ਸਕੂ਼ਲ ਦੇ ਪਹਿਲੇ ਸਾਲ
Maqsoodpuri

ਹਰਬਖਸ਼ ਮਕਸੂਦਪੁਰੀ, ਡਰਬੀ (ਯੂ.ਕੇ.)

 

ਸਾਡੇ ਪਿੰਡ ਵਿਚ ਪ੍ਰਾਇਮਰੀ ਸਕੂਲ ਤਾਂ ਸੀ ਪਰ ਸਕੂਲ ਦੀ ਬਿਲਡਿੰਗ ਕੋਈ ਨਹੀਂ ਸੀ। ਇਸ ਲਈ ਲੰਬੜਦਾਰ ਅਰਜਨ ਸਿੰਘ ਦੇ ਖਾਲੀ ਘਰ ਨੂੰ ਸਕੂਲ ਵਜੋਂ ਵਰਤਦੇ ਸਨ। ਇਹ ਘਰ ਇੰਨਾ ਵੱਡਾ ਨਹੀਂ ਸੀ ਕਿ ਸਕੂਲ ਦੀਆਂ ਚਾਰ ਜਮਾਤਾਂ ਨੂੰ ਸਮਾਅ ਲੈਂਦਾ; ਇੱਕ ਖੁਲ੍ਹਾ ਕਮਰਾ, ਇੱਕ ਬਰਾਂਡਾ, ਇੱਕ ਛੋਟਾ ਕਮਰਾ ਤੇ ਚਾਰ-ਦੀਵਾਰੀ ਦੇ ਅੰਦਰ ਖੁਲ੍ਹਾ ਵਿਹੜਾ ਹੀ ਸੀ। ਆਮ ਤੌਰ ਤੇ ਪੜ੍ਹਾਈ ਦਾ ਕੰਮ ਬਾਹਰ ਖੁਲ੍ਹੇ ਵਿਹੜੇ ਵਿਚ ਜਾਂ ਸਕੂਲ ਤੋਂ ਨੇੜੇ ਹੀ ਬਣੇ ਪਿੰਡ ਦੇ ਚੌਂਤੇ ‘ਤੇ ਪਿੱਪਲ ਤੇ ਬੋਹੜ ਦੀ ਛਾਂ ਹੇਠਾਂ ਹੁੰਦਾ ਸੀ। ਲੰਘਦਿਆਂ ਵੜਦਿਆਂ ਦੋ ਦੂਣੀ ਚਾਰ ਦੀ ਮੁਹਾਰਨੀ ਮੇਰੇ ਕੰਨੀ ਵੀ ਪੈ ਜਾਂਦੀ ਸੀ। ਕਤਾਰ ਵਿਚ ਖੜ੍ਹੇ ਮੁੰਡੇ ਇੱਕ ਮੁੰਡੇ ਦੇ ਪਿੱਛੇ ਅਨੋਖੇ ਜਿਹੇ ਢੰਗ ਨਾਲ ਪਹਾੜੇ ਬੋਲਦੇ ਚੰਗੇ ਵੀ ਲੱਗਦੇ, ਖਾਸ ਤੌਰ ਤੇ ਇੱਕੋ ਸੁਰ ਵਿਚ ਬੋਲਦੇ ਤੇ ਇੱਕੋ ਤਾਲ ਵਿਚ ਹਿਲਦੇ। ਉਦੋਂ ਇਹ ਕਦੇ ਸੋਚਿਆ ਨਹੀਂ ਸੀ ਕਿ ਕਿਸੇ ਦਿਨ ਮੈਂ ਵੀ ਇਨ੍ਹਾਂ ਵਿਚ ਆ ਰਲ਼ਾਂਗਾ।
ਉਸ ਵੇਲ਼ੇ ਮੇਰਾ ਬੜਾ ਭਰਾ ਅਜੀਤ 10 ਕੁ ਸਾਲ ਦਾ ਸੀ। ਉਹ ਖੇਤੀ ਦੇ ਕੰਮ ਵਿਚ ਹੱਥ ਵਟਾਉਣ ਲੱਗ ਪਿਆ ਸੀ, ਇਸ ਲਈ ਉਹਦੇ ਤਾਂ ਹੁਣ ਸਕੂਲ ਵਿਚ ਦਾਖ਼ਲੇ ਦਾ ਸਵਾਲ ਨਹੀਂ ਸੀ। ਮੈਥੋਂ ਵੱਡਾ ਮਲਕੀਤ ਅੱਠ ਕੁ ਸਾਲ ਦਾ ਸੀ ਤੇ ਮੈਂ ਸਤਵੇਂ ਸਾਲ ਵਿਚ ਸਾਂ। ਉਦੋਂ ਪੜ੍ਹਾਈ ਦੀ ਮਹੱਤਤਾ ਨੂੰ ਬਹੁਤ ਘੱਟ ਲੋਕ ਜਾਣਦੇ ਸਨ। ਖੇਤੀ ਦੇ ਕੰਮ ਵਿਚ ਬੰਦਿਆਂ ਦੀ ਘਾਟ ਸਦਾ ਰਹਿੰਦੀ ਸੀ। ਮੇਰਾ ਚਾਚਾ ਤੇ ਤਾਇਆ ਇਹੀ ਸੋਚਦੇ ਸਨ ਕਿ ਮੁੰਡੇ ਹੁਣ ਕੁੱਝ ਤਕੜੇ ਹੋ ਗਏ ਹਨ, ਖੇਤੀ ਦੇ ਕੰਮ ਵਿਚ ਹੱਥ ਵਟਾਉਣ ਲੱਗ ਜਾਣਗੇ। ਮੇਰੀ ਮਾਂ ਨੇ ਜਿ਼ਦ ਫੜ ਲਈ ਕਿ ਛੋਟੇ ਦੋਹਾਂ ਮੁੰਡਿਆਂ ਨੂੰ ਜ਼ਰੂਰ ਪੜ੍ਹਨ ਲਾਉਣਾ ਹੈ। ਉਹਦੀ ਜਿ਼ਦ ਸਾਹਮਣੇ ਇਹ ਸੋਚ ਕੇ ਉਹ ਵੀ ਝੁਕ ਗਏ ਕਿ ਕਿਹੜੀ ਗੱਲ ਹੈ? ਇਨ੍ਹਾਂ ਕੁੱਝ ਘੰਟੇ ਹੀ ਤਾਂ ਸਕੂਲ ਜਾਇਆ ਕਰਨਾ ਹੈ, ਬਾਕੀ ਸਮਾਂ ਤਾਂ ਇਹ ਖੇਤੀ ਦੇ ਕੰਮ ਵਿਚ ਕੁੱਝ ਨਾ ਕੁੱਝ ਮਦਦ ਕਰਦੇ ਹੀ ਰਹਿਣਗੇ। ਨਾਲੇ ਘਰ ਦੇ ਨੇੜੇ ਹੀ ਤਾਂ ਸਕੂਲ ਸੀ, ਕਿਹੜਾ ਦੂਰ ਜਾਣਾ ਪੈਣਾ ਸੀ। ਇੱਕ ਦਿਨ ਮਾਂ ਨੇ ਮੈਨੂੰ ਤੇ ਮੈਥੋਂ ਵੱਡੇ ਭਰਾ ਮਲਕੀਤ ਨੂੰ ਸਕੂਲੇ ਲਿਜਾ ਕੇ ਮਾਸਟਰ ਅਲੀ ਮੁਹੰਮਦ ਦੇ ਹਵਾਲੇ ਕਰ ਦਿੱਤਾ।
ਇਸ ਪ੍ਰਾਇਮਰੀ ਸਕੂਲ ਵਿਚ ਦੋ ਮਾਸਟਰ ਸਨ, ਬੜਾ ਮਾਸਟਰ ਜਾਗਰ ਸੀ ਤੇ ਛੋਟਾ ਅਲੀ ਮੁਹੰਮਦ। ਮਾਸਟਰ ਜਾਗਰ ਬੀਸਲੇ ਪਿੰਡ ਦਾ ਜੱਟ ਸੀ ਤੇ ਅਲੀ ਮੁਹੰਮਦ ਅਨੋਖਰਵਾਲ ਦਾ ਅਰਾਈਂ। ਮਾਸਟਰ ਜਾਗਰ ਨਾਲ ਬਹੁਤਾ ਵਾਹ ਨਹੀਂ ਪਿਆ ਸੀ, ਕਿਉਂਕਿ ਪਹਿਲੀ ਜਮਾਤ ਨੂੰ ਮਾਸਟਰ ਅਲੀ ਮੁਹੰਮਦ ਹੀ ਪੜ੍ਹਾਉਂਦਾ ਸੀ। ਉਹ ਜਿੰਨਾ ਹਸਮੁਖ ਸੁਹਣਾ ਸਜਵਾਂ ਫਬਵਾਂ ਸੀ, ਮਾਸਟਰ ਜਾਗਰ ਉੱਨਾ ਹੀ ਖਿਝੂ ਤੇ ਕੋਝਾ ਜਿਹਾ ਸੀ। ਉਹ ਪੜ੍ਹਾ ਰਿਹਾ ਵੀ ਬਹੁਤਾ ਚਿਰ ਹੁੱਕੀ ਗੁੜਗੁੜਾਂਦਾ ਰਹਿੰਦਾ ਸੀ। ਉਹਦਾ ਹੁਲੀਆ ਵੀ ਮੈਨੂੰ ਅਜੀਬ ਜਿਹਾ ਲੱਗਦਾ ਸੀ, ਸਿਰੋਂ ਰੋਡਾ, ਬੜਾ ਸਾਰਾ ਲੜ ਛੱਡ ਕੇ ਬੰਨ੍ਹੀ ਪੱਗ, ਮੂੰਹ ਘੋਨ ਮੋਨ ਨਿਸ਼ਾਨੀ ਜਿਹੀ ਰੱਖੀਆਂ ਮੁੱਛਾਂ, ਮੱਥੇ ਤੇ ਸਦਾ ਤੀਊੜੀਆਂ। ਮਾਸਟਰ ਅਲੀ ਮੁਹੰਮਦ ਸਫ਼ੈਦ ਸਲਵਾਰ ਕੁੜਤਾ ਪਾਉਂਦਾ ਸੀ ਤੇ ਸਿਰ ’ਤੇ ਕੁੱਲੇ ਤੇ ਬੰਨ੍ਹੀ ਸ਼ਮਲੇ ਵਾਲੀ ਚਿੱਟੀ ਪੱਗ ਰੱਖਦਾ ਸੀ। ਉਮਰ ਦਾ ਉਹ ਤੀਹ ਕੁ ਸਾਲ ਦਾ ਸੀ। ਉਹ ਪੜ੍ਹਾਉਂਦਾ ਬਹੁਤ ਚੰਗੀ ਤਰ੍ਹਾਂ ਤੇ ਦਿਲਚਸਪੀ ਨਾਲ ਸੀ, ਸੀ ਬਹੁਤ ਸਖ਼ਤ। ਉਹ ਨਾ ਕਿਸੇ ਦੀ ਸ਼ਰਾਰਤ ਨੂੰ ਬਖਸ਼ਦਾ ਸੀ ਨਾ ਪੜ੍ਹਾਈ ਵਿਚ ਕੁਤਾਹੀ ਨੂੰ। ਸਭ ਤੋਂ ਵੱਧ ਸਖ਼ਤੀ ਉਹ ਆਪਣੇ ਹੀ ਪੁੱਤ ਗ਼ਫ਼ੂਰ ’ਤੇ ਕਰਦਾ ਹੁੰਦਾ ਸੀ। ਸ਼ਾਇਦ ਇਸੇ ਕਰਕੇ ਉਹਦੀ ਸਖ਼ਤੀ ਬਹੁਤ ਮਾੜੀ ਨਹੀਂ ਲਗਦੀ ਸੀ।
ਉਨ੍ਹਾਂ ਦਿਨਾਂ ਵਿਚ ਵਿੱਦਿਆ ਦਾ ਮਾਧਿਅਮ ਉਰਦੂ ਜ਼ਬਾਨ ਸੀ। ਇਸ ਲਈ ਪਹਿਲੀ ਜਮਾਤ ਤੋਂ ਉਰਦੂ ਹੀ ਪੜ੍ਹਾਉਂਦੇ ਸਨ। ਬਾਕੀ ਮੁੰਡਿਆਂ ਵਾਂਗ ਸਾਨੂੰ ਦੋਹਾਂ ਨੂੰ ਵੀ ਮਾਸਟਰ ਅਲੀ ਮੁਹੰਮਦ ਦੀ ਕੁਰਸੀ ਦੇ ਨੇੜੇ ਵਿਛੇ ਤੱਪੜ ‘ਤੇ ਬਾਹਰ ਵਿਹੜੇ ਵਿਚ ਹੀ ਬੈਠਾ ਦਿੱਤਾ। ਅਸੀਂ ਵੀ ਹੋਰਨਾਂ ਮੁੰਡਿਆਂ ਵਾਂਗ “ਅਲਫ਼ ਅਨਾਰ, ਬੇ ਬੱਤਖ਼, ਪੇ ਪਗੜੀ” ਦਾ ਅਲਾਪ ਕਰਨ ਲੱਗ ਪਏ।
ਪਹਿਲੀ ਜਮਾਤ ਵਿਚ ਕਿਤਾਬਾਂ ਦੀ ਤਾਂ ਲੋੜ ਹੁੰਦੀ ਨਹੀਂ ਸੀ, ਬੱਸ ਇੱਕ ਉਰਦੂ ਦਾ ਕਾਇਦਾ, ਲਿਖਣ ਲਈ ਇੱਕ ਫੱਟੀ, ਗਾਚਨੀ ਤੇ ਕਲਮ ਦਵਾਤ ਦੀ ਲੋੜ ਸੀ। ਅਸੀਂ ਜਦੋਂ ਘਰ ਜਾਂਦਿਆਂ ਹੀ ਚੀਕ ਚਿਹਾੜਾ ਪਾਇਆ ਤਾਂ ਸਾਨੂੰ ਮਾਂ ਨੇ ਨਾਲ ਲਿਜਾ ਕੇ ਹੱਟੀ ਤੋਂ ਇਹ ਵਸਤਾਂ ਲੈ ਦਿੱਤੀਆਂ।
ਉਦੋਂ ਪਤਾ ਤਾਂ ਹੁੰਦਾ ਨਹੀਂ ਸੀ, ਇਸਦਾ ਮਤਲਬ ਕੀ ਹੈ? ਮੁੰਡੇ “ਕਾਫ਼ ਹੇ ਕੀ ਬਨੀ ਖੇ, ਖੇ ਜਬਰ ਅਲਫ਼ ਖਾ; ਚੇ ਹੇ ਕੀ ਬਨੀ ਛੇ, ਛੇ ਜਬਰ ਅਲਫ਼ ਛਾ” ਦਾ ਅਲਾਪ ਇੱਕੋ ਤਾਲ ਵਿਚ ਸਾਰੇ ਸਰੀਰ ਨੂੰ ਹਿਲਾ ਹਿਲਾ ਕੇ ਕਰਦੇ ਅਜੀਬ ਜਿਹੇ ਲੱਗਦੇ। ਪਹਿਲੀ ਜਮਾਤ ਵਿਚ ਪੜ੍ਹਦਿਆਂ ਕੀ ਦੇਖਿਆ ਕੀ ਸੁਣਿਆ ਸੀ, ਬਹੁਤਾ ਕੁੱਝ ਭੁੱਲ ਭੁਲਾ ਗਿਆ ਹੈ। ਇੰਨਾ ਕੁ ਚੇਤਾ ਅਵੱਸ਼ ਹੈ ਕਿ ਕੁੱਝ ਦਿਨਾਂ ਵਿਚ ਹੀ ਜ਼ਜਮਾਤ ਵਿਚ ਲਿਖਣਾ ਪੜ੍ਹਨਾ ਤੇ ਸੌ ਤੱਕ ਗਿਣਨਾ ਸਿਖਾਇਆ ਜਾਂਦਾ ਸੀ। ਇਹ ਕੁੱਝ ਸਿੱਖਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪਈ ਸੀ। ਸ਼ੁਰੂ ਵਿਚ ਮਾਸਟਰ ਅਲੀ ਮੁਹੰਮਦ ਨੇ ਗਾਚਣੀ ਲੱਗੀ ਗਿੱਲੀ ਫੱਟੀ ਉੱਤੇ ਅੱਖਰ ਤੇ ਹਿੰਦਸੇ ਉੱਕਰ ਦੇਣੇ ਤੇ ਮੈਂ ਫੱਟੀ ਸੁਕਾਉਣ ਪਿਛੋਂ ਉਨ੍ਹਾਂ ਉੱਕਰੇ ਅੱਖਰਾਂ ਅਤੇ ਹਿੰਦਸਿਆਂ ਤੇ ਬੋਲ ਬੋਲ ਕੇ ਕਲਮ ਨਾਲ ਸਿਆਹੀ ਫੇਰ ਦੇਣੀ। ਇਸ ਤਰ੍ਹਾਂ ਛੇਤੀ ਹੀ ਆਪਣੇ ਆਪ ਲਿਖਣਾ ਆ ਗਿਆ। ਪਹਿਲੀ ਜਮਾਤ ਦੇ ਕਾਇਦੇ ਵਿਚੋਂ ਹੋਰ ਕੁੱਝ ਤਾਂ ਹੁਣ ਯਾਦ ਨਹੀਂ, ਦੋ ਨਜ਼ਮਾਂ ਜਰੂਰ ਯਾਦ ਹਨ। ਇੱਕ ਸੀ:-
ਆ ਜਾ ਪਿਆਰੀ ਚਿੜੀਏ ਆ ਜਾ
ਆਪਣੀ ਸੂਰਤ ਮੁਝੇ ਦਿਖਾ ਜਾ
ਭੋਲੀ ਭਾਲੀ ਸੂਰਤ ਤੇਰੀ
ਦਿਲ ਕੋ ਲੁਭਾਨੇ ਵਾਲੀ ਮੇਰੀ
ਚੋਂਜ ਜ਼ਰਾ ਸੀ ਚੁਗਨੇ ਵਾਲੀ
ਦਾਨਾ ਦੁਨਕਾ ਚੁਗਨੇ ਵਾਲੀ
ਛੋਟੇ ਛੋਟੇ ਬਾ ਤੇਰੇ ਬਾਜ਼ੂ ਤੇਰੇ
ਜਿਨ ਕੇ ਬੱਲ ਪਹ ਉੜਤੀ ਹੈ ਤੂ

ਇੱਕ ਨਜ਼ਮ ਸੀ ਪਹੇਲੀ, ਉਹ ਵੀ ਹੁਣ ਤੱਕ ਭੁੱਲੀ ਨਹੀਂ:-
ਬਤਾਓ ਯੇਹ ਕਯਾ ਆਵਾਜ਼ ਆ ਰਹੀ ਹੈ
ਸੁਨੋ ਕਾਨ ਧਰ ਕੇ ਜੋ ਸਮਝਾ ਰਹੀ ਹੈ
ਸਵੇਰੇ ਸਵੇਰੇ ਜਗਾਇਆ ਇਸੀ ਨੇ
ਬਿਛਾਉਨੇ ਸੇ ਤੁਮ ਕੋ ਉਠਾਇਆ ਇਸੀ ਨੇ
ਸਬਕ਼ ਯਾਦ ਕਰ ਲੋ ਸਿਖਾਇਆ ਇਸੀ ਨੇ
ਜੋ ਕਰਨਾ ਹੈ ਕਰ ਲੋ ਬਤਾਯਾ ਇਸੀ ਨੇ
ਖਟਾ ਖਟ ਖਟਾ ਖਟ ਚਲੀ ਜਾ ਰਹੀ ਹੈ
ਲਤੀਫ਼ਾ ਦੇ ਸਿਰਲੇਖ ਹੇਠ ਇੱਕ ਚੁਟਕਲਾ ਹੁੰਦਾ ਸੀ। ਉਹ ਵੀ ਹਾਲੀਂ ਤੱਕ ਭੁੱਲਿਆ ਨਹੀਂ:-
ਏਕ ਜਗਹ ਤੀਨ ਬੇਵਕੂਫ਼ ਇਕੱਠੇ ਬੈਠੇ ਥੇ। ਏਕ ਬੋਲਾ, "ਅਗਰ ਦਰਯਾ ਕੋ ਆਗ ਲੱਗ ਜਾਏ ਤੋ ਮਛਲੀਆਂ ਕਹਾਂ ਜਾਏਂ?” ਦੂਸਰੇ ਨੇ ਕਹਾ, "ਦਰਖ਼ਤੋਂ ਪਰ ਚੜ੍ਹ ਜਾਏ।” ਤੀਸਰਾ ਕਹਿਨੇ ਲਗਾ, "ਵਾਹ ਵੁਹ ਬ੍ਹੀ ਕੋਈ ਗਾਏ ਭੈਂਸੇਂ ਹੈਂ ਕਿ ਦਰਖ਼ਤੋਂ ਪਰ ਚੜ੍ਹ ਜਾਏਂ।”
ਜਦੋਂ ਹਾਲੀਂ ਕਿਤੇ ਵੀ ਕੁੜੀਆਂ ਨੂੰ ਸਕੂਲ ਭੇਜਣ ਦਾ ਰਿਵਾਜ ਨਹੀਂ ਸੀ, ਉਦੋਂ ਵੀ ਇਸ ਸਕੂਲ ਵਿੱਚ ਕੁੜੀਆਂ ਪੜ੍ਹਦੀਆਂ ਸਨ। ਉਨ੍ਹਾਂ ਦੀ ਗਿਣਤੀ ਤਾਂ ਥੋੜ੍ਹੀ ਹੀ ਸੀ ਤੇ ਉਹ ਸਾਰੀਆਂ ਪੜ੍ਹਨੋਂ ਵੀ ਦੋ ਕੁ ਸਾਲਾਂ ਵਿਚ ਹੀ ਹਟ ਗਈਆਂ ਸਨ। ਕੁੱਝ ਕੁੜੀਆਂ ਦੇ ਨਾਉਂ ਮੈਨੂੰ ਹੁਣ ਤੱਕ ਵੀ ਯਾਦ ਹਨ। ਦੋ ਸੱਤਿਆ ਸਨ, ਇੱਕ ਬਾਹਮਣਾਂ ਦੀ ਸੱਤਿਆ ਤੇ ਦੂਜੀ ਨਾਈਆਂ ਦੀ ਸੱਤਿਆ। ਦੋ ਵਿੱਦਿਆ ਸਨ, ਇੱਕ ਬਾਹਮਣਾ ਦੀ ਵਿੱਦਿਆ ਤੇ ਇੱਕ ਝੀਰਾਂ ਦੀ ਵਿੱਦਿਆ। ਕੁੱਝ ਮੁਸਲਮਾਨਾਂ ਦੀਆ ਕੁੜੀਆਂ ਵੀ ਸਨ। ਇੱਕ ਦਾ ਨਾਉਂ ਸੁਰਈਆ ਸੀ। ਜਦੋਂ ਮੈਂ ਸਕੂਲ ਵਿਚ ਦਾਖਲ ਹੋਇਆ ਸਾਂ, ਉਹ ਉਸ ਵੇਲੇ ਚੌਥੀ ਜਮਾਤ ਵਿਚ ਪੜ੍ਹਦੀ ਸੀ। ਮੁਸਲਮਾਨ ਕੁੜੀਆਂ ਤਾਂ ਰਾਈਆਂ ਦੀਆਂ ਕੁੜੀਆਂ ਹੀ ਸਨ। ਇੱਕ ਗੱਲ ਪੱਕੀ ਸੀ ਇਨ੍ਹਾਂ ਵਿਚੋਂ ਇੱਕ ਵੀ ਕੁੜੀ ਜੱਟਾਂ ਤੇ ਰਾਜਪੂਤਾਂ ਦੀ ਨਹੀਂ ਸੀ। ਪਤਾ ਨਹੀਂ ਕਿਉਂ? ਸ਼ਾਇਦ ਕੁੜੀਆਂ ਨੂੰ ਪੜ੍ਹਨ ਭੇਜਣ ਨਾਲ ਇਨ੍ਹਾਂ ਦੀਆਂ ਸਰਦਾਰੀਆਂ ਵਿਚ ਵਿੰਗ ਪੈ ਜਾਣ ਦਾ ਡਰ ਸੀ।
ਸਿਆਣਿਆਂ ਤੋਂ ਇਹ ਗੱਲ ਸੁਣੀ ਸੀ ਕਿ ਇਨ੍ਹਾਂ ਦੋਹਾਂ ਮਾਸਟਰਾਂ ਤੋਂ ਪਹਿਲਾਂ ਇੱਥੇ ਸੰਧਵਾਂ ਪਿੰਡ ਦਾ ਇੱਕ ਮਾਸਟਰ ਬਿਸ਼ਨ ਦਾਸ ਪੜ੍ਹਾਉਂਦਾ ਹੁੰਦਾ ਸੀ। ਉਹ ਭਲਾਮਾਣਸ ਵੀ ਸੀ, ਸਿਆਣਾ ਵੀ ਤੇ ਲੋਕਾਂ ਦਾ ਮਨਪਸੰਦ ਵੀ ਸੀ। ਲੋਕ ਉਹਦੀ ਗੱਲ ਸੁਣਦੇ ਵੀ ਸਨ ਤੇ ਮੰਨਦੇ ਵੀ ਸਨ। ਉਹਦੇ ਯਤਨਾਂ ਨਾਲ ਇਹ ਅਨੋਖੀ ਗੱਲ ਵਾਪਰ ਗਈ ਸੀ। ਉਹਦੇ ਕਹਿਣ 'ਤੇ ਕੁੱਝ ਲੋਕਾਂ ਨੇ ਆਪਣੀਆਂ ਕੁੜੀਆਂ ਵੀ ਉਸ ਕੋਲ ਪੜ੍ਹਨ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਉਸਦੇ ਇਸ ਸਕੂਲ ਤੋਂ ਚਲੇ ਜਾਣ ਪਿੱਛੋਂ ਛੇਤੀ ਹੀ ਲੋਕ ਕੁੜੀਆਂ ਨੂੰ ਪੜ੍ਹਨ ਲਾਉਣੋਂ ਹੱਟ ਗਏ ਸਨ।
ਪਹਿਲੀ ਜਮਾਤ ਨੂੰ ਉਦੋਂ ਦੋ ਹਿੱਸਿਆਂ ਵਿਚ ਵੰਡਿਆ ਹੁੰਦਾ ਸੀ, ਕੱਚੀ ਪਹਿਲੀ ਤੇ ਪੱਕੀ ਪਹਿਲੀ। ਉਹ ਬੱਚੇ ਜਿਹੜੇ ਚਲਦੇ ਸਾਲ ਦੌਰਾਨ ਦਾਖਲ ਹੁੰਦੇ ਸਨ ਉਨ੍ਹਾਂ ਨੂੰ ਕੱਚੀ ਪਹਿਲੀ ਵਿਚ ਰੱਖਦੇ ਸਨ ਤੇ ਅਗਲੇ ਸਾਲ ਦੇ ਸ਼ੁਰੂ ਵਿਚ ਪੱਕੀ ਪਹਿਲੀ ਵਿਚ ਕਰ ਦਿੰਦੇ ਸਨ। ਹੋਏ ਤਾਂ ਅਸੀਂ ਵੀ ਚਲਦੇ ਸਾਲ ਦੌਰਾਨ ਹੀ ਦਾਖਲ ਸਾਂ, ਤਾਂ ਵੀ ਸਾਨੂੰ ਅਗਲੇ ਸਾਲ ਦੇ ਅਰੰਭ ਵਿਚ ਦੂਜੀ ਜਮਾਤ ਵਿਚ ਚਾੜ੍ਹ ਦਿੱਤਾ ਗਿਆ ਸੀ।
ਦੂਜੀ ਜਮਾਤ ਵਿਚ ਪਹਿਲੀ ਨਾਲੋਂ ਕੋਈ ਬਹੁਤਾ ਫਰਕ ਨਹੀਂ ਸੀ। ਕਾਇਦੇ ਦੀ ਥਾਂ ਕਿਤਾਬ ਲੱਗ ਗਈ ਸੀ। ਸੌ ਤੱਕ ਗਿਣਨ ਦੇ ਨਲ ਨਾਲ ਦੂਣੀ, ਤੇਆਂ, ਚੌਕਾ ਦੇ ਪਹਾੜੇ ਵੀ ਰਟਣੇ ਪੈ ਗਏ ਸਨ। ਯਾਦ ਦੀ ਸਲੇਟ ਤੋਂ ਹੁਣ ਬਹੁਤਾ ਕੁੱਝ ਤਾਂ ਮਿਟ ਚੁੱਕਾ ਹੈ ਪਰ ਦੂਜੀ ਜਮਾਤ ਦੀ ਉਰਦੂ ਦੀ ਕਿਤਾਬ ਦਾ ਇਹ ਸਬਕ ਹਾਲੀਂ ਵੀ ਯਾਦ ਹੈ:-
“ਮਾਂ ਬੱਚੇ ਕੇ ਗੋਦ ਮੈਂ ਲੀਏ ਬੈਠੀ ਹੈ। ਬਾਪ ਖਾਨਾ ਖਾ ਰਹਾ ਹੈ। ਬੱਚਾ ਅੰਗੂਠਾ ਚੂਸ ਰਹਾ ਹੈ”
ਇੱਕ ਨਜ਼ਮ ਹੁੰਦੀ ਸੀ ਪੱਕਾ ਤਾਂ ਯਾਦ ਨਹੀਂ ਦੂਜੀ ਜਮਾਤ ਦੀ ਕਿਤਾਬ ਵਿਚ ਹੁੰਦੀ ਸੀ ਕਿ ਤੀਜੀ ਜਮਾਤ ਦੀ ਕਿਤਾਬ ਵਿਚ, ਉਸ ਦੇ ਕੁਝ ਸਿ਼ਅਰ ਇਸ ਤਰ੍ਹਾਂ ਸਨ:-
ਲਬ ਪਹ ਆਈ ਹੈ ਦੁਆ ਬਨਕੇ ਤਮੰਨਾ ਮੇਰੀ
ਜਿ਼ੰਦਗੀ ਸ਼ਮਾਂ ਕੀ ਸੂਰਤ ਹੋ ਖ਼ੁਦਾਆ ਮੇਰੀ
ਦੂਰ ਦੁਨੀਆ ਕਾ ਮੇਰੇ ਦਮ ਸੇ ਅੰਧੇਰਾ ਹੋ ਜਾਏ
ਹਰ ਜਗਹ ਮੇਰੇ ਚਮਕਨੇ ਸੇ ਉਜਾਲਾ ਹੋ ਜਾਏ--
ਪਤਾ ਨਹੀਂ ਕਿਉਂ? ਉਸ ਵੇਲੇ ਇਹ ਸਤਰਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਸਨ। ਇਸੇ ਕਰਕੇ ਹੁਣ ਤੱਕ ਸਿਮਰਤੀ ਵਿਚ ਟਿਕੀਆਂ ਹੋਈਆਂ ਹਨ। ਡਾਕਟਰ ਇਕ਼ਬਾਲ ਦੀ ਮਸ਼ਹੂਰ ਨਜ਼ਮ ਸੀ
“ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ
ਹਮ ਬੁਲਬਲੇਂ ਹੈਂ ਇਸਕੀ ਯਹ ਗੁਲਸਤਾਂ ਹਮਾਰਾ
ਪਰਬਤ ਵੁਹ ਸਭ ਸੇ ਊੰਚਾ ਹਮਸਾਇਆ ਆਸਮਾਂ ਕਾ
ਵੁਹ ਸੰਤਰੀ ਹਮਾਰਾ ਵੁਹ ਪਾਸਬਾਂ ਹਮਾਰਾ-------
ਉਦੋਂ ਸਾਰੇ ਮੁੰਡੇ ਇਹ ਨਜ਼ਮ ਹੇਕਾਂ ਲਾ ਲਾ ਪੜ੍ਹਦੇ ਹੁੰਦੇ ਸਨ। ਬਹੁਤੇ ਮੁੰਡਿਆਂ ਵਾਂਗ ਮੈਨੂੰ ਵੀ ਇਹ ਨਜ਼ਮ ਜ਼ਬਾਨੀ ਯਾਦ ਸੀ। ਉਸ ਵੇਲੇ ਸਵੇਰ ਦੀ ਪ੍ਰਾਰਥਨਾ ਸਮੇਂ ਅਸੀਂ ਕਤਾਰਾਂ ਵਿਚ ਖੜ੍ਹ ਕੇ ਗਾਇਆ ਕਰਦੇ ਸਾਂ:-
ਮੁਝ ਕੋ ਹੈ ਤੇਰੀ ਜੁਸਤਜੂ ਮੁਝ ਕੋ ਤੇਰੀ ਤਲਾਸ਼ ਹੈ
ਜਾਨਿ ਜਹਾਂ ਕਹਾਂ ਹੈ ਤੂ ਮੁਝ ਕੋ ਤੇਰੀ ਤਲਾਸ਼ ਹੈ------
ਦੋ ਹੋਰ ਨਜ਼ਮਾਂ ਸਨ। ਉਨ੍ਹਾਂ ਦੇ ਵੀ ਕੁੱਝ ਸਿ਼ਅਰ ਹੁਣ ਤੱਕ ਯਾਦ ਹਨ:-
ਟਹਿਣੀ ਪੈ ਦਰਖਤ ਕੀ ਇਕੇਲਾ
ਬੁਲਬੁਲ ਥਾ ਕੋਈ ਉਦਾਸ ਬੈਠਾ
ਆਂਖੋਂ ਸੇ ਟਪਕ ਰਹੇ ਥੇ ਆਂਸੂ
ਕਹਿਤਾ ਥਾ ਹਾਏ ਅਬ ਕਯਾ ਕਰੂੰ
---------------------
ਗਾਣਾ ਇਸੇ ਸਮਝ ਕਰ ਖ਼ੁਸ਼ ਹੋ ਨਾ ਸੁਨਨੇ ਵਾਲੇ
ਦੁਖੇ ਹੂਯੇ ਦਿਲੋਂ ਕੀ ਫਰਯਾਦ ਯਹ ਸਦਾ ਹੈ
ਜਿਨ੍ਹਾਂ ਨਜ਼ਮਾਂ ਵਿਚੋਂ ਇਹ ਸਿ਼ਅਰ ਸਨ, ਉਹ ਨਜ਼ਮਾਂ ਵੀ ਡਾਕਟਰ ਇਕ਼ਬਾਲ ਦੀਆਂ ਸਨ। ਕੁੜੀਆਂ ਇਹ ਨਜ਼ਮਾਂ ਸੁਰੀਲੀ ਅਵਾਜ਼ ਵਿਚ ਗਾ ਕੇ ਕਹਿੰਦੀਆਂ ਬਹੁਤ ਚੰਗੀਆਂ ਲਗਦੀਆਂ ਸਨ।
ਜਿਸ ਵੇਲੇ ਮੈਂ ਤੀਜੀ ਜਮਾਤ ਵਿਚ ਹੋਇਆ ਸਾਂ, ਸਾਡਾ ਇਹ ਸਕੂਲ ਨਵੀਂ ਬਣੀ ਇਮਾਰਤ ਵਿਚ ਚਲਾ ਗਿਆ। ਇਹ ਇਮਾਰਤ ਪਿੰਡ ਤੋਂ ਬਾਹਰ ਫਰਲਾਂਗ ਕੁ ਦੀ ਵਿੱਥ ਤੇ ਬਣੀ ਸੀ। ਇਮਾਰਤ ਕੀ ਸੀ ਬੱਸ ਇਕ ਕਮਰਾ ਇਕ ਦਫ਼ਤਰ ਤੇ ਇਕ ਬਰਾਂਡਾ ਸੀ, ਚਾਰਦੀਵਾਰੀ ਨਹੀਂ ਸੀ। ਸਕੂਲ ਦੇ ਚੁਗਿਰਦੇ ਥਾਂ ਖਾਲੀ ਛੱਡੀ ਹੋਈ ਸੀ। ਇਹ ਹੀ ਖੇਲਣ ਦੀ ਥਾਂ ਸੀ ਤੇ ਇਸੇ ਖਾਲੀ ਥਾਂ ਵਿਚ ਜਮਾਤਾਂ ਲੱਗਦੀਆਂ ਸਨ। ਤੀਜੀ ਜਮਾਤ ਵਿਚ ਪੜ੍ਹਾਈ ਵਿਚ ਫਰਕ ਪਹਿਲਾਂ ਨਾਲੋਂ ਇੰਨਾ ਕੁ ਹੀ ਪਿਆ ਕਿ ਉਰਦੂ ਤੇ ਹਿਸਾਬ ਦੇ ਨਾਲ ਨਾਲ ਹੁਣ ਬਿਸਤ-ਦੁਆਬ ਦਾ ਜੁਗਰਾਫੀਆ ਵੀ ਪੜ੍ਹਨਾ ਪੈ ਗਿਆ ਸੀ। ਉਸ ਜੁਗਰਾਫ਼ੀਏ ਵਿਚੋਂ ਇੰਨਾ ਕੁ ਹੀ ਯਾਦ ਰਹਿ ਗਿਆ ਹੈ, “ ਨਵਾਂਸ਼ਹਿਰ ਕੇ ਸਬ ਕਹੇਂ ਢੱਕੀ”, ਜਾਂ ਫੇਰ “ ਨਵੇਂ ਸ਼ਹਿਰ ਕੀ ਰੇੜੀਆਂ, ਨੱਥੂ ਵਾਲ ਕਾ ਗੁੜ”। ਪਹਾੜੇ “ਇੱਕ ਸੋਲ਼ਾਂ ਸੋਲ਼ਾਂ ਤੋਂ ਸੋਲ਼ਾਂ ਦਾਹਾ ਇਕ ਸੌ ਸੱਠ” ਤੱਕ ਪੁੱਜ ਗਏ ਸਨ।
ਤੀਜੀ ਜਮਾਤ ਵਿਚ ਪੜ੍ਹਦਿਆਂ ਇੱਕ ਘਟਨਾ ਅਜੇਹੀ ਵਾਪਰੀ ਕਿ ਉਸ ਸਮੇਂ ਦੇ ਕੁਝ ਮਾਸਟਰਾਂ ਦੇ ਉਜੱਡ ਪੁਣੇ ਤੇ ਪਸੂਪੁਣੇ ਦੀ ਮਿਸਾਲ ਯਾਦ ਦੀ ਤਖਤੀ ਤੇ ਸਦਾ ਲਈ ਉੱਕਰੀ ਗਈ। ਮੈਂ ਉਦੋਂ ਨੌਂ ਕੁ ਸਾਲ ਦੀ ਉਮਰ ਦਾ ਸਾਂ ਜਦੋਂ ਮੈਂ ਇਹ ਦ੍ਰਿਸ਼ ਆਪਣੀਆਂ ਅੱਖਾਂ ਸਾਹਮਣੇ ਹੁੰਦਾ ਦੇਖਿਆ। ਮਾਸਟਰ ਜਾਗਰ ਨੇ ਤੀਜੀ ਜਮਾਤ ਦੇ ਵਿੱਦਿਆਰਥੀ ਰੋਡੀ ਨੂੰ ਕਿਸੇ ਖੁਨਾਮੀ ਦੀ ਸਜ਼ਾ ਦੇਣ ਲਈ ਉਹਦੇ ਹੱਥ ਛਤੀਰੀ ਨੂੰ ਪੁਆ ਕੇ ਉਹਨੂੰ ਉੱਥੇ ਹੀ ਲਟਕਦਾ ਛੱਡ ਦਿੱਤਾ। ਕਿੰਨਾ ਚਿਰ ਤੱਕ ਰੋਡੀ ਉੱਥੇ ਹੀ ਲਟਕਦਾ ਚੀਕਾਂ ਮਾਰਦਾ ਰਿਹਾ। ਜਿਹੜੀ ਗ਼ਲਤੀ ਉਹਨੇ ਕੀਤੀ ਨਹੀਂ ਸੀ, ਉਸ ਤੋਂ ਮੰਨਵਾ ਕੇ ਉਸਨੂੰ ਥੱਲੇ ਉਤਾਰਿਆ।
ਰੋਡੀ ਸਾਡੇ ਘਰਾਂ ਵਿਚੋਂ ਚਾਚੇ ਦਾ ਪੁੱਤ ਭਰਾ ਲਗਦਾ ਸੀ। ਉਮਰ ਵਿਚ ਮੈਥੋਂ ਛੋਟਾ ਸੀ। ਮੈਨੂੰ ਉਸ ਉੱਤੇ ਬਹੁਤ ਤਰਸ ਆਇਆ। ਅੱਧੀ ਛੁੱਟੀ ਦੀ ਘੰਟੀ ਵੱਜਦਿਆਂ ਹੀ ਮੈਂ ਉਹਨੂੰ ਆਪਣੇ ਨਾਲ ਲੈ ਕੇ ਨੇੜੇ ਦੇ ਖੂਹ ੳੁੱਤੇ ਚਲਾ ਗਿਆ ਤੇ ਚਲ਼ੇ ਵਿਚ ਲੱਤਾਂ ਲਮਕਾਈ ਬੈਠਾ ਉਹਦੇ ਨਾਲ ਗੱਲਾਂ ਕਰਦਾ ਰਿਹਾ। ਘੰਟੀ ਵੱਜਦਿਆਂ ਹੀ ਅਸੀਂ ਜਦੋਂ ਦੋਵੇਂ ਸਕੂਲ ਵਿਚ ਵੜੇ ਤਾਂ ਮਾਸਟਰ ਜਾਗਰ ਨੇ ਮੈਨੂੰ ਲੱਤਾਂ ਹੇਠੋਂ ਬਾਂਹਾਂ ਲੰਘਾ ਕੇ ਕੰਨ ਫੜਨ ਲਈ ਹੁਕਮ ਚਾੜ੍ਹ ਦਿੱਤਾ। ਹੁਕਮ ਅਦੂਲੀ ਕਰਨ ਦੀ ਮੇਰੇ ਵਿਚ ਹਿੰਮਤ ਨਹੀਂ ਸੀ। ਮਾਸਟਰ ਜਾਗਰ ਨੇ ਮੇਰੇ ਚਿੱਤੜਾਂ ਤੇ ਬੈਂਤਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ ਤੇ ਨਾਲ ਦੀ ਨਾਲ ਕਹਿੰਦਾ ਰਿਹਾ, “ਸੱਚ ਦਸ ਕਿੱਥੇ ਗਏ ਸੀ?” ਮੈਂ ਕੀ ਦੱਸਦਾ? ਕਹਿੰਦਾ ਰਿਹਾ, “ਖੋਲਿ਼ਆਂ ਵਾਲੇ ਖੂਹ ਤੇ ਬੈਠੇ ਸੀ”। ਮੇਰੇ ਹਰ ਜਵਾਬ ਨਾਲ ਉਸਦੀ ਬੈਂਤ ਦੀ ਮਾਰ ਤਿੱਖੀ ਹੁੰਦੀ ਗਈ। ਮੈਂ ਤਾਂ ਉਹੀ ਕਹਿ ਸਕਦਾ ਸਾਂ ਜੋ ਸੱਚ ਸੀ। ਇਸ ਲਈ ਕੁੱਟ ਖਾਂਦਾ ਰਿਹਾ। ਮੇਰਾ ਛੁਟਕਾਰਾ ਉਦੋਂ ਹੋਇਆ ਜਦੋਂ ਮਾਸਟਰ ਅਲੀ ਮੁਹੰਮਦ ਨੇ ਕਿਹਾ, “ਚਲੋ ਛੱਡੋ, ਹੋ ਸਕਦਾ ਹੈ, ਮੁੰਡਾ ਸੱਚ ਹੀ ਬੋਲਦਾ ਹੋਵੇ”।
ਉਦੋਂ ਤਾਂ ਮੈਨੂੰ ਪਤਾ ਨਹੀਂ ਸੀ, ਮਾਸਟਰ ਜਾਗਰ ਮੇਰੇ ਮੂੰਹੋਂ ਕੀ ਕਹਾਉਣਾ ਚਾਹੁੰਦਾ ਸੀ? ਪਰ ਜਦੋਂ ਅਜੇਹੀਆਂ ਗੱਲਾਂ ਨੂੰ ਸਮਝ ਸਕਣ ਦੀ ਮੇਰੀ ਉਮਰ ਹੋਈ ਤਾਂ ਮੈਨੂੰ ਮਾਸਟਰ ਜਾਗਰ ਵਰਗੇ ਮਾਸਟਰਾਂ ਦੀ ਅਕਲ ਤੇ ਗੰਦੀ ਜ਼ਹਿਨੀਅਤ ਦਾ ਪਤਾ ਲੱਗਾ ਜਿਹੜੇ ਮਾਸੂਮ ਬੱਚਿਆਂ ਤੋਂ ਅਜੇਹੇ ਘਿਣਾਉਣੇ ਇਕ਼ਬਾਲ ਕਰਵਾ ਕੇ ਸੁਆਦ ਲੈਣ ਦੇ ਆਦੀ ਹੁੰਦੇ ਸਨ।
ਅਸੀਂ ਦੋਵੇਂ ਭਰਾ ਪੜ੍ਹਾਈ ਵਿਚ ਕਿਸੇ ਨੂੰ ਅੱਗੇ ਲੰਘਣ ਨਹੀਂ ਦਿੰਦੇ ਸਾਂ। ਮੇਰੇ ਵਿਚ ਤੇ ਮਲਕੀਤ ਵਿਚ ਇੱਕੋ ਫਰਕ ਸੀ ਕਿ ਉਹ ਜਿੰਨਾ ਚੁਸਤ ਚਲਾਕ, ਨਿਡਰ ਤੇ ਕਿਸੇ ਹੱਦ ਤੱਕ ਸ਼ਰਾਰਤੀ ਜਿਹਾ ਸੀ, ਮੈਂ ਉੱਨਾ ਹੀ ਚੁੱਪ ਚੁਪੀਤਾ, ਸੰਗਾਊ ਤੇ ਦਬੜੂ ਸਾਂ। ਸਾਰੇ ਵਿਸਿ਼ਆਂ ਵਿਚ ਅੱਗੇ ਅੱਗੇ ਤੇ ਹਿਸਾਬ ਦਾ ਹਰ ਸਵਾਲ ਪਹਿਲਾਂ ਕੱਢ ਲੈਣ ਵਾਲਾ ਹੋਣ ਤੇ ਵੀ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਮੈਂ ਜਮਾਤ ਵਿਚ ਖੜ੍ਹ ਕੇ ਕੁੱਝ ਨਹੀਂ ਸੁਣਾ ਸਕਦਾ ਸਾਂ। ਨਜ਼ਮਾਂ ਮੈਨੂੰ ਬਹੁਤੀਆਂ ਬਿਨਾ ਯਤਨ ਕਰਨ ਦੇ ਜ਼ਬਾਨੀ ਯਾਦ ਹੋ ਜਾਂਦੀਆਂ ਸਨ। ਪਰ ਜਦੋਂ ਜਮਾਤ ਵਿਚ ਖੜ੍ਹਾ ਹੋ ਕੇ ਸੁਣਾਉਣ ਲਈ ਕਿਹਾ ਜਾਂਦਾ ਤਾਂ ਮੈਂ ਤਰੇਲੀਓ ਤਰੇਲੀ ਹੋ ਜਾਂਦਾ ਤੇ ਮੈਨੂੰ ਸਭ ਕੁੱਝ ਭੁੱਲ ਜਾਂਦਾ।
ਸਕੂਲ ਦੀ ਪੜ੍ਹਾਈ ਠੀਕ ਠਾਕ ਚਲ ਰਹੀ ਸੀ। ਪਰ ਇੱਥੇ ਗੁਰਮੁਖੀ ਤਾਂ ਪੜ੍ਹਾਈ ਨਹੀਂ ਜਾਂਦੀ ਸੀ। ਉਦੋਂ ਪੰਜਾਬੀ ਜ਼਼ੁਬਾਨ ਨੂੰ ਗੁਰਮੁਖੀ ਹੀ ਕਹਿ ਦਿੰਦੇ ਸਨ। ਵਾਸਤਵ ਵਿਚ ਗੁਰਦੁਆਰਿਆਂ ਵਿਚ ਗੁਰਮੁਖੀ ਹੀ ਪੜ੍ਹਾਈ ਜਾਂਦੀ ਸੀ ਪੰਜਾਬੀ ਨਹੀਂ। ਗੁਰਮੁਖ ਮਾਪਿਆਂ ਦੇ ਬੱਚੇ ਜੇ ਗੁਰਮੁਖੀ ਨਾ ਪੜ੍ਹਦੇ ਤਾਂ ਹੋਰ ਕੌਣ ਪੜ੍ਹਦਾ? ਤੀਜੀ ਜਮਾਤ ਵਿਚ ਚੜ੍ਹਦਿਆਂ ਹੀ ਮਾਂ ਨੇ ਸਾਨੂੰ ਗੁਰਦੁਆਰੇ ਲਿਜਾ ਕੇ ਨਿਹੰਗ ਗੁਰਮੁਖ ਸਿੰਘ ਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਗੁਰਮੁਖੀ ਦੀ ਪੜ੍ਹਾਈ ਵੀ ਨਾਲ ਦੀ ਨਾਲ ਸ਼ੁਰੂ ਹੋ ਗਈ। ਮੇਰੇ ਗੁਰਦੁਆਰੇ ਪੜ੍ਹਨ ਜਾਣ ਦੇ ਦਿਨਾਂ ਵਿਚ ਉੱਥੇ ਜਿਹੜੇ ਤਜਰਬੇ ਹੋਏ ਉਹ ਇੱਕ ਵੱਖਰੇ ਕਾਂਡ ਦਾ ਵਿਸ਼ਾ ਹਨ। ਹਾਲ ਦੀ ਘੜੀ ਇੱਥੇ ਇੰਨਾ ਹੀ ਦੱਸਣਾ ਕਾਫ਼ੀ ਹੈ ਕਿ ਗੁਰਮੁਖ ਸਿੰਘ ਨੇ ਗੁਰਮੁਖੀ ਪੜ੍ਹਾ ਕੇ ਸਾਨੂੰ ਗੁਰਮੁਖ ਬਣਾਉਣ ਵਿਚ ਕੋਈ ਕਸਰ ਬਾਕੀ ਨਾ ਛੱਡੀ। ਉਸਦੇ ਗੁਰਮੁਖ ਦਾ ਮਤਲਬ ਸੀ ਮੁਸਲਮਾਨਾਂ ਨਾਲ ਸਖ਼ਤ ਨਫ਼ਰਤ ਕਰਨ ਵਾਲਾ। ਉਸਦੇ ਮੁਸਲਿਮ ਵਿਰੋਧੀ ਜ਼ਹਿਰੀਲੇ ਪਰਚਾਰ ਦਾ ਅਸਰ ਸਾਡੇ ਬਾਲ ਮਨਾਂ ਤੇ ਹੋਣਾ ਹੀ ਸੀ। ਉਸਦਾ ਦਿਖਾਵਾ ਸਾਥੋਂ ਸਕੂਲ ਵਿਚ ਵੀ ਹੋਣ ਲੱਗ ਪਿਆ।
ਇਸ ਸਕੂਲ ਵਿਚ ਮੁਸਲਮਾਨ ਮੁੰਡਿਆਂ ਦੀ ਗਿਣਤੀ ਹਿੰਦੂ ਸਿੱਖ ਮੁੰਡਿਆਂ ਨਾਲੋਂ ਵਧੇਰੇ ਸੀ। ਇੱਕ ਤਾਂ ਉਂਝ ਹੀ ਸੂੰਢ-ਮਕਸੂਦਪੁਰ ਵਿਚ ਮੁਸਲਮਾਨ ਗਿਣਤੀ ਵਿਚ ਬਹੁਤੇ ਸਨ, ਦੂਜੇ ਨੇੜੇ ਦੇ ਮੁਸਲਮਾਨ ਪਿੰਡਾਂ ਵਿਚ ਸਕੂਲ ਨਹੀਂ ਸਨ। ਇਸ ਲਈ ਗਿਦਾਣੀ ਤੇ ਬਲਾਕੀਪੁਰ ਦੇ ਮੁਸਲਮਾਨ ਮੁੰਡੇ ਵੀ ਇਸੇ ਸਕੂਲ ਵਿਚ ਪੜ੍ਹਨ ਆਉਂਦੇ ਸਨ। ਸਾਨੂੰ ਇਹ ਮੁੰਡੇ ਹੁਣ ਔਰੰਗਿਆਂ ਵਜੀਦਿਆਂ ਦੇ ਵਾਰਸ ਲੱਗਣ ਲੱਗ ਪਏ ਸਨ। ਤੇ ਅਸੀਂ ਵੀ ਆਪਣੇ ਆਪ ਨੂੰ ਕਿਹੜਾ ਬੰਦੇ ਬਹਾਦਰ ਨਾਲੋਂ ਘੱਟ ਸਮਝਦੇ ਸਾਂ। ਅਸੀਂ ਮੁਸਲਮਾਨ ਮੁੰਡਿਆਂ ਨਾਲ ਨਿਤ ਕੋਈ ਨਾ ਕੋਈ ਪੰਗਾ ਪਾਈ ਰੱਖਦੇ ਸਾਂ। ਮੈਂ ਤਾਂ ਪਿੱਛੇ ਪਿੱਛੇ ਤੁਰਨ ਵਾਲਾ ਹੀ ਸਾਂ ਪਰ ਮੇਰਾ ਭਰਾ ਮਲਕੀਤ ਇਹੋ ਜਿਹੇ ਕੰਮਾਂ ਵਿਚ ਸਦਾ ਮੋਹਰੇ ਹੁੰਦਾ ਸੀ।
ਜਮਾਤ ਵਿਚ ਮੁਸਲਮਾਨ ਮੁੰਡਿਆਂ ਦੀ ਗਿਣਤੀ ਵੱਧ ਸੀ ਤੇ ਮਨੀਟਰ ਬਣ ਗਿਆ ਮਲਕੀਤ। ਇੱਕ ਦਿਨ ਮਾਸਟਰ ਦੀ ਗ਼ੈਰਹਾਜ਼ਰੀ ਵਿਚ ਜਿਹੜੀ ਇਮਲਾ ਮੁੰਡਿਆਂ ਨੂੰ ਲਿਖਾਈ ਜਾ ਰਹੀ ਸੀ ਉਸਦਾ ਨਮੂਨਾ ਦੇਖੋ:-
“ਬਾਬਾ ਦੀਪ ਸਿੰਘ ਕਾ ਖੰਡਾ ਜਾਏ ਖੱਪੇ ਖੋਲਤਾ”
ਸਾਡੀਆਂ ਅਜੇਹੀਆਂ ਹਰਕਤਾਂ ਕਰਕੇ ਮੁਸਲਮਾਨ ਮੁੰਡਿਆਂ ਨੇ ਤੜਫਣਾ ਤਾਂ ਸੀ ਹੀ। ਉਨ੍ਹਾਂ ਦੀ ਤੜਫੜਾਹਟ ਕਿਤੇ ਕਿਤੇ ਸਾਡੇ ਵਿਰੁਧ ਵੀ ਨਿਕਲਣ ਲੱਗ ਪਈ।
ਪਿੰਡ ਬਲਾਕ਼ੀਪੁਰ ਤੋਂ ਗੁੱਜਰ ਮੁਸਲਮਾਨਾਂ ਦੇ ਕੁੱਝ ਮੁੰਡੇ ਪੜ੍ਹਨ ਆਉਂਦੇ ਸਨ। ਉਨ੍ਹਾਂ ਵਿਚ ਇੱਕ ਮੁੰਡਾ ਹੁੰਦਾ ਸੀ ਅਦਰੀਸ। ਉਹ ਪਿੰਡ ਦੇ ਲੰਬੜਦਾਰ ਦਾ ਭਾਣਜਾ ਸੀ। ਉਹ ਸਰੀਰਕ ਤੌਰ ਤੇ ਤਕੜਾ ਵੀ ਸੀ, ਪੜ੍ਹਨ ਵਿਚ ਵੀ ਹੁਸਿ਼ਆਰ ਸੀ, ਅਣਖੀਲਾ ਵੀ ਬੜਾ ਸੀ ਤੇ ਅੜਬ ਵੀ। ਇਹੋ ਜਿਹੇ ਮੁੰਡੇ ਟੋਲੀਆਂ ਦੇ ਮੋਹਰੀ ਬਣ ਹੀ ਜਾਂਦੇ ਹਨ। ਉਹ ਆਪਣੇ ਪਿੰਡ ਦੇ ਮੁੰਡਿਆਂ ਦਾ ਤਾਂ ਮੋਹਰੀ ਸੀ ਹੀ, ਸਾਡੀਆਂ ਹਰਕਤਾਂ ਨੇ ਉਸਨੂੰ ਸਾਰੇ ਮੁਸਲਮਾਨ ਮੁੰਡਿਆਂ ਦਾ ਮੋਹਰੀ ਬਣਾ ਦਿੱਤਾ।
ਇੱਕ ਦਿਨ ਸਾਡਾ ਟੋਲਾ ਕਿਸੇ ਗੱਲ ‘ਤੇ ਮੁਸਲਮਾਨ ਮੁੰਡਿਆਂ ਨੂੰ ਜਿੱਚ ਕਰ ਰਿਹਾ ਸੀ ਕਿ ਉਨ੍ਹਾਂ ਨੇ ਅਦਰੀਸ ਨੂੰ ਆਉਂਦਿਆਂ ਦੇਖਿਆ ਤੇ ਦੌੜ ਕੇ ਉਸ ਕੋਲ ਗਏ ਤੇ ਉਸਨੂੰ ਨਾਲ ਲੈ ਕੇ ਸਾਡੇ ਵਲ ਵਧੇ। ਆਉਂਦਿਆਂ ਹੀ ਅਦਰੀਸ ਨੇ ਲਲਕਾਰਿਆ, “ਕਿਹੜਾ ਆ ਓਏ ਕੀਤੂ! ਅੱਗੇ ਆਵੇ।” ਸਾਡਾ ਮਲਕੀਤ ਕਿਹੜਾ ਟਲਨ ਵਾਲਾ ਸੀ? ਉਹ ਸਿਹਤ ਦੇ ਲਿਹਾਜ਼ ਨਾਲ ਤਾਂ ਅਦਰੀਸ ਤੋਂ ਥੱਲੇ ਹੀ ਸੀ ਪਰ ਚਲਾਕ ਉਸ ਨਾਲੋਂ ਵਧੇਰੇ ਸੀ। ਮਲਕੀਤ ਜਦੋਂ ਅੱਗੇ ਵਧਿਆ ਤਾਂ ਅਦਰੀਸ ਉਸ ਵਲ ਮੁੱਕਾ ਵੱਟ ਕੇ ਆਇਆ। ਅਦਰੀਸ ਨੂੰ ਆਦਤ ਸੀ ਕਿ ਉਹ ਗੁੱਸੇ ਵਿਚ ਆਪਣੀ ਜੀਭ ਦੰਦਾਂ ਥੱਲੇ ਦੱਬ ਲੈਂਦਾ ਸੀ। ਜਦੋਂ ਉਹਨੇ ਦੰਦਾਂ ਥੱਲੇ ਜੀਭ ਦੱਬ ਕੇ ਮਲਕੀਤ ਵਲ ਮੁੱਕਾ ਉਲਾਰਿਆ, ਤਾਂ ਮਲਕੀਤ ਨੇ ਚੁਸਤੀ ਵਰਤ ਕੇ ਉਸਦੇ ਵਾਰ ਤੋਂ ਪਹਿਲਾਂ ਹੀ ਉਸਦੀ ਠੋਡੀ ਤੇ ਮੁੱਕਾ ਜੜ ਦਿੱਤਾ। ਅਦਰੀਸ ਦੀ ਜੀਭ ਟੁੱਕੀ ਗਈ ਤੇ ਖੂਨ ਵਹਿੰਦਾ ਦੇਖ ਕੇ ਉੱਥੇ ਹੀ ਲੜਾਈ ਖਤਮ ਹੋ ਗਈ। ਉਸ ਵੇਲੇ ਤੱਕ ਮਾਸਟਰ ਅਲੀ ਮੁਹੰਮਦ ਆਉਂਦਾ ਦਿਸ ਪਿਆ। ਮੁਸਲਮਾਨ ਮੁੰਡਿਆਂ ਨੇ ਝੱਟ ਉਸ ਪਾਸ ਪੁੱਜ ਕੇ ਸ਼ਕਾਇਤ ਲਾਈ। ਜਦੋਂ ਅਦਰੀਸ ਨੂੰ ਇਸ ਬਾਰੇ ਪੁੱਛਿਆ ਤਾਂ ਉਹਨੇ ਸਿਰ ਫੇਰ ਦਿੱਤਾ ਤੇ ਕਿਹਾ ਮੈਨੂੰ ਕਿਸੇ ਨੇ ਕੁੱਝ ਨਹੀਂ ਕਿਹਾ। ਉਹਦੀ ਅਣਖ ਨੇ ਇਜਾਜ਼ਤ ਨਾ ਦਿੱਤੀ ਕਿ ਉਹ ਆਪਣਾ ਬਦਲਾ ਆਪ ਨਾ ਲਵੇ ਤੇ ਆਪਣੇ ਵਿਰੋਧੀ ਨੂੰ ਮਾਸਟਰ ਤੋਂ ਕੁਟਵਾਏ। ਭਾਵੇਂ ਅਦਰੀਸ ਨਾਲ ਟੱਕਰ ਉੱਨਾ ਚਿਰ ਚਲਦੀ ਰਹੀ, ਜਿੰਨਾ ਚਿਰ ਉਹ ਛੇ ਕੁ ਮਹੀਨੇ ਪਿੱਛੋਂ ਇਹ ਸਕੂਲ ਛੱਡ ਕੇ ਚਲਾ ਨਾ ਗਿਆ। ਉਸਦੀ ਅਣਖ ਤੇ ਅਸੂਲਪ੍ਰਸਤੀ ਦਾ ਮੈਂ ਸਦਾ ਹੀ ਕਾਇਲ ਰਿਹਾ ਤੇ ਉਸਨੂੰ ਯਾਦ ਦੀ ਤਖਤੀ ਤੋਂ ਕਦੀ ਵੀ ਮਿਟਾ ਨਹੀਂ ਸਕਿਆ।
ਚੌਥੀ ਜਮਾਤ ਵਿਚ ਚੜ੍ਹਨ ਪਿੱਛੋਂ ਜੁਗਰਾਫੀਆ ਪੰਜਾਬ ਦਾ ਲੱਗ ਗਿਆ ਸੀ ਤੇ ਪਹਾੜੇ “ਸੋਲ੍ਹੋ ਸੋਲ੍ਹਿਆ ਦੋ ਸੌ ਛਪੰਜਾ” ਤੋਂ ਅੱਗੇ ਸਵਾਇਆ ਢਾਇਆ ਪੌਂਚਾ ਢੌਂਚਾ ਦੇ ਵੀ ਰਟਣੇ ਪੈ ਗਏ ਸਨ। ਹਿਸਾਬ ਵੀ ਹੁਣ ਸੂਦ ਦਰ ਸੂਦ ਤੇ ਚੌਪੜ ਦੀਆਂ ਸੜਕਾਂ ਦੇ ਰਕਬੇ ਕੱਢਣ ਤੱਕ ਪੁੱਜ ਗਿਆ ਸੀ। ਚੌਥੀ ਜਮਾਤ ਵਿਚ ਚੜ੍ਹੇ ਹੀ ਸਾਂ ਕਿ ਮਾਸਟਰ ਅਲੀ ਮੁਹੰਮਦ ਦੀ ਬਦਲੀ ਹੋ ਗਈ ਤੇ ਉਸਦੀ ਥਾਂ ਸੰਧਵਾਂ ਪਿੰਡ ਦਾ ਇੱਕ ਬ੍ਰਾਹਮਣ ਮਾਸਟਰ ਕਰਮ ਚੰਦ ਆ ਗਿਆ। ਮਾਸਟਰ ਕਰਮ ਚੰਦ ਪੱਗ ਬੰਨ੍ਹਦਾ ਸੀ ਪਰ ਲੜ ਨਹੀਂ ਛੱਡਦਾ ਸੀ, ਤੇੜ ਧੋਤੀ ਤੇ ਗਲ਼ ਕੁੜਤਾ ਪਹਿਨਦਾ ਸੀ, ਦਾੜ੍ਹੀ ਮੁੱਛਾਂ ਸਫ਼ਾਚੱਟ ਰਖਦਾ ਸੀ। ਉਸਦਾ ਮੂੰਹ ਕੁੱਝ ਕੁ ਲਮੂਤਰਾ ਜਿਹਾ ਸੀ। ਪੜ੍ਹਾਉਣ ਵਿਚ ਉਹ ਵੀ ਮਾਸਟਰ ਅਲੀ ਮੁਹੰਮਦ ਨਾਲੋਂ ਘਟ ਨਹੀਂ ਸੀ।
ਚੌਥੀ ਜਮਾਤ ਵਿਚ ਪੜ੍ਹਦਿਆਂ ਕੋਈ ਵਰਣਨ ਯੋਗ ਘਟਨਾ ਨਹੀਂ ਵਾਪਰੀ। ਸਾਡਾ ਪਹਿਰਾਵਾ ਉਸ ਸਮੇਂ ਨਿਹੰਗ ਗੁਰਮੁਖ ਸਿੰਘ ਨੇ ਨਿਹੰਗਾ ਵਾਲਾ ਹੀ ਬਣਾ ਦਿੱਤਾ ਸੀ। ਇਹ ਪਹਿਰਾਵਾ ਸਕੂਲ ਦੇ ਮੁੰਡਿਆਂ ਲਈ ਕੁੱਝ ਚਿਰ ਹਾਸੇ ਮਖੌਲ ਦਾ ਕਾਰਣ ਬਣਿਆ ਰਿਹਾ। ਪੜ੍ਹਨ ਵਿਚ ਅਸੀਂ ਦੋਵੇਂ ਕਿਸੇ ਨਾਲੋਂ ਘੱਟ ਨਹੀਂ ਸਾਂ ਤੇ ਸਿਹਤ ਵੀ ਕੋਈ ਮਾੜੀ ਨਹੀਂ ਸੀ। ਇਸ ਲਈ ਸਾਹਮਣੇ ਆ ਕੇ ਕੋਈ ਛੇੜ ਛਾੜ ਕਰ ਨਹੀਂ ਸਕਦਾ ਸੀ। ਮਾਸਟਰ ਕਰਮ ਚੰਦ ਵੀ ਸਾਡੀ ਪੜ੍ਹਾਈ ਤੋਂ ਖੁਸ਼ ਸੀ। ਛੇਤੀ ਹੀ ਚੌਥੀ ਜਮਾਤ ਪਾਸ ਕਰ ਕੇ ਅਸੀਂ ਦੋਵੇਂ ਡੀ. ਬੀ. ਮਿਡਲ ਸਕੂਲ ਫਰਾਲੇ ਪੰਜਵੀਂ ਜਮਾਤ ਵਿਚ ਦਾਖਲ ਹੋ ਗਏ।
ਪੁਰਾਣੀਆਂ ਸੋਚਾਂ ਕਿਵੇਂ ਨਵੇਂ ਸਮੇਂ ਵਿਚ ਬੇਮਤਲਬ ਹੋ ਜਾਂਦੀਆਂ ਹਨ? ਉਹ ਜਿਹੜਾ ਕੱਲ ਸੱਚ ਸੀ ਅੱਜ ਕਿਵੇਂ ਸੱਚ ਨਹੀਂ ਰਹਿੰਦਾ? ਇਹਦੀ ਸਾਖਸ਼ਾਤ ਮਿਸਾਲ ਚੌਥੀ ਜਮਾਤ ਪਾਸ ਕਰਨ ਸਮੇਂ ਦੇਖੀ। ਸਾਡੇ ਪਿੰਡ ਦਾ ਪੰਡਤ ਸ੍ਰੀ ਰਾਮ ਉਸ ਸਮੇਂ ਦਾ ਚੌਥੀ ਕੁ ਪਾਸ ਸੀ, ਜਦੋਂ ਗੁਲਿਸਤਾਂ ਬੋਸਤਾਂ ਨੂੰ ਰੱਟਾ ਲਾਉਣਾ ਤੇ ਹਰ ਤਰ੍ਹਾਂ ਦਾ ਹਿਸਾਬ ਕਰ ਲੈਣਾ ਹੀ ਪੜ੍ਹਾਈ ਸਮਝੀ ਜਾਂਦੀ ਸੀ। ਸ੍ਰੀ ਰਾਮ ਦਾ ਖਿਆਲ ਸੀ ਜੇ ਕੋਈ ਵਿੱਦਿਆਰਥੀ ਚੌਥੀ ਜਮਾਤ ਵਿਚ ਚੰਗੀ ਤਰ੍ਹਾਂ ਪੱਕ ਕੇ ਅੱਗੇ ਜਾਵੇ ਤਾਂ ਉਹ ਕਿਸੇ ਘਾਟੇ ਵਿਚ ਨਹੀਂ ਰਹਿੰਦਾ। ਇਸ ਸੋਚ ਅਧੀਨ ਉਹਨੇ ਆਪਣੇ ਪਾਸ ਹੋਏ ਮੁੰਡੇ ਰਾਮ ਕਿਸ਼ਨ ਨੂੰ ਆਪ ਕਹਿ ਕੇ ਫੇਲ੍ਹ ਕਰਵਾ ਕੇ ਚੌਥੀ ਵਿੱਚ ਹੀ ਰੱਖ ਲਿਆ। ਉਹਦੇ ਹਮਜਮਾਤੀ ਅਸੀਂ ਹਰ ਸਾਲ ਜਮਾਤਾਂ ਚੜ੍ਹਦੇ ਰਹੇ ਤੇ ਉਹ ਵਿਚਾਰਾ ਚੌਥੀ ਵਿਚੋਂ ਫੇਰ ਪਾਸ ਨਾ ਹੋ ਸਕਿਆ। 'ਆਖਰ ਬੱਚਾ ਮੂਲਿਆ ਤੈਂ ਹੱਟੀ ਬਹਿਣਾ' ਦੇ ਕਥਨ ਅਨੁਸਾਰ ਪੜ੍ਹਾਈ ਛੱਡ ਕੇ ਪਿਉ ਵਾਲੇ ਬਹੀਆਂ ਖਾਤਿਆਂ ਦੇ ਲੇਖੇ ਜੋਖੇ ਵਿਚ ਪੈ ਗਿਆ । ਉਹ ਇਸ ਲੇਖੇ ਜੋਖੇ ਵਿਚ ਵੀ ਕਾਮਯਾਬ ਨਾ ਹੋ ਸਕਿਆ, ਕਿਉਂ ਕਿ ਉਹਦੇ ਪਿਉ ਦੇ ਸਮੇਂ ਵਾਲੇ “ਦੋ ਦੂਣੀ ਛੇ” ਦੇ ਸਮੇਂ ਲੱਦ ਗਏ ਸਨ।
ਉਨ੍ਹਾਂ ਦਿਨਾਂ ਵਿਚ ਅੰਗਰੇਜ਼ੀ ਦੀ ਪੜ੍ਹਾਈ ਪੰਜਵੀਂ ਜਮਾਤ ਤੋਂ ਅਰੰਭ ਹੁੰਦੀ ਸੀ। ਅੱਠ ਜਮਾਤਾਂ ਪਾਸ ਕਰਨ ਤੱਕ ਵਿੱਦਿਆ ਦਾ ਮਾਧਿਅਮ ਉਰਦੂ ਹੀ ਸੀ ਤੇ ਮਾਤ-ਭਾਸ਼ਾ ਦੇ ਤੌਰ ਤੇ ਵੀ ਉਰਦੂ ਹੀ ਪੜ੍ਹਾਈ ਜਾਂਦੀ ਸੀ। ਪੰਜਵੀਂ ਜਮਾਤ ਤੋਂ ਹਿਸਾਬ ਦੇ ਨਾਲ ਨਾਲ ਜੁਮੈਟਰੀ ਵੀ ਪੜ੍ਹਨੀ ਹੁੰਦੀ ਸੀ। ਉਰਦੂ ਅੰਗਰੇਜ਼ੀ, ਗਣਿਤ, ਇਤਿਹਾਸ ਤੇ ਭੂਗੋਲ ਲਾਜ਼ਮੀ ਪੜ੍ਹਨੇ ਪੈਂਦੇ ਸਨ ਤੇ ਇਨ੍ਹਾਂ ਦੇ ਨਾਲ ਦੋ ਕੁ ਵਿਸ਼ੇ ਹੋਰ ਵੀ ਚੁਣਨੇ ਪੈਂਦੇ ਸਨ, ਇਨ੍ਹਾਂ ਵਿਚ ਸਾਇੰਸ, ਸ਼ਹਿਰੀਅਤ, ਕੁਦਰਤ ਕੇ ਖੇਲ੍ਹ ਅਮਲੀ ਜੁਗਰਾਫੀਆ ਤੇ ਪੰਜਾਬੀ ਵੀ ਸ਼ਾਮਿਲ ਸਨ।
ਇਸ ਸਕੂਲ ਦਾ ਹੈੱਡਮਾਸਟਰ ਮੁਸਲਮਾਨ ਸੀ। ਉਹ ਇੰਨਾ ਮੋਟਾ ਸੀ ਕਿ ਉਹਦੀ ਗੋਗੜ ਉਸ ਤੋਂ ਵੀ ਪਹਿਲਾਂ ਤੁਰੀ ਆਉਂਦੀ ਦਿਸ ਪੈਂਦੀ ਸੀ। ਉਹਦੇ ਨਾਉਂ ਨਾਲ ਸੂਫ਼ੀ ਲਗਦਾ ਸੀ। ਉਹ ਮੁਸਲਮਾਨਾਂ ਦੀ ਸੂਫ਼ੀ ਪਰੰਪਰਾ ਨਾਲ ਸੰਬੰਧ ਰਖਦਾ ਸੀ ਜਾਂ ਨਹੀਂ? ਇਹ ਤਾਂ ਮੈਨੂੰ ਪਤਾ ਨਹੀਂ। ਉਦੋਂ ਕਿਹੜਾ ਮੈਨੂੰ ਸੂਫ਼ੀਆਂ ਬਾਰੇ ਕੁੱਝ ਪਤਾ ਸੀ? ਉਹ ਸਲਵਾਰ ਕੁੜਤਾ ਪਾੳਂੁਦਾ ਹੁੰਦਾ ਸੀ ਤੇ ਸਿਰ ਤੇ ਰੂਮੀ ਟੋਪੀ ਰੱਖਦਾ ਸੀ। ਸੈਕਿੰਡ ਮਾਸਟਰ ਹਿੰਦੂ ਸੀ। ਨਾਉਂ ਤਾਂ ਉਹਦਾ ਯਾਦ ਨਹੀਂ, ਪਰ ਮੁੰਡੇ ਉਹਨੂੰ ਨਾਈ ਕਹਿੰਦੇ ਹੁੰਦੇ ਸਨ। ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦਾ ਸੀ। ਸਿਰੋਂ ਨੰਗਾ, ਤੇੜ ਖਾਕੀ ਨਿੱਕਰ ਤੇ ਇੱਕ ਹੱਥ ਵਿਚ ਰੂਲ ਰੱਖਦਾ ਹੁੰਦਾ ਸੀ। ਉਹਦੇ ਪੜ੍ਹਾਉਣ ਦਾ ਢੰਗ ਬੜਾ ਅਨੋਖਾ ਸੀ। ਉਹ ਜਮਾਤ ਵਿਚ ਡੈਸਕਾਂ ਦੀਆਂ ਕਤਾਰਾਂ ਵਿਚ ਇਸ ਤਰ੍ਹਾਂ ਤੁਰਦਾ ਫਿਰਦਾ, ਪੜ੍ਹਾਉਂਦਾ ਸੀ ਜਿਵੇਂ ਕਿ ਕਵੈਦ ਕਰਾ ਰਿਹਾ ਹੋਵੇ। ਉਹਦਾ ਅੰਗਰੇਜ਼ੀ ਜ਼ੁਬਾਨ ਵਿਚ ਗਿਣਤੀ ਸਿਖਾਲਨ ਦਾ ਢੰਗ ਮੈਨੂੰ ਹੁਣ ਤੱਕ ਨਹੀਂ ਭੁੱਲਿਆ:-
ਵੰਨ ਟੂਅ---ਟਾਈ ਮਾਈ ਸ਼਼ੂਅ
ਥਰੀ ਫੋਰ---ਸ਼ੱਟ ਦੀ ਡੋਰ
ਫਾਈਵ ਸਿਕਸ-ਪਿੱਕ ਅੱਪ ਸਟਿਕਸ
ਸੈਵਨ ਏਟ---ਸ਼ੱਟ ਦੀ ਗੇਟ
ਨਾਈਨ ਟੈੱਨ---ਏ ਬਿਗ ਫੈਟ ਹੈੱਨ
ਉਹ ਇਨ੍ਹਾਂ ਦੇ ਤੁਕਾਂਤ ਮੇਲ ‘ਤੇ ਫਰਸ਼ ‘ਤੇ ਪੈਰ ਵੀ ਮਾਰਦਾ ਤੇ ਆਪਣੀ ਜੁੱਤੀ ਅਤੇ ਦਰਵਾਜ਼ੇ ਆਦਿ ਵਲ ਇਸ਼ਾਰੇ ਵੀ ਕਰਦਾ ਰਹਿੰਦਾ। ਅਜੇਹਾ ਕਰਦਾ ਉਹ ਅੱਖਾਂ ਇਸ ਤਰ੍ਹਾਂ ਝਮਕਦਾ ਕਿ ਦੇਖ ਕੇ ਸਾਨੂੰ ਹਾਸਾ ਆਉਣੋਂ ਨਾ ਰੁਕਦਾ।
ਇੱਕ ਹੋਰ ਮਾਸਟਰ ਸੀ, ਉਸਦਾ ਨਾ ਬਨਾਰਸੀ ਦਾਸ ਸੀ। ਉਹ ਸਾਨੂੰ ਤਾਰੀਖ਼ ਜੁਗ਼ਰਰਾਫੀਆ ਪੜ੍ਹਾਉਂਦਾ ਸੀ। ਉਹਨੂੰ ਜਮਾਤ ਵਿਚ ਹੀ ਮਿਰਗੀ ਦਾ ਦੌਰਾ ਪੈ ਜਾਂਦਾ ਸੀ। ਉਹਨੂੰ ਚੰਗੇ ਭਲੇ ਨੂੰ ਦੌਰਾ ਪਿਆ ਦੇਖ ਕੇ ਸਾਰੇ ਮੁੰਡੇ ਸਹਿਮ ਜਾਂਦੇ ਸਨ। ਉਹਦਾ ਇੱਕ ਮੁੰਡਾ ਸਾਡੇ ਨਾਲ ਹੀ ਪੜ੍ਹਦਾ ਸੀ। ਉਹੀ ਦੌਰਾ ਪੈਣ ਸਮੇਂ ਉਹਦੀ ਮਦਦ ਕਰਦਾ ਸੀ।
ਸਭ ਤੋਂ ਵੱਧ ਡਰ ਮੈਨੂੰ ਉਰਦੂ ਦੇ ਮਾਸਟਰ ਕਰਤਾਰ ਸਿੰਘ ਤੋਂ ਲਗਦਾ ਸੀ। ਉਹਨੇ ਮੈਨੂੰ ਜਦੋਂ ਖੜ੍ਹਾ ਹੋ ਕੇ ਸਬਕ ਸੁਣਾਉਣ ਲਈ ਕਹਿਣਾ ਤਾਂ ਮੈਨੂੰ ਕਾਂਬਾ ਸ਼ੁਰੂ ਹੋ ਜਾਣਾ ਤੇ ਮੈਂ ਕੁੱਝ ਵੀ ਸੁਣਾ ਨਾ ਸਕਣਾ।
“ਇਧਰ ਆ ਨਜ਼ਰ ਵੱਟੂ”, ਉਹਨੇ ਚੀਕ ਕੇ ਕਹਿਣਾ। ਜਦੋਂ ਮੈਂ ਕੋਲ ਜਾਣਾ ਤਾਂ ਉਹਨੇ ਪੂਰੇ ਜ਼ੋਰ ਨਾਲ ਘੁਮਾ ਕੇ ਤੂਤ ਦੀ ਨਵੀਂ ਘੜੀ ਛਿਟੀ ਮੇਰੇ ਹੱਥ ਤੇ ਇੰਨੇ ਜ਼ੋਰ ਨਾਲ ਮਾਰਨੀ ਕਿ ਮੇਰੀਆਂ ਚੀਕਾਂ ਨਿਕਲ ਜਾਣੀਆਂ।
ਉਹਦਾ ਪੀਰੀਅਡ ਆਉਣ ਤੋਂ ਪਹਿਲਾਂ ਹੀ ਮੈਂ ਸੁੱਖਾਂ ਸੁੱਖਣ ਲੱਗ ਪੈਂਦਾ, “ਹੇ ਸੱਚੇ ਪਾਤਸ਼ਾਹ! ਅੱਜ ਮਾਸਟਰ ਕਰਤਾਰ ਸਿੰਹੁ ਨਾ ਆਇਆ ਹੋਵੇ”। ਉਹਨੂੰ ਦੇਖਦਿਆਂ ਹੀ ਮੈਨੂੰ ਪਸੀਨਾ ਆਉਣ ਲੱਗ ਜਾਂਦਾ ਸੀ। ਛੇਤੀ ਹੀ ਮਾਸਟਰ ਕਰਤਾਰ ਸਿੰਘ ਤੋਂ ਛੁਟਕਾਰੇ ਦਾ ਢੋਅ ਬਣ ਗਿਆ।
ਉਨ੍ਹੀਂ ਦਿਨੀਂ ਪੰਜਵੀਂ ਜਮਾਤ ਤੋਂ ਫੀਸਾਂ ਲਗਦੀਆਂ ਸਨ। ਜੇ ਦੋ ਭਰਾ ਇਕੱਠੇ ਪੜ੍ਹਦੇ ਹੋਣ ਤਾਂ ਇੱਕ ਨੂੰ ਪੂਰੀ ਫੀਸ ਦੇਣੀ ਪੈਂਦੀ ਸੀ ਤੇ ਇੱਕ ਨੂੰ ਅੱਧੀ ਫੀਸ ਮੁਆਫ਼ ਹੋ ਜਾਂਦੀ ਸੀ। ਘਰ ਦਿਆਂ ਨੇ ਸਾਡੀ ਪੜ੍ਹਾਈ ਦੀਆਂ ਚੰਗੀਆਂ ਰਿਪੋਰਟਾਂ ਸੁਣ ਕੇ ਚਾਈਂ ਚਾਈਂ ਸਾਨੂੰ ਪੰਜਵੀਂ ਵਿਚ ਪੜ੍ਹਨ ਤਾਂ ਲਾ ਦਿੱਤਾ, ਪਰ ਤੀਜੇ ਕੁ ਮਹੀਨੇ ਹੀ ਉਹ ਫੀਸਾਂ ਦੇਣ ਤੋਂ ਤੰਗ ਆ ਗਏ। ਚਾਚੇ ਹੋਰੀਂ ਹੱਲ ਲੱਭਿਆ ਕਿ ਜੇ ਇੱਕ ਜਣੇ ਨੂੰ ਪੜ੍ਹਨੋਂ ਹਟਾ ਲਿਆ ਜਾਵੇ ਤਾਂ ਦੂਜੇ ਦੀ ਫੀਸ ਔਖੇ ਸੁਖਾਲੇ ਦਿੰਦੇ ਰਹਾਂਗੇ। ਮੈਨੂੰ ਮਾਸਟਰ ਕਰਤਾਰ ਸਿੰਘ ਦੀਆਂ ਝਿੜਕਾਂ ਤੇ ਮਾਰ ਤੋਂ ਬਚਣ ਦਾ ਸੁਨਹਿਰੀ ਮੌਕਾ ਹੱਥ ਆ ਗਿਆ ਸੀ। ਮੈਂ ਆਪਣੇ ਆਪ ਨੂੰ ਪੜ੍ਹਾਈ ਛੱਡਣ ਲਈ ਪੇਸ਼ ਕਰ ਦਿੱਤਾ। ਮੈਥੋਂ ਦੋ ਕੁ ਮਹੀਨੇ ਪਿੱਛੋਂ ਹੀ ਮਲਕੀਤ ਅਜੇਹਾ ਬੀਮਾਰ ਪਿਆ ਕਿ ਫੇਰ ਸਕੂਲ ਹੀ ਨਾ ਜਾ ਸਕਿਆ। ਫੇਰ ਉਹਨੇ ਵੀ ਪੜ੍ਹਨ ਨਾ ਜਾਣ ਦਾ ਮੰਨ ਬਣਾ ਲਿਆ। ਤੇ ਮੇਰੇ ਵਾਂਗ ਹੀ ਖੇਤੀ ਦੇ ਕੰਮ ਵਿਚ ਮਦਦ ਕਰਨ ਲੱਗ ਪਿਆ।
(6 ਨਵੰਬਰ 2006)

 

 

ਹਰਬਖਸ਼ ਮਕਸੂਦਪੁਰੀ ਦੀਆਂ 'ਲਿਖਾਰੀ' ਵਿੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

e-mail:
ilKfrI



© likhari: Punjabi Likhari Forum-2001-2007