ਕੁਝ ਦਿਨਾਂ ਦਾ ਸੁਰਗ

Maqsoodpuri

hrbKsL mksUdpurI, zrbI (XU[ky[)

1949 ਦਾ ਮਈ ਦਾ ਮਹੀਨਾ ਸੀ। ਸਾਡਾ ਮੈਟ੍ਰਿਕ ਦਾ ਇਮਤਿਹਾਨ ਹੋ ਰਿਹਾ ਸੀ। ਇਮਤਿਹਾਨ ਦਾ ਕੇਂਦਰ ਆਰੀਆ ਕਾਲਜ ਨਵਾਂ ਸ਼ਹਿਰ ਸੀ। ਅਸੀਂ ਸਣੇ ਮਾਸਟਰ ਮੂਲ ਰਾਜ ਦੇ ਨਵਾਂ ਸ਼ਹਿਰ ਦੀ ਸਰਾਂ ਵਿਚ ਡੇਰਾ ਲਾਇਆ ਹੋਇਆ ਸੀ। ਰੋਜ਼ ਇਮਤਿਹਾਨ ਦਾ ਪਰਚਾ ਦੇਣ ਪਿੱਛੋਂ ਅਸੀਂ ਇੱਥੇ ਆ ਟਿਕਦੇ, ਅਗਲੇ ਪਰਚੇ ਦੀ ਤਿਆਰੀ ਕਰਦੇ ਤੇ ਰਾਤ ਇੱਥੇ ਹੀ ਕੱਟਦੇ ਸਾਂ।

ਸ਼ਾਮ ਦੇ ਪੰਜ ਕੁ ਵਜੇ ਦਾ ਸਮਾਂ ਸੀ। ਮੈਂ ਸਰਾਂ ਦੀ ਛੱਤ ਤੇ ਇਕਾਂਤ ਥਾਂ ‘ਤੇ ਬੈਠਾ ਅਗਲੇ ਪਰਚੇ ਦੀ ਤਿਆਰੀ ਵਿਚ ਜੁਟਿਆ ਹੋਇਆ ਸਾਂ। ਥੱਲਿਉਂ ਇੱਕ ਮੁੰਡਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ, “ਓਏ ਹਰਬਖਸ਼! ਤੇਰਾ ਬਾਪੂ ਆਇਆ।”
“ਕੋਣ ਆਇਆ?”, ਇਹ ਕਹਿ ਕੇ ਮੈਂ ਸੋਚੀਂ ਪੈ ਗਿਆ, “ਕੋਣ ਹੋਵੇਗਾ? ਤਾਇਆ ਹੋਣਾ? ਮੇਰੇ ਬਾਰੇ ਪੁੱਛਦਾ ਹੋਵੇਗਾ। ਇਹਨੀਂ ਮੇਰਾ ਬਾਪੂ ਸਮਝ ਲਿਆ।”

“ਓਏ ਤੇਰਾ ਬਾਪੂ, ਹੋਰ ਕੌਣ? ਚੱਲ ਤੁਰ ਥੱਲੇ ਨੂੰ!” ਹੁਣ ਮੈਂ ਸਾਰੀ ਗੱਲ ਸਮਝ ਗਿਆ ਸਾਂ। ਕੁੱਝ ਫਿਕਰ ਵੀ ਹੋਇਆ। ਤਾਏ ਨੂੰ ਇਮਤਿਹਾਨ ਦੇ ਦਿਨਾਂ ਵਿਚ ਕੀ ਕੰਮ ਆ ਪਿਆ ਹੋਵੇਗਾ? ਇਹ ਸੋਚਦਾ ਉਹਦੇ ਨਾਲ ਥੱਲੇ ਨੂੰ ਤੁਰ ਪਿਆ।
ਤਾਇਆ ਮੰਜੇ ਤੇ ਬੈਠਾ ਸੀ। ਮੁੰਡੇ ਉਹਦੀ ਸੇਵਾ ਵਿਚ ਜੁਟੇ ਹੋਏ ਸਨ। ਤਾਇਆ ਮੁੰਡਿਆਂ ਦੀਆਂ ਘਰੋਂ ਲਿਆਂਦੀਆਂ ਪਿੰਨੀਆਂ ਨਾਲ ਚਾਹ ਦਾ ਅਨੰਦ ਮਾਣ ਰਿਹਾ ਸੀ। ਉਹਨੇ ਮੈਨੂੰ ਦੇਖਦਿਆਂ ਹੀ ਕਿਹਾ, “ਕਈ ਦਿਨ ਹੋ ਗਏ, ਤੂੰ ਆਇਆ ਹੀ ਨਾ, ਮੈਂ ਕਿਹਾ ਮੈਂ ਆਪ ਹੀ ਮਿਲ ਆਵਾਂ।”

“ਤਾਇਆ! ਹਾਲੇ ਤਾਂ ਤਿੰਨ ਦਿਨ ਹੋਰ ਇੱਥੇ ਲੱਗ ਜਾਣੇ ਆਂ। ਹੋਰ ਸਾਰੇ ਠੀਕ ਆ?
“ਹੋਰ ਤਾਂ ਠੀਕ ਆ। ਪੂਨੀਆਂ ਤੋਂ ਬੰਦਾ ਆਇਆ ਸੀ ਤੈਨੂੰ ਦੇਖਣ ਲਈ। ਕਹਿੰਦਾ ਸੀ, ਉਹ ਵੀ ਫੀਜੀ ਵਿਚ ਬੰਤਾ ਸਿਹੁੰ ਕੋਲ ਰਹਿੰਦਾ ਸੀ। ਉਹਨੇ ਆਪਣੀ ਲੜਕੀ ਦਾ ਰਿਸ਼ਤਾ ਕਰਨਾ। ਪੁੱਛਦਾ ਸੀ, ਮੁੰਡਾ ਕਦੋਂ ਆਵੇਗਾ? ਉਹਨੂੰ ਸਭ ਕੁੱਝ ਪਸੰਦ ਆ। ਬੱਸ ਉਹਨੇ ਰਿਸ਼ਤਾ ਕਰਨ ਆਉਣਾ ਆਉਂਦੇ ਐਤਵਾਰ ਨੂੰ? ਮੈਂ ਕਿਹਾ ਮੁੰਡੇ ਨੂੰ ਦਸ ਆਵਾਂ। ਫੇਰ ਤੂੰ ਆ ਜਾਏਂਗਾ ਉੱਦਣ?” ਤਾਇਆ ਇਹ ਸਭ ਕੁੱਝ ਇੱਕੋ ਸਾਹੇ ਕਹਿ ਗਿਆ।

“ਤਾਇਆ! ਇੰਨੀ ਵੀ ਕੀ ਕਾਹਲੀ ਆ? ਮੈਂ ਤਾਂ ਹਾਲੇ ਹੋਰ ਪੜ੍ਹਨਾ ਚਾਹੁੰਦਾ? ਚਾਰ ਸਾਲ ਹੋਰ ਪੜ੍ਹਨ ਪਿੱਛੋਂ ਕਰਾ ਲਵਾਂਗਾ।”
ਮੇਰੀ ਗੱਲ ਵਿਚੋਂ ਕੱਟ ਕੇ ਤਾਏ ਨੇ ਕੁੱਝ ਤਰਲੇ ਜਿਹੇ ਨਾਲ ਕਿਹਾ, “ਨਾ ਮੇਰਾ ਪੁੱਤ! ਇਹ ਰਿਸ਼ਤਾ ਖੁੰਝਣ ਨਹੀਂ ਦੇਣਾ। ਇੱਦਾਂ ਦੇ ਰਿਸ਼ਤੇ ਤਾਂ ਕਰਮਾਂ ਨਾਲ ਹੀ ਮਿਲਦੇ ਆ। ਨਾਂਹ ਨਹੀਂ ਕਰੀਦੀ।”

ਇੱਕ ਪਲ ਲਈ ਮੈਂ ਤਾਏ ਦੇ ਮੂੰਹ ਵਲ ਦੇਖਿਆ ਤੇ ਉਹਦੇ ਚਿਹਰੇ ਨੂੰ ਭਾਂਪਦਿਆਂ ਧੀਮੀ ਸੁਰ ਵਿਚ ਕਿਹਾ, “ਚੰਗਾ ਤਾਇਆ! ਮੈਂ ਆ ਜਾਵਾਂਗਾ ਸਨਿਚਰਵਾਰ ਨੂੰ।”

“ਚੰਗਾ ਮੇਰਾ ਪੁੱਤ! ਮੈਂ ਚਲਦਾਂ। ਖਿਆਲ ਰੱਖੀਂ, ਢਿੱਲ ਨਾ ਕਰੀਂ।” ਤਾਇਆ ਮੰਜੇ ਤੋਂ ਉਠ ਖੜ੍ਹਾ ਹੋਇਆ। ਮੇਰੇ ਨਾਲ ਹੀ ਕੁੱਝ ਹੋਰ ਮੁੰਡੇ ਵੀ ਤੁਰ ਪਏ ਤੇ ਅਸੀਂ ਤਾਏ ਨੂੰ ਬਹਿਰਾਮ ਵਾਲੀ ਬੱਸ ਤੇ ਚੜ੍ਹਾ ਆਏ।

ਸ਼ੁੱਕਰਵਾਰ ਨੂੰ ਆਖਰੀ ਪਰਚਾ ਸੀ। ਮੈਂ ਉਸੇ ਦਿਨ ਰਾਤ ਨੂੰ ਘਰ ਪੁੱਜ ਗਿਆ। ਪਰਚੇ ਸਾਰੇ ਚੰਗੇ ਹੋ ਗਏ ਸਨ। ਹੁਣ ਤਾਂ ਨਤੀਜੇ ਦੀ ਉਡੀਕ ਸੀ। ਨਤੀਜਾ ਆਉਣ ਤੱਕ ਵਿਹਲ ਹੀ ਵਿਹਲ ਸੀ। ਜਾਂਦਿਆਂ ਹੀ ਘਰ ਦਿਆਂ ਦੇ ਮੂੰਹਾਂ ਤੇ ਖ਼ੁਸ਼ੀ ਦਾ ਖੇੜਾ ਦੇਖਿਆ। ਉਹ ਖ਼ੁਸ਼ ਸਨ ਕਿ ਚਲੋ ਤਿੰਨਾਂ ਮੁੰਡਿਆਂ ਵਿਚੋਂ ਇੱਕ ਦਾ ਤਾਂ ਰਿਸ਼ਤਾ ਹੋਣ ਲੱਗਾ ਹੈ। ਪੂਨੀਆਂ ਵਾਲਿਆਂ ਐਤਵਾਰ ਨੂੰ ਆਉਣਾ ਸੀ ਸਗਨ ਪਾਉਣ। ਮੈ ਸੋਚਾਂ ਵਿਚ ਪਿਆ ਹੋਇਆ ਸਾਂ, “ਜੇ ਨਾਂਹ ਕਹਿ ਦੇਵਾਂ ਤਾਂ ਘਰਦਿਆਂ ਦੇ ਸੁਪਨਿਆਂ ਦਾ ਕੀ ਬਣੇਗਾ? ਜੇ ਹਾਂ ਕਹਿ ਦੇਵਾਂ ਤਾਂ ਉੱਚ-ਵਿੱਦਿਆ ਪ੍ਰਾਪਤੀ ਦੇ ਮੇਰੇ ਸੁਪਨੇ ਦਾ ਕੀ ਬਣੇਗਾ? ਆਪਣੇ ਦੋਹਾਂ ਵੱਡੇ ਭਰਾਵਾਂ ਤੋਂ ਪਹਿਲਾਂ ਜੇ ਮੇਰਾ ਵਿਆਹ ਹੋ ਗਿਆ ਤਾਂ ਇਨ੍ਹਾਂ ਦੇ ਵਿਆਹ ਕਦੀ ਨਹੀਂ ਹੋਣੇ, ਇਸ ਗੱਲ ਦਾ ਕੌਣ ਜਿ਼ੰਮੇਵਾਰ ਹੋਵੇਗਾ?” ਪੰਜਾਬ ਦੇ ਜੱਟਾਂ ਦੇ ਘਰਾਂ ਵਿਚ ਇਹ ਆਮ ਵਰਤਾਰਾ ਸੀ। ਅਤਿ ਦੀ ਗ਼ਰੀਬੀ ਵਿਚ ਲਿਤਾੜੇ ਟੱਬਰਾਂ ਦੇ ਮੁੰਡਿਆਂ ਨੂੰ ਤਾਂ ਉਂਝ ਹੀ ਰਿਸ਼ਤੇ ਆਉਣੇ ਮੁਸ਼ਕਿਲ ਸਨ। ਇਸ ਲਈ ਉਨ੍ਹਾਂ ਦਿਨਾਂ ਵਿਚ ਲੋਕੀਂ ਬੜੇ ਭਰਾ ਦੇ ਕੁਆਰੇ ਹੁੰਦਿਆਂ ਥੋੜੇ ਕੀਤੇ ਛੋਟੇ ਲਈ ਰਿਸ਼ਤਾ ਲੈਣਾ ਨਹੀਂ ਮੰਨਦੇ ਸਨ। ਮੇਰੇ ਦੋਵੇਂ ਭਰਾ ਕੁਆਰੇ ਰਹਿ ਗਏ ਸਨ, ਇਸ ਲਈ ਮੈਂ ਵੀ ਕਿਸੇ ਹੱਦ ਤੱਕ ਜਿ਼ੰਮੇਵਾਰ ਸਾਂ। ਜਦ ਵੀ ਕੋਈ ਰਿਸ਼ਤਾ ਹੋਣ ਦੀ ਸੰਭਾਵਨਾ ਬਣਦੀ ਤਾਂ ਅਗਲੇ ਕਹਿੰਦੇ ਛੋਟੇ ਨੂੰ ਕਰ ਦਿੰਦੇ ਹਾਂ, ਜਿਹੜਾ ਪੜ੍ਹਦਾ ਹੈ। ਹਾਲਾਂਕਿ ਮੇਰੇ ਦੋਵੇਂ ਭਰਾ ਮੇਰੇ ਨਾਲੋਂ ਸੁਹਣੇ ਸੁਨੱਖੇ ਸਨ। ਪਰ ਥੋੜੀ ਜ਼ਮੀਨ ਰੁਕਾਵਟ ਬਣੀ ਹੋਈ ਸੀ। ਪੂਨੀਆਂ ਵਾਲਿਆਂ ਨੇ ਵੀ ਮੈਨੂੰ ਬਿਨਾ ਦੇਖਿਆਂ ਇਸ ਕਰਕੇ ਪਸੰਦ ਕਰ ਲਿਆ ਸੀ ਕਿ ਮੈਂ ਪੜ੍ਹਦਾ ਸਾਂ। ਇੱਕ ਪਾਸੇ ਮੇਰੇ ਤਾਏ, ਮੇਰੀ ਮਾਂ ਤੇ ਮੇਰੇ ਚਾਚੇ ਦੀਆਂ ਭਾਵਨਾਵਾਂ ਸਨ ਤੇ ਦੂਜੇ ਪਾਸੇ ਮੇਰੇ ਆਪਣੇ ਸੁਪਨੇ। ਸਾਰੀ ਰਾਤ ਸੋਚਦਾ ਰਿਹਾ ਤੇ ਸਵੇਰੇ ਉਨ੍ਹਾਂ ਦੀ ਮਰਜ਼ੀ ਅੱਗੇ ਆਤਮ-ਸਮਰਪਣ ਕਰ ਦਿੱਤਾ। ਪੜ੍ਹਾਈ ਦਾ ਕੀ ਬਣੇਗਾ? ਕੁੜੀ ਕਿਹੋ ਜਿਹੀ ਹੋਵੇਗੀ? ਸਾਰੇ ਸਵਾਲਾਂ ‘ਤੇ ਕਾਟਾ ਫੇਰ ਦਿੱਤਾ। ਉਦੋਂ ਆਪਣੇ ਆਪ ‘ਤੇ ਭਰੋਸਾ ਸੀ ਕਿ ਜਿਹੇ ਜਿਹੀ ਵੀ ਅਵਸਥਾ ਹੋਵੇਗੀ ਮੈਂ ਪਾਰ ਅਵੱਸ਼ ਲੱਗ ਜਾਵਾਂਗਾ। ਇਹ ਵੀ ਯਕੀਨ ਸੀ, ਜਿਹੇ ਜਿਹੀ ਜੀਵਨ ਸਾਥਣ ਮਿਲ ਗਈ, ਉਹਨੂੰ ਹੀ ਆਪਣਾ ਰੰਗ ਚਾੜ੍ਹ ਕੇ ਆਪਣੇ ਸੁਪਨਿਆਂ ਦੀ ਰਾਣੀ ਬਣਾ ਲਵਾਂਗਾ।

ਦੀਪ ਦੇ ਪਿਆਰ ਨੇ ਤਾਂ ਕੀ ਰੁਕਾਵਟ ਬਣਨਾ ਸੀ? ਉਹਦੇ ਪਿਆਰ ਨੂੰ ਤਾਂ ਮੈਂ ਲੋਕ-ਪਿਆਰ ਵਿਚ ਬਦਲ ਲਿਆ ਸੀ। ਜਿਹੜਾ ਨਵਾਂ ਫਲਸਫਾ ਮੇਰੇ ਅੰਦਰ ਘਰ ਕਰ ਕੇ ਬਹਿ ਗਿਆ ਸੀ, ਉਹਦੇ ਵਿਚ ਨਾ ਤਾਂ ਕੋਈ ਆਪਣਾ ਸੀ, ਨਾ ਬਿਗਾਨਾ ਸੀ। ਜਦ ਆਪਣਾ ਕੋਈ ਨਾ ਹੋਵੇ ਤਾਂ ਪਿਆਰ-ਭੁੱਖੀ ਆਤਮਾ ਨੂੰ ਸਾਰੇ ਹੀ ਆਪਣੇ ਦਿਸਣ ਲੱਗ ਪੈਂਦੇ ਹਨ। ਜਦ ਸਾਰੇ ਹੀ ਆਪਣੇ ਹੋਣ ਤਾਂ ਸਾਰਿਆਂ ਵਿਚੋਂ ਜਿਸਨੇ ਵੀ ਮੁਸਕਰਾ ਕੇ ਕੋਈ ਗੱਲ ਕੀਤੀ ਉਹ ਹੀ ਪਿਆਰਾ ਲੱਗਣ ਲੱਗ ਪਿਆ। ਦੀਪ ਨੂੰ ਕਿਹੜਾ ਮੈਂ ਇੰਨਾ ਜਾਣ ਸਕਿਆ ਸਾਂ? ਜੇ ਹੋਰ ਕੋਈ ਉਸ ਵਰਗਾ ਤੇ ਉਹੋ ਜਿਹਾ ਲੱਗਦਾ ਤਾਂ ਉਹਨੇ ਵੀ ਅਨ੍ਹੇਰੇ ਵਿਚ ਦੀਪ ਬਣ ਕੇ ਚਾਨਣ ਦੇਣ ਲੱਗ ਪੈਣਾ ਸੀ।

ਐਤਵਾਰ ਨੂੰ ਪੂਨੀਆਂ ਵਾਲ਼ੇ ਆਏ ਤੇ ਆ ਕੇ ਸਗਨ ਪਾ ਗਏ। ਉਸ ਦਿਨ ਤੋਂ ਮੇਰੀ ਹੋਣ ਵਾਲੀ ਪਤਨੀ ਹੀ ਮੇਰੇ ਸੁਪਨਿਆਂ ਦੀ ਰਾਣੀ ਬਣ ਗਈ ਤੇ ਦੀਪ ਇੱਕ ਮਿੱਠੀ ਯਾਦ ਬਣ ਕੇ ਉਨ੍ਹਾਂ ਸੁਪਨਿਆਂ ਵਿਚ ਹੀ ਸਮਾ ਗਈ।

ਦੋ ਕੁ ਮਹੀਨੇ ਪਿੱਛੋਂ ਹੀ ਪੂਨੀਆਂ ਵਾਲੇ ਵਿਆਹ ਲਈ ਜ਼ੋਰ ਪਾਉਣ ਲੱਗ ਪਏ। ਕੁੜੀ ਦੇ ਤਾਏ ਨੇ ਵਿਆਹ ਕਰਨਾ ਸੀ। ਉਹ ਫੀਜੀ ਤੋਂ ਆਇਆ ਸੀ। ਉਮਰ ਕਾਫ਼ੀ ਹੋ ਚੁੱਕੀ ਸੀ, ਸੋਚਦਾ ਸੀ ਕਿ ਜੀਂਦਾ ਜਾਗਦਾ ਕੰਨਿਆਦਾਨ ਕਰ ਜਾਵੇ। ਉਸ ਵੇਲੇ ਤੱਕ ਮੈਂ ਮੈਟ੍ਰਿਕ ਦਾ ਇਮਤਿਹਾਨ ਪਾਸ ਕਰ ਕੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿਚ ਦਾਖਲ ਹੋ ਚੁੱਕਾ ਸਾਂ। ਘਰ ਦਿਆਂ ਦੀ ਸਲਾਹ ਸੀ ਕਿ ਵਿਆਹ ਹੋ ਜਾਵੇ ਫੇਰ ਪੜ੍ਹਦਾ ਰਹਾਂ ਜਿੰਨਾ ਚਿਰ ਮਰਜ਼ੀ। ਪੂਨੀਆਂ ਵਾਲੇ 24 ਅਕਤੂਬਰ ਦੇ ਮਹੀਨੇ ਦਾ ਸਾਹਾ ਦੇ ਗਏ।

ਸਾਡੇ ਘਰ ‘ਤੇ ਸਿੰਘ-ਸਭੀਆਂ ਦੇ ਸਮਾਜ ਸੁਧਾਰ ਦਾ ਅਸਰ ਤਾਂ ਪਹਿਲਾਂ ਹੀ ਸੀ ਤੇ ਮੈਂ ਵੀ ਉਸ ਅਸਰ ਤੋਂ ਬਚਿਆ ਹੋਇਆ ਨਹੀਂ ਸਾਂ। ਉਪਰੋਂ ਗੁਰਬਖਸ਼ ਸਿੰਘ ਪ੍ਰੀਤ-ਲੜੀ ਦੇ ਪ੍ਰੀਤ-ਫਲਸਫੇ ਦਾ ਡੰਗਿਆ ਹੋਇਆ ਵੀ ਸਾਂ। ਬੱਸ ਸਾਦੇ ਤੋਂ ਸਾਦਾ ਵਿਆਹ ਕਰਨ ਦਾ ਐਲਾਨ ਕਰ ਦਿੱਤਾ। ਸਿੰਘ-ਸਭੀਆਂ ਵਾਲੀ ਅੜੀ ਮੇਰੇ ਵਿਚ ਨਹੀਂ ਸੀ। ਇਸ ਲਈ ਕੁੜੀ ਦੇ ਮਾਪਿਆਂ ਦੀ ਇਹ ਗੱਲ ਮੰਨ ਲਈ ਕਿ ਜਨੇਤ ਇੱਕ ਰਾਤ ਰੱਖਣਗੇ ਤੇ ਵਿਆਹ ਬੇਦੀ ਰੀਤਾਂ ਅਨੁਸਾਰ ਕਰਨਗੇ। ਪੂਨੀਆਂ ਵਾਲਾ ਬਜ਼ੁਰਗ ਸਨਾਤਨੀ ਸੀ ਤੇ ਹੁੱਕਾ ਵੀ ਪੀਂਦਾ ਸੀ। ਉਹ ਬੇਦੀ-ਵਿਆਹ ਕਰਨਾ ਚਾਹੁੰਦਾ ਸੀ। ਸਾਡੇ ਵਲੋਂ ਕੋਈ ਉਜ਼ਰ ਨਹੀਂ ਸੀ। ਮੈਨੂੰ ਤਾਂ ਕੀ ਹੋਣਾ ਸੀ? ਮੇਰੇ ਲਈ ਵਿਆਹ ਤਾਂ ਦੋ ਦਿਲਾਂ ਦਾ ਮੇਲ ਸੀ। ਸਰੀਰਾਂ ਨੂੰ ਗ੍ਰੰਥ ਦੁਆਲੇ ਘੁਮਾ ਦਿੱਤਾ ਜਾਂ ਅਗਨੀ ਦੁਆਲੇ ਕੀ ਫਰਕ ਪੈਂਦਾ ਸੀ? ਬੇਦੀ-ਵਿਆਹ ਵਿਚ ਆਪਣਾ ਹੀ ਇੱਕ ਰੁਮਾਂਸ ਹੁੰਦਾ ਹੈ, ਜਿਹੜਾ ਅਨੰਦ-ਵਿਆਹ ਵਿਚੋਂ ਗ਼ਾਇਬ ਹੁੰਦਾ ਹੈ। ਬੇਦੀ ਵਿਆਹ ਵਿਚ ਮੁੰਡੇ ਕੁੜੀ ਦੀ ਪੂਰੀ ਸ਼ਮੂਲੀਅਤ ਹੁੰਦੀ ਹੈ।

ਜਿਹਨੂੰ ਮੈਂ ਆਪਣੇ ਸੁਪਨਿਆਂ ਦੀ ਰਾਣੀ ਪਹਿਲਾਂ ਹੀ ਬਣਾ ਚੁੱਕਾਂ ਸਾਂ, ਜਦੋਂ ਉਹਨੂੰ ਸਾਲੂਆਂ ਵਿਚ ਲਪੇਟੀ ਨੂੰ ਮੇਰੇ ਕੋਲ ਹੀ ਪੀੜ੍ਹੀ ਜਿਹੀ ‘ਤੇ ਅਗਨੀ-ਕੁੰਡ ਦੇ ਸਾਹਮਣੇ ਬੈਠਾ ਦਿੱਤਾ, ਤਾਂ ਮੈਂ ਮਹਿਸੂਸ ਕੀਤਾ ਹੁਣ ਆਪਣੇ ਸ੍ਵੈ ਨੂੰ ਇਸ ਅਗਨ-ਕੁੰਡ ਵਿਚ ਆਹੂਤੀ ਦੇ ਕੇ ਖਤਮ ਕਰ ਦੇਣ ਦਾ ਸਮਾਂ ਆ ਗਿਆ ਹੈ, ਉਹਦੇ ਲਈ ਵੀ ਤੇ ਮੇਰੇ ਲਈ ਵੀ। ਸੰਸਕ੍ਰਿਤ ਵਿਚ ਉਚਾਰੇ ਗਏ ਸਲੋਕਾਂ ਦੇ ਅਰਥਾਂ ਦਾ ਨਾ ਮੈਨੂੰ ਪਤਾ ਸੀ ਨਾ ਉਹਨੂੰ। ਜਦੋਂ ਪੰਡਤ ਨੇ ਆਹੂਤੀ ਪਾਉਣ ਲਈ ਲੱਕੜੀ ਦੀ ਇੱਕ ਕੜਛੀ ਜਿਹੀ ਸਾਡੇ ਦੋਹਾਂ ਦੇ ਜੁੜੇ ਹੱਥਾਂ ਵਿਚ ਫੜਾ ਦਿੱਤੀ ਤੇ ਸਵਾਹਾ ਦਾ ਸ਼ਬਦ ਉਚਰਨ ਦੇ ਨਾਲ ਹੀ ਅਸਾਂ ਦੋਹਾਂ ਨੇ ਅਹੂਤੀ ਅਗਨ ਕੁੰਡ ਵਿਚ ਪਾ ਦਿੱਤੀ ਤਾਂ ਮੈਂ ਮਹਿਸੂਸ ਕੀਤਾ, “ਹਰਬਖ਼ਸ਼ ਨਾਂ ਦਾ ਬੰਦਾ ਅੱਜ ਖਤਮ ਹੋ ਗਿਆ ਹੈ। ਜੋ ਇਸ ਅਗਨ ਕੁੰਡ ਵਿਚੋਂ ਪੈਦਾ ਹੋਵੇਗਾ ਉਹ ਦੋਹਾਂ ਦਾ ਸਾਂਝਾ ਰੂਪ ਹੋਵੇਗਾ। ਉਸ ਦਾ ਨਾਂ ਹਰਬਖ਼ਸ਼ ਹੋਵੇ ਜਾਂ ਕੁੱਝ ਹੋਰ ਕੀ ਫਰਕ ਪੈਂਦਾ ਹੈ? ਜੋ ਕੁੱਝ ਵੀ ਹੋਵੇਗਾ ਉਸ ਵਿਚ ਉਸਦਾ ਅੱਧ ਸਦਾ ਸਲਾਮਤ ਰਹੇਗਾ, ਜਿਹਦੇ ਹੱਥਾਂ ਨਾਲ ਮੇਰੇ ਹੱਥਾਂ ਨੇ ਜੁੜ ਕੇ ਆਹੂਤੀ ਪਾਈ ਹੈ।”

ਵਿਆਹ ਸੰਪੂਰਨ ਹੋ ਗਿਆ। ਜੰਞ ਦੀ ਵਾਪਸੀ ‘ਤੇ ਮੈਂ ਆਪਣੇ ਅਰਧੰਗਨੀ ਨੂੰ ਡੋਲੀ ਵਿਚ ਬੈਠਾ ਕੇ ਆਪਣੇ ਪਿੰਡ ਲੈ ਆਇਆ। ਇੱਕ ਰਾਤ ਉਹ ਮੇਰੇ ਘਰ ਵਿਚ ਰਹੀ। ਮੈਂ ਉਹਦੇ ਨਾਲ ਗੱਲਾਂ ਤਾਂ ਕੀ ਕਰ ਸਕਣੀਆਂ ਸਨ, ਉਹਦਾ ਮੂੰਹ ਵੀ ਦੇਖ ਨਾ ਸਕਿਆ। ਉਹਦੇ ਨਾਲ ਆਈ ਨਾਇਣ ਪਰਛਾਵੇਂ ਵਾਂਗ ਉਹਦੇ ਨਾਲ ਹੀ ਰਹੀ। ਬੱਸ ਉਹਦੀ ਅਵਾਜ਼ ਹੀ ਕੰਨੀਂ ਪਈ, ਸੁਰੀਲੀ ਬੰਸਰੀ ਵਰਗੀ ਅਵਾਜ਼। ਇੰਨਾ ਪਤਾ ਲੱਗਾ ਕਿ ਉਹਦਾ ਨਾ ਜੀਤੋ ਹੈ। ਉਹ ਅਗਨ ਕੁੰਡ ਵਿਚ ਆਪਾ ਮਿਟਾ ਕੇ ਮੁੜ ਸੁਰਜੀਤ ਹੋਈ ਸੀ, ਇਸ ਲਈ ਉਹ ਮੇਰੇ ਲਈ ਸੁਰਜੀਤ ਬਣ ਗਈ।

“ਵਹੁਟੀ ਤਾਂ ਕੁੜੇ ਚੰਦ ਦਾ ਟੁਕੜਾ”
“ਰੂਪ ਚੜ੍ਹਿਆ ਕਿਤੇ ਵਹੁਟੀ ਨੂੰ!”
“ ਇੰਨੀ ਸੁਹਣੀ ਕੁੜੇ! ਸਾਡੇ ਪਿੰਡ ਵਿਚ ਕੋਈ ਨਹੀਂ”
“ਬਸੰਤ ਕੌਰੇ! ਤੂੰ ਤਾਂ ਪਿਛਲੇ ਜਨਮ ‘ਚ ਮੋਤੀ ਪੁੰਨ ਕੀਤੇ ਹੋਣੇ,
ਜੋ ਤੈਨੂੰ ਇੰਨੀ ਸੁਹਣੀ ਨੋਂਹ ਮਿਲ ਗਈ”

ਹਵਾ ਵਿਚ ਤੈਰਦੇ ਇਹ ਛੋਟੇ ਛੋਟੇ ਵਾਕ ਮੇਰੇ ਕੰਨਾਂ ਵਿਚ ਸ਼ਹਿਦ ਘੋਲੀ ਜਾ ਰਹੇ ਸਨ।

ਸੂਰਤ ਦੀ ਤਾਂ ਉਹ ਸੁਹਣੀ ਸੀ ਹੀ, ਉਹਦੀ ਸੀਰਤ ਨੇ ਪਹਿਲੇ ਦਿਨ ਹੀ ਮੇਰੇ ਮਨ ਨੂੰ ਮੋਹ ਲਿਆ। ਮੈਂ ਤਾਂ ਰਸਮਾਂ ਰੀਤਾਂ ਲਈ ਬਹੁਤਾ ਉਤਸ਼ਾਹਿਤ ਨਹੀਂ ਸਾਂ। ਪਰ ਕੁੱਝ ਆਪਣੇ ਹੀ ਖਹਿੜੇ ਪਏ ਹੋਏ ਸਨ ਕਿ ਕੰਗਣਾ ਖੇਲਣ/ਖੋਲ੍ਹਣ ਦੀ ਰਸਮ ਜ਼ਰੂਰ ਕਰਨੀ ਹੈ। ਇੱਕ ਦੋਂਹ ਨੇ ਜ਼ਰਾ ਸ਼ੁਗ਼ਲ ਲਈ ਮੇਰੇ ਹੱਥ ਨੂੰ ਕੰਗਣਾ ਅਜੇਹੇ ਢੰਗ ਨਾ ਬੰਨ੍ਹਿਆਂ ਕਿ ਉਹਦੀਆਂ ਗੰਢਾਂ ਹੱਥਾਂ ਨਾਲ ਤਾਂ ਕੀ ਦੰਦਾਂ ਨਾਲ ਵੀ ਖੁਲ੍ਹ ਨਾ ਸਕਣ। ਮੈਂ ਵੀ ਉਨ੍ਹਾਂ ਦੇ ਬਹਿਕਾਵੇ ਵਿਚ ਆ ਗਿਆ। ਸੋਚਿਆ ਚਲੋ ਇੱਦਾਂ ਹੀ ਸਹੀ ਉਹਦੇ ਹੱਥਾਂ ਦੀ ਛੋਹ ਤਾਂ ਕੁੱਝ ਚਿਰ ਲਈ ਪ੍ਰਾਪਤ ਹੋ ਜਾਵੇਗੀ।

ਇੱਕ ਪਰਾਤ ਕੱਚੀ ਲੱਸੀ ਨਾਲ ਭਰੀ ਹੋਈ ਸਾਡੇ ਵਿਚਾਲੇ ਪਈ ਸੀ। ਅਸੀਂ ਦੋਵੇਂ ਪੀਹੜੀਆਂ ਉੱਤੇ ਬੈਠੇ ਸਾਂ। ਪਹਿਲਾਂ ਕੱਚੀ ਲੱਸੀ ਵਿਚ ਸੁੱਟਿਆ ਕੋਈ ਸਿੱਕਾ ਲੱਭਣ ਦਾ ਮੁਕਾਬਲਾ ਸੀ। ਦੋ ਵਾਰ ਉਹਨੇ ਮੈਥੋਂ ਪਹਿਲਾਂ ਹੀ ਸਿੱਕਾ ਚੁੱਕ ਆਪ ਹੀ ਛੱਡ ਦਿੱਤਾ ਤੇ ਇਸ ਤਰ੍ਹਾਂ ਆਪ ਹਾਰ ਕੇ ਮੇਰੀ ਜਿੱਤ ਵਿਚ ਸਹਾਈ ਹੋਈ। ਫੇਰ ਉਹਨੇ ਪਹਿਲਾਂ ਮੇਰਾ ਕੰਗਣਾ ਖੋਲ੍ਹਣਾ ਸੀ। ਉਹਨੇ ਕੁੱਝ ਪਲਾਂ ਵਿਚ ਆਪਣੀਆਂ ਫਲੀਆਂ ਵਰਗੀਆਂ ਉਂਗਲੀਆਂ ਨਾਲ ਕੰਗਣਾ ਖੋਲ੍ਹ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜਦੋਂ ਮੇਰੀ ਵਾਰੀ ਆਈ ਤਾਂ ਮੇਰੀਆਂ ਉਗਲਾਂ ਕੰਮ ਹੀ ਨਾ ਕਰਨ। ਉਹਨੇ ਆਪ ਹੀ ਦੂਜੇ ਹੱਥ ਨਾਲ ਖਿੱਚ ਕੇ ਕੰਗਣਾ ਢਿੱਲਾ ਕਰ ਦਿੱਤਾ। ਮੈਂ ਅਸਾਨੀ ਨਾਲ ਖੋਲ੍ਹ ਕੇ ਕੰਗਣਾ ਉਹਦੇ ਹੱਥ ਫੜਾ ਦਿੱਤਾ। ਮੇਰੀ ਜਿੱਤ ਦੇਖ ਕੇ ਮੇਰੇ ਪਾਸੇ ਦਿਆਂ ਨੇ ਖਿੜਕਿੱਲੀ ਪਾ ਦਿੱਤੀ। ਇਹ ਤਾਂ ਮੈਂ ਹੀ ਜਾਣਦਾ ਸਾਂ ਕਿ ਉਹਨੇ “ਆਪ ਗਵਾਈਏ ਤਾਂ ਸ਼ਹੁ ਪਾਈਏ” ਵਾਲੇ ਕਥਨ ਤੇ ਚਲਦਿਆਂ ਮੇਰੇ ਦਿਲ ਤੇ ਆਪਣੀ ਜਿੱਤ ਦੀ ਮੋਹਰ ਲਾ ਦਿੱਤੀ ਸੀ।
ਫੇਰ ਸਾਨੂੰ ਦੋਹਾਂ ਨੂੰ ਮੱਥਾ ਟੇਕਣ ਗੁਰਦੁਆਰੇ ਲੈ ਜਾਣਾ ਸੀ। ਗੁਰਦੁਆਰਾ ਸਾਡੇ ਘਰ ਦੇ ਕੋਲ ਹੀ ਸੀ। ਜਦੋਂ ਸਾਨੂੰ ਦੋਹਾਂ ਨੂੰ ਗੁਰਦੁਆਰੇ ਲੈ ਕੇ ਗਏ ਤਾਂ ਨਿਹੰਗ ਗੁਰਮੁਖ ਸਿੰਘ ਸਾਨੂੰ ਆਉਂਦੇ ਦੇਖਦਿਆਂ ਹੀ ਗੁਰਦੁਆਰੇ ਨੂੰ ਜੰਦਰਾ ਲਾ ਕੇ ਖਿਸਕ ਗਿਆ। ਗੁਰੂ ਘਰ ਦਾ ਕੋਈ ਵਜ਼ੀਰ ਦਿਲ ਵਿਚ ਇੰਨਾ ਕੀਨਾ ਰੱਖ ਸਕਦਾ ਸੀ ਇਹ ਮੈਂ ਪਹਿਲੀ ਵਾਰ ਦੇਖਿਆ ਸੀ। ਚੰਗੇ ਭਾਗਾਂ ਨੂੰ ਦੂਜਾ ਗੁਰਦੁਆਰਾ ਵੀ ਨੇੜੇ ਹੀ ਸੀ, ਸੋ ਬਜ਼ੁਰਗਾਂ ਦੀ ਖੁਸ਼ੀ ਲਈ ਉੱਥੇ ਜਾ ਕੇ ਮੱਥਾ ਟੇਕ ਆਏ।

ਹੋਰ ਕੁੱਝ ਚਿਰ ਨੂੰ ਉਹਨੂੰ ਤੋਰਨ ਦਾ ਸਮਾਂ ਆ ਜਾਣਾ ਸੀ। ਮੈਂ ਸੋਚਦਾ ਸਾਂ, “ਜਿਨ੍ਹਾਂ ਨੇ ਸਾਰੀ ਉਮਰ ਇਕੱਠਿਆਂ ਲੰਘਾਉਣੀ ਹੈ ਉਨ੍ਹਾਂ ਨੂੰ ਮੌਕਾ ਤਾਂ ਮਿਲਣਾ ਚਾਹੀਦਾ ਹੈ, ਇੱਕ ਦੂਜੇ ਨੂੰ ਜਾਣਨ ਦਾ।” ਨਾ ਤਾਂ ਮੇਰੇ ਵਿਚ ਹੀ ਇੰਨੀ ਹਿੰਮਤ ਸੀ ਕਿ ਅਜੇਹੀ ਮੰਗ ਕਰ ਸਕਦਾ, ਨਾ ਮੇਰੀ ਇਹ ਮੰਗ ਕਿਸੇ ਨੇ ਮੰਨਣੀ ਸੀ। ਹੋਰ ਹੁਣ ਕੀ ਹੋ ਸਕਦਾ ਸੀ? ਮੈਂ ਇੱਕ ਦਰਜਨ ਲਫਾਫੇ ਡਾਕਖ਼ਾਨੇ ਤੋਂ ਲੈ ਆਇਆ ਤੇ ਨਾਲ ਹੀ ਚਿੱਠੀਆਂ ਲਿਖਣ ਲਈ ਇੱਕ ਹਲਕੇ ਨੀਲੇ ਸਫ਼ਿਆਂ ਵਾਲਾ ਪੈਡ। ਮੈਂ ਸਾਰੇ ਲਫਾਫਿਆਂ ‘ਤੇ ਆਪਣਾ ਕਾਲਜ ਦਾ ਸਰਨਾਮਾ ਲਿਖ ਦਿੱਤਾ। ਇਹ ਚੀਜ਼ਾਂ ਉਹਨੂੰ ਦੇਣ ਲਈ ਮੈਂ ਅੱਖ ਬਚਾ ਕੇ ਉਹਦੇ ਨਾਲ ਆਈ ਨਾਇਣ ਦੇ ਹਵਾਲੇ ਕਰ ਦਿੱਤੀਆਂ। ਸੋਚਿਆ ਸੀ, ਉਹ ਮੈਨੂੰ ਪੱਤਰ ਲਿਖੇਗੀ ਮੈਂ ਉਹਨੂੰ ਲਿਖਾਂਗਾ। ਇਸ ਤਰ੍ਹਾਂ ਦੂਰ ਰਹਿੰਦੇ ਹੋਏ ਵੀ ਦਿਲਾਂ ਦੇ ਨੇੜੇ ਹੋ ਜਾਵਾਂਗੇ।

ਮੈਂ ਵਾਪਸ ਕਾਲਜ ਆ ਗਿਆ। ਉਹ ਚਿੱਠੀਆਂ ਲਿਖਦੀਂ ਰਹੀ, ਮੈਂ ਜਵਾਬ ਲਿਖਦਾ ਰਿਹਾ। ਇਹ ਸਿਲਸਿਲਾ ਤਿੰਨ ਕੁ ਮਹੀਨੇ ਚਲਦਾ ਰਿਹਾ। ਚਿੱਠੀਆਂ ਵਿਚੋਂ ਜਿਹੜੀ ਉਹਦੀ ਤਸਵੀਰ ਉਭਰੀ ਸੀ, ਉਹ ਬਹੁਤ ਭੋਲੀ ਭਾਲੀ, ਵਲ਼-ਛੱਲ ਰਹਿਤ, ਪਤੀ-ਸਮੱਰਪਤ ਕੁੜੀ ਦੀ ਸੀ। ਸਕੂਲ ਤਾਂ ਉਹ ਗਈ ਨਹੀਂ ਸੀ। ਘਰ ਵਿਚ ਹੀ ਗੁਰਮੁਖੀ ਲਿਖਣੀ ਸਿੱਖ ਗਈ ਸੀ। ਮੈਂ ਖੁਸ਼ ਸਾਂ ਕਿ ਇਹੋ ਜਿਹੀ ਕੁੜੀ ਨੂੰ ਹੀ ਮੈਂ ਆਪਣੇ ਵਿਚਾਰਾਂ ਦੀ ਕੁਠਾਲੀ ਵਿਚ ਢਾਲ਼ ਕੇ ਆਪਣੇ ਵਰਗੀ ਬਣਾ ਸਕਦਾ ਸਾਂ। ਚਿੱਠੀਆਂ ਉਹਦੀਆਂ ਸਿੱਧੀ-ਸਾਦੀ ਪੇਂਡੂ ਕੁੜੀ ਦੀਆਂ ਸਿੱਧੀਆਂ ਸਾਦੀਆਂ ਸਨ।

“ਤੁਸੀਂ ਮੈਨੂੰ ਕਦੀ ਭੁਲਦੇ ਨਹੀਂ”,
“ਤੁਹਾਡੀ ਸ਼ਕਲ ਅੱਖਾਂ ਸਾਹਮਣੇ ਰਹਿੰਦੀ ਹੈ”
“ਰੱਬ ਤੁਹਾਨੂੰ ਸਦਾ ਤੰਦਰੁਸਤ ਰੱਖੇ”
“ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ”

ਕੁੱਝ ਇਹੋ ਜਿਹੇ ਵਾਕਾਂ ਨਾਲ ਉਹਦੀਆਂ ਚਿੱਠੀਆਂ ਭਰੀਆਂ ਹੁੰਦੀਆਂ ਸਨ। ਮੇਰੇ ਉੱਤੇ ਪ੍ਰੀਤ-ਲੜੀ ਦੀ ਜੀਵਨ-ਜਾਚ ਦਾ ਪ੍ਰਭਾਵ ਚੋਖਾ ਪੈ ਚੁੱਕਾ ਸੀ। ਉਹੀ ਬਹੁ ਬਚਨੀ ਸੰਬੋਧਨੀ ਸ਼ਬਦਾਵਲੀ! “ਜੀ! ਜੀ!” “ਤੁਸੀਂ ਜੀ” “ਸੁਰਜੀਤ ਜੀ” ਨਾਲ ਭਰੀਆਂ “ਪਿਆਰ ਕਬਜ਼ਾ ਨਹੀਂ ਪਛਾਣ ਹੈ” ਦਾ ਸੁਨੇਹਾ ਦਿੰਦੀਆਂ ਚਿੱਠੀਆਂ ਮੈਂ ਉਹਨੂੰ ਲਿਖਦਾ ਰਿਹਾ ਤੇ ਨਾਲ ਹੀ “ਚੰਗੇਰੇ ਜੀਵਨ ਲਈ” ਜੀਵਨ-ਚੰਗਿਆੜੀ ਨੂੰ ਭਖਦੀਂ ਰੱਖਣ ਦਾ ਉਪਦੇਸ਼ ਦਿੰਦਾ ਰਿਹਾ। ਬੱਸ ਉਹਨੂੰ ਆਪਣੇ ਰੰਗ ਯਾਅਨੀ ਕਿ ਪ੍ਰੀਤ-ਰੰਗ ਵਿਚ ਰੰਗਣ ਦੀ ਲਿੱਲ੍ਹ ਲੱਗੀ ਹੋਈ ਸੀ।

ਇਹੋ ਜਿਹੀਆਂ ਚਿੱਠੀਆਂ ਲਿਖਣ ਲਈ ਬਹੁਤਾ ਸਮਾਂ ਨਾ ਮਿਲਿਆ। 1950 ਦੇ ਫਰਵਰੀ ਮਹੀਨੇ ਦੇ ਅਰੰਭ ਵਿਚ ਹੀ ਕਾਲਜ ਦਾ ਖਰਚ ਕਿਸੇ ਪਾਸਿਉਂ ਵੀ ਮਿਲ ਸਕਣ ਦੀ ਆਸ ਮੁੱਕ ਜਾਣ ਕਰਕੇ ਮੈਨੂੰ ਪੜ੍ਹਾਈ ਵਿੱਚੇ ਛੱਡ ਕੇ ਘਰ ਵਾਪਸ ਆਉਣਾ ਪੈ ਗਿਆ। ਪੂਨੀਆਂ ਵਾਲਿਆਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਖ਼ੁਸ਼ ਹੀ ਹੋਏ ਤੇ ਉਨ੍ਹਾਂ ਮੁਕਲਾਵਾ ਦੇਣ ਦਾ ਸੁਨੇਹਾ ਭੇਜ ਦਿੱਤਾ। ਇਸ ਤਰ੍ਹਾਂ ਮੇਰੇ ਸੁਪਨਿਆਂ ਦੀ ਰਾਣੀ ਮੇਰੀ ਸੁਰਜੀਤ ਮਾਰਚ ਮਹੀਨੇ ਦੇ ਅਰੰਭ ਵਿਚ ਇੱਕ ਮਹੀਨੇ ਲਈ ਮੇਰੇ ਕੋਲ ਆ ਗਈ।

ਉਹਦੀ ਪਿਆਰੀ ਸੂਰਤ ਪਹਿਲੀ ਵਾਰ ਦੇਖੀ ਤਾਂ ਦੇਖਦਾ ਹੀ ਰਹਿ ਗਿਆ। ਉਸ ਵਰਗੀ ਹੋਰ ਕੋਈ ਕੁੜੀ ਮੈਂ ਆਪਣੀ ਸਾਰੀ ਜਿ਼ੰਦਗੀ ਵਿਚ ਨਹੀਂ ਦੇਖੀ। ਉਹਦੇ ਸ਼ਹਿਦ-ਮਿੱਠੇ ਬੋਲਾਂ ਤੇ ਉਹਦੇ ਮਨਮੋਹਣੇ ਸੁਭਾ ਨੇ ਸਾਡੇ ਸਾਰੇ ਟੱਬਰ ਦੇ ਦਿਲ ਤਾਂ ਮੋਹ ਹੀ ਲਏ ਸਨ, ਕੁੱਝ ਦਿਨਾਂ ਵਿਚ ਹੀ ਉਹਦੀ ਕੀਰਤੀ ਸਾਰੇ ਪਿੰਡ ਵਿਚ ਫੈਲ ਗਈ।

ਉਹ ਰਾਤ ਜਿਸਦੀ ਉਡੀਕ ਹਰ ਕੁੜੀ ਮੁੰਡੇ ਨੂੰ ਹੁੰਦੀ ਹੈ, ਉਹ ਰਾਤ ਜਿਸਨੂੰ ਸੁਹਾਗ-ਰਾਤ ਕਹਿੰਦੇ ਹਨ, ਕਿਹੋ ਜਿਹੀ ਰਹੀ? ਉਸ ਵੇਲੇ ਤੱਕ ਮੈਨੂੰ ਕਿਸੇ ਕੁੜੀ ਦੀ ਛੋਹ ਤਾਂ ਕੀ ਪ੍ਰਾਪਤ ਹੋਣੀ ਸੀ, ਬੋਲ ਸਾਂਝੇ ਕਰਨ ਦੀ ਹਿੰਮਤ ਵੀ ਨਹੀਂ ਹੋਈ ਸੀ। ਕਵੀ ਰਾਜ ਹਰਨਾਮ ਦਾਸ ਦਾ “ਹਦਾਇਤ ਨਾਮਹ ਖਾਵੰਦ” ਆਪ ਤਾਂ ਉਹਦੇ ਆਉਣ ਤੋਂ ਪਹਿਲਾਂ ਹੀ ਪੜ੍ਹ ਚੁੱਕਾ ਸਾਂ। ਉਹਦੇ ਲਈ “ਹਦਾਇਤ ਨਾਮਹ ਬੀਵੀ” ਵੀ ਲਿਆ ਕੇ ਰੱਖਿਆ ਹੋਇਆ ਸੀ। ਕਵੀ ਰਾਜ ਹਰਨਾਮ ਦਾਸ ਦੀਆਂ ਸਾਰੀਆਂ ਗੱਲਾਂ ਸੱਚ ਸਮਝ ਕੇ ਪੱਲੇ ਬੰਨ੍ਹੀਆਂ ਹੋਈਆਂ ਸਨ। ਚਿੱਠੀਆਂ ਨੇ ਇੰਨਾ ਕੰਮ ਜ਼ਰੂਰ ਕਰ ਦਿੱਤਾ ਸੀ ਕਿ ਉਹਦੇ ਕੋਲ ਜਾਣ ਤੇ ਗੱਲਾਂ ਕਰਨ ਦੀ ਝਿਜਕ ਨਹੀਂ ਸੀ। ਉਹਨੂੰ ਵੀ ਸ਼ਾਇਦ ਇਵੇਂ ਹੀ ਲੱਗਦਾ ਹੋਵੇ ਕਿ ਅੱਜ ਉਹ ਆਪਣੇ ਮਹਿਰਮ ਨੂੰ ਹੀ ਮਿਲਣ ਲੱਗੀ ਹੈ।

ਘਰ ਦਾ ਕਮਰਾ ਤਾਂ ਇੱਕ ਹੀ ਸੀ, ਜਿਹਦੇ ਤਾਕੀਆਂ ਦਰਵਾਜ਼ੇ ਝੀਤਾਂ ਵਾਲੇ ਸਨ। ਦੱਬੀ ਜੀਭੇ ਕੱਢੀ ਅਵਾਜ਼ ਵੀ ਬਾਹਰ ਸੁਣਦੀ ਸੀ। ਅਜੇਹੇ ਵਾਤਾਵਰਣ ਵਿਚ ਪਹਿਲੇ ਮੇਲ ਦਾ ਰੁਮਾਂਸ ਤਾਂ ਉੱਡ ਜਾਂਦਾ ਹੈ। ਸਹਿਮਿਆਂ ਸਹਿਮਿਆਂ ਮੈਂ ਦੱਬੇ ਪੈਰੀਂ ਉਹਦੇ ਮੰਜੇ ਕੋਲ ਗਿਆ ਤੇ ਕਿਹਾ:-

“ਸੁਰਜੀਤ ਜੀ! ਤੁਸੀਂ ਮੇਰੇ ਘਰ ਨੂੰ ਆਪਣੀ ਪੈਰ-ਛੋਹ ਨਾਲ ਪਵਿਤਰ ਕੀਤਾ ਇਸ ਲਈ ਤੁਹਾਡਾ ਸ਼ੁਕਰੀਆ।”
ਅਨ੍ਹੇਰੇ ਵਿਚ ਨਾ ਉਹ ਦਿਸਦੀ ਸੀ ਨਾ ਉਹਦਾ ਚਿਹਰਾ, ਬੱਸ ਬੰਸਰੀ ਦੀ ਸੁਰ ਵਰਗੀ ਮੱਧਮ ਅਵਾਜ਼ ਸੁਣੀ:-
“ਜੀਅ।”

“ਤੁਸੀਂ ਠੀਕ ਹੋ, ਹੋਰ ਸਾਰੇ ਠੀਕ ਸਨ?”
“ਹਾਂ ਜੀ!”

ਮੈਂ ਉਹਦੇ ਮੰਜੇ ਦੀ ਹੀਂਅ ਤੇ ਬੈਠ ਗਿਆ। ਉਹ ਵੀ ਮੇਰੇ ਵਾਂਗ ਹੀ ਬੈਠੀ ਸੀ ਉਹਨੇ ਉੱਠੇ ਕੇ ਮੇਰੇ ਪੈਰੀਂ ਹੱਥ ਲਾਏ, ਮੈਂ ਫੜ ਕੇ ਉਹਨੂੰ ਛਾਤੀ ਨਾਲ ਲਾ ਲਿਆ ਤੇ ਕਿਹਾ, “ ਸੁਰਜੀਤ ਜੀ! ਤੁਹਾਡੀ ਥਾਂ ਮੇਰੇ ਪੈਰਾਂ ਵਿਚ ਨਹੀਂ ਮੇਰੇ ਦਿਲ ਵਿਚ ਹੈ।”

ਫੇਰ ਹਿਦਾਇਤਨਾਮੇ ਦੀਆਂ ਸਾਰੀਆਂ ਹਦਾਇਤਾਂ ਭੁੱਲ ਗਈਆਂ। ਮੇਰੇ ਹੱਥਾਂ ਦੀਆਂ ਹਰਕਤਾਂ ਦੇ ਜਵਾਬ ਵਿਚ ਉਹਨੇ ਕਿਹਾ, “ਜੀ! ਮੈਂ ਬੀਮਾਰ ਆਂ।”

ਮੈਨੂੰ ਉਦੋਂ ਕਿਹੜਾ ਪਤਾ ਸੀ ਕਿ ਕਿਸੇ ਕੁੜੀ ਵਲੋਂ ਕਹੇ ਇਨ੍ਹਾਂ ਸ਼ਬਦਾਂ ਦੇ ਕੋਈ ਵਿਸ਼ੇਸ਼ ਅਰਥ ਵੀ ਹੁੰਦੇ ਹਨ। ਮੈਂ ਪੁੱਛਿਆ, “ਕੀ ਗੱਲ ਹੈ? ਬੁਖਾਰ ਹੈ ਕਿ ਸਿਰ ਦੁਖਦਾ?”
ਉਹਨੇ ਇੰਨਾ ਹੀ ਕਿਹਾ, “ ਨਹੀਂ ਜੀ।”

ਇੰਨੇ ਚਿਰ ਨੂੰ ਪਤਾ ਨਹੀਂ ਕਿੱਥੋਂ ਕੋਈ ਡਰ ਜਿਹਾ ਦਿਮਾਗ ਵਿਚ ਆਇਆ ਤੇ ਮੈਂ ਕੁੱਝ ਠੰਢਾ ਜਿਹਾ ਤੇ ਸ਼ਰਮਿੰਦਾ ਜਿਹਾ ਹੋ ਕੇ, ਉਹਦੇ ਮੰਜੇ ਤੋਂ ਉਠ ਕੇ ਚੁੱਪ-ਚੁਪੀਤਾ ਆਪਣੇ ਮੰਜੇ ‘ਤੇ ਆ ਬੈਠਾ। ਮੈਂ ਕਿੰਨਾ ਚਿਰ ਸੋਚਦਾ ਰਿਹਾ, “ਪਤਾ ਨਹੀਂ ਕੀ ਹੋ ਗਿਆ? ਮੇਰੇ ਵਿਚ ਜ਼ਰੂਰ ਕੋਈ ਨੁਕਸ ਹੋਣਾ।”

ਕੁੱਝ ਚਿਰ ਪਿੱਛੋਂ ਉਹਦੀ ਅਵਾਜ਼ ਕੰਨਾਂ ਨੇ ਸੁਣੀ, “ਕੀ ਹੋਇਆ ਜੀ? ਗ਼ੁੱਸੇ ਹੋ ਗਏ?”

ਉਹਦੇ ਇਹ ਸ਼ਬਦ ਸੁਣਦਿਆਂ ਹੀ ਮੇਰੇ ਅੰਦਰੋਂ ਗੁਰਬਖਸ਼ ਸਿੰਘੀ ਆਦਰਸ਼ “ਪਿਆਰ ਕਬਜ਼ਾ ਨਹੀਂ ਪਛਾਣ ਹੈ” ਜਾਗ ਪਿਆ। ਮੈਂ ਉਠ ਕੇ ਉਹਦੇ ਕੋਲ ਉਹਦੇ ਮੰਜੇ ‘ਤੇ ਜਾ ਬੈਠਾ ਤੇ ਕਿਹਾ, “ਆਪਣੀ ਜਾਨ ਨਾਲ ਵੀ ਕਦੀ ਕੋਈ ਗੁੱਸੇ ਹੁੰਦਾ ਹੈ? ਉਂਜ ਹੀ ਪਤਾ ਨਹੀਂ, ਮੈਂ ਡਰ ਗਿਆ ਕਿ ਮੈਂ ਤੁਹਾਡੀ ਇੱਛਾ ਦੇ ਵਿਰੁਧ ਤਾਂ ਨਹੀਂ ਜਾ ਰਿਹਾ। ਬੱਸ ਸੋਚੀਂ ਪੈ ਗਿਆ।” ਫੇਰ ਉਹਦੇ ਨਾਲ ਪੈ ਕੇ ਤੇ ਉਹਨੂੰ ਆਪਣੇ ਨਾਲ ਘੁੱਟ ਕੇ “ਪਿਆਰ ਕਬਜ਼ਾ ਨਹੀਂ ਪਛਾਣ ਹੈ” ਤੇ ਲੰਮਾ ਲੈਕਚਰ ਝਾੜ ਦਿੱਤਾ।

ਦੂਜੇ ਦਿਨ ਕਵੀ ਰਾਜ ਹਰਨਾਮ ਦਾਸ ਦੇ ਹਿਦਾਇਤਨਾਮੇ ਦੀਆਂ ਹਦਾਇਤਾਂ ਤੇ ਨਿਗਾਹ ਮਾਰੀ। ਉਹਨੇ ਲਿਖਿਆ ਸੀ, “ਪਤੀ ਨੂੰ ਪਹਿਲੇ ਦਿਨ ਹੀ ਪਤਨੀ ਨਾਲ ਹਮਬਿਸਤਰ ਹੋਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ। ਇੱਕ ਦੋ ਦਿਨ ਉਹਨੂੰ ਆਪਣੇ ਭਰੋਸੇ ਵਿਚ ਲੈਣ ‘ਤੇ ਉਸ ਨਾਲ ਖੁੱਲ੍ਹਣ ਦਾ ਯਤਨ ਕਰਨਾ ਚਾਹੀਦਾ ਹੈ। ਮਾਸਕ-ਧਰਮ ਦੇ ਦਿਨਾਂ ਵਿਚ ਤਾਂ ਉਹਦੇ ਬਿਲਕੁਲ ਨੇੜੇ ਨਹੀਂ ਜਾਣਾ ਚਾਹੀਦਾ।”

ਫੇਰ ਅਗਲੀਆਂ ਤਿੰਨ ਰਾਤਾਂ ਅਸੀਂ ਇਕੱਠੇ ਸੌਂਦੇ ਰਹੇ। ਇਨ੍ਹਾਂ ਤਿੰਨ ਰਾਤਾਂ ਵਿਚ ਮੈਂ ਉਹਦਾ ਤੇ ਉਹਦੇ ਸਰੀਰ ਦਾ ਇੰਨਾ ਕੁ ਵਾਕਫ਼ ਹੋ ਗਿਆ ਕਿ ਸਭ ਕੁੱਝ ਆਪਣਾ ਆਪਣਾ ਲੱਗਣ ਲੱਗ ਪਿਆ। ਆਪਣੇ ਆਪ ਤੋਂ ਸੰਗ-ਸੰਕੋਚ ਕਾਹਦੀ? ਫੇਰ ਚੌਥੀ ਰਾਤ ਨੂੰ ਦੋਵੇਂ ਸਰੀਰ ਇੱਕ ਹੋ ਗਏ।

ਮਹੀਨਾ ਘੜੀਆਂ ਪਲ ਬਣ ਕੇ ਉੱਡ ਗਿਆ। ਉਹਦਾ ਪਿਉ ਆਇਆ ਤੇ ਉਹਨੂੰ ਲੈ ਗਿਆ। ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਸਰੀਰ ਵਿੱਚੋਂ ਮੇਰੀ ਆਤਮਾ ਉਹ ਨਾਲ ਹੀ ਲੈ ਗਿਆ ਹੋਵੇ। ਸਾਡੇ ਪੱਤਰਾਂ ਦਾ ਸਿਲਸਿਲਾ ਫੇਰ ਸ਼ੁਰੂ ਹੋ ਗਿਆ। ਉਨ੍ਹੀਂ ਦਿਨੀਂ ਬੰਗਿਆਂ ਵਿਚ ਅਮਰ ਨਾਥ ਗੋਤਮ ਨੇ ਟਾਈਪ ਸਿਖਾਉਣ ਦਾ ਸਕੂਲ ਖੋਲ੍ਹਿਆ ਹੋਇਆ ਸੀ। ਉਥੇ ਮੈਂ ਰੋਜ਼ ਟਾਈਪ ਸਿੱਖਣ ਜਾਂਦਾ ਸਾਂ। ਪੂਨੀਆਂ ਪਿੰਡ ਬੰਗਿਆਂ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਰੇਲਵੇ ਲਾਈਨ ਤੋਂ ਪਾਰ ਸੀ। ਆਪਣੀ ਸੱਸ ਦਾ ਮੈਂ ਲਾਡਲਾ ਜੁਆਈ ਸਾਂ। ਉਹ ਲੱਗ ਪੱਗ ਹਰ ਰੋਜ਼ ਆ ਕੇ ਮੈਨੂੰ ਮਿਲ ਜਾਂਦੀ ਸੀ। ਮਾਂ-ਧੀ ਦੋਹਾਂ ਦੀ ਸਾਂਝ ਹੀ ਅਜੇਹੀ ਸੀ ਕਿ ਉਹ ਸੁਰਜੀਤ ਬਾਰੇ ਦਸ ਜਾਂਦੀ ਸੀ, “ਉਹ ਤੈਨੂੰ ਬਹੁਤ ਚੇਤੇ ਕਰਦੀ ਹੈ, ਬੱਸ ਰੋਣ ਹੀ ਲੱਗ ਪੈਂਦੀ ਹੈ। ਰੋਜ਼ ਹੀ ਮੈਨੂੰ ਕਹਿੰਦੀ ਰਹਿੰਦੀ ਆ, ਜਾ ਕੇ ਮਿਲ ਆ, ਮੈਂ ਆ ਜਾਂਦੀ ਹਾਂ। ਕੀ ਕਰਾਂ ਪੁੱਤ, ਮੈਥੋਂ ਵੀ ਰਿਹਾ ਨਹੀਂ ਜਾਂਦਾ, ਆ ਹੋ ਜਾਂਦਾ। ਮੇਰਾ ਕਿਹੜਾ ਕੋਈ ਢਿੱਡੋਂ ਜੰਮਿਆਂ ਪੁੱਤ ਆ, ਤੂੰ ਹੀ ਤਾਂ ਹੈਂ ਸਭ ਕੁੱਝ, ਮੈਂ ਤਾਂ ਤੇਰੇ ਬੋਲ ਸੁਣਨ ਨੂੰ ਤਰਸ ਜਾਂਦੀ ਆਂ। ਮੇਰਾ ਬੜਾ ਜੁਆਈ ਆ, ਉਹ ਤਾਂ ਅੜਬ ਬਹੁਤ ਆ, ਬੋਲਣ ਦਾ ਵੀ ਪਤਾ ਨਹੀਂ, ਤੇਰੇ ਬੋਲ ਸੁਣ ਕੇ ਤਾਂ ਪੁੱਤ ਦਿਲ ਨੂੰ ਠੰਡ ਪੈ ਜਾਂਦੀ ਆ।” ਇਹੋ ਜੇਹੀਆਂ ਗੱਲਾਂ ਉਹ ਰੋਜ਼ ਹੀ ਕਰਦੀ ਸੀ। ਗੁਰਬਖਸ਼ ਸਿੰਘ ਪ੍ਰੀਤ-ਲੜੀ ਦੀਆਂ ਲਿਖਤਾਂ ਨੇ ਮੇਰੇ ਬੋਲਾਂ ਵਿਚ ਵਧੇਰੇ ਹੀ ਮਿੱਠਤ ਭਰ ਦਿੱਤੀ ਸੀ। ਉਹਦਾ ਅਸਰ ਪ੍ਰਤੱਖ ਦਿਸ ਰਿਹਾ ਸੀ।

ਮੇਰੀ ਸੱਸ ਦਾ ਨਾਉਂ ਸੰਤੀ ਸੀ, ਸੁਹਣੀ ਸੁਨੱਖੀ, ਐਨ ਆਪਣੀ ਧੀ ਵਰਗੀ, ਪਰ ਪਤਲੀ ਪਤੰਗ ਤੇ ਉਮਰ ਦੇ ਅਸਰ ਨਾਲ ਚਿਹਰਾ ਝੁਰੜਾਇਆ ਹੋਇਆ। ਮੇਰੇ ਵਿਆਹ ਸਮੇਂ ਉਹਦੀ ਬੜੀ ਧੀ ਵਿਆਹੀ ਹੋਈ ਸੀ ਤੇ ਦੋ ਬੱਚੀਆਂ ਦੀ ਮਾਂ ਸੀ। ਉਹਦਾ ਪਤੀ ਅੜਬ ਜਿਹਾ ਅਨਪੜ੍ਹ ਜੱਟ ਸੀ। ਘਰ ਵਾਲੀ ਦੀ ਨਿਤ ਠੁਕਾਈ ਕਰਨੀ ਉਹਦੇ ਲਈ ਮਾਮੂਲੀ ਗੱਲ ਸੀ। ਇਹੀ ਕਾਰਨ ਸੀ ਕਿ ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਸੀ।

ਮਈ ਦਾ ਮਹੀਨਾ ਆ ਗਿਆ। ਮੇਰੀ ਮਾਂ ਦੇ ਦੰਦ ਖਰਾਬ ਹੋ ਗਏ ਸਨ। ਉਹਨੇ ਆਪਣੇ ਸਾਰੇ ਰਹਿੰਦੇ ਦੰਦ ਕਢਵਾ ਕੇ ਨਵਾਂ ਜਬਾੜਾ ਲੁਆਉਣਾ ਸੀ। ਘਰ ਵਿਚ ਉਹ ਇਕੱਲੀ ਸੀ। ਇੱਕ ਦਿਨ ਉਹ ਪੂਨੀਏ ਜਾ ਪੁੱਜੀ ਤੇ ਆਪਣੀ ਤਕਲੀਫ਼ ਉਨ੍ਹਾਂ ਨੂੰ ਦੱਸੀ ਤੇ ਕੁੜੀ ਨੂੰ ਭੇਜ ਦੇਣ ਲਈ ਕਿਹਾ। ਕੁੜੀ ਦੇ ਤਾਏ ਨੇ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ, ਮੁੰਡਾ ਅਗਲੇ ਐਤਵਾਰ ਆ ਕੇ ਕੁੜੀ ਨੂੰ ਲੈ ਜਾਵੇ।”

ਮੈਨੂੰ ਹੋਰ ਕੀ ਚਾਹੀਦਾ ਸੀ? ਤੜਫਿਆਂ ਤਾਂ ਪਿਆ ਸਾਂ ਉਹਦੀ ਜੁਦਾਈ ਵਿਚ। ਮੈਂ ਸਨਿਚਰਵਾਰ ਰਾਤ ਨੂੰ ਉਹਨਾਂ ਦੇ ਘਰ ਜਾ ਪੁੱਜਾ। ਸਵੇਰੇ ਦਸ ਕੁ ਵਜੇ ਰੋਟੀ ਖਾਣ ਪਿੱਛੋਂ ਉਹਨੂੰ ਆਪਣੇ ਸਾਈਕਲ ਦੇ ਕੈਰੀਅਰ ਤੇ ਬੈਠਾ ਕੇ ਆਪਣੇ ਪਿੰਡ ਨੂੰ ਚੱਲ ਪਿਆ। ਉਹ ਕੁੱਝ ਉਦਾਸ ਜਿਹੀ ਲੱਗੀ। ਮੈਂ ਪੁੱਛ ਹੀ ਲਿਆ, “ ਕੀ ਗੱਲ ਆ ਸੁਰਜੀਤ ਜੀ! ਤੁਸੀਂ ਉਦਾਸ ਕਿਉਂ ਹੋ?”

“ਉੱਦਾਂ ਤਾਂ ਜੀ ਕੁੱਝ ਨਹੀਂ, ਤੁਸੀਂ ਸੋਚਦੇ ਹੋਵੋਗੇ, ਤਰੌਜਾ ਲੈ ਕੇ ਚੱਲੀ ਆ ਕੀ ਦਿੱਤਾ ਇਨ੍ਹਾਂ ਨੇ, ਮੈਂ ਤਾਂ ਜੀ ਤੁਹਾਨੂੰ ਪਹਿਲਾਂ ਹੀ ਲਿਖਦੀਂ ਰਹੀ ਸੀ, ਇਨ੍ਹਾਂ ‘ਤੋਂ ਮੈਨੂੰ ਕੋਈ ਆਸ ਨਹੀਂ।” ਇਹ ਕਹਿ ਕੇ ਉਹ ਚੁੱਪ ਕਰ ਗਈ। ਗੱਲ ਇਹ ਸੀ ਕਿ ਉਹਦੇ ਬਾਪ ਨੇ ਦੂਜਾ ਵਿਆਹ ਕਰਵਾ ਲਿਆ ਸੀ। ਉਹਦੀ ਮਤਰੇਈ ਇੱਕ ਮੁੰਡੇ ਦੀ ਮਾਂ ਬਣ ਚੁੱਕੀ ਸੀ। ਉਹਦੀ ਮਰਜ਼ੀ ਬਿਨਾ ਘਰ ਵਿਚ ਪੱਤਾ ਵੀ ਨਹੀਂ ਹਿਲਦਾ ਸੀ।

ਉਹਦੇ ਜਵਾਬ ਵਿਚ ਮੈਂ ਕਿਹਾ,”ਇਹਦਾ ਮਤਲਬ ਤਾਂ ਇਹ ਹੋਇਆ ਕਿ ਤੁਸੀਂ ਹਾਲੀਂ ਮੈਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਹੀਂ। ਮੈਂ ਆਪਣੀ ਜਾਨ ਨੂੰ ਤਾਂ ਆਪਣੇ ਨਾਲ ਲਿਜਾ ਰਿਹਾ ਹਾਂ। ਹੋਰ ਮੈਨੂੰ ਕੀ ਚਾਹੀਦਾ ਹੈ?”

ਮੇਰੀ ਗੱਲ ਸੁਣਨ ਪਿੱਛੋਂ ਉਹਨੇ ਸਾਈਕਲ ਦੇ ਕੈਰੀਅਰ ਤੇ ਬੈਠੀ ਨੇ ਬੜੇ ਮੋਹ ਨਾਲ ਮੇਰੇ ਦੁਆਲੇ ਖੱਬੀ ਬਾਂਹ ਵਲ਼ ਲਈ।

ਮਹੀਨਾ ਕੁ ਲੰਘ ਗਿਆ। ਉਹੀ ਇੱਕ ਮਹੀਨਾ ਸੀ ਜਿਸ ਵਿਚ ਅਸੀਂ ਅਸਲ ਜੀਵਨ ਜੀਵਿਆ ਸੀ। ਸਮਾਂ ਉਡਦਾ ਜਾ ਰਿਹਾ ਸੀ ਤੇ ਸਮੇਂ ਦੇ ਨਾਲ ਅਸੀਂ ਵੀ। ਪੈਰ ਧਰਤੀ ਤੇ ਹੀ ਨਹੀਂ ਲਗਦੇ ਸਨ। ਘਰ ਵਿਚ ਗ਼ਰੀਬੀ ਸੀ ਤੰਗੀਆਂ, ਤੁਰਸ਼ੀਆਂ ਸਨ। ਕੁੱਝ ਵੀ ਨਹੀਂ ਦਿਸ ਰਿਹਾ ਸੀ ਉਸ ਵੇਲ਼ੇ। ਮੈਂ ਟਾਈਪ ਤਾਂ ਸਿੱਖਣ ਜਾਂਦਾ ਹੀ ਸਾਂ ਤੇ ਨਾਲ ਹੀ ਕਿਤੇ ਕੋਈ ਕੰਮ ਲੱਭਣ ਦੇ ਯਤਨ ਵਿਚ ਵੀ ਸਾਂ। ਪਰ ਫਿਕਰ ਨਾ ਦੀ ਕੋਈ ਚੀਜ਼ ਦਿਸਦੀ ਨਹੀਂ ਸੀ। ਜੀਵਨ ਵਿਚ ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ ਸੀ।

ਉਹ ਵੀ ਬਹੁਤ ਖ਼ੁਸ਼ ਰਹਿੰਦੀ ਸੀ। ਹਰ ਵੇਲੇ ਖਿੜੀ ਖਿੜੀ, ਘਰ ਦੇ ਸਾਰੇ ਕੰਮ ਵੀ ਕਰੀ ਜਾਂਦੀ ਸੀ ਤੇ ਹਰ ਆਏ ਗਏ ਦਾ “ਜੀ! ਜੀ! ਹਾਂ ਜੀ!” ਨਾਲ ਦਿਲ ਵੀ ਮੋਹੀ ਜਾਂਦੀ ਸੀ। ਮੈਂ ਸੋਚ ਵੀ ਨਹੀਂ ਸਕਦਾ ਸਾਂ, ਉਹਨੂੰ ਵੀ ਕੋਈ ਦੁੱਖ ਜਾਂ ਚਿੰਤਾ ਹੋਵੇਗੀ। ਪਰ ਕਿਤੇ ਕਿਤੇ ਉਹ ਅਚਾਨਕ ਹੀ ਚੁੱਪ ਹੋ ਜਾਂਦੀ। ਇੱਕ ਦਮ ਉਦਾਸ ਜਿਹੀ ਦਿਸਣ ਲੱਗ ਪੈਂਦੀ। ਜਦੋਂ ਮੈਂ ਪੁੱਛਦਾ ਤਾਂ ਮੁਸਕਰਾ ਕੇ ਟਾਲ ਜਾਂਦੀ ਤੇ ਕਹਿੰਦੀ, “ਨਹੀਂ, ਮੈਨੂੰ ਕਾਹਦਾ ਫਿਕਰ ਹੋਣਾ? ਤੁਸੀਂ ਮੇਰੇ ਕੋਲ ਹੋ, ਹੋਰ ਕੀ ਚਾਹੀਦਾ ਰੱਬ ਕੋਲੋਂ।” ਕੁੱਝ ਉਹਦੇ ਹੌਸਲੇ ਵਾਲੇ ਜਵਾਬ ਨੇ ਤੇ ਕੁੱਝ ਉਹਦੀ ਪਿਆਰ ਭਰੀ ਤੱਕਣੀ ਤੇ ਮੁਸਕਰਾਹਟ ਨੇ ਮੇਰੇ ਸਾਰੇ ਫਿਕਰ ਦੂਰ ਕਰ ਦੇਣੇ।

ਇੱਕ ਰਾਤ ਅਚਾਨਕ ਮੇਰੀ ਜਾਗ ਖੁੱਲ੍ਹੀ ਤਾਂ ਮੈਂ ਉਹਦੇ ਹਟਕੋਰੇ ਜਿਹੇ ਸੁਣੇ। ਉਹ ਮੇਰੇ ਨਾਲ ਹੀ ਲੰਮੀ ਪਈ ਰੋ ਰਹੀ ਸੀ। ਮੈਂ ਉਹਨੂੰ ਆਪਣੇ ਨਾਲ ਘੁੱਟ ਕੇ ਪੁੱਛਿਆ, “ਮੇਰੀ ਜਾਨ! ਕੀ ਗੱਲ ਹੈ?”

“ਕੁਛ ਨਹੀਂ ਜੀ! ਮੈਂ ਤਾਂ ਬਿਲਕੁਲ ਠੀਕ ਹਾਂ। ਤੁਸੀਂ ਮੇਰੇ ਕੋਲ ਹੋ। ਮੈਨੂੰ ਹੋਰ ਕੀ ਚਾਹੀਦਾ ਰੱਬ ਕੋਲੋਂ?”, ਉਹਦਾ ਆਮ ਵਰਗਾ ਜਵਾਬ ਸੀ।

“ਫੇਰ ਰੋ ਕਿਉਂ ਰਹੇ ਸੀ?” ਮੈਂ ਪੁੱਛਿਆ।

“ਪਤਾ ਨਹੀਂ ਕੋਈ ਸੁਪਨਾ ਹੋਣਾ।” ਇਹ ਕਹਿ ਕੇ ਉਸਨੇ ਮੈਨੂੰ ਆਪਣੇ ਨਾਲ ਘੁੱਟ ਲਿਆ ਤੇ ਨਿਸ਼ਚਿੰਤ ਹੋ ਕੇ ਸੌਂ ਗਈ।

ਦੂਜੇ ਦਿਨ ਮੈਂ ਵਿਹਲਾ ਜਿਹਾ ਸਮਾਂ ਦੇਖ ਕੇ ਉਹਨੂੰ ਕੋਲ ਬੈਠਾ ਲਿਆ। ਘਰ ਵਿਚ ਸਾਥੋਂ ਬਿਨਾ ਹੋਰ ਕੋਈ ਨਹੀਂ ਸੀ। ਮੈਂ ਉਹਨੂੰ ਪਿਆਰ ਨਾਲ ਘੁੱਟਦਿਆਂ ਕਿਹਾ, “ਇੱਕ ਗੱਲ ਪੁੱਛਣੀ ਆਂ। ਮੇਰੀ ਸੌਂਹ ਲੱਗੇ ਜੇ ਸੱਚ ਨਾ ਦੱਸੋਂ।”

“ਹਾ! ਮੈਂ ਮਰ ਜਾਵਾਂ, ਤੁਸੀਂ ਆਪਣੀ ਸੌਂਹ ਕਿਉਂ ਦਿੰਦੇ ਓ? ਤੁਹਾਡੇ ਬਿਨਾ ਮੇਰਾ ਇਸ ਦੁਨੀਆ ਵਿਚ ਹੋਰ ਕੌਣ ਹੈ? ਰੱਬ ਮੇਰੀ ਉਮਰ ਵੀ ਤੁਹਾਨੂੰ ਲਾ ਦੇਵੇ।”

“ਹੁਣ ਸੌਂਹ ਤਾਂ ਪੈ ਹੀ ਗਈ ਹੈ। ਅੱਛਾ ਫੇਰ ਹੁਣ ਸੱਚ ਦੱਸੋ। ਰਾਤੀਂ ਰਂੋਦੇ ਕਿਉਂ ਸੀ?”

ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਚਿਹਰੇ ਤੇ ਉਦਾਸੀ ਛਾ ਗਈ। ਫੇਰ ਉਹਨੇ ਡੂੰਘੀ ਉਦਾਸੀ ਵਿਚੋਂ ਕਿਹਾ,” ਇੱਕ ਗੱਲ ਯਾਦ ਆ ਗਈ ਸੀ। ਮੈਂ ਤਾਂ ਬਥੇਰਾ ਭੁਲਣਾ ਚਾਹੁੰਦੀ ਹਾਂ, ਭੁਲਦੀ ਹੀ ਨਹੀਂ।”

“ਗੱਲ ਤਾਂ ਦੱਸੋ ਕੀ ਆ?”, ਮੈਂ ਉਤਸੁਕ ਜਿਹਾ ਹੋ ਕੇ ਪੁੱਛਿਆ।

“ਮੈਂ ਜਦ ਹਾਲੀਂ ਛੋਟੀ ਜਿਹੀ ਸੀ ਤਾਂ ਇੱਕ ਜੋਤਸ਼ੀ ਨੇ ਕਿਹਾ ਸੀ, ‘ਜਦ ਇਹ ਕੁੜੀ ਵੀਹਵੇਂ ਸਾਲ ਵਿਚ ਹੋਵੇਗੀ, ਜਾਂ ਤਾਂ ਇਹਦੀ ਮੌਤ ਹੋ ਜਾਵੇਗੀ ਜਾਂ ਇਹਦੇ ਪਤੀ ਦੀ’। ਇਹ ਕਹਿ ਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ।

“ਬੱਸ ਇੰਨੀ ਗੱਲ ਸੀ? ਜੋਤਸ਼ੀ ਕਿਹੜੇ ਰੱਬ ਹੁੰਦੇ ਆ? ਮੈਂ ਤਾਂ ਕਦੀ ਕੋਈ ਜੋਤਸ਼ੀ ਨਹੀਂ ਦੇਖਿਆ, ਜਿਹਦਾ ਕਿਹਾ ਕਦੀ ਸੱਚ ਹੋਇਆ ਹੋਵੇ। ਇਹ ਤਾਂ ਲੋਕਾਂ ਨੂੰ ਬੁੱਧੂ ਬਣਾ ਕੇ ਪੈਸੇ ਬਟੋਰਦੇ ਹੁੰਦੇ ਆ। ਇਨ੍ਹਾਂ ਨੂੰ ਕੁੱਝ ਪਤਾ ਹੋਵੇ ਤਾਂ ਇੱਦਾਂ ਦਰ ਦਰ ਮੰਗਦੇ ਫਿਰਨ?” ਇਹ ਕਹਿ ਕੇ ਮੈਂ ਆਪ ਵੀ ਸੋਚੀਂ ਪੈ ਗਿਆ। ਸੋਚਦਾ ਸਾਂ, “ਪਤਾ ਨਹੀਂ ਕਿੰਨੇ ਲੋਕ ਇਨ੍ਹਾਂ ਜੋਤਸ਼ੀਆਂ ਦੀਆਂ ਅਟਕਲਾਂ ਨੂੰ ਸੱਚ ਸਮਝ ਕੇ ਬਰਬਾਦ ਹੋਏ ਹੋਣਗੇ?”

“ਫੇਰ ਵੀ ਮੇਰੇ ਮਨ ਨੂੰ ਧਰਵਾਸ ਜਿਹਾ ਨਹੀਂ, ਮੈਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦੀ ਆਂ, ਜੋ ਕੁੱਝ ਹੋਣਾ ਮੈਨੂੰ ਹੋਵੇ। ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ।” ਉਹਨੇ ਹਟਕੋਰੇ ਲੈਂਦੀ ਨੇ ਕਿਹਾ।

“ਫੇਰ ਮੈਂ ਵੀ ਕਾਹਦੇ ਲਈ ਜੀਣਾ? ਜੀਵਾਂਗੇ ਤਾਂ ਇਕੱਠੇ ਮਰਾਂਗੇ ਤਾਂ ਇਕੱਠੇ”, ਮੈਂ ਥੋੜਾ ਜਿਹਾ ਹੱਸ ਕੇ ਕਿਹਾ।

ਉਹਨੇ ਮੇਰੇ ਮੂੰਹ ਤੇ ਹੱਥ ਰਖ ਕੇ ਕਿਹਾ, “ਰੱਬ ਦੇ ਵਾਸਤੇ ਇੱਦਾਂ ਨਾ ਕਹੋ। ਤੁਸੀਂ ਜਾਂਦੇ ਰਹੋਂਗੇ ਤਾਂ ਮੈਂ ਮਰ ਕੇ ਵੀ ਜੀਂਦੀ ਰਹੂੰਗੀ।”
“ਚੱਲੋ ਛੱਡੋ ਕਿਹੜੀਆਂ ਦਿਲ-ਢਾਉਣੀਆਂ ਗੱਲਾਂ ਲੈ ਬੈਠੇ? ਹੁਣ ਜ਼ਰਾ ਮੁਸਕਰਾਹਟ ਦਾ ਪ੍ਰਸ਼ਾਦ ਮਿਲ ਜਾਵੇ” , ਉਹ ਮੁਸਕਰਾ ਪਈ ਤੇ ਗੱਲ ਇੱਥੇ ਹੀ ਮੁੱਕ ਗਈ।

ਫੇਰ ਇੱਕ ਰਾਤ ਉਹ ਸੁੱਤੀ ਪਈ ਬਰੜਾ ਰਹੀ ਸੀ,” ਰੱਬਾ! .. ਮੇਰੀ... ਉਮਰ. ਇਨ੍ਹਾਂ.. ਨੂੰ.. ਲਾ ਦੇ।” ਮੈਂ ਉਹਦੇ ਮੱਥੇ ਤੇ ਹੱਥ ਰੱਖ ਕੇ ਦੇਖਿਆ। ਉਹਨੂੰ ਤੇਜ਼ ਬੁਖਾਰ ਚੜ੍ਹਿਆ ਹੋਇਆ ਸੀ। ਸਵੇਰੇ ੳੁੱਠੇ ਤਾਂ ਬੁਖਾਰ ਉਸੇ ਤਰ੍ਹਾਂ ਸੀ। ਗ਼ਰੀਬ ਘਰਾਂ ਵਿਚ ਜਿਸ ਤਰ੍ਹਾਂ ਦੇ ਅਹੁਰ ਪਹੁਰ ਹੁੰਦੇ ਹਨ, ਸ਼ੁਰੂ ਹੋ ਗਏ। ਕੋਈ ਫਰਕ ਨਾ ਪਿਆ। ਰਾਤ ਆਈ, ਬੁਖਾਰ ਫੇਰ ਵੀ ਨਾ ਉੱਤਰਿਆ। ਸਾਡੇ ਪਿੰਡ ਤੋਂ ਦੋ ਕੁ ਮੀਲ 'ਤੇ ਬਹਿਰਾਮ ਪਿੰਡ ਵਿਚ ਇੱਕ ਹਕੀਮ ਸੀ, ਸਾਰੇ ਇਲਾਕੇ ਵਿਚ ਪ੍ਰਸਿੱਧ, ਉਹਨੂੰ ਲਿਆਂਦਾ। ਉਹ ਤਿੰਨਾਂ ਦਿਨਾਂ ਲਈ ਪੁੜੀਆਂ ਦੇ ਗਿਆ। ਬੁਖਾਰ ਵਧਦਾ ਹੀ ਗਿਆ।

ਅਗਲੇ ਦਿਨ ਅਸੀਂ ਉਹਨੂੰ ਬੰਗਿਆਂ ਦੇ ਡਾਕਟਰ ਕਰਤਾਰ ਸਿੰਘ ਕੋਲ ਲੈ ਗਏ। ਉਹਨੇ ਚੈੱਕ ਕਰ ਕੇ ਦੱਸਿਆ ਕਿ ਟਾਈਫ਼ਾਈਡ ਹੈ, ਕੁੱਝ ਦਿਨ ਰਹੇਗਾ, ਫੇਰ ਆਪੇ ਹਟ ਜਾਵੇਗਾ। ਇਸ ਬੀਮਾਰੀ ਦਾ ਇਲਾਜ ਉਦੋਂ ਕੋਈ ਨਹੀਂ ਸੀ। ਇਸ ਬੁਖਾਰ ਨੂੰ ਮਿਆਦੀ ਬੁਖਾਰ ਵੀ ਕਹਿ ਦਿੰਦੇ ਸਨ ਤੇ ਬੜੀ ਮਾਤਾ ਵੀ। ਮਾਤਾ ਸਮਝਣ ਵਾਲੇ ਦਵਾ ਦੀ ਥਾਂ ਮਾਤਾ ਦੀਆਂ ਭੇਟਾਂ ਗਾ ਕੇ ਸਿਹਤਯਾਬੀ ਦੀਆਂ ਅਰਦਾਸਾਂ ਕਰਦੇ ਹੁੰਦੇ ਸਨ। ਨਾ ਮੈਂ ਅਜੇਹੀਆਂ ਗੱਲਾਂ ਵਿਚ ਯਕੀਨ ਰਖਦਾ ਸਾਂ ਨਾ ਮੇਰੇ ਘਰ ਵਾਲੇ।

ਪੂਨੀਆਂ ਵਾਲਿਆਂ ਦਾ ਸਾਰਾ ਟੱਬਰ ਰੋਜ਼ ਆਉਂਦਾ। ਕੋਈ ਨਾ ਕੋਈ ਇਹ ਵੀ ਕਹਿ ਦਿੰਦਾ ਕਿ ਮਾਤਾ ਦੀਆਂ ਮੰਨਤਾਂ ਮੰਨਣੀਆਂ ਚਾਹੀਦੀਆਂ। ਮੰਨਦਾ ਤਾਂ ਬੰਦਾ ਉਸ ਗੱਲ ਨੂੰ ਹੀ ਹੈ ਜਿਸ ਨੂੰ ਮਨ ਮੰਨਦਾ ਹੋਵੇ। ਮੈਂ ਚੁੱਪ ਕਰ ਰਹਿੰਦਾ।

ਉਹਦੀ ਸਿਹਤ ਦਿਨ ਪੁਰ ਦਿਨ ਵਿਗੜਦੀ ਗਈ। ਡਾਕਟਰ ਤੋਂ ਇੰਨਾ ਕੁ ਪਤਾ ਲੱਗਾ, ਇੱਕ ਦਵਾਈ ਇਸ ਬੀਮਾਰੀ ਦੀ ਹੁਣੇ ਹੁਣੇ ਬਣੀ ਤਾਂ ਸੀ, ਪਰ ਹਾਲੀਂ ਉਹ ਆਮ ਡਾਕਟਰਾਂ ਕੋਲ ਪੁੱਜੀ ਨਹੀਂ ਸੀ। ਇਹ ਦਵਾਈ ਬਹੁਤ ਕੀਮਤੀ ਸੀ, ਹਜ਼ਾਰਾਂ ਰੁਪਈਆਂ ਵਿਚ ਮਿਲਦੀ ਸੀ। ਮੇਰੇ ਕੋਲ ਤਾਂ ਫੁੱਟੀ ਕੌਡੀ ਵੀ ਨਹੀਂ ਸੀ। ਸੋਚਦਾ ਸਾਂ, “ਕਾਸ਼ ਮੈਂ ਵੀ ਅਮੀਰ ਹੁੰਦਾ।” ਉਸ ਦਿਨ ਤੋਂ ਮੈਨੂੰ ਗ਼ਰੀਬੀ ਦੇ ਜੀਵਨ ਤੋਂ ਸਖ਼ਤ ਨਫ਼ਰਤ ਹੋ ਗਈ। ਇਹ ਕੁੜੀ ਜਿਹੜੀ ਮੌਤ ਦੇ ਮੂੰਹ ਵਿਚ ਫਸੀ ਪਈ ਸੀ, ਜੇ ਇਹਦਾ ਵਿਆਹ ਕਿਸੇ ਅਮੀਰ ਘਰ ਵਿਚ ਹੋਇਆ ਹੁੰਦਾ ਤਾਂ ਵੀ ਇਹਦੀ ਇਹ ਹਾਲਤ ਹੁੰਦੀ? ਇਹ ਸੋਚ ਕੇ ਮੈਨੂੰ ਆਪਣੇ ਆਪ ਨਾਲ ਵੀ ਨਫ਼ਰਤ ਹੋਣ ਲੱਗ ਪਈ। ਡਾਕਟਰ ਕਰਤਾਰ ਸਿੰਘ ਦੇ ਹਸਪਤਾਲ ਆਉਣ ਦੇ ਹਫਤੇ ਕੁ ਪਿਛੋਂ ਉਹ ਸਾਨੂੰ ਸਾਰਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਈ। ਪੂਨੀਆਂ ਵਾਲਿਆਂ ਦੇ ਕਹਿਣ ਤੇ ਉਹਦਾ ਸਰੀਰ ਆਪਣੇ ਪਿੰਡ ਲੈ ਜਾਣ ਦੀ ਥਾਂ ਪੂਨੀਆਂ ਲੈ ਜਾ ਕੇ ਅਗਨ ਭੇਟ ਕਰ ਦਿੱਤਾ ਗਿਆ।

ਉਸ ਦਿਨ 1950 ਦੇ ਜੁਲਾਈ ਮਹੀਨੇ ਦੀ 24 ਤਾਰੀਖ਼ ਸੀ। ਇਸੇ ਤਾਰੀੰਖ ਨੂੰ ਅਕਤੂਬਰ 49 ਵਿਚ ਮੇਰਾ ਵਿਆਹ ਹੋਇਆ ਸੀ। ਵਿਆਹ ਦੇ 8 ਮਹੀਨਿਆਂ ਪਿੱਛੋਂ ਤੇ ਮੇਰੇ ਕੋਲ ਕੇਵਲ ਤਿੰਨ ਕੁ ਮਹੀਨੇ ਰਹਿ ਕੇ ਉਹ ਮੈਨੂੰ ਸਦੀਵੀ ਵਿਛੋੜਾ ਦੇ ਗਈ। ਜੋਤਸ਼ੀ ਦੀ ਭਵਿਖ ਬਾਣੀ ਦੱਸਣ ਦੇ ਤਿੰਨ ਹਫਤੇ ਪਿਛੋਂ ਐਨ ਉਹੀ ਕੁੱਝ ਵਾਪਰ ਗਿਆ। ਮੈਂ ਨਾ ਉਦੋਂ ਅਜੇਹੀਆਂ ਭਵਿਖ ਬਾਣੀਆਂ ਵਿਚ ਯਕੀਨ ਰੱਖਦਾ ਸਾਂ ਨਾ ਹੁਣ ਰੱਖਦਾ ਹਾਂ। ਆਖਰ ਇਹ ਸਭ ਕੁੱਝ ਐਨ ਉਸੇ ਤਰ੍ਹਾਂ ਕਿਵੇਂ ਹੋ ਗਿਆ?

“ਵੀਹਵੇਂ ਸਾਲ ਵਿਚ ਜਾਂ ਇਹਦੀ ਮੌਤ ਹੋ ਜਾਵੇਗੀ ਜਾਂ ਇਹਦੇ ਪਤੀ ਦੀ”

“ਮੇਰੀ ਉਮਰ ਵੀ ਰੱਬ ਤੁਹਾਨੂੰ ਲਾ ਦੇਵੇ”, ਉਹਦੇ ਮੂੰਹੋਂ ਨਿਕਲੇ ਇਹ ਸ਼ਬਦ ਸਦਾ ਮੇਰੇ ਦਿਲ ਵਿਚ ਕਟਾਰ ਵਾਂਗ ਖੁਭੇ ਰਹੇ। ਤੇ ਹੁਣ ਉਮਰ ਦੇ ਸਤੱਤਰਵੇਂ ਵਰ੍ਹੇ ਵਿਚ ਵੀ ਕਦੀ ਕਦੀ ਇਹ ਗੱਲ ਅਚਾਨਕ ਤੀਰ ਵਾਂਗ ਦਿਲ ਵਿਚੋਂ ਲੰਘ ਜਾਂਦੀ ਹੈ। ਕੀ ਮੈਂ ਉਹਦੀ ਉਮਰ ਦੇ ਸਾਲ ਤਾਂ ਨਹੀਂ ਜੀਅ ਰਿਹਾ?

ਉਹਦੀ ਮੌਤ ਤੋਂ ਪਿੱਛੋਂ ਇੱਕ ਮਹੀਨੇ ਤੱਕ ਮੈਂ ਕੁੱਝ ਵੀ ਸੋਚਣੋਂ ਅਸਮਰੱਥ ਹੋਇਆ ਰਿਹਾ। ਇਹ ਹੀ ਸੋਚ ਭਾਰੂ ਸੀ ਕਿ ਜੀਵਨ ਦਾ ਹੁਣ ਕੋਈ ਅਰਥ ਹੀ ਨਹੀਂ ਰਹਿ ਗਿਆ। ਆਪਣੇ ਹੀ ਕਹੇ ਸ਼ਬਦ “ਜੀਵਾਂਗੇ ਤਾਂ ਇਕੱਠੇ ਜੀਵਾਂਗੇ, ਮਰਾਂਗੇ ਤਾਂ ਇਕੱਠੇ ਮਰਾਂਗੇ” ਸਿਰ ਵਿਚ ਹਥੌੜੇ ਵਾਂਗ ਵੱਜ ਰਹੇ ਸਨ। ਮੌਤੋਂ ਬਾਅਦ ਦੇ ਜੀਵਨ ਵਿਚ ਮੇਰਾ ਕੋਈ ਵਿਸ਼ਵਾਸ ਨਹੀਂ ਸੀ। ਜੇ ਰਤੀ ਵੀ ਹੁੰਦਾ ਤਾਂ ਮੈਂ ਅੱਜ ਜੀਂਦਾ ਨਾ ਹੁੰਦਾ। ਜੇ ਮਰ ਕੇ ਉਹਨੂੰ ਮਿਲ ਨਹੀਂ ਸਕਣਾ ਸੀ, ਫੇਰ ਮਰਦਾ ਵੀ ਕਿਸ ਆਸ ‘ਤੇ? “ਉਹ ਤਾਂ ਮਰੀ ਹੀ ਨਹੀਂ, ਉਹਦਾ ਬਹੁਤ ਕੁੱਝ ਤਾਂ ਮੇਰੇ ਨਾਲ ਹੀ ਜੀਂਦਾ ਰਹਿਣਾ ਹੈ। ਫੇਰ ਏਸ ਜੀਵਨ ਨੂੰ ਕਿਉਂ ਨਾ ਕਿਸੇ ਲੇਖੇ ਲਾਇਆ ਜਾਵੇ?” ਕਦੀ ਕਦੀ ਇਹ ਵੀ ਸੋਚ ਆ ਜਾਂਦੀ, “ਮੈਂ ਤਾਂ ਜੀਅ ਹੀ ਉਹਦੀ ਦਿੱਤੀ ਉਮਰ ਨਾਲ ਰਿਹਾ ਹਾਂ। ਕਹਿੰਦੀ ਤਾਂ ਸੀ, ‘ਰੱਬਾ! ਮੇਰੀ ਉਮਰ ਵੀ ਇਨ੍ਹਾਂ ਨੂੰ ਲਾ ਦੇ’।”

ਇਨ੍ਹਾਂ ਅਤਿ ਦੇ ਸੰਕਟ-ਗ੍ਰਸਤ ਦਿਨਾਂ ਵਿਚ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਵਿਚਾਰਾਂ ਤੇ ਮਾਰਕਸਵਾਦ ਦੀ ਸੂਝ ਜਿੰਨੀ ਕੁ ਉਸ ਵੇਲੇ ਸੀ, ਨੇ ਮੇਰੀ ਰਹਿਨੁਮਾਈ ਕੀਤੀ। ਮੈਂ ਇਸ ਰੌਸ਼ਨੀ ਵਿਚ ਆਪਣੇ ਜੀਵਨ ਨੂੰ ਕਿਸੇ ਮਕਸਦ ਲਈ ਲੇਖੇ ਲਾਉਣ ਲਈ ਮਨ ਬਣਾ ਲਿਆ।

(8 ਸਤੰਬਰ 2007)

ਰਬਖਸ਼ ਮਕਸੂਦਪੁਰੀ ਦੀਆਂ 'ਲਿਖਾਰੀ' ਵਿੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

e-mail:
ilKfrI



© likhari: Punjabi Likhari Forum-2001-2007