-khfxI-

 

ਸੰਜੂ ਦੀ ਪਤੰਗ

-ਮੂਲ ਲੇਖਕ: ਮਹਿੰਦਰ ਭਟਨਾਗਰ-
ਅੰਗਰੇਜੀ ਤੋਂ ਪੰਜਾਬੀ ਅਨੁਵਾਦ: ਸ੍ਰੀਮਤੀ ਬਰਜਿੰਦਰ ਗੁਲਾਟੀ
 

 

ਦੋ ਸ਼ਬਦ

ਸ੍ਰੀ ਮਹਿੰਦਰ ਭਟਨਾਗਰ ਪਿਛਲੇ 25 ਵਰ੍ਹਿਆਂ ਤੋਂ ਕਹਾਣੀਆਂ, ਲੇਖ ਆਦਿ ਲਿਖਦੇ ਆ ਰਹੇ ਹਨ ਉਹਨਾਂ ਦੀਆਂ ਲਿਖਤਾਂ 'ਦੀ ਟ੍ਰਿਬੀਉਨ (ਅੰਗਰੇਜੀ), ਇੰਡੀਅਨ ਐਕਸਪ੍ਰੈਸ ਅਤੇ ਟਾਈਮਜ਼ ਆਫ਼ ਇੰਡੀਆ ਅਤੇ ਹੋਰ ਮੈਗ਼ਜ਼ੀਨਾਂ ਵਿੱਚ ਛੱਪਦੀਆਂ ਰਹਿੰਦੀਆਂ ਹਨ ਉਹ 'ਫਰੀਲਾਂਸ' ਲੇਖਕ ਅਤੇ ਸੰਪਾਦਕ ਹਨ ਅਤੇ ਦਿੱਲੀ ਰਹਿੰਦੇ ਹਨ ਪਿਛਲੇ ਦੋ-ਢਾਈ ਮਹੀਨੇ ਤੋਂ ਉਹ ਅਮਰੀਕਾ ਵਿੱਚ ਹਨ ਅਤੇ ਦਸੰਬਰ ਵਿੱਚ ਮੁੜ ਭਾਰਤ ਪਰਤ ਜਾਣਗੇ

ਉਹਨਾਂ ਦੀ ਇੱਕ ਅਣਛਪੀ ਅਤੇ ਨਵੀਂ ਲਿਖੀ ਕਹਾਣੀ ਜਿਸਦਾ ਅੰਗਰੇਜੀ ਤੋਂ ਅਨੁਵਾਦ ਸ੍ਰੀਮਤੀ ਬਰਜਿੰਦਰ ਗੁਲਾਟੀ ਨੇ ਕੀਤਾ ਹੈ, 'ਲਿਖਾਰੀ' ਦੇ ਪਾਠਕਾਂ ਲਈ ਹਾਜ਼ਰ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ

***

ਸੰਜੂ ਦੀ ਪਤੰਗ

ਮੁਹੰਮਦ ਇਦਰੀਸ ਆਪਣੇ ਭਲੇ ਵਕਤ ਵਿੱਚ ਸ਼ਹਿਰ ਦਾ ਬਹੁਤ ਵਧੀਆ ਕਾਰੀਗਰ ਜਾਣਿਆ ਜਾਂਦਾ ਸੀ। ਪਤੰਗ ਬਣਾਉਣ ਵਿੱਚ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ੳਸ ਦੀ ਮਸ਼ਹੂਰੀ ਸਿਰਫ਼ ਉਸ ਦੇ ਸ਼ਹਿਰ ਤੱਕ ਹੀ ਸੀਮਿਤ ਨਹੀਂ ਸੀ, ਉਹਦਾ ਨਾਂ ਦੂਰ ਦੂਰ ਤੱਕ ਜਾਣਿਆ ਜਾਂਦਾ ਸੀ। ਉਹ ਵੱਡੇ ਛੋਟੇ ਕੀ, ਹਰ ਤਰ੍ਹਾਂ ਦੇ ਪਤੰਗ ਬਣਾ ਸਕਦਾ ਸੀ। ਹਵਾ ਭਾਵੇਂ ਕਿਸੇ ਪਾਸੇ ਦੀ ਹੋਵੇ, ਇਦਰੀਸ ਦੇ ਪਤੰਗ ਉੱਪਰ ਨਾ ਚੜ੍ਹਣ, ਇਹ ਕਦੀ ਨਹੀਂ ਹੋਇਆ ਸੀ। ਉਸਦੀਆਂ ਫੁਰਤੀਲੀਆਂ ਉਂਗਲਾਂ ਬਾਂਸ ਦੀ ਪਰਖ ਕਰਦੀਆਂ, ਪਤਲੀਆਂ ਜਿਹੀਆਂ ਤੀਲੀਆਂ ਵਿੱਚ ਬਾਂਸ ਨੂੰ ਕੱਟਦੀਆਂ ਅਤੇ ਕਮਾਨ ਇੰਨੀ ਫੁਰਤੀ ਨਾਲ ਬਣਾਉਂਦੀਆਂ ਕਿ ਪਤੰਗ ਬਣਾਉਣ ਦੀ ਪੂਰੀ ਕਾਰਵਾਈ ਉਸ ਦੇ ਹੱਥਾਂ ਦੇ ਇੱਕ ਝਟਕੇ ਵਿੱਚ ਪੂਰੀ ਹੁੰਦੀ ਲੱਗਦੀ ਸੀ।

ਇਦਰੀਸ ਬਾਂਸ ਦੀ ਪਰਖ ਕਰਦਿਆਂ ਉਸ ਦੀ ਲਚਕ ਜ਼ਰੂਰ ਦੇਖਦਾ ਅਤੇ ਆਪਣੇ ਹੱਥਾਂ ’ਚ ਫੜ ਚੰਗੀ ਤਰ੍ਹਾਂ ਜਾਂਚ ਤੋਂ ਬਾਅਦ ਹੀ ਬਾਂਸ ਚੁਣਦਾ। ਉਹ ‘ਗੁੱਡੀ’ ਬਣਾਉਣ ਵਾਲੇ ਕਾਗਜ਼ ਦਾ ਭਾਰ ਵੀ ਹੱਥ ’ਚ ਫੜ ਕੇ ਜਾਂਚ ਲੈਂਦਾ ਸੀ। ਇਦਰੀਸ ਠੀਕ ਤਰ੍ਹਾਂ ਦਾ ਬਾਂਸ ਅਤੇ ਕਾਗ਼ਜ਼ ਚੁਣਨ ਵਿੱਚ ਬਹੁਤ ਵਕਤ ਲਗਾਉਂਦਾ। ਆਪਣੇ ਕੰਮ ਵਿੱਚ ਉਹ ਇੰਨਾ ਮਾਹਿਰ ਸੀ ਕਿ ਨਵਾਬ ਖੁਦ ਵੀ ਉਸ ਨੂੰ ਕਦੀ ਪਤੰਗ ਬਣਾਉਣ ਦੀਆਂ ਖਾਸ ਹਿਦਾਇਤਾਂ ਨਹੀਂ ਦਿੰਦਾ ਸੀ। ਉਸ ਨੂੰ ਸਿਰਫ਼ ਇਹੋ ਦੱਸਣਾ ਹੁੰਦਾ ਸੀ ਕਿ ਕਿਹੜੇ ਰੰਗ ਦੀ ਅਤੇ ਕਿੰਨੀ ਕੁ ਵੱਡੀ ਪਤੰਗ ਚਾਹੀਦੀ ਹੈ, ਬਾਕੀ ਕੰਮ ਇਦਰੀਸ ਦਾ ਸੀ। ਉਹ ਆਪਣੇ ਕੰਮ ਵਿੱਚ ਕਿਸੇ ਦੀ ਵੀ ਦਖਲ-ਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ ਸੀ ਪਰ ਕਦੀ ਵੀ ਉਸ ਦੇ ਬਣਾਏ ਪਤੰਗ ਦੀ ਸ਼ਿਕਾਇਤ ਨਹੀਂ ਆਈ।

ਇਦਰੀਸ ਸ਼ਾਹੀਆਨਾ ਪਤੰਗ ਬਣਾਉਣ ਵਾਲਾ ਸੀ। ਉਹ ਇੱਕ ਕਲਾਕਾਰ ਸੀ, ਉਸਦੇ ਪਤੰਗਾਂ ਦੀ ਕੋਈ ਕੀਮਤ ਨਹੀਂ ਸੀ। ਉਹ ਜਿੰਨੇ ਪੈਸੇ ਮੰਗਦਾ, ਗਾਹਕ ਖੁਸ਼ ਹੋ ਕੇ ਦੇ ਦਿੰਦੇ। ਇਸ ਬਾਰੇ ਇੱਕ ਕਿੱਸਾ ਮਸ਼ਹੂਰ ਸੀ ਕਿ ਇਦਰਿਸ ਨੇ ਨਵਾਬ ਦਾ ਦਿਲ ਦੇਖਣ ਲਈ ਇੱਕ ਵਾਰ ਪਤੰਗ ਬਣਾਉਣ ਦੇ ਬਦਲੇ ਚਿੱਟਾ ਘੋੜਾ ਮੰਗ ਲਿਆ ਸੀ ਅਤੇ ਨਵਾਬ ਨੇ ਵੀ ਬਿਨਾਂ ਹਿਚਕ ਦੇ ਉਸ ਨੂੰ ਘੋੜਾ ਦੇ ਦਿੱਤਾ ਸੀ। ਪਰ, ਇਦਰੀਸ ਇੱਕ ਈਮਾਨਦਾਰ ਆਦਮੀ ਸੀ, ਉਸ ਨਵਾਬ ਤੋਂ ਆਪਣੀ ਇਸ ਮੰਗ ਲਈ ਮੁਆਫ਼ੀ ਮੰਗੀ ਅਤੇ ਇਹ ਕਹਿੰਦਿਆਂ, ‘ਮੈਂ ਇਸ ਦਾ ਕੀ ਕਰਾਂਗਾ?’ ਘੋੜਾ ਨਵਾਬ ਨੂੰ ਵਾਪਸ ਕਰ ਦਿੱਤਾ ਸੀ। ਆਪਣੀ ਚੜ੍ਹਤ ਵਾਲੇ ਦਿਨਾਂ ਵਿੱਚ ਵੀ ਇਦਰੀਸ ਨੇ ਆਮ ਲੋਕਾਂ ਲਈ ਕੰਮ ਕਰਨਾ ਬੰਦ ਨਹੀਂ ਕੀਤਾ ਹਾਲਾਂਕਿ ਨਵਾਬ ਨੇ ਉਸ ਨੂੰ ‘ਸ਼ਾਹੀਆਨਾ ਪਤੰਗ ਕਾਰੀਗਰ’ ਦਾ ਖਿਤਾਬ ਦਿੱਤਾ ਹੋਇਆ ਸੀ। ਕਦੀ ਇਹ ਸ਼ਿਕਾਇਤ ਨਹੀਂ ਸੁਣੀ ਕਿ ਕਿਉਂਕਿ ਇਦਰਿਸ ਨਵਾਬ ਜਾਂ ਕਿਸੇ ਹੋਰ ਵੱਡੇ ਅਫ਼ਸਰ ਲਈ ਪਤੰਗ ਬਣਾਉਣ ਵਿੱਚ ਮਸਰੂਫ਼ ਸੀ ਤਾਂ ਉਸ ਨੇ ਕਿਸੇ ਹੋਰ ਨੂੰ ਪਤੰਗ ਬਣਾਉਣ ਤੋਂ ਨਾਂਹ ਕੀਤੀ ਹੋਵੇ, ਇਦਰੀਸ ਹਮੇਸ਼ਾਂ ਹੀ ਆਮ ਲੋਕਾਂ ਲਈ ਪਤੰਗ ਬਣਾਉਂਦਾ ਰਿਹਾ। ਉਹ ਚਾਹੁੰਦਾ ਤਾਂ ਨਵਾਬ ਦੀ ਦਿਆਲਤਾ ਦੇਖ ਬਹੁਤ ਧਨ ਕਮਾ ਸਕਦਾ ਸੀ, ਪਰ ਉਸ ਨੇ ਪੈਸੇ ਨੂੰ ਕਦੀ ਤਰਜੀਹ ਨਹੀਂ ਦਿੱਤੀ। ਉਸ ਕੋਲੋਂ ਕਦੀ ਵੀ ਕੋਈ ਨਿਰਾਸ਼ ਹੋ ਕੇ ਨਹੀਂ ਆਇਆ। ਇਦਰੀਸ ਨੂੰ ਇਸ ਗੱਲ ਤੇ ਮਾਣ ਸੀ ਕਿ ਉਸ ਦੇ ਪਤੰਗ ਅਮੀਰ, ਗ਼ਰੀਬ ਸਭ ਨੂੰ ਚੰਗੇ ਲੱਗਦੇ ਸਨ।

ਪਰ ਇਹ ਤਾਂ ਉਨ੍ਹਾਂ ਦਿਨਾਂ ਦੀਆਂ ਗੱਲਾਂ ਹਨ, ਜਦ ਉਹ ਜਵਾਨ ਸੀ, ਹੁਣ ਤਾਂ ਸਭ ਕੁਝ ਬਦਲ ਚੁੱਕਾ ਸੀ। ਇਦਰੀਸ ਹੁਣ ਸੱਤਰ ਸਾਲਾਂ ਦਾ ਹੋ ਗਿਆ ਸੀ ਅਤੇ ਉਸ ਦੀ ਨਜ਼ਰ ਵੀ ਜੁਆਬ ਦੇ ਗਈ ਸੀ ਅਤੇ ਉਹ ਬੜੀ ਮੁਸ਼ਕਿਲ ਨਾਲ ਤੁਰਦਾ ਸੀ। ਆਪਣੀ ਰੋਜ਼-ਮਰ੍ਹਾ ਜ਼ਿੰਦਗੀ ਦੇ ਕੰਮ ਵੀ ਉਹ ਬੜਾ ਔਖਾ ਹੋ ਕੇ ਕਰਦਾ ਸੀ। ਉਸ ਦਾ ਇੱਕੋ ਇੱਕ ਪੁੱਤਰ ਸੀ ਅਤੇ ਉਸ ਨੂੰ ਪਤੰਗ ਬਣਾਉਣਾ ਚੰਗਾ ਨਹੀਂ ਲੱਗਦਾ ਸੀ, ਇਸ ਲਈ ਉਹ ਕਿਸੇ ਸਰਕਾਰੀ ਦਫ਼ਤਰ ਵਿੱਚ ਕਲੱਰਕ ਲੱਗ ਗਿਆ ਸੀ। ਬੁਢਾਪੇ ਕਾਰਨ ਉਸ ਦੀ ਬੀਵੀ ਵੀ ਝਗੜਾਲੂ ਸੁਭਾਅ ਦੀ ਹੋ ਗਈ ਸੀ। ਜਦ ਉਹ ਇਦਰੀਸ ਨੂੰ ਟੋਕ-ਟੁਕੱਈਆ ਨਾ ਕਰਦੀ ਤਾਂ ਆਪਣੀ ਨੂੰਹ ਨੂੰ ਕਿਸੇ ਨਾ ਕਿਸੇ ਬਹਾਨੇ ਬੁਰਾ ਭਲਾ ਕਹਿੰਦੀ ਰਹਿੰਦੀ।

ਇਦਰੀਸ ਆਪਣੇ ਗ਼ੁਜ਼ਰੇ ਹੋਏ ਰੰਗੀਨ ਦਿਨਾਂ ਨੂੰ ਯਾਦ ਕਰਦਾ ਰਹਿੰਦਾ। ਉਸ ਨੇ ਆਪਣੀ ਜ਼ਿੰਦਗੀ ਵਿੱਚ ਹਜ਼ਾਰਾਂ ਪਤੰਗ ਬਣਾਏ ਸਨ, ਪਰ ਉਸ ਨੂੰ ਲੱਗਦਾ ਸੀ ਕਿ ਹਾਲੇ ਵੀ ਉਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਤੰਗ ਨਹੀਂ ਬਣਾਇਆ। ਹੁਣ ਉਸ ਕੋਲ ਨਾ ਤਾਂ ਪਹਿਲਾਂ ਵਾਲੀ ਤਾਕਤ ਰਹੀ ਸੀ ਅਤੇ ਨਾ ਹੀ ਪਤੰਗ ਬਣਾਉਣ ਲਈ ਸਾਧਨ। ਇਸ ਭੱਜ-ਦੌੜ ਵਾਲੇ ਸਮੇਂ ਵਿੱਚ ਲੋਕਾਂ ਨੂੰ ਪਤੰਗ-ਬਾਜ਼ੀ ਵਿੱਚ ਦਿਲਚਸਪੀ ਵੀ ਨਹੀਂ ਰਹੀ ਸੀ। ਬੱਚੇ ਗਲੀਆਂ ਵਿੱਚ ਸਾਰਾ ਦਿਨ ਹਾਕੀ ਅਤੇ ਕ੍ਰਿਕਿਟ ਖੇਡਦੇ ਅਤੇ ਗਲਾ ਪਾੜ ਪਾੜ ਉਂਚੀ ਆਵਾਜ਼ ਵਿੱਚ ਰੌਲਾ ਪਾਉਂਦੇ ਰਹਿੰਦੇ, ਪਤੰਗ ਉਡਾਉਣਾ ਤਾਂ ਹੁਣ ਬੇਕਾਰ ਜਿਹੀ ਖੇਡ ਮੰਨੀ ਜਾਣ ਲੱਗੀ ਸੀ।

ਆਪਣੇ ਛੋਟੇ ਜਿਹੇ ਘਰ ਦੇ ਬਾਹਰ ਮੰਜੀ ਤੇ ਬੈਠਾ ਇਦਰੀਸ ਆਪਣੇ ਗੁਜ਼ਰੇ ਵਕਤ ਦੀਆਂ ਯਾਦਾਂ ਵਿੱਚ ਗੁੰਮ ਸੀ, ਜਦ ਉਸ ਨੂੰ ਇੱਕ ਬੜੀ ਉਂਚੀ ਆਵਾਜ਼ ਨੇ ਖਿਆਲੀ ਉਡਾਰੀਆਂ ਵਿੱਚੋਂ ਕੱਢ ਮਾਰਿਆ। ਸੰਜੂ ਨੇ ਸੋਚਿਆ ਕਿ ਇਦਰੀਸ ਸੁੱਤਾ ਹੋਇਆ ਹੈ ਅਤੇ ਉਸ ਨੂੰ ਉਠਾਉਣ ਲਈ ਉਹ ਉੱਚੀ ਉੱਚੀ ਆਵਾਜ਼ ਦੇ ਰਿਹਾ ਸੀ। ਸੇਠ ਰਾਮ ਨਾਥ ਦੀ ਪਤਨੀ ਦਾ ਇੱਕ ਸਾਲ ਪਹਿਲਾਂ ਜਵਾਨੀ ਦੀ ਉਮਰੇ ਹੀ ਦਿਹਾਂਤ ਹੋ ਗਿਆ ਸੀ, ਸੱਤ ਸਾਲਾਂ ਦਾ ਸੰਜੂ ਉਸ ਦਾ ਹੀ ਪੁੱਤਰ ਸੀ। ਸੇਠ ਰਾਮ ਨਾਥ ਨੇ ਆਪਣੀ ਪਤਨੀ ਦੇ ਦੁਖ ਨੂੰ ਕੁਝ ਘੱਟ ਕਰਨ ਦੀ ਕੋਸ਼ਿਸ਼ ਵਿੱਚ, ਬਿਜ਼ਨਿਸ ਦੇ ਕੰਮਾਂ ਵਿੱਚ ਰੁਝਾਨ ਜ਼ਰਾ ਜ਼ਿਆਦਾ ਹੀ ਵਧਾ ਦਿੱਤਾ ਸੀ, ਪਰ ਸੰਜੂ ਨੂੰ ਮਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਸੀ। ਉਸ ਦੇ ਪਿਤਾ ਨੇ ਉਸ ਨੂੰ ਸਮਝਾਇਆ ਸੀ ਕਿ ਉਸ ਦੀ ਮੰਮੀ ਹੁਣ ਅਸਮਾਨ ਵਿੱਚ ਪਰੀਆਂ ਵਾਂਗ ਰਹਿੰਦੀ ਹੈ ਅਤੇ ਉਸ ਨੂੰ ਉਪਰੋਂ ਹੀ ਦੇਖਦੀ ਰਹਿੰਦੀ ਹੈ। ਸੰਜੂ ਦੇ ਮਾਸੂਮ ਮਨ ਨੂੰ ਕਦੀ ਇਹ ਸਮਝ ਨਹੀਂ ਆਈ ਕਿ ਉਸ ਦੀ ਮੰਮੀ ਹੁਣ ਕਦੀ ਵਾਪਸ ਨਹੀਂ ਆ ਸਕੇਗੀ, ਉਸ ਦਾ ਭੋਲਾ ਮਨ ਤਾਂ ਇਹ ਹੀ ਮੰਨੀ ਬੈਠਾ ਸੀ ਕਿ ਇੱਕ ਦਿਨ ਉਸ ਦੀ ਮੰਮੀ ਪਰੀ ਵਾਂਗ ਉਂਡ ਕੇ ਵਾਪਸ ਜ਼ਰੂਰ ਆਏਗੀ।

“ਇਦਰੀਸ ਬਾਬਾ, ਮੇਰੇ ਜਨਮ ਦਿਨ ਤੇ ਮੇਰੇ ਲਈ ਇੱਕ ਪਤੰਗ ਬਣਾ ਦਿਓ। ਬਾਬਾ, ਮੇਰੀ ਗੱਲ ਸੁਣ ਰਹੇ ਓ ਨਾ? ਮੈਨੂੰ ਇੱਕ ਵੱਡੀ ਸਾਰੀ ਪਤੰਗ ਚਾਹੀਦੀ ਹੈ ਜਿਹੜੀ ਅਸਮਾਨ ਵਿੱਚ ਬਹੁਤ ਉਂਚੀ ਚੜ੍ਹੇ”, ਸੰਜੂ ਬਾਬਾ ਦੀ ਬਾਂਹ ਫੜ ਕੇ ਹਿਲਾਉਂਦਾ ਹੋਇਆ ਬੋਲਿਆ।

“ਕਿਹੜੀ ਪਤੰਗ? ਹੁਣ ਮੈਂ ਕੋਈ ਪਤੰਗ ਨਹੀਂ ਬਣਾਉਂਦਾ। ਮੈਂ ਤਾਂ ਚੰਗੀ ਤਰ੍ਹਾਂ ਦੇਖ ਵੀ ਨਹੀਂ ਸਕਦਾ। ਹੁਣ ਮੈਂ ਬੁੱਢਾ ਹੋ ਗਿਆ ਹਾਂ ਨਾ, ਮੈਂ ਕੋਈ ਪਤੰਗ ਨਹੀਂ ਬਣਾ ਸਕਦਾ। ਤੂੰ ਮੇਰੇ ਕੋਲ ਕੀ ਕਰਨ ਆਇਆ ਐਂ, ਸ਼ਹਿਰ ’ਚ ਹੋਰ ਬਹੁਤ ਦੁਕਾਨਾਂ ਨੇ। ਤੂੰ ਉਂਥੋਂ ਹੀ ਆਪਣੀ ਪਸੰਦ ਦੀ ਪਤੰਗ ਖਰੀਦ ਲੈ”, ਕਹਿ ਇਦਰੀਸ ਆਪਣੇ ਵਰਗਾ ਹੀ ਪੁਰਾਣਾ ਜਿਹਾ ਹੁੱਕਾ ਲੈ ਕੇ ਬੈਠ ਗਿਆ।

“ਪਰ ਇਦਰੀਸ ਬਾਬਾ, ਕੋਈ ਵੀ ਤੁਹਾਡੇ ਵਰਗੀ ਪਤੰਗ ਨਹੀਂ ਬਣਾ ਸਕਦਾ। ਮੈਨੂੰ ਐਨੀ ਵੱਡੀ ਪਤੰਗ ਚਾਹੀਦੀ ਐ ਜਿਹੜੀ ਬਹੁਤ ਉਪਰ ਤੱਕ ਜਾਏ,” ਸੰਜੂ ਬੋਲਿਆ। ਉਸ ਦੀਆਂ ਅੱਖਾਂ ਵਿੱਚ ਚਮਕ ਦਿਸ ਰਹੀ ਸੀ ਜਦ ਉਹ ਆਪਣੇ ਛੋਟੇ ਛੋਟੇ ਹੱਥ ਫੈਲਾ ਕੇ ਦੱਸ ਰਿਹਾ ਸੀ ਕਿ ਕਿੰਨੀ ਵੱਡੀ ਪਤੰਗ ਉਹ ਚਾਹੁੰਦਾ ਸੀ।

“ਪੁੱਤਰ, ਮੈਂ ਹੁਣ ਕਿਸੇ ਤਰ੍ਹਾਂ ਦੀ ਵੀ ਪਤੰਗ ਨਹੀਂ ਬਣਾ ਸਕਦਾ। ਜਾਹ ਕਿਸੇ ਹੋਰ ਤੋਂ ਆਪਣੀ ਪਤੰਗ ਖਰੀਦ ਲੈ, ਮੇਰਾ ਪਿੱਛਾ ਛੱਡ”, ਬਜ਼ੁਰਗ ਜਵਾਬ ਦਿੰਦਿਆਂ ਹੀ ਮੁੰਡੇ ਨੂੰ ਜਾਣ ਲਈ ਇਸ਼ਾਰਾ ਕਰਨ ਲੱਗਾ।

“ਬਾਬਾ, ਤੁਸੀਂ ਮੇਰੀ ਗੱਲ ਨਹੀਂ ਸਮਝੇ। ਮੇਰੀ ਪਤੰਗ ਅਸਮਾਨ ਨੂੰ ਛੁਹਣੀ ਚਾਹੀਦੀ ਹੈ, ਸਵਰਗ ਤੱਕ ਜਾਣੀ ਚਾਹੀਦੀ ਹੈ। ਮੈਂ ਇਸ ਨਾਲ ਇੱਕ ਚਿੱਠੀ ਭੇਜਣੀ ਹੈ। ਪਲੀਜ਼ ਇਦਰਿਸ ਬਾਬਾ, ਮੇਰੇ ਲਈ ਇੱਕ ਬਹੁਤ ਵੱਡੀ ਪਤੰਗ ਬਣਾ ਦਓ। ਮੈਂ ਹੋਰ ਕਿਸੇ ਕੋਲੋਂ ਨਹੀਂ ਲੈਣੀ, ਮੈਂ ਤਾਂ ਤੁਹਾਡੇ ਕੋਲੋਂ ਹੀ ਬਣਵਾਉਣੀ ਹੈ”, ਸੰਜੂ ਨੇ ਜ਼ੋਰ ਪਾਇਆ।

“ਕਿਹੜੀ ਚਿੱਠੀ, ਪੁੱਤਰ? ਪਤੰਗਾਂ ਰਾਹੀਂ ਕੌਣ ਚਿੱਠੀਆਂ ਭੇਜਦੈ? ਐਵੇਂ ਆਲਤੂ ਫਾਲਤੂ ਨਾ ਬੋਲ ਅਤੇ ਜਾਹ ਇਥੋਂ, ਮੈਨੂੰ ਇਕੱਲਾ ਬੈਠਣ ਦੇ”, ਇਦਰਿਸ ਨੇ ਖਿਝਦਿਆਂ ਕਿਹਾ।

“ਬਾਬਾ, ਤੁਹਾਨੂੰ ਪਤਾ ਨਹੀਂ, ਮੇਰੇ ਮੰਮੀ ਹੁਣ ਉਥੇ ਅਸਮਾਨ ਵਿੱਚ ਰਹਿੰਦੇ ਆ?” ਬੱਚਾ ਬਹੁਤ ਹੈਰਾਨ ਸੀ ਕਿ ਬਜ਼ੁਰਗ ਨੂੰ ਇੰਨੀ ਛੋਟੀ ਜਿਹੀ ਗੱਲ ਦਾ ਵੀ ਨਹੀਂ ਪਤਾ ਸੀ।ਗੱਲ ਜਾਰੀ ਰੱਖਦਿਆਂ ਕਹਿਣ ਲੱਗਾ, “ਪਤੰਗ ਤੋਂ ਬਿਨਾਂ ਚਿੱਠੀ ਭੇਜਣ ਦਾ ਹੋਰ ਕੋਈ ਤਰੀਕਾ ਈ ਨਹੀਂ। ਜਦੋਂ ਮੇਰੀ ਪਤੰਗ ਅਸਮਾਨ ਵਿੱਚ ਉਂਚੀ ਚੜ੍ਹੇਗੀ ਨਾ, ਮੇਰੇ ਮੰਮੀ ਹੇਠਾਂ ਹੋ ਕੇ ਚਿੱਠੀ ਲੈ ਲੈਣਗੇ”, ਸੰਜੂ ਦੀਆਂ ਅੱਖਾਂ ਹੁਣ ਜਿਵੇਂ ਹੱਸ ਰਹੀਆਂ ਸਨ ਅਤੇ ਉਹ ਬਾਬਾ ਦੀ ਬਾਂਹ ਕੂਹਣੀ ਤੋਂ ਫੜ ਕੇ ਹਿਲਾ ਰਿਹਾ ਸੀ ਤਾਂ ਜੋ ਉਸ ਨੂੰ ਆਪਣੀ ਗੱਲ ਸਮਝਾ ਸਕੇ।

ਇਦਰੀਸ ਸਮਝ ਗਿਆ ਸੀ ਕਿ ਸੰਜੂ ਜਿਹੜੀ ਸੋਚ ’ਚ ਉਡਾਰੀ ਮਾਰ ਰਿਹਾ ਸੀ, ਉਸ ਵਿੱਚੋਂ ਉਸ ਨੂੰ ਕੱਢਣ ਦਾ ਕੋਈ ਤਰੀਕਾ ਨਹੀਂ ਸੀ। ਉਹ ਇੱਕ ਛੋਟਾ ਜਿਹਾ ਬੱਚਾ ਹੀ ਤਾਂ ਸੀ, ਉਹ ਮੌਤ ਦੀ ਸਚਾਈ ਕਿਂਥੇ ਸਮਝਣ ਵਾਲਾ ਸੀ। ਜੇ ਉਸ ਨੂੰ ਸਾਰੀ ਗੱਲ ਸਮਝਾਈ ਜਾਵੇ ਤਾਂ ਉਸ ਦਾ ਮਾਸੂਮ ਦਿਲ ਟੁੱਟ ਜਾਏਗਾ ਅਤੇ ਉਸ ਦੇ ਸਾਰੇ ਸੁਪਨੇ ਬਿਖਰ ਜਾਣਗੇ। ਇਦਰੀਸ ਨੇ ਹਾਲੇ ਤੱਕ ਜ਼ਿੰਦਗੀ ਵਿੱਚ ਕਿਸੇ ਦਾ ਦਿਲ ਨਹੀਂ ਤੋੜਿਆ ਸੀ, ਉਹ ਕਿਸੇ ਬੱਚੇ ਦੇ ਸੁਪਨਿਆਂ ਨਾਲ ਭਰੇ ਦਿਲ ਨੂੰ ਕਿਵੇਂ ਤੋੜ ਸਕਦਾ ਸੀ। ਉਹ ਸਮਝ ਗਿਆ ਸੀ ਕਿ ਉਹ ਜਿਹੜਾ ਮਰਜ਼ੀ ਬਹਾਨਾ ਕਰੇ, ਸੰਜੂ ਤੇ ਕੋਈ ਅਸਰ ਨਹੀਂ ਹੋਣ ਲੱਗਾ, ਇਸ ਲਈ ਉਸ ਨੂੰ ਪਤੰਗ ਬਣਾਉਣੀ ਹੀ ਪਵੇਗੀ; ਇੱਕ ਬਹੁਤ ਵੱਡੀ ਅਸਮਾਨ ’ਚ ਪਹੁੰਚ ਸਕਣ ਵਾਲੀ ਪਤੰਗ।

“ਚੰਗਾ..ਚੰਗਾ ਬੱਚੇ, ਮੈਂ ਤੇਰੇ ਲਈ ਪਤੰਗ ਬਣਾ ਦਿਆਂਗਾ। ਤੂੰ ਮੈਨੂੰ ਇਹ ਦੱਸ ਕਿ ਚਿੱਠੀ ਵਿੱਚ ਕੀ ਲਿਖੇਂਗਾ?” ਉਹ ਕਹਿਣ ਲੱਗਾ, ਹੁਣ ਉਸ ਦੀ ਦਿਲਚਸਪੀ ਬੱਚੇ ਦੀਆਂ ਗੱਲਾਂ ਵਿੱਚ ਹੋ ਗਈ ਸੀ।

ਸੰਜੂ ਬੜੇ ਹੀ ਜੋਸ਼ ਨਾਲ ਦੱਸਣ ਲੱਗਾ, “ਮੈਂ ਬਹੁਤ ਸਾਰੀਆਂ ਗੱਲਾਂ ਲਿਖਾਂਗਾ। ਮੈਂ ਲਿਖਾਂਗਾ ਕਿ ਮੰਮੀ ਮੇਰੀ ਫਿਕਰ ਬਿਲਕੁਲ ਨਾ ਕਰਨ, ਮੇਰੇ ਪਾਪਾ ਮੇਰਾ ਬਹੁਤ ਖਿਆਲ ਰੱਖਦੇ ਐਂ। ਮੇਰੇ ਟੀਚਰ ਵੀ ਮੈਨੂੰ ਨਹੀਂ ਮਾਰਦੇ, ਉਨ੍ਹਾਂ ਨੂੰ ਪਤਾ ਹੈ ਕਿ ਮੇਰੇ ਮੰਮੀ ਨਹੀਂ ਐਂ। ਸਾਰੇ ਮੇਰੇ ਨਾਲ ਚੰਗੀ ਤਰ੍ਹਾਂ ਰਹਿੰਦੇ ਐਂ, ਹੁਣ ਮੰਮੀ ਨੂੰ ਮੇਰੀ ਫਿਕਰ ਦੀ ਲੋੜ ਨਹੀਂ। ਫੇਰ ਵੀ ਮੰਮੀ ਬਿਨਾਂ ਮੈਨੂੰ ਸਾਰਾ ਕੁਝ ਖਾਲੀ ਜਿਹਾ ਲੱਗਦੈ। ਜੇ ਉਹ ਮੇਰੇ ਕੋਲ ਨਹੀਂ ਆ ਸਕਦੇ, ਜਦੋਂ ਮੈਂ ਰਾਤ ਨੂੰ ਸੌਣ ਲੱਗਦਾ ਆਂ, ਉਹ ਮੈਨੂੰ ਅਸਮਾਨ ਵਿੱਚੋਂ ਤਾਂ ਦੇਖ ਸਕਦੇ ਆ”, ਸੰਜੂ ਇੱਕ ਦਮ ਚੁੱਪ ਕਰ ਗਿਆ। ਜਦ ਉਸ ਨੇ ਬਜ਼ੁਰਗ ਨੂੰ ਪੂਰੇ ਧਿਆਨ ਨਾਲ ਸੁਣਦਿਆਂ ਦੇਖਿਆ, ਕਹਿਣ ਲੱਗਾ, “ਇਦਰਿਸ ਬਾਬਾ, ਮੈਨੂੰ ਲੱਗਦੈ ਛੋਟੀ ਚਿੱਠੀ ਹੀ ਠੀਕ ਰਹੇਗੀ, ਹੈ ਨਾ?”

“ਹਾਂ.. ਹਾਂ, ਮੇਰੇ ਬੱਚੇ, ਛੋਟੀ ਚਿੱਠੀ ਹੀ ਠੀਕ ਰਹੇਗੀ। ਮੈਂ ਤੇਰੇ ਲਈ ਐਸੀ ਪਤੰਗ ਬਣਾਵਾਂਗਾ ਜੈਸੀ ਕਿਸੇ ਨੇ ਨਾ ਦੇਖੀ ਹੋਏ। ਤੂੰ ਕਹਿ ਰਿਹਾ ਸੀ ਨਾ ਕਿ ਤੈਨੂੰ ਪਤੰਗ ਤੇਰੇ ਜਨਮ-ਦਿਨ ਤੇ ਚਾਹੀਦੀ ਹੈ, ਇੰਸ਼ਾ-ਅੱਲਾ, ਤੈਨੂੰ ਜ਼ਰੂਰ ਮਿਲੇਗੀ। ਮੈਂ ਖੁਦ ਤੇਰੇ ਘਰ ਪਤੰਗ ਦੇਣ ਲਈ ਆਵਾਂਗਾ। ਪੁੱਤਰ, ਤੂੰ ਆਪਣੀ ਚਿੱਠੀ ਤਿਆਰ ਰੱਖੀਂ। ਪਤੰਗ ਤਾਂ ਜ਼ਰੂਰ ਬਣਾਉਣੀ ਪਏਗੀ, ਇਹ ਤਾਂ ਬਹੁਤ ਹੀ ਜ਼ਰੁਰੀ ਹੈ। ਤੇਰੀ ਚਿੱਠੀ ਹੁਣ ਹੋਰ ਪਿੱਛੇ ਤਾਂ ਨਹੀਂ ਪਾਈ ਜਾ ਸਕਦੀ। ਕਲ੍ਹ ਤੇਰਾ ਜਨਮ-ਦਿਨ ਐ। ਕਿੰਨਾ ਚੰਗਾ ਬੱਚਾ ਐਂ ਤੂੰ ਜਿਹੜਾ ਆਪਣੀ ਮੰਮੀ ਨੂੰ ਚਿੱਠੀ ਲਿਖ ਰਿਹਾ ਐਂ”। ਬਜ਼ੁਰਗ ਦੇ ਪਤੰਗ ਵਾਲੇ ਵਾਇਦੇ ਨੂੰ ਸੁਣ ਕੇ ਖੁਸ਼ ਹੋਇਆ ਸੰਜੂ ਪਹਿਲਾਂ ਹੀ ਆਪਣੇ ਘਰ ਵੱਲ ਤੁਰ ਪਿਆ ਸੀ ਅਤੇ ਇਦਰੀਸ ਬੱਚੇ ਦੀ ਜਗ੍ਹਾ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਸੀ।

ਇਦਰੀਸ ਨੇ ਆਪਣਾ ਹੁੱਕਾ ਪਰ੍ਹਾਂ ਕੀਤਾ ਅਤੇ ਬਿਨਾਂ ਕਿਸੇ ਨੂੰ ਦੱਸਿਆਂ ਖੇਤਾਂ ਵੱਲ ਨੂੰ ਚਲਾ ਗਿਆ। ਘੰਟੇ ਕੁ ਬਾਅਦ ਉਹ ਤਾਜ਼ੇ ਕੱਟੇ ਹੋਏ ਬਾਂਸ ਦੀ ਟਾਹਣੀ ਅਤੇ ਗੁੱਡੀ ਕਾਗ਼ਜ਼ ਲੈ ਵਾਪਸ ਪਰਤਿਆ। ਉਸ ਨੇ ਚੁੱਲ੍ਹੇ ਵਿੱਚ ਫੂਕਾਂ ਮਾਰ ਅੱਗ ਥੋੜ੍ਹੀ ਤੇਜ਼ ਕੀਤੀ ਅਤੇ ਆਪਣੇ ਹੱਥਾਂ ਨਾਲ ਲੇਵੀ ਤਿਆਰ ਕੀਤੀ। ਉਸ ਦੀ ਬੀਵੀ ਅਤੇ ਨੂੰਹ ਨੇ ਪਿਛਲੇ ਪੰਜ ਸਾਲਾਂ ਵਿੱਚ ਕਦੀ ਵੀ ਉਸ ਨੂੰ ਇਹ ਕੰਮ ਕਰਦਿਆਂ ਨਹੀਂ ਦੇਖਿਆ ਸੀ। ਉਨ੍ਹਾਂ ਨੇ ਉਸ ਨੂੰ ਹੈਰਾਨ ਹੋ ਪੁੱਛਿਆ ਕਿ ਉਹ ਕੀ ਕਰ ਰਿਹਾ ਸੀ। ਉਹ ਕਹਿਣ ਲੱਗਾ, “ਤੁਹਾਨੂੰ ਦਿਸਦਾ ਨਹੀਂ ਮੈਂ ਪਤੰਗ ਬਣਾ ਰਿਹਾ ਹਾਂ? ਇੱਕ ਬਹੁਤ ਵੱਡੀ ਪਤੰਗ। ਸੰਜੂ ਲਈ ਪਤੰਗ, ਪਤਾ ਐ ਨਾ ਸੰਜੂ ਕਿਹੜਾ? ਸ਼ੇਠ ਰਾਮ ਨਾਥ ਦਾ ਛੋਟਾ ਜਿਹਾ ਬੇਟਾ, ਬਹੁਤ ਹੀ ਚੰਗਾ ਬੱਚਾ ਹੈ। ਕਲ੍ਹ ਉਸ ਦਾ ਜਨਮ-ਦਿਨ ਐ। ਉਸ ਨੇ ਬੜੇ ਹੀ ਪਿਆਰ ਨਾਲ ਮੈਨੂੰ ਕਿਹਾ ਕਿ ਮੈਂ ਉਸ ਲਈ ਪਤੰਗ ਬਣਾਵਾਂ, ਮੈਂ ਉਸ ਦਾ ਦਿਲ ਕਿਵੇਂ ਤੋੜ ਸਕਦਾ ਸੀ, ਮੈਂ ਸਾਰੀ ਉਮਰ ਤਾਂ ਕਿਸੇ ਦਾ ਦਿਲ ਨਹੀਂ ਦੁਖਾਇਆ, ਤੁਹਾਨੂੰ ਪਤਾ ਈ ਐ। ਬਸ, ਇਹ ਆਖਰੀ ਪਤੰਗ ਬਣਾਵਾਂਗਾ। ਫਿਰ ਕਿਸੇ ਲਈ ਵੀ ਪਤੰਗ ਨਹੀਂ ਬਣਾਉਣੀ, ਸੰਜੂ ਲਈ ਵੀ ਨਹੀਂ”, ਇਦਰੀਸ ਜੁਆਬ ਦਿੰਦਿਆਂ ਨਾਲ ਹੀ ਪਤੰਗ ਦੇ ਕੰਮ ਵਿੱਚ ਰੁੱਝ ਗਿਆ; ਵਿੱਚ ਜਿਹੇ ਆਪਣੀਆਂ ਅੱਖਾਂ ਸੁੰਗੜਾ ਕੇ ਧਿਆਨ ਨਾਲ ਦੇਖਦਾ ਅਤੇ ਕਦੀ ਆਪਣੇ ਹਿੱਲਦੇ ਕੰਬਦੇ ਸੱਜੇ ਹੱਥ ਨੂੰ ਖੱਬੇ ਹੱਥ ਨਾਲ ਸੰਭਾਲਦਾ। ਉਸ ਤੇ ਸੰਜੂ ਦੀਆਂ ਭੋਲੀਆਂ ਗੱਲਾਂ ਦਾ ਇੰਨਾ ਅਸਰ ਹੋਇਆ ਸੀ ਕਿ ਉਹ ਇਹ ਮੰਨਣ ਲੱਗ ਗਿਆ ਸੀ ਕਿ ਸੰਜੂ ਦੇ ਮੰਮੀ ਤੱਕ ਚਿੱਠੀ ਦਾ ਪਹੁੰਚਣਾ ਨਾਮੁਮਕਿਨ ਨਹੀਂ ਹੈ। ਹੁਣ, ਉਹ ਵੀ ਸੰਜੂ ਦੇ ਚਿੱਠੀ ਪਹੁੰਚਾਉਣ ਦੇ ਸੁਪਨੇ ਵਿੱਚ ਸ਼ਾਮਿਲ ਹੋ ਗਿਆ ਸੀ।

ਬੁੱਢੇ ਇਦਰੀਸ ਨੇ ਸਾਰੀ ਸ਼ਾਮ ਪਤੰਗ ਬਣਾਉਣ ਵਿੱਚ ਲੰਘਾ ਦਿੱਤੀ ਅਤੇ ਰਾਤ ਨੂੰ ਸੁੱਕ ਜਾਏ, ਇਸ ਲਈ ਪਤੰਗ ਨੂੰ ਅੰਦਰ ਵਾਲੀ ਕੰਧ ਤੇ ਟੰਗ ਦਿੱਤਾ। ਸਾਰੀ ਰਾਤ ਉਹ ਸੁਪਨਿਆਂ ਵਿੱਚ ਸੰਜੂ ਨਾਲ ਪਤੰਗ ਉਡਾਉਣ ਦੇ ਅਤੇ ਉਸ ਦੀ ਮੰਮੀ ਨੂੰ ਪਤੰਗ ’ਚੋਂ ਚਿੱਠੀ ਲੈਣ ਵਾਲੇ ਸੁਪਨੇ ਦੇਖਦਾ ਰਿਹਾ। ਅਗਲੇ ਦਿਨ, ਸਵੇਰੇ ਸਵੇਰ ਹੀ ਉਸ ਨੇ ਕਿੱਲੀ ਤੋਂ ਪਤੰਗ ਉਤਾਰੀ ਅਤੇ ਜ਼ਮੀਨ ਤੇ ਵਿਛਾ ਦਿੱਤੀ।

ਇਦਰੀਸ ਨੂੰ ਆਪਣੀ ਬਣਾਈ ਪਤੰਗ ਬਹੁਤ ਚੰਗੀ ਲੱਗੀ। ਪਤੰਗ ਸਾਰੇ ਪਾਸਿਓਂ ਬਿਲਕੁਲ ਜਚ ਰਹੀ ਸੀ। ਕਾਗ਼ਜ਼ ਵਿੱਚ ਕਿਤੇ ਵੀ ਵਲ ਨਹੀਂ ਸੀ। ਲੇਵੀ ਵੀ ਠੀਕ ਲੱਗੀ ਸੀ। ਬਾਂਸ ਵਿੱਚ ਕਿਤੇ ਵੀ ਕੋਈ ਗੰਢ ਨਹੀਂ ਸੀ। ਕਾਗ਼ਜ਼ ਬਾਂਸ ਦੀਆਂ ਤੀਲੀਆਂ ਨਾਲ ਬੜੇ ਹੀ ਸੁਚੱਜੇ ਢੰਗ ਅਤੇ ਸਫ਼ਾਈ ਨਾਲ ਜੁੜਿਆ ਸੀ। ਪਤੰਗ ਇੰਜ ਲੱਗ ਰਹੀ ਸੀ ਜਿਵੇਂ ਕੋਈ ਪਰੀ ਉਂਡਣ ਲਈ ਤਿਆਰ ਹੋਵੇ। ਵਾਕਿਆ ਹੀ, ਪਤੰਗ ਬਹੁਤ ਵਧੀਆ ਬਣੀ ਸੀ। ਇਦਰੀਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਪਤੰਗ ਨਹੀਂ ਬਣਾਈ ਸੀ। ਉਸ ਦੀਆਂ ਉਂਗਲਾਂ ਪਤੰਗ ਨੂੰ ਬੜੇ ਹੀ ਪਿਆਰ ਨਾਲ ਛੂਹ ਰਹੀਆਂ ਸਨ। ਇਦਰੀਸ਼ ਦੀ ਬੀਵੀ, ਬੇਟੇ ਅਤੇ ਨੂੰਹ ਨੇ ਪਤੰਗ ਦੀ ਸਰਾਹਣਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਪਤੰਗ ਨੂੰ ਆਪਣੇ ਕੋਲ ਹੀ ਰੱਖੇ ਅਤੇ ਕਿਸੇ ਨੂੰ ਨਾ ਦੇਵੇ ਕਿਉਂਕਿ ਇਹ ਉਸ ਦੀ ਸਭ ਤੋਂ ਵਧੀਆ ਪਤੰਗ ਸੀ ਅਤੇ ਸੰਜੂ ਲਈ ਹੋਰ ਪਤੰਗ ਬਣਾ ਦੇਵੇ।

ਪਰ, ਇਦਰੀਸ ਆਪਣੇ ਇਰਾਦੇ ਵਿੱਚ ਪੱਕਾ ਸੀ, ਕਹਿਣ ਲੱਗਾ, “ਨਹੀਂ, ਇਹ ਪਤੰਗ ਮੈਂ ਖਾਸ ਸੰਜੂ ਲਈ ਬਣਾਈ ਹੈ, ਹੋਰ ਕਿਸੇ ਲਈ ਨਹੀਂ। ਇਹ ਮੇਰੀ ਆਖਰੀ ਪਤੰਗ ਹੈ, ਮੈਂ ਹੁਣ ਹੋਰ ਪਤੰਗਾਂ ਨਹੀਂ ਬਣਾਵਾਂਗਾ। ਮੈਨੂੰ ਪਤਾ ਹੈ ਕਿ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਪਤੰਗ ਹੈ। ਸੰਜੂ ਇਸ ਸੁਹਣੀ ਪਤੰਗ ਦਾ ਹੱਕਦਾਰ ਹੈ। ਜ਼ਰਾ ਸੋਚੋ, ਉਹ ਇਹ ਪਤੰਗ ਲੈ ਕੇ ਕਿੰਨਾ ਖੁਸ਼ ਹੋਏਗਾ। ਉਹ ਚਾਹੁੰਦਾ ਸੀ ਕਿ ਪਤੰਗ ਅਸਮਾਨ ਨੂੰ ਛੂਹ ਲਏ ਅਤੇ ਮੈਨੂੰ ਯਕੀਨ ਹੈ ਕਿ ਇਹ ਪਤੰਗ ਅਸਮਾਨ ਜ਼ਰੂਰ ਛੂਹ ਲਏਗੀ”, ਇਦਰੀਸ ਨੇ ਆਪਣੀ ਗੱਲ ਤੇ ਜ਼ੋਰ ਦਿੰਦਿਆਂ ਕਿਹਾ।

ਜਿਉਂ ਜਿਉਂ ਦਿਨ ਨਿਕਲ ਰਿਹਾ ਸੀ, ਇਦਰੀਸ ਦੇ ਘਰ ਦੇ ਬਾਹਰ ਬੱਚੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਉਥੇ ਜਮਘਟ ਹੋ ਰਿਹਾ ਸੀ, ਵੱਡੇ ਵੀ ਇਕੱਠੇ ਹੋ ਰਹੇ ਸਨ। ਹਰ ਕੋਈ ਇੱਕ ਵਾਰ ਪਤੰਗ ਦੇਖਣਾ ਚਾਹੁੰਦਾ ਸੀ। ਬੁੱਢੇ ਇਦਰੀਸ ਅਤੇ ਉਸ ਦੀ ਬੀਵੀ ਨੇ ਲੋਕਾਂ ਨੂੰ ਪਰ੍ਹਾਂ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ, ਕੋਈ ਨਹੀਂ ਸੁਣਦਾ ਸੀ। ਜਿਸ ਨੇ ਪਤੰਗ ਦੇਖੀ, ਉਸ ਦੀ ਸਰਾਹਣਾ ਕੀਤੀ। ਹਰ ਕੋਈ ਕਹਿ ਰਿਹਾ ਸੀ ਕਿ ਇਸ ਤਰ੍ਹਾਂ ਦੀ ਪਤੰਗ ਪਹਿਲਾਂ ਕਦੀ ਨਹੀਂ ਦੇਖੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਵਧੀਆ ਪਤੰਗ ਸੀ। ਕੁਝ ਨੇ ਇਸ ਪਤੰਗ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਪਰ, ਇਦਰੀਸ ਨੂੰ ਪੈਸੇ ਕਮਾਉਣ ਦਾ ਲਾਲਚ ਨਹੀਂ ਸੀ। ਉਸ ਨੇ ਇਹ ਕਹਿੰਦਿਆਂ ਸਭ ਦੀ ਮੰਗ ਠੁਕਰਾ ਦਿੱਤੀ, “ਤੁਸੀਂ ਲੋਕ ਸਮਝਦੇ ਕਿਉਂ ਨਹੀਂ, ਇਹ ਪਤੰਗ ਮੈਂ ਖਾਸ ਕਰ ਸੰਜੂ ਲਈ ਬਣਾਈ ਹੈ, ਵੇਚਣ ਲਈ ਨਹੀਂ। ਅੱਜ ਉਸ ਦਾ ਜਨਮਦਿਨ ਹੈ”।

ਇਦਰੀਸ ਸਾਰਾ ਦਿਨ ਆਪਣੀ ਮੰਜੀ ਤੇ ਬੈਠਾ ਧੁੱਪ ਸੇਕਦਾ ਰਿਹਾ ਅਤੇ ਪਤੰਗ ਬਾਰੇ ਲੋਕਾਂ ਦੀਆਂ ਤਾਰੀਫ਼ਾਂ ਸੁਣਦਾ ਰਿਹਾ। ਪਰ, ਉਹ ਉਸ ਪਲ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਜਦ ਸ਼ਾਮ ਹੋਣ ਤੇ ਉਹ ਇਹ ਪਤੰਗ ਸੰਜੂ ਨੂੰ ਦੇਵੇਗਾ ਅਤੇ ਸੰਜੂ ਦੀਆਂ ਅੱਖਾਂ ਵਿੱਚ ਉਸ ਨੂੰ ਅਦੁਤੀ ਚਮਕ ਨਜ਼ਰ ਆਵੇਗੀ।

ਅਖੀਰ ਦਿਨ ਢਲ ਗਿਆ। ਇਦਰੀਸ ਨੇ ਹੁੱਕੇ ਦਾ ਵੱਡਾ ਕਸ਼ ਮਾਰਿਆ ਅਤੇ ਮੰਜੀ ਤੋਂ ਉੱਠ ਗਿਆ। ਉਸ ਨੇ ਆਪਣੀ ਪੁਰਾਣੀ ਜੁੱਤੀ ਝਾੜ ਕੇ ਪੈਰਾਂ ਵਿੱਚ ਪਾਈ। ਫਿਰ, ਉਸ ਨੇ ਆਪਣੇ ਹੱਥ ਫੈਲਾ ਕੇ ਪਤੰਗ ਨੂੰ ਦੋਹਾਂ ਕੋਨਿਆਂ ਤੋਂ ਪੋਲੇ ਜਿਹੇ ਫੜਿਆ ’ਤੇ ਪਤੰਗ ਉਸ ਦੇ ਸੀਨੇ ਨਾਲ ਲੱਗ ਗਈ। ਸੰਜੂ ਦੇ ਘਰ ਪਹੁੰਚਣ ਤੱਕ ਕੁਝ ਬੱਚੇ ਉਸ ਦੇ ਪਿੱਛੇ ਪਿੱਛੇ ਚਲਦੇ ਰਹੇ।

ਸੇਠ ਰਾਮ ਨਾਥ ਨੇ ਦਰਵਾਜ਼ਾ ਖੋਲ੍ਹਿਆ। ਉਹ ਸੰਜੂ ਦੇ ਜਨਮਦਿਨ ਮਨਾਉਣ ਲਈ ਕੁਝ ਮਹਿਮਾਨਾਂ ਨੂੰ ਉਡੀਕ ਰਹੇ ਸਨ। ਉਹ ਬੁਂਢੇ ਇਦਰੀਸ ਨੂੰ ਪਤੰਗ ਆਪਣੀ ਛਾਤੀ ਨਾਲ ਲਾਈ ਦੇਖ ਹੱਕਾ ਬੱਕਾ ਰਹਿ ਗਿਆ। “ਕੀ ਗੱਲ ਹੈ ਇਦਰੀਸ, ਕੀ ਚਾਹੀਦਾ ਹੈ? ਤੂੰ ਇਹ ਪਤੰਗ ਲੈ ਕੇ ਇਥੇ ਕਿਉਂ ਆਇਆ ਐਂ?” ਉਸ ਨੇ ਹੈਰਾਨੀ ਨਾਲ ਪੁੱਛਿਆ।

“ਸੰਜੂ ਨੇ ਮੈਨੂੰ ਆਪਣੇ ਜਨਮਦਿਨ ਲਈ ਇੱਕ ਵੱਡੀ ਸਾਰੀ ਪਤੰਗ ਬਣਾਉਣ ਲਈ ਕਿਹਾ ਸੀ। ਮੈਂ ਇਹ ਪਤੰਗ ਉਸ ਨੂੰ ਦੇਣ ਆਇਆ ਹਾਂ। ਦੇਖੋ, ਕਿੰਨੀ ਸੁਹਣੀ ਬਣੀ ਹੈ। ਇਹ ਮੇਰੀ ਜਿੰਦਗੀ ਦੀ ਸਭ ਤੋਂ ਵਧੀਆ ਪਤੰਗ ਹੈ, ਮੈਂ ਖਾਸ ਸੰਜੂ ਲਈ ਬਣਾਈ ਹੈ”, ਇਦਰੀਸ ਨੇ ਸੰਜੂ ਨੂੰ ਲੱਭਣ ਲਈ ਆਪਣੀਆਂ ਅੱਖਾਂ ਤੇ ਜ਼ੋਰ ਪਾਉਂਦਿਆਂ ਜਵਾਬ ਦਿੱਤਾ।

“ਸੰਜੂ ਲਈ ਪਤੰਗ? ਉਸ ਨੇ ਤੈਨੂੰ ਪਤੰਗ ਬਣਾਉਣ ਲਈ ਕਿਹਾ ਸੀ? ਤੂੰ ਬੁੱਢਾ ਤਾਂ ਹੈ ਈ, ਬੇਵਕੂਫ਼ ਵੀ ਹੈਂ, ਇਦਰੀਸ। ਸੰਜੂ ਦੇ ਜਨਮਦਿਨ ਤੇ ਉਸ ਨੂੰ ਹੋਰ ਬੇਸ਼ੁਮਾਰ ਸੁਹਣੇ ਤੋਹਫ਼ੇ ਮਿਲੇ ਹਨ। ਉਹਨੇ ਪਤੰਗ ਕੀ ਕਰਨੀ ਐ? ਇੱਕ ਛੋਟੇ ਜਿਹੇ ਬੱਚੇ ਦੇ ਕਹਿਣ ਤੇ ਹੀ ਤੂੰ ਪਤੰਗ ਬਣਾ ਦਿੱਤੀ। ਲੱਗਦਾ ਐ ਤੇਰਾ ਸਿਰ ਫਿਰ ਗਿਆ ਹੈ। ਪਤੰਗ ਬਣਾਉਣ ਤੋਂ ਪਹਿਲਾਂ ਤੈਨੂੰ ਮੇਰੇ ਤੋਂ ਪੁੱਛਣਾ ਚਾਹੀਦਾ ਸੀ। ਤੂੰ ਆਪਣੀ ਮਿਹਨਤ ਐਵੇਂ ਹੀ ਗੁਆਈ ਹੈ। ਜਾਹ, ਆਪਣੀ ਪਤੰਗ ਵਾਪਸ ਲੈ ਜਾ। ਸੰਜੂ ਨੂੰ ਇਸਦੀ ਕੋਈ ਲੋੜ ਨਹੀਂ”, ਉਸ ਨੇ ਬੜੇ ਗੁੱਸੇ ਨਾਲ ਕਿਹਾ ਅਤੇ ਵਾਪਸ ਘਰ ਅੰਦਰ ਜਾਣ ਲਈ ਮੁੜ ਪਿਆ।

ਉਸੇ ਵੇਲੇ, ਸੰਜੂ ਖੁਸ਼ੀ ਖੁਸ਼ੀ ਭੱਜਦਾ ਹੋਇਆ ਬਾਹਰ ਆਇਆ। ਉਹ ਪਤੰਗ ਦੇਖਦਿਆਂ ਹੀ ਉਂਛਲ ਪਿਆ ਅਤੇ ਉਸਦੀਆਂ ਅੱਖਾਂ ਵਿੱਚ ਸਿਤਾਰੇ ਚਮਕ ਪਏ, “ਬਾਬਾ, ਤੁਸੀਂ ਪਤੰਗ ਬਣਾ ਦਿੱਤੀ। ਕਿੰਨੀ ਸੁਹਣੀ ਹੈ। ਕਿੰਨੀ ਵੱਡੀ ਸਾਰੀ ਪਤੰਗ ਹੈ। ਤੁਸੀਂ ਬਹੁਤ ਚੰਗੇ ਓ, ਇਦਰੀਸ ਬਾਬਾ”, ਉਸ ਨੇ ਇਦਰੀਸ ਦੇ ਹੱਥ ਵਿੱਚੋਂ ਪਤੰਗ ਲੈਂਦਿਆਂ ਕਿਹਾ। ਪਰ, ਜਿਉਂ ਹੀ ਉਸ ਨੇ ਆਪਣੇ ਪਿਤਾ ਦੇ ਚਿਹਰੇ ਤੇ ਗੁੱਸੇ ਨੂੰ ਦੇਖਿਆ, ਉਹ ਉਂਥੇ ਹੀ ਰੁਕ ਗਿਆ।

ਸੇਠ ਰਾਮ ਨਾਥ ਨੂੰ ਇੱਕ ਬੁੱਢੇ ਨਿਕੰਮੇ ਪਤੰਗ ਬਣਾਉਣ ਵਾਲੇ ਅਤੇ ਗਲੀ ਦੇ ਕੁਝ ਛੋਕਰਿਆਂ ਦੇ ਸਾਹਮਣੇ ਆਪਣੀ ਬੇਇਜ਼ਤੀ ਮਹਿਸੂਸ ਹੋਈ। ਉਸ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ। ਉਥੇ ਇਕਦਮ ਚੁੱਪ ਛਾ ਗਈ। ਸੇਠ ਰਾਮ ਨਾਥ ਨੇ ਇੱਕ ਝਟਕੇ ਨਾਲ ਸੰਜੂ ਦੇ ਹੱਥ ਵਿੱਚ ਫੜੀ ਪਤੰਗ ਨੂੰ ਪਾੜ ਦਿੱਤਾ। ਸੰਜੂ ਇਕ ਦਮ ਸਹਿਮ ਗਿਆ। ਕਾਗ਼ਜ਼ ਦਾ ਇੱਕ ਟੁਕੜਾ ਉਸ ਦੇ ਹੱਥੋਂ ਹੇਠਾਂ ਡਿੱਗ ਪਿਆ ਅਤੇ ਉਹ ਰੋਂਦਾ ਰੋਂਦਾ ਅੰਦਰ ਚਲਾ ਗਿਆ।

“ਜਾਹ ਚਲਾ ਜਾਹ ਇਥੋਂ, ਇਦਰੀਸ। ਐਨੇ ਮੁਬਾਰਕ ਮੌਕੇ ਤੇ ਆਪਣੀ ਮਨਹੂਸ ਸ਼ਕਲ ਆ ਮੈਨੂੰ ਦਿਖਾਈ ਐ। ਸਾਰਾ ਮੂਡ ਹੀ ਖਰਾਬ ਕਰ ਦਿੱਤਾ। ਜਾਹ ਲੈ ਜਾ ਆਪਣੀ ਪਤੰਗ, ਮੁੜਕੇ ਮੈਨੂੰ ਆਪਣੀ ਸ਼ਕਲ ਨਾ ਦਿਖਾਈਂ। ਜਾਹ ਦਫ਼ਾ ਹੋ ਜਾ”, ਸੇਠ ਰਾਮ ਨਾਥ ਨੇ ਆਪਣਾ ਉਬਾਲ ਕੱਢਿਆ ਅਤੇ ਦਰਵਾਜ਼ਾ ਇਦਰੀਸ ਦੇ ਮੂੰਹ ਤੇ ਪਟਕ ਦਿੱਤਾ।

ਇਦਰੀਸ ਉਥੇ ਹੀ ਜੜ੍ਹ ਹੋ ਗਿਆ। ਉਸ ਦੀ ਜ਼ਿੰਦਗੀ ਦੀ ਸਭ ਤੋਂ ਵਧੀਆ ਪਤੰਗ, ਉਸ ਦੇ ਪੈਰਾਂ ਵਿੱਚ ਟੋਟੇ ਟੋਟੇ ਹੋਈ ਪਈ ਸੀ। ਉਹ ਕਿਸ ਇਰਾਦੇ ਨਾਲ ਆਇਆ ਸੀ ਅਤੇ ਉਸ ਨੂੰ ਕੀ ਦੇਖਣਾ ਪਿਆ ਸੀ । ਉਹ ਸੰਜੂ ਦੇ ਚਿਹਰੇ ਤੇ ਮੁਸਕਰਾਹਟ ਦੇਖਣ ਲਈ ਆਇਆ ਸੀ ਪਰ, ਉਸ ਨੂੰ ਸੰਜੂ ਦੀਆਂ ਅੱਖਾਂ ਵਿੱਚ ਹੰਝੂ ਦੇਖਣ ਲਈ ਮਿਲੇ। ਉਸ ਨੂੰ ਸੰਜੂ ਦੇ ਸੁਪਨਿਆਂ ਨੂੰ ਪੈਰਾਂ ਥੱਲੇ ਰੁਲਦਿਆਂ ਦੇਖਣਾ ਪਿਆ। ਇਦਰੀਸ ਨੇ ਸਾਰੀ ਉਮਰ ਕਿਸੇ ਦਾ ਦਿਲ ਨਹੀਂ ਦੁਖਾਇਆ ਸੀ, ਪਰ ਅੱਜ ਉਸ ਦਾ ਆਪਣਾ ਦਿਲ ਸ਼ੀਸ਼ੇ ਦੇ ਟੁਕੜੇ ਵਾਂਗ ਚੂਰ ਚੂਰ ਹੋ ਗਿਆ ਸੀ। ਉਸ ਨੂੰ ਆਪਣੀ ਸਭ ਤੋਂ ਵਧੀਆ ਪਤੰਗ ਦੇ ਬਰਬਾਦ ਹੋਣ ਦਾ ਅਫ਼ਸੋਸ ਨਹੀਂ ਸੀ। ਉਸ ਨੂੰ ਅਫ਼ਸੋਸ ਸੀ ਬੱਚੇ ਦੇ ਦਿਲ ਦੁਖਣ ਦਾ ।

ਕਾਫ਼ੀ ਦੇਰ ਬਾਅਦ, ਇਦਰੀਸ ਨੇ ਹੇਠਾਂ ਝੁਕ ਕੇ ਸੰਜੂ ਦੇ ਹੱਥ ’ਚੋਂ ਡਿੱਗਿਆ ਕਾਗ਼ਜ਼ ਦਾ ਟੁਕੜਾ ਚੁੱਕਿਆ। ਇਹ ਉਹ ਚਿੱਠੀ ਸੀ ਜਿਹੜੀ ਸੰਜੂ ਨੇ ਆਪਣੀ ਸਵਰਗਵਾਸੀ ਮੰਮੀ ਲਈ ਲਿਖੀ ਸੀ। ਇਦਰੀਸ ਨੇ ਬੜੇ ਹੀ ਧਿਆਨ ਨਾਲ ਕਾਗ਼ਜ਼ ਦੀ ਤਹਿ ਬਣਾ ਕੇ ਉਸ ਨੂੰ ਆਪਣੀ ਜੇਬ ਵਿੱਚ ਰੱਖ ਲਿਆ। ਉਸ ਫਟੀ ਹੋਈ ਪਤੰਗ ਵੱਲ ਨਜ਼ਰ ਵੀ ਨਾ ਮਾਰੀ ਅਤੇ ਹੌਲੀ ਹੌਲੀ ਵਾਪਸ ਮੁੜ ਗਿਆ। ਰਾਤ ਹੋ ਚੁੱਕੀ ਸੀ ਅਤੇ ਉਹ ਆਪਣੀ ਮੰਜੀ ਤੇ ਇਸ ਤਰ੍ਹਾਂ ਜਾ ਡਿੱਗਾ ਜਿਵੇਂ ਸਾਰੀ ਉਮਰ ਦੀ ਥਕਾਵਟ ਉਸਦੀਆਂ ਹੱਡੀਆਂ ਵਿੱਚ ਸਿੱਕੇ ਵਾਂਗ ਰਚ ਗਈ ਹੋਵੇ। ਉਹ ਆਪਣੇ ਖਿਆਲਾਂ ਵਿੱਚ ਗੁੰਮ ਹੋ ਗਿਆ। ਉਸ ਨੇ ਨਾ ਕੁਝ ਖਾਧਾ ਅਤੇ ਨਾ ਪੀਤਾ। ਉਸ ਨੇ ਆਪਣੀ ਨੂੰਹ ਨੂੰ ਹੁੱਕਾ ਭਰਨ ਵਾਸਤੇ ਵੀ ਨਾ ਕਿਹਾ।

ਇਦਰੀਸ ਬਿਨਾਂ ਕਿਸੇ ਹਿੱਲਜੁਲ ਦੇ ਸ਼ਾਂਤ ਪਿਆ ਰਿਹਾ। ਰਾਤ ਨੂੰ ਉਸ ਨੂੰ ਬੁਖਾਰ ਹੋ ਗਿਆ। ਉਸ ਨੂੰ ਸਾਰੀ ਰਾਤ ਸੰਜੂ ਨਾਲ ਪਤੰਗ ਉਡਾਉਣ ਅਤੇ ਸੰਜੂ ਦੇ ਮੰਮੀ ਨੂੰ ਪਤੰਗ ਲੈਂਦਿਆਂ ਦੇਖਣ ਦੇ ਸੁਪਨੇ ਹੀ ਆਉਂਦੇ ਰਹੇ। ਜਦ ਉਸ ਨੂੰ ਆਪਣਾ ਬੁਖਾਰ ਹੋਰ ਵਧਦਾ ਲੱਗਿਆ, ਇਦਰੀਸ ਨੂੰ ਲੱਗ ਰਿਹਾ ਸੀ ਕਿ ਅਗਲੀ ਸਵੇਰ ਉਸ ਦੇ ਨਸੀਬ ਵਿੱਚ ਨਹੀਂ। ਉਸ ਨੇ ਆਪਣੇ ਬੇਟੇ ਨੂੰ ਬੁਲਾਇਆ ਅਤੇ ਹਿਦਾਇਤ ਦਿੱਤੀ ਕਿ ਉਸ ਦੀ ਜੇਬ ਵਿੱਚ ਪਏ ਹੋਏ ਕਾਗ਼ਜ਼ ਨੂੰ ਉਸ ਦੇ ਨਾਲ ਹੀ ਦਫ਼ਨਾ ਦੇਵੇ ਕਿਉਂਕਿ ਸੰਜੂ ਦੀ ਚਿੱਠੀ ਉਸ ਦੀ ਮੰਮੀ ਤੱਕ ਪਹੁੰਚਾਉਣ ਦਾ ਹੋਰ ਕੋਈ ਜ਼ਰੀਆ ਨਜ਼ਰ ਨਹੀਂ ਸੀ ਆਉਂਦਾ।

ਸਵੇਰ ਤਾਂ ਹੋਈ ਪਰ ਇਦਰੀਸ ਦੀ ਜ਼ਿੰਦਗੀ ਦਾ ਅੰਤ ਹੋ ਗਿਆ। ਉਸ ਨੂੰ ਦਫ਼ਨਾਉਣ ਤੋਂ ਪਹਿਲਾਂ ਜਿਹੜੀ ਕਮੀਜ਼ ਉਸ ਨੂੰ ਪੁਆਈ ਗਈ, ਉਸ ਦੀ ਜੇਬ ਵਿੱਚ ਸੰਜੂ ਦੀ ਚਿੱਠੀ ਵੀ ਨਾਲ ਰੱਖ ਦਿੱਤੀ ਗਈ ਸੀ।

*****

email: mkbhatnagar2000@yahoo.co.in

Phone: 905-804-1805

(18 ਜਨਵਰੀ 2007)

ਮਹਿੰਦਰ ਭਟਨਾਗਰ ਦੀਆਂ 'ਲਿਖਾਰੀ' ਵਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>

 

e-mail:
ਲਿਖਾਰੀ

Likhari


© likhari: Punjabi Likhari Forum-2001-2007