ਦੋ ਸ਼ਬਦ
ਸ੍ਰੀ ਮਹਿੰਦਰ ਭਟਨਾਗਰ ਨੇ 20 ਵਰ੍ਹਿਆਂ ਦੀ ਉੱਮਰ ਤੋਂ ਹੀ ਲਿਖਣਾ ਆਰੰਭ ਕੀਤਾ ਤਾਂ
ਬਸ ਲਿਖਣ ਕਾਰਜ ਨੂੰ ਹੀ ਸਮਰਪਿਤ ਹੋ ਗਏ। ਸ੍ਰੀ ਭਟਨਾਗਰ ਅੰਗਰੇਜ਼ੀ ਸਾਹਿਤ ਦੀ
ਐਮ.ਏ. ਹਨ ਅਤੇ ਉਹਨਾਂ ਦੀਆਂ ਲਿਖਤਾਂ
'ਦੀ
ਟ੍ਰਿਬੀਉਨ (ਅੰਗਰੇਜੀ),
ਇੰਡੀਅਨ ਐਕਸਪ੍ਰੈਸ ਅਤੇ ਟਾਈਮਜ਼ ਆਫ਼ ਇੰਡੀਆ ਅਤੇ ਹੋਰ ਮੈਗ਼ਜ਼ੀਨਾਂ ਵਿੱਚ ਅਕਸਰ
ਛੱਪਦੀਆਂ ਹੀ ਰਹਿੰਦੀਆਂ ਹਨ।
ਉਹਨਾਂ ਨੇ ਟੈਕਸ, ਬੈਂਕ, ਕਾਨੂੰਨ ਅਤੇ ਟੈਕਨੀਕਲ ਐਡੀਟਿੰਗ ਦੇ ਕਾਰਜ-ਖੇਤਰ ਵਿੱਚ ਵੀ
ਕੰਮ ਕੀਤਾ ਹੈ ਅਤੇ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਘੁੰਮ ਚੁੱਕੇ ਹਨ।
ਉਹ
'ਫਰੀਲਾਂਸ'
ਲੇਖਕ ਹਨ। ਉਹ ਅਨੁਵਾਦ ਅਤੇ ਸੰਪਾਦਨ ਦਾ ਕਾਰਜ ਵੀ ਕਰਦੇ ਹਨ। ਦਿੱਲੀ ਰਹਿੰਦੇ ਹਨ।
ਉਹਨਾਂ ਦਾ ਈ-ਮੇਲ ਪਤਾ ਅਤੇ ਫੋਨ ਨੰਬਰ ਹੈ:
mkbhatnagar2000@yahoo.co.in and contact
number : +91-9818377608."
ਹੁਣ ਤੱਕ
ਲਿਖਾਰੀ ਵਿੱਚ, ਸ੍ਰੀ ਮਤੀ ਬਰਿਜੰਦਰ ਗੁਲਾਟੀ ਵਲੋਂ, ਉਹਨਾਂ ਦੀਆਂ ਚਾਰ ਅੰਗਰੇਜੀ
ਕਹਾਣੀਆਂ ਦੇ ਕੀਤੇ ਪੰਜਾਬੀ ਅਨੁਵਾਦ ਛੱਪੇ ਚੁੱਕੇ ਹਨ। ਉਹਨਾਂ ਦੀ ਇੱਕ ਹੋਰ
ਅੰਗਰੇਜੀ ਕਹਾਣੀ ਦਾ ਪੰਜਾਬੀ ਅਨੁਵਾਦ 'ਗੁਲਮੋਹਰ ਦੇ ਫੁੱਲ', ਲਿਖਾਰੀ ਦੇ ਪਾਠਕਾਂ
ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।--ਲਿਖਾਰੀ
***
ਗੁਲਮੋਹਰ ਦੇ ਫੁੱਲ
-ਮੂਲ
ਲੇਖਕ: ਮਹਿੰਦਰ ਭਟਨਾਗਰ-
ਅੰਗਰੇਜੀ ਤੋਂ ਪੰਜਾਬੀ ਅਨੁਵਾਦ: ਸ੍ਰੀਮਤੀ ਬਰਜਿੰਦਰ ਗੁਲਾਟੀ
ਨਵੰਬਰ ਮਹੀਨੇ ਦਾ ਇੱਕ ਧੁੱਪ ਚੜ੍ਹਿਆ ਖੁਸ਼-ਨੁਮਾ ਦਿਨ-ਦਿੱਲੀ ਦੀ ਇੱਕ ਬਹੁਤ ਹੀ
ਸੁਹਾਣੀ ਸਵੇਰ।
ਮੈਂ ਅਤੇ ਮੇਰੀ
ਪਤਨੀ ਸੰਜਨਾ ਸਵੇਰ ਦੀ ਸੈਰ ਕਰਕੇ ਘਰ ਵਾਪਸ ਆਏ ਸੀ।
ਆਉਂਦਿਆਂ ਹੀ ਉਹ
ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਅਤੇ ਮੈਂ ਆਪਣੇ ਦੂਸਰੀ ਮੰਜ਼ਿਲ ਵਾਲੇ ਫਲੈਟ ਦੀ
ਬਾਲਕਨੀ ਵਿੱਚ ਅਖ਼ਬਾਰ ਲੈ ਕੇ ਕੁਰਸੀ ਤੇ ਬੈਠ ਗਿਆ।
ਸਫ਼ਾਈ ਕਰਨ ਵਾਲੀ
ਕੁੜੀ ਨੇ ਹਾਲੇ ਹੋਰ ਘੰਟੇ ਕੁ ਬਾਅਦ ਆਉਣਾ ਸੀ।
ਸੰਜਨਾ ਨੇ ਹਾਲ ਕਮਰੇ ਵਿੱਚ ਪਏ ਰੇਡੀਉ ਨੂੰ ਆਨ ਕਰ ਦਿੱਤਾ;
ਉਹ ਸਵੇਰ ਵੇਲੇ ਭਜਣ
ਸੁਨਣਾ ਚਾਹੁੰਦੀ ਸੀ।
ਪਰ ਉਸਨੂੰ
ਨਿਰਾਸ਼ਾ ਹੀ ਹੱਥ ਲੱਗੀ ਜਦੋਂ ਰੇਡੀਉ ਵਿੱਚੋਂ ਗਾਣਾ ਗੂੰਜਿਆ:
“ਯੇਹ
ਦੁਨਿਆ ਊਟ ਪਟਾਂਗਾ,
ਕਹੀਂ ਹੱਥਗੱਡੀ ਕਹੀਂ ਟਾਂਗਾ…”
ਉਸਦੇ ਮੂਹੋਂ ਹੌਲੀ ਜਿਹੀ
ਇੱਕ ਬਦਅਸੀਸ ਨਿਕਲੀ ਅਤੇ ਉਸਨੇ ਦੂਜੇ ਐਫਐਮ ਸਟੇਸ਼ਨ ਲੱਭਣ ਲਈ ਰੇਡੀਉ ਦੇ ਬਟਨ ਘੁਮਾਏ।
ਕੁੱਝ ਦੇਰ
ਕੋਸ਼ਿਸ਼ ਕਰਣ ਦੇ ਬਾਵਜੂਦ ਕੋਈ ਵੀ ਭਜਣ ਵਾਲਾ ਸਟੇਸ਼ਨ ਨਾ ਲੱਭਾ;
ਖਿਝ ਕੇ ਉਸਨੇ ਰੇਡੀਉ
ਬੰਦ ਕਰ ਦਿੱਤਾ।
ਐਨੇਂ ਵਿੱਚ ਹੀ ਚਾਹ ਦੀ
ਕੇਤਲੀ ਵੀ ਉੱਬਲ ਗਈ ਅਤੇ ਉਹ ਚਾਹ ਬਨਾਣ ਵਿੱਚ ਰੁੱਝ ਗਈ।
ਸੰਜਨਾ ਟਰੇਅ ਵਿੱਚ ਚਾਹ ਦੇ ਦੋ ਕੱਪ ਲੈਕੇ ਬਾਹਰ ਬਾਲਕਨੀ ਵਿੱਚ ਆ ਗਈ ਅਤੇ ਮੇਰੇ
ਸਾਹਮਣੇ ਪਈ ਮੇਜ਼ ਤੇ ਰੱਖ ਦਿੱਤੇ।
ਕੁਝ ਸਮੇਂ ਤੋਂ
ਉਹ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਸੀ ਅਤੇ ਅੱਜਕਲ੍ਹ ਕੁਝ ਹੌਲੀ ਹੌਲੀ ਚੱਲਣ ਲੱਗ ਪਈ
ਸੀ।
ਮੈਂ ਬੜੀ
ਦਿਲਚਸਪੀ ਨਾਲ ਅਖ਼ਬਾਰ ਦੇ ਪਹਿਲੇ ਸਫ਼ੇ ਤੇ ਇੱਕ ਫ਼ੋਨ ਕੰਪਨੀ ਦੇ ਇਸ਼ਤਿਹਾਰ ਨੂੰ ਪੜ੍ਹਣ
ਵਿੱਚ ਮਗ਼ਨ ਸੀ ਜਦੋਂ ਸੰਜਨਾ ਨੇ ਖਿਝ ਕੇ ਕਿਹਾ,
“ਛੱਡੋ ਵੀ
ਅਖ਼ਬਾਰ…ਚਾਹ
ਠੰਢੀ ਹੋ ਰਹੀ ਹੈ…,”
ਮੇਰਾ ਅਖ਼ਬਾਰ ਪੜ੍ਹਨਾ ਉਸ
ਨੂੰ ਕਦੀ ਵੀ ਚੰਗਾ ਨਹੀਂ ਲੱਗਦਾ ਸੀ।
ਉਸਨੂੰ ਲਗਦਾ ਸੀ
ਜਿਵੇਂ ਮੈਂ ਜਾਣਬੁੱਝ ਕੇ ਉਸ ਵੱਲ ਧਿਆਨ ਨਹੀਂ ਦਿੰਦਾ ਸੀ।
“ਤੁਸੀਂ
ਸ਼ੁਰੂ ਕਰੋ ਮੈਡਮ”,
ਮੈਂ ਇਸ਼ਤਿਹਾਰ ਤੋਂ ਨਜ਼ਰਾਂ ਹਟਾਏ ਬਿਨਾਂ ਹੀ ਕਿਹਾ।
“ਤੁਹਾਡੇ
ਤੋਂ ਪਹਿਲਾਂ ਮੈਂ ਕਦੀ ਚਾਹ ਪੀਤੀ ਵੀ ਹੈ?”
ਉਹ ਬਿਲਕੁਲ ਠੀਕ ਕਹਿ
ਰਹੀ ਸੀ;
ਉਹ ਹਮੇਸ਼ਾਂ ਮੇਰੇ ਸ਼ੁਰੂ
ਕਰਨ ਤੋਂ ਬਾਅਦ ਹੀ ਕੁਝ ਖਾਂਦੀ,
ਪੀਂਦੀ ਸੀ।
ਉਸ ਦਾ ਮੰਨਣਾ
ਸੀ ਕਿ ਇਸ ਤਰ੍ਹਾਂ ਕਰਕੇ ਉਹ ਇੱਕ ਭਾਰਤੀ ਪਤਨੀ ਹੋਣ ਦਾ ਧਰਮ ਨਿਭਾ ਰਹੀ ਹੈ।
ਉਹ ਪੁਰਾਣੇ
ਵਿਚਾਰਾਂ ਵਾਲੀ ਔਰਤ ਬਿਲਕੁਲ ਨਹੀਂ ਸੀ;
ਉਹ ਇੱਕ ਪੜ੍ਹੇ ਲਿਖੇ
ਪਰਿਵਾਰ ਤੋਂ ਸੀ ਅਤੇ ਉਸਨੇ ਇਕੋਨਾਮਿਕਸ ਵਿੱਚ ਐਮ.ਏ ਕੀਤੀ ਸੀ।
ਇਹ ਵੱਖਰੀ ਗੱਲ
ਸੀ ਕਿ ਉਸਨੇ ਆਪਣੀ ਮਰਜੀ ਨਾਲ ਇੱਕ ਗ੍ਰਹਿਣੀ ਬਨਣਾ ਪਸੰਦ ਕੀਤਾ ਸੀ।
ਹਰ ਮਾਮਲੇ ਵਿੱਚ
ਉਸ ਦੇ ਆਪਣੇ ਅਲੱਗ ਵਿਚਾਰ ਸਨ।
ਖਾਸ ਕਰਕੇ ਸਾਡੇ
ਘਰੇਲੂ ਮਾਮਲਿਆਂ ਨੂੰ ਲੈ ਕੇ ਤਾਂ ਉਸ ਦੇ ਵਿਚਾਰ ਅਕਸਰ ਮੇਰੇ ਵਿਚਾਰਾਂ ਨਾਲ ਮੇਲ ਨਾ
ਖਾਂਦੇ।
ਸੰਜਨਾ ਨੂੰ ਉਡੀਕਦਿਆਂ ਦੇਖ ਮੈਂ ਆਪਣਾ ਕੱਪ ਚੁੱਕਿਆ ਅਤੇ ਇੱਕ ਘੁੱਟ ਭਰ ਕੇ ਵਾਪਸ
ਮੇਜ਼ ਤੇ ਰੱਖ ਦਿੱਤਾ।
ਉਸ ਨੇ ਆਪਣਾ
ਕੱਪ ਹੱਥ ਵਿੱਚ ਫੜਿਆ ਤੇ ਮੇਰਾ ਧਿਆਨ ਆਪਣੇ ਵੱਲ ਖਿੱਚ੍ਹਣ ਲਈ ਦੋ ਜ਼ੋਰਦਾਰ ਘੁੱਟ
‘ਸੜੂਅ
ਸੜੂਅ’
ਕਰ ਕੇ ਪੀਤੇ।
ਮੈਂ ਉਸ ਦਾ
ਇਸ਼ਾਰਾ ਸਮਝ ਫ਼ੌਰਨ ਅਖ਼ਬਾਰ ਤਹਿ ਲਗਾ ਕੇ ਫ਼ਰਸ਼ ਤੇ ਹੀ ਸੁੱਟ ਦਿੱਤੀ ਨਾਲ ਹੀ ਮੈਨੂੰ ਇਹ
ਖਿਆਲ ਵੀ ਆ ਗਿਆ ਕਿ ਉਹ ਮੇਰੇ ਇਸ ਤਰ੍ਹਾਂ ਕਰਨ ਤੇ ਘੂਰੀ ਵੱਟ ਕੇ ਮੇਰੇ ਵੱਲ
ਦੇਖੇਗੀ।
ਸਫ਼ਾਈ ਪਸੰਦ ਹੋਣ
ਕਾਰਨ,
ਉਹ ਹਰ ਰੋਜ਼ ਅਖ਼ਬਾਰ ਫ਼ਰਸ਼
ਤੇ ਸੁੱਟਣ ਲਈ ਮੇਰੇ ਨਾਲ ਝਿਕਝਿਕ ਕਰਦੀ ਸੀ।
ਉਹ ਵਾਕਿਆ ਹੀ
ਇੱਕ ਚੰਗੀ ਗ੍ਰਹਿਣੀ ਸੀ;
ਘਰ ਵਿੱਚ ਕਿਤੇ ਵੀ ਜਰਾ ਜਿਹੀ ਗੰਦਗੀ ਲੱਭਣ ਤੇ ਵੀ ਨਹੀਂ ਮਿਲ ਸਕਦੀ ਸੀ।
‘ਸਫ਼ਾਈ
ਰੱਬ ਤੋਂ ਦੂਜੇ ਦਰਜੇ ਤੇ ਹੈ’,
ਉਸਦਾ ਮੰਨਣਾ ਸੀ।
ਮੈਨੂੰ ਬੜਾ ਅਜੀਬ ਲੱਗਾ ਕਿ ਅੱਜ ਉਸ ਨੇ ਮੇਰੀ ਇਸ ਹਰਕਤ ਨੂੰ ਗੌਲਿਆ ਵੀ ਨਹੀਂ।
ਉਹ ਇੱਕ
ਅੱਧ-ਬਣੇ ਆਲ੍ਹਣੇ ਵੱਲ ਬੜੇ ਹੀ ਧਿਆਨ ਨਾਲ ਦੇਖ ਰਹੀ ਸੀ ਜਿਹੜਾ ਸਾਡੀ ਬਾਲਕਨੀ ਦੇ
ਸਾਹਮਣੇ ਵਾਲੇ ਗੁਲਮੋਹਰ ਦੇ ਦਰੱਖਤ ਤੇ ਇੱਕ ਗਲਹਿਰੀ ਬਣਾ ਰਹੀ ਸੀ।
ਗੂੜ੍ਹੇ ਲਾਲ
ਰੰਗ ਦੇ ਫੁੱਲਾਂ ਨੇ ਦਰਖਤ ਨੂੰ ਇਸ ਤਰ੍ਹਾਂ ਢਕ ਲਿਆ ਸੀ ਕਿ ਹੁਣ ਉਸਦੇ ਹਰੇ ਪੱਤੇ
ਵੀ ਪੂਰੀ ਤਰ੍ਹਾਂ ਫੁੱਲਾਂ ਵਿੱਚ ਹੀ ਗੁਆਚ ਗਏ ਸਨ।
ਸਾਡੀ ਬਾਲਕਨੀ
ਤੋਂ ਗੁਲਮੋਹਰ ਦੇ ਫੁੱਲਾਂ ਦਾ ਨਜ਼ਾਰਾ ਬੜਾ ਹੀ ਦਿਲਕਸ਼ ਸੀ।
ਹਵਾ ਵਿਚ ਸ਼ੁਰੂ
ਹੋ ਰਹੀ ਠੰਡਕ ਇਸ਼ਾਰਾ ਕਰ ਰਹੀ ਸੀ ਕਿ ਹੁਣ ਸਰਦੀਆਂ ਦਾ ਮੌਸਮ ਦਸਤਕ ਦੇਣ ਲਈ ਤਿਆਰ
ਸੀ।
ਇਸੇ ਵੇਲੇ
ਗਿਲਹਰੀਆਂ ਆਪਣੇ ਆਲ੍ਹਣੇ ਬਨਾਉੰਦਿਆਂ ਹਣ ਅਤੇ ਉਨ੍ਹਾਂ ਵਿੱਚ ਸਰਦੀਆਂ ਲਈ ਖਾਣ ਦਾ
ਸਮਾਣ ਇਕੱਠਾ ਕਰਕੇ ਰਖਦੀਆਂ ਹਣ।
“ਹੂੰ…ਗਲਹਿਰੀ
ਦਾ ਆਲ੍ਹਣਾ!”
ਮੈਂ ਉਸ ਦੀ ਪਸੰਦ ਦਾ
ਵਿਸ਼ਾ ਛੇੜਦਿਆਂ ਹੋਇਆਂ ਪੁੱਛਿਆ।
“ਹਾਂ…ਦੇਖੋ
ਤਾਂ ਕਿੰਨੀ ਮਿਹਨਤ ਕਰ ਰਹੀ ਹੈ ਉਹ;
ਆਪਣੇ ਛੋਟੇ ਜਿਹੇ ਮੂੰਹ
ਵਿੱਚ ਸੁੱਕੇ ਪੱਤੇ ਅਤੇ ਟਹਿਣੀਆਂ ਲੈ ਕੇ ਸੈਂਕੜੇ ਹੀ ਚੱਕਰ ਦਰੱਖਤ ਦੇ ਉਪਰ ਥੱਲੇ
ਲਗਾਉਂਦੀ ਹੈ।
ਪਰ ਇਸਨੂੰ ਐਨੀਂ
ਮਿਹਨਤ ਦੀ ਕੋਈ ਫ਼ਿਕਰ ਨਹੀਂ।
ਇਹ ਥੱਕਦੀ ਨਹੀਂ
ਹੋਣੀ?”
ਉਸ ਹੈਰਾਨ ਹੋ ਪੁੱਛਿਆ।
“ਉਹ
ਇਨਸਾਨ ਨਹੀਂ ਹੈ ਨਾ! ਇਹ ਨਾ ਤਾਂ ਸਾਡੇ ਵਾਂਗ ਅਖ਼ਬਾਰ ਪੜ੍ਹਦੇ ਨੇ ਅਤੇ ਨਾ ਹੀ ਚਾਹ
ਪੀਂਦੇ ਨੇ”,
ਮੈਂ ਮਖੌਲ ਕਰਦਿਆਂ ਕਿਹਾ।
“ਤੁਸੀਂ
ਮਰਦ ਇਹ ਕਦੀ ਨਹੀਂ ਸਮਝ ਸਕਦੇ…ਪ੍ਰਮਾਤਮਾ
ਨੇ ਇਨ੍ਹਾਂ ਨੂੰ ਬਹੁਤ ਤਾਕਤ ਦਿੱਤੀ ਹੋਈ ਐ..ਆਖਿਰ ਮਾਵਾਂ ਨੇ ਇਹ! ਆਪਣੇ ਬੱਚਿਆਂ
ਨੂੰ ਜਨਮ ਦੇਣ ਤੋਂ ਬਾਅਦ,
ਕਿਸ ਤਰ੍ਹਾਂ ਉਨ੍ਹਾਂ ਦੇ
ਛੋਟੇ ਛੋਟੇ ਮੂੰਹਾਂ ਵਿੱਚ ਰੋਟੀ ਪਾਉਂਦੀ ਹੈ;
ਜਦ ਤੱਕ ਉਹ ਆਪਣੇ ਜੋਗੇ
ਨਹੀਂ ਹੋ ਜਾਂਦੇ,
ਕਿਸ ਤਰ੍ਹਾਂ ਉਨ੍ਹਾਂ ਦਾ
ਖਿਆਲ ਰੱਖਦੀ ਹੈ।
ਪਰ ਉਹੀ ਬੱਚੇ
ਇਕ ਵਾਰ ਆਲ੍ਹਣਾ ਛੱਡ ਕੇ ਗਏ ਤਾਂ ਪਰਤ ਕੇ ਕਦੀ ਉਸ ਵੱਲ ਦੇਖਦੇ ਵੀ ਨਹੀਂ।
ਅਗਲੇ ਸਾਲ ਫਿਰ,
ਇਹ ਸੋਚ ਕੇ ਕਿ ਸ਼ਾਇਦ ਇਸ
ਵਾਰ
‘ਬੱਚੇ’
ਉਸ ਨਾਲ ਹਮੇਸ਼ਾਂ ਲਈ ਇਸ
ਆਲ੍ਹਣੇ ਵਿੱਚ ਰਹਿਣ,
ਇਹ ਉਹੀ ਸਭ ਦੁਹਰਾਏਗੀ।
ਪਰ,
ਹੋਵੇਗਾ ਫਿਰ ਉਹੀ ਉਮੀਦ
ਦੇ ਉਲਟ।
ਹੁਣੇ ਤੁਸੀਂ ਕਿਹਾ ਸੀ
ਨਾ ਕਿ ਉਹ ਇਨਸਾਨ ਨਹੀਂ ਹਨ…ਚੰਗੀ
ਗੱਲ ਹੈ ਕਿ ਉਹ ਇਨਸਾਨ ਨਹੀਂ…ਉਹ
ਆਪਣੇ ਦਿਲ ਵਿੱਚ ਕੋਈ ਝੂਠੀਆਂ ਉਮੀਦਾਂ ਤਾਂ ਲਾ ਕੇ ਨਹੀਂ ਬੈਠਣਗੇ”,
ਉਹ ਫਿਲਾਸਫ਼ੀ ਦੀਆਂ
ਗੱਲਾਂ ਲੈ ਬੈਠੀ ਸੀ।
ਮੇਰਾ ਦਿਲ ਕੀਤਾ ਕਿ ਮੈਂ ਉਸ ਦੇ ਵਿਚਾਰਾਂ ਨੂੰ ਮਜ਼ਾਕ ਵਿੱਚ ਉੜਾ ਕੇ ਉਸ ਦਾ ਦਿਲ
ਹਲਕਾ ਕਰ ਦਿਆਂ ਪਰ ਉਸ ਦੀਆਂ ਅੱਖਾਂ ਵਿੱਚ ਗੰਭੀਰਤਾ ਦੇਖ ਕੇ ਮੇਰਾ ਜੀਅ ਨਾ ਕੀਤਾ
ਕਿ ਮੈਂ ਉਸ ਦੇ ਨਾਜ਼ੁਕ ਖਿਆਲਾਂ ਦੇ ਇਸ ਤਾਣੇ-ਬਾਣੇ ਨੂੰ ਤੋੜਾਂ;
ਆਖਿਰ,
ਇਹ ਉਸ ਦਾ ਆਪਣਾ ਹੱਕ ਸੀ।
ਉਹ ਇੱਕ ਮਾਂ ਸੀ
ਜੋ ਮੈਂ ਕਦੀ ਵੀ ਨਹੀਂ ਬਣ ਸਕਦਾ ਸੀ।
ਉਸ ਦੇ ਮਨ ਅੰਦਰ
ਕੀ ਚੱਲ ਰਿਹਾ ਸੀ,
ਮੈਂ ਨਹੀਂ ਜਾਣਦਾ ਸੀ।
“ਕਿੰਨੇਂ
ਸੋਹਣੇ ਵਿਚਾਰ ਨੇ ਤੇਰੇ,
ਸੰਜਨਾਂ! ਤੂੰ
ਛੋਟੀਆਂ-ਛੋਟੀਆਂ ਗੱਲਾਂ ਬਾਰੇ ਕਿੰਨਾਂ ਸੋਚ ਲੈਂਣੀਂ ਐਂ,
ਤੂੰ ਤਾਂ ਹੀਰਾ ਐਂ ਹੀਰਾ”
ਮੈਂ ਉਸਦੇ ਨਾਜੁਕ-ਜਿਹੇ
ਵਿਚਾਰਾਂ ਦਾ ਮੁਕਾਬਲਾ ਨਾ ਕਰ ਸਕਣ ਕਾਰਣ ਹੌਲੀ ਜਿਹੀ ਬੋਲਿਆ।
“ਮੇਰੇ
ਅੱਗੇ ਐਂਨੇ ਭੋਲੇ ਨਾ ਬਣਿਆ ਕਰੋ।
ਤੁਸੀਂ ਵੀ ਤਾਂ
ਆਪਣੀਆਂ ਜ਼ਿੰਮੇਵਾਰੀਆਂ ਹਮੇਸ਼ਾ ਹੱਸ ਕੇ ਨਿਭ੍ਹਾਈਆਂ ਨੇ;
ਤੁਸੀਂ ਆਪਣੀ ਡਯੂਟੀ ਤੋਂ
ਕਦੀ ਪਿੱਛੇ ਤਾਂ ਨਹੀਂ ਹਟੇ।
ਤੁਸੀਂ ਤਾਂ
ਮੇਰੇ ਨਾਲੋਂ ਕਿਤੇ ਉੱਪਰ ਓਂ।
ਮੈਂਨੂੰ ਭਲਾ
ਬਾਹਰਲੀ ਦੁਨੀਆਂ ਬਾਰੇ ਕੀ ਪਤਾ ਐ”
ਉਸਨੇ ਮੇਰੀਆਂ ਅੱਖਾਂ
ਵਿੱਚ ਝਾਕ ਕੇ ਕਿਹਾ।
ਉਹ ਕਦੀ ਸੋਚ ਵੀ
ਨਹੀਂ ਸਕਦੀ ਸੀ ਕਿ ਉਹ ਮੇਰੇ ਕੋਲੋਂ - ਯਾਨੀ ਆਪਣੇ ਪਤੀ ਕੋਲੋਂ - ਉੱਪਰ ਹੋ ਸਕਦੀ
ਹੈ।
ਅਜੇਹੇ ਪਿਆਰੇ ਪਿਆਰੇ,
ਛੋਟੇ ਛੋਟੇ ਪਲ ਅਸੀਂ ਇੱਕ ਦੂਸਰੇ ਨਾਲ ਸਾਂਝੇ ਕਰ ਰਹੇ ਸੀ ਜਦੋਂ ਫ਼ੋਨ ਦੀ ਘੰਟੀ
ਵੱਜੀ।
ਮੈਂ ਆਪਣਾ ਚਾਹ ਦਾ ਕੱਪ
ਮੇਜ ਤੇ ਛੱਡ,
ਅੰਦਰ ਫ਼ੋਨ ਸੁਣਨ ਲਈ ਚਲਾ
ਗਿਆ।
“ਹੈਲੋ,
ਪਾਪਾ…ਕੀ
ਹਾਲ ਹੈ?
ਮੌਮ ਦਾ ਕੀ ਹਾਲ ਹੈ?”
ਇਹ ਸਾਡਾ ਬੇਟਾ
ਮਨੂ ਟੋਰੌਂਟੋ ਤੋਂ ਫ਼ੋਨ ਕਰ ਰਿਹਾ ਸੀ।
ਮੈਂ ਘੜੀ ਦੇਖੀ,
ਸਵੇਰ ਦੇ ਸੱਤ ਵੱਜੇ ਸਨ,
ਮਤਲਬ ਕਿ ਟੋਰੌਂਟੋ ਵਿੱਚ
ਇਸ ਵੇਲੇ ਸ਼ਾਮ ਦੇ ਸਾਢੇ ਅੱਠ ਵੱਜੇ ਸਨ।
“ਹਾਏ,
ਮਨੂ! ਤੇਰੀ ਕੰਮ ਦੀ
ਸ਼ਿਫ਼ਟ ਬਦਲ ਗਈ ਹੈ?
ਪਹਿਲਾਂ ਤਾਂ ਤੂੰ ਸ਼ਾਮ
ਵੇਲੇ ਫ਼ੋਨ ਕਰਦਾ ਹੁੰਦਾ ਸੀ”
ਮੈਂ ਪੁੱਛਿਆ,
ਅੰਦਰੋਂ ਮੈਂ ਥੋੜ੍ਹਾ
ਜਿਹਾ ਡਰ ਗਿਆ ਸੀ ਕਿ ਕਿਤੇ ਕੁਝ ਗਲਤ ਨਾ ਸੁਣਨ ਨੂੰ ਮਿਲ ਜਾਵੇ ਕਿਉਂਕਿ ਉਹ ਸਾਨੂੰ
ਘੱਟ ਹੀ ਫ਼ੋਨ ਕਰਦਾ ਸੀ;
ਉਸ ਨੂੰ ਫ਼ੋਨ ਕਰਨਾ ਤਾਂ
ਸਾਡੀ ਹੀ ਡਿਊਟੀ ਸੀ।
ਜਦ ਕਦੀ ਵੀ ਉਸ
ਨੇ ਫ਼ੋਨ ਕੀਤਾ ਤਾਂ ਸਾਡੇ ਲਈ ਕੋਈ ਮੁਸੀਬਤ ਹੀ ਆਈ।
ਹਰ ਵਾਰ,
ਉਹ ਕੋਈ ਨਾ ਕੋਈ ਅਜੇਹੀ
ਮੰਗ ਰੱਖਦਾ ਜਿਹੜੀ ਪੂਰੀ ਕਰਨੀ ਸਾਡੇ ਵੱਸ ਤੋਂ ਬਾਹਰ ਹੁੰਦੀ।
“ਅਸਲ
ਵਿੱਚ,
ਪਾਪਾ ਮੇਰੀ ਨੌਕਰੀ ਹਟ
ਗਈ ਹੈ…ਪਿਛਲੇ
ਹਫ਼ਤੇ…ਮੈਂ
ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਸੀ ਕਿ ਤੁਸੀਂ ਅਤੇ ਮੌਮ ਪਰੇਸ਼ਾਨ ਹੋਵੋਗੇ।
ਮੇਰੇ
ਸੁਪਰਵਾਈਜ਼ਰ ਨੁੰ ਮੈਂ ਕਦੀ ਵੀ ਚੰਗਾ ਨਹੀਂ ਲੱਗਿਆ ਅਤੇ ਉਹ ਮੈਨੂੰ ਕੰਮ ਤੋਂ ਕੱਢਣ
ਲਈ ਬਹਾਨਾ ਹੀ ਉਡੀਕ ਰਿਹਾ ਸੀ।
ਮੈਂ ਕਈ ਥਾਵਾਂ
ਤੇ ਨੌਕਰੀ ਲਈ ਹੱਥ ਪੈਰ ਮਾਰ ਰਿਹਾ ਹਾਂ ਪਰ ਹਾਲੇ ਤੱਕ ਕਿਤੇ ਵੀ ਗੱਲ ਨਹੀਂ ਬਣੀ।
ਇਥੋਂ ਦੇ ਲੋਕ
ਸਾਨੂੰ ਇੰਡੀਅਨਜ਼ ਨੂੰ ਪਸੰਦ ਵੀ ਤਾਂ ਨਹੀਂ ਕਰਦੇ।
ਹੁਣ ਸਰਦੀਆਂ ਵੀ
ਆ ਗਈਆਂ ਨੇ;
ਹੁਣ ਤਾਂ ਨੌਕਰੀਆਂ ਹੋਰ
ਵੀ ਘੱਟ ਜਾਣਗੀਆਂ।
ਇੰਮੀਗ੍ਰੇਸ਼ਨ
ਤੋਂ ਪਹਿਲਾਂ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਕੈਨੇਡਾ ਇਸ ਤਰ੍ਹਾਂ ਦਾ ਦੇਸ਼
ਹੋਵੇਗਾ।
ਮੈਂ ਪੂਰਾ ਹਫ਼ਤਾ
ਸੌਂ ਵੀ ਨਹੀਂ ਸਕਿਆ।
ਨੌਕਰੀ ਹੋਵੇ
ਭਾਵੇਂ ਨਾ ਖਰਚੇ ਤਾਂ ਉਸੇ ਤਰ੍ਹਾਂ ਰਹਿੰਦੇ ਨੇ;
ਹਾਲੇ ਕਈ ਪਿਛਲੇ ਬਿੱਲ
ਦੇਣ ਵਾਲੇ ਪਏ ਹਨ।
ਮੇਰੇ ਕੋਲ ਤਾਂ
ਕੋਈ ਪੈਸਾ ਰਹਿ ਨਹੀਂ ਗਿਆ;
ਹੁਣ ਤਾਂ ਰੋਟੀ ਖਾਣੀ ਵੀ ਮੁਸ਼ਕਿਲ ਹੋਈ ਪਈ ਹੈ।
ਜੇ ਅਗਲੇ ਮਹੀਨੇ
ਦੇ ਕਿਰਾਏ ਦਾ ਇੰਤਜ਼ਾਮ ਨਾ ਹੋਇਆ ਤਾਂ ਇਸ ਮਹੀਨੇ ਦੇ ਅਖੀਰ ਤੱਕ ਘਰ ਵੀ ਖਾਲੀ ਕਰਨਾ
ਪਵੇਗਾ।
ਪਰ,
ਮੇਰੇ ਕੋਲ ਕੋਈ ਥਾਂ ਵੀ
ਨਹੀਂ ਜਿੱਥੇ ਮੈਂ ਚਲਾ ਜਾਵਾਂ।
ਮੈਂ ਤਾਂ ਬਹੁਤ
ਤੰਗ ਆ ਗਿਆ ਹਾਂ…ਇੰਡੀਆ
ਵਾਪਸ ਆਉਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ…ਤੁਹਾਨੂੰ
ਮੇਰੇ ਵਾਪਸ ਆਉਣ ਦੀ ਟਿਕਟ ਭੇਜਣੀ ਪਵੇਗੀ।
ਪਾਪਾ,
ਜਲਦੀ ਕਰਨਾ,
ਸਿਰਫ਼ ਦੋ ਹਫ਼ਤੇ ਹੀ ਰਹਿ
ਗਏ ਨੇ”।
ਇਹ ਸਾਰੀ ਗੱਲ
ਉਹ ਇੱਕੋ ਸਾਹ ਵਿੱਚ ਮੁਕਾ ਗਿਆ ਤਾਂ ਜੋ ਮੈਨੂੰ ਉਸ ਨੂੰ ਰੋਕਣ ਦਾ ਵੀ ਮੌਕਾ ਨਾ
ਮਿਲੇ।
“ਪਰ,
ਮਨੂ,
ਇੰਨੀ ਜਲਦੀ ਦਿਲ ਨਾ ਛੱਡ।
ਕੈਨੇਡਾ ਜਾ ਕੇ
ਕੋਈ ਇਸ ਤਰ੍ਹਾਂ ਵਾਪਸ ਨਹੀਂ ਆਉਂਦਾ।
ਕੋਸ਼ਿਸ਼ ਜਾਰੀ
ਰੱਖ;
ਕੋਈ ਨਾ ਕੋਈ ਹੱਲ ਆਪੇ
ਨਿਕਲ ਆਏਗਾ।
ਇਹ ਵੀ ਤਾਂ ਸੋਚ ਕਿ
ਇੱਥੇ ਵਾਪਸ ਆ ਕੇ ਵੀ ਕੀ ਕਰੇਂਗਾ?
ਉਥੇ ਤਾਂ ਇਸੇ ਲਈ ਗਿਆ
ਸੀ ਨਾ ਕਿ ਇਥੇ ਕੰਮ ਦੇ ਬਹੁਤ ਮੌਕੇ ਨਹੀਂ।
ਨਾਲੇ ਫਿਰ ਇੰਨਾ
ਸਾਰਾ ਪੈਸਾ,
ਟਾਈਮ ਅਤੇ ਮਿਹਨਤ ਬੇਕਾਰ
ਹੀ ਜਾਏਗੀ।
ਕੁਝ ਦੇਰ ਲਈ
ਸਬਰ ਤਾਂ ਕਰ,
ਐਵੇਂ ਜਲਦਬਾਜ਼ੀ ਨਾ ਕਰੀਂ।
ਉਨੀ ਦੇਰ ਜਿਹੜਾ ਵੀ
ਛੋਟਾ ਮੋਟਾ ਕੰਮ ਮਿਲਦਾ ਹੈ,
ਕਰ ਲੈ ਤਾਂ ਜੋ ਖਰਚਾ ਚੱਲਦਾ ਰਹੇ।
ਮੈਂ ਉਸ ਨੂੰ
ਬੜੇ ਹੀ ਨਰਮ ਜਿਹੇ ਸ਼ਬਦਾਂ ਵਿੱਚ ਥੋੜ੍ਹੀ ਜਿਹੀ ਮੱਤ ਦਿੰਦਿਆਂ ਕਿਹਾ,
ਕਿਉਂਕਿ ਉਸ ਦਾ ਪਾਰਾ
ਜ਼ਰਾ ਛੇਤੀ ਹੀ ਚੜ੍ਹ ਜਾਂਦਾ ਹੈ।
ਮੈਂ ਹੈਰਾਨ ਸੀ ਕਿ
ਕੈਨੇਡਾ ਵਰਗਾ ਦੇਸ਼ ਜਿਸ ਨੂੰ ਲੋਕ ‘ਲੈਂਡ
ਆਫ਼ ਅਪਰਚਿਊਨਿਟੀ’
ਕਹਿੰਦੇ ਨੇ ਮੇਰੇ ਨਲਾਇਕ ਪੁੱਤਰ ਨੂੰ ਰਾਸ ਨਹੀਂ ਆ ਰਿਹਾ ਸੀ।
“ਤਾਂ
ਫਿਰ,
ਪਾਪਾ,
ਤੁਹਾਨੂੰ ਪੈਸੇ ਭੇਜਣੇ
ਪੈਣਗੇ…ਮੇਰੇ
ਤੋਂ ਹੋਰ ਕਿਰਾਏ ਤੇ ਨਹੀਂ ਰਿਹਾ ਜਾਂਦਾ;
ਇਥੇ ਕਿਰਾਏ ਅਸਮਾਨ ਨੂੰ
ਛੁਹ ਰਹੇ ਹਨ।
ਮੈਨੂੰ ਆਪਣਾ ਘਰ ਚਾਹੀਦਾ
ਐ…ਘਰ
ਖਰੀਦਣ ਲਈ ਸ਼ੁਰੂ ਵਿੱਚ ਪੰਜਾਹ ਕੁ ਹਜ਼ਾਰ ਡਾਲਰ ਦੇਣੇ ਪੈਂਦੇ ਨੇ;
ਮਹੀਨੇਵਾਰ ਕਿਸ਼ਤਾਂ ਤਾਂ
ਮੈਂ ਔਖੇ ਸੌਖੇ ਮੈਨੇਜ ਕਰ ਲਵਾਂਗਾ…”
ਉਹ ਮੈਨੂੰ ਆਪਣੀਆਂ
ਗੱਲਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
“ਕਿਹੜੀਆਂ
ਗੱਲਾਂ ਕਰ ਰਿਹਾ ਐਂ ਤੂੰ,
ਮਨੂ?
ਐਨਾ ਪੈਸਾ ਮੈਂ ਕਿੱਥੋਂ
ਲਿਆਵਾਂਗਾ…ਮਤਲਬ
ਵੀਹ ਲੱਖ ਰੁਪਏ?
ਤੈਨੂੰ ਕੈਨੇਡਾ ਭੇਜਣ ਲਈ
ਮੈਂ ਪਹਿਲਾਂ ਹੀ ਆਪਣਾ ਸਾਰਾ ਪੈਸਾ ਖਰਚ ਚੁੱਕਾ ਹਾਂ…ਇਥੇ
ਮੈਂ ਅਤੇ ਤੇਰੇ ਮੰਮੀ ਸੋਚ ਰਹੇ ਹਾਂ ਕਿ ਤੂੰ ਬੜਾ ਚੰਗਾ ਸੈਂਟ ਹੋ ਗਿਆ ਹੋਵੇਂਗਾ
ਅਤੇ ਹੁਣ ਸਾਨੂੰ ਵੀ ਉਥੇ ਬੁਲਾ ਭੇਜੇਂਗਾ।
ਪਰ,
ਦੋ ਸਾਲ ਉਥੇ ਰਹਿਣ ਤੋਂ
ਬਾਅਦ ਵੀ ਤੂੰ ਹਾਲੇ ਮੇਰੇ ਹੀ ਮੋਢਿਆਂ ਤੇ ਬੈਠਾ ਐਂ;
ਤੂੰ ਆਪਣੇ ਪੈਰਾਂ ਤੇ
ਕਦੋਂ ਖੜਾ ਹੋਵੇਂਗਾ?”,
ਹੁਣ ਮੈਨੂੰ ਖਿਝ ਆ ਰਹੀ
ਸੀ।
“ਪਾਪਾ,
ਮੇਰੀ ਗੱਲ ਸੁਣੋ…ਇੱਕ
ਆਈਡੀਆ ਹੈ…ਤੁਸੀਂ
ਪਹਿਲਾਂ ਵੀ ਮੇਰੇ ਤੇ ਬਹੁਤ ਪੈਸੇ ਖਰਚ ਚੁੱਕੇ ਓ।
ਤੁਹਾਡਾ ਵੀ
ਕੈਨੇਡਾ ਆਉਣ ਨੂੰ ਜੀਅ ਐ;
ਮੈਂ ਵੀ ਚਾਹੁੰਦਾ ਹਾਂ
ਕਿ ਤੁਸੀਂ ਦੋਵੇਂ ਇੱਥੇ ਆ ਜਾਓ।
ਆਖਿਰ,
ਮੈਂ ਤੁਹਾਡਾ ਇੱਕੋ ਇੱਕ
ਬੱਚਾ ਹਾਂ।
ਜੇ ਮੈਂ ਘਰ ਖਰੀਦ ਲਵਾਂ
ਤਾਂ ਆਪਾਂ ਸਾਰੇ ਇਕੱਠੇ ਰਹਿ ਸਕਾਂਗੇ।
ਤੁਸੀਂ ਇੰਜ
ਕਿਉਂ ਨਹੀਂ ਕਰਦੇ,
ਦਿੱਲੀ ਵਾਲਾ ਫਲੈਟ ਵੇਚ
ਕੇ ਪੈਸੇ ਮੈਨੂੰ ਭੇਜ ਦਿਓ?
ਬਾਅਦ ਵਿੱਚ,
ਤੁਸੀਂ ਦੋਵੇਂ ਵੀ ਇੱਥੇ
ਆ ਜਾਓ”।
ਮੈਨੂੰ ਪਤਾ ਸੀ ਕਿ ਉਹ ਮੇਰੇ ਕੋਲੋਂ ਪੈਸੇ ਕਢਵਾਉਣ ਲਈ ਗੱਲਾਂ ਬਣਾ ਰਿਹਾ ਹੈ ਅਤੇ
ਚਾਹੁੰਦਾ ਹੈ ਕਿ ਸਿਰ ਤੇ ਜਿਹੜੀ ਛੱਤ ਰਹਿ ਗਈ ਹੈ ਉਹ ਵੀ ਮੈਂ ਵੇਚ ਦਿਆਂ।
ਇੱਕ ਵਾਰ ਪੈਸੇ
ਮਿਲੇ ਨਹੀਂ ਤਾਂ ਕੌਣ ਮਾਂ ਤੇ ਕੌਣ ਪਿਓ! ਗੁੱਸੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿੱਚ,
ਮੈਂ ਕਚੀਚੀਆਂ ਵੱਟ ਰਿਹਾ
ਸੀ।
“ਮੈਨੂੰ
ਤਾਂ ਨਹੀਂ ਲੱਗਦਾ ਕਿ ਮੈਂ ਇਸ ਤਰ੍ਹਾਂ ਕਰ ਸਕਾਂਗਾ…ਚੱਲ,
ਫਿਰ ਵੀ ਮੈਂ ਤੇਰੀ ਮੰਮੀ
ਨਾਲ ਗੱਲ ਕਰਾਂਗਾ…ਮੈਨੂੰ
ਬਾਅਦ ਵਿੱਚ ਫ਼ੋਨ ਕਰੀਂ”।
ਮੈਂ ਥੋੜ੍ਹਾ
ਹੋਰ ਵਕਤ ਟਪਾਉਣਾ ਚਾਹੁੰਦਾ ਸੀ ਹਾਲਾਂਕਿ ਮੈਂ ਜਾਣਦਾ ਸੀ ਕਿ ਸੰਜਨਾ ਇਹੋ ਜਿਹਾ ਕਰਨ
ਲਈ ਕਦੀ ਵੀ ਹਾਮੀ ਨਹੀਂ ਭਰਨ ਲੱਗੀ।
“ਪਾਪਾ,
ਮੈਂ ਕਲ੍ਹ ਸਵੇਰੇ ਫਿਰ
ਫ਼ੋਨ ਕਰਾਂਗਾ…ਮੇਰਾ
ਮਤਲਬ ਹੈ ਤੁਹਾਡੀ ਸ਼ਾਮ ਨੂੰ…”
ਕਹਿ ਉਸ ਨੇ ਫ਼ੋਨ ਬੰਦ ਕਰ
ਦਿੱਤਾ।
ਮੈਂ ਬਾਲਕਨੀ ਵਿੱਚ ਭਾਰੀ
ਕਦਮ ਰੱਖਦਾ ਹੋਇਆ ਵਾਪਸ ਆਇਆ।
ਸੰਜਨਾ ਹਾਲੇ ਵੀ
ਉਸ ਆਲ੍ਹਣੇ ਨੂੰ ਹੀ ਨਿਹਾਰ ਰਹੀ ਸੀ।
ਉਸ ਪੁੱਛਿਆ ਕਿ
ਕਿਸ ਦਾ ਫ਼ੋਨ ਸੀ,
ਮੈਂ ਸਾਰੀ ਗੱਲ ਉਸ ਨੁੰ
ਸੁਣਾ ਦਿੱਤੀ।
“ਮੈਨੂੰ
ਤਾਂ ਪਹਿਲਾਂ ਹੀ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੈ।
ਤੁਹਾਨੂੰ ਯਾਦ ਐ
ਨਾ ਉਹ ਹਮੇਸ਼ਾਂ ਹੀ ਕਿਵੇਂ ਸਾਡੇ ਜਜ਼ਬਾਤ ਨਾਲ ਖੇਡਦਾ ਰਿਹਾ ਹੈ।
ਸਾਡਾ ਇੱਕੋ ਹੀ
ਬੱਚਾ ਹੋਣ ਦਾ ਉਸ ਨੇ ਹਮੇਸ਼ਾਂ ਨਜਾਇਜ਼ ਫ਼ਾਇਦਾ ਉਠਾਇਆ ਹੈ।
ਹਾਲਾਂਕਿ ਉਹ
ਪੜ੍ਹਾਈ ਵਿੱਚ ਵੀ ਚੰਗਾ ਨਹੀਂ ਸੀ,
ਪਰ ਸਾਨੂੰ ਦਿਖਾਉਣ
ਵਾਸਤੇ ਆਪਣੇ ਗਰੇਡ ਵੀ ਬਦਲਾ ਲੈਂਦਾ ਸੀ।
ਸਾਡੇ ਕੋਲੋਂ
ਪੈਸੇ ਕਢਵਾਉਣ ਲਈ ਕਿਹੋ ਕਿਹੋ ਜਿਹੀਆਂ ਹਰਕਤਾਂ ਕਰਦਾ ਰਿਹਾ ਹੈ।
ਸਾਡੀਆਂ ਲੱਖ
ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਆਪਣੀ ਪੜ੍ਹਾਈ ਤੱਕ ਵੀ ਖਤਮ ਨਹੀਂ ਕੀਤੀ।
ਕਿੰਨੇ ਸੁਹਣੇ
ਸੁਪਨੇ ਸਜਾਈ ਬੈਠੇ ਸੀ ਅਸੀਂ ਉਸ ਦੇ ਸੁਨਹਿਰੇ ਭਵਿੱਖ ਲਈ!”
ਕਹਿ ਉਸ ਇੱਕ ਆਹ ਭਰੀ।
ਇੱਕ ਲੰਬਾ ਸਾਹ ਭਰ,
ਉਹ ਫਿਰ ਕਹਿਣ
ਲੱਗੀ, “ਪਤਾ
ਨਹੀਂ ਸਾਡੇ ਤੋਂ ਕਿੱਥੇ ਗਲਤੀ ਹੋ ਗਈ…
ਉਸ ਲਈ,
ਕੀ ਨਹੀਂ ਕੀਤਾ ਅਸੀਂ?
ਮੈਂ ਸੋਚਦੀ ਸੀ ਕਿ ਇੱਕ
ਵਾਰ ਕੈਨੇਡਾ ਚਲਾ ਜਾਏਗਾ ਤਾਂ ਆਪਣੇ ਆਪ ਜੋਗਾ ਹੋ ਹੀ ਜਾਏਗਾ,
ਫਿਰ,
ਅਸੀਂ ਵੀ ਸ਼ਾਂਤੀ ਨਾਲ
ਰਹਿ ਸਕਾਂਗੇ।
ਤੁਹਾਡਾ ਸਾਰਾ
ਪਰੌਵੀਡੈਂਟ ਫ਼ੰਡ ਖਰਚ ਹੋ ਗਿਆ ਹੈ ਉਸ ਦੀ ਇੰਮੀਗ੍ਰੇਸ਼ਨ ਵਿੱਚ।
ਇਸ ਮੁੰਡੇ ਨੇ
ਤਾਂ ਸਾਨੂੰ ਬਰਬਾਦ ਕਰ ਦਿੱਤਾ ਹੈ।
ਹੁਣ,
ਜਿਹੜੀ ਇਹ ਛੱਤ ਸਾਡੇ
ਸਿਰ ਜੋਗੀ ਰਹਿ ਗਈ ਹੈ,
ਇਹਨੂੰ ਵੀ ਵਿਕਵਾਉਣਾ ਚਾਹੁੰਦਾ ਹੈ।
ਇਸ ਛੋਟੇ ਜਿਹੇ
ਫਲੈਟ ਨੂੰ ਖਰੀਦਣ ਲਈ ਤੁਹਾਡੀ ਸਾਰੀ ਉਮਰ ਲੰਘ ਗਈ;
ਮਨੂ ਨੂੰ ਉਸ ਉਮਰ ਭਰ ਦੀ
ਮਿਹਨਤ ਦਾ ਕੀ ਪਤਾ…ਮੇਰੇ
ਕੋਲੋਂ ਭਾਵੇਂ ਲਿਖਾ ਲਵੋ,
ਅੱਜ ਜੇ ਅਸੀਂ ਉਸ ਨੁੰ
ਪੈਸੇ ਦੇ ਵੀ ਦੇਈਏ ਤਾਂ ਵੀ ਉਹ ਸਾਨੂੰ ਕੈਨੇਡਾ ਨਹੀਂ ਬੁਲਾਉਣ ਲੱਗਾ! ਇਹ ਤਾਂ ਸਿਰਫ਼
ਉਸ ਦੀ ਚਾਲ ਹੈ।
ਬੜਾ ਧੋਖੇਬਾਜ਼ ਹੈ ਉਹ।
ਉਹ ਤਾਂ ਇੱਲ ਦੀ
ਤਰ੍ਹਾਂ ਸਾਡਾ ਮਾਸ ਨੋਚ ਰਿਹਾ ਹੈ…ਮਾਪੇ
ਕਿੰਨੇ ਖ਼ੁਸ਼ ਹੁੰਦੇ ਨੇ ਕਿ ਸਾਡੇ ਘਰ ਪੁੱਤਰ ਪੈਦਾ ਹੋਇਆ ਐ…ਪਰ
ਦੇਖ ਲਓ ਪੁੱਤਰ ਆਪਣੇ ਮਾਂ-ਪਿਓ ਦੇ ਸਿਰ ਕੀ ਸੁਆਹ ਪਾਉਂਦੇ ਨੇ!”
ਸੰਜਨਾ ਦਾ ਦਿਲ ਰੋ ਰਿਹਾ
ਸੀ,
ਉਹ ਬਹੁਤ ਹੀ ਦੁਖੀ ਹੋ
ਗਈ ਸੀ।
ਆਪਣੇ ਇਸ ਫਲੈਟ ਨੂੰ ਸੰਜਨਾ ‘ਛੋਟਾ
ਜਿਹਾ ਆਲ੍ਹਣਾ’
ਕਹਿੰਦੀ ਸੀ ਅਤੇ ਇਸ ਬਾਰੇ ਉਹ ਬਹੁਤ ਭਾਵੁਕ ਹੋ ਜਾਂਦੀ ਸੀ।
ਮਨੂ ਦੀਆਂ ਗਲਤ
ਹਰਕਤਾਂ ਤੋਂ ਉਹ ਵੀ ਤੰਗ ਆ ਚੁੱਕੀ ਸੀ।
ਉਸ ਦੀਆਂ ਅੱਖਾਂ
ਭਰ ਆਈਆਂ ਕਿਉਂਕਿ ਅੱਜ,
ਮਨੂ ਨੇ ਉਸ ਦਾ ਆਲ੍ਹਣਾ ਉਸ ਤੋਂ ਖੋਹਣਾ ਚਾਹਿਆ ਸੀ।
ਉਹ ਰੋਣ ਲੱਗੀ।
ਕਿੰਨੀ ਸੁਹਣੀ ਹੋਈ ਸੀ ਦਿਨ ਦੀ ਸ਼ੁਰੂਆਤ;
ਤਾਂਘ ਭਰੀਆਂ ਨਜ਼ਰਾਂ ਨਾਲ
ਉਹ ਗਲਹਿਰੀ ਦੇ ਆਲ੍ਹਣੇ ਵੱਲ ਦੇਖ ਰਹੀ ਸੀ ਪਰ ਮਨੂ ਦੇ ਇੱਕ ਫ਼ੋਨ ਨੇ ਸਭ ਕੁਝ ਬਦਲ
ਕੇ ਰੱਖ ਦਿੱਤਾ।
ਨਵੰਬਰ ਮਹੀਨੇ ਦੀ ਉਹੀ
ਸੁਹਣੀ ਸਵੇਰ ਸੀ,
ਉਹੀ ਗੁਲਮੋਹਰ ਦੇ ਲਾਲ
ਫੁੱਲ।
ਪਰ ਹੁਣ ਸੰਜਨਾ
ਦੇ ਟੁੱਟੇ ਦਿਲ ਦਾ ਲਾਲ ਰੰਗ ਫੁੱਲਾਂ ਦਾ ਮੂੰਹ ਚਿੜਾ ਰਿਹਾ ਸੀ।
ਉਹ ਬਹੁਤ ਥੱਕੀ ਥੱਕੀ
ਮਹਿਸੂਸ ਕਰਨ ਲੱਗੀ,
ਜਿਵੇਂ ਇੱਕ ਪਲ ਵਿੱਚ ਹੀ
ਬੁੱਢੀ ਹੋ ਗਈ ਹੋਵੇ।
ਮਨੂ ਦੇ ਫ਼ੋਨ
ਆਉਣ ਤੋਂ ਪਹਿਲਾਂ ਉਹ ਕਿੰਨੀ ਖੁਸ਼ ਲੱਗ ਰਹੀ ਸੀ।
ਜੋੜਾਂ ਦੇ ਦਰਦ
ਦਾ ਬਹਾਨਾ ਬਣਾ ਕੇ ਸੰਜਨਾ ਨੇ ਮੈਨੂੰ ਟਰੇਅ ਅਤੇ ਕੱਪ ਚੁੱਕ ਲੈਜਾਣ ਦਾ ਇਸ਼ਾਰਾ ਕੀਤਾ
ਅਤੇ ਉਹ ਆਪਣੀ ਕੁਰਸੀ ਵਿੱਚ ਹੋਰ ਧੱਸ ਗਈ।
ਹੁਣ ਉਹ ਆਪਣੇ
ਖਿਆਲਾਂ ਵਿੱਚ ਡੁੱਬੀ ਹੋਈ ਸੀ ਅਤੇ ਗਿਲਹਿਰੀ ਦੇ ਆਲ੍ਹਣੇ ਵੱਲ ਉਸਦਾ ਧਿਆਣ ਨਹੀਂ ਸੀ।
ਘੰਟੇ ਕੁ ਬਾਅਦ ਉੱਠ ਕੇ ਉਹ ਬੈਡਰੂਮ ‘ਚ
ਚਲੀ ਗਈ ਅਤੇ ਸਾਰਾ ਦਿਨ ਬਿਸਤਰੇ ਵਿੱਚ ਹੀ ਲੇਟੀ ਰਹੀ।
ਅੱਜ,
ਉਹ ਦੁਪਹਿਰ ਵੇਲੇ ਖਾਣਾ
ਬਣਾਉਣ ਲਈ ਵੀ ਨਾ ਉੱਠੀ ਅਤੇ ਮੈਨੂੰ ਫਰਿੱਜ ਵਿੱਚ ਜੋ ਵੀ ਬਚਿਆ ਖੁਚਿਆ ਪਿਆ ਸੀ,
ਉਸ ਨਾਲ ਹੀ ਕੰਮ ਚਲਾਉਣ
ਲਈ ਕਹਿ ਦਿੱਤਾ।
ਮੈਂ ਜਾਣਦਾ ਸੀ ਕਿ
ਦਰਦਾਂ ਨਾਲੋਂ ਉਸ ਨੂੰ ਮਨੂ ਦੇ ਫ਼ੋਨ ਨੇ ਜ਼ਿਆਦਾ ਤੰਗ ਕੀਤਾ ਹੋਇਆ ਸੀ।
ਅੱਗੇ ਵੀ ਇਸੇ
ਤਰ੍ਹਾਂ ਹੀ ਹੁੰਦਾ ਰਿਹਾ ਸੀ,
ਜਦ ਵੀ ਉਹ ਮਨੂ ਵੱਲੋਂ ਦੁਖੀ ਹੁੰਦੀ,
ਬਸ ਚੁੱਪ-ਚਾਪ ਆਪਣੇ ਹੀ
ਵਿਚਾਰਾਂ ਦੇ ਸਮੁੰਦਰ ਵਿੱਚ ਟੁੱਭੀਆਂ ਮਾਰਦੀ ਰਹਿੰਦੀ।
ਮੇਰੇ ਕੋਲੋਂ ਸੰਜਨਾ ਦਾ ਦੁਖ ਦੇਖਿਆ ਨਹੀਂ ਜਾ ਰਿਹਾ ਸੀ।
ਮੈਂ ਉਸਦਾ ਦੁਖ
ਸਾਂਝਾ ਕਰਣਾ ਚਾਹੁੰਦਾ ਸੀ;
ਮੇਰਾ ਜੀਅ ਕੀਤਾ ਕਿ ਮੈਂ ਉਸ ਨੂੰ ਧਰਵਾਸ ਦੁਆਵਾਂ ਕਿ ਕੁਝ ਵੀ ਹੋ ਜਾਵੇ,
ਉਸ ਦੇ ਇਸ ਪਿਆਰੇ ਜਿਹੇ
ਆਲ੍ਹਣੇ ਨੂੰ ਅਸੀਂ ਕਦੀ ਨਹੀਂ ਵੇਚਾਂਗੇ।
ਪਰ ਮੈਨੂੰ ਸਮਝ
ਨਹੀਂ ਆ ਰਹੀ ਸੀ ਕਿ ਉਸ ਦੇ ਦਿਲ ਨੂੰ ਧੀਰਜ ਦੇਣ ਲਈ ਮੈਂ ਕੀ ਕਰਾਂ,
ਮੈਂ ਤਾਂ ਆਪ ਹੀ ਹਿੰਮਤ
ਹਾਰੀ ਬੈਠਾ ਸੀ।
ਮੈਂ ਕੁਝ ਵੀ ਨਾ ਕਿਹਾ
ਅਤੇ ਉਸ ਨੂੰ ਉਸ ਦੇ ਆਪਣੇ ਵਿਚਾਰਾਂ ਨਾਲ ਜੂਝਣ ਲਈ ਇਕੱਲਿਆਂ ਹੀ ਛੱਡ ਦਿੱਤਾ।
ਮਨੂ ਦੀ ਗੱਲ ਨੂੰ ਆਪਣੇ
ਮਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵਿੱਚ ਮੈਂ ਸਾਰਾ ਦਿਨ ਕਦੀ ਅਖ਼ਬਾਰ ਪੜ੍ਹਨ ਅਤੇ ਕਦੀ
ਟੀ.ਵੀ. ਦੇਖਣ ਵਿੱਚ ਬਿਤਾਇਆ।
ਸੰਜਨਾ ਸਾਰਾ
ਸਮਾਂ ਬਿਸਤਰੇ ਵਿੱਚ ਹੀ ਲੇਟੀ ਰਹੀ ਅਤੇ ਕਦੀਂ ਕਦੀਂ ਰੋਂਦੀ ਵੀ ਰਹੀ।
ਸ਼ਾਮ ਨੁੰ ਚਾਰ ਕੁ ਵਜੇ
ਮੈਂ ਚਾਹ ਬਣਾਈ ਅਤੇ ਸੰਜਨਾ ਨੂੰ ਚਾਹ ਦੇਣ ਲਈ ਬੈਂਡਰੂਮ ਵਿੱਚ ਗਿਆ।
ਛੱਤ ਵੱਲ ਨਜ਼ਰ ਟਿਕਾਈ ਉਹ
ਬਿਸਤਰੇ ਵਿੱਚ ਹੀ ਲੇਟੀ ਹੋਈ ਸੀ।
ਜਦ ਮੈਂ ਕੱਪ
ਸਾਈਡ ਵਾਲੇ ਮੇਜ਼ ਤੇ ਰੱਖਿਆ,
ਉਸ ਨੇ ਮੇਰਾ ਹੱਥ ਫੜ ਲਿਆ ਅਤੇ ਬੜੇ ਹੀ ਪਿਆਰ ਨਾਲ ਮੈਨੂੰ ਬਿਸਤਰੇ ਤੇ ਹੀ ਬੈਠਣ ਲਈ
ਕਿਹਾ।
ਉਹ ਸਿੱਧੀ ਹੋ ਕੇ ਬੈਂਡ
ਦੀ ਹੈਂਡ-ਰੈਸਟ ਨਾਲ ਪਿੱਠ ਲਗਾ ਕੇ ਬੈਠ ਗਈ।
“ਐਵੇਂ
ਹਰ ਵੇਲੇ ਫ਼ਿਕਰ ਨਾ ਕਰੀ ਜਾਇਆ ਕਰੋ…ਸਾਰੀ
ਉਮਰ ਫ਼ਿਕਰ ਹੀ ਤਾਂ ਕਰਦੇ ਰਹੇ ਹੋ…ਹੁਣ
ਅਰਾਮ ਕਰਣ ਦਾ ਵਕਤ ਐ,”
ਸੰਜਨਾ ਅਚਾਣਕ ਹੀ ਬੋਲੀ।
ਉਸਦੇ ਚੇਹਰੇ ਤੇ
ਮੱਧਮ ਜਿਹੀ ਮੁਸਕਾਨ ਸੀ।
“ਫ਼ਿਕਰ
ਤਾਂ ਤੂੰ ਕਰ ਰਹੀ ਐਂ,
ਮੈਂ ਨਹੀਂ,”
ਮੈਂ ਜਵਾਬ ਦਿੱਤਾ,
“ਸਾਰਾ ਦਿਨ
ਬਿਸਤਰੇ ‘ਚ
ਤਾਂ ਤੂੰ ਪਈ ਰਹੀ ਐਂ”
“ਤੁਹਾਨੂੰ
ਚੰਗਾ ਭਲਾ ਪਤਾ ਐ ਮੇਰੇ ਜੋੜਾਂ ਵਿੱਚ ਦਰਦ ਐ,”
ਉਸਨੇ ਸ਼ਰਾਰਤੀ ਲਹਿਜੇ
ਵਿੱਚ ਕਿਹਾ, “ਚਲੋ
ਛੱਡੋ,
ਮਨੂ ਸ਼ਾਮ ਨੂੰ ਫਿਰ ਫ਼ੋਨ
ਕਰੇਗਾ,
ਤੁਸੀਂ ਕੀ ਫੈਸਲਾ ਕੀਤਾ?”
ਉਸ ਦੀ ਆਵਾਜ਼ ਵਿੱਚ ਨਾ
ਕੋਈ ਘਬਰਾਹਟ ਸੀ ਅਤੇ ਨਾ ਹੀ ਕਿਸੇ ਕਿਸਮ ਦਾ ਡਰ;
ਲੱਗਦਾ ਸੀ ਜਿਵੇਂ ਉਹ ਮਨ
ਬਣਾਈ ਬੈਠੀ ਸੀ ਅਤੇ ਮੈਨੂੰ ਸਿਰਫ਼ ਪੁੱਛਣ ਲਈ ਹੀ ਸਵਾਲ ਪੁੱਛ ਰਹੀ ਸੀ।
“ਫੈਸਲਾ?
ਮੈਂ ਕੀ ਫੈਸਲਾ ਕਰਨਾ ਐ,
ਸੰਜਨਾ?
ਮਨੂ ਤਾਂ ਬੇਵਕੂਫ਼ ਐ;
ਅਸੀਂ ਉਸ ਦੀਆਂ ਗੱਲਾਂ
ਕਿੰਨੀ ਕੁ ਦੇਰ ਤੱਕ ਮੰਨਦੇ ਰਹਾਂਗੇ?
ਹੁਣ ਉਹ ਬੱਚਾ ਤਾਂ ਹੈ
ਨਹੀਂ,
ਵੱਡਾ ਹੋ ਗਿਆ ਹੈ।
ਅਸੀਂ ਉਸ ਨੂੰ
ਦੁਨੀਆਂ ਦੇ ਸਭ ਤੋਂ ਵਧੀਆ ਦੇਸ਼ ਵਿੱਚ ਭੇਜਿਆ ਹੈ,
ਉਹ ਵੀ ਉਸ ਦੀ ਜ਼ਿਦ ਤੇ।
ਹਾਲੇ ਵੀ ਉਹ
ਆਪਣੀ ਜ਼ਿੰਦਗੀ ਬਰਬਾਦ ਕਰੀ ਜਾ ਰਿਹਾ ਹੈ।
ਹੁਣ,
ਵਾਪਸ ਆਉਂਦਾ ਹੈ ਤਾਂ ਆ
ਜਾਵੇ,
ਮੈਨੂੰ ਕੋਈ ਪਰਵਾਹ ਨਹੀਂ…”
ਮੈਂ ਜਵਾਬ ਦਿੱਤਾ।
“ਮੈਂ
ਤੁਹਾਨੂੰ ਮਨੂ ਬਾਰੇ ਨਹੀਂ ਪੁੱਛ ਰਹੀ…ਉਹ
ਤਾਂ ਜਿਹੋ ਜਿਹਾ ਹੈ ਮੈਨੂੰ ਪਤਾ ਹੀ ਐ…ਹਮੇਸ਼ਾਂ
ਕੋਈ ਨਾ ਕੋਈ ਮੁਸੀਬਤ ਖੜੀ ਕਰੀ ਰੱਖਦਾ ਐ।
ਮੈਂ ਤਾਂ
ਤੁਹਾਨੂੰ ਫਲੈਟ ਬਾਰੇ ਪੁੱਛ ਰਹੀ ਹਾਂ”,
ਉਹ ਗੱਲ ਸਾਫ਼ ਕਰਦਿਆਂ
ਕਹਿਣ ਲੱਗੀ।
“ਫਲੈਟ
ਦਾ ਕੀ?
ਇਹ ਤੇਰਾ ਫਲੈਟ ਹੈ
‐
ਤੇਰਾ ਆਲ੍ਹਣਾ।
ਤੂੰ ਹੀ ਤਿਨਕਾ
ਤਿਨਕਾ ਇਕੱਠਾ ਕਰ ਕੇ ਬਣਾਇਆ ਹੈ।
ਇਹ ਸਿਰਫ਼ ਇੱਟਾਂ
ਮਿੱਟੀ ਦਾ ਮਕਾਨ ਨਹੀਂ,
ਇਹ ਤਾਂ ਇੱਕ ਧੜਕਦਾ ਦਿਲ
ਹੈ ਜਿਸ ਵਿੱਚ ਤੂੰ ਤੇ ਮੈਂ ਇਕੱਠੇ ਰਹਿੰਦੇ ਹਾਂ।
ਤੂੰ ਖੁਦ ਆਪਣੇ
ਹੱਥਾਂ ਨਾਲ ਕਿੰਨੀ ਮਿਹਨਤ ਨਾਲ ਇਸ ਨੂੰ ਸਜਾਇਆ,
ਸਵਾਰਿਆ ਹੈ…ਇਸ
ਨੂੰ ਕਿਵੇਂ ਵੇਚ ਸਕਦੇ ਹਾਂ?
ਕੋਈ ਹੋਰ ਇਸ ਘਰ ਦਾ
ਮਾਲਕ ਬਣ ਜਾਵੇ,
ਇਹ ਤਾਂ ਅਸੀਂ ਸੋਚ ਵੀ
ਨਹੀਂ ਸਕਦੇ।
ਇਸ ਨੂੰ ਵੇਚਣਾ
ਤਾਂ ਜਿਵੇਂ ਆਪਣਾ ਦਿਲ ਵੇਚਣਾ ਹੀ ਹੋ ਗਿਆ ਨਾ…”
ਮੈਂ ਗੱਲ ਪੂਰੀ ਨਾ ਕਰ
ਸਕਿਆ,
ਮੇਰੀਆਂ ਅੱਖਾਂ ਭਰ ਆਈਆਂ।
“ਉਹ
ਦਿਨ ਹੁਣ ਕਿੱਥੇ ਰਹਿ ਗਏ।
ਜਦ ਦਾ ਮਨੂ ਨੇ
ਇਹ ਘਰ ਵੇਚਣ ਨੂੰ ਕਿਹਾ ਹੈ,
ਮੇਰਾ ਤਾਂ ਇਸ ਵਿੱਚ ਰਹਿਣ ਨੂੰ ਜੀਅ ਨਹੀਂ ਕਰਦਾ।
ਇਸ ਤਰ੍ਹਾਂ ਲੱਗ
ਰਿਹਾ ਹੈ ਜਿਵੇਂ ਇਹ ਘਰ ਬਿਗਾਨਾ ਜਿਹਾ ਹੋ ਗਿਆ ਹੋਵੇ…ਹੁਣ
ਤਾਂ ਇਹ ਮੇਰਾ ਰਿਹਾ ਹੀ ਨਹੀਂ।
ਪਰ ਮਨੂ,
ਚੰਗਾ ਭਾਵੇਂ ਮਾੜਾ,
ਜਿਹੋ ਜਿਹਾ ਵੀ ਸਹੀ,
ਹੈ ਤਾਂ ਆਖ਼ਿਰ ਸਾਡਾ ਹੀ
ਬੇਟਾ।
ਉਸ ਨੁੰ ਜਨਮ
ਦਿੱਤਾ ਹੈ ਮੈਂ,
ਉਹ ਸਾਡਾ ਦੋਹਾਂ ਦਾ
ਹਿੱਸਾ ਹੈ।
ਜੇ ਮਨੂ ਮੁਸੀਬਤ
ਵਿੱਚ ਹੈ ਤਾਂ ਇਸ ਘਰ ਦਾ ਅਸੀਂ ਕੀ ਕਰਾਂਗੇ?
ਆਪਣੇ ਹੀ ਬਾਰੇ ਸੋਚ ਕੇ
ਇਸ ਮਕਾਨ ਨਾਲ ਚਿੰਬੜੇ ਰਹਿਣ ਦਾ ਕੀ ਫ਼ਾਇਦਾ ਐ…ਉਹ
ਸਾਡਾ ਇੱਕੋ ਇੱਕ ਬੱਚਾ ਹੈ;
ਸਾਡੇ ਦੋਹਾਂ ਤੋਂ ਬਾਅਦ
ਵੀ ਤਾਂ ਇਹ ਘਰ ਉਸੇ ਨੂੰ ਹੀ ਮਿਲਣਾ ਹੈ।
ਜਦ ਅਸੀਂ ਨਹੀਂ
ਰਹਾਂਗੇ ਫਿਰ ਵੀ ਤਾਂ ਉਹ ਇਸ ਘਰ ਨੂੰ ਵੇਚ ਹੀ ਦੇਵੇਗਾ।
ਇਸ ਦਾ ਮਤਲਬ
ਤਾਂ ਇਹੀ ਹੈ ਨਾ ਕਿ ਇਸ ਦਾ ਵਿਕਣਾ ਅਸੀਂ ਸਿਰਫ਼ ਕੁਝ ਦੇਰ ਪਿੱਛੇ ਹੀ ਪਾ ਸਕਦੇ ਹਾਂ,
ਰੋਕ ਤਾਂ ਸਕਦੇ ਨਹੀਂ।
ਆਪਣੇ ਬੇਟੇ ਨੂੰ
ਵੀ ਗੁਆ ਲਵਾਂਗੇ।
ਹੋ ਸਕਦਾ ਹੈ ਕਿ
ਉਹ ਸਾਡੇ ਨਾਲ ਨਾਤਾ ਹੀ ਤੋੜ ਲਵੇ ਅਤੇ ਅਸੀਂ ਜੀਊਂਦੇ ਜੀਅ ਉਸ ਦਾ ਮੂੰਹ ਵੀ ਨਾ ਦੇਖ
ਸਕੀਏ”।
ਅੱਜ ਸੰਜਨਾ ਆਪਣੇ
‘ਆਲ੍ਹਣੇ’
ਬਾਰੇ ਜੋ ਕੁਝ ਵੀ ਕਹਿ
ਰਹੀ ਸੀ ਉਹ ਉਸ ਦੇ ਪਹਿਲਾਂ ਵਾਲੇ ਖਿਆਲਾਂ ਤੋਂ ਬਿਲਕੁਲ ਉਲਟ ਸੀ।
“ਪਰ
ਸੰਜਨਾ…”
ਮੈਂ ਅੱਗੋਂ ਜਵਾਬ ਦੇਣ
ਹੀ ਲੱਗਾ ਸੀ ਜਦ ਉਸ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਚੁੱਪ ਕਰਾ ਦਿੱਤਾ।
“ਮੈਨੂੰ
ਪਤਾ ਐ ਤੁਸੀਂ ਕੀ ਕਹਿਣਾ ਹੈ…ਇਹੋ
ਹੀ ਨਾ ਕਿ ਉਹ ਕਿਸੇ ਮੁਸੀਬਤ ਵਿੱਚ ਨਹੀਂ…ਉਹ
ਸਾਨੂੰ ਬੇਵਕੂਫ਼ ਬਣਾ ਰਿਹਾ ਐ…ਉਸਨੇ
ਤਾਂ ਸਾਨੂੰ ਸਾਰੀ ਉਮਰ ਧੋਖਾ ਦਿੱਤਾ ਐ,
ਅੱਜ ਕੋਈ ਨਵੀਂ ਗੱਲ ਤਾਂ
ਹੈ ਨਹੀਂ,”
ਫਿਰ ਰੁਕ ਕੇ ਕਹਿਣ ਲੱਗੀ,
“ਤੁਸੀਂ ਤਾਂ
ਹਮੇਸ਼ਾਂ ਹੀ ਕਹਿੰਦੇ ਹੋ ਕਿ ਤੁਸੀਂ ਬੜੇ ਪ੍ਰੈਕਟੀਕਲ ਆਦਮੀ ਓ ਅਤੇ ਤੁਹਾਡੇ ਲਈ
ਭਾਵਨਾਵਾਂ ਦੀ ਕੋਈ ਅਹਿਮੀਅਤ ਹੀ ਨਹੀਂ।
ਫਿਰ ਤੁਸੀਂ ਇਸ
ਫਲੈਟ ਬਾਰੇ ਐਨਾ ਕਿਉਂ ਸੋਚ ਰਹੇ ਓ?
ਇਸ ਨੂੰ ਆਲ੍ਹਣਾ ਤਾਂ
ਮੈਂ ਕਹਿੰਦੀ ਰਹੀ ਹਾਂ,
ਤੁਸੀਂ ਤਾਂ ਨਹੀਂ”।
“ਤੈਨੂੰ
ਅੱਜ ਕੀ ਹੋ ਗਿਆ ਐ…ਤੂੰ
ਇਹ ਕੀ ਕਹੀ ਜਾ ਰਹੀ ਐਂ?”
ਮੇਰੇ ਕੋਲੋਂ ਬੋਲਣੋਂ
ਰਿਹਾ ਨਾ ਗਿਆ।
“ਤੁਹਾਨੂੰ
ਮੇਰੀ ਗੱਲ ਸਮਝ ਨਹੀਂ ਆਈ…ਮਨੂ
ਨੇ ਜਦੋਂ ਸਾਨੂੰ ਕੈਨੇਡਾ ਬੁਲਾ ਹੀ ਲੈਣਾ ਐ,
ਫਿਰ ਸਾਨੂੰ ਇਸ ਫਲੈਟ ਦੀ
ਕੀ ਲੋੜ ਹੈ?”
ਉਸ ਨੇ ਗੱਲ ਸਮਝਾਉਣ ਦਾ
ਯਤਨ ਕੀਤਾ।
“ਪਰ,
ਜੇ ਅਸੀਂ ਉਸ ਨੂੰ ਸਾਰਾ
ਪੈਸਾ ਦੇ ਦਿੰਨੇ ਹਾਂ ਅਤੇ ਉਹ ਸਾਨੂੰ ਫਿਰ ਵੀ ਕੈਨੇਡਾ ਨਹੀਂ ਬੁਲਾਉਂਦਾ?”
ਮੈਂ ਉਸ ਦੀ ਦਲੀਲ ਨਾਲ
ਸਹਿਮਤ ਨਹੀਂ ਸੀ ਅਤੇ ਇਹ ਵੀ ਜਾਣਦਾ ਸੀ ਕਿ ਇਹ ਫੈਸਲਾ ਉਸ ਨੇ ਆਪਣੀ ਇੱਛਾ ਵਿਰੁੱਧ
ਇਹ ਸੋਚ ਕੇ ਲਿਆ ਸੀ ਕਿ ਪਿਓ ਪੁੱਤਰ ਵਿੱਚ ਕੋਈ ਤਕਰਾਰ ਨਾ ਹੋਵੇ।
ਉਸ ਦਾ ਦਿਲ ਰੋ
ਰਿਹਾ ਸੀ;
ਮੈਨੂੰ ਪਤਾ ਸੀ ਕਿ
ਮੇਰੀਆਂ ਨਜ਼ਰਾਂ ਬਚਾ ਕੇ ਉਸ ਨੇ ਸਾਰੀ ਰਾਤ ਬਿਸਤਰੇ ਵਿੱਚ ਰੋਂਦੀ ਰਹਿਣਾ ਸੀ।
“ਬਸ,
ਹੁਣ ਬਹੁਤ ਹੋ ਗਿਆ;
ਐਵੇਂ ਫਾਲਤੂ ਦੀ ਬਹਿਸ
ਨਾ ਕਰਦੇ ਰਿਹਾ ਕਰੋ।
ਜਦੋਂ ਸ਼ਾਮ ਨੂੰ
ਮਨੂ ਫ਼ੋਨ ਕਰੇਗਾ,
ਉਸ ਨਾਲ ਮੈਂ ਆਪੇ ਗੱਲ
ਕਰ ਲਵਾਂਗੀ।
ਤੁਸੀਂ ਮੁੰਡੇ
ਨਾਲ ਐਵੇਂ ਗਰਮ ਹੋ ਜਾਂਦੇ ੳ।
ਮੈਂ ਉਸ ਨੂੰ
ਕਹਿ ਦੇਣਾ ਹੈ ਕਿ ਉਹ ਉਥੇ ਆਪਣਾ ਘਰ ਖਰੀਦਣ ਦੀ ਤਿਆਰੀ ਕਰੇ”
ਉਸ ਨੇ ਗੱਲ ਖ਼ਤਮ ਕਰਦਿਆਂ
ਕਿਹਾ।
ਹੁਣ ਸੰਜਨਾ ਨਾਲ ਹੋਰ
ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ।
ਉਸ ਨੇ ਆਪਣਾ
ਕੱਪ ਚੁੱਕਿਆ ਅਤੇ ਪਾਣੀ ਵਾਂਗ ਠੰਢੀ ਹੋ ਚੁੱਕੀ ਚਾਹ ਇੱਕ ਘੁੱਟ ਵਿੱਚ ਪੀ ਲਈ।
ਫਿਰ,
ਬਿਸਤਰੇ ਵਿੱਚੋਂ ਉਂਠੀ
ਤੇ ਰਸੋਈ ਦੇ ਕੰਮ ਵਿੱਚ ਲੱਗ ਗਈ।
ਉਸ ਦੀਆਂ ਦਰਦਾਂ
ਵੀ ਪਤਾ ਨਹੀਂ ਕਿੱਥੇ ਚਲੀਆਂ ਗਈਆਂ;
ਹੁਣ,
ੳਹ ਬਿਲਕੁਲ ਸ਼ਾਂਤ ਦਿਸ
ਰਹੀ ਸੀ।
ਰਾਤ ਨੂੰ ਕਾਫ਼ੀ ਦੇਰ ਹੋ
ਗਈ ਸੀ ਜਦ ਫ਼ੋਨ ਦੀ ਘੰਟੀ ਵੱਜੀ;
ਅਸੀਂ ਟੀ.ਵੀ. ਦੇਖ ਕੇ
ਸੌਣ ਲਈ ਲੇਟ ਚੁੱਕੇ ਸੀ।
ਸਾਰੀ ਸ਼ਾਮ ਅਸੀਂ
ਆਪਸ ਵਿੱਚ ਕੋਈ ਖ਼ਾਸ ਗੱਲ-ਬਾਤ ਨਹੀਂ ਕੀਤੀ ਸੀ;
ਸਾਡੇ ਵਿੱਚ ਇੱਕ ਖਿਚਾਅ
ਜਿਹਾ ਆ ਗਿਆ ਸੀ।
ਸੰਜਨਾ ਦੀ ਕੋਸ਼ਿਸ਼ ਸੀ ਕਿ
ਮਨੂ ਬਾਰੇ ਕੋਈ ਗੱਲ ਨਾ ਹੀ ਹੋਵੇ।
ਉਹ ਬਹੁਤ ਸ਼ਾਂਤ
ਲੱਗ ਰਹੀ ਸੀ;
ਉਸ ਨੇ ਟੀ.ਵੀ. ਤੇ ਆ
ਰਹੀ ਪਿਕਚਰ ਬਾਰੇ ਇੱਕ ਦੋ ਵਾਰ ਕੁਝ ਕਿਹਾ,
ਪਰ ਮੇਰੇ ਵੱਲੋਂ ਕੋਈ
ਜਵਾਬ ਨਾ ਮਿਲਣ ਤੇ ਉਹ ਵੀ ਚੁੱਪ ਹੀ ਰਹੀ।
ਸੰਜਨਾ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਮਨੂ ਨਾਲ ਉਹ ਆਪ ਗੱਲ ਕਰੇਗੀ,
ਇਸ ਲਈ ਮੈਂ ਫ਼ੋਨ ਚੁੱਕਣ
ਦੀ ਕੋਸ਼ਿਸ਼ ਵੀ ਨਾ ਕੀਤੀ।
ਮੈਂ ਸੁੱਤੇ ਹੋਣ
ਦਾ ਬਹਾਨਾ ਕਰ ਲੇਟਿਆ ਰਿਹਾ ਅਤੇ ਉਸ ਦੇ ਹੌਲੀ ਹੌਲੀ ਹਾਲ ਕਮਰੇ ਵਿੱਚ ਫ਼ੋਨ ਵੱਲ ਜਾਣ
ਦੀ ਆਵਾਜ਼ ਸੁਣੀ।
ਮਨੂ ਦੇ ਕੁਝ ਵੀ ਕਹਿਣ
ਤੋਂ ਪਹਿਲਾਂ ਹੀ ਸੰਜਨਾ ਨੇ ਬੋਲਣਾ ਸ਼ੁਰੂ ਕਰ ਦਿੱਤਾ।
“ਹਾਂ…ਮਨੂ?
ਮੈਨੂੰ ਪਤਾ ਹੈ ਸਵੇਰੇ
ਤੇਰੀ ਪਾਪਾ ਨਾਲ ਗੱਲ ਹੋਈ ਸੀ।
ਤੈਨੂੰ ਪੈਸੇ
ਮਿਲ ਜਾਣਗੇ…ਤੂੰ
ਵੀਹ ਲੱਖ ਰੁਪਏ ਕਹੇ ਸਨ ਨਾ…ਹਾਂ…ਹਾਂ…ਜੇ
ਇਸ ਮਹੀਨੇ ਦੇ ਅਖੀਰ ਤੱਕ ਨਾ ਹੋ ਸਕਿਆ ਤਾਂ ਅਗਲੇ ਮਹੀਨੇ ਤਾਂ ਹੋ ਹੀ ਜਾਏਗਾ।
ਘਰ ਵਿਕਣ ਵਿੱਚ
ਵਕਤ ਤਾਂ ਲੱਗ ਹੀ ਜਾਂਦਾ ਐ ਨਾ…ਤੇਰੇ
ਪਾਪਾ?…ਤੂੰ
ਫ਼ਿਕਰ ਨਾ ਕਰ…ਉਨ੍ਹਾਂ
ਨਾਲ ਮੈਂ ਗੱਲ ਕਰ ਲਈ ਐ।
ਉਨ੍ਹਾਂ ਨੇ
ਜ਼ਿੰਦਗੀ ਵਿੱਚ ਕਦੀ ਮੈਨੂੰ ਨਾਂਹ ਨਹੀਂ ਕੀਤੀ…ਇਸ
ਵੇਲੇ ਉਹ ਸੌਂ ਗਏ ਹਨ;
ਤੈਨੂੰ ਪਤਾ ਹੀ ਹੈ ਬੇਟਾ,
ਕਿ ਬਹੁਤ ਰਾਤ ਹੋ ਗਈ
ਹੈ!..ਓ.ਕੇ.,
ਬਾਏ”।
ਮੈਂ ਰਿਸੀਵਰ
ਰੱਖਣ ਦੀ ਆਵਾਜ਼ ਸੁਣ ਲਈ ਸੀ।
ਅਗਲੇ ਦਿਨ,
ਸੰਜਨਾ ਸਵੇਰ ਦੀ ਸੈਰ ਇਹ
ਕਹਿ ਕੇ ਨਹੀਂ ਗਈ ਕਿ ਉਸ ਦੀਆਂ ਲੱਤਾਂ ਇਜਾਜ਼ਤ ਨਹੀਂ ਦਿੰਦੀਆਂ।
ਜਦ ਘੰਟੇ ਕੁ
ਬਾਅਦ ਮੈਂ ਵਾਪਸ ਆਇਆ,
ਉਹ ਬਾਲਕਨੀ ਵਿੱਚ ਬੈਠੀ
ਸੀ ਅਤੇ ਗਲਹਿਰੀ ਨੂੰ ਆਲ੍ਹਣਾ ਬਣਾਉਂਦਿਆਂ ਦੇਖ ਰਹੀ ਸੀ।
ਉਸ ਦੀਆਂ ਅੱਖਾਂ
ਲਾਲ ਸਣ ਅਤੇ ਸੁੱਜੀਆਂ ਹੋਈਆਂ ਵੀ;
ਪਰ ਪੁੱਛਣ ਦੀ ਕੋਈ ਲੋੜ
ਨਹੀਂ ਸੀ।
ਅੱਜ ਗੁਲਮੋਹਰ ਦੇ
ਫੁੱਲਾਂ ਦੀ ਲਾਲੀ ਸੰਜਨਾ ਦੀਆਂ ਅੱਖਾਂ ਦੀ ਲਾਲੀ ਅੱਗੇ ਮੱਧਮ ਸੀ।
“ਕਿੰਨਾ
ਠੀਕ ਕਹਿ ਰਹੇ ਸੀ ਤੁਸੀਂ! ਇਹ ਗਲਹਿਰੀਆਂ ਇਨਸਾਨਾਂ ਨਾਲੋਂ ਕਿੰਨੀਆਂ ਅਲੱਗ ਹੁੰਦੀਆਂ
ਹਨ ਅਤੇ ਕਿਸਮਤ ਵਾਲੀਆਂ ਵੀ।
ਜਦੋਂ ਇਨ੍ਹਾਂ
ਦੇ ਬੱਚੇ ਇਨ੍ਹਾਂ ਕੋਲੋਂ ਦੂਰ ਜਾਂਦੇ ਹਨ,
ਜਾਣ ਲੱਗਿਆਂ ਉਹ ਆਪਣੇ
ਮਾਂ-ਪਿਓ ਕੋਲ ਘੱਟੋ ਘੱਟ ਆਲ੍ਹਣਾ ਤਾਂ ਛੱਡ ਹੀ ਦਿੰਦੇ ਨੇ।
ਪਰ,
ਇਨਸਾਨ ਕਿੰਨੇ ਜ਼ਾਲਿਮ ਨੇ,
ਉਹ ਆਪਣੇ ਮਾਂ-ਪਿਓ ਕੋਲ
ਉਨ੍ਹਾਂ ਦੀ ਜ਼ਿੰਦਗੀ ਦੀ ਸ਼ਾਮ ਵੇਲੇ ਇੱਕ ਆਲ੍ਹਣਾ ਤੱਕ ਵੀ ਨਹੀਂ ਰਹਿਣ ਦਿੰਦੇ”,
ਉਸ ਨੇ ਸੋਚਦਿਆਂ ਹੋਇਆਂ
ਕਿਹਾ।
ਹਾਲੇ ਮੈਂ ਅਖ਼ਬਾਰ ਖੋਲ੍ਹੀ ਹੀ ਸੀ ਕਿ ਉਸ ਨੇ ਅਖ਼ਬਾਰ ਮੇਰੇ ਹੱਥੋਂ ਝੱਟ ਦੇਣੀ ਖੋਹ
ਲਈ।
ਮੈਂ ਹੈਰਾਨ ਸੀ ਕਿਉਂਕਿ
ਉਸ ਨੇ ਤਾਂ ਕਦੀ ਵੀ ਅਖ਼ਬਾਰ ਪੜ੍ਹਨ ਵਿੱਚ ਦਿਲਚਸਪੀ ਨਹੀਂ ਦਿਖਾਈ ਸੀ।
ਕਈ ਵਾਰ ਜਦੋਂ
ਮੈਂ ਸ਼ਹਿਰੋਂ ਬਾਹਰ ਕੁਝ ਦਿਨਾਂ ਦੇ ਟੂਰ ਤੇ ਜਾਂਦਾ,
ਤਾਂ ਵਾਪਸ ਆ ਕੇ ਸਾਰੇ
ਅਖ਼ਬਾਰ ਉਸੇ ਹੀ ਤਰ੍ਹਾਂ ਰੋਲ ਹੋਏ ਮਿਲਦੇ,
ਉਹ ਕਦੀ ਖੋਲ੍ਹਣ ਦੀ
ਕੋਸ਼ਿਸ਼ ਵੀ ਨਾ ਕਰਦੀ।
ਮੇਰੇ ਪੁੱਛਣ ਤੇ ਜਵਾਬ
ਮਿਲਦਾ, “ਮੇਰੇ
ਕੋਲ ਇਨ੍ਹਾਂ ਅਖ਼ਬਾਰਾਂ ਨੂੰ ਪੜ੍ਹਨ ਨਾਲੋਂ ਜ਼ਿਆਦਾ ਜ਼ਰੂਰੀ ਹੋਰ ਬਹੁਤ ਕੰਮ ਹੈਗੇ ਨੇ”।
ਅੱਜ,
ਉਹ ਅਖ਼ਬਾਰ ਵਿੱਚ ਆਉਣ
ਵਾਲੇ
‘ਸੀਨੀਅਰ
ਸਿਟੀਜ਼ਨਜ਼ ਹੋਮ’
ਵਾਲੇ ਕਾਲਮ ਨੂੰ ਪੜ੍ਹਨਾ
ਚਾਹੁੰਦੀ ਸੀ।
*****
email: mkbhatnagar2000@yahoo.co.in
Phone:+91-9818377608
(13 ਮਈ 2007)