|
ਭਾਰਤ ਦਾ ਸੁਤੰਤਰਤਾ ਲਈ ਪਹਿਲਾ ਯੁੱਧ
hrbKsL mksUdpurI, zrbI (XU[ky[) |
ਅੰਗ੍ਰੇਜ਼ ਭਾਰਤ ਵਿਚ ਉਸ ਤਰ੍ਹਾਂ ਨਹੀਂ ਆਏ ਸਨ ਜਿਸ ਤਰ੍ਹਾਂ ਪਠਾਣ ਤੇ ਮੁਗਲ ਆਏ ਸਨ। ਉਹ ਤਾਂ ਆਏ ਸਨ ਜਿੱਤ ਪ੍ਰਾਪਤ ਕਰ ਕੇ ਇੱਥੇ ਰਾਜ ਕਰਨ ਲਈ ਤੇ ਸਦਾ ਲਈ ਇੱਥੇ ਹੀ ਰਹਿਣ ਲਈ ਤੇ ਅੰਗਰੇਜ਼ ਆਏ ਸਨ ਵਪਾਰ ਕਰਨ ਲਈ। ਦੋਹਾਂ ਵਿਚ ਇਸ ਅੰਤਰ ਦਾ ਕਾਰਣ ਉਨ੍ਹਾਂ ਦੀ ਜਮਾਤੀ ਸੋਚ ਅੰਤਰ ‘ਤੇ ਅਧਾਰਤ ਸੀ। ਯੂਰਪੀਅਨਾਂ ਤੋਂ ਪਹਿਲਾਂ ਭਾਰਤ ਵਿਚ ਆਉਣ ਵਾਲੇ ਹਮਲਾ-ਆਵਰ ਉਸ ਜਮਾਤ ਦੇ ਪ੍ਰਤੀਨਿਧ ਸਨ, ਜਿਸਨੂੰ ਭੂਪਤੀ ਜਾਂ ਸਾਮੰਤ ਕਿਹਾ ਜਾਂਦਾ ਹੈ। ਇਸ ਜਮਾਤ ਦੀ ਸੋਚ ਜ਼ਮੀਨ ‘ਤੇ ਕਬਜ਼ੇ ਤੋਂ ਅੱਗੇ ਨਹੀਂ ਜਾਂਦੀ ਹੁੰਦੀ। ਪਰ ਪੁਰਤਗੇਜ਼, ਫਰਾਂਸੀਸੀ ਤੇ ਅੰਗਰੇਜ਼ ਉਸ ਜਮਾਤ ਦੇ ਨੁਮਾਇੰਦੇ ਸਨ ਜਿਹਨੂੰ ਵਪਾਰੀ ਮੱਧ ਵਰਗ ਕਿਹਾ ਜਾਂਦਾ ਹੈ। ਇਨ੍ਹਾਂ ਦੀ ਦਿਲਚਸਪੀ ਭਾਰਤ ਉੱਤੇ ਰਾਜ ਕਰਨ ਵਿਚ ਨਹੀਂ ਸੀ, ਉਹ ਤਾਂ ਆਪਣੇ ਖਪਤ ਮਾਲ ਲਈ ਮੰਡੀਆਂ ਲੱਭਣ ਆਏ ਸਨ। ਇਹ ਗੱਲ ਤਾਂ ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਵੀ ਸਮਝਦਾ ਸੀ, ਤਾਂ ਹੀ ਤਾਂ ਉਹਨੇ ਪੰਜਾਬ ਵਿਚੋਂ ਸਿੱਖ ਰਾਜ ਦੇ ਅੰਤ ਦੇ ਛੇਤੀ ਪਿੱਛੋਂ ਲਿਖੇ ਆਪਣੇ ਕਿੱਸੇ ਵਿਚ ਲਿਖਿਆ ਸੀ:-
ਸ਼ਾਹ ਮੁਹੰਮਦਾ ਦੌਲਤਾਂ ਫਿਰੇ ਲੱਭਦਾ
ਸ਼ਾਹੂਕਾਰ ਦਾ ਪੁੱਤ ਗੁਮਾਸ਼ਤਾ ਜੀ।ਅੰਗਰੇਜ਼ਾਂ ਦੀ ਈਸਟ ਇੰਡੀਆ ਨਾਉਂ ਦੀ ਕੰਪਨੀ ਨੇ ਭਾਰਤ ਵਿਚ ਜਦ ਪੈਰ ਪਾਏ ਸਨ ਤਾਂ ਇਸੇ ਕੰਮ ਲਈ ਪਾਏ ਸਨ। ਉਸ ਵੇਲੇ ਤਾਂ ਉਹ ਮੁਗ਼ਲਾਂ ਦੇ ਸ਼ਕਤੀਸ਼ਾਲੀ ਰਾਜ ਅੱਗੇ ਇਹ ਸੋਚ ਵੀ ਨਹੀਂ ਸਕਦੇ ਸਨ ਕਿ ਉਹ ਇੱਕ ਦਿਨ ਐਡੇ ਵੱਡੇ ਦੇਸ਼ ‘ਤੇ ਰਾਜ ਕਰਨਗੇ।
ਉਹ ਵਪਾਰੀ ਜਮਾਤ ਦੇ ਕਾਰਕੁਨ ਸਨ ਇਸ ਲਈ ਉਹ ਭਾਰਤ ਦੇ ਸਾਮੰਤੀ ਹੁਕਮਰਾਨਾਂ ਨਾਲੋਂ ਕਿਤੇ ਵੱਧ ਚਤਰ ਬੁੱਧ ਸਨ। ਇਹ ਵਪਾਰੀ ਸ਼ਰੇਣੀ ਦਾ ਖਾਸਾ ਹੀ ਹੁੰਦਾ ਕਿ ਉਹ ਡੌਲ਼ਿਆਂ ਨਾਲੋਂ ਦਿਮਾਗ ਦੀ ਵੱਧ ਵਰਤੋਂ ਕਰਦੀ ਹੈ। ਇੰਨਾ ਕੁ ਫਰਕ ਤਾਂ ਜੱਟ ਤੇ ਬਾਣੀਏ ਦੀ ਸੋਚ ਤੇ ਕਿਰਦਾਰ ਵਿਚ ਵੀ ਹੁੰਦਾ ਹੈ। ਜਿਨ੍ਹਾਂ ਲੋਕਾਂ ਦਾ ਬਾਣੀਆ ਸ਼੍ਰੇਣੀ ਨਾਲ ਵਾਹ ਪੈਂਦਾ ਰਿਹਾ ਹੈ, ਉਹ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਨ।
ਇਸ ਲਈ ਅੰਗਰੇਜ਼ ਇਸ ਤਰ੍ਹਾਂ ਭਾਰਤ ਦੇ ਹੁਕਮਰਾਨ ਨਹੀਂ ਬਣੇ ਸਨ ਜਿਸ ਤਰ੍ਹਾਂ ਮੁਗ਼ਲ ਜਾਂ ਪਠਾਣ ਬਣੇ ਸਨ। ਉਸ ਵੇਲੇ ਤਾਂ ਦੋ ਫੌਜਾਂ ਦੀ ਟੱਕਰ ਮੈਦਾਨ ਵਿਚ ਹੁੰਦੀ ਸੀ, ਜਿਹੜਾ ਜਿੱਤ ਜਾਂਦਾ ਸੀ, ਉਹ ਸਾਰੇ ਭਾਰਤ ਦਾ ਮਾਲਕ ਬਣ ਜਾਂਦਾ ਸੀ। ਅੰਗਰੇਜ਼ਾਂ ਨੂੰ ਸਾਰੇ ਭਾਰਤ ਉੱਤੇ ਆਪਣਾ ਸਿੱਕਾ ਜਮਾਉਣ ਲਈ ਲਗ-ਪਗ ਸੌ ਸਾਲ ਲੱਗ ਗਏ ਸਨ ਤੇ ਸਿੱਕਾ ਜਮਾਉਣ ਵਿਚ ਵੀ ਉਨ੍ਹਾਂ ਦਾ ਮਕਸਦ ਰਾਜ ਕਰਨਾ ਨਹੀਂ ਸੀ, ਸਗੋਂ ਆਪਣੇ ਵਪਾਰ ਲਈ ਯੋਗ ਸਥਿਤੀ ਪੈਦਾ ਕਰਨਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਜੇ ਉਨ੍ਹਾਂ ਨੇ ਬੇਰੋਕ ਟੋਕ ਵਪਾਰ ਕਰਨਾ ਹੈ ਤਾਂ ਉਨ੍ਹਾਂ ਨੂੰ ਜਾਂ ਤਾਂ ਰਾਜ ਕਰਨ ਵਾਲਿਆਂ ਨੂੰ ਆਪਣੇ ਹਮਾਇਤੀ ਬਣਾਉਣਾ ਪਏਗਾ ਤੇ ਜਾਂ ਫੇਰ ਆਪਣੇ ਵਿਰੋਧੀਆਂ ਨੂੰ ਪੈਰੋਂ ਕੱਢ ਕੇ ਆਪਣੇ ਹਮਾਇਤੀਆਂ ਨੂੰ ਰਾਜੇ ਬਣਾਉਣਾ ਪਏਗਾ। ਉਹ ਇਹ ਕੰਮ ਕਰਨ ਵਿਚ ਪੂਰੀ ਤਰ੍ਹਾਂ ਮਾਹਰ ਸਨ।
ਈਸਟ ਇੰਡੀਆ ਕੰਪਨੀ ਭਾਰਤ ਤੋਂ ਗਰਮ ਮਸਾਲੇ ਤੇ ਇੱਥੋਂ ਦੀ ਘਰੇਲੂ ਸਨਅਤ ਦਾ ਬਣਿਆ ਸਾਮਾਨ ਖਰੀਦ ਕੇ ਯੂਰਪ ਵਿਚ ਲੈ ਜਾ ਕੇ ਮਹਿੰਗੇ ਭਾਅ ਵੇਚ ਕੇ ਮੁਨਾਫ਼ੇ ਵੀ ਕਮਾਉਂਦੀ ਸੀ ਤੇ ਇੱਥੋਂ ਸਸਤੇ ਭਾਅ ਕੱਚਾ ਮਾਲ, ਕਪਾਹ ਆਦਿ ਖਰੀਦ ਕੇ ਵਲੈਤ ਲੈ ਜਾਂਦੀ ਸੀ ਤੇ ਫੇਰ ਉਸੇ ਮਾਲ ਤੋਂ ਬਣਿਆਂ ਪੱਕਾ ਮਾਲ ਭਾਰਤ ਵਿਚ ਲਿਆ ਕੇ ਮਹਿੰਗੇ ਭਾਅ ਵੇਚਦੀ ਸੀ। ਜੇ ਇਸ ਕੰਪਨੀ ਨੇ ਇੱਥੇ ਵਲੈਤ ਦਾ ਬਣਿਆ ਕਪੜਾ ਵੇਚਣਾ ਸੀ ਤਾਂ ਉਸ ਲਈ ਇਹ ਜ਼ਰੂਰੀ ਸੀ ਕਿ ਇੱਥੋਂ ਦੀ ਘਰੇਲੂ ਸਨਅਤ ਨੂੰ ਤਬਾਹ ਕਰਦੀ। ਇਹ ਕੰਮ ਉਹ ਤਾਂ ਹੀ ਕਰ ਸਕਦੀ ਸੀ, ਜੇ ਰਾਜ ਦਰਬਾਰਾਂ ਵਿਚ ਉਹਦਾ ਅਸਰ ਰਸੂਖ ਹੁੰਦਾ। ਇਸ ਲਈ ਅੰਗਰੇਜ਼ਾਂ ਨੇ ਇਹ ਪਾਲਿਸੀ ਬਣਾਈ ਕਿ ਭਾਰਤ ਦੇ ਰਾਜੇ ਮਹਾਰਾਜਿਆਂ ਨੂੰ ਆਪਣੇ ਬੱਸ ਵਿਚ ਕੀਤਾ ਜਾਵੇ। ਉਸਨੇ ਰਾਜ ਦਰਬਾਰਾਂ ਦੀ ਅੰਦਰਲੀ ਕਸ਼ਮਕਸ਼ ਨੂੰ ਵੀ ਇਸ ਮਕਸਦ ਲਈ ਵਰਤਿਆ ਤੇ ਰਾਜਿਆਂ ਰਜਵਾੜਿਆਂ ਦੇ ਆਪਸੀ ਵੈਰ ਭਾਵ ਨੂੰ ਵੀ। ਇਹ ਕੰਪਨੀ ਭਾਰਤ ਦੇ ਹੁਕਮਰਾਨਾਂ ਨੂੰ ਇੱਕ ਦੂਜੇ ਵਿਰੁਧ ਭੜਕਾ ਕੇ ਤੇ ਵਰਤ ਕੇ ਆਪਣੇ ਲਈ ਰਸਤਾ ਸਾਫ ਕਰਦੀ ਰਹੀ।
ਭਾਰਤ ਵਿਚ ਉਸ ਸਮੇਂ ਫਰਾਂਸੀਸੀ ਤੇ ਪੁਰਤਗੇਜ਼ੀ ਵੀ ਇਸੇ ਮਕਸਦ ਲਈ ਆਏ ਹੋਏ ਸਨ। ਪਹਿਲਾ ਕੰਮ ਈਸਟ ਇੰਡੀਆ ਕੰਪਨੀ ਨੇ ਇਹ ਹੀ ਕੀਤਾ ਕਿ ਆਪਣੇ ਇਨ੍ਹਾਂ ਯੂਰਪੀ ਸ਼ਰੀਕਾਂ ਨੂੰ ਮੁਕਾਬਲੇ ਵਿਚੋਂ ਲੱਗ ਪੱਗ ਕੱਢ ਹੀ ਦਿੱਤਾ ਤਾਂ ਕਿ ਸਾਰਾ ਭਾਰਤ ਆਪਣੇ ਵਪਾਰ ਲਈ ਵਰਤ ਸਕੇ। ਇਸ ਪਿੱਛੋਂ ਇਹ ਕੰਪਨੀ ਜਿਉਂ ਜਿੳਂੁ ਆਪਣਾ ਵਪਾਰ ਵਧਾਉਂਦੀ ਗਈ, ਤਿਉਂ ਤਿਉਂ ਆਪਣੇ ਵਿਰੋਧੀ ਰਾਜਿਆਂ ਨੂੰ ਸਾਜਿ਼ਸ਼ਾਂ ਰਾਹੀਂ ਖਤਮ ਕਰ ਕੇ ਆਪਣੇ ਹਮਾਇਤੀ ਬੰਦੇ ਉਨ੍ਹਾਂ ਦੀ ਥਾਂ ਬਠਾਉਂਦੀ ਗਈ।
ਜੇ ਅਸੀਂ ਪਹਿਲੇ ਸਮੇਂ ਨੂੰ ਛੱਡ ਵੀ ਲਈਏ ਤਾਂ ਈਸਟ ਇੰਡੀਆ ਕੰਪਨੀ ਦਾ ਰਾਜ 1757 ਵਿਚ ਮੀਰ ਜਾਫਰ ਵਰਗੇ ਗ਼ੱਦਾਰ ਨੂੰ ਵਰਤ ਕੇ ਸਰਾਜੁਲ ਦੌਲਾ ਨੂੰ ਹਰਾ ਕੇ ਬੰਗਾਲ ਤੇ ਕਬਜ਼ੇ ਨਾਲ ਸ਼ੁਰੂ ਹੋਇਆ ਸੀ। ਫੇਰ ਹੌਲੀ ਹੌਲੀ ਇਹ ਨੇ ਸਾਰੇ ਭਾਰਤ ਉੱਤੇ ਆਪਣਾ ਰਾਜ ਸਥਾਪਤ ਕਰ ਲਿਆ। ਇਹ ਕੰਮ ਇੰਨੀ ਧੀਮੀ ਚਾਲ ਨਾਲ ਕੀਤਾ ਗਿਆ ਕਿ 92 ਸਾਲ ਪਿੱਛੋਂ 1849 ਵਿਚ ਪੰਜਾਬ ਵਿਚੋਂ ਸਿੱਖ ਰਾਜ ਨੂੰ ਖਤਮ ਕਰਨ ਪਿੱਛੋਂ ਹੀ ਇਹ ਕੰਮ ਸੰਪੂਰਨ ਹੋਇਆ ਸੀ। ਪੰਜਾਬ ਨੂੰ ਜਿੱਤ ਕੇ ਵੀ ਕਿਹਾ ਇਹ ਹੀ ਗਿਆ ਸੀ ਕਿ ਉਹ ਤਾਂ ਮਹਾਰਾਜਾ ਦਲੀਪ ਸਿੰਘ ਦੀ ਸਾਜਿ਼ਸ਼ੀ ਦਰਬਾਰੀਆਂ ਤੋਂ ਰਖਿਆ ਕਰਨ ਲਈ ਹੀ ਆਏ ਸਨ। ਸਿੱਖਾਂ ਤੇ ਅੰਗਰੇਜ਼ਾਂ ਦੇ ਦੂਜੇ ਯੁੱਧ ਪਿੱਛੋਂ ਜਦ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਂਡ ਨੂੰ ਭੇਜਿਆ ਸੀ ਤਾਂ ਕਿਹਾ ਇਹ ਹੀ ਗਿਆ ਸੀ ਕਿ ਮਹਾਰਾਜੇ ਦੇ ਬਾਲਗ਼ ਹੋਣ ਤੱਕ ਹੀ ਉੱਥੇ ਰੱਖਣਾ ਹੈ ਤੇ ਫੇਰ ਉਹਦਾ ਰਾਜ ਉਹਨੂੰ ਵਾਪਸ ਕਰ ਦੇਣਾ ਹੈ। ਉਸ ਵੇਲੇ ਵੀ ਦਿੱਲੀ ਦੇ ਤਖਤ ‘ਤੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਹੀ ਬੈਠਾ ਸੀ। ਕਹਿਣ ਨੂੰ ਤਾਂ ਉਹ ਸਾਰੇ ਭਾਰਤ ਦਾ ਸ਼ਹਿਨਸ਼ਾਹ ਸੀ ਪਰ ਉਹਦੀ ਅਸਲ ਤਾਕਤ ਲਾਲ ਕਿਲ੍ਹੇ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ। ਈਸਟ ਇੰਡੀਆ ਕੰਪਨੀ ਨੇ ਲੋੜ ਹੀ ਨਹੀਂ ਸਮਝੀ ਸੀ ਕਿ ਉਹ ਬਾਦਸ਼ਾਹ ਨੂੰ ਤਖਤ ਤੋਂ ਲਾਹੁੰਦੀ। ਨਾ ਉਸ ਵੇਲੇ ਤੱਕ ਭਾਰਤ ਨੂੰ ਬਰਤਾਨੀਆ ਦੇ ਰਾਜ ਦਾ ਹਿੱਸਾ ਐਲਾਨਿਆ ਗਿਆ ਸੀ। ਇਹ ਤਾਂ 1857 ਦੇ ਸੁਤੰਤਰਤਾ ਸੰਗਰਾਮ ਦੀ ਹਾਰ ਪਿੱਛੋਂ ਹੀ ਭਾਰਤ ਨੂੰ ਸਿੱਧਾ ਬਰਤਾਨਵੀ ਰਾਜ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਵੇਲੇ ਤੱਕ ਤਾਂ ਈਸਟ ਇੰਡੀਆ ਕੰਪਨੀ ਹੀ ਰਾਜ ਰਾਹੀਂ ਵਪਾਰ ਜਾਂ ਵਪਾਰ ਰਾਹੀਂ ਰਾਜ ਕਰਦੀ ਰਹੀ ਸੀ।
1849 ਵਿਚ ਸਿੱਖਾਂ ਦੀ ਹਾਰ ਪਿੱਛੋਂ ਅੰਗੇਰਜਾਂ ਦਾ ਰਾਜ ਸਾਰੇ ਭਾਰਤ ਉਪਰ ਸਹੀ ਅਰਥਾਂ ਵਿਚ ਸੰਪੂਰਨ ਹੋ ਗਿਆ ਸੀ। ਸਿੱਖਾਂ ਦਾ ਅੰਗਰੇਜ਼ਾਂ ਵਿਰੁਧ ਇਹ ਯੁੱਧ ਭਾਰਤ ਨੂੰ ਸੁਤੰਤਰ ਕਰਵਾਉਣ ਲਈ ਨਹੀਂ ਸੀ, ਸਗੋਂ ਆਪਣੀ ਸੁਤੰਤਰਤਾ ਨੂੰ ਬਚਾਉਣ ਸੀ। ਜੇ ਅਸੀਂ ਇਹ ਮੰਨ ਲਈਏ ਕਿ ਸਿੱਖਾਂ ਦਾ ਅੰਗਰੇਜ਼ਾਂ ਵਿਰੁਧ ਇਹ ਯੁੱਧ ਸੁਤੰਤਰਤਾ ਪ੍ਰਾਪਤ ਕਰਨ ਲਈ ਸੀ ਤਾਂ ਇਹ ਵੀ ਮੰਨਣਾ ਪਏਗਾ ਕਿ ਪੰਜਾਬ ਉਸ ਵੇਲੇ ਸੁਤੰਤਰ ਨਹੀਂ ਸੀ। ਇਹ ਗੱਲ ਸਾਰੇ ਜਾਣਦੇ ਹਨ ਕਿ ਪੰਜਾਬ ਉਸ ਵੇਲੇ ਸੁਤੰਤਰ ਸੀ ਤੇ ਪੰਜਾਬੀ (ਹਿੰਦੂ, ਸਿੱਖ ਤੇ ਮੁਸਲਮਾਨ) ਆਪਣੀ ਸੁਤੰਤਰਤਾ ਦੀ ਰਾਖੀ ਲਈ ਲੜੇ ਸਨ, ਸੁਤੰਤਰਤਾ ਪ੍ਰਾਪਤ ਕਰਨ ਲਈ ਨਹੀਂ। ਇਸ ਯੁੱਧ ਤੋਂ ਪਹਿਲਾਂ ਵੀ ਅਨੇਕਾਂ ਯੁੱਧ ਭਾਰਤੀਆਂ ਨੇ ਆਪਣੀ ਸੁਤੰਤਰਤਾ ਦੀ ਰਾਖੀ ਲਈ ਲਈ ਲੜੇ ਸਨ। ਕਰਨਾਟਕ ਦਾ ਟੀਪੂ ਸੁਲਤਾਨ ਤੇ ਬੰਗਾਲ ਦਾ ਸਰਾਜੁਲ ਦੌਲਾ ਵੀ ਅੰਗਰੇਜ਼ਾਂ ਵਿਰੁਧ ਇਸੇ ਮਕਸਦ ਲਈ ਲੜੇ ਸਨ। ਇਨ੍ਹਾਂ ਸਾਰੇ ਯੁੱਧਾਂ ਵਿਚੋਂ ਕਿਸੇ ਨੂੰ ਵੀ ਕਿਸੇ ਸੂਰਤ ਵਿਚ ਵੀ ਸੁਤੰਤਰਤਾ ਪ੍ਰਾਪਤੀ ਲਈ ਯੁੱਧ ਨਹੀਂ ਕਿਹਾ ਜਾ ਸਕਦਾ। 1857 ਦਾ ਯੁੱਧ ਹੀ ਸਹੀ ਅਰਥਾਂ ਵਿਚ ਸੁਤੰਤਰਤਾ ਪ੍ਰਾਪਤੀ ਲਈ ਸਾਰੇ ਭਾਰਤ ਦਾ ਪਹਿਲਾ ਯੁੱਧ ਸੀ।
ਇਸ ਯੁੱਧ ਵਿਚ ਪੰਜਾਬੀਆਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ ਸੀ। ਸਿੱਖ ਵੀ ਪਿੱਛੇ ਨਹੀਂ ਰਹੇ ਸਨ। ਜੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਤਾਂ ਉਨ੍ਹਾਂ ਸਿੱਖ ਰਿਆਸਤਾਂ ਦੇ ਰਾਜੇ ਮਹਾਰਾਜਿਆਂ ਨੇ ਜਿਹੜੇ ਪਹਿਲਾਂ ਹੀ ਅੰਗਰੇਜ਼ਾਂ ਦੇ ਖੈਰ ਖਾਹ ਬਣੇ ਹੋਏ ਸਨ। ਇਸ ਅੰਗਰੇਜ਼ ਭਗਤੀ ਵਿਚ ਮੁਸਲਮਾਨ ਨਵਾਬ ਵੀ ਪਿੱਛੇ ਨਹੀਂ ਰਹੇ ਸਨ। ਜਦ ਪੰਜਾਬੀਆਂ ਨੇ 1849 ਵਿਚ ਆਪਣੀ ਸੁਤੰਤਰਤਾ ਦੀ ਰਾਖੀ ਲਈ ਯੁੱਧ ਲੜਿਆ ਸੀ ਤਦ ਵੀ ਇਹ ਸਿੱਖ ਰਾਜੇ ਮਹਾਰਾਜੇ ਅੰਗਰੇਜ਼ਾਂ ਦੇ ਹਮਾਇਤੀ ਹੀ ਸਨ। ਕੁਝ ਸਿੱਖ ਸਰਦਾਰ ਵੀ ਇਸ ਕੰਮ ਵਿਚ ਅੰਗਰੇਜ਼ਾਂ ਦਾ ਸਾਥ ਦੇ ਰਹੇ ਸਨ। ਕਈ ਸਿੱਖ ਸਰਦਾਰ ਤਾਂ ਸਿੱਖ ਰਾਜ ਦੇ ਸਮੇਂ ਵੀ ਅੰਗਰੇਜ਼ਾਂ ਨਾਲ ਰਲ਼ੇ ਹੋਏ ਸਨ ਤੇ ਸਿੱਖਾਂ ਦੀ ਹਾਰ ਦਾ ਇੱਕ ਕਾਰਣ ਇਹ ਵੀ ਬਣੇ ਸਨ। ਇਸ ਜੰਗ ਦੇ ਸਮੇਂ ਪਹਾੜਾ ਸਿੰਘ ਨਾਉਂ ਦਾ ਗੱਦਾਰ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ। ਇਹ ਪਹਾੜਾ ਸਿੰਘ ਅੱਜ ਕੱਲ ਦੇ ਇੱਕ ਕਹਿੰਦੇ ਕਹਾਉਂਦੇ ਸਿੱਖ ਲੀਡਰ ਦੇ ਸਕੇ ਨਾਨੇ ਸਰਬਰਾਹ ਰੂੜ ਸਿੰਘ ਦਾ ਬਾਪ ਸੀ। ਸ਼ਾਹ ਮੁਹੰਮਦ ਨੇ ਇਹਦੇ ਵਾਰੇ ਆਪਣੇ ਕਿੱਸੇ ਵਿਚ ਲਿਖਿਆ ਹੈ?
ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ
ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ
ਉਹ ਤਾਂ ਭੱਜ ਕੇ ਲਾਟ ਨੂੰ ਜਾ ਮਿਲਿਆ
ਗੱਲ ਜਾ ਦੱਸੀ ਸਾਰੀ ਭੇਦ ਵਾਲੀ
ਇੱਥੋਂ ਹਰਨ ਹੋ ਗਿਆ ਹੈ ਖਾਲਸਾ ਜੀ
ਚੌਹਾਂ ਹੱਥਾਂ ਦੀ ਮਾਰ ਕੇ ਜਾਣ ਛਾਲੀ
ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ
ਛੱਡ ਗਏ ਨੇ ਸਿੰਘ ਮੈਦਾਨ ਖਾਲੀਗੱਲ ਇਸ ਤਰ੍ਹਾਂ ਹੋਈ ਸੀ ਕਿ ਅੰਗ੍ਰੇਜ਼ ਸਿੱਖਾਂ ਦੇ ਤੋਪਖ਼ਾਨੇ ਦੀ ਮਾਰ ਨਾ ਝੱਲਦੇ ਹੋਏ ਮੈਦਾਨ ਛੱਡ ਕੇ ਨੱਠ ਗਏ ਸਨ। ਐਨ ਉਸੇ ਵੇਲ਼ੇ ਸਿੱਖ ਫੌਜ ਵਿਚ ਇਹ ਰੌਲਾ ਪੈ ਗਿਆ ਕਿ ਬੋਰੀਆਂ ਵਿਚੋਂ ਬਰੂਦ ਦੀ ਥਾਂ ਸਰ੍ਹੋਂ ਨਿਕਲੀ ਹੈ ਤੇ ਕਮਾਂਡਰ ਤੇਜ ਸਿੰਘ ਨੇ ਸਿੱਖ ਫੌਜਾਂ ਨੂੰ ਮੈਦਾਨ ਛੱਡ ਜਾਣ ਦਾ ਹੁਕਮ ਦੇ ਦਿੱਤਾ ਹੈ। ਉਸ ਵੇਲੇ ਇਸੇ ਪਹਾੜਾ ਸਿੰਘ ਨੇ ਅੰਗ੍ਰੇਜ਼ ਫੌਜਾਂ ਦੇ ਕਮਾਂਡਰ ਨੂੰ ਇਹ ਖ਼ਬਰ ਜਾ ਦਿੱਤੀ ਸੀ ਤੇ ਉਨ੍ਹਾਂ ਨੇ ਹ੍ਰਾਸੀ ਹੋਈ ਸਿੱਖ ਫੌਜ ਤੇ ਮੁੜ ਕੇ ਹਮਲਾ ਕਰ ਦਿੱਤਾ ਸੀ। ਇਸ ਤਰ੍ਹਾਂ ਬਿਨਾ ਲੜਿਆਂ ਜਿੱਤ ਪ੍ਰਾਪਤ ਕਰ ਲਈ ਸੀ।
1857 ਦੇ ਸੁਤੰਤਰਤਾ ਲਈ ਲੜੇ ਯੁੱਧ ਸਮੇਂ ਸੁੰਦਰ ਸਿੰਘ ਮਜੀਠੀਏ ਦਾ ਬਾਪ ਸੂਰਤ ਸਿੰਘ ਅੰਗਰੇਜ਼ਾਂ ਦੀ ਕੈਦ ਵਿਚ ਸੀ। ਉਹਨੇ ਆਪਣੀ ਰਿਹਾਈ ਅਤੇ ਆਪਣੇ ਨਿੱਜੀ ਮੁਫ਼ਾਦ ਲਈ ਅੰਗਰੇਜ਼ਾਂ ਦੇ ਹੱਕ ਵਿਚ ਬਿਆਨ ਦੇ ਕੇ ਆਪਣੀ ਰਿਹਾਈ ਹੀ ਨਹੀਂ ਪ੍ਰਾਪਤ ਕਰ ਲਈ ਸੀ ਸਗੋਂ ਇਨਾਮ ਵੀ ਪ੍ਰਾਪਤ ਕੀਤੇ ਸਨ। ਆਮ ਪੰਜਾਬੀ ਸਣੇ ਸਿੱਖਾਂ ਦੇ ਅੰਗਰੇਜ਼ਾਂ ਦੇ ਬੁਰੀ ਤਰ੍ਹਾਂ ਖ਼ਿਲਾਫ਼ ਸਨ। ਉਹ ਜਿਹੜੇ ਇਹ ਕਹਿੰਦੇ ਹਨ ਕਿ ਸਿੱਖਾਂ ਨੇ 1857 ਦੇ ਸੰਗਰਾਮ ਦੇ ਸਮੇਂ ਅੰਗਰੇਜ਼ਾਂ ਦੀ ਮਦਦ ਕੀਤੀ ਸੀ, ਉਹ ਭੁੱਲ ਜਾਂਦੇ ਹਨ ਕਿ ਸਿਰਫ਼ ਅੱਠ ਸਾਲ ਪਹਿਲਾਂ ਹੀ ਅੰਗਰੇਜ਼ਾਂ ਨੇ ਸਿੱਖ ਫੌਜਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਕੇ ਸਿੱਖਾਂ ਤੋਂ ਰਾਜ ਖੋਹ ਲਿਆ ਸੀ। ਆਪਣਾ ਰਾਜ ਖੁਹਾ ਕੇ ਸਿੱਖ ਚੁੱਪ ਕਰ ਕੇ ਨਹੀਂ ਬੈਠ ਗਏ ਸਨ। ਮੁਲਤਾਨ ਦੇ ਗਵਰਨਰ ਦੀਵਾਨ ਮੂਲ ਰਾਜ ਤੇ ਸ਼ੇਰ ਸਿੰਘ ਅਟਾਰੀ ਵਾਲੇ ਨੇ ਛੇਤੀ ਹੀ ਅੰਗਰੇਜ਼ਾਂ ਦੇ ਵਿਰੁਧ ਬਗਾਵਤ ਕਰ ਦਿੱਤੀ ਸੀ। ਸਿੱਖਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਇੱਕ ਤਕੜਾ ਯੁੱਧ ਲੜਿਆ ਸੀ ਜਿਸ ਨੂੰ ਅੰਗਰੇਜ਼ਾਂ ਤੇ ਸਿੰਘਾਂ ਦੇ ਦੂਜੇ ਯੁੱਧ ਦੇ ਨਾਉਂ ਨਾਲ ਯਾਦ ਕੀਤਾ ਜਾਂਦਾ ਹੈ। ਕੂਕਾ ਲਹਿਰ ਵੀ ਛੇਤੀ ਸ਼ੁਰੂ ਹੋ ਗਈ ਸੀ, ਜਿਸ ਨੇ ਪੰਜਾਬ ਦੇ ਪਿੰਡਾਂ ਵਿਚ ਸਿੱਖਾਂ ਨੂੰ ਪੂਰੀ ਤਰ੍ਹਾਂ ਲਪੇਟ ਵਿਚ ਲੈ ਲਿਆ ਸੀ। ਜਿਹੜੇ ਜ਼ੁਲਮ ਅੰਗਰੇਜ਼ਾਂ ਨੇ ਸਿੱਖਾਂ ਤੇ ਉਸ ਸਮੇਂ ਢਾਹੇ ਸਨ ਤੇ ਜਿਸ ਤਰ੍ਹਾਂ ਲਾਰਡ ਡਲਹੌਜ਼ੀ ਦੇ ਸ਼ਬਦਾਂ ਵਿਚ “ਖ਼ਾਲਸੇ ਦੀ ਸਪਿਰਿਟ” ਨੂੰ ਕੁਚਲ ਦੇਣ ਲਈ ਪੂਰੀ ਤਾਕਤ ਵਰਤੀ ਸੀ, ਉਸ ਤੋਂ ਪਿੱਛੋਂ ਸਿੱਖ ਇੰਨੇ ਬੇਅਣਖ ਨਹੀਂ ਹੋ ਗਏ ਸਨ ਕਿ ਅੰਗਰੇਜ਼ਾਂ ਦਾ ਸਾਥ ਦੇਣ ਲਈ ਤੁਰ ਪੈਂਦੇ। ਅੰਗਰੇਜ਼ਾਂ ਨੇ ਸਿੱਖਾਂ ਦੇ ਗ਼ੁੱਸੇ ਤੋਂ ਡਰਦਿਆਂ ਉਸ ਵੇਲੇ ਪੰਜਾਬ ਵਿਚ 45 ਪ੍ਰਤੀਸ਼ਤ ਬੰਗਾਲ ਆਰਮੀ ਤੇ 60 ਪ੍ਰਤੀਸ਼ਤ ਅੰਗਰੇਜ਼ੀ ਆਰਮੀ ਤਿਆਰ ਖੜ੍ਹੀ ਰੱਖੀ ਹੋਈ ਸੀ। ਫੇਰ ਵੀ ਫਿਰੋਜ਼ਪੁਰ, ਹੋਤੀ ਮਰਦਾਨ, ਜਲੰਧਰ, ਫਿਲੌਰ, ਜਿਹਲਮ, ਸਿਆਲਕੋਟ, ਥਾਨੇਸਰ, ਅੰਬਾਲਾ, ਲਾਹੌਰ, ਪੇਸ਼ਾਵਰ ਤੇ ਮੀਆਂ ਵਾਲੀ ਵਿਚ ਸਿਪਾਹੀਆਂ ਨੇ ਗ਼ਦਰ ਕੀਤਾ ਸੀ। ਇਨ੍ਹਾਂ ਸਿਪਾਹੀਆਂ ਵਿਚ ਪੰਜਾਬੀ (ਸਿੱਖ, ਹਿੰਦੂ ਤੇ ਮੁਸਲਮਾਨ) ਵੀ ਸ਼ਾਮਿਲ ਸਨ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਇਨ੍ਹਾਂ ਬਾਗ਼ੀਆਂ ਨੂੰ ਆਮ ਲੋਕਾਂ ਤੋਂ ਪੂਰੀ ਮਦਦ ਮਿਲ ਰਹੀ ਸੀ। ਮੇਰਠ ਵਿਚ ਬਗ਼ਾਵਤ ਸ਼ੁਰੂ ਹੋਣ ਤੋਂ 9 ਘੰਟੇ ਪਹਿਲਾਂ ਅੰਬਾਲੇ ਵਿਚ ਤਿੰਨ ਰਜਮੈਂਟਾਂ ਨੇ ਬਗ਼ਾਵਤ ਕਰ ਦਿੱਤੀ ਸੀ। ਉਨ੍ਹਾਂ ਹਥਿਆਰ ਚੁੱਕ ਲਏ ਸਨ ਤੇ ਆਪਣੇ ਅਫਸਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਇਨ੍ਹਾਂ ਦਾ ਸ਼ਹਿਰ ਦੇ ਆਮ ਲੋਕਾਂ ਨਾਲ ਕੋਈ ਸੰਪਰਕ ਨਹੀਂ ਬਣ ਸਕਿਆ ਸੀ, ਇਸ ਲਈ ਉਹਨਾਂ ਦੀ ਬਗ਼ਾਵਤ ਫੇਲ੍ਹ ਹੋ ਗਈ ਸੀ। ਇਸ ਤੋਂ ਉਲਟ ਜਲੰਧਰ, ਲੁਧਿਆਣਾ, ਫੀਰੋਜ਼ਪੁਰ ਤੇ ਸਿਆਲਕੋਟ ਵਿਚ ਸਿਪਾਹੀਆਂ ਨੇ ਬਾਹਰ ਦੇ ਲੋਕਾਂ ਨਾਲ ਸੰਪਰਕ ਬਣਾ ਲਿਆ ਸੀ ਇਸ ਲਈ ਉਹ ਚੋਖਾ ਚਿਰ ਆਪਣੀ ਲੜਾਈ ਜਾਰੀ ਰੱਖ ਸਕੇ ਸਨ।
ਅੰਬਾਲੇ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਮਿਸਟਰ ਟੀ.ਡੀ. ਫੋਰਸਾਈਥ ਦੀ ਗਵਾਹੀ ਇੱਥੇ ਮੁਲਵਾਨ ਹੋਵੇਗੀ। ਉਹ ਲਿਖਦਾ ਹੈ, “ਸਾਰੇ ਉਪਰਲੇ ਭਾਰਤ ਵਿਚ ਜਿਹੜਾ ਪਹਿਲਾ ਬੰਦਾ ਲੋਕਾਂ ਨੂੰ ਅੰਗਰੇਜ਼ਾਂ ਦੇ ਵਿਰੁਧ ਉਕਸਾਉਣ ਲਈ ਫਾਹੇ ਲਾਇਆ ਗਿਆ ਸੀ, ਉਹ ਸਿੱਖ ਸੀ, ਉਹ ਫੌਜੀ ਵੀ ਨਹੀਂ ਸੀ, ਇੱਕ ਆਮ ਬੰਦਾ ਸੀ।” ਇਹ ਬੰਦਾ ਰੋਪੜ ਦਾ ਸਰਦਾਰ ਮੋਹਰ ਸਿੰਘ ਸੀ ਜਿਸਨੇ ਅੰਗਰੇਜ਼ਾਂ ਦੇ ਵਿਰੁਧ ਉੱਠੇ ਲੋਕਾਂ ਦੀ ਅਗਵਾਈ ਕੀਤੀ ਸੀ। ਮੋਹਰ ਸਿੰਘ ਨੇ ਖੁਲ੍ਹੇ ਤੌਰ ਤੇ ਬਹਾਦਰ ਸ਼ਾਹ ਦੀ ਹਮਾਇਤ ਕੀਤੀ ਸਦੀ ਤੇ ਰੋਪੜ ਵਿਚ ਖਾਲਸਾ-ਮੁਗ਼ਲ ਰਾਜ ਦਾ ਐਲਾਨ ਕੀਤਾ ਸੀ।
ਅੰਗਰੇਜ਼ਾਂ ਨੇ ਪੰਜਾਬ ਵਿਚ ਹੋਈ ਬਗ਼ਾਵਤ ਨੂੰ ਬੜੇ ਘਿਣਾਉਣੇ ਅਤਿਆਚਾਰਾਂ ਨਾਲ ਕੁਚਲਿਆ ਸੀ। ਇਸ ਦੀ ਗਵਾਹੀ ਅੱਜ ਵੀ ਜਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਪਿੰਡ ਦਾ ਕਾਲਿਆਂ ਵਾਲਾਂ ਖੂਹ ਦਿੰਦਾ ਹੈ। ਅੰਗਰੇਜ਼ਾਂ ਨੇ ਇਸ ਖੂਹ ਨੂੰ ਸੈਂਕੜੇ ਬਾਗ਼ੀਆਂ ਦੀਆਂ ਲਾਸ਼ਾਂ ਨਾਲ ਭਰ ਦਿੱਤਾ ਸੀ।
ਇਹ ਤਾਂ 1857 ਦੇ ਸੁਤੰਤਰਤਾ ਸੰਗਰਾਮ ਦੇ ਫੇਅਲ ਹੋ ਜਾਣ ਪਿੱਛੋਂ ਇੱਕ ਸੋਚੀ ਸਮਝੀ ਪਾਲਿਸੀ ਅਨੁਸਾਰ ਪਰਚਾਰ ਕੀਤਾ ਗਿਆ ਸੀ ਕਿ ਸਿੱਖਾਂ ਨੇ ਇਸ ਯੁੱਧ ਵਿਚ ਹਿੱਸਾ ਨਹੀਂ ਲਿਆ ਸੀ। ਉਨ੍ਹਾਂ ਦਾ ਮਕਸਦ ਸਿੱਖਾਂ ਤੇ ਮੁਸਲਮਾਨਾਂ ਵਿਚ ਪੱਕੀ ਦਰਾੜ ਪੈਦਾ ਕਰਨਾ ਸੀ ਤਾਂ ਕਿ ਫੇਰ ਕਦੀ ਸਿੱਖ ਤੇ ਮੁਸਲਮਾਨ ਇਸ ਤਰ੍ਹਾਂ ਇਕੱਠੇ ਹੋ ਕੇ ਸੁਤੰਤਰਤਾ ਲਈ ਯਤਨ ਨਾ ਕਰ ਸਕਣ। ਉਹ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਸਲਮਾਨਾਂ ਤੇ ਸਿੱਖਾਂ ਦੀ ਇੰਨੀ ਨੇੜਤਾ ਬਣ ਗਈ ਸੀ ਕਿ ਉਸ ਨੇੜਤਾ ਨੂੰ ਖਤਮ ਕਰਨ ਲਈ ਹੱਦ ਦਰਜੇ ਦੇ ਝੂਠੇ ਪਰਚਾਰ ਦੀ ਸਖ਼ਤ ਲੋੜ ਸੀ। ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮੁਸਲਮਾਨਾਂ ਨੂੰ ਬੜੇ ਵੱਡੇ ਤੇ ਜਿੰਮੇਵਾਰੀ ਵਾਲੇ ਅਹੁਦੇ ਦਿੱਤੇ ਹੋਏ ਸਨ। ਫਕੀਰ ਅਜ਼ੀਜ਼ ਦੀਨ ਮਹਾਰਾਜੇ ਦਾ ਵਿਦੇਸ਼ ਮੰਤਰੀ ਸੀ। ਸਿੱਖਾਂ ਤੇ ਅੰਗਰੇਜ਼ਾਂ ਦੇ ਯੁੱਧ ਵਿਚ ਮੁਸਲਮਾਨ ਵੀ ਸਿੱਖਾਂ ਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਲੜੇ ਸਨ। ਇੱਥੋਂ ਤੱਕ ਕਿ ਮਹਾਰਾਜੇ ਦੇ ਤੋਪਖ਼ਾਨੇ ਦਾ ਇਨਚਾਰਜ ਵੀ ਇੱਕ ਮੁਸਲਮਾਨ ਇਮਾਮ ਸ਼ਾਹ ਸੀ। ਸ਼ਾਹ ਮੁਹੰਮਦ ਕਹਿੰਦਾ ਹੈ:-
ਤੀਜੀ ਵੇਰ ਫਿਰ ਪਰਤ ਕੇ ਪਏ ਗੋਰੇ
ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ
ਹੱਲੇ ਤਿੰਨ ਫਰੰਗੀ ਦੇ ਮੋੜ ਦਿੱਤੇ
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ
ਬੰਨ੍ਹ ਸ਼ਸ਼ਤਰੀਂ ਜੋੜ ਵਿਛੋੜ ਦਿੱਤੇ
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇਖਾਲਸਾ ਜਾਂ ਸਿੰਘ ਸ਼ਬਦ ਉਸ ਵੇਲੇ ਸਾਰੀ ਪੰਜਾਬੀ ਫੌਜ ਲਈ ਵਰਤਿਆ ਜਾਂਦਾ ਸੀ। ਪੰਜਾਬ ਦੇ ਸਾਰੇ ਲੋਕ ਹਿੰਦੂ ਸਿੱਖ ਤੇ ਮੁਸਲਮਾਨ ਇਸ ਫੌਜ ਨੂੰ ਆਪਣੀ ਫੌਜ ਸਮਝਦੇ ਸਨ। ਸਾਰੇ ਪੰਜਾਬੀਆਂ ਦੀ ਪੱਕੀ ਸਾਂਝ ਵਾਰੇ ਸ਼ਾਹ ਮੁਹੰਮਦ ਲਿਖਦਾ ਹੈ:-
ਰਾਜ਼ੀ ਬਾਜ਼ੀ ਰਹਿੰਦੇ ਮੁਸਲਮਾਨ ਹਿੰਦੂ
ਸਿਰ ਦੋਹਾਂ ਦੇ ਬੜੀ ਆਫਾਤ ਆਈ
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ
ਕਦੀਂ ਨਹੀਂ ਸੀ ਤੀਸਰੀ ਜਾਤ ਆਈਇਹ ਨੋਟ ਕਰਨ ਵਾਲੀ ਗੱਲ ਹੈ ਕਿ ਸਿੱਖਾਂ ਨੂੰ ਉਦੋਂ ਹਿੰਦੂਆਂ ਦਾ ਹਰਾਵਲ ਦਸਤਾ ਹੀ ਸਮਝਿਆ ਜਾਂਦਾ ਸੀ। ਇਸ ਲਈ ਸ਼ਾਹ ਮੁਹੰਮਦ ਸਿੱਖਾਂ ਤੇ ਹਿੰਦੂਆਂ ਲਈ ਸਾਂਝੇ ਤੌਰ ਤੇ ਹਿੰਦੂ ਸ਼ਬਦ ਹੀ ਵਰਤਦਾ ਹੈ। ਪੰਜਾਬੀਆਂ ਦੀ ਇਸ ਸਾਂਝ ਨੂੰ ਸਦਾ ਲਈ ਖਤਮ ਕਰਨ ਲਈ ਹੀ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਧੀਨ ਹਿੰਦੂਆਂ ਤੇ ਸਿੱਖਾਂ ਤੋਂ ਮੁਸਲਮਾਨਾਂ ਨੂੰ ਵੱਖ ਕਰਨ ਲਈ ਇਹ ਪਰਚਾਰ ਕੀਤਾ ਸੀ ਕਿ 1857 ਦੇ ਸੁਤੰਤਰਤਾ ਸੰਗਰਾਮ ਵਿਚ ਸਿੱਖਾਂ ਨੇ ਹਿੱਸਾ ਨਹੀਂ ਲਿਆ ਸੀ।
ਆਪਣੇ ਝੋਲੀਚੁਕ ਸਰਦਾਰਾਂ ਰਾਹੀਂ ਜਿਹੜਾ ਪਰਚਾਰ ਅੰਗਰੇਜ਼ਾਂ ਨੇ ਕਰਵਾਇਆ ਸੀ, ਉਹ ਇਹ ਸੀ ਕਿ ਇਹ ਸਾਰੀ ਬਗ਼ਾਵਤ ਮੁਗਲਾਂ ਦਾ ਰਾਜ ਮੁੜ ਲਿਆਉਣ ਲਈ ਸੀ। ਹਾਲਾਂ ਕਿ ਇਹ ਜਾਣੀ ਜਾਂਦੀ ਗੱਲ ਹੈ ਕਿ ਬਹਾਦਰ ਸ਼ਾਹ ਤਾਂ ਇਸ ਵਿਚ ਆਪਣੀ ਮਰਜ਼ੀ ਨਾਲ ਸ਼ਾਮਿਲ ਹੀ ਨਹੀਂ ਹੋਇਆ ਸੀ। ਉਹਨੂੰ ਤਾਂ ਇਸ ਸੁਤੰਤਰਤਾ ਸੰਗਰਾਮ ਦੇ ਲੀਡਰਾਂ ਨੇ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਸੀ। ਇਸ ਸੁਤੰਤਰਤਾ ਸੰਗਰਾਮ ਦੇ ਮੁਖੀ ਲੀਡਰ ਤਾਂ ਬਹੁਤੇ ਹਿੰਦੂ ਸਨ। ਰਾਣੀ ਝਾਂਸੀ, ਤਾਂਤੀਆ ਤੋਪੀ ਨਾਨਾ ਸਾਹਿਬ ਤੇ ਕੰਵਰ ਸਿੰਘ ਵਰਗੇ ਹਿੰਦੂ ਲੀਡਰ ਇਸਦੀ ਅਗਵਾਈ ਕਰ ਰਹੇ ਸਨ। ਇਸ ਸੰਗਰਾਮ ਦਾ ਅਰੰਭ ਵੀ ਮੰਗਲ ਪਾਂਡੇ ਦੀ ਬਗ਼ਾਵਤ ਨਾਲ ਹੋਇਆ ਸੀ। ਅੰਗਰੇਜ਼ਾਂ ਦੇ ਝੋਲੀ ਚੁੱਕ ਇਨ੍ਹਾਂ ਸਰਦਾਰਾਂ ਨੇ ਤਾਂ ਕੂਕਾ ਲਹਿਰ, ਗਦਰ ਲਹਿਰ ਤੇ ਬਾਦ ‘ਚ ਅਕਾਲੀ ਲਹਿਰ ਦਾ ਵੀ ਵਿਰੋਧ ਕੀਤਾ ਸੀ। ਇਹ ਤਾਂ ਮਹਾਰਾਜਾ ਦਲੀਪ ਸਿੰਘ ਦੀ ਮਦਦ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ, ਜਦ ਦਲੀਪ ਸਿੰਘ ਨੇ ਕਲਕੱਤੇ ਤੱਕ ਪੁੱਜ ਕੇ ਇਨ੍ਹਾਂ ਤੋਂ ਅੰਗਰੇਜ਼ਾਂ ਵਿਰੁਧ ਮਦਦ ਮੰਗੀ ਸੀ ਤਾਂ ਇਨ੍ਹਾਂ ਨੇ ਤਾਂ ਕਿਹਾ ਸੀ, “ਤੁਸੀਂ ਸਾਡੇ ਮਹਾਰਾਜੇ ਠੀਕ ਹੋ ਪਰ ਮਲਕਾ ਵਿਕਟੋਰੀਆ ਤਾਂ ਸਾਡੀ ਮਾਂ ਹੈ। ਅਸੀਂ ਆਪਣੀ ਮਾਂ ਦੇ ਵਿਰੁਧ ਨਹੀਂ ਜਾ ਸਕਦੇ।”
1857 ਦੇ ਸੁਤੰਤਰਤਾ ਲਈ ਸੰਗਰਾਮ ਦੇ 150 ਸਾਲ ਪਿੱਛੋਂ ਹੁਣ ਵੀ ਕੁਝ ਸਿੱਖ ਇਸੇ ਗ਼ਲਤ ਪਰਚਾਰ ਦੇ ਅਸਰ ਹੇਠ ਇਹ ਕਹਿ ਰਹੇ ਹਨ ਕਿ ਇਹ ਯੁੱਧ ਸੁਤੰਤਰਤਾ ਪ੍ਰਾਪਤੀ ਲਈ ਪਹਿਲਾ ਯੁੱਧ ਨਹੀਂ ਸੀ ਸਗੋਂ ਪਹਿਲਾਂ ਯੁੱਧ ਤਾਂ 1849 ਵਿਚ ਅੰਗ੍ਰੇਜਾਂ ਵਿਰੁਧ ਸਿੱਖਾਂ ਨੇ ਲੜਿਆ ਸੀ। ਇਹ ਕਹਿ ਕੇ ਉਹ ਨਾ ਕੇਵਲ ਇਸ ਸੰਗਰਾਮ ਵਿਚ ਹਿੱਸਾ ਲੈ ਕੇ ਸ਼ਹੀਦ ਹੋਣ ਵਾਲੇ ਸਿੱਖਾਂ ਦਾ ਅਪਮਾਨ ਕਰ ਰਹੇ ਹਨ, ਸਗੋਂ ਦਿਨ ਵਾਂਗ ਸਾਫ ਰੌਸ਼ਨ ਇਸ ਤੱਥ ਨੂੰ ਵੀ ਪੁੱਠਾ ਕਰ ਕੇ ਦੇਖ ਰਹੇ ਹਨ। 1849 ਵਿਚ ਸਿੱਖਾਂ ਦਾ ਅੰਗਰੇਜ਼ਾਂ ਵਿਰੁਧ ਲੜਿਆ ਯੁੱਧ ਆਪਣੀ ਸੁਤੰਤਰਤਾ ਦੀ ਰਾਖੀ ਲਈ ਲੜਿਆ ਆਖਰੀ ਯੁੱਧ ਸੀ। ਸਾਰੇ ਭਾਰਤੀਆਂ ਦਾ ਇਹ ਫਰਜ਼ ਬਣਦਾ ਹੈ ਕਿ ਇਸ ਯੁੱਧ ਦੇ ਸ਼ਹੀਦਾਂ ਨੂੰ ਯਾਦ ਰੱਖਣ ਤੇ ਉਨ੍ਹਾਂ ਦਾ ਯੋਗ ਸਤਿਕਾਰ ਕਰਨ। ਪਰ ਸੁਤੰਤਰਤਾ ਦੀ ਮੁੜ ਪ੍ਰਾਪਤੀ ਲਈ ਲੜਿਆ ਪਹਿਲਾ ਯੁੱਧ 1857 ਦਾ ਯੁੱਧ ਹੀ ਸੀ। ਕਿਉਂਕਿ ਉਸ ਵੇਲੇ ਸਾਰਾ ਹਿੰਦੁਸਤਾਨ ਈਸਟ ਇੰਡੀਆ ਕੰਪਨੀ ਦੇ ਅਧੀਨ ਹੋ ਚੁੱਕਾ ਸੀ। ਅਧੀਨਤਾ ਤੋਂ ਛੁਟਕਾਰੇ ਲਈ ਲੜੇ ਯੁੱਧ ਨੂੰ ਹੀ ਸੁਤੰਤਰਤਾ ਪ੍ਰਾਪਤੀ ਲਈ ਯੁੱਧ ਕਿਹਾ ਜਾ ਸਕਦਾ ਹੈ।
***
(29 ਜੂਨ 2007)
e-mail:
ilKfrI
© likhari: Punjabi Likhari Forum-2001-2007