|
ਕਾਲਜ ਵਿਚ ਕੁਝ ਦਿਨ
hrbKsL mksUdpurI, zrbI (XU[ky[) |
ਪੜ੍ਹਨ ਦਾ ਪੱਕਾ ਇਰਾਦਾ ਸੀ, ਇਸ ਲਈ ਮੈਂ ਆਪਣੀ ਹੀ ਹਿੰਮਤ ਨਾਲ ਮਾਸਟਰਾਂ ਦੀ ਮਦਦ ਤੋਂ ਬਿਨਾ ਮੈਟ੍ਰਿਕ ਦੇ ਇਮਤਿਹਾਨ ਵਿਚੋਂ ਫਸਟ ਡਵੀਜ਼ਨ ਵਿਚ ਚੰਗੇ ਨੰਬਰਾਂ ਨਾਲ ਪਾਸ ਹੋ ਗਿਆ ਸਾਂ। ਕਿਉਂਕਿ ਨੰਬਰ ਚੰਗੇ ਆ ਗਏ ਸਨ, ਇਸ ਲਈ ਕਾਲਜ ਵਿਚ ਦਾਖ਼ਲੇ ਦੀ ਕੋਈ ਸਮੱਸਿਆ ਨਹੀਂ ਰਹਿ ਗਈ ਸੀ। ਬਾਬਾ ਹਰੀ ਸਿੰਘ ਦੇ ਯਤਨ ਨਾਲ ਸ਼੍ਰੋਮਣੀ ਕਮੇਟੀ ਨੇ ਵਜ਼ੀਫਾ ਦੇਣਾ ਵੀ ਮਨਜੂ਼ਰ ਕਰ ਲਿਆ ਸੀ, ਪਰ ਕਿਸੇ ਖਾਲਸਾ ਕਾਲਜ ਵਿਚ ਦਾਖਲ ਹੋਣ ਦੀ ਸ਼ਰਤ ਲਾ ਦਿੱਤੀ ਸੀ। ਉਸ ਸਮੇਂ ਸਾਡੇ ਪਿੰਡ ਦੇ ਨੇੜੇ ਤੇੜੇ ਕੋਈ ਖਾਲਸਾ ਕਾਲਜ ਨਹੀਂ ਸੀ। ਇਸ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਗੁਣਾ ਪੈ ਗਿਆ। 1949 ਦੇ ਸਤੰਬਰ ਮਹੀਨੇ ਦੇ ਅੰਤਮ ਦਿਨਾਂ ਵਿਚ ਮੈਂ ਉੱਥੇ ਜਾ ਦਾਖਲ ਹੋਇਆ।ਮੈਟ੍ਰਿਕ ਦੇ ਇਮਤਿਹਾਨ ਵਿਚ ਪ੍ਰਾਪਤ ਕੀਤੇ ਨੰਬਰਾਂ ਦੇ ਆਧਾਰ ‘ਤੇ ਕਾਲਜ ਵਲੋਂ ਐਫ. ਐੱਸਸੀ. (ਨਾਨ ਮੈਡੀਕਲ) ਦੀ ਪੜ੍ਹਾਈ ਦਾ ਸੁਝਾ ਮਿਲਿਆ ਤੇ ਪਰਵਾਨ ਕਰ ਲਿਆ। ਪਿੰਡ ਜਲੰਧਰ ਤੋਂ ਇੰਨਾ ਦੂਰ ਸੀ ਕਿ ਘਰੋਂ ਰੋਟੀ ਖਾ ਕੇ ਰੋਜ਼ ਕਾਲਜ ਆਉਣ ਦਾ ਪ੍ਰਸ਼ਨ ਹੀ ਨਹੀਂ ਉਠਦਾ ਸੀ। ਇਸ ਲਈ ਲਾਡੋਵਾਲੀ ਰੋਡ ਤੇ ਸਥਿਤ ਕਾਲਜ ਦੇ ਕਾਜ਼ੀ ਹੋਸਟਲ ਵਿਚ ਵਸੇਰਾ ਕਰ ਲਿਆ। ਪਾਕਸਤਾਨ ਬਣਨ ਤੋਂ ਪਹਿਲਾਂ ਕਿਸੇ ਕਾਜ਼ੀ ਦੀ ਕੋਠੀ ਹੋਣ ਕਰਕੇ ਇਹ ਅਨੋਖਾ ਜੇਹਾ ਨਾਉਂ ਪਿਆ ਸੀ।ਕ
ਜਿਹੜੇ ਵਿਸ਼ੇ ਪੜ੍ਹਨੇ ਜ਼ਰੂਰੀ ਸਨ, ਉਹ ਸਨ; ਅੰਗਰੇਜ਼ੀ, ਗਣਿਤ, ਫਜਿ਼ਕਸ ਅਤੇ ਕੈਮਿਸਟਰੀ। ਇੱਕ ਔਪਸ਼ਨਲ (ਆਪਣੀ ਮਰਜ਼ੀ ਦਾ) ਵਿਸ਼ਾ ਪੜ੍ਹਿਆ ਜਾ ਸਕਦਾ ਸੀ। ਕੈਮਿਸਟਰੀ ਦਾ ਪ੍ਰੋਫੈਸਰ ਭਾਨ ਸਿੰਘ ਸੀ। ਉਹ ਪੂਰੀ ਸ਼ਾਨ ਨਾਲ ਪੰਜਾਬੀ ਵਿਚ ਅੰਗਰੇਜ਼ੀ ਬੋਲਦਾ ਸੀ। ਉਹਦਾ ਲਹਿਜ਼ਾ ਹੀ ਪੰਜਾਬੀ ਨਹੀਂ ਸੀ, ਸਗੋਂ ਬੋਲਾਂ ਦਾ ਰੁਅਬ-ਦਾਬ ਵੀ ਪੰਜਾਬੀ ਸੀ। ਇਸ ਲਈ ਉਹਦੀ ਕਹੀ ਹਰ ਗੱਲ ਸਾਫ ਤੌਰ ਤੇ ਪੱਲੇ ਪੈ ਜਾਂਦੀ ਸੀ। ਗਣਿਤ ਦਾ ਪ੍ਰੋਫੈਸਰ ਹਰਚਰਨ ਸਿੰਘ ਸੀ। ਉਹਦਾ ਪਤਾ ਹੀ ਨਹੀਂ ਲੱਗਦਾ ਸੀ, ਕੀ ਕਹਿੰਦਾ ਸੀ। ਪਤਾ ਨਹੀਂ ਲੱਗਦਾ ਸੀ, ਉਹ ਕੁਐਸਚਨ ਕਹਿੰਦਾ ਸੀ, ਕੋਸ਼ੈਂਟ ਕਹਿੰਦਾ ਸੀ ਜਾਂ ਈਕੁਏਸ਼ਨ। ਪ੍ਰੋਫੈਸਰ ਸਰਦੂਲ ਸਿੰਘ ਅੰਗਰੇਜ਼ੀ ਦੀ ਰੁਮਾਂਟਿਕ ਕਵਿਤਾ ਇੰਝ ਪੜ੍ਹਾਉਂਦਾ ਸੀ ਜਿਵੇਂ ਉਹਨੂੰ ਨਵਾਂ ਨਵਾਂ ਰੁਮਾਂਸ ਹੋ ਗਿਆ ਹੋਵੇ। ਪ੍ਰੋਫੈਸਰ ਪਿਆਰਾ ਸਿੰਘ ਗਿੱਲ ਸਾਨੂੰ ਪੰਜਾਬੀ ਪੜ੍ਹਾਉਂਦਾ ਹੁੰਦਾ ਸੀ। ਉਹਦੀ ਇੱਕ ਲੱਤ ਵਿਚ ਕੁਝ ਨੁਕਸ ਸੀ, ਇਸ ਕਈ ਕੋਕਿਆਂ ਵਾਲਾ ਖੂੰਡਾ ਸਦਾ ਕੋਲ ਰਖਦਾ ਸੀ। ਕਿਉਂਕਿ ਵਿਸ਼ਾ ਔਪਸ਼ਨਲ ਸੀ ਇਸ ਲਈ ਕੋਈ ਦਿਲਚਸਪੀ ਨਾਲ ਪੜ੍ਹਦਾ ਨਹੀਂ ਸੀ। ਜੇ ਕਿਤੇ ਮੁੰਡਿਆਂ ਨੇ ਰੌਲਾ ਪਾਉਂਦੇ ਹੋਣਾ, ਉਹਨੇ ਖੂੰਡਾ ਚੁੱਕ ਕੇ ਖੜ੍ਹ ਜਾਣਾ ਤੇ ਕਹਿਣਾ, “ਓਏ ਮੁੰਡਿਓ! ਮੈਂ ਜੱਟ ਪ੍ਰੋਫੈਸਰ ਹਾਂ, ਜੇ ਰੌਲਾ ਪਾਇਆ ਤਾਂ ਮੌਰ ਸੇਕ ਦਿਆਂਗਾ।” ਉਹ ਸੀ ਬੜਾ ਮੁੱਖਹਾਸਰੀ। ਕੋਈ ਨਾ ਕੋਈ ਸ਼ੁਰ੍ਹਲੀ ਛੱਡ ਕੇ ਮੁੰਡਿਆਂ ਦਾ ਦਿਲ ਬਹਿਲਾਈ ਰੱਖਦਾ ਸੀ। ਮੇਰੇ ਲਈ ਵਿਸਿ਼ਆਂ ਦੇ ਔਖੇ ਹੋਣ ਦੀ ਕੋਈ ਸਮੱਸਿਆ ਨਹੀਂ ਸੀ। ਮੈਂ ਮਿਹਨਤ ਕਰਨ ਦਾ ਆਦੀ ਬਣ ਚੁੱਕਾ ਸਾਂ, ਪਰ ਸਮੱਸਿਆ ਉਹ ਪੈਦਾ ਹੋ ਗਈ ਜਿਹੜੀ ਮੈਂ ਸੋਚੀ ਹੀ ਨਹੀਂ ਸੀ।
ਕੁੱਝ ਦਿਨਾਂ ਪਿੱਛੋਂ ਸ਼ਰੋਮਣੀ ਕਮੇਟੀ ਵਲੋਂ ਤਿੰਨ ਸੌ ਰੁਪਏ ਮਿਲ ਗਏ ਸਨ। ਨਾਲ ਕੋਈ ਸੂਚਨਾ ਨਹੀਂ ਸੀ ਕਿ ਇਹ ਰਕਮ ਕਿੰਨੇ ਚਿਰ ਲਈ ਹੈ ਤੇ ਕਿਸ ਕੰਮ ਲਈ ਹੈ। ਮੇਰੇ ਹੋਸਟਲ ਦੇ ਖਰਚ ਤੇ ਕਾਲਜ ਦੀਆਂ ਫੀਸਾਂ ਦੇ ਤਿੰਨ ਕੁ ਮਹੀਨੇ ਇਨ੍ਹਾਂ ਤਿੰਨ ਸੌ ਰੁਪਿਆ ਨਾਲ ਲੰਘ ਗਏ। ਕੁੱਝ ਪੈਸੇ ਕਿਤਾਬਾਂ ਲੈਣ ਤੇ ਵੀ ਖਰਚ ਹੋ ਗਏ। ਜਦੋਂ ਜੇਬ ਖਾਲੀ ਹੋ ਗਈ, ਮੈਨੂੰ ਉਦੋਂ ਪਤਾ ਲੱਗਾ ਕਿ ਇਹ ਸਾਰੀ ਰਕਮ ਕਾਲਜ ਦੀਆਂ ਸਾਲ ਭਰ ਦੀਆਂ ਫੀਸਾਂ ਲਈ ਸੀ। ਹੁਣ ਸਵਾਲ ਖੜ੍ਹ ਗਿਆ ਕਿ ਫੀਸਾਂ ਕਿੱਥੋਂ ਦਿੱਤੀਆਂ ਜਾਣ ਤੇ ਹੋਸਟਲ ਦਾ ਖਰਚ ਕਿੱਥੋਂ ਆਵੇ? ਮੇਰਾ ਬਾਪ ਉਸ ਵੇਲੇ ਫੀਜੀ ਵਿਚ ਸੀ। ਉਹਨੂੰ ਲਿਖੇ ਪੱਤਰਾਂ ਦਾ ਵੀ ਕੋਈ ਜਵਾਬ ਨਾ ਆਇਆ। ਘਰ ਦੀ ਹਾਲਤ ਦਾ ਤਾਂ ਮੈਨੂੰ ਪਤਾ ਹੀ ਸੀ। ਉੱਥੋਂ ਕੁੱਝ ਮੰਗਣ/ਮਿਲਣ ਦੀ ਸੰਭਾਵਨਾ ਹੀ ਨਹੀਂ ਸੀ। ਹਰ ਪਾਸੇ ਨਿਗਾਹ ਦੁੜਾਈ ਕਿਤਿਓਂ ਵੀ ਮਦਦ ਮਿਲਦੀ ਨਾ ਦਿਸੀ। ਆਖਰ ਕਾਲਜ ਛੱਡ ਦੇਣ ਦਾ ਫੈਸਲਾ ਕਰ ਲਿਆ।
ਮੈਂ ਕਾਲਜ ਛੱਡਣ ਲਈ ਬੇਨਤੀ-ਪੱਤਰ ਲਿਖ ਕੇ ਆਪਣੀ ਜਮਾਤ ਦੇ ਇਨਚਾਰਜ ਨੂੰ ਜਾ ਦਿੱਤਾ। ਉਹਨੇ ਆਪਣੇ ਤੌਰ ਤੇ ਸਮਝਾਇਆ ਬੁਝਾਇਆ। ਉਹਨੂੰ ਕਿਹੜਾ ਮੇਰੀ ਅਸਲ ਸਮੱਸਿਆ ਦਾ ਪਤਾ ਸੀ? ਮੈਂ ਸਿਰ ਸੁੱਟੀ ਸੁਣਦਾ ਰਿਹਾ ਉਹ ਬੋਲਦਾ ਰਿਹਾ। ਅੰਤ ਮਾਯੂਸ ਹੋ ਕੇ ਉਹਨੇ ਮੇਰਾ ਬੇਨਤੀ ਪੱਤਰ ਕਾਲਜ ਦੇ ਪ੍ਰਿੰਸੀਪਲ ਨੂੰ ਭੇਜ ਦਿੱਤਾ।
ਕਾਲਜ ਦਾ ਪ੍ਰਿੰਸੀਪਲ ਉਸ ਸਮੇਂ ਗੁਰਬਚਨ ਸਿੰਘ ਤਾਲਬ ਸੀ। ਉਹਨੇ ਮੈਨੂੰ ਆਪਣੇ ਦਫ਼ਤਰ ਵਿਚ ਸੱਦਿਆ। ਮੈਂ ਉਹਦੇ ਦਫ਼ਤਰ ਵਿਚ ਵੀ ਉਸੇ ਤਰ੍ਹਾਂ ਸਿਰ ਨੀਵਾਂ ਕਰੀ ਖੜ੍ਹਾ ਰਿਹਾ। ਉਹਨੇ ਕਾਲਜ ਛੱਡਣ ਦਾ ਕਾਰਣ ਪੁੱਛਿਆ। ਮੈਂ ਕੀ ਦੱਸਦਾ? ਅਰਜੀ਼ ਵਿਚ ਕਾਰਣ ਸਪੱਸ਼ਟ ਲਿਖਿਆ ਹੋਇਆ ਸੀ। ਪ੍ਰਿੰਸੀਪਲ ਨੇ ਕਿਹਾ, “ਕਾਕਾ! ਤੂੰ ਕਾਲਜ ਨਾ ਛੱਡ ਅਸੀਂ ਤੇਰੀ ਸਾਰੀ ਫੀਸ ਮੁਆਫ਼ ਕਰ ਦਿੰਦੇ ਹਾਂ।”
“ਜੀ ਤੁਹਾਡੀ ਮਿਹਰਬਾਨੀ! ਮੇਰੀ ਸਮੱਸਿਆ ਫੀਸ ਮੁਆਫ਼ ਹੋਣ ਨਾਲ ਵੀ ਹੱਲ ਨਹੀਂ ਹੋਣੀ।” ਮੈਂ ਉਸੇ ਤਰ੍ਹਾਂ ਸਿਰ ਨੀਵਾਂ ਕਰੀ ਖੜ੍ਹੇ ਨੇ ਕਿਹਾ।“ਅਸੀਂ ਤੇਰਾ ਕਿਤਾਬਾਂ ਦਾ ਵੀ ਸਾਰਾ ਖਰਚ ਦੇ ਦਿਆਂਗੇ, ਤੂੰ ਪੜ੍ਹਨੋਂ ਨਾ ਹਟ।” ਪ੍ਰਿੰਸੀਪਲ ਨੇ ਜ਼ਰਾ ਹੋਰ ਪਸੀਜਦਿਆਂ ਕਿਹਾ।
“ਜੀ, ਤੁਹਾਡੀ ਮਿਹਰਬਾਨੀ! ਮੈਨੂੰ ਮੇਰੇ ਘਰੋਂ ਇੱਕ ਪੈਸੇ ਦੀ ਮਦਦ ਦੀ ਆਸ ਨਹੀਂ ਰਹੀ। ਤੁਸੀਂ ਮੈਨੂੰ ਜਾਣ ਹੀ ਦਿਉ।”
“ਬਦਕਿਸਮਤੀ ਦੀ ਗੱਲ ਹੈ, ਜੋ ਤੇਰੇ ਵਰਗੇ ਮਿਹਨਤੀ ਮੁੰਡੇ ਨੂੰ ਪੜ੍ਹਾਈ ਛੱਡਣੀ ਪੈ ਰਹੀ ਹੈ।” ਇਹ ਕਹਿ ਕੇ ਪ੍ਰਿੰਸੀਪਲ ਨੇ ਮੇਰੇ ਬੇਨਤੀ ਪੱਤਰ ‘ਤੇ ਮਨਜ਼ੂਰੀ ਦੀ ਮੁਹਰ ਲਾ ਦਿੱਤੀ।
ਉਸੇ ਦਿਨ ਦੁਪਹਿਰ ਨੂੰ ਮੈਂ ਟਰੰਕੀ ਸਿਰ ਤੇ ਚੁੱਕੀ ਤੇ ਕਿਤਾਬਾਂ ਦਾ ਝੋਲਾ ਹੱਥ ਵਿਚ ਫੜੀ ਜਲੰਧਰ ਦੇ ਸਟੇਸ਼ਨ ਦੇ ਰਾਹੇ ਪੈ ਗਿਆ। ਉਦੋਂ ਲਾਡੋ ਵਾਲੀ ਰੋਡ ਤੋਂ ਸਟੇਸ਼ਨ ਤੱਕ ਅਬਾਦੀ ਘੱਟ ਹੀ ਸੀ, ਇਸ ਲਈ ਮੈਂ ਸੜਕਾਂ ਰਾਹੀਂ ਜਾਣ ਦੀ ਥਾਂ ਸਿਧਾ ਹੀ ਤੁਰ ਪਿਆ। ਰਸਤੇ ਵਿਚ ਜਾਂਦਾ ਸੋਚ ਰਿਹਾ ਸਾਂ, “ਮੈਂ ਹਾਰ ਗਿਆ ਹਾਂ। ਹੁਣ ਕੁੱਝ ਨਹੀਂ ਹੋ ਸਕਣਾ। ਉੱਚ ਵਿੱਦਿਆ-ਪ੍ਰਾਪਤੀ ਦੇ ਮੇਰੇ ਸੁਪਨੇ ਦਾ ਕੀ ਬਣਿਆ?” ਪਰ ਸਟੇਸ਼ਨ ‘ਤੇ ਪੁੱਜਣ ਤੱਕ ਮੈਂ ਆਪਣੇ ਮਨ ਵਿਚ ਪਰਣ ਕਰ ਚੁੱਕਾ ਸਾਂ, “ਕੁੱਝ ਵੀ ਹੋ ਜਾਵੇ, ਮੈਂ ਇੱਕ ਦਿਨ ਐਮ.ਏ. ਜ਼ਰੂਰ ਕਰਾਂਗਾ।”
------------------
ਮੈਂ ਸਮਾਜਵਾਦ ਬਾਰੇ ਜੋ ਕੁੱਝ ਉਸ ਵੇਲੇ ਤੱਕ ਜਾਣਦਾ ਸਾਂ, ਉਹ ਬਹੁਤਾ ਗੁਰਬਖਸ਼ ਸਿੰਘ ਪ੍ਰੀਤ-ਲੜੀ ਦੀਆਂ ਕਿਤਾਬਾਂ ਤੋਂ ਹੀ ਜਾਣਿਆ ਸੀ। ਉਸ ਗਿਆਨ ਵਿਚ ਬਹੁਤਾ ਆਦਰਸ਼ ਤੇ ਰੁਮਾਂਸ ਦਾ ਰਲਾ ਸੀ। ਕਮਿਊਨਿਸਟ ਪਾਰਟੀ ਕੀ ਹੈ? ਕਿਵੇਂ ਕੰਮ ਕਰਦੀ ਹੈ? ਜਾਂ ਵਿਦਿਆਰਥੀ ਲਹਿਰ ਵਿਚ ਇਸਦਾ ਅਸਰ ਕਿਵੇਂ ਹੈ? ਕੋਈ ਪਤਾ ਨਹੀਂ ਸੀ। ਕਾਲਜ ਵਿਚ ਗੁਜ਼ਾਰੇ ਇਨ੍ਹਾਂ ਕੁੱਝ ਮਹੀਨਿਆਂ ਵਿਚ ਮੈਨੂੰ ਹੋਰ ਕੁੱਝ ਲਾਭ ਹੋਇਆ ਹੋਵੇ ਜਾਂ ਨਾ, ਇੱਕ ਲਾਭ ਜ਼ਰੂਰ ਹੋ ਗਿਆ ਸੀ ਕਿ ਇਸ ਸਭ ਕੁਝ ਨਾਲ ਮੇਰੀ ਜਾਣ ਪਛਾਣ ਅਵਸ਼ ਹੋ ਗਈ ਸੀ। ਮੇਰੇ ਨਾਲ ਹੀ ਪਹਿਲੇ ਸਾਲ ਵਿਚ ਪਿੰਡ ਮੰਗੂਵਾਲ ਦਾ ਇੱਕ ਮੁੰਡਾ ਜਰਨੈਲ ਸਿੰਘ ਪੜ੍ਹਦਾ ਸੀ, ਉਹ ਵੀ ਕਾਜ਼ੀ ਹੋਸਟਲ ਵਿਚ ਹੀ ਰਹਿੰਦਾ ਸੀ। ਖਿਆਲਾਂ ਦੇ ਮੇਲ ਕਾਰਣ ਉਹਦੇ ਨਾਲ ਦੋਸਤੀ ਪੈ ਗਈ। ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ। ਉਸ ਤੋਂ ਹੀ ਪਤਾ ਲੱਗਾ ਸੀ ਕਿ ਉਸ ਸਮੇਂ ਦੋ ਕਮਿਊਨਿਸਟ ਪਾਰਟੀਆਂ ਸਨ ਤੇ ਦੋਵੇਂ ਇੱਕ ਦੂਜੀ ਵਿਰੁਧ ਭੰਡੀ ਪਰਚਾਰ ਕਰ ਰਹੀਆਂ ਸਨ। ਉਹਦੇ ਖਿਆਲ ਅਨੁਸਾਰ ਅਸਲ ਪਾਰਟੀ ਤਾਂ ਲਾਲ ਕਮਿਊਨਿਸਟ ਪਾਰਟੀ ਸੀ। ਦੂਜੀ ਪਾਰਟੀ ਨੂੰ ਉਹ ਸੋਧਵਾਦੀ ਕਹਿੰਦਾ ਸੀ। ਉਹਦੇ ਨਾਲ ਜਾ ਕੇ ਮੈਂ ਫੁਲਵਾੜੀ ਰਸਾਲੇ ਵਾਲੇ ਪ੍ਰਸਿੱਧ ਦੇਸ਼-ਭਗਤ ਤੇ ਲੇਖਕ ਹੀਰਾ ਸਿੰਘ ਦਰਦ ਨੂੰ ਮਿਲਿਆ ਸੀ। ਦਰਦ ਆਪ ਲਾਲ ਕਮਿਊਨਿਸਟ ਪਾਰਟੀ ਦਾ ਹਮਾਇਤੀ ਸੀ ਤੇ ਫੁਲਵਾੜੀ ਰਾਹੀਂ ਉਸੇ ਪਾਰਟੀ ਦਾ ਪਰਚਾਰ ਕਰਦਾ ਸੀ। ਮੈਂ ਉਦੋਂ ਦੋ ਪਾਰਟੀਆਂ ਵਾਲੀਆਂ ਬਰੀਕੀਆਂ ਨੂੰ ਤਾਂ ਨਹੀਂ ਸਮਝ ਸਕਿਆ ਸਾਂ, ਕਮਿਊਨਿਸਟ ਲਹਿਰ ਵਲ ਜ਼ਰੂਰ ਖਿੱਚਿਆ ਗਿਆ ਸਾਂ। ਇਨ੍ਹਾਂ ਦਿਨਾਂ ਵਿਚ ਮੇਰੀ ਲਾਲ ਝੰਡੇ ‘ਤੇ ਲਿਖੀ ਇੱਕ ਕਵਿਤਾ ਫੁਲਵਾੜੀ ਵਿਚ ਛਪੀ ਸੀ। ਇਹ ਕਵਿਤਾ ਬੜੀ ਹਲਕੀ ਜਿਹੀ ਸੀ। ਅੱਜ ਦੀ ਸਮਝ ਅਨੁਸਾਰ ਮੈਂ ਉਸਨੂੰ ਕਵਿਤਾ ਨਹੀਂ ਕਹਿੰਦਾ, ਨਿਰਾ ਪ੍ਰਾਪੇਗੰਡਾ ਸੀ। ਸਾਰੀ ਤਾਂ ਯਾਦ ਨਹੀਂ ਨਮੂਨਾ ਕੁੱਝ ਇਸ ਤਰ੍ਹਾਂ ਦਾ ਸੀ:-ਝੁੱਲੂ ਦਾਤੀ ਤੇ ਹਥੌੜੇ ਦਾ ਨਿਸ਼ਾਨ ਜੱਗ ਤੇ
ਕੋਈ ਛੱਡਣਾ ਨਹੀਂ ਫਾਸ਼ੀ ਬੇਈਮਾਨ ਜੱਗ ਤੇ
ਅੱਜ ਜਨਤਾ ਪਈ ਜਾਗ
ਮਾਰ ਮੁਕਾਉਣੇ ਜ਼ਾਲਮ ਨਾਗ
ਹੋ ਗਏ ਸਾਫ ਆਜ਼ਾਦੀ ਦੇ ਐਲਾਨ ਜੱਗ ਤੇ
ਨਜ਼ਮ ਕੀ ਛਪੀ ਮੈਂ ਤਾਂ ਆਪਣੇ ਆਪ ਨੂੰ ਪੂਰਾ ਕਵੀ ਸਮਝਣ ਲੱਗ ਪਿਆ। ਉਨ੍ਹਾਂ ਦਿਨਾਂ ਵਿਚ ਮੈਂ ਕਈ ਕਵਿਤਾਵਾਂ ਲਿਖੀਆਂ। ਮੇਰੇ ਕੋਲ ਸੱਠ ਕੁ ਕਵਿਤਾਵਾਂ ਸਨ। ਮੈਂ ਉਹਨਾਂ ਦਾ ਖਰੜਾ ਤਿਆਰ ਕਰ ਕੇ ਹੀਰਾ ਸਿੰਘ ਦਰਦ ਕੋਲ ਲੈ ਗਿਆ। ਮੇਰਾ ਖਿਆਲ ਸੀ ਕਿ ਦਰਦ ਦੇਖਦਿਆਂ ਹੀ ਇਨ੍ਹਾਂ ਕਵਿਤਾਵਾਂ ਨੂੰ ਕਿਤਾਬੀ ਰੂਪ ਵਿਚ ਛਾਪਣ ਲਈ ਹਾਂ ਕਰ ਦੇਵੇਗਾ। ਦਰਦ ਜੀ ਵਰਗਾ ਬੀਬਾ ਬੰਦਾ ਕਿਸੇ ਦਾ ਦਿਲ ਥੋੜ੍ਹੋ ਤੋੜ ਸਕਦਾ ਸੀ। ਉਹਨੇ ਬੜੀ ਹਲੀਮੀ ਨਾਲ ਕਿਹਾ, “ਹਰਬਖਸ਼ ਜੀ! ਖਰੜਾ ਰੱਖ ਜਾਓ। ਮੈਂ ਨਿਗਾਹ ਮਾਰ ਲਵਾਂਗਾ। ਉਂਝ ਹਾਲ ਇਹ ਹੈ ਕਿ ਮੇਰੇ ਵੀ ਕਈ ਖਰੜੇ ਤਿਆਰ ਪਏ ਹਨ। ਕੋਈ ਵੀ ਛਾਪਣ ਲਈ ਤਿਆਰ ਨਹੀਂ।” ਉਹ ਕੀ ਕਹਿਣਾ ਚਾਹੁੰਦਾ ਸੀ, ਮੈਂ ਸਮਝ ਗਿਆ ਸਾਂ, ਇਸ ਲਈ ਖਰੜਾ ਵਾਪਸ ਲੈ ਆਇਆ। ਫੇਰ ਸਮਾਂ ਪੈਣ ਨਾਲ ਉਹ ਸਾਰੀਆਂ ਕਵਿਤਾਵਾਂ ਮੈਨੂੰ ਆਪ ਵੀ ਇੰਨੀਆਂ ਨਿਗੂਣੀਆਂ ਲੱਗਣ ਲੱਗ ਪਈਆਂ ਕਿ ਮੈਂ ਕਦੀ ਵੀ ਉਨ੍ਹਾਂ ਨੂੰ ਛਪਵਾਉਣ ਦਾ ਖਿਆਲ ਨਹੀਂ ਕੀਤਾ।ਉਸ ਸਮੇਂ ਸਰਬ ਭਾਰਤੀ ਸਟੂਡੈਂਟ ਫੈਡਰੇਸ਼ਨ ਕਿਹੋ ਜਿਹਾ ਪਰਚਾਰ ਕਰਦੀ ਸੀ, ਉਹਦਾ ਨਮੂਨਾ ਵੀ ਮੈਂ ਇਨ੍ਹਾਂ ਦਿਨਾਂ ਵਿਚ ਹੀ ਦੇਖਿਆ ਸੀ। ਸਟੂਡੈਂਟ ਫੈਡਰੇਸ਼ਨ ਦੇ ਕੁੱਝ ਬੰਦੇ ਸਾਡੇ ਕਾਲਜ ਦੇ ਕਾਜ਼ੀ ਹੋਸਟਲ ਵਿਚ ਆਏ ਤੇ ਮੁੰਡਿਆਂ ਨੂੰ ਇਕੱਠੇ ਕਰ ਕੇ ਇਨਕਲਾਬ ਦਾ ਤੱਤਾ ਤੱਤਾ ਪ੍ਰੋਗਰਾਮ ਦੇਣ ਲੱਗ ਪਏ। ਜ਼ੋਰ ਇਸ ਗੱਲ ਤੇ ਸੀ ਕਿ ਇਨਕਲਾਬ ਤਾਂ ਆ ਕੇ ਸਾਡੇ ਦਰਵਾਜ਼ੇ ਭੰਨ ਰਿਹਾ ਹੈ। ਸਾਡਾ ਇਸ ਵੇਲੇ ਮੁੱਖ ਕੰਮ ਪੜ੍ਹਨਾ ਨਹੀਂ, ਸਗੋਂ ਇਨਕਲਾਬ ਲਿਆਉਣ ਵਿਚ ਆਪਣਾ ਹਿੱਸਾ ਪਾਉਣਾ ਹੈ। ਇਕ ਮੁੰਡੇ ਨੇ ਕਹਿ ਦਿੱਤਾ, “ਤੁਸੀਂ ਲੋਕ ਆਪ ਤਾਂ ਕੁੱਝ ਕਰਨ ਜੋਗੇ ਨਹੀਂ, ਆ ਕੇ ਸਾਡੀ ਪੜ੍ਹਾਈ ਦਾ ਨੁਕਸਾਨ ਕਰ ਰਹੇ ਹੋ।” ਉਹਦੇ ਉੱਤਰ ਵਿਚ ਇਕ ਐਨਕੂ ਜਿਹੇ ਲੀਡਰ ਨੇ ਕਿਹਾ, “ਕੀ ਹੋ ਜਾਊ ਜੇ ਤੁਸੀਂ ਪੜ੍ਹ ਗਏ? ਇਨਕਲਾਬ ਤਾਂ ਆਇਆ ਕਿ ਆਇਆ। ਤੁਹਾਡੀ ਇਹ ਬੁਰਜਵਾ ਪੜ੍ਹਾਈ ਇਨਕਲਾਬ ਪਿੱਛੋਂ ਬਿਲਕੁਲ ਬੇਕਾਰ ਹੋ ਜਾਣੀ ਹੈ।”
ਮੈਂ ਉਂਝ ਤਾਂ ਉਸ ਵਿਦਿਆਰਥੀ ਲੀਡਰ ਦੇ ਬਹੁਤੇ ਵਿਚਾਰਾਂ ਨਾਲ ਸਹਿਮਤ ਹੀ ਸਾਂ ਪਰ ਮੈਨੂੰ ਇਹ ਗੱਲ ਸਮਝ ਨਾ ਆਈ ਕਿ ਇਨਕਲਾਬ ਪਿਛੋਂ ਇਹ ਬੁਰਜ਼ੂਆ ਪੜ੍ਹਾਈ ਬੇਕਾਰ ਹੋ ਜਾਵੇਗੀ। ਮੈਂ ਸੋਚਦਾ ਸਾਂ, “ਇਹ ਕਿਵੇਂ ਹੋ ਜਾਊ ਕਿ ਇਨਕਲਾਬ ਤੋਂ ਪਿੱਛੋਂ ਨਾ ਅੱਜ ਦੇ ਹਿਸਾਬ ਦੀ ਲੋੜ ਰਹੇਗੀ, ਨਾ ਸਾਇੰਸ ਦੀ।”
ਜਦੋਂ ਮੈਂ ਕਾਲਜ ਵਿਚ ਦਾਖਲ ਹੋਇਆ ਸੀ, ਉਸ ਵੇਲ਼ੇ ਮੇਰੇ ਦਿਮਾਗ ਵਿਚ ਹਾਲੀਂ ਧਰਮ ਨਾਲ ਬੱਝੀ ਸਿਆਸਤ ਦਾ ਕੁੱਝ ਕੁੱਝ ਜਾਲਾ ਜਿਹਾ ਬਚਿਆ ਹੋਇਆ ਸੀ, ਹੁਣ ਜਦੋਂ ਮੈਂ ਕਾਲਜ ਛੱਡ ਕੇ ਜਾ ਰਿਹਾ ਸਾਂ ਤਾਂ ਦਿਮਾਗ ਇਸ ਜਾਲੇ ਤੋਂ ਬਿਲਕੁਲ ਸਾਫ ਹੋ ਚੁੱਕਾ ਸੀ। ਹੁਣ ਦੋ ਜਮਾਤਾਂ ਦੀ ਮੁਹਾਰਨੀ ਰਟਣੀ ਵੀ ਜਾਣ ਗਿਆ ਸਾਂ। ਇਹ ਖਿਆਲ ਪੱਕੇ ਕਰ ਜੇ ਜਾ ਰਿਹਾ ਸਾਂ ਕਿ ਮੌਜੂਦਾ ਰਾਜ ਲੁਟੇਰੇ ਸਰਮਾਏਦਾਰਾਂ ਦਾ ਹੈ ਤੇ ਆਮ ਲੋਕ, ਮਜ਼ਦੂਰ ਤੇ ਕਿਸਾਨ ਲੁੱਟੇ ਜਾ ਰਹੇ ਹਨ। ਇਸ ਜਮਾਤੀ ਲੁੱਟ ਤੋਂ ਛੁਟਕਾਰੇ ਦਾ ਇੱਕੋ ਇੱਕ ਰਾਹ ਹਥਿਆਰਬੰਦ ਖੂਨੀ ਇਨਕਲਾਬ ਹੀ ਹੈ। ਇਨ੍ਹਾਂ ਖਿਆਲਾਂ ਨੂੰ ਅਪਣਾਉਣ ਸਮੇਂ ਕਿੰਨਾ ਕੁ ਬੁੱਧੀ ਨੇ ਕੰਮ ਕੀਤਾ ਸੀ ਤੇ ਕਿੰਨਾ ਕੁ ਮੇਰੀ ਭਾਵਕ ਰੁਮਾਂਚਕਤਾ ਨੇ? ਉਸ ਵੇਲ਼ੇ ਤਾਂ ਪਤਾ ਨਹੀਂ ਸੀ। ਉਹ ਉਮਰ ਹੀ ਅਜੇਹੀ ਸੀ ਜਿਸ ਵਿਚ ਹਰ ਬੰਦਾ ਬੁੱਧੀ ਤੋਂ ਘੱਟ ਹੀ ਕੰਮ ਲੈਂਦਾ ਹੈ ਤੇ ਭਾਵਕ ਰੌਂਅ ਵਿਚ ਵਧੇਰੇ ਵਹਿੰਦਾ ਹੈ।
-------
ਗੱਡੀ ਵਿਚ ਬੈਠਾ ਸੋਚ ਰਿਹਾ ਸਾਂ, “ਹੋਰ ਕੀ ਚਾਹੀਦਾ ਹੈ ਜਿ਼ੰਦਗੀ ਵਿਚ? ਸੁਹਣੇ ਦਿਲ ਵਾਲੀ ਸੁਹਣੀ ਪਤਨੀ ਮਿਲ ਗਈ ਹੈ। ਹੋਰ ਥੋੜੇ ਚਿਰ ਨੂੰ ਇਨਕਲਾਬ ਨੇ ਸਾਰੇ ਮਸਲੇ ਹੱਲ ਕਰ ਦੇਣੇ ਹਨ। ਰੋਜ਼ੀ ਰੋਟੀ ਦਾ ਤਾਂ ਫਿਕਰ ਹੀ ਨਹੀਂ ਰਹਿਣਾ। ਹਰ ਇੱਕ ਲਈ ਸਰਕਾਰ ਵਲੋਂ ਕੰਮ ਦੀ ਗਰੰਟੀ ਹੋ ਜਾਣੀ ਹੈ। ਫਿਕਰ ਦੀ ਕੀ ਲੋੜ ਹੈ ਸਭ ਅੱਛਾ ਹੀ ਅੱਛਾ ਹੋ ਜਾਣਾ। ਮੈਂ ਲਿਖਾਂਗਾ, ਖੂਬ ਲਿਖਾਂਗਾ, ਇਨਕਲਾਬ ਲਈ ਤੇ ਆਪਣੇ ਲੋਕਾਂ ਲਈ ਤੇ ਬੱਸ।” ਉਹ ਸੁਪਨੇ ਜਿਨ੍ਹਾਂ ਦੀ ਬੁਨਿਆਦ ਯਥਾਰਥਕ ਸੋਚ ਦੀ ਥਾਂ ਭਾਵਕਤਾ ਦੇ ਵਹਿਣ ਵਿਚ ਵਹਿ ਕੇ ਰੱਖੀ ਗਈ ਹੋਵੇ, ਅਸਲੀਅਤ ਦੀ ਚਟਾਨ ਨਾਲ ਟਕਰਾ ਕੇ ਚੂਰ ਚੂਰ ਹੋਣੇ ਹੀ ਹੁੰਦੇ ਹਨ।ਇਹ ਤਾਂ ਪਹਿਲਾਂ ਹੀ ਲਿਖ ਚੁੱਕਾ ਹਾਂ ਕਿ ਕਾਲਜ ਵਿਚ ਦਾਖਲ ਹੋਣ ਪਿਛੋਂ ਛੇਤੀ ਹੀ ਮੇਰਾ ਵਿਆਹ ਹੋ ਗਿਆ ਸੀ। ਘਰ ਪਹੁੰਚਿਆ ਤਾਂ ਪਹਿਲੀ ਗੱਲ ਮੁਕਲਾਵਾ ਲਿਆਉਣ ਦੀ ਹੋਈ। ਉਹ ਵੀ ਹੋ ਗਿਆ। ਇਵੇਂ ਲਗਦਾ ਸੀ ਜਿਵੇਂ ਸਭ ਕੁੱਝ ਮੇਰੀ ਸੋਚ ਦੇ ਅਨੁਸਾਰ ਹੀ ਹੋ ਰਿਹਾ ਹੋਵੇ। ਪਰ ਹੋ ਸਭ ਕੁੱਝ ਉਲਟ ਗਿਆ। ਮੇਰੀ ਪਿਆਰੀ ਪਤਨੀ ਵੀ ਬਹੁਤਾ ਚਿਰ ਜੀਂਦੀ ਨਾ ਰਹਿ ਸਕੀ। ਉਹ ਜੁਲਾਈ ਮਹੀਨੇ ਦੀ 24 ਤਰੀਖ ਨੂੰ ਮੈਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਈ। ਇੰਜ ਲਗਦਾ ਸੀ ਕਿ ਸਭ ਕੁਝ ਖਤਮ ਹੋ ਗਿਆ ਸੀ ਤੇ ਸਾਰੇ ਸੁਪਨੇ ਚੂਰ ਚੂਰ ਹੋ ਗਏ ਸਨ।
(26 ਅਕਤੂਬਰ 2007)
e-mail:
ilKfrI
© likhari: Punjabi Likhari Forum-2001-2007