|
1. ਤਾਇਆ ਨਵੇਂ ਨਵੇਂ
ਕਪੜਿਆਂ ਵਾਲਾ
hrbKsL mksUdpurI, zrbI (XU[ky[) |
1939 ਤੋਂ ਲੈ ਕੇ 1946 ਤੱਕ ਹਿੰਦੁਸਤਾਨ ਵਿਚ ਤੇ ਸੰਸਾਰ ਵਿਚ ਬਹੁਤ ਕੁੱਝ ਅਜੇਹਾ ਵਾਪਰ ਚੁੱਕਾ ਸੀ ਜਿਸਦਾ ਪਤਾ ਮੇਰੇ ਪਿੰਡ ਜਾਂ ਇਲਾਕੇ ਦੇ ਆਮ ਲੋਕਾਂ ਤੱਕ ਨਾ ਮਾਤਰ ਹੀ ਪੁੱਜਿਆ ਸੀ। ਬਹੁਤ ਥੋੜੇ ਬੰਦੇ ਸਨ ਜਿਹੜੇ ਇਸ ਸਭ ਕੁੱਝ ਦੀ ਸੋਅ ਰੱਖਦੇ ਸਨ। ਉਦੋਂ ਤੱਕ ਮੈਨੂੰ ਦੇਸ ਦੀ ਆਜ਼ਾਦੀ ਲਈ ਚੱਲ ਰਹੇ ਸੰਗਰਾਮ ਬਾਰੇ ਬਹੁਤਾ ਪਤਾ ਨਹੀਂ ਸੀ। ਦੂਜਾ ਵੱਡਾ ਸੰਸਾਰ ਯੁੱਧ 1945 ਵਿਚ ਖਤਮ ਹੁੰਦਿਆਂ ਹੀ ਘਟਨਾਵਾਂ ਦਾ ਚੱਕਰ ਤੇਜ਼ ਹੋ ਗਿਆ ਸੀ। ਸਾਲ ਕੁ ਵਿਚ ਹੀ ਬਹੁਤ ਕੁੱਝ ਦਾ ਪਤਾ ਲੱਗ ਗਿਆ ਸੀ। ਆਜ਼ਾਦ ਹਿੰਦ ਫੌਜ, ਨੇਤਾ ਜੀ ਸੁਭਾਸ਼ ਚੰਦਰ ਬੋਸ, ਗਾਂਧੀ ਜੀ ਤੇ ਜਵਾਹਰ ਲਾਲ ਨਹਿਰੂ ਦੀਆਂ ਗੱਲਾ ਆਮ ਲੋਕਾਂ ਦੀ ਗੱਲ-ਬਾਤ ਵਿਚ ਸ਼ਾਮਲ ਹੋ ਗਈਆਂ ਸਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹਿੰਦੁਸਤਾਨ ਦੀ ਕੌਮੀ ਫੌਜ (ਆਜ਼ਾਦ ਹਿੰਦ ਫੌਜ) ਦਾ ਨਾਉਂ ਆਮ ਲੋਕਾਂ ਦੀ ਜ਼ਬਾਨ 'ਤੇ ਸੀ। “ਢਿੱਲੋਂ ਸਹਿਗਲ ਸ਼ਾਹਨਿਵਾਜ਼ ਤੀਨੋ ਕੀ ਹੋ ਉਮਰ ਦਰਾਜ਼” ਦਾ ਨਾਅਰਾ ਗਲ਼ੀ ਗਲ਼ੀ ਗੂੰਜ ਉਠਿਆ ਸੀ। ਦੇਸ਼-ਭਗਤ ਜੇਲ੍ਹਾਂ ਚੋਂ ਰਿਹਾ ਕੀਤੇ ਜਾ ਚੁੱਕੇ ਸਨ। ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਹੋ ਚੁੱਕੀਆਂ ਸਨ। ਪਰ ਹਾਲੀਂ ਵੀ ਇੱਕ ਸ਼ੇਰ ਅੰਗਰੇਜ਼ੀ ਸਰਕਾਰ ਦੇ ਪਿੰਜਰੇ ਵਿਚ ਬੰਦ ਸੀ। ਉਹ ਸ਼ੇਰ ਸੀ ਜਿਆਨ-ਚੱਬੇਵਾਲ ਕਤਲ ਕੇਸ ਦਾ ਹੀਰੋ ਗਦਰੀ ਬਾਬਾ ਹਰੀ ਸਿੰਘ ਸੂੰਢ।ਇੱਕ ਦਿਨ ਇਹ ਖ਼ਬਰ ਅਖ਼ਬਾਰਾਂ ਵਿਚ ਆ ਗਈ ਤੇ ਸਾਡੇ ਸਕੂਲ ਵਿਚ ਵੀ ਪੁੱਜ ਗਈ ਕਿ ਬਾਬਾ ਹਰੀ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਹੈ ਤੇ ਉਹ ਅੱਜ ਸ਼ਾਮ ਬਹਿਰਾਮ ਰੇਲਵੇ ਸਟੇਸ਼ਨ ਤੇ ਗੱਡੀਓਂ ਉੱਤਰੇਗਾ। ਮਾਸਟਰ ਮੂਲ ਰਾਜ ਕਾਂਗਰਸ ਦਾ ਹਮਾਇਤੀ ਸੀ। ਉਹਨੇ ਵੀ ਕਾਂਗਰਸ ਦਾ ਤਿਰੰਗਾ ਝੰਡਾ ਡੰਡੇ ਤੇ ਲਾ ਲਿਆ ਤੇ ਸਾਰੇ ਸਕੂਲ ਨੂੰ ਛੁੱਟੀ ਕਰ ਕੇ ਸਾਨੂੰ ਸਾਰਿਆਂ ਨੂੰ ਨਾਲ ਕੇ ਤੁਰ ਪਿਆ। ਅਸੀਂ ਮਹਾਤਮਾ ਗਾਂਧੀ ਜਿੰ਼ਦਾਬਾਦ, ਜਵਾਹਰ ਲਾਲ ਨਹਿਰੂ ਜਿ਼ੰਦਾਬਾਦ, ਨੇਤਾ ਜੀ ਸੁਭਾਸ਼ ਚੰਦਰ ਬੋਸ ਜਿ਼ੰਦਾਬਾਦ ਤੇ ਬਾਬਾ ਹਰੀ ਸਿੰਘ ਸੂੰਢ ਜਿੰ਼ਦਾਬਾਦ ਦੇ ਨਾਹਰੇ ਲਾਉਂਦੇ ਬਹਿਰਾਮ ਸਟੇਸ਼ਨ ਤੇ ਜਾ ਪੁੱਜੇ।
ਸਟੇਸ਼ਨ ਤੇ ਚੋਖੀ ਭੀੜ ਜੁੜੀ ਹੋਈ ਸੀ ਤੇ ਸਾਡੇ ਪਿੰਡ ਦੇ ਵੀ ਕਈ ਲੋਕੀਂ ਆਏ ਹੋਏ ਸਨ। ਗੱਡੀ ਆ ਗਈ ਤੇ ਸਟੇਸ਼ਨ ‘ਤੇ ਰੁਕ ਗਈ। ਸਾਡੀਆਂ ਅੱਖਾਂ ਗੱਡੀ ਵਲ ਲੱਗੀਆਂ ਹੋਈਆਂ ਸਨ। ਸਾਡੇ ਸਾਹਮਣੇ ਵਾਲੇ ਡੱਬੇ ਦੀ ਤਾਕੀ ਖੁੱਲ੍ਹੀ ਤੇ ਇੱਕ ਪ੍ਰਭਾਵਸ਼ਾਲੀ ਤਸਵੀਰ ਜਿਵੇਂ ਤਾਕੀ ਦੇ ਫਰੇਮ ਵਿਚ ਜੜੀ ਗਈ; ਭਰਵਾਂ ਜਵ੍ਹੇ ਵਾਲਾ ਚਿਹਰਾ, ਖੁਲ੍ਹਾ ਦਾੜ੍ਹਾ, ਨੀਲੀ ਗੋਲ ਪੱਗ ਚਿੱਟਾ ਕੁੜਤਾ ਤੇ ਛੇ ਫੁੱਟ ਕੱਦ। ਉਹਨੂੰ ਦੇਖਦਿਆਂ ਹੀ “ਬਾਬਾ ਹਰੀ ਸਿੰਘ ਜ਼ਿੰਦਾਬਾਦ” ਦੇ ਨਾਹਰੇ ਗੂੰਜ ਉੱਠੇ। ਉਹਦੇ ਹੱਥ ਸਾਰਿਆਂ ਦੇ ਸਤਿਕਾਰ ਲਈ ਜੁੜੇ ਤੇ ਫੇਰ ਉਹ ਗੱਡੀਓਂ ਉੱਤਰ ਕੇ ਕੁੱਝ ਜਾਣੂਆਂ ਨੂੰ ਜੱਫੀਆਂ ਪਾ ਪਾ ਮਿਲਿਆ। ਉਸ ਵੇਲ਼ੇ ਮੇਰੇ ਅੰਦਰ ਯਾਦਾਂ ਦੇ ਤੂਫਾਨ ਉਮਡ ਰਹੇ ਸਨ। ਪਰ ਮੈਂ ਆਪਣੀ ਆਦਤ ਅਨੁਸਾਰ ਚੁੱਪ ਚੁਪੀਤਾ ਅਣਪਛਾਤਾ ਜਿਹਾ ਪਿੱਛੇ ਲੁਕਿਆ ਰਿਹਾ।
ਬਾਬਾ ਹਰੀ ਸਿੰਘ ਨੂੰ ਪਿੰਡ ਆਇਆਂ ਹਫਤਾ ਕੁ ਹੋ ਗਿਆ ਸੀ। ਉਸ ਦਿਨ ਮੈਂ ਸ਼ਾਮ ਦੇ ਵੇਲੇ ਪਹੇ ਪਹੇ ਤੁਰਿਆ ਜਾ ਰਿਹਾ ਸਾਂ ਕਿ ਉਹਨੂੰ ਸਾਮਣਿਉਂ ਆਉਂਦਿਆਂ ਦੇਖਿਆ। ਉਹਦੇ ਨਾਲ ਪਿੰਡ ਦਾ ਇੱਕ ਹੋਰ ਆਦਮੀ ਵੀ ਸੀ। ਮੈਂ ਸੰਗਾਊ ਤਾਂ ਸਾਂ ਹੀ। ਇਸੇ ਕਾਰਨ ਉਹਨੂੰ ਮਿਲਣ ਵੀ ਨਹੀਂ ਗਿਆ ਸੀ। ਹੁਣ ਜਦ ਉਹ ਐਨ ਮੇਰੇ ਸਾਹਮਣੇ ਸੀ ਤਾਂ ਅੱਖ ਬਚਾ ਕੇ ਕਿਵੇਂ ਲੰਘ ਜਾਂਦਾ। ਜਦੋਂ ਕੋਲ ਆ ਗਿਆ ਤਾਂ ਮੈਂ ਝੁਕ ਕੇ ਉਹਦੇ ਪੈਰੀਂ ਹੱਥ ਲਾਇਆ ਤੇ ਚੁੱਪ-ਚੁਪੀਤਾ ਅੱਗੇ ਤੁਰ ਗਿਆ।
“ਓਏ ਬਖਸ਼ੀ! ਠਹਿਰ ਓਏ! ਤਾਇਆ ਨਵੇਂ ਨਵੇਂ ਪੱਕੜਿਆਂ ਵਾਲਾ ਆ ਗਿਆ”।ਮੈਂ ਪਿੱਛੇ ਮੁੜ ਕੇ ਦੇਖਿਆ। ਬਾਬਾ ਹਰੀ ਸਿੰਘ ਮੇਰੇ ਵਲ ਨੂੰ ਨੱਠਾ ਆ ਰਿਹਾ ਸੀ। ਮੈਂ ਰੁਕਿਆ ਤੇ ਦੋ ਕੁ ਕਦਮ ਹੀ ਉਹਦੇ ਵਲ ਗਿਆ ਸੀ ਕਿ ਉਹਨੇ ਆ ਕੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਿਹਾ, “ਕਿਉਂ ਬੱਚੂ! ਤਾਏ ਨੂੰ ਬਿਲਕੁਲ ਭੁਲਾ ਦਿੱਤਾ? ਕਿੰਨੇ ਦਿਨ ਹੋ ਗਏ ਮੈਨੂੰ ਆਏ ਨੂੰ, ਤੂੰ ਮਿਲਣ ਵੀ ਨਾ ਆਇਆ?”
ਮੈਂ ਕੀ ਕਹਿੰਦਾ? ਮੈਂ ਤਾਂ ਆਪ ਸ਼ਰਮ ਨਾਲ ਤ੍ਰੇਲੀਓ ਤ੍ਰੇਲੀ ਹੋ ਰਿਹਾ ਸਾਂ। ਬੱਸ ਇੰਨਾ ਹੀ ਕਹਿ ਸਕਿਆ, “ਮੈਂ...ਮੈਂ ਸਟੇਸ਼ਨ ਤੇ ਗਿਆ ਸੀ, ਸੰਗਦਾ ਪਿੱਛੇ ਲੁਕਿਆ ਰਿਹਾ।”
“ਓਏ! ਤਾਏ ਤੋਂ ਸੰਗਣ ਕਦ ਤੋਂ ਲੱਗ ਪਿਆ? ਅੱਛਾ ਹੁਣ ਘਰ ਆਈਂ ਤੇ ਨਵੇਂ ਨਵੇਂ ਪੱਕੜਿਆ ਵਾਲੇ ਤਾਏ ਨਾਲ ਸੰਗ ਲਾਹ ਕੇ ਗੱਲਾਂ ਕਰੀਂ।” ਉਹ ਤਾਂ ਇਹ ਕਹਿ ਕੇ ਤੁਰ ਗਿਆ, ਮੈਂ ਤਰੇਲੀਓ ਤਰੇਲੀ ਹੋਇਆ ਸੋਚਦਾ ਰਹਿ ਗਿਆ, “ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਬਖਸ਼ੀ ਹਾਂ। ਉਦੋਂ ਤਾਂ ਬਹੁਤ ਛੋਟਾ ਜਿਹਾ ਸਾਂ ਜਦੋਂ ਉਹ ਜੇਲ੍ਹ ਗਿਆ ਸੀ।” ਫੇਰ ਸੋਚਿਆ, “ਨਾਲ ਜਾਂਦੇ ਬੰਦੇ ਨੂੰ ਪੁੱਛਿਆ ਹੋਵਾਂਗਾ ਕਿ ਇਹ ਮੁੰਡਾ ਕੌਣ ਹੈ? ਉਹਨੇ ਦੱਸਿਆ ਹੋਵੇਗਾ, “ਜਥੇਦਾਰ ਵਰਿਆਮ ਸਿੰਘ ਦਾ ਭਤੀਜਾ ਬਖਸੀ਼ ਆ।”
.........................................................................
ਇਹ ਗੱਲ 1935 ਦੀ ਹੈ। ਬਾਬਾ ਹਰੀ ਸਿੰਘ ਜਿਆਨ-ਚੱਬੇਵਾਲ ਕੋਤਲ ਕੇਸ ਵਿਚੋਂ ਬਰੀ ਹੋ ਕੇ ਆਇਆ ਸੀ। ਅੰਗਰੇਜ਼ੀ ਸਰਕਾਰ ਨੇ ਉਹਦੀਆਂ ਦੇਸ ਭਗਤ ਸਰਗਰਮੀਆਂ ਕਾਰਨ ਉਹਨੂੰ ਜੂਹ ਬੰਦ ਕੀਤਾ ਹੋਇਆ ਸੀ। ਜੂਹ ਬੰਦ ਬੰਦੇ ‘ਤੇ ਆਪਣੇ ਪਿੰਡ ਦੀ ਹੱਦ ਤੋਂ ਬਾਹਰ ਜਾਣ ਤੇ ਪਾਬੰਦੀ ਲੱਗੀ ਹੁੰਦੀ ਸੀ। ਬਾਬਾ ਆਜ਼ਾਦ ਪੰਛੀ ਸੀ। ਉਹ ਕਿਵੇਂ ਏਸ ਪਾਬੰਦੀ ਦੇ ਅੰਦਰ ਰਹਿ ਸਕਦਾ ਸੀ? ਉਹਨੇ ਪਿੰਡ ਦੇ ਪੂਰਬ ਵਲ ਸਾਡੇ ਖੂਹ ਤੋਂ ਵੀ ਦੋ ਫਰਲਾਂਗ ਅੱਗੇ ਬਲਾਕੀਪੁਰ ਦੀ ਹੱਦ ਦੇ ਐਨ ਨੇੜੇ ਤੇ ਆਪਣੇ ਪਿੰਡ ਦੀ ਜੂਹ ਦੇ ਐਨ ਅੰਦਰ ਇੱਕ ਛੋਟੀ ਜਿਹੀ ਕੋਠੜੀ ਪਾ ਲਈ ਸੀ ਤੇ ਰਾਤ ਨੂੰ ਉੱਥੇ ਹੀ ਰਹਿੰਦਾ ਸੀ। ਉੱਥੇ ਉਹਨੂੰ ਮਿਲਣ ਆਉਣ ਵਾਲਿਆਂ ਨੂੰ ਕੋਣ ਰੋਕ ਸਕਦਾ ਸੀ, ਜਿਹੜੇ ਰਾਤ ਬਰਾਤ ਆਏ ਹੀ ਰਹਿੰਦੇ ਸਨ।? ਬਾਬੇ ਨੂੰ ਮਿਲਣ ਆਉਣ ਵਾਲੇ ਵੀ ਉਹਦੇ ਵਰਗੇ ਹੀ ਹੋ ਸਕਦੇ ਸਨ। ਸਰਕਾਰ ਵਲੋਂ ਨਿਗਰਾਨੀ ਲਈ ਸਦਾ ਨਾਲ ਰਹਿਣ ਵਾਲੇ ਪੁਲਸੀਏ ਨੂੰ ਬਾਬਾ ਸੌਦਾ ਪੱਤਾ ਲੈਣ ਲਈ ਪਿੰਡ ਨੂੰ ਤੋਰੀ ਰੱਖਦਾ ਸੀ। ਉਹ ਵਿਚਾਰਾ ਡਰਦਾ ਹੁਕਮ ਮੰਨੀ ਜਾਂਦਾ ਸੀ ਤੇ “ਸਭ ਅੱਛਾ” ਦੀ ਰੀਪੋਰਟ ਠਾਣੇ ਭੇਜ ਰੱਖਦਾ ਸੀ। ਆਖਰ ਉਹ ਵੀ ਤਾਂ ਬਾਲ ਬੱਚੇ ਵਾਲਾ ਸੀ। ਮਾੜੀ ਰੀਪੋਰਟ ਭੇਜ ਕੇ ਉਹਨੇ ਮਰਨਾ ਸੀ?ਬਾਬੇ ਹਰੀ ਸਿੰਘ ਨੇ ਉੱਥੇ ਕੁੱਤੇ ਰੱਖੇ ਹੋਏ ਸਨ। ਉਨ੍ਹਾਂ ਕੁੱਤਿਆਂ ਦੇ ਨਾਂ ਅਜੀਬ ਜਿਹੇ ਹੁੰਦੇ ਸਨ; ਲਾਰੈਂਸ, ਡਾਇਰ, ਕਰਜ਼ਨ ਆਦਿ। ਉਦੋਂ ਮੈਨੂੰ ਪਤਾ ਨਹੀਂ ਸੀ, ਉਹ ਕੁੱਤਿਆਂ ਦੇ ਨਾਉਂ ਅਜੇਹੇ ਕਿਉਂ ਰੱਖਦਾ ਸੀ। ਇਹ ਤਾਂ ਬਾਅਦ ਵਿਚ ਜ਼ਰਾ ਸਿਆਣੇ ਹੋਣ ਪਿੱਛੋਂ ਪਤਾ ਲੱਗਾ ਕਿ ਇਹ ਤਾਂ ਅੰਗਰੇਜ਼ ਹੁਕਮਰਾਨਾਂ ਦੇ ਨਾਉਂ ਸਨ। ਵਿਦੇਸ਼ੀ ਹਾਕਮਾਂ ਵਿਰੁਧ ਆਪਣੀ ਨਫ਼ਰਤ ਜ਼ਾਹਰ ਕਰਨ ਦਾ ਇਹ ਵੀ ਇੱਕ ਤਰੀਕਾ ਸੀ।
ਬਾਬੇ ਹਰੀ ਸਿੰਘ ਦਾ ਮੇਰੇ ਤਾਏ ਜਥੇਦਾਰ ਵਰਿਆਮ ਸਿੰਘ ਨਾਲ ਬਹੁਤ ਪ੍ਰੇਮ ਸੀ। ਉਹ ਆਪਣੀ ਉਸ ਕੋਠੜੀ ਨੂੰ ਜਾਂਦਾ ਹੋਇਆ ਤਾਏ ਨੂੰ ਮਿਲ ਕੇ, ਉਸ ਕੋਲ ਕੁੱਝ ਚਿਰ ਬੈਠ ਕੇ ਹੀ ਅੱਗੇ ਜਾਂਦਾ ਸੀ। ਅਸੀਂ ਤਿੰਨੇ ਭਰਾ ਉਹਨੂੰ ਵੀ ਤਾਇਆ ਹੀ ਕਹਿੰਦੇ ਹੁੰਦੇ ਸਾਂ। ਦੇਸ ਭਗਤ ਟਿਕ ਕੇ ਤਾਂ ਹੀ ਬੈਠ ਸਕਦੇ ਸਨ ਜੇ ਦੇਸ ਆਜ਼ਾਦ ਹੋ ਗਿਆ ਹੁੰਦਾ। ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਬਾਬਾ ਵੀ ਕਿਸੇ ਨਾ ਕਿਸੇ ਮੁਹਿੰਮ ਤੇ ਚੜ੍ਹਿਆ ਹੀ ਰਹਿੰਦਾ ਸੀ। ਆਪਣੀਆਂ ਸਿਆਸੀ ਸਰਗਰਮੀਆਂ ਕਾਰਨ ਉਹ ਕੁੱਝ ਦਿਨ ਬਾਹਰ ਰਹਿ ਕੇ ਆਇਆ ਸੀ ਤੇ ਸਾਡੇ ਖੂਹ ਵਲ ਨੂੰ ਤੁਰਿਆ ਆ ਰਿਹਾ ਸੀ। ਮੈਂ ਉਦੋਂ ਪੰਜ ਕੁ ਸਾਲ ਦੀ ਉਮਰ ਦਾ ਸਾਂ। ਹਾਲੀਂ ਕੱਪੜਿਆਂ ਨੂੰ ਪੱਕੜੇ ਹੀ ਕਹਿੰਦਾ ਸਾਂ। ਬਾਬੇ ਨੂੰ ਆਉਂਦਾ ਦੇਖ ਕੇ ਮੈਂ ਇਹ ਕਹਿੰਦਾ ਉਸ ਵਲ ਨੱਠ ਪਿਆ, “ਤਾਇਆ ਆ ਗਿਆ ਨਮੇਂ ਨਮੇਂ ਪੱਕੜਿਆਂ ਵਾਲਾ।”
ਬਾਬੇ ਨੇ ਮੇਰੇ ਇਹ ਬੋਲ ਸੁਣ ਲਏ ਤੇ ਮੈਨੂੰ ਬਾਂਹਾਂ ਤੋਂ ਫੜ ਕੇ ਚੁੱਕ ਲਿਆ ਤੇ ਕਿਹਾ, “ਹਾਂ ਬੱਚੂ! ਆ ਗਿਆ ਤਾਇਆ ਨਵੇਂ ਨਵੇਂ ਪੱਕੜਿਆਂ ਵਾਲਾ! ਗੋਰਿਆਂ ਦੀ ਪੁਲਸ ਵੀ ਪਿੱਛੇ ਪਿੱਛੇ ਆ ਰਹੀ ਆ, ਤਾਏ ਨੂੰ ਮੁੜ ਲੈ ਜਾਣ ਲਈ।”
ਇਸ ਪਿੱਛੋਂ ਤਾਂ ਉਹਨੇ ਇਹ ਨੇਮ ਹੀ ਬਣਾ ਲਿਆ। ਜਦੋਂ ਆਉਂਦਾ ਤਾਂ ਆਉਂਦਿਆਂ ਹੀ ਕਹਿੰਦਾ, “ਓਏ ਬਖਸ਼ੀ! ਆ ਗਿਆ ਤਾਇਆ ਨਵੇਂ ਨਵੇਂ ਪੱਕੜਿਆਂ ਵਾਲਾ।
.........................................................................
ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਕਿਸਾਨ ਬੁਰੀ ਤਰ੍ਹਾਂ ਸ਼ਾਹੂਕਾਰਾਂ ਦੇ ਕਰਜਿ਼ਆਂ ਹੇਠ ਦੱਬੇ ਹੋਏ ਸਨ। ਸਾਡਾ ਦੁਆਬਾ (ਜਿਲ੍ਹਾ ਜਲੰਧਰ ਤੇ ਹੁਸ਼ਿਆਰਪੁਰ) ਹੋਰ ਵੀ ਸੰਕਟ-ਗ੍ਰਸਤ ਸੀ। ਇਸਦਾ ਕਾਰਨ ਖੂਹਾਂ ਦੇ ਪਾਣੀ ਦਾ ਬਹੁਤ ਹੀ ਥੱਲੇ ਚਲੇ ਜਾਣਾ ਸੀ। ਜਦੋਂ ਸਾਰੇ ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਿਆ ਹੋਇਆ ਸੀ, ਦੁਆਬੇ ਵਿਚ ਕੋਈ ਨਹਿਰ ਨਹੀਂ ਸੀ। ਦੁਆਬੇ ਦੇ ਕਿਸਾਨ ਚਿਰਾਂ ਤੋਂ ਮੰਗ ਕਰਦੇ ਆ ਰਹੇ ਸਨ ਕਿ ਇੱਥੇ ਵੀ ਨਹਿਰ ਕੱਢੀ ਜਾਵੇ। ਪਰ ਅੰਗਰੇਜ਼ ਸਰਕਾਰ ਤਾਂ ਉਹੀ ਕਰਦੀ ਸੀ, ਜਿਸਦਾ ਉਹਨੂੰ ਫੌਰੀ ਲਾਭ ਦਿਸਦਾ ਸੀ। ਦੁਆਬੇ ਦੇ ਕਿਸਾਨ, ਕਿਸਾਨ ਸਭਾ ਦੀ ਅਗਵਾਈ ਹੇਠ ਜਥੇਬੰਦ ਹੋ ਕੇ ਜਦੋਜਹਿਦ ਦੀ ਰਾਹ ਪੈ ਗਏ ਸਨ।ਮੈਂ ਉਦੋਂ ਸੱਤ ਕੁ ਸਾਲ ਦਾ ਸਾਂ। ਬਾਬੇ ਹਰੀ ਸਿੰਘ ਨੇ ਪਿੰਡ ਦੇ ਮੁੰਡਿਆਂ ਨੂੰ ਇਕੱਠੇ ਕਰ ਲੈਣਾ ਤੇ ਇਹ ਨਾਅਰੇ ਲਵਾਉਣੇ:-
ਕਿਸਾਨ ਕਹਾਣੀ
ਹੈ ਨਹੀਂ ਖੂਹਾਂ ਵਿਚ ਪਾਣੀ
ਕਿਸਾਨ ਨਾਅਰਾ
ਹੈ ਨਹੀਂ ਹਾਲਾ
ਕਿਰਤੀ ਨਾਅਰਾ
ਹਾਏ ਰੋਟੀ
ਇਨਕਲਾਬ
ਜ਼ਿੰਦਾਬਾਦਇਹ ਨਾਅਰੇ ਲਾਉਣ ਵਾਲਿਆਂ ਵਿਚ ਮੈਂ ਵੀ ਸ਼ਾਮਲ ਹੁੰਦਾ ਸਾਂ। ਉਦੋਂ ਮੈਨੂੰ ਇਨ੍ਹਾਂ ਨਾਅਰਿਆਂ ਦੇ ਅਰਥਾਂ ਦਾ ਤਾਂ ਪਤਾ ਨਹੀਂ ਸੀ, ਬੱਸ ਇੰਨੀ ਕੁ ਹੀ ਸਮਝ ਸੀ ਕਿ ਕਿਰਤੀਆਂ ਕਿਸਾਨਾਂ ਦੀ ਹਾਲਤ ਮਾੜੀ ਹੀ ਹੋਵੇਗੀ, ਜੇ ਤਾਇਆ ਹਰੀ ਸਿੰਘ ਇਹ ਕਹਿੰਦਾ ਹੈ ਤਾਂ ਠੀਕ ਹੀ ਕਹਿੰਦਾ ਹੋਵੇਗਾ। ਇਹ ਤਾਂ ਮੈਨੂੰ ਬੜਾ ਹੋ ਕੇ ਹੀ ਸਮਝ ਪਈ ਕਿ ਇਹ ਨਾਅਰੇ ਮੇਰੇ ਲਈ ਨਿੱਜ ਤੋਂ ਉਪਰ ਉਠ ਕੇ ਲੋਕਾਂ ਲਈ ਕੁੱਝ ਕਰਨ ਦਾ ਪਹਿਲਾ ਸਬਕ ਸੀ।
“ਦੁਆਬੇ ਵਿਚ ਨਹਿਰ ਕੱਢੋ” ਅੰਦੋਲਨ ਦਾ ਸਿਖਰ 20 ਦਸੰਬਰ 1938 ਨੂੰ ਜਲੰਧਰ ਵਿਚ ਹੋਏ ਵਿਸ਼ਾਲ ਕਿਸਾਨ ਮੁਜ਼ਾਹਰੇ ਵਿਚ ਹੋਇਆ ਸੀ। ਬਾਬਾ ਹਰੀ ਸਿੰਘ ਜਿਲ੍ਹਾ ਜਲੰਧਰ ਦੀ ਕਿਸਾਨ ਸਭਾ ਦੇ ਪ੍ਰਧਾਨ ਦੀ ਹੈਸੀਅਤ ਵਿਚ ਇਸ ਮੁਜ਼ਾਹਰੇ ਦੇ ਆਗੂ ਸਨ। ਦੁਆਬੇ ਦੇ ਹਜ਼ਾਰਾਂ ਕਿਸਾਨ ਇਸ ਮੁਜ਼ਾਹਰੇ ਵਿਚ ਸ਼ਾਮਿਲ ਹੋਏ ਸਨ। ਉਸ ਮੁਜ਼ਾਹਰੇ ਦਾ ਪ੍ਰਭਾਵ ਇੰਨਾ ਕੁ ਜ਼ਰੂਰ ਪਿਆ ਕਿ ਉਸ ਵੇਲੇ ਦੇ ਪੰਜਾਬ ਦੇ ਵਜ਼ੀਰਿ ਆਜ਼ਮ ਸਿਕੰਦਰ ਹਯਾਤ ਖਾਂ ਨੇ ਦੁਆਬੇ ਵਿਚ ਨਹਿਰ ਕੱਢਣ ਦੀ ਸੰਭਾਵਨਾ ਦੀ ਖੋਜ ਪੜਤਾਲ ਕਰਨ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਸੀ।
1939 ਵਿਚ ਦੂਜਾ ਸੰਸਾਰ ਯੁੱਧ ਅਰੰਭ ਹੋ ਗਿਆ ਤਾਂ ਛੇਤੀ ਹੀ ਬਾਬੇ ਹਰੀ ਸਿੰਘ ਨੂੰ ਵੀ ਹੋਰ ਦੇਸ ਭਗਤਾਂ ਵਾਂਗ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਲੰਮੀ ਨਜ਼ਰਬੰਦੀ ਪਿਛੋਂ ਰਿਹਾਈ 1946 ਵਿਚ ਵਿਧਾਨ ਪ੍ਰੀਸ਼ਦ ਦੀਆ ਚੋਣਾਂ ਤੋਂ ਪਿੱਛੋਂ ਹੀ ਹੋਈ। ਇਨ੍ਹਾਂ ਸੱਤ ਕੁ ਸਾਲਾਂ ਵਿਚ ਬਾਬੇ ਹਰੀ ਸਿੰਘ ਬਾਰੇ, ਜਿਆਨ-ਚੱਬੇਵਾਲ ਕਤਲ ਕੇਸ ਬਾਰੇ, ਬਾਬਾ ਹਰੀ ਸਿੰਘ ਦੇ ਭਰਾ ਬੱਬਰ ਅਰਜਨ ਸਿੰਘ ਬਾਰੇ ਤੇ ਬੱਬਰ ਲਹਿਰ ਬਾਰੇ ਮੈਂ ਆਪਣੇ ਤਾਏ ਜਥੇਦਾਰ ਵਰਿਆਮ ਸਿੰਘ ਤੋਂ ਬਹੁਤ ਕੁੱਝ ਪੁੱਛਦਾ/ਸੁਣਦਾ ਰਿਹਾ ਸਾਂ।
........................................................................
ਜਿਆਨ ਦਾ ਬੇਲਾ ਸਿੰਘ ਨਾਉਂ ਦਾ ਬੰਦਾ 1914 ਵਿਚ ਕੈਨੇਡਾ ਵਿਚ ਗਿਆ ਹੋਇਆ ਸੀ। ਜਦੋਂ ਉੱਥੇ ਦੇ ਆਮ ਪੰਜਾਬੀ ਦੇਸ ਭਗਤੀ ਦੇ ਜਜ਼ਬੇ ਹੇਠ ਇਕੱਠੇ ਹੋ ਰਹੇ ਸਨ, ਉਸ ਵੇਲੇ ਬੇਲਾ ਸਿੰਘ ਉਨ੍ਹਾਂ ਦੇ ਖ਼ਿਲਾਫ਼ ਪੁਲਸ ਦਾ ਮੁਖ਼ਬਰ ਬਣਿਆ ਹੋਇਆ ਸੀ। ਅੰਗਰੇਜ਼ ਅਫਸਰ ਹਾਪਕਿਨਸਨ ਦੀ ਛਹਿ ‘ਤੇ ਉਹਨੇ ਵੈਨਕੋਵਰ ਗੁਰਦੁਆਰੇ ਵਿਚ ਜੁੜੀ ਸੰਗਤ ਦੇ ਸਾਹਮਣੇ ਗੁਰੂ ਗ੍ਰੰਥ ਦੀ ਤਾਬਿਆ ਬੈਠੇ ਭਾਈ ਭਾਗ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਹਨੂੰ ਰੋਕਦਾ ਹੋਇਆ ਭਾਈ ਬਤਨ ਸਿੰਘ ਵੀ ਉਹਦੀ ਗੋਲੀ ਦਾ ਸਿ਼ਕਾਰ ਹੋ ਗਿਆ ਸੀ। ਹਾਪਕਿਨਸਨ ਨੂੰ ਤਾਂ ਸ਼ਹੀਦ ਮੇਵਾ ਸਿੰਘ ਨੇ ਗੋਲੀ ਨਾਲ ਉਡਾ ਕੇ ਉਦੋਂ ਹੀ ਬਦਲਾ ਲੈ ਲਿਆ ਸੀ। ਪਰ ਬੇਲਾ ਸਿੰਘ ਬਚ ਕੇ ਹਿੰਦੁਸਤਾਨ ਆ ਗਿਆ ਸੀ। ਅੰਗਰੇਜ਼ ਸਰਕਾਰ ਨੇ ਉਸਦੀ ਆਪਣੇ ਹੀ ਭਰਾਵਾਂ ਨਾਲ ਗ਼ੱਦਾਰੀ ਦੇ ਇਵਜ਼ ਵਿਚ ਉਹਨੂੰ ਮਿੰਟਗੁਮਰੀ ਵਿਚ ਪੰਜ ਮੁਰੱਬੇ ਜ਼ਮੀਨ ਦਿੱਤੀ ਸੀ। ਉਹ 1935 ਤੱਕ ਬੜੀ ਐਸ਼ ਤੇ ਠਾਠ ਨਾਲ ਰਹਿੰਦਾ ਰਿਹਾ ਤੇ ਦੇਸ ਭਗਤਾਂ ਦੀ ਛਾਤੀ ਤੇ ਮੂੰਗ ਦਲ਼ਦਾ ਰਿਹਾ।ਦੇਸ ਭਗਤ ਕਦੋਂ ਤੱਕ ਇਸ ਗ਼ੱਦਾਰ ਨੂੰ ਜੀਂਦਾ ਦੇਖ ਕੇ ਸਹਿ ਸਕਦੇ ਸਨ? ਗ਼ਦਰ ਲਹਿਰ ਦੇ ਸੰਚਾਲਕਾਂ ਨੇ ਆਖਰ ਉਸਨੂੰ ਸਜ਼ਾ ਦੇਣ ਦਾ ਫੈਸਲਾ ਕਰ ਲਿਆ ਤੇ ਈਸਰ ਸਿੰਘ ਜੰਡੋਲੀ ਤੇ ਇੰਦਰ ਸਿੰਘ ਮੁਰਾਰੀ ਦੀ ਉਹਨੂੰ ਖਤਮ ਕਰਨ ਦੀ ਡਿਊਟੀ ਲਾ ਦਿੱਤੀ। ਉਨ੍ਹਾਂ ਨੇ ਸੂੰਢ-ਮਕ਼ਸੂਦਪੁਰ ਤੋਂ ਬਾਬਾ ਹਰੀ ਸਿੰਘ ਨੂੰ ਨਾਲ ਲਿਆ ਤੇ ਇਨ੍ਹਾਂ ਤਿੰਨਾਂ ਨੇ ਜਿਆਨ ਪੁੱਜ ਕੇ ਬੇਲਾ ਸਿੰਘ ਨੂੰ ਅੱਡੇ ਤੋਂ ਬੱਸ ਤੋਂ ਉਤਰ ਕੇ ਆਉਂਦੇ ਨੂੰ ਰਸਤੇ ਵਿਚ ਘੇਰ ਕੇ ਪਾਰ ਬੁਲਾ ਦਿੱਤਾ।
ਬਾਬਾ ਹਰੀ ਸਿੰਘ ‘ਤੇ ਕਤਲ ਦਾ ਮੁਕੱਦਮਾ ਚੱਲਿਆ। ਜੇਲ੍ਹ ਵਿਚ ਰੱਖ ਕੇ ਉਹਨੂੰ ਘਿਣਾਉਣੇ ਤੇ ਅਸਹਿ ਤਸੀਹੇ ਦਿੱਤੇ ਗਏ, ਪਰ ਉਸ ਸੂਰਬੀਰ ਨੇ ਨਾ ਜੁਰਮ ਦਾ ਇਕਬਾਲ ਕੀਤਾ ਤੇ ਨਾ ਆਪਣੇ ਸਾਥੀਆਂ ਦੇ ਨਾਉਂ ਦੱਸੇ। ਸਬੂਤ ਕੋਈ ਨਹੀਂ ਸੀ। ਫੇਰ ਵੀ ਅੰਗਰੇਜ਼ੀ ਸਰਕਾਰ ਉਹਨੂੰ ਫਾਹੇ ਲਾਉਣ 'ਤੇ ਤੁਲੀ ਹੋਈ ਸੀ। ਤਾਇਆ ਦੱਸਦਾ ਹੁੰਦਾ ਸੀ, ਮੁਕੱਦਮੇ ਦੀ ਸੁਣਵਾਈ ਇੱਕ ਪਠਾਣ ਜੱਜ ਕਰ ਰਿਹਾ ਸੀ। ਉਸਦੇ ਨਾਉਂ ਸਰਹੱਦੀ ਗਾਂਧੀ ਦੇ ਭਰਾ ਡਾਕਟਰ ਖਾਨ ਸਾਹਿਬ ਦੀ ਚਿੱਠੀ ਲਿਆਂਦੀ ਗਈ ਸੀ। ਉਸ ਚਿੱਠੀ ਨੇ ਕੰਮ ਕਰ ਦਿੱਤਾ ਸੀ ਤੇ ਬਾਬਾ ਹਰੀ ਸਿੰਘ ਸਾਫ ਬਰੀ ਹੋ ਗਿਆ ਸੀ।
ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਬਾਬਾ ਹਰੀ ਸਿੰਘ ਦੁਆਬੇ ਦੇ ਬਹੁਤੇ ਕਿਸਾਨ ਕਾਂਗਰਸੀਆਂ ਵਾਂਗ ਕਿਰਤੀ ਪਾਰਟੀ ਦੇ ਵਧੇਰੇ ਨੇੜੇ ਸੀ। ਜੇ ਉਹ ਕਾਂਗਰਸੀ ਸੀ ਤਾਂ ਇਹੀ ਕਹਿਣਾ ਚਾਹੀਦਾ ਹੈ ਕਿ ਉਹ ਗਰਮ ਖ਼ਿਆਲੀ ਕਾਂਗਰਸੀ ਸੀ। ਇਹੀ ਕਾਰਣ ਸੀ ਕਿ ਉਹ ਕਿਸੇ ਵੇਲੇ ਜਿਲ੍ਹਾ ਜਲੰਧਰ ਕਿਸਾਨ ਸਭਾ ਦਾ ਪ੍ਰਧਾਨ ਰਿਹਾ ਸੀ। ਪਰ ਉਹ ਕਿਰਤੀਆਂ ਕਮਿਊਨਿਸਟਾਂ ਦੇ “ਲੋਕ-ਯੁੱਧ” ਵਾਲੇ ਵਿਚਾਰ ਨਾਲ ਸਹਿਮਤ ਨਹੀਂ ਹੋ ਸਕਿਆ ਸੀ। ਜਦੋਂ ਕਿਰਤੀ ਤੇ ਕਮਿਊਨਿਸਟ ਜੇਲ੍ਹਾਂ ਵਿਚੋਂ ਛੱਡੇ ਜਾ ਰਹੇ ਸਨ, ਬਾਬਾ ਹਰੀ ਸਿੰਘ ਨੂੰ ਲੰਮੇ ਸਮੇਂ ਲਈ ਜੇਲ੍ਹ ਬੰਦ ਕਰ ਦਿੱਤਾ ਗਿਆ ਸੀ। ਫੇਰ ਉਹਨੂੰ ਰਿਹਾ ਉਦੋਂ ਹੀ ਕੀਤਾ ਗਿਆ, ਜਦੋਂ 1946 ਵਿਚ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਹੋ ਚੁੱਕੀਆਂ ਸਨ।
ਮੈਨੂੰ ਯਾਦ ਹੈ ਕਿ ਵਿਧਾਨ ਪ੍ਰੀਸ਼ਦ ਲਈ ਸਾਡੇ ਇਲਾਕੇ ਦੇ ਕਾਂਗਰਸੀ ਉਮੀਦਵਾਰ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਨੇ ਸਾਡੇ ਪਿੰਡ ਹੋਏ ਇੱਕ ਜਲਸੇ ਵਿਚ ਐਲਾਨ ਕੀਤਾ ਸੀ, “ਇਸ ਸੀਟ ਦੇ ਹੱਕਦਾਰ ਤਾਂ ਬਾਬਾ ਹਰੀ ਸਿੰਘ ਹਨ। ਕਿਉਂਕਿ ਅੰਗਰੇਜ਼ ਸਰਕਾਰ ਨੇ ਹਾਲੀਂ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ, ਇਸ ਲਈ ਮੈਂ ਉਨ੍ਹਾਂ ਦੀ ਥਾਂ ਇਹ ਚੋਣ ਲੜ ਰਿਹਾ ਹਾਂ। ਜੇ ਬਾਬਾ ਜੀ ਅੱਜ ਹੀ ਰਿਹਾ ਹੋ ਕੇ ਆ ਜਾਣ, ਤਾਂ ਮੈਂ ਆਪਣਾ ਨਾਉਂ ਵਾਪਸ ਲੈ ਕੇ ਉਨ੍ਹਾਂ ਲਈ ਇਹ ਸੀਟ ਖਾਲੀ ਛੱਡ ਦਿਆਂਗਾ।”ਸੁਤੰਤਰਤਾ ਪ੍ਰਾਪਤੀ ਪਿਛੋਂ 1952 ਦੀਆਂ ਪਹਿਲੀਆਂ ਚੋਣਾਂ ਸਮੇਂ ਬਾਬਾ ਹਰੀ ਸਿੰਘ ਨੂੰ ਪੂਰਾ ਯਕੀਨ ਸੀ ਕਿ ਉਹਨੂੰ ਅੱਵਲ ਤਾਂ ਪਾਰਲੀਮੈਂਟ ਲਈ ਟਿਕਟ ਮਿਲ ਜਾਣਾ ਹੈ, ਨਹੀਂ ਤਾਂ ਪੰਜਾਬ ਅਸੰਬਲੀ ਲਈ ਟਿਕਟ ਤਾਂ ਵੱਟ ਤੇ ਪਿਆ ਹੈ। ਇਸ ਯਕੀਨ ਦਾ ਕਾਰਨ ਉਸ ਦੀ ਮੌਲਾਨਾ ਆਜ਼ਾਦ ਵਰਗੇ ਲੀਡਰਾਂ ਨਾਲ ਨੇੜਤਾ ਸੀ। ਪਰ ਭੋਲਾ ਪਾਤਸ਼ਾਹ ਇਹ ਨਹੀਂ ਜਾਣਦਾ ਸੀ ਕਿ ਰਾਜ ਕਰਨ ਵਾਲੀ ਸ਼ਕਤੀ ਨੂੰ ਬਾਗੀਆਂ ਦੀ ਲੋੜ ਨਹੀਂ ਹੁੰਦੀ, ਜੀ ਹਜ਼ੂਰੀਆਂ ਦੀ ਲੋੜ ਹੁੰਦੀ ਹੈ ਤੇ ਉਸ ਵੇਲੇ ਰਾਜ ਕਰਦੀ ਪਾਰਟੀ ਨੇ ਉਹਨੂੰ ਪਾਰਲੀਮੈਂਟ ਲਈ ਤਾਂ ਕੀ ਟਿਕਟ ਦੇਣਾ ਸੀ, ਸਗੋਂ ਉਹਨੂੰ ਅੱਖੋਂ ਪਰੋਖਾ ਕਰ ਕੇ ਪੰਜਾਬ ਅਸੰਬਲੀ ਦਾ ਟਿਕਟ ਵੀ ਫਰਾਲੇ ਦੇ ਇੱਕ ਬੇਨਾਮ ਠੇਕੇਦਾਰ ਗੁਰਬਚਨ ਸਿੰਘ ਅਟਵਾਲ ਨੂੰ ਦੇ ਦਿੱਤਾ। ਨਿਰਾਸ਼ਾ ਦਾ ਗ੍ਰਸਿਆ ਬਾਬਾ ਚੁੱਪ ਕਰ ਕੇ ਘਰ ਬਹਿ ਗਿਆ। ਗ਼ਰੀਬੀ ਤੇ ਤੰਗ-ਦਸਤੀ ਦੇ ਗ੍ਰਸੇ ਬਾਬੇ ਨੂੰ ਆਖਰ ਆਪਣਾ ਇੱਕੋ ਇੱਕ ਪੁੱਤਰ ਆਪਣੇ ਦੁਸ਼ਮਣ ਗੋਰਿਆਂ ਦੇ ਦੇਸ ਭੇਜਣਾ ਪਿਆ ਤੇ ਆਪ ਉਹ ਭੁੱਖ ਨੰਗ ਨਾਲ ਲੜਦਾ ਇੱਕ ਦਿਨ ਬੇਪਛਾਣ ਲੋਕਾਂ ਵਾਂਗ ਇਹ ਦੁਨੀਆ ਛੱਡ ਗਿਆ।
(20 ਮਈ 2007)
e-mail:
ilKfrI
© likhari: Punjabi Likhari Forum-2001-2007