿੱਚ ਹੋਣ, ਪਰ ਜਦੋਂ ਉਹ ਆਪਣੀ ਸੋਚ ਅਨੁਸਾਰ ਮੋਹਣੀ ਨੂੰ ਧੱਕੇ ਨਾਲ ਪੰਜਾਬ ਵਿਆਹੁਣ ਲਈ ਲਿਜਾਂਦਾ ਹੈ ਤਾਂ ਉਹਨਾਂ ਦਾ ਮਨ ਬਗਾਵਤ ਕਰ ਦਿੰਦਾ ਹੈ। ਮੋਹਣੀ ਕੀਨੀਆਂ ਤੋਂ ਕੈਨੇਡਾ ਆਕੇ ਵਸੇ ਲੜਕੇ ਜੋਗਿੰਦਰ ਨੂੰ ਚਾਹੁੰਦੀ ਹੈ ਜੋ ਕਿ ਨੀਵੀਂ ਜਾਤ ਦਾ ਹੈ। ਪਰ ਮੋਹਣੀ ਨੂੰ ਇਸ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਵਿਆਹ ਤੋਂ ਪਹਿਲਾਂ ਸਰੀਰਿਕ ਸਬੰਧ ਜੋੜਨੇ ਵੀ ਮੋਹਿਨੀ ਜਾਂ ਜੋਗਿੰਦਰ ਲਈ ਕੋਈ ਵੱਡੀ ਗੱਲ ਨਹੀਂ, ਪਰ ਰੂੜੀਵਾਦੀ ਸੰਸਕਾਰ ਇਹ ਬ੍ਰਦਾਸ਼ਤ ਨਹੀਂ ਕਰ ਸਕਦੇ। ਜਿਸ ਕਾਰਨ ਦੋਹਾਂ ਪੀੜੀਆਂ ਵਿੱਚ ਟਕਰਾ ਉਤਪਨ ਹੁੰਦਾ ਹੈ।
ਸਾਧੂ ਬਿਨਿੰਗ ਬ੍ਰਿਟਿਸ਼ ਕੁਲੰਬੀਆ ਵਿੱਚ ਵਸਿਆ ਇੱਕ ਹੋਰ ਅਜਿਹਾ ਕਹਾਣੀਕਾਰ ਹੈ ਜਿਸ ਨੇ ਭੂ-ਹੇਰਵੇ ਤੋਂ ਅਗਾਂਹ ਵਧ ਕੇ ਕੈਨੇਡਾ ਦੀ ਮੁੱਖ-ਧਾਰਾ ਵਿੱਚ ਵਿਚਰਦਿਆਂ ਆਈਆਂ ਸਮੱਸਿਆਵਾਂ ਨੂੰ ਕਹਾਣੀ ਦੇ ਵਿਸ਼ੇ ਵਜੋਂ ਅਪਣਾਇਆ। ਆਪਣੀ ਪੁਸਤਕ ‘ਲੀਹੋਂ ਲੱਥੇ’ ਵਿਚਲੀਆਂ ਕਹਾਣੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਸਾਧੂ ਬਿਨਿੰਗ ਦੀ ਕੈਨੇਡਾ ਰਹਿ ਕੇ ਰਚੀ ਕਹਾਣੀ ਨੇ ਪੰਜਾਬ ਵਿੱਚ ਬੈਠੇ ਪਾਠਕਾਂ ਅਤੇ ਅਲੋਚਕਾਂ ਦਾ ਧਿਆਨ ਵੀ ਖਿੱਚਿਆ। ਪਹਿਲਾਂ ਬਹੁਤ ਸਾਰੇ ਅਲੋਚਕ ਇਹ ਆਖਦੇ ਸਨ ਕਿ ਬਿਦੇਸ਼ਾਂ ਤੋਂ ਆਏ ਲੋਕ ਡਾਲਰਾਂ ਅਤੇ ਪੌਂਡਾਂ ਤੋ ਜੋਰ ਨਾਲ ਛਪ ਜਾਂਦੇ ਹਨ ਜਦੋਂ ਕਿ ਉਹਨਾਂ ਪਾਸ ਕਲਾ ਨਹੀਂ ਹੁੰਦੀ। ਪਰ 1993 ਵਿੱਚ ਅਮਨਪਾਲ ਸਾਰਾ ਦਾ ਰਚਿਆ ਕਹਾਣੀ ਸੰਗ੍ਰਹਿ ‘ਸਰਦ ਰਿਸ਼ਤੇ’ ਅਤੇ ਬਾਅਦ ਵਿੱਚ ‘ਵੀਹਾਂ ਦਾ ਨੋਟ’ ਇਹ ਗੱਲ ਝੂਠ ਸਾਬਤ ਕਰ ਦਿੰਦਾ ਹੈ। ਅਮਨਪਾਲ ਸਾਰਾ ਦੀਆਂ ਕਹਾਣੀਆਂ ਨੂੰ ਅਲੋਚਕਾਂ ਨੇ ਮੁੱਖ ਧਾਰਾ ਦੇ ਬਰਾਬਰ ਦੀਆਂ ਕਹਾਣੀਆਂ ਮੰਨਿਆ। ਉਨ੍ਹਾਂ ਆਪਣੀਆਂ ਕਹਾਣੀਆਂ ਵਿੱਚ ਜਿੱਥੇ ਨਸਲਵਾਦ ਦੀ ਗੱਲ ਕੀਤੀ ਉੱਥੇ ਪੁੰਜੀਵਾਦੀ ਨਿਜ਼ਾਮ ਵਿੱਚ ਨਿੱਘਰ ਰਹੇ ਮਨੁੱਖੀ ਰਿਸ਼ਤਿਆਂ ਦੀ ਗੱਲ ਵੀ ਕੀਤੀ। ‘ਸਰਦ ਰਿਸ਼ਤੇ’ ਬਾਰੇ ਹਰਭਜਨ ਹਲਵਾਰਵੀ ਦੇ ਵਿਚਾਰ ਹਨ:-
“ਸ਼ਰਦ ਰਿਸ਼ਤੇ’ ਵਿਚਲੀਆਂ ਕਹਾਣੀਆਂ ਜਿੱਥੇ ਛੇਤੀ ਅਮੀਰ ਹੋਣ ਦੀ ਲਾਲਸਾ ਕਾਰਨ ਮਨੁੱਖੀ ਰਿਸ਼ਤਿਆਂ ਵਿੱਚ ਵਰਤ ਰਹੀ ਠੰਢ ਦੇ ਦੁਖਾਂਤਿਕ ਪਹਿਲੂ ਤੋਂ ਜਾਣੂ ਕਰਵਾਉਂਦੀਆ ਹਨ, ਉੱਥੇ ਮਨੁੱਖੀ ਮੋਹ ਪਿਆਰ ਦੀ ਡੂੰਘਾਈ, ਬੁਲੰਦੀ ਅਤੇ ਤੀਬਰਤਾ ਦੇ ਨਿੱਘ ਨੂੰ ਆਪਣੇ ਕਲਾਵੇ ਵਿੱਚ ਸੰਭਾਲਦੀਆਂ ਹਨ। ਇਉਂ ਅਮਨਪਾਲ ਸਾਰਾ ਦੀਆਂ ਇਹ ਰਚਨਾਵਾਂ ਉਸ ਦੇ ਪ੍ਰਤਿਭਾਵਾਨ ਤੇ ਸੰਭਾਵਨਾਂ ਭਰਪੂਰ ਕਥਾਕਾਰ ਹੋਣ ਦੀ ਗਵਾਹੀ ਦਿੰਦੀਆਂ ਹਨ”।
ਰਿਸ਼ਤਿਆਂ ਦੀ ਇਹ ਠੰਢ ਉਸਦੀ ਕਹਾਣੀ ‘ਲਾਟਰੀ’ ਵਿੱਚ ਪਾਠਕ ਦੇ ਜਿਸਮ ਨੂੰ ਅਜਿਹੀ ਚੜਦੀ ਹੈ ਕਿ ਉਹ ਕੰਬਣ ਲੱਗ ਪੈਂਦਾ ਹੈ ਜਦੋਂ ਇੱਕ ਗੋਰੇ ਪਾਤਰ ਨੂ ਆਪਣੇ ਪਿਉ ਦੀ ਮੌਤ ਤੇ ਇਸ ਗੱਲ ਦੀ ਬੇਹੱਦ ਖੁਸ਼ੀ ਹੁੰਦੀ ਹੈ ਕਿ ਵਿਰਾਸਤ ਵਿੱਚ ਉਸ ਨੂੰ ‘ਘਰ’ ਮਿਲ ਗਿਆ ਹੈ। ਉਸ ਨੂੰ ਲੱਗਦਾ ਹੈ ਕਿ ਉਸਦਾ ਪਿਉ ਨਹੀਂ ਮਰਿਆ ਸਗੋਂ ਉਸਦੀ ਲਾਟਰੀ ਨਿੱਕਲ ਆਈ ਹੈ, ਜਿਸ ਕਰਕੇ ਉਹ ਬੇਹੱਦ ਖੁਸ਼ ਹੈ। ਇਸੇ ਤਰਾਂ ਉਸਦੀਆਂ ਹੋਰ ਕਹਾਣੀਆਂ ਜਿਨਾ ਵਿੱਚ ‘ਮਾਰਗਰੀਤਾ’ ‘ਰੁਲਦਾ ਬਚਪਨ’ ਅਤੇ ਸਰਦ ਰਿਸ਼ਤੇ ਇਸੇ ਸੰਦਰਭ ਵਿੱਚ ਗੱਲ ਕਰਦੀਆਂ ਹਨ। ਉਨ੍ਹਾਂ ਦੀ ਕਹਾਣੀ ‘ਵੀਹਾਂ ਦਾ ਨੋਟ’ ਜਦੋਂ ਸਿਰਜਣਾ ਵਿੱਚ ਛਪੀ ਤਾਂ ਉਸਨੇ ਸਮੁੱਚੇ ਪੰਜਾਬੀ ਪਾਠਕਾਂ ਅਤੇ ਅਲੋਚਕਾਂ ਦਾ ਧਿਆਨ ਖਿੱਚਿਆ ਤੇ ਉਸ ਨਾਲ ਅਮਨਪਾਲ ਸਾਰਾ ਨੇ ਆਪਣੀ ਇੱਕ ਵਿਸੇਸ਼ ਪਛਾਣ ਸਥਾਪਿਤ ਕੀਤੀ।
ਅਮਨਪਾਲ ਸਾਰਾ ਤੋਂ ਬਾਅਦ ਜਿਸ ਕਹਾਣੀਕਾਰ ਨੇ ਸਮੁੱਚੇ ਪੰਜਾਬੀ ਸਾਹਿਤ ਨੂੰ ਪ੍ਰਭਾਵਤ ਕੀਤਾ ਉਸਦਾ ਨਾਂ ਜਰਨੈਲ ਸਿੰਘ ਹੈ। ਕੈਨੇਡਾ ਆਉਣ ਤੋਂ ਪਹਿਲਾਂ ਜਰਨੈਲ ਸਿੰਘ ਆਪਣੇ ਤਿੰਨ ਕਹਾਣੀ ਸੰਗ੍ਰਹਿ ‘ਮੈਨੂੰ ਕੀ’ ‘ਮਨੁੱਖ ਤੇ ਮਨੁੱਖ ਅਤੇ ‘ਸਮੇਂ ਦੇ ਹਾਣੀ’ ਰਚ ਕੇ ਆਪਣੀ ਪਛਾਣ ਸਥਾਪਤ ਕਰ ਚੁੱਕਾ ਸੀ। ਪੰਜਾਬ ਰਹਿੰਦਿਆਂ ਜਰਨੈਲ ਸਿੰਘ ਨੇ ਫੌਜੀ ਜੀਵਨ ਨਾਲ ਸਬੰਧਤ ਬਹੁਤ ਚੰਗੀਆਂ ਕਹਾਣੀਆਂ ਲਿਖੀਆਂ ਪਰ ਕੈਨੇਡਾ ਆ ਕੇ ਪਹਿਲੇ ਪੰਜ ਸੱਤ ਸਾਲ ਉਹ ਸਾਹਿਤ ਨਾਲੋਂ ਟੁੱਟੇ ਰਹੇ। ਏਥੇ ਆਕੇ ਉਨ੍ਹਾਂ ਆਪਣੀ ਪਹਿਲੀ ਕਹਾਣੀ ‘ਦੋ ਟਾਪੂ’ ਲਿਖੀ। ਜਦੋਂ ਇਹ ਕਹਾਣੀ 'ਸਿਰਜਣਾ' ਵਿੱਚ ਛਪੀ ਤਾਂ ਇਸ ਕਹਾਣੀ ਦਾ ਚਰਚਾ ਹਰ ਪਾਸੇ ਹੋਇਆ। ਪੰਜਾਬੀ ਦੇ ਨਾਮਵਰ ਅਲੋਚਕਾਂ ਨੇ ਉਸਦੀ ਕਹਾਣੀ ਕਲਾ ਨੂੰ ਸਲਾਹਿਆ। ਫੇਰ ਉਸਦੀਆਂ ਕਹਾਣੀਆਂ ‘ਪਛਾਣ’ ‘ਭਵਿੱਖ’ ਅਤੇ ‘ਜੜ੍ਹਾਂ’ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਇੱਕ ਅਜਿਹਾ ਕਹਾਣੀਕਾਰ ਹੈ ਜਿਸ ਦੀ ਕਹਾਣੀ ‘ਮੁੱਖ-ਧਾਰਾ’ ਦੀ ਕਹਾਣੀ ਨਾਲੋਂ ਕਿਸੇ ਗੱਲੋਂ ਵੀ ਪਿੱਛੇ ਨਹੀਂ। ਉਸ ਨੇ ਪਰਵਾਸੀ ਜੀਵਨ ਦੀਆਂ ਦੁਸ਼ਵਾਰੀਆ ਨੂੰ ਬੜੀ ਸਿ਼ੱਦਤ ਨਾਲ ਪੇਸ਼ ਕੀਤਾ। 1999 ਵਿੱਚ ਉਸਦੀ ਕਿਤਾਬ ‘ਦੋ ਟਾਪੂ’ ਛਪੀ ਜਿਸ ਵਿੱਚ ਉਸ ਦੀਆਂ ਛੇ ਲੰਬੀਆਂ ਕਹਾਣੀਆਂ ਹਨ ਜੋ ਕੈਨੇਡਾ ਅੰਦਰ ਵਿਚਰ ਰਹੇ ਪੰਜਾਬੀ ਪਰਿਵਾਰਾਂ ਦਾ ਜੀਵਨ-ਯਥਾਰਥ ਪੇਸ਼ ਕਰਦੀਆਂ ਹਨ। ‘ਦੋ ਟਾਪੂ’ ਕਹਾਣੀ ਬਦਲਦੇ ਸੱਭਿਆਚਾਰ ਅੰਦਰ ਬਦਲ ਰਹੇ ਰਿਸ਼ਤਿਆਂ ਦੀ ਗਾਥਾ ਹੈ ਜਿੱਥੇ ਮਨੁੱਖ ਆਪਣੇ ਆਪ ਨੂੰ ਬਚਾਉਣ ਲਈ ਲਈਂ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਜ਼ਰੂਰੀ ਸਮਝਦਾ ਹੈ। ਪਾਸ਼ੀ ਇਸੇ ਤਰ੍ਹਾਂ ਆਪਣੀ ਹੋਂਦ ਨੂੰ ਬਚਾਈਂ ਰੱਖਣ ਲਈ ਸਖਸ਼ੀਅਤ ਦੇ ਟਾਪੂ ਨੂੰ ਸੱਭਿਆਚਾਰ ਦੇ ਪਾਣੀਆਂ ਵਿੱਚ ਖੁਰਨ ਨਹੀਂ ਦਿੰਦੀ। ਦੂਸਰੇ ਪਾਸੇ ਬਲਰਾਜ ਦਾ ਵੀ ਏਹੋ ਹਾਲ ਹੈ ਜੋ ਬਦਲ ਰਹੇ ਰਿਸਤਿਆਂ ਅੱਗੇ ਆਪਣੇ ਆਪ ਨੂੰ ਸਬੂਤਾ ਨਹੀਂ ਰੱਖ ਸਕਦਾ। ‘ਪਛਾਣ’ ਦਾ ਸਲੱਖਣ ਸਿੰਘ ਦੋ ਸੱਭਿਆਚਾਰਾਂ ਵਿਚਲੇ ਟਕਰਾ ਨੂੰ ਪੇਸ਼ ਕਰਦਾ ਹੈ ਅਤੇ ‘ਭਵਿੱਖ’ ਕਹਾਣੀ ਦੀ ਨਵਜੋਤ ਲੜਕੀਆਂ ਨਾਲ ਕੀਤੇ ਜਾਂਦੇ ਸਲੂਕ ਲਈ ਪ੍ਰਸ਼ਨ ਚਿੰਨ ਪੈਦਾ ਕਰਦੀ ਹੈ। ਇਸ ਪੁਸਤਕ ਦੀਆਂ ਕਹਾਣੀਆਂ ਆਪਣੀ ਗੱਲ ਕਹਿਣ ਵਿੱਚ ਪੂਰੀ ਤਰ੍ਹਾਂ ਸਫਲ ਹਨ,ਜਿੰਨ੍ਹਾਂ ਦੀ ਗੋਂਦ ਬੜੀ ਸੰਘਣੀ ਅਤੇ ਭਾਸ਼ਾ ਬੜੀ ਸੁਲਝੀ ਹੋਈ ਹੈ। ਹੁਣੇ ਹੁਣੇ ਉਨ੍ਹਾਂ ਦੀ ਪੁਸਤਕ ‘ਟਾਵਰਜ਼’ ਵਿੱਚ ਛਪੀਆਂ ਕਹਾਣੀਆਂ ਨੇ ਉਨ੍ਹਾਂ ਨੂੰ ਅੰਤਰਾਸ਼ਟਰੀ ਪੱਧਰ ਤੇ ਲਿਆ ਖੜਾ ਕੀਤਾ ਹੈ। ਕਿਹਾ ਜਾ ਸਕਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਰਚੀ ਇਹ ਕਹਾਣੀ ਸਮੁੱਚੇ ਪੰਜਾਬੀ ਸਾਹਿਤ ਲਈ ਮਾਣ ਵਾਲੀ ਗੱਲ ਹੈ।
ਕੈਨੇਡਾ ਵਿੱਚ ਜਿਆਦਾਤਰ ਕਹਾਣੀ 1980 ਤੋਂ ਬਾਅਦ ਹੀ ਰਚੀ ਗਈ। ਏਥੋਂ ਦੀਆਂ ਰਚੀਆਂ ਕਹਾਣੀਆਂ ‘ਵਤਨ’ ਪਰਚੇ ਵਿੱਚ ਛਪਦੀਆਂ ਰਹੀਆਂ। 1990 ਤੋਂ ਬਾਅਦ ਕਹਾਣੀ ਉੱਪਰ ਕਾਫੀ ਕੰਮ ਹੋਇਆ। ਵੈਨਕੋਵਰ ਤੋਂ ਇਲਾਵਾ ਕੈਲਗਰੀ, ਵਿਨੀਪੈੱਗ, ਐਡਮੰਨਟਨ ਅਤੇ ਟੋਰਾਂਟੋ ਵਿੱਚ ਵੀ ਸਾਹਿਤ ਤੇ ਕਾਫੀ ਕੰਮ ਹੋਣ ਲੱਗਿਆ। ਮੇਜਰ ਮਾਂਗਟ 1990 ਵਿੱਚ ਟੋਰਾਂਟੋ ਆਇਆ, ਉਦੋਂ ਉਸਦੀ ਇੱਕ ਕਹਾਣੀਆਂ ਦੀ ਕਿਤਾਬ ਸੀ ‘ਤਲ਼ੀਆਂ ਤੇ ਉੱਗੇ ਥੋਹਰ’ ਤੇ 1993 ਵਿਚ ਉਸਦੀ ਦੂਸਰੀ ਕਿਤਾਬ ਆਈ ‘ਕੂੰਜਾਂ ਦੀ ਮੌਤ’ ਫੇਰ ‘ਤ੍ਰਿਸ਼ੰਕੂ’ ਇਨਾਂ ਕਿਤਾਬਾਂ ਵਿਚਲੀਆਂ ਸਾਰੀਆਂ ਕਹਾਣੀਆਂ ਵੀ ਕੈਨੇਡਾ ਦੀ ਜਿ਼ੰਦਗੀ ਨਾਲ ਸਬੰਧਤ ਸਨ। ਇਸ ਤੋਂ ਇਲਾਵਾਂ ਉਨ੍ਹਾਂ ਦੀਆਂ ਕਹਾਣੀਆਂ ਪਰਚਿਆਂ ਵਿੱਚ ਲਗਾਤਾਰ ਛਪਦੀਆਂ ਰਹਿੰਦੀਆਂ ਹਨ।
ਕਹਾਣੀ ਖੇਤਰ ਵਿੱਚ ਬ੍ਰਿਟਿਸ਼ ਕੁਲੰਬੀਆ ਵਿੱਚ ਰਹਿ ਰਹੀ ਲੇਖਿਕਾ ਸੁਰਜੀਤ ਕਲਸੀ ਦਾ ਵੀ ਬਹੁਤ ਯੋਗਦਾਨ ਹੈ। ਉਨ੍ਹਾਂ ਦੀ ਪਹਿਲੀ ਕਿਤਾਬ ‘ਸੱਤ ਪਰਾਈਆਂ’ 1994 ਵਿੱਚ ਆਈ। ਸੁਰਜੀਤ ਕਲਸੀ ਨੇ ਇੰਗਲਿਸ਼ ਵਿੱਚ ਵੀ ਲਿਖਿਆ, ਅਨੁਵਾਦ ਵੀ ਕੀਤੇ, ਨਾਟਕਾਂ ਤੇ ਕੰਮ ਵੀ ਕੀਤਾ ਅਤੇ ਕਵਿਤਾ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਹੋਰ ਰੂਪਾਂ ਤੇ ਵੀ ਕੰਮ ਕੀਤਾ। ਪਰ ਕਹਾਣੀ ਵਿੱਚ ਉਨ੍ਹਾਂ ਆਪਣੀ ਇੱਕ ਨਿਵੇਕਲੀ ਪਛਾਣ ਕਾਇਮ ਕੀਤੀ ਜਿਸ ਬਾਰੇ ਗੁਰਬਚਨ ਲਿਖਦਾ ਹੈ:-
“ਪਰਵਾਸ ਪੰਜਾਬੀ ਮਨੁੱਖ ਦੇ ਹੱਡ ਵਿੱਚ ਖੁਭ ਚੁੱਕਾ ਜ਼ਖਮ ਹੈ। ਇਸ ਜ਼ਖ਼ਮ ਨੇ ਅਨੇਕਾਂ ਅੰਤਰ ਵਿਰੋਧ ਪੈਦਾ ਕੀਤੇ ਹਨ, ਮਨੁੱਖੀ ਰਿਸ਼ਤੇ ਤਿੜਕ ਗਏ ਹਨ, ਪਤੀ ਤੇ ਪਤਨੀ ਵਿਚਲਾ ਫਾਸਲਾ ਜ਼ਾਲਮ ਅਤੇ ਮਜ਼ਲੂਮ ਜਿੰਨਾ ਹੋ ਗਿਆ ਹੈ। ਕਈ ਪ੍ਰਸ਼ਨ ਸਾਡੇ ਨੈਤਿਕ ਤੇ ਸਮਾਜਿਕ ਪ੍ਰਸੰਗਾ ਸਾਹਮਣੇ ਵੀ ਆ ਖੜੇ ਹੋਏ ਹਨ। ਸੁਰਜੀਤ ਕਲਸੀ ਦੀਆਂ ਕਹਾਣੀਆਂ ਇਸ ਸਭ ਨੂੰ ਫੋਕਸਬੱਧ ਕਰਕੇ ਪਰਵਾਸੀ ਔਰਤ ਦੀ ਪੀੜਾ, ਅਤੇ ਸਵੈ ਦੀ ਖਾਤਰ ਉਸ ਦੀ ਮੂਕ ਜੱਦੋ ਜਹਿਦ ਦੀ ਬਾਤ ਪਾਉਂਦੀਆਂ ਹਨ”।
ਇਸ ਪੁਸਤਕ ਵਿੱਚ ਜਿੰਨੀਆਂ ਵੀ ਕਹਾਣੀਆਂ ਹਨ ਇਹ ਸਮਾਜ ਵਿੱਚ ਵਿਚਰ ਰਹੀ ਔਰਤ ਦੇ ਦੁਖ ਦਰਦ ਅਤੇ ਉਸਦੀ ਮਾਨਸਿਕ ਸਥਿਤੀ ਨੂੰ ਦਰਸਾਉਂਦੀਆਂ ਹਨ। ਕਹਾਣੀ ‘ਸੱਤ ਪਰਾਈਆ’ ਇੱਕ ਏਹੋ ਜਿਹੀ ਔਰਤ ਦੀ ਹੀ ਦਸ਼ਾ ਹੈ ਜੋ ਆਪਣੇ ਮਾਂ, ਬਾਪ, ਭੈਣ ਭਰਾ, ਅਤੇ ਸਕੇ ਸਬੰਧੀ ਛੱਡ ਕੇ ਬੜੇ ਚਾਵਾਂ ਨਾਲ ਕੈਨੇਡਾ ਆਉਂਦੀ ਹੈ ਪਰ ਪਤੀ ਦਾ ਮਾੜਾ ਵਤੀਰਾ ਉਸ ਦਾ ਦਿਲ ਤੋੜ ਦਿੰਦਾ ਹੈ। ਉਹ ਸ਼ਰਾਬ ਪੀਕੇ ਉਸ ਨੂੰ ਕੁੱਟਦਾ ਮਾਰਦਾ ਹੈ। ਪਰ ਇੱਕ ਦਿਨ ਸੀਬੋ ਉਸਦੀ ਕੁੱਟ ਤੋਂ ਤੰਗ ਆਕੇ ਟੈਕਸੀ ਲੈ ਕੇ ਘਰੋਂ ਨਿੱਕਲ ਤੁਰਦੀ ਹੈ। ਪਰ ਰਸਤੇ ਵਿੱਚ ਟੈਕਸੀ ਵਾਲਾ ਵੀ ਉਸ ਨੂੰ ਇਕੱਲੀ ਸਮਝ ਕੇ ਉਸ ਨਾਲ ਬਲਾਤਕਾਰ ਕਰਦਾ ਹੈ। ਜਦੋਂ ਉਹ ਪੁਲੀਸ ਦੀ ਮੱਦਦ ਨਾਲ ਕਚਹਿਰੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਬਲਾਤਕਾਰ ਕਰਨ ਵਾਲਾ ਉਸਦੇ ਪਤੀ ਦਾ ਤਾਇਆ ਹੈ। ਜਦੋਂ ਉਹ ਉਸ ਨੂੰ ਪਛਾਣ ਲੈਂਦੀ ਹੈ ਤਾਂ ਕਮਿਊਨਟੀ ਦੇ ਪਤਵੰਤੇ ਕਹਿੰਦੇ ਹਨ ਕਿ ਉਹ ਤਾਂ ਪਹਿਲਾਂ ਹੀ ਬਦਚਲਣ ਸੀ, ਸਹੁਰੇ ਪਰਿਵਾਰ ਨੂੰ ਬਦਨਾਮ ਕਰਨ ਲਈ ਹੀ ਉਸ ਨੇ ਇਹ ਚਾਲ ਚੱਲੀ ਹੈ। ਜਿਸ ਨੂੰ ਸੁਣ ਕੇ ਸੀਬੋ ਬੇਹੋਸ਼ ਹੋ ਜਾਂਦੀ ਹੈ। ਉਸਦਾ ਇਹ ਸੰਤਾਪ ਪਰਵਾਸ ਭੋਗ ਰਹੀਆਂ ਅਨੇਕਾਂ ਔਰਤਾਂ ਦਾ ਸੰਤਾਪ ਹੈ, ਜਿਸ ਨੂੰ ਸੁਰਜੀਤ ਕਲਸੀ ਨੇ ਆਪਣੀਆਂ ਹੋਰ ਕਹਾਣੀਆਂ ਵਿੱਚ ਵੀ ਬਿਆਨਿਆਂ ਹੈ।
ਪਰਾਏ ਮੁਲਕਾਂ ਵਿੱਚ ਆਕੇ ਵਸੀਆਂ ਔਰਤਾਂ ਦੀਆਂ ਅਨੇਕਾਂ ਸਮੱਸਿਆਵਾਂ ਹਨ। ਇਨ੍ਹਾਂ ਸਮੱਸਿਆਂ ਨੂੰ ਕਈ ਲੇਖਕਾਵਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ, ਉਨ੍ਹਾਂ ਵਿੱਚ ਇੱਕ ਨਾਂ ਹੈ ਬਲਬੀਰ ਕੌਰ ਸੰਘੇੜਾ ਜੀ ਦਾ। ਬਲਬੀਰ ਕੌਰ ਸੰਘੇੜਾ ਪਹਲਾਂ ਇੰਗਲੈਂਡ ਆਏ ਤੇ ਉਥੋਂ ਹੀ ਉਨ੍ਹਾਂ ਨੇ ਆਪਣਾ ਸਾਹਿਤਕ ਸਫ਼ਰ ਆਰੰਭਿਆ। ਪਰਵਾਸ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਨ੍ਹਾਂ ਅਨੇਕਾਂ ਕਹਾਣੀਆਂ ਲਿਖੀਆਂ ਜੋ ਪੰਜਾਬੀ ਦੇ ਚਰਚਿਤ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੀਆਂ ਰਹੀਆਂ। ਉਨ੍ਹਾਂ ਦੀਆਂ ਪੰਜ ਕਿਤਾਬਾਂ ਪ੍ਰਕਾਸ਼ਤ ਹੋਈਆਂ, ‘ਹੱਕ ਦੀ ਮੰਗ’ ‘ਇੱਕ ਖ਼ਤ ਨਾਂ ਸੱਜਣਾ ਦੇ’ ‘ਆਪਣੇ ਹੀ ਉਹਲੇ’ ਕੰਧਾਂ ਅਤੇ ‘ਠੰਢੀ ਹਵਾ’। ਕੈਨੇਡਾ ਆਕੇ ਵੀ ਉਨ੍ਹਾਂ ਬਹੁਤ ਸਾਰੀਆਂ ਖੁਬਸੂਰਤ ਕਹਾਣੀਆਂ ਲਿਖੀਆਂ ਜੋ ਅਕਸਰ ਪਰਚਿਆਂ ਵਿੱਚ ਛਪਦੀਆਂ ਰਹੀਆਂ। ਉਹ ਉੱਤਰੀ ਅਮਰੀਕਾ ਵਿੱਚੋਂ ਸਾਹਿਤਕ ਪਰਚਾ ‘ਆਰ ਪਾਰ’ ਵੀ ਕੱਢਦੇ ਰਹੇ । ਇਸੇ ਪਰਚੇ ਦਾ ਉਨ੍ਹਾਂ ਕਨੇਡਾ ਕਹਾਣੀ ਵਿਸੇਸ਼ ਅੰਕ ਵੀ ਕੱਢਿਆ ਸੀ ਜੋ ਕਿ ਇਸ ਖਿੱਤੇ ਵਿੱਚ ਰਚੀ ਜਾਂਦੀ ਕਹਾਣੀ ਦੀਆਂ ਸੰਭਾਵਨਾਂ ਅਤੇ ਭਵਿੱਖ ਦ੍ਰਸ਼ਾਉਂਦਾ ਸੀ ਅਤੇ ਏਧਰ ਰਚੀ ਸਮੁੱਚੀ ਪੰਜਾਬੀ ਕਹਾਣੀ ਦੀ ਗੱਲ ਕਰਦਾ ਸੀ। ਬਾਹਰ ਰਚੀ ਜਾ ਰਹੀ ਪੰਜਾਬੀ ਕਹਾਣੀ ਬਾਰੇ ਭਾਰਤੀ ਪੰਜਾਬ ਵਿੱਚ ਅਨੇਕਾਂ ਲੇਖ ਛਪਦੇ ਹਨ ਜੋ ਕਿ ਚੰਗੀ ਕਹਾਣੀ ਲਿਖਣ ਵਾਲੇ ਸਿਰਫ ਇੱਕ ਦੋ ਲੇਖਕਾਂ ਦੀ ਗੱਲ ਹੀ ਕਰਦੇ ਹਨ, ਜਦੋਂ ਕਿ ਉਸਦਾ ਸਿਰਲੇਖ ਹੁੰਦਾ ਹੈ ‘ਪਰਵਾਸੀ ਕਹਾਣੀ’। ਅਲੋਚਕਾਂ ਨੂੰ ਚਾਹੀਦਾ ਹੈ ਕਿ ਜਦੋਂ ਉਹ ਉੱਤਰੀ ਅਮਰੀਕਾ ਵਿੱਚ ਰਚੀ ਜਾਂਦੀ ਕਹਾਣੀ ਦੀ ਗੱਲ ਕਰਨ ਤਾਂ ਉਹ ਸਮੁੱਚੀ ਕਹਾਣੀ ਦੀ ਗੱਲ ਹੋਵੇ ਨਾ ਕਿ ਸਿਰਫ ਚੰਗੀ ਕਹਾਣੀ ਦੀ ਹੀ ਗੱਲ। ਜੇ ਕੋਈ ਕਹਾਣੀਕਾਰ ਮਾੜੀ ਕਹਾਣੀ ਵੀ ਲਿਖਦਾ ਹੈ ਤਾਂ ਉਸ ਨੂੰ ਦੱਸਣਾ ਵੀ ਅਲੋਚਕਾਂ ਦਾ ਹੀ ਫਰਜ਼ ਹੈ। ਪਿਛਲੇ ਦਸਾਂ ਸਾਲਾਂ ਤੋਂ ਉੱਤਰੀ ਅਮਰੀਕਾ ਵਿੱਚ ਰਚੀ ਜਾ ਰਹੀ ਪੰਜਾਬੀ ਕਹਾਣੀ ਇਸੇ ਵਿਤਕਰੇ ਦਾ ਸਿ਼ਕਾਰ ਹੁੰਦੀ ਰਹੀ ਹੈ। ਅਗਰ ਕੋਈ ਲੇਖਕ ਕਿਸੇ ਸੰਪਾਦਕ ਜਾਂ ਅਲੋਚਕ ਦੀ ਆਉ ਭਗਤ ਕਰੇ, ਘੁਮਾਵੇ ਫਿਰਾਵੇ, ਫੰਡ ਇਕੱਠੇ ਕਰ ਕੇ ਦੇਵੇ ਤੇ ਜਾਣ ਲੱਗੇ ਦੀ ਮਾਇਕ ਮੱਦਦ ਵੀ ਕਰੇ ਤਾਂ ਉਸਦਾ ਜਿਕਰ ਲੋੜ ਤੋਂ ਵੱਧ ਹੁੰਦਾ ਹੈ ਤੇ ਬਾਕੀ ਸਾਹਿਤਕਾਰਾਂ ਨੂੰ ਅੱਖੋਂ ਪਰੋਖੇ ਕਰ ਦਿੱਤੇ ਜਾਂਦਾ ਹੈ। ਅਸੀਂ ਸਾਰੇ ਸਾਹਿਤਕ ਪ੍ਰਦੂਸ਼ਣ ਦੀ ਗੱਲ ਕਰਦੇ ਹੋਏ, ਗਲ਼ ਗਲ਼ ਤੱਕ ਆਪ ਵੀ ਇਸ ਵਿੱਚ ਧਸੇ ਪਏ ਹਾਂ।ਅਲੋਚਕਾਂ ਜਾਂ ਸੰਪਾਦਕਾਂ ਨੇ ਕਦੇ ਆਮ ਕਹਾਣੀਕਾਰ ਦਾ ਜਿ਼ਕਰ ਤੱਕ ਨਹੀਂ ਕੀਤਾ। ਅਜਿਹਾ ਉਨ੍ਹਾਂ ਦੀ ਅਲਪ ਜਾਣਕਾਰੀ ਦਾ ਪ੍ਰਤੀਕ ਹੈ। ਜੇ ਕਿਸੇ ਅਲੋਚਕ ਨੂੰ ਪੂਰਾ ਗਿਆਨ ਏਥੋਂ ਦੇ ਕਹਾਣੀਕਾਰਾਂ ਬਾਰੇ ਨਹੀਂ ਹੈ ਤੇ ਉਹ ਸਿਰਫ ਪੰਜਾਬ ਵਿੱਚ ਬਹਿ ਕੇ ਕੁੱਝ ਮੈਗਜ਼ੀਨਾਂ ਵਿੱਚ ਛਪਣ ਵਾਲੀਆਂ ਕਹਾਣੀਆਂ ਨੂੰ ਮੁੱਖ ਰੱਖ ਕੇ ਹੀ ਬਾਹਰ ਰਚੀ ਜਾ ਰਹੀ ਸਮੁੱਚੀ ਕਹਾਣੀ ਦਾ ਲੇਖਾ ਜੋਖਾ ਨਾ ਕਰੇ ਅਤੇ ਆਪਣੀ ਮਨ ਮਰਜੀ ਦੇ ਸਿੱਟੇ ਨਾ ਕੱਢੇ ਨਹੀਂ ਤਾਂ ਇਹ ਸਰਾਸਰ ਗ਼ਲਤ ਹੋਵੇਗਾ ਅਤੇ ਬਾਕੀ ਲੇਖਕਾਂ ਨਾਲ ਬੇਇਨਸਾਫੀ ਵੀ।
ਬਲਬੀਰ ਕੌਰ ਸੰਘੇੜਾ ਦੀ ਕਹਾਣੀ ‘ਮੁਕਤੀ’ ਦੀ ਗੱਲ ਕਰਨੀ ਚਾਂਹਾਗਾ। ਇਹ ਕੋਈ ਜੀਵਨ ਤੋਂ ਮੁਕਤੀ ਨਹੀਂ ਸਗੋਂ ਰਿਸ਼ਤਿਆਂ ਦੇ ਮੋਹ ਜਾਲ਼ ਤੋਂ ਮੁਕਤੀ ਦੀ ਗੱਲ ਹੈ। ਇਸ ਕਹਾਣੀਕਾਰਾ ਨੇ ਆਪਣੀਆਂ ਕਹਾਣੀਆਂ ਵਿੱਚ ਔਰਤ ਦੇ ਮਨੋਵਿਗਿਆਨ ਨੂੰ ਬੜੀ ਬਾਰੀਕੀ ਨਾਲ ਚਿਤਰਿਆ ਹੈ ਚਾਹੇ ਉਹ ਕਹਾਣੀ ‘ਸ਼ਮੀਮ’ ਵਿਚਲੀ ਸ਼ਮੀਮ ਹੋਵੇ ਜਾਂ ਫੇਰ ‘ਗ਼ਲਤ ਦਰਵਾਜਾ’ ਵਿਚਲੀ ਗੁਰਜੋਤ। ‘ਗ਼ਲਤ ਦਰਵਾਜ਼ਾ’ ਵਿਚਲੀ ਗੁਰਜੋਤ ਇਸਤਰੀ ਮਰਦ ਦੇ ਬਰਾਬਰ ਹੱਕ ਚਾਹੁੰਦੀ ਹੈ। ਜਦੋਂ ਇੱਕ ਔਰਤ ਗ਼ਲਤੀਆਂ ਅਤੇ ਗੁਨਾਹਾਂ ਵਿੱਚ ਬਰਾਬਰ ਦੀ ਹੱਕਦਾਰ ਹੈ ਤਾਂ ਬਾਕੀ ਖੇਤਰਾਂ ਵਿੱਚ ਕਿਉਂ ਨਹੀਂ? ਜੇ ਔਰਤ ਗ਼ਲਤੀ ਕਰੇ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ ਪਰ ਮਰਦ ਲਈ ਅਜਿਹੀ ਕੋਈ ਸਜਾ ਨਹੀਂ। ਫੇਰ ਇਹ ਬਰਾਬਰ ਦੇ ਹੱਕ ਕਿਵੇਂ ਹੋਏ? ਗ਼ਲਤੀ ਦੀ ਸਜ਼ਾ ਸਿਰਫ ਔਰਤਾਂ ਨੂੰ ਹੀ ਕਿਉਂ? ਇਹ ਗੁਰਜੋਤ ਦੇ ਮਨ ਵਿੱਚ ਬੀਤ ਰਹੀ ਕਹਾਣੀ ਹੈ। ਇਹ ਔਰਤਾਂ ਜੀਵਨ ਪ੍ਰਤੀ ਸਾਰਥਿਕ ਸੰਘਰਸ਼ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿੱਚ ਔਰਤ ਮਰਦ ਦੇ ਸਬੰਧਾਂ ਦੀ ਗੱਲ ਹੈ, ਪਤੀ ਪਤਨੀ ਦੇ ਰਿਸ਼ਤੇ ਦੀਆਂ ਅਨੇਕਾਂ ਪਰਤਾਂ ਹਨ। ਬਲਬੀਰ ਕੌਰ ਸੰਘੇੜਾ ਨੇ ਇੰਗਲੈਂਡ ਤੋਂ ਬਾਅਦ ਕੈਨੇਡਾ ਆਕੇ ਜੋ ਬਹੁਤ ਹੀ ਉੱਤਮ ਕਹਾਣੀਆਂ ਲਿਖੀਆਂ ਜਿਨਾਂ ਵਿੱਚ ‘ਮੈਂ ਵਿਕਾਊ ਨਹੀਂ’ ‘ਬੰਦ ਕਮਰਾ’ ‘ਖੰਭੇ’ ‘ਰਿਸ਼ਤਾ’ ‘ਅੱਗ’ ਚੀਕ ਅਤੇ ‘ਕੁਸੱਤ’ਕਹਾਣੀਆਂ ਵਰਨਿਣਯੋਗ ਹਨ।
ਔਰਤ ਦੀ ਮਨੋਦਸ਼ਾਂ ਨੂੰ ਬਿਆਨਣ ਲਈ ਹੋਰ ਵੀ ਕਈ ਔਰਤਾਂ ਕਹਾਣੀ ਖੇਤਰ ਵਿੱਚ ਅੱਗੇ ਆਈਆਂ। ਜਿਨ੍ਹਾਂ ਅਮਰੀਕਾ ਵਿੱਚ ਵਸੀ ਕਹਾਣੀ ਲੇਖਕਾ ਪ੍ਰਵੇਜ਼ ਸੰਧੂ ਦਾ ਨਾਂ ਮੁਢਲੀ ਕਤਾਰ ਵਿੱਚ ਸ਼ਾਮਲ ਹੈ। ਇਸ ਲੇਖਕਾ ਦਾ ਕਹਾਣੀ ਸੰਗ੍ਰਹਿ ‘ਮੁੱਠੀ ਭਰ ਸੁਪਨੇ’ ਕਹਾਣੀ ਜਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਪ੍ਰਵੇਜ ਸੰਧੂ ਦੀਆਂ ਕਹਾਣੀਆਂ ਦੀ ਵਿਲੱਖਣਤਾ ਨੇ ਅਲੋਚਕਾਂ ਦਾ ਧਿਆਨ ਖਿੱਚ੍ਹਿਆ ਹੈ ਤੇ ਉਸ ਦੀਆਂ ਕਈ ਕਹਾਣੀਆਂ ਚਰਚਾ ਵਿੱਚ ਰਹੀਆਂ ਹਨ। ਉਸਦੀ ਕਹਾਣੀ ‘ਸੌਕਣ’ ਇੱਕ ਅਜਿਹੀ ਔਰਤ ਦੀ ਕਹਾਣੀ ਹੈ ਜਿਸ ਦਾ ਦਰਦ ਨਿਵੇਕਲਾ ਹੈ। ਉਹ ਦਲੀਪ ਨਾਲ ਵਿਆਹ ਕਰਵਾਕੇ ਅਮਰੀਕਾ ਤਾਂ ਆ ਜਾਂਦੀ ਹੈ ਪਰ ਉਸ ਨੂੰ ਪਤੀ ਦਾ ਪਿਆਰ ਨਸੀਬ ਨਹੀਂ ਹੁੰਦਾ। ਇਹ ਵੀ ਨਹੀਂ ਕਿ ਨੀਨਾ ਦਾ ਪਤੀ ਉਸ ਨੂੰ ਨਫਰਤ ਕਰਦਾ ਜਾਂ ਕੁੱਟਦਾ ਮਾਰਦਾ ਹੈ। ਉਹ ਤਾਂ ਉਸਤੇ ਸ਼ੱਕ ਵੀ ਨਹੀਂ ਕਰਦਾ। ਦਲੀਪ ਤਾਂ ਇਹ ਵੀ ਆਖਦਾ ਹੈ ਕਿ ਜੇ ਉਹ ਕਿਸੇ ਹੋਰ ਮਰਦ ਨਾਲ ਸਬੰਧ ਬਣਾਉਣਾ ਚਾਹੇ ਤਾਂ ਵੀ ਉਸ ਨੂੰ ਕੋਈ ਇਤਰਾਜ ਨਹੀਂ। ਇਹ ਦਲੀਪ ਨਾਂ ਦਾ ਪਾਤਰ ਜੋ ਉਸਦਾ ਪਤੀ ਹੈ ਛੋਟਾ ਹੁੰਦਾ ਆਪਣੀ ਹੀ ਮਤਰੇਈ ਮਾਂ ਕੋਲੋ ‘ਸੈਕਸੂਅਲ ਅਸਾਲਟ’ ਹੁੰਦਾ ਰਿਹਾ ਹੋਣ ਕਾਰਨ ਔਰਤ ਪਿਆਰ ਤੋਂ ਉਸਦਾ ਮਨ ਭੱਜ ਉੱਠਦਾ ਹੈ। ‘ਸੌਕਣ’ ਦੀ ਘੁੰਡੀ ਉਸ ਵਕਤ ਖੁੱਲ੍ਹਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਉਹ ਕੋਈ ਔਰਤ ਨਹੀਂ ਸਗੋਂ ਦਲੀਪ ਦਾ ਸਾਥੀ ਗੋਰਾ ਮੁੰਡਾ ਜਿੱਮੀ ਹੈ। ਇੱਕ ਔਰਤ ਲਈ ਇਹ ਬ੍ਰਦਾਸ਼ਤ ਕਰਨਾ ਬਹੁਤ ਕਠਿਨ ਹੈ। ਉਹ ਆਪਣੀ ਮਾਂ ਨੂੰ ਆਪਣੀ ਵੇਦਨਾ ਦੱਸਦੀ ਹੈ। ਸਮਲਿੰਗੀ ਸਬੰਧਾਂ ਵਿੱਚੋਂ ਜਨਮੇ ਇਸ ਦੁਖਾਂਤ ਤੋਂ ਪ੍ਰਭਾਵਤ ਔਰਤ ਦੀ ਕਹਾਣੀ ‘ਸੌਕਣ’ ਇੱਕ ਆਪਣੀ ਹੀ ਤਰ੍ਹਾਂ ਦੀ ਕਹਾਣੀ ਹੈ। ਪ੍ਰਵੇਜ ਸੰਧੂ ਨੇ ਅਜਿਹੇ ਮਨੋਵਿਗਿਆਨਕ ਯਥਾਰਥ ਨੂੰ ਦ੍ਰਸ਼ਾਉਂਦੀਆਂ ਹੋਰ ਵੀ ਕਹਾਣੀਆਂ ਲਿਖੀਆਂ ਹਨ। ਅਮਰੀਕਾ ਵਿੱਚ ਰਹਿ ਰਹੀ ਇੱਕ ਹੋਰ ਕਹਾਣੀ ਲੇਖਕਾ ਰਾਣੀ ਨਗੇਂਦਰ ਵੀ ਕਹਾਣੀ ਖੇਤਰ ਵਿੱਚ ਆਪਣੀ ਵਿਸ਼ੇਸ਼ ਪਛਾਣ ਰੱਖਦੀ ਹੈ। ਜਸਵੀਰ ਕੌਰ ਇੱਕ ਅਜਿਹੀ ਲੇਖਿਕਾ ਹੈ ਜਿਸ ਦੀਆਂ ਕਹਾਣੀਆਂ ਨਾਗਮਣੀ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਸਨ। ਇਸੇ ਤਰ੍ਹਾਂ ਜਗਜੀਤ ਬਰਾੜ ਵੀ ਇੱਕ ਅਜਿਹਾ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਨੇ ਸਮੁੱਚੇ ਕਥਾ ਜਗਤ ਨੂੰ ਪ੍ਰਭਾਵਤ ਕੀਤਾ ਹੈ। ਉਸ ਦੀ ਕਹਾਣੀ ‘ਵਾਪਸੀ’ ਇੱਕ ਅਜਿਹੀ ਹੀ ਕਹਾਣੀ ਹੈ ਜੋ ਸਮਾਜ ਦੇ ਖੋਖਲੇ ਪ੍ਰਬੰਧ ਤੇ ਤਿੱਖਾ ਵਿਅੰਗ ਕਸਦੀ ਹੈ। ਜਿੱਥੇ ਪੈਸਾ ਧਰਮ ਨਾਲੋਂ ਕਿੱਤੇ ਵੱਧ ਮਹੱਤਵ ਪੂਰਨ ਹੈ ਜਿਸ ਦੀ ਸ਼ਕਤੀ ਨਾਲ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਸਾਬਤ ਕੀਤਾ ਜਾ ਰਿਹਾ ਹੈ।
ਟੋਰਾਂਟੋ ਆਕੇ ਵਸੇ ਕਹਾਣੀਕਾਰਾਂ ਵਿੱਚ ਬਲਬੀਰ ਸਿੰਘ ਮੋਮੀ ਵੀ ਨਾਮਵਰ ਕਹਾਣੀਕਾਰ ਹਨ। ਉਹਨਾਂ ਦੇ ਹੁਣ ਤੱਕ ਪੰਜ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਜਿਨਾਂ ਵਿੱਚ ‘ਮਸਾਲੇ ਵਾਲਾ ਘੋੜਾ’ ‘ਜੇ ਮੈਂ ਮਰ ਜਾਵਾਂ’ ‘ਸ਼ੀਸ਼ੇ ਦਾ ਮਮੁੰਦਰ’ ਸਾਰ ਦਾ ਬੂਝਾ’ ਅਤੇ ‘ਫੁੱਲ ਖਿੜੇ ਹਨ’। ਇਸ ਕਹਾਣੀਕਾਰ ਨੇ ਜਿ਼ਆਦਾ ਕਹਾਣੀਆਂ ਪੰਜਾਬ ਰਹਿ ਕੇ ਹੀ ਲਿਖੀਆਂ ਕੁੱਝ ਕੁ ਕਹਾਣੀਆਂ ਅਜਿਹੀਆਂ ਵੀ ਹਨ ਜੋ ਉਨ੍ਹਾਂ ਏਧਰ ਆ ਕੇ ਲਿਖੀਆਂ। ਪਿੱਛੇ ਜਿਹੇ ਉਨ੍ਹਾ ਦੀ ਇੱਕ ਵੱਡ ਅਕਾਰੀ ਪੁਸਤਕ ‘ਬਲਬੀਰ ਸਿੰਘ ਮੋਮੀ ਦਾ ਰਚਨਾ ਸੰਸਾਰ’ ਵੀ ਪ੍ਰਕਾਸ਼ਤ ਹੋਈ ਹੈ। ਟੋਰਾਂਟੋ ਵਿੱਚ ਅੱਜ ਕੱਲ ਸਰਗਰਮੀ ਨਾਲ ਕਹਾਣੀ ਲਿਖੀ ਜਾ ਰਹੀ ਹੈ। ਤ੍ਰੈ ਮਾਸਿਕ ਕਹਾਣੀ ਬੈਠਕਾਂ ਦਾ ਸਿਲਸਲਾ ਲਗਾਤਾਰ ਚੱਲਦਾ ਹੈ। ਜਿਨ੍ਹਾਂ ਵਿੱਚ ਬਹੁਤ ਚੰਗੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਕਹਾਣੀ ਬੈਠਕਾਂ ਦੀ ਹੀ ਦੇਣ ਹੈ ਸਮਰੱਥ ਕਹਾਣੀਕਾਰ ਕੁਲਜੀਤ ਮਾਨ ਜੋ ਆਪਣੀ ਪਲੇਠੀ ਪੁਸਤਕ ‘ਪੁੱਤਰ ਦਾਨ’ ਨਾਲ ਆਪਣੀ ਨਿਵੇਕਲੀ ਪਛਾਣ ਬਣਾ ਚੁੱਕਿਆ ਹੈ। ਇਨ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨਾਮਵਰ ਪਰਚਿਆਂ ਵਿੱਚ ਵੀ ਛਪਦੀਆਂ ਰਹਿੰਦੀਆਂ ਹਨ। ਲਗਾਤਾਰ ਲਿਖਣ ਵਾਲਿਆਂ ਵਿੱਚ ਇੱਕ ਨਾਂ ਜਰਨੈਲ ਸਿੰਘ ਗਰਚਾ ਦਾ ਵੀ ਹੈ। ਉਨ੍ਹਾਂ ਦਾ ਕਹਾਣੀ ਸੰਗ੍ਰਹਿ ‘ਲਿੱਲੀ’ ਅਤੇ ‘ਸੱਚ ਦਾ ਮੁੱਲ’ ਕੈਨੇਡਾ ਦੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਹਨ। ਆਪਣੀਆਂ ਕਹਾਣੀਆਂ ਵਿੱਚ ਜਿੱਥੇ ਉਹ ਉਹ ਪੇਂਡੂ ਜੀਵਨ ਦਾ ਭਰਪੂਰ ਵਰਨਿਣ ਕਰਦੇ ਹਨ ਉੱਥੇ ਏਧਰ ਆਕੇ ਵਸੇ ਪੰਜਾਬੀ ਪਰਿਵਾਰਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਵੀ ਉਲੀਕਦੇ ਹਨ। ਉਨ੍ਹਾਂ ਦੀ ਭਾਸ਼ਾ ਠੇਠ ਠੁੱਕਦਾਰ ਪੰਜਾਬੀ, ਜੋ ਮੁਹਾਵਰਿਆਂ ਨਾਲ ਭਰਪੂਰ ਹੁੰਦੀ ਹੈ। ਉਨ੍ਹਾਂ ਦੀ ਕਹਾਣੀ ‘ਸੰਤਾਪ’ ਖੜਸੋਕੜ ਰੁੱਖ’‘ਆਲਣਾ’ ਅਤੇ ਅਨੇਕਾਂ ਹੋਰ ਕਹਾਣੀਆਂ ਕੈਨੇਡਾ ਵਿੱਚ ਵਸੇ ਪੰਜਾਬੀ ਪਰਿਵਾਰਾ ਦੇ ਜੀਵਨ ਤੇ ਬੜੀ ਸਫਲਤਾ ਨਾਲ ਝਾਤ ਪਵਾਉਂਦੀਆਂ ਹਨ।
ਪਰਵਾਸ ਵਿੱਚ ਰਹਿ ਕੇ ਰੋਜੀ ਰੋਟੀ ਕਮਾਉਣ ਦੇ ਨਾਲ ਨਾਲ ਪੰਜਾਬੀ ਲੇਖਕਾਂ ਪੰਜਾਬੀ ਕਹਾਣੀ ਨੂੰ ਨਵੇਂ ਨਵੇਂ ਵਿਸ਼ੇ ਦਿੱਤੇ। ਅਸੀਂ ਜਿੰਨਾਂ ਮੁਲਕਾਂ ਵਿੱਚ ਰਹਿ ਰਹੇ ਹਾਂ ਇਹ ਸਮਾਜਿਕ ਆਰਥਿਕ ਅਤੇ ਵਿਗਿਆਨਕ ਖੇਤਰ ਵਿੱਚ ਬਹੁਤ ਤਰੱਕੀ ਕਰ ਚੁੱਕੇ ਹਨ। ਸਾਡੀਆਂ ਕਹਾਣੀਆਂ ਦੇ ਵਿਸ਼ੇ ਵੀ ਸੱਭਿਆਚਾਰਕ ਟਕਰਾਅ, ਸਮਾਜਿਕ ਰਿਸ਼ਤੇ ਅਤੇ ਆਰਥਿਕਤਾ ਦੇ ਦੁਆਲੇ ਹੀ ਘੁੰਮਦੇ ਰਹੇ ਹਨ। ਪਰ ਡਾ: ਅਮਰਜੀਤ ਸਿੰਘ ਇੱਕ ਅਜਿਹਾ ਕਹਾਣੀਕਾਰ ਹੈ ਜਿਨ੍ਹਾਂ ਨੇ ਏਹਨਾਂ ਵਿਸਿ਼ਆਂ ਤੋਂ ਹਟ ਕੇ ਵਿਗਿਆਨ ਸਬੰਧੀ ਬਹੁਤ ਅੱਛੀਆਂ ਕਹਾਣੀਆਂ ਲਿਖੀਆਂ। ਇਨ੍ਹਾਂ ਕਹਾਣੀਆਂ ਵਿੱਚ ਜਿੱਥੇ ‘ਸਾਇੰਸ ਫਿਕਸ਼ਨ’ ਹੈ ਉੱਥੇ ਇਹ ਕਹਾਣੀਆਂ ਭਵਿੱਖ-ਮੁੱਖੀ ਹਨ ਜੋ ਮਨੁੱਖ ਦੇ ਜੀਵਨ ਵਿੱਚ ਪੈਦਾ ਹੋਣ ਵਾਲੇ ਬਦਲਾਵਾਂ ਅਤੇ ਰਿਸ਼ਤਿਆਂ ਨੂੰ ਪੇਸ਼ ਕਰਦੀਆਂ ਹੋਈਆਂ ਪਾਠਕ ਨੂੰ ਸੁਚੇਤ ਕਰਦੀਆਂ ਹਨ। ਉਨ੍ਹਾਂ ਦੇ ਕਹਾਣ ਿਸੰਗ੍ਰਹਿ ‘ਚਿੱਪ ਦੇ ਅੰਦਰ’ (1997) ਵਿੱਚ ਏਸੇ ਕਿਸਮ ਦੀਆਂ ਬਾਰਾਂ ਕਹਾਣੀਆਂ ਹਨ। ਉਨ੍ਹਾਂ ਦੀ ਕਹਾਣੀ ‘ਚਿੱਪ ਦੇ ਅੰਦਰ’ ਅਤੇ ‘ਇੱਕ ਦਿਨ ਧਰਤੀ ਦਾ’ ਵਿਗਿਆਨ ਬਾਰੇ ਹਨ ਅਤੇ ਇਸਦੇ ਨਾਲ ਨਾਲ ‘ਤੇਰੀ ਦਹਿਲੀਜ਼ ਤੇ’ ‘ਦਸਤਾਰ’ ਅਤੇ ‘ਆਲਣਾ’ ਮਨੁੱਖੀ ਰਿਸ਼ਤਿਆਂ ਬਾਰੇ ਖੂਬਸੂਰਤ ਕਹਾਣੀਆਂ ਹਨ। ਉਨ੍ਹਾਂ ਦੀਆਂ ਕਹਾਣੀਆਂ ਤਕਨੀਕ ਪੱਖੋਂ ਭਾਵੇਂ ਕੰਮਜ਼ੋਰ ਹੋਣ ਪਰ ਵਿਸ਼ੇ ਪੱਖੋਂ ਇਹ ਨਵੀਂ ਪਿਰਤ ਪਾਉਣ ਵਾਲੀਆਂ ਕਹਾਣੀਆਂ ਹਨ। ਪ੍ਰਿਤਪਾਲ ਸਿੰਘ ਬਿੰਦਰਾ ਨੇ ਵੀ ਪੰਜਾਬੀ ਧਰਾਤਲ ਵਾਲੀਆਂ ਕਹਾਣੀਆਂ ਅੰਗਰੇਜ਼ੀ ਜ਼ੁਬਾਨ ਵਿੱਚ ਲਿਖੀਆਂ ਹਨ। ਉਨ੍ਹਾਂ ਦਾ ਕਹਾਣੀ ਸੰਗ੍ਰਹਿ ‘ਮੁਕਲਾਵਾ’ਵੀ ਏਥੋਂ ਦੀ ਨੌਜਵਾਨ ਪੀੜੀ ਦਾ ਧਿਆਨ ਖਿੱਚਣ ਵਿੱਚ ਸਫਲ ਹੋਇਆ ਹੈ ਜਿਸ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਪੈਦਾ ਹੋ ਰਹੇ ਦਵੰਦ ਨੂੰ ਪੇਸ਼ ਕੀਤਾ ਗਿਆ ਹੈ।
ਬ੍ਰਟਿਸ਼ ਕੁਲੰਬੀਆਂ ਦਾ ਇੱਕ ਹੋਰ ਚਰਚਿਤ ਕਹਾਣੀਕਾਰ ਹੈ ਅਮਰਜੀਤ ਚਾਹਲ, ਜਿਸ ਦੀ ਪੁਸਤਕ ‘ਬਾਹਰੋਂ ਆਇਆ ਆਦਮੀ’ ਪ੍ਰਕਾਸ਼ਤ ਹੋਈ ਹੈ। ਹਰਪ੍ਰੀਤ ਸੇਖਾ ਨੇ ਵੀ ਚੰਗੀਆਂ ਕਹਾਣੀਆਂ ਲਿਖੀਆਂ ਹਨ ਜਿਨਾਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਸੁਸ਼ੀਲ ਕੋਰ ਉਨ੍ਹਾਂ ਦਾ ਕਹਾਣੀ ਸੰਗ੍ਰਹਿ ‘ਝਰੀਟਾਂ’ 1992 9ਵੱਚ ਪ੍ਰਕਾਸ਼ਤ ਹੋ ਚੁੱਕਾ ਹੈ। ਏਨ੍ਹਾਂ ਤੋਂ ਇਲਾਵਾ ਕੁੱਝ ਹੋਰ ਕਹਾਣੀਕਾਰਾ ਦੀਆਂ ਕਹਾਣੀਆਂ ਵੀ ਵੀ ਪੜ੍ਹਨ ਨੂੰ ਮਿਲੀਆਂ ਜਿਨ੍ਹਾਂ ਵਿੱਚ ਡ: ਸਾਧੂ ਸਿੰਘ ਦੀ ‘ਡਬਲ ਰਾਈਡਿੰਗ’ ਗੁਰਬਚਨ ਕੌਰ ਬਚਨ ਦੀ ‘ਗਏ ਘਰ ਦੀ ਧੀ’ ਗੁਰਮੀਤ ਸਿੰਘ ਟਿਵਾਣਾ ਦੀ ‘ਸ਼ਰਬਤੀ’ ਹਰਚੰਦ ਸਿੰਘ ਬਾਗੜੀ ਦੀ ‘ਸੱਪ ਤੇ ਸੋਟੀਆਂ’ ਅਤੇ ਕੁੱਝ ਕਹਾਣੀਆਂ ਮੋਹਣ ਗਿੱਲ ਵਲੋਂ ਵੀ ਲਿਖੀਆਂ ਗਈਆਂ।
ਵਿਨੀਪੈੱਗ ਵਿੱਚ ਰਹਿ ਰਹੇ ਲੇਖਕ ਯੁਵਰਾਜ ਰਤਨ ਦੀਆਂ ਦੀਆਂ ਵੀ ਕਾਫੀ ਕਹਾਣੀਆਂ ਦੇਸ਼ ਬਿਦੇਸ਼ ਵਿੱਚ ਛਪੀਆਂ । ਉਨ੍ਹਾਂ ਦਾ ਕਹਾਣੀ ਸੰਗ੍ਰਹਿ ‘ਧਰਤੀ ਦੇ ਉਸ ਪਾਰ’ ਵੀ ਛਪ ਚੁੱਕਾ ਹੈ। ਇਸੇ ਤਰ੍ਹਾਂ ਜੋਗਿੰਦਰ ਸਮਸ਼ੇਰ ਵੀ ਇੱਕ ਸਫਲ ਕਹਾਣੀਕਾਰ ਹਨ ਜਿਨ੍ਹਾਂ ਨੇ ‘ਸਰਦਾਰ ਰੁਲਿ਼ਆ ਸਿੰਘ’ ਵਰਗੀਆਂ ਕਈ ਹੋਰ ਕਹਾਣੀਆਂ ਵੀ ਲਿਖੀਆਂ। ਆਪਣੇ ਖੋਜ਼ ਕਾਰਜ ਦੇ ਨਾਲ ਨਾਲ ਉਹ ਕਹਾਣੀਆਂ ਵੀ ਰਚਦੇ ਰਹੇ। ਕਹਾਣੀ ਖੇਤਰ ਵਿੱਚ ਵਡਮੁੱਲਾ ਯੋਗਦਾਨ ਕਸ਼ਮੀਰਾ ਸਿੰਘ ਚਮਨ ਵਲੋਂ ਪਾਇਆ ਗਿਆ ਹੈ। ਉਨ੍ਹਾਂ ਦੀ ਪੁਸਤਕ ‘ਦਿਲਾਂ ਦੇ ਰਿਸ਼ਤੇ’ਵਿਚਲੀਆਂ ਕਹਾਣੀਆਂ ਨਿਵੇਕਲੇ ਅੰਦਾਜ਼ ਵਾਲੀਆਂ ਕਹਾਣੀਆਂ ਹਨ।‘ਦਿਲਾਂ ਦੇ ਰਸ਼ਤੇ’ ਕਹਾਣੀ ਵਿੱਚ ਵਿੱਚ ਉਹ 1947 ਵਿੱਚ ਵਿਛੜੇ ਪਰਿਵਾਰ ਨੂੰ ਦੋਬਾਰਾ ਫੇਰ ਕੈਨੇਡਾ ਵਿੱਚ ਮਿਲਦੇ ਦਿਖਾਉਂਦਾ ਹੈ। ਮੁਹੱਮਦ ਸਦੀਕ, ਉਸਦੀ ਭੈਣ ਨੂਰਾਂ ਅਤੇ ਮਹਾਂ ਸਿੰਘ ਦਾ ਮਿਲਣਾ ਇੱਕ ਨਵੇਂਯੁੱਗ ਦੀ ਸੁਰੂਆਤ ਕਰਦਾ ਹੈ। ਇਸੇ ਤਰਾਂ ਉਨ੍ਹਾਂ ਦੀ ਕਹਾਣੀ ‘ਰੰਗ ਤਮਾਸ਼ੇ’ ਜਿਥੇ ਕੈਨੇਡਾ ਦੇ ਜੀਵਨ ਬਾਰੇ ਗੱਲ ਕਰਦ ਿਹੈ ਉਥੇ ‘ਅੱਤ ਦਾ ਅੰਤ’ ‘ਰੰਗ ਨਿਆਰੇ’ ਵਰਗੀਆਂ ਕਹਾਣੀਆਂ ਭਾਰਤੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੀਆਂ ਹਨ। ਉਹ ਹੁਣ ਤੱਕ ਅੱਠ ਕਿਤਾਬਾਂ ਛਪਵਾ ਚੁੱਕੇ ਹਨ। ਕੈਨੇਡਾ ਆਕੇ ਵਸਿਆ ਇੱਕ ਹੋਰ ਕਹਾਣੀਕਾਰ ਇਕਬਾਲ ਅਰਪਣ ਹੈ ਜਿਸ ਦੀਆਂ ਛੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਜਿਨਾਂ ਵਿੱਚ ‘ਪਰਾਈ ਧਰਤੀ’ ‘ਆਫਰੇ ਹੋਏ ਲੋਕ’ ‘ਮੌਤ ਦਾ ਸੁਪਨਾ’ ‘ਗੁਆਚੇ ਰਾਹ’ ‘ਕਬਰ ਦਾ ਫੁੱਲ’ ਅਤੇ ‘ਸੁਨੱਖਾ ਦਰਦ’ ਹਨ।
ਉੱਤਰੀ ਅਮਰੀਕਾ ਵਿੱਚ ਇਸ ਵਕਤ ਕਹਾਣੀ ਉੱਪਰ ਸਭ ਤੋਂ ਜਿਆਦਾ ਕੰਮ ਹੋ ਰਿਹਾ ਹੈ। ਉੱਚ ਪਾਏ ਦੀ ਕਹਾਣੀ ਲਿਖਣ ਵਾਲਿਆ ਵਿੱਚ ਕੁਲਜੀਤ ਮਾਨ ਦਾ ਨਾਂ ਕਾਫੀ ਉੱਭਰ ਕੇ ਸਾਹਮਣੇ ਆਇਅ ਹੈ। ਕੁਲਜੀਤ ਮਾਨ ਦੀ ਕਹਾਣੀ ‘ਬਲਿਊ ਪਰਿੰਟ’ ‘ਛੱਤੇ’ ‘ਪੁੱਤ-ਦਾਨ’ ‘ਪਗਡੰਡੀ’ ‘ਨਿਕਰਮਣ’ ‘ਵਿਚਲੀ ਉਂਗਲ’ ਅਤੇ ਹੋਰ ਕੁੱਝ ਕਹਾਣੀਆਂ ਬਹੁਤ ਹੀ ਸਫਲ ਕਹਾਣੀਆਂ ਹਨ ਜਿਨਾਂ ਵਿੱਚ ਮਨੁੱਖੀ ਮਨ ਦੀਆਂ ਅਣਗਿਣਤ ਤਹਿਆਂ ਨੂੰ ਫਰੋਲਿਆ ਗਿਆ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰ ਇੱਕ ਦਰਦ ਨਾਲ ਬਿੰਨੇ ਹੋਏ ਹਨ ਭਾਵੇਂ ਉਹ ‘ਪਗਡੰਡੀ’ਦਾ ਫੌਜੀ ਸਮਸ਼ੇਰ ਸਿੰਘ ਹੋਵੇ, ‘ਨਿਕਰਮ’ ਦੀ ਮੀਨਾ ਜਾਂ ਉਸਦੀਆਂ ਹੋਰ ਕਹਾਣੀਆਂ ਦੇ ਮੁੱਖ ਪਾਤਰ। ਪਾਠਕ ਆਪਣੇ ਮਨ ਵਿੱਚ ਇੱਕ ਦਰਦ ਦਾ ਸੰਚਾਰ ਮਹਿਸੂਸ ਕਰਦਾ ਹੈ। ਕੁਲਜੀਤ ਮਾਨ ਕੋਲ਼ ਕਹਾਣੀ ਗੁੰਦਣ ਦੀ ਜਾਂਚ ਹੈ। ਕਹਾਣੀ ਕਹਿਣ ਲੱਗਿਆਂ ਉਸ ਕੋਲ਼ ਸ਼ਬਦਾਂ ਦਾ ਅਥਾਹ ਭੰਡਾਰ ਹੁੰਦਾ ਹੈ ਜਿਨ੍ਹਾਂ ਨਾਲ ਉਹ ਹਰ ਕਠਿਨ ਵਿਸ਼ੇ ਤੇ ਵੀ ਬਹੁਤ ਅਸਾਨੀ ਨਾਲ ਕਹਾਣੀ ਉਸਾਰਦਾ ਚਲਾ ਜਾਂਦਾ ਹੈ।
ਇਸੇ ਤਰ੍ਹਾਂ ਨੌਜਵਾਨ ਕਹਾਣੀਕਾਰ ਸੁਖਜੀਤ ਲਹਿਲ ਦੀਆਂ ਕਹਾਣੀਆਂ ਹਨ ਜਿਨਾਂ ਵਿੱਚ ‘ਕੁਦੇਸਣ’ ‘ਬਾਬਾ ਤੇਰੀ ਧਰਤੀ ਤੇ’ਅਤੇ ‘ਧੀਆਂ ਵਾਲੇ’ ਕਾਫੀ ਚਰਚਿਤ ਹੋਈਆਂ। ‘ਕੁਦੇਸਣ’ ਕਹਾਣੀ ਦੀ ਕੁਦੇਸਣ ਉਨ੍ਹਾਂ ਗਰੀਬ ਔਰਤ ਦਾ ਦੁਖਾਂਤ ਪੇਸ਼ ਕਰਦੀ ਹੈ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਵਿਆਹ ਕਰਵਾ ਕੇ ਘਰਾਂ ਵਿੱਚ ਤਾਂ ਰੱਖ ਲੈਂਦੇ ਹਨ ਪਰ ‘ਘਰ ਵਾਲੀਆਂ’ ਹੋਣ ਦਾ ਹੱਕ ਨਹੀਂ ਦਿੰਦੇ। ਸੁਖਜੀਤ ਦੀਆਂ ਕਈ ਕਹਾਣੀਆਂ ਨੇ ਵੱਡੇ ਵੱਡੇ ਸਾਹਿਤਕਾਰਾਂ ਨੂੰ ਵੀ ਪ੍ਰਭਾਵਤ ਕੀਤਾ। ਇਹ ਲੇਖਕ ਬੜੀ ਸਰਲਤਾ ਅਤੇ ਸਹਿਜਤਾ ਨਾਲ ਕਹਾਣੀ ਦਾ ਤਾਣਾ ਪੇਟਾ ਉਸਾਰਦਾ ਹੈ ਤੇ ਫੇਰ ਪਾਠਕ ਦੁਆਲੇ ਉਸਦੀ ਕਹਾਣੀ ਦੀ ਪਕੜ ਪੀਡੀ ਹੁੰਦੀ ਚਲੀ ਜਾਂਦੀ ਹੈ। ਇਸ ਲੇਖਕ ਤੋਂ ਵੀ ਬਹੁਤ ਸੰਭਾਵਨਾਵਾਂ ਸਨ ਪਰ ਪਿਛਲੇ ਕੁੱਝ ਸਾਲਾਂ ਤੋਂ ਉਸ ਦੀ ਚੁੱਪ ਰੜਕਦੀ ਹੈ।
ਟੋਰਾਂਟੋ ਦੀ ਕਹਾਣੀ ਨੂੰ ਇਸ ਪੱਧਰ ਤੇ ਲਿਆਉਣ ਲਈ ਉਨ੍ਹਾਂ ਸਭ ਕਹਾਣੀ ਲੇਖਕਾਂ ਦਾ ਭਰਪੂਰ ਯੋਗਦਾਨ ਰਿਹਾ ਹੈ ਜਿਨਾਂ ਨੇ ਇਸ ਵਿਧਾ ਲਈ ਦਹਾਕਿਆਂ ਤੋਂ ਮਿਹਨਤ ਕੀਤੀ। ਇਨ੍ਹਾਂ ਵਿੱਚ ਮਿੰਨੀ ਗਰੇਵਾਲ ਇੱਕ ਅਜਿਹੀ ਲੇਖਕਾ ਹੈ ਜਿਸ ਦਾ ਕਾਫੀ ਅਰਸਾ ਪਹਿਲਾਂ ਇੱਕ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋਇਆ ਸੀ ‘ਕੈਕਟਸ ਦੇ ਫੁੱਲ’ ਤੇ ਹੁਣੇ ਜਿਹੇ ਪ੍ਰਕਾਸ਼ਤ ਹੋਇਆ ਹੈ ‘ਫਾਨੂਸ’। ਮਿੰਨੀ ਗਰੇਵਾਲ ਅੱਜ ਵੀ ਬਹੁਤ ਖ਼ੂਬਸੂਰਤ ਕਹਾਣੀ ਰਚਦੀ ਹੈ। ਪਿੱਛੇ ਜਿਹੇ ਉਸ ਨੇ ਏਥੋਂ ਦੇ ਜੀਵਨ ਬਾਰੇ ਬਹੁਤ ਚੰਗੀਆਂ ਕਹਾਣੀਆਂ ਲਿਖੀਆਂ। ‘ਸੁਪਨਿਆਂ ਦਾ ਰਿਸ਼ਤਾ’ ਕਹਾਣੀ ਵਿੱਚ ਅਪਾਰਟਮੈਂਟਾਂ ਵਿੱਚ ਇਕੱਲ ਭੋਗ ਰਹੇ ਵਿਅੱਕਤੀ ਅਸ਼ੋਕ ਦੇ ਮੋਨੋਵਿਗਿਆਨ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਬਿਆਨਿਆ ਗਿਆ ਹੈ। ਇਸੇ ਤਰਾਂ ਕਹਾਣੀ ‘ਅਨਟੱਚੇਬਲ’ ਵਿੱਚ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੀ ਮਜ਼ਬੂਰ ਔਰਤ ਵਲੋਂ ਭੁਲੇਖੇ ਨਾਲ ਹੋਈ ਚੋਰੀ ਅਤੇ ਉਸਦੇ ਮਨ ਵਿੱਚ ਆ ਰਹੇ ਉਤਰਾ ਚੜ੍ਹਾਅ ਉਸਦੀ ਮਜਬੂਤ ਕਲਾ ਦੇ ਪਹਿਲੂ ਹਨ। ਹੋਰ ਵੀ ਬਹੁਤ ਸਾਰੇ ਅਣਛੋਹੇ ਵਿਸਿ਼ਆਂ ਉੱਪਰ ਉਨਾਂ ਲਿਖਿਆ ਹੈ। ‘ਇੱਕ ਸੁਆਲ’ ਕਹਾਣੀ ਵਿੱਚ ਲੇਖਿਕਾ ‘ਮਦਰਜ਼ ਡੇਅ’ ਤੇ ਦਿੱਤੇ ਜਾਂਦੇ ਤੋਹਫਿਆਂ ਦੇ ਵਿਉਪਾਰਕ ਵਰਤਾ ਨੂੰ ਬਹੁਤ ਅੱਛੀ ਤਰ੍ਹਾਂ ਬਿਆਨਦੀ ਹੈ। ਜਿੱਥੇ ਪੁੱਤਰ ਆਪਣੀ ਪਤਨੀ ਨੂੰ ਤੋਹਫੇ ਤਾਂ ਦੇ ਸਕਦਾ ਹੈ ਪਰ ਮਾਂ ਨੂੰ ਨਹੀਂ। ਮਾਂ ਲਈ ਇਹ ਤੋਹਫਾ ਨਾ ਮਿਲਣਾ ਆਪਣੇ ਪੁੱਤ ਦੇ ਪਿਆਰ ਲਈ ਸਵਾਲੀਆ ਚਿੰਨ ਪੈਦਾ ਕਰ ਦਿੰਦਾ ਹੈ। ਇਸ ਕਹਾਣੀ ਦਾ ਨਿਭਾਅ ਵੀ ਬਹੁਤ ਅੱਛਾ ਹੈ।
ਪਰਮਜੀਤ ਕੌਰ ਮੋਮੀ ਏਸੇ ਖਿੱਤੇ ਵਿੱਚ ਰਹਿ ਰਹੀ ਇੱਕ ਹੋਰ ਹੋਣਹਾਰ ਕਹਾਣੀਕਾਰਾ ਹੈ ਜਿਸ ਨੇ ਕਾਫੀ ਵਧੀਆ ਕਹਾਣੀਆਂ ਲਿਖ ਕੇ ਆਪਣੀ ਪਛਾਣ ਸਥਾਪਿਤ ਕੀਤੀ ਹੈ। ਉਨ੍ਹਾਂ ਦੀ ਕਹਾਣੀ ‘ਕੰਮੋ’ ਵਿਚਲੀ ਕੰਮੋਂ ਕੈਨੇਡਾ ਤੋਂ ਗਈ ਪਾਤਰ ਪੰਮੀ ਨੂੰ ਕੈਨੇਡਾ ਸਬੰਧੀ ਪੁੱਛਦੀ ਹੈ ਜਿਸਦੀ ਗੱਲਬਾਤ ਵਿੱਚੋਂ ਕੈਨੇਡਾ ਵਿੱਚੋਂ ਗਈ ਸਰਪੰਚਾ ਦੀ ਨੂੰਹ ਵਾਂਗੂੰ ਲੋਕਾਂ ਦੇ ਦਿਖਾਵਿਆਂ ਤੇ ਦੂਹਰੇ ਕਿਰਦਾਰਾਂ ਤੇ ਭਰਪੂਰ ਚੋਟ ਕੀਤੀ ਗਈ ਹੈ। ਜੋ ਪੰਜਾਬ ਵਿੱਚ ਜਾਕੇ ਕੰਮੋਂ ਵਰਗੀਆਂ ਮਜ਼ਬੂਰ ਅਤੇ ਗਰੀਬ ਔਰਤਾਂ ਦਾ ਸੋਸ਼ਣ ਕਰਦੇ ਹਨ ਤੇ ਝੂਠ ਬੋਲਦੇ ਹਨ। ਇਹ ਵਰਿਆਂ ਤੱਕ ਯਾਦ ਰੱਖੀ ਜਾ ਸਕਣ ਵਾਲੀ ਕਹਾਣੀ ਹੈ। ਇਸੇ ਤਰ੍ਹਾਂ ਉਸਦੀ ਕਹਾਣੀ ‘ਖ਼ਾਮੋਸ਼ੀ’ ਹੈ ਜਿਸ ਵਿੱਚ ਨੀਨਾ ਨਾਂ ਦੀ ਇੱਕ ਬਹੁਤ ਹੀ ਸੰਵੇਦਨਸ਼ੀਲ ਲੜਕੀ ਵਿਆਹ ਪਿੱਛੋਂ ਟੋਰਾਂਟੋ ਆਕੇ ਦੂਸਰੀ ਪਤਨੀ ਹੋਣ ਦਾ ਦਰਦ ਭੋਗਦੀ ਹੈ। ਉਸ ਦਾ ਪਤੀ ਰਾਜਿੰਦਰ ਸਿੰਘ ਜੋ ਵਿਆਹ ਤੋਂ ਪਹਿਲਾਂ ਕਿਸੇ ਹੋਰ ਔਰਤ ਨਾਲ ਸਬੰਧ ਬਣਾ ਕੇ ਨਤਾਸ਼ਾ ਨਾਂ ਦੀ ਬੱਚੀ ਵੀ ਪੈਦਾ ਕਰ ਲੈਂਦਾ ਹੈ ਉਸਦੀ ਸਜ਼ਾ ਨੀਨਾ ਨੂੰ ਮਿਲਦੀ ਹੈ ਜਿਸਦੇ ਖਿਲਾਫ ਉਹ ਲੜਦੀ ਹੈ।ਉਨ੍ਹਾ ਦੀ ਕਹਾਣੀ ‘ਬਦਲਦੇ ਰਿਸ਼ਤੇ’ਵੀ ਬਹੁਤ ਚੰਗੀ ਕਹਾਣੀ ਹੈ। ਸਰਗਰਮ ਕਹਾਣੀਕਾਰਾਂ ਵਿੱਚ ਸੁਦਾਗਰ ਬਰਾੜ ਲੰਡੇ ਚੰਗੀਆਂ ਕਹਾਣੀਆਂ ਲਿਖਣ ਵਾਲਿਆਂ ਵਿੱਚ ਹਨ। ਕਿਰਪਾਲ ਸਿੰਘ ਪੰਨੂ ਦੀ ਕਹਾਣੀ ‘ਲੰਮੀ ਨਦਰ’ਅਜਾਇਬ ਟੱਲੇਵਾਲੀਆ ਦੀ ‘ਮਿੱਟੀ ਦਾ ਰਿਸ਼ਤਾ’ ਤੇ ਅਡਮੰਨਟਨ ਤੋਂ ਅਵਤਾਰ ਗਿੱਲ ਦੀ ‘ਹੂਕ’ ‘ਜੜ੍ਹਾ ਵਾਲੇ’ ਅਮਰੀਕਾ ਤੋਂ ਗਿਆਨੀ ਕਰਨੈਲ ਸਿੰਘ ਵਲੋਂ ਅਤੇ ਅਨਮੋਲ ਕੌਰ ਕਨੇਡਾ, ਰਸ਼ਪਾਲ ਕੌਰ ਗਿੱਲ, ਬਲਜਿੰਦਰ ਗੁਲਾਟੀ, ਗੁਰਪਾਲ ਸਰੋਆ, ਸਤਪਾਲ ਕੌਰ ਗਿੱਲ ਵਲੋਂ ਵੀ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ ਜੋ ਪੂਰੀ ਤਰਾਂ ਅਸਰ ਅੰਦਾਜ਼ ਹੋਈਆ ਤੇ ਇਹ ਏਥੋਂ ਦੇ ਕਹਾਣੀ ਜਗਤ ਵਿੱਚ ਢੁਕਵਾਂ ਸਥਾਨ ਪ੍ਰਾਪਤ ਕਰ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ ਵੀ ਕੁੱਝ ਹੋਰ ਕਹਾਣੀਕਾਰ ਸਮੇਂ ਸਮੇਂ ਪੇਸ਼ ਹੁੰਦੇ ਰਹੇ ਹਨ। ਚਰਚਿਤ ਕਹਾਣੀਕਾਰ ਸ਼ਮਸ਼ੇਰ ਢਪਾਲੀ ਵੀ ਟੋਰਾਂਟੋ ਆਣ ਵਸਿਆ ਹੈ ਜਿਸ ਨਾਲ ਏਥੋਂ ਦੀ ਕਹਾਣੀ ਵਿੱਚ ਹੋਰ ਨਿਖਾਰ ਆਉਣ ਦੀ ਸੰਭਾਵਨਾ ਹੈ।
ਬਹੁਤ ਸਾਰੇ ਕਹਾਣੀਕਾਰ ਅਜਿਹੇ ਵੀ ਹਨ ਜੋ ਸਿਰਫ ਲਿਖਦੇ ਹਨ ਪਰ ਛਪਦੇ ਕਿਤੇ ਨਹੀਂ। ਹੋ ਸਕਦਾ ਹੈ ਕੁੱਝ ਸਾਡੇ ਧਿਆਨ ਤੋਂ ਪਾਸੇ ਵੀ ਰਹਿ ਗਏ ਹੋਣ। ਇਹਨਾਂ ਸਾਰੇ ਕਹਾਣੀਕਾਰਾਂ ਨੇ ਲਗਾਤਾਰ ਮਿਹਨਤ ਕਰਕੇ ਪੰਜਾਬੀ ਕਹਾਣੀ ਨੂੰ ਉੱਤਰੀ ਅਮਰੀਕਾ ਵਿੱਚ ਪੱਕੇ ਪੈਰੀਂ ਕੀਤਾ ਹੈ। ਅੱਜ ਬਰਤਾਨੀਆ ਤੋਂ ਬਾਅਦ ਉੱਤਰੀ ਅਮਰੀਕਾ ਹੀ ਅਜਿਹਾ ਖੇਤਰ ਹੈ ਜਿਸ ਵਿੱਚ ਪੰਜਾਬ ਤੋਂ ਬਾਅਦ ਐਨੀ ਵਧੀਆ ਕਹਾਣੀ ਲਿਖੀ ਜਾ ਰਹੀ ਹੈ। ਇਹ ਕਹਾਣੀ ਕੋਈ ਡਾਲਰਾਂ ਦੇ ਜੋਰ ਤੇ ਰਚੀ ਗਈ ਕਹਾਣੀ ਨਹੀਂ ਸਗੋਂ ਪੰਜਾਬੀ ਦੀ ਮੁੱਖ ਧਾਰਾ ਨੂੰ ਪ੍ਰਭਾਵਤ ਕਰਨ ਵਾਲੀ ਕਹਾਣੀ ਹੈ। ਏਥੇ ਰਚੀਆਂ ਗਈਆਂ ਕਹਾਣੀਆਂ ਵਿੱਚ ਜਰਨੈਲ ਸਿੰਘ ਅਤੇ ਅਮਨਪਾਲ ਸਾਰਾ, ਕੁਲਜੀਤ ਮਾਨ, ਬਲਬੀਰ ਕੌਰ ਸੰਘੇੜਾ, ਪ੍ਰਵੇਜ ਸੰਧੂ ਦੀਆਂ ਕਹਾਣੀਆਂ ਦਾ ਕਾਫੀ ਜਿ਼ਕਰ ਹੁੰਦਾ ਰਿਹਾ ਹੈ।
ਜਦੋਂ ਅਸੀਂ ਪੰਜਾਬੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਮਿੱਥ ਕੇ ਗੱਲ ਕਰਨੀ ਚਾਹੀਦੀ ਹੈ ਕਿ ਪੰਜਾਬੀ ਭਾਸ਼ਾ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਸਗੋਂ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਹਨ, ਭਾਵੇਂ ਉਹ ਪਾਕਿਸਤਾਨ ਹੋਵੇ, ਇੰਗਲੈਂਡ ਜਾਂ ਅਮਰੀਕਾ, ਉਸ ਦਾ ਦਾਇਰਾ ਉਨਾਂ ਹੀ ਵਿਸ਼ਾਲ ਹੋਵੇਗਾ। ਪੰਜਾਬੀ ਕਹਾਣੀ ਦੇ ਵਿਸ਼ੇ ਜਾਂ ਕਾਰਜ ਖੇਤਰ ਵੀ ਸਿਰਫ ਪੰਜਾਬ ਦੇ ਕੰਮਾਂ ਕਾਜਾਂ ਜਾਂ ਰਹਿਣ ਸਹਿਣ ਤੱਕ ਹੀ ਸੀਮਿਤ ਨਹੀਂ ਰਹਿ ਗਿਆ ਸਗੋਂ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਪੰਜਾਬੀ ਬੜੀ ਤੇਜੀ ਨਾਲ ਪੂਰੇ ਵਿਸ਼ਵ ਵਿੱਚ ਫੈਲ ਗਏ ਹਨ। ਨਵੇਂ ਦੇਸ਼ਾਂ ਵਿੱਚ ਜਾਕੇ ਜਿੱਥੇ ਉਨ੍ਹਾਂ ਨੂੰ ਭਾਸ਼ਾ, ਸੱਭਿਆਚਾਰ, ਤੇ ਕੰਮ ਕਾਜ ਦੀ ਸਮੱਸਿਆ ਸੀ ਉਥੇ ਉਨ੍ਹਾਂ ਨੂੰ ਨਸਲਵਾਦ ਦਾ ਸਿ਼ਕਾਰ ਵੀ ਹੋਣਾ ਪਿਆ, ਬਾਹਰਲੀਆਂ ਕਹਾਣੀਆਂ ਵਿੱਚ ਏਸ ਕਿਸਮ ਦੇ ਵਿਸ਼ੇ ਉੱਭਰ ਕੇ ਸਾਹਮਣੇ ਆਉਂਦੇ ਰਹੇ। ਵਿਸ਼ਾ ਵਸਤੂ ਪੱਖੋਂ ਪੰਜਾਬੀ ਕਹਾਣੀ ਵਿੱਚ ਇਹ ਇੱਕ ਵੱਡਾ ਵਾਧਾ ਸੀ ਪਰ ਪੰਜਾਬੀ ਦੇ ਵਿਦਵਾਨਾਂ ਨੇ ਲੰਬਾ ਅਰਸਾ ਪਰਵਾਸੀ ਕਹਾਣੀ ਨੂੰ ਦੁਰਕਾਰ ਕੇ ਪਾਸੇ ਕਰੀਂ ਰੱਖਿਆ। ਸਗੋਂ ਇਸ ਤੇ ਕਈ ਕਿਸਮ ਦੇ ਇਲਜਾਮ ਵੀ ਲਾਉਂਦੇ ਰਹੇ ਹਨ ਪਰ ਪਿਛਲੇ ਕੁੱਝ ਸਮੇਂ ਤੋਂ ਹੁਣ ਇਸ ਦਾ ਨੋਟਿਸ ਲਿਆ ਜਾਣ ਲੱਗਾ ਹੈ। ਬਾਹਰਲੇ ਮੁਲਕਾਂ ਵਿੱਚ ਵਸਿਆ ਲੇਖਕ ਇੱਕ ਪਾਸੇ ਨਸਲਵਾਦ ਦਾ ਸਿ਼ਕਾਰ ਰਿਹਾ ਹੈ ਤੇ ਦੂਸਰੇ ਪਾਸੇ ਉਸ ਵਲੋਂ ਰਚਿਆ ਸਾਹਿਤ ਵਿਤਕਰੇ ਦਾ ਸਿ਼ਕਾਰ ਰਿਹਾ ਹੈ। ਇਹ ਹੀ ਕਾਰਨ ਹੈ ਪਿਛਲੇ ਦਹਾਕੇ ਵਿੱਚ ਜੋ ਕਹਾਣੀ ਸਬੰਧੀ ਵੱਡੇ ਸੈਮੀਨਾਰ ਆਯੋਜਿਤ ਕੀਤੇ ਗਏ ਉਨ੍ਹਾਂ ਵਿੱਚ ਬਾਹਰਲੇ ਮੁਲਕਾਂ ਵਿੱਚ ਰਚੀ ਕਹਾਣੀ ਨੂੰ ਕੋਈ ਵਿਸੇਸ਼ ਸਥਾਨ ਨਾ ਦਿੱਤਾ ਗਿਆ। ਉਸ ਦਾ ਮਹੱਤਵ ਸਿਰਫ ਇਸੇ ਗੱਲ ਵਿੱਚ ਮੰਨਿਆ ਗਿਆ ਕਿ ਉਹ ‘ਪਰਵਾਸੀ ਸਾਹਿਤ’ ਹੈ।
ਉੱਤਰੀ ਅਮਰੀਕਾ ਵਿੱਚ ਪੰਜਾਬੀ ਵੀਹਵੀ ਸਦੀ ਵਿੱਚ ਹੀ ਵਧੇਰੇ ਆ ਕੇ ਵਸੇ ਹਨ। ਸਾਹਿਤ ਦੀਆਂ ਬਾਕੀ ਵਿਧਾਵਾਂ ਦੇ ਨਾਲ ਨਾਲ ਕਹਾਣੀ ਵੀ ਲਿਖੀ ਜਾਂਦੀ ਰਹੀ। ਉਂਝ ਤਾਂ ਅਜੇ ਸਮੁੱਚੀ ਪੰਜਾਬੀ ਕਹਾਣੀ ਦੀ ਉਮਰ ਸੌ ਕੁ ਵਰੇ ਹੈ ਪਰ ਇਸ ਖਿੱਤੇ ਵਿੱਚ ਰਚੀ ਗਈ ਕਹਾਣੀ ਜਿ਼ਆਦਾ ਸੱਤਵੇਂ ਦਹਾਕੇ ਤੋਂ ਬਾਅਦ ਹੀ ਹੋਂਦ ਵਿੱਚ ਆਈ। ਪਹਿਲਾਂ ਪਹਿਲਾਂ ਮੁੱਢਲੀ ਪੀੜ੍ਹੀ ਦੀਆਂ ਭੂ-ਹੇਰਵੇ ਬਾਰੇ, ਨਸਲਵਾਦ ਬਾਰੇ ਜਾਂ ਆਰਥਿਕ ਤੰਗੀਆਂ ਬਾਰੇ ਕਹਾਣੀਆਂ ਸਨ। ਦੂਜੀ ਪੀੜ੍ਹੀ ਆਉਣ ਨਾਲ ਸੱਭਿਆਚਾਰਕ ਪਾੜੇ ਨਾਲ ਸਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ। ਹੁਣ ਇਸ ਖਪਤ ਸੱਭਿਆਚਾਰ ਅੰਦਰ ਮਨੁੱਖ ਦੀ ਖੁਰ ਰਹੀ ਹੋਂਦ, ਸਰਮਾਏ ਦੇ ਨਾਲ ਨਾਲ ਬਦਲਦੇ ਰਿਸ਼ਤੇ ਅਤੇ ਮਨੁੱਖ ਅੰਦਰ ਫੈਲ ਰਹੇ ਖਲਾਅ ਬਾਰੇ ਅਨੇਕਾਂ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਪੰਜਾਬ ਅੰਦਰ ਅਜੇ ਮਹਾਂਨਗਰ ਦੀ ਜਿ਼ੰਦਗੀ ਦਾ ਸੰਕਲਪ ਪੈਦਾ ਨਹੀਂ ਹੋਇਆ ਅਤੇ ਨਾਂ ਹੀ ਇਸ ਸਬੰਧੀ ਅਜੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ ਪਰੰਤੂ ਕੈਨੇਡਾ ਅਮਰੀਕਾ ਵਿੱਚ ਜਿੱਥੇ ਮਹਾਂਨਗਰ ਦੀ ਜਿ਼ੰਦਗੀ ਦੇ ਅਨੁਭਵ ਦੇ ਨਾਲ ਨਾਲ ਵਿਕਸਤ ਸਮਾਜ ਅਤੇ ਸੱਭਿਆਚਾਰ ਵਿੱਚੋਂ ਪੈਦਾ ਹੋ ਰਹੇ ਖੰਡਿਤ ਰਿਸ਼ਤੇ ਉਨ੍ਹਾਂ ‘ਚੋਂ ਉਪਜਿਅ ਤਨਾਅ, ਤੇ ਇਸੇ ਵਿੱਚੋਂ ਅਜੋਕੀਆਂ ਕਹਾਣੀਆਂ ਜਨਮ ਲੈ ਰਹੀਆਂ ਹਨ। ਇਸ ਖੇਤਰ ਦੇ ਸਮੂਹ ਲੇਖਕਾਂ ਨੇ ਪੰਜਾਬੀ ਕਹਾਣੀ ਨੂੰ ਅਮੀਰ ਕਰਨ ਵਿੱਚ ਆਪਣਾ ਜੋ ਯੋਗਦਾਨ ਪਾਇਆ ਜਿਸ ਦਾ ਜਿ਼ਕਰ ਆਉਣ ਵਾਲੀਆਂ ਸਦੀਆਂ ਵਿੱਚ ਹੁੰਦਾ ਰਹੇਗਾ।
ਮੇਜਰ ਮਾਂਗਟ
(7 ਫਰਵਰੀ 2006)