ਗੁਰਦਿਆਲ ਸਿੰਘ ਰਾਏ ਹੋਰਾਂ ਵਲੋਂ
ਇਸਮਤ ਚੁਗਤਾਈ ਦੇ ਲੇਖ ‘ਔਰਤਾਂ
ਪਾਗਲ ਨਹੀਂ ਹੁੰਦੀਆਂ’
ਦਾ ਪੰਜਾਬੀ ਰੂਪਕਰਨ ਲਿਖਾਰੀ.ਕੌਮ ਤੇ ਪੜ੍ਹਿਆ ਅਤੇ ਨਾਲ
ਹੀ ਡਾਕਟਰ ਰਾਏ ਹੋਰਾਂ ਨੇ ਉਸ ਲੇਖ ਤੇ ਵਿਚਾਰ ਉਡੀਕਣ ਦਾ ਸੁਨੇਹਾ ਦੇ ਕੇ ਜੋ ਸੰਵਾਦ
ਰਚਾਉਣ ਦਾ ਯਤਨ ਕੀਤਾ ਹੈ, ਸਲਾਹੁਣ ਯੋਗ ਹੈ।
ਇਸਤਰੀ ਹੱਕਾਂ ਦੇ
ਅੰਦੋਲਨ ਦਾ ਇਤਿਹਾਸ:
ਇਸਮਤ ਚੁਗਤਾਈ ਦਾ ਇਹ ਲੇਖ ਇਸਤਰੀਆਂ ਦੇ ਬਰਾਬਰ ਹੱਕਾਂ ਲਈ ਚੱਲੇ
ਅੰਦੋਲਨ ਦਾ ਹਿੱਸਾ ਹੈ ਜੋ 1880
ਈਸਵੀ ਵਿਚ ਫਰਾਂਸ ਤੋਂ ਚੱਲਿਆ।
1890 ਵਿਚ ਇਸ ਦੀ ਗੂੰਜ ਬਰਤਾਨੀਆਂ ਵਿਚ ਸੁਣਾਈ ਦਿੱਤੀ।
1910 ਈਸਵੀ ਵਿਚ ਅੰਧ ਮਹਾਂਸਾਗਰ ਨੂੰ ਪਾਰ ਕਰ ਕੇ ਇਸ ਦੀ
ਚਰਚਾ ਅਮਰੀਕਾ ਦੀ ਧਰਤੀ ’ਤੇ ਵੀ ਸ਼ੁਰੂ ਹੋ ਗਈ।
ਇਸ ਅੰਦੋਲਨ ਨੂੰ ਕੋਈ ਨਾਂ ਦੇਣ ਤੋਂ ਪਹਿਲਾਂ ਫਰਾਂਸ ਅਤੇ
ਬਰਤਾਨੀਆਂ ਵਿਚ ਕੁਝ ਮਰਦ ਅਤੇ ਇਸਤਰੀਆਂ, ਇਸਤਰੀ ਜਾਤੀ ਨਾਲ ਹੋ ਰਹੇ ਧੱਕੇ ਬਾਰੇ ਕਲਮ
ਅਤੇ ਲੈਕਚਰਾਂ ਦਵਾਰਾ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਰਹੇ।
ਇਸਤਰੀਆਂ ਦੇ ਹੱਕਾਂ ਦੀ ਲੜਾਈ ਦੇ ਇਸ ਅੰਦੋਲਨ ਨੂੰ ਖਾਂਦੇ
ਪੀਂਦੇ ਪਰਿਵਾਰਾਂ ਦੀਆਂ ਇਸਤਰੀਆਂ ਵਲੋਂ ਕੋਈ ਖਾਸ ਹੁੰਘਾਰਾ ਨਹੀਂ ਸੀ ਮਿਲਿਆ।
ਮਲਕਾ ਵਿਕਟੋਰੀਆ ਤਾਂ ਇਸ ਅੰਦੋਲਨ ਨੂੰ
"Mad,
Wicked folly of women’s rights"
ਪਾਗਲਪਨ, ਸ਼ਰਾਰਤਨ,
ਅਹਿਮਕਾਨਾ ਇਸਤਰੀਆਂ ਦੇ ਹੱਕ ਆਖਦੀ ਸੀ। ਇਹ
ਇਸਮਤ ਚੁਗਤਾਈ ਦੇ ਵਸ ਦੀ ਗਲ ਨਹੀਂ
ਸਾਰੇ ਸੰਸਾਰ ਵਿਚ ਹੀ ਰੱਜੇ ਪੁੱਜੇ ਲੋਕ ਸੋਨੇ ਦੀ ਹੱਥ ਕੜੀ ਨੂੰ
ਗਹਿਣਾ ਹੀ ਸਮਝਦੇ ਹਨ।
ਅੰਦੋਲਨ ਦਾ ਪਹਿਲਾ ਭਾਗ
ਅਤੇ ਪ੍ਰਾਪਤੀ
ਇਸ ਅੰਦੋਲਨ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
ਪਹਿਲੇ ਭਾਗ ਵਿਚ ਬਰਤਾਨਵੀ ਇਸਤਰੀਆਂ ਨੇ ਬਰਾਬਰਤਾ ਅਤੇ
ਵੋਟ ਦਾ ਹੱਕ ਪਰਾਪਤ ਕਰਨ ਦਾ ਯਤਨ ਕੀਤਾ। ਫਲਸਰੂਪ
1918 ਈਸਵੀ ਤੋਂ ਸ਼ੁਰੂ ਹੋ ਕੇ
1928 ਈਸਵੀ ਤਕ ਬਰਤਾਨੀਆਂ ਵਿਚ
ਇਸਤਰੀ ਨੇ ਵੋਟ ਦਾ ਹੱਕ ‘ਕਮਾ ਲਿਆ’ ਸੀ ।
‘ਕਮਾ ਲਿਆ’ ਸ਼ਬਦਾਂ ਤੋਂ ਹੈਰਾਨ ਨਾ ਹੋਣਾ।
ਬਰਤਾਨੀਆਂ ਦੀਆਂ ਇਸਤਰੀਆਂ ਨੂੰ ਹਾਕਮ ਜਮਾਤ ਨੇ ਵੋਟ ਦਾ
ਹੱਕ ਦਾਨ ਵਜੋਂ ਜਾਂ ਇਸਤਰੀਆਂ ਤੇ ਤਰਸ ਖਾ ਕੇ ਨਹੀਂ ਸੀ ਦਿੱਤਾ। ਇਹ ਤਾਂ ਇਸਤਰੀਆਂ ਨੇ
ਪਹਿਲੀ ਵੱਡੀ ਸੰਸਾਰ ਜੰਗ ਵਿਚ ਦੇਸ਼ ਨੂੰ ਦਰਪੇਸ਼ ਔਕੜਾਂ ਨਾਲ ਸਿੱਝਣ ਲਈ ਮਰਦਾਂ ਨਾਲ
ਮੋਢੇ ਨਾਲ ਮੋਢਾ ਲਾ ਕੇ ਮਰਦ ਹਾਕਮ ਜਮਾਤ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਦੱਬੀ
ਕੁਚਲੀ ਇਸਤਰੀ ਨਾਲੋਂ ਬਰਾਬਰ ਖੜ੍ਹੀ ਇਸਤਰੀ ਦੇਸ਼ ਦੀ ਖੁਸ਼ਹਾਲੀ ਲਈ ਬਹੁਤ ਲਾਹੇਵੰਦ ਹੋ
ਸਕਦੀ ਹੈ। ਮਿਹਨਤ ਨਾਲ ਕਮਾਏ
ਹੱਕ ਨਾਲ ਇਸਤਰੀ ਜ਼ਾਤੀ ਦਾ ਸਿਰ ਉੱਚਾ ਹੋ ਗਿਆ।
ਅਮਰੀਕਾ ਵਿਚ ਇਲਿਜ਼ਬਥ ਕੈਡੀ,
ਸਟੇਨਟਨ ਸੂਜ਼ਨ ਬੀ ਐਨਥਨੀ ਦੀ ਅਗਵਾਈ ਵਿਚ ਸਲੇਵਰੀ ਦੇ
ਖਿਲਾਫ ਆਵਾਜ਼ ਉਠਾਈ ਗਈ। ਸਿੱਟੇ ਵਜੋਂ ਅਮਰੀਕਣ ਵਿਧਾਨ ਵਿਚ ਵੀ
1920 ਈਸਵੀ ਵਿਚ ਉੰਨੀਵੀਂ ਸੋਧ
ਕੀਤੀ ਗਈ, ਜਿਸ ਨਾਲ ਅਮਰੀਕਾ ਦੀਆਂ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ।
ਅੰਦੋਲਨ ਦਾ ਦੂਸਰਾ ਭਾਗ
ਅੰਦੋਲਨ ਦਾ ਦੂਸਰਾ ਭਾਗ 1960
ਈਸਵੀ ਤੋਂ ਲੈ ਕੇ 1980
ਈਸਵੀ ਤਕ ਦਾ ਹੈ।
ਇਸ ਵਿਚ ਇਸਤਰੀਆਂ ਦੀਆਂ ਮੰਗਾਂ ਵਿਚ ਸਮਾਜਕ ਅਤੇ ਸੱਭਿਆਚਾਰਕ
ਬਰਾਬਰਤਾ ਦੀ ਵੀ ਗੱਲ ਚੱਲੀ।
ਇਸ ਭਾਗ ਵਿਚ ਜੋਸ਼ ਹੋਸ਼ ਤੇ ਭਾਰੂ ਲਗਦਾ ਹੈ। ਕੁਝ ਤੇਜ਼ ਤਰਾਰ ਇਸਤਰੀਆਂ ਤਾਹਨੇ
ਮੇਹਣਿਆਂ ਤੇ ਉੱਤਰ ਆਈਆਂ।
ਪਤਾ ਨਹੀਂ ਸੱਚ ਹੈ ਜਾਂ ਝੂਠ, ਪਰ ਕੁਝ ਲੇਖਕਾਂ ਵਲੋਂ ਬਰਾ (ਅੰਘੀਆਂ) ਜਲਾਉਣ ਦਾ ਵੀ
ਜ਼ਿਕਰ ਆਉਂਦਾ ਹੈ। ਕੁਝ
ਇਸਤਰੀਆਂ ਨੇ ਇਸ ਹੱਲੇ ਗੁੱਲੇ ਦੇ ਖਿਲਾਫ ਆਵਾਜ਼ ਵੀ ਉਠਾਈ ਪਰ ਘੱਟ ਗਿਣਤੀ ਵਿਚ ਹੋਣ
ਕਾਰਨ ਉਹਨਾਂ ਦੀ ਆਵਾਜ਼ ਦੱਬ ਕੇ ਰਹਿ ਗਈ ਅਤੇ ਇਸ ਭਾਗ ਦੀ ਪਰਾਪਤੀ ਸਿਫਰ ਹੈ।
ਤੀਸਰਾ ਭਾਗ ਹੁਣ ਚੱਲ ਰਿਹਾ ਹੈ। ਹਾਲੇ ਵੀ ਹਰ ਖੇਤਰ ਵਿਚ
ਬਰਾਬਰਤਾ ਲਿਆਉਣ ਲਈ ਬਹੁਤ ਕੁਝ ਕਰਨਾ ਬਾਕੀ ਹੈ।
ਹੁਣ ਗੱਲ ਕਰਦੇ ਹਾਂ ਇਸਮਤ
ਚੁਗਤਾਈ ਦੇ ਲੇਖ ਦੀ
ਇਸਮਤ ਚੁਗਤਾਈ ਦੇ ਲੇਖ ਵਿਚੋਂ
1960 ਈਸਵੀ ਤੋਂ ਲੈ ਕੇ
1980 ਈਸਵੀ ਤਕ ਚੱਲੇ ਅੰਦੋਲਨ ਦਾ ਪਰਛਾਵਾਂ ਸਾਫ ਦਿਸ
ਰਿਹਾ ਹੈ। ਤਾਹਨੇ ਮੇਹਣਿਆਂ
ਦੀ ਝਲਕ ਸਾਫ ਦਿਖਾਈ ਦੇ ਰਹੀ ਹੈ।
ਹੋਸ਼ ਤੇ ਜੋਸ਼ ਭਾਰੂ ਲਗਦਾ ਹੈ।
ਵੰਨਗੀ ਵਜੋਂ ਦੇਖੋ।
ਧੋਖੇਬਾਜ਼ ਮਰਦ ਨਾਲੋਂ ਧੋਖੇਬਾਜ਼ ਇਸਤਰੀ ਜ਼ਿਆਦਾ ਖਤਰਨਾਕ ਹੁੰਦੀ ਹੈ,
ਦੇ ਪ੍ਰਤੀਕਰਮ ਵਜੋਂ ਉਸ ਵਲੋਂ ਦਿੱਤਾ ਜਵਾਬ: ‘ਜਿਵੇਂ
ਕੋਈ ਇਹ ਕਹੇ ਕਿ ਇਕ ਕਾਲੇ ਮਰਦ ਨਾਲੋਂ ਇਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ।’ ਬਗੈਰ
ਸੋਚੇ ਲਿਖਿਆ ਲਗਦਾ ਹੈ। ਛਾਬੇ
ਵਿਚ ਸੇਬ ਅਤੇ ਸੰਗਤਰੇ ਰੱਖ ਕੇ ‘ਸੇਬ ਲੈ ਲਓ, ਸੇਬ ਲੈ ਲਓ’ ਦਾ ਹੋਕਾ ਦੇਣ ਵਾਲੇ ਦੇ
ਕੋਲ ਦੀ ਲੋਕ ਉਸ ਦੇ ਕਮਲ਼ ਤੇ ਹੱਸ ਕੇ ਲੰਘ ਜਾਂਦੇ ਹਨ।
ਜਿਸ ਤਰ੍ਹਾਂ ਸੇਬ ਅਤੇ ਸੰਗਤਰੇ ਨੂੰ ਇੱਕੋ ਨਹੀਂ ਕਿਹਾ ਜਾ
ਸਕਦਾ। ਇਸੇ ਤਰ੍ਹਾਂ ਖਿਆਲਾਂ
ਦੀ ਅਤੇ ਜਿਸਮਾਨੀ ਰੰਗ ਦੀ ਤੁਲਣਾ ਨਹੀਂ ਕੀਤੀ ਜਾ ਸਕਦੀ।
ਖਿਆਲ ਸਮੇਂ ਨਾਲ ਬਦਲ ਸਕਦੇ ਹਨ। ਰੰਗ ਬਾਰੇ ਕਹਾਵਤ ਹੈ ਕਿ
ਕਾਲੇ ਮੂਲ ਨਾ ਹੁੰਦੇ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ।
ਅਜਕਲ ਦਾ ਤਾਂ ਮੈਨੂੰ ਪਤਾ ਨਹੀਂ ਕਿ ਕਿਸੇ ਦੇ ਸਦੀਵੀ ਵਿਛੋੜੇ
ਸਮੇਂ ਮਕਾਣਾਂ ਜਾਂਦੀਆਂ ਹਨ ਕਿ ਨਹੀਂ; 1980
ਤਕ ਹਾਲੇ ਮਕਾਣਾਂ ਦਾ ਰਿਵਾਜ ਸੀ।
ਕੋਈ ਦਸ ਮਰਦ ਅਤੇ ਇੰਨੀਆਂ ਕੁ ਹੀ ਇਸਤਰੀਆਂ ਦਾ ਇਕੱਠ
ਮਕਾਣ ਲੈ ਕੇ ਜਾਇਆ ਕਰਦਾ ਸੀ।
ਮਰਦ ਤਾਂ ਸੱਥ ਵਿਚ ਬੈਠ ਜਾਂਦੇ ਸਨ, ਇਸਤਰੀਆਂ ਉੱਚੀ ਉੱਚੀ
ਰੋਂਦੀਆਂ ਹੋਈਆਂ ਮ੍ਰਿਤਕ ਦੇ ਘਰ ਪੁੱਜਦੀਆਂ ਸਨ।
ਖਾਖਾਂ ਨੂੰ ਪਿੱਟਣ, ਛਾਤੀ ਪਿੱਟਣ ਅਤੇ ਦੁਹੱਥੜੀ ਪਿੱਟਣ ਉਪਰੰਤ
ਕੀਰਨਿਆਂ ਦੀ ਵਾਰੀ ਆਉਂਦੀ ਸੀ। ਉਸ ਸਮੇਂ ਇਕ ਇਸਤਰੀ ਕੀਰਨੇ ਦੁਆਰਾ ਆਪਣਾ ਦੁੱਖ
ਦੱਸਦੀ ਤਾਹਨਾ ਮਾਰਦੀ, ਬਾਕੀ ਸਾਰੀਆਂ ਇਸਤਰੀਆਂ ਸਿਰਫ ਸੁਣਦੀਆਂ। ਜਦ ਉਸਦਾ ਕੀਰਨਾ
ਮੁੱਕ ਜਾਂਦਾ ਤਾਂ ਦੂਸਰੇ ਪਾਸੇ ਦੀ ਇਸਤਰੀ ਉਸ ਦਾ ਜਵਾਬ ਦਿੰਦੀ।
ਉਹ ਕੀਰਨਿਆਂ ਦੁਆਰਾ ਮੇਹਣੋ ਮੇਹਣੀ ਹੋ ਜਾਂਦੀਆਂ ਸਨ।
ਇਸਮਤ ਚੁਗਤਾਈ ਦਾ ਲੇਖ ਵੀ ਉਹਨਾਂ ਕੀਰਨਿਆਂ ਵਾਂਗ ਹੈ।
ਲਿਖਣ ਦੀ ਬਜਾਏ ਜੇ ਕਿਤੇ ਮਕਾਣ ਵਿਚ ਇਹੋ ਜਿਹੇ ਮੇਹਣੇ
ਮਾਰਦੀ ਤਾਂ ਸੂਝਵਾਨ ਇਸਤਰੀਆਂ ਨੇ ਹੀ ਇਸ ਦਾ ਜਵਾਬ ਦੇ ਦੇਣਾ ਸੀ।
ਇਸਮਤ ਚੁਗਤਾਈ ਨੂੰ ਤਾਂ ਉਰਦੂ ਸਾਹਿਤ ਵਿਚ ਚੌਥਾ ਥੰਮ੍ਹ
ਗਿਣਿਆਂ ਜਾਂਦਾ ਸੀ। ਕਿਸੇ
ਵੱਡੇ ਲੇਖਕ ਦੀ ਸਿਫਤ ਵਿਚ ਤਾਂ ਕਲਮ ਆਪ ਮੁਹਾਰੇ ਤੁਰ ਪੈਂਦੀ ਹੈ।
ਟਿੱਪਣੀ ਕਰਨ ਲੱਗਿਆਂ ਵਿਚਾਰ ਅੱਗੇ ਆ ਖੜੋਂਦੇ ਹਨ: ਮਤ
ਮਾਰੀ ਗਈ ਹੈ? ਕਿਉਂ ਆਖ ਰਿਹਾਂ ਹੈਂ, ‘ਆ
ਬੈਲ ਮੁਝੇ ਮਾਰ।’
ਜੇ ਕਿਸੇ ਮਰਦ ਨੇ ਕਿਸੇ ਲੇਖ ਵਿਚ ਔਰਤ ਦਾ ਨਿਰਾਦਰ ਕੀਤਾ ਹੋਵੇ
ਤਾਂ ਇਸਮਤ ਚੁਗਤਾਈ ਵਲੋਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਸੋਭਦੀ ਹੈ।
ਪਰ ਜੇ ਕਿਸੇ ਮਰਦ ਨੇ ਉਸ ਨੂੰ ਪਿਆਰ ਦਾ ਮਜੱਸਮਾ ਜਾਂ
ਮਮਤਾ ਦੀ ਮੂਰਤ ਕਿਹਾ ਤਾਂ ਕੋਈ ਗਲਤ ਗੱਲ ਤਾਂ ਨਹੀਂ ਕਹੀ।
ਇਸ ਗੱਲ ਤੇ ਮਰਦ ਨੂੰ ਮਾਰਿਆ ਤਾਹਨਾ ਜਚਿਆ ਨਹੀਂ।
ਮਰਦ ਨੂੰ ਤਾਂ ਉੱਦਾਂ ਹੀ ਇਸਤਰੀਆਂ ਘਟੀਆ ਸਮਝਦੀਆਂ ਹਨ।
ਜਿਸ ਇਸਤਰੀ ਦੇ ਹੱਡ ਪੈਰ ਮੋਕਲੇ ਹੋਣ, ਸੁਭਾ ਵਿਚ ਕੋਮਲਤਾ
ਨਾ ਹੋਵੇ ਤਾਂ ਇਸਤਰੀਆਂ ਉਸ ਬਾਰੇ ਆਖਣਗੀਆਂ: ਹੈ ਕੀ ਮਨੁੱਖ ਜਿਹਾ।
ਮਨੁੱਖ ਵਿਚਾਰੇ ਪਾਸ ਕੋਈ ਥਾਂਹ ਨਹੀਂ, ਜਿੱਥੇ ਉਹ ਸ਼ਿਕਵਾ
ਕਰ ਸਕੇ।
ਔਰਤ ਹੀ ਤਾਂ ਡਰਾਕਲ ਨਹੀਂ ਹੁੰਦੀ; ਮਰਦ ਵੀ ਡਰਾਕਲ ਹੁੰਦੇ ਹਨ।
ਇਸਮਤ ਚੁਗਤਾਈ ਇਸਤਰੀ ਨੂੰ ਡਰਾਕਲ ਬਣਾਉਣ ਵਿਚ ਮਰਦ ਦਾ
ਹੱਥ ਆਖਦੀ ਹੈ। ਮਰਦ ਨੂੰ ਡਰਾਕਲ ਬਣਾਉਣ ਵਿਚ ਕਿਸ ਦਾ ਹੱਥ ਹੋਇਆ? ਅਸਲ ਵਿਚ ਬੱਚੇ ਨੂੰ
ਬਚਪਨ ਵਿਚ ਡਰ ਦਾ ਅਭਿਆਸ ਤਾਂ ਮਾਂ ਹੀ ਕਰਾਉਂਦੀ ਹੈ।
“ਔਹ ਦੇਖ, ਮਾਣੋ ਬਿੱਲੀ ਆ ਗਈ।” ਇਸਮਤ ਚੁਗਤਾਈ ਦੀ
ਹੁਸ਼ਿਆਰੀ ਦੇਖੋ, ਔਰਤ ਦੀ ਗਲਤੀ ਵੀ ਮਰਦ ਸਿਰ ਮੜ੍ਹ ਦਿੱਤੀ।
ਇਸ ਤੋਂ ਅੱਗੇ ਇਸਮਤ ਚੁਗਤਾਈ ਕਹਿੰਦੀ ਹੈ ਕਿ ਮਾਂ ਦੀ ਮਮਤਾ ਦਾ
ਸਾਰੀ ਦੁਨੀਆਂ ਢੋਲ ਪਿੱਟਦੀ ਹੈ, ਬਾਪ ਦੀ ਬਾਪਤਾ ਦਾ ਰੋਣਾ ਕੋਈ ਕਿਉਂ ਨਹੀਂ ਰੋਂਦਾ।
ਔਰਤ ਮਾਂ ਲਈ ਤਾਂ ਮਮਤਾ ਦਾ ਸ਼ਬਦ ਵਰਤਦੀ ਹੈ ਅਤੇ ਪੇ ਲਈ
ਆਖਦੀ ਹੈ ਕਿ ਪੇ ਪਤੀਨਾ ਜਾਂ ਪਤੀਸਰਾ ਹੁੰਦਾ ਹੈ, ਭਾਵ ਨਿਰਦਈ ਹੁੰਦਾ ਹੈ।
ਇਸ ਤਰ੍ਹਾਂ ਉਹ ਬੱਚਿਆਂ ਨਾਲ ਰਲ ਕੇ ਪੇ ਦੇ ਖਿਲਾਫ ਧੜਾ
ਬਣਾ ਲੈਂਦੀ ਹੈ।
ਇਸਮਤ ਚੁਗਤਾਈ ਨੇ ਇਹ ਸਵਾਲ ਕਰਦਿਆਂ, ‘ਔਰਤ ਦੀ ਇਜ਼ਤ ਲੁੱਟ ਸਕਦੀ
ਹੈ। ਮਰਦ ਦੀ ਨਹੀਂ ਲੁੱਟਦੀ
… ਸ਼ਾਇਦ ਮਰਦ ਦੀ ਇਜ਼ਤ
ਹੁੰਦੀ ਹੀ ਨਹੀਂ।’ ਸਿਰਫ ਇਕ ਪੱਖ ਦੀ ਗੱਲ ਕੀਤੀ ਹੈ।
ਮਰਦ ਦੀ ਇਜ਼ਤ ਹੁੰਦੀ ਹੈ ਅਤੇ ਲੁੱਟਦੀ ਵੀ ਔਰਤ ਹੀ ਹੈ। ਜੇ
ਕਦੇ ਔਰਤ ਦਾ ਕਿਸੇ ਨੂੰ ਬਦਨਾਮ ਕਰਨ ਦਾ ਮਨ ਹੋਵੇ ਤਾਂ ਬਾਜ਼ਾਰ ਵਿਚ ਕੋਲ ਦੀ ਲੰਘਦਿਆਂ
ਜੇ ਉੱਚੀ ਆਵਾਜ਼ ਵਿਚ ਇਕ ਇਲਜ਼ਾਮ ਲਾ ਦੇਵੇ ਤਾਂ ਉਸ ਵਿਚਾਰੇ ਦੀ ਛਿੱਤਰ ਪਰੇਡ ਹੋ ਜਾਂਦੀ
ਹੈ। ਉਸ ਦੀ ਇਜ਼ਤ ਲੁੱਟੀ
ਜਾਂਦੀ ਹੈ। ਉਹ ਸ਼ਰਮ ਦਾ ਮਾਰਾ ਅੰਦਰ ਵੜ ਜਾਂਦਾ ਹੈ।
ਕਿਸੇ ਤੋਂ ਕੋਈ ਕੰਮ ਲੈਣਾ ਹੋਵੇ ਤਾਂ ਵੀ ਔਰਤ ਇਹ ਹਥਿਆਰ
ਵਰਤ ਲੈਂਦੀ ਹੈ ਕਿ ਜਾਂ ਤਾਂ ਬੇਟਾ ਮੇਰੀ ਮਨ ਲੈ, ਨਹੀਂ ਤਾਂ ਕੱਪੜੇ ਪਾੜ ਕੇ ਸ਼ੋਰ ਮਚਾ
ਦਿਆਂਗੀ। ਵਿਚਾਰਾ ਮਰਦ ਗੋਡੇ
ਟੇਕ ਦਿੰਦਾ ਹੈ। ਆਪਣੇ ਆਲੇ
ਦੁਆਲੇ ਧਿਆਨ ਦਿਓ। ਤੁਹਾਨੂੰ ਇਹੋ ਜਿਹੇ ਕਈ ਕਿੱਸੇ ਮਿਲ ਜਾਣਗੇ।
ਬਰਾਬਰਤਾ ਦਾ ਹੱਕ ਮੰਗਦੀ ਔਰਤ ਵਿਚ ਇੰਨਾ ਉਲਾਰਪਨ ਆ ਗਿਆ ਕਿ ਉਸ
ਨੂੰ ਇੱਜ਼ਤ ਸ਼ਰਮ ਦੇ ਮਾਇਨੇ ਹੀ ਭੁੱਲ ਗਏ ਹਨ। ਹੱਥ ਠੋਕਾ ਬਣ ਕੇ ਇਹ ਬੜੀਆਂ ਬੜੀਆਂ
ਹਸਤੀਆਂ ਦੀ ਮਿੱਟੀ ਪਲੀਤ ਕਰ ਦਿੰਦੀ ਹੈ।
1993 ਵਿਚ ਹੀ ਨਹੀਂ, ਮਿਥਿਹਾਸਕ
ਗਾਥਾਵਾਂ ਵਿਚ ਵੀ ਕਰਿਸਟੀਨ ਕੇਲਰ ਦਾ ਰੋਲ ਔਰਤਾਂ ਨਿਭਾਉਂਦੀਆਂ ਆਈਆਂ ਹਨ।
ਬਲਿਊ ਮੂਵੀਆਂ ਵਿਚ, ਸਟਰਿੱਪ ਬਾਰਾਂ ਵਿਚ, ਨਗਨਤਾ ਦੀ
ਨੁਮਾਇਸ਼ ਔਰਤਾਂ ਮਰਦ ਦੀ ਜੇਬ ਕੱਟਣ ਲਈ ਕਰਦੀਆਂ ਹਨ
ਅੰਦੋਲਨ ਦੇ ਦੂਸਰੇ ਭਾਗ ਵਿਚ ਇਹ ਵੀ ਪਰਚਾਰ ਕੀਤਾ ਗਿਆ ਹੈ ਕਿ ਔਰਤ
ਹੀ ਕਿਉਂ ਦੁੱਧ ਚੁੰਘਾਵੇ? ਨਤੀਜਾ ਸਭ ਦੇ ਸਾਹਮਣੇ ਹੈ। ਦੁੱਧ ਦੀ ਥਾਂ ਫਾਰਮੂਲਿਆਂ ਨੇ
ਮੱਲ ਲਈ ਹੈ ਅਤੇ ਬੱਚਿਆਂ ਨੂੰ ਮਾਂ ਦਾ ਪੂਰਾ ਪਿਆਰ ਨਾ ਮਿਲਣ ਕਾਰਨ ਉਹ ਨਿਰਮੋਹੇ
ਹੁੰਦੇ ਜਾ ਰਹੇ ਹਨ।
ਔਰਤ ਨਾਲੋਂ ਘੱਟ ਪੜ੍ਹਿਆ ਮਰਦ ਔਰਤ ਨਾਲ ਜੈਲਸੀ ਕਰਦਾ ਹੈ।
… ਜ਼ਰਾ ਇਰਦ ਗਿਰਦ ਧਿਆਨ
ਤਾਂ ਮਾਰੋ। ਸ਼ਾਹੀ ਅਨਪੜ੍ਹਾਂ ਦੀਆਂ ਬੀਵੀਆਂ ਐੱਮ ਏ, ਬੀ ਏ ਤੋਂ ਘੱਟ ਨਹੀਂ ਹਨ।
ਜੇ ਉਹ ਜੈਲਸੀ ਕਰਦੇ ਹੋਣ ਤਾਂ ਉਹ ਅਨਪੜ੍ਹ ਵਿਆਹ ਕੇ
ਲਿਆਉਣ।
ਇਸਮਤ ਚੁਗਤਾਈ ਆਖਦੀ ਹੈ, ‘ਸਦੀਆਂ
ਤੋਂ ਔਰਤ ਦੇ ਸਿਰ, … ਆਖਰ
ਇਹਨਾਂ ਨੂੰ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲਗਦਾ ਹੈ।’
ਔਰਤ ਦੀ ਬਰਾਬਰੀ ਦੀ ਗੱਲ ਕੋਈ
1500 ਈਸਵੀ ਦੇ ਕਰੀਬ ਬਾਬੇ ਨਾਨਕ ਨੇ ਉਠਾਈ ਸੀ,
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ
ਰਾਜਾਨ॥” ਤੀਸਰੇ ਨਾਨਕ ਨੇ
ਆਪਣੀ ਗੁਰਿਆਈ ਸਮੇਂ ਔਰਤਾਂ ਨੂੰ ਪਰਚਾਰਕ ਥਾਪਿਆ। ਪਰਦੇ ਦੇ ਖਿਲਾਫ ਪਰਚਾਰ ਕੀਤਾ।
… ਸਤੀ ਦੀ ਰਸਮ ਨੂੰ ਰੋਕਣ
ਲਈ ਅਕਬਰੇ ਆਜ਼ਮ ਨੂੰ ਕਾਨੂੰਨ ਬਣਾਉਣ ਲਈ ਆਖਿਆ। …
ਵਿਧਵਾ ਔਰਤ ਲਈ ਦੂਸਰੇ ਵਿਆਹ ਦੀ ਮੁਹਿੰਮ ਚਲਾਈ।
… ਖਾਲਸਾ ਸਿਰਜਣਾ ਸਮੇਂ ਮਾਤਾ
ਸਾਹਿਬ ਦੇਵਾਂ ਨੇ ਵੀ ਇਕ ਅਹਿਮ ਰੋਲ ਨਿਭਾਇਆ। ਵੀਰਤਾ ਦੇ ਨਾਲ ਨਾਲ ਮਿਠਾਸ ਵੀ ਤਾਂ
ਜ਼ਰੂਰੀ ਸੀ। ਇਸਮਤ ਚੁਗਤਾਈ
ਨੂੰ ਇਹ ਸਭ ਕੁਝ ਕਿਉਂ ਨਹੀਂ ਨਜ਼ਰ ਆਇਆ, ਇਹ ਸਮਝ ਤੋਂ ਬਾਹਰ ਹੈ।
‘ਪਰ ਗੁਰਦੇਵ ਕਹਿੰਦੇ ਹਨ, ਐ ਔਰਤ!
ਤੂੰ ਅੱਧੀ ਔਰਤ ਹੈਂ ਅਤੇ ਅੱਧਾ ਸੁਪਨਾ!’
ਪਤਾ ਨਹੀਂ ਇਸਮਤ ਚੁਗਤਾਈ ਕਿਸ ਗੁਰਦੇਵ ਦੀ ਗੱਲ ਕਰਦੀ ਹੈ।
ਗੁਰੂ ਬਾਬਾ ਤਾਂ ਆਖਦਾ ਹੈ:
ਪੁਰਖ ਮਹਿ ਨਾਰਿ ਨਾਰਿ ਮਹਿ
ਪੁਰਖਾ ਬੂਝਹੁ ਬ੍ਰਹਮ ਗਿਆਨੀ॥ (
ਰਾਮਕਲੀ ਮਹਲਾ 1,
ਪੰਨਾ 879)
ਦੋਵੇਂ ਇਕ ਦੂਸਰੇ ਤੋਂ ਬਗੈਰ ਅਧੂਰੇ ਹਨ।
ਪੱਛਮੀ ਔਰਤਾਂ ਅਤੇ ਰੂਸੀ ਔਰਤਾਂ ਦਾ ਮੁਕਾਬਲਾ ਵੀ ਨਹੀਂ ਜਚਿਆ।
ਇੱਥੋਂ ਤਕ ਲੇਖ ਇਕ ਪਾਸੜਾ ਹੈ। ਬਗੈਰ ਵਿਚਾਰਿਆਂ ਲਿਖਿਆ ਗਿਆ ਹੈ। ਤੁਅਸਬ ਦੀ ਬੂ
ਆਉਂਦੀ ਹੈ।
ਲੇਖ ਦੇ ਆਖੀਰ ਵਿਚ ਇਸਮਤ ਚੁਗਤਾਈ ਵਲੋਂ ਦਿੱਤੀਆਂ ਚਾਰ ਸਮਝੌਤੀਆਂ
ਕਾਬਲੇ ਤਾਰੀਫ ਹਨ।
*****
(28 ਜਨਵਰੀ 2008)