ਲੇਖ/ਆਲਾ-ਦੁਆਲਾ/ਚੇਤੇ ਦੀ ਚੰਗੇਰ/ਵਿਚਾਰ/ਜਾਣਕਾਰੀ


ਪ੍ਰਿੰ. ਸਰਵਣ ਸਿੰਘ

ਤੁਰ ਪਰਦੇਸ ਗਿਓਂ ਬੂਹਾ ਵੱਜਿਆ
-ਪ੍ਰਿੰ. ਸਰਵਣ ਸਿੰਘ-


ਮੈਂ ਜਦੋਂ ਵੀ ਪੰਜਾਬ ਜਾਂਦਾ ਹਾਂ ਤਾਂ ਹਰੇਕ ਸਾਲ ਪਹਿਲਾਂ ਨਾਲੋਂ ਵਧੇਰੇ ਘਰਾਂ ਦੇ ਬੂਹੇ ਵੱਜੇ ਵੇਖਦਾ ਹਾਂ। ਦਰਾਂ ਉਤੇ ਜਿੰਦਰੇ ਲਟਕਦੇ ਦਿਸਦੇ ਹਨ। ਬੂਹੇ ਬਾਰੀਆਂ ਉਤੇ ਮਿੱਟੀ ਘੱਟਾ ਜੰਮਿਆਂ ਹੁੰਦੈ। ਘਰ ਬਾਰ ਬੜੇ ਸੋਹਣੇ ਬਣੇ ਹੁੰਦੇ ਹਨ ਪਰ ਉਨ੍ਹਾਂ ‘ਚੋਂ ਹੱਸਦੇ ਵੱਸਦੇ ਘਰਾਂ ਵਾਲੀ ਚਹਿਕ ਮਹਿਕ, ਬੋਲਬੁਲਾਰਾ ਤੇ ਹਾਸੇ ਨਹੀਂ ਸੁਣਦੇ। ਬੱਚਿਆਂ ਦੀਆਂ ਕਿਲਕਾਰੀਆਂ ਨਹੀਂ ਵੱਜਦੀਆਂ। ਕਿਸੇ ਕਿਸੇ ਘਰ ਦੀ ਚਾਰਦੀਵਾਰੀ ਵਿਚ ਕੋਈ ਬੁੱਢਾ ਮਾਈ ਬਾਪ ਜਾਂ ਕੋਈ ਭੱਈਆ ਉਨ੍ਹਾਂ ਕੋਠੀਆਂ ਤੇ ਹਵੇਲੀਆਂ ਦੀ ਰਾਖੀ ਬੈਠਾ ਹੁੰਦਾ ਹੈ ਜਿਹੜੀਆਂ ਬੜੀਆਂ ਰੀਝਾਂ ਤੇ ਚਾਵਾਂ ਨਾਲ ਉਸਾਰੀਆਂ ਗਈਆਂ ਹੁੰਦੀਆਂ ਹਨ। ਵੇਖ ਕੇ ਮਨ ਮਸੋਸਿਆ ਜਾਂਦਾ ਹੈ ਕਿ ਇਨ੍ਹਾਂ ‘ਪੱਕਿਆਂ’ ਘਰਾਂ ਦੇ ਮਾਲਕ ਕਦ ‘ਆਪਣੇ ਘਰਾਂ’ ਨੂੰ ਪਰਤਣਗੇ ਤੇ ਬੂਹਿਆਂ ਉਤੇ ਤੇਲ ਚੋਇਆ ਜਾਵੇਗਾ? ਕਦ ਇਹ ਸੁੰਨੇ ਪਏ ਮਹੱਲ ਮੁੜ ਆਬਾਦ ਹੋਣਗੇ? ਕਦ ਕੰਧਾਂ ਹੱਸਣਗੀਆਂ ਤੇ ਕਦ ਵਿਹੜੇ ਚਾਂਭੜਾਂ ਪਾਉਣਗੇ?

ਪੰਜਾਬ ਦੀਆਂ ਬਹੁਤ ਸਾਰੀਆਂ ਕੋਠੀਆਂ ਦੇ ਅਸਲੀ ਮਾਲਕ ਤਾਂ ਪਰਦੇਸੀ ਹੋ ਗਏ ਹਨ ਤੇ ਉਥੇ ਭੋਰਿਆਂ ਵਰਗੀਆਂ ਬੇਸਮੈਂਟਾਂ ਜਾਂ ਆਲ੍ਹਣਿਆਂ ਵਰਗੇ ਅਪਾਰਟਮੈਂਟਾਂ ‘ਚ ਰੈਣ ਬਸੇਰੇ ਕਰ ਰਹੇ ਹਨ। ਉਹ ਭਾਵੇਂ ਕਿੱਡਾ ਵੱਡਾ ਘਰ ਖਰੀਦ ਲੈਣ, ਉਹਦੇ ਵਿਚ ਘੁੱਗ ਵੱਸਣ ਲਈ ਨਹੀਂ, ਬੱਸ ਕੁਝ ਘੰਟੇ ਨੀਂਦ ਲਾਹੁਣ ਲਈ ਹੀ ਆਉਂਦੇ ਹਨ। ਹੁੱਬ ਕੇ ਦੱਸਣ ਵਾਲੀ ਗੱਲ ਇਹੋ ਹੁੰਦੀ ਹੈ ਕਿ ਪੰਜਾਬ ਵਾਲੀ ਕੋਠੀ ਵੀ ਉਹਦੇ ਨਾਮ ਹੈ ਤੇ ਇੰਗਲੈਂਡ ਵਾਲਾ ‘ਹਾਊਸ’ ਵੀ ਉਹਦੇ ਨਾਮ! ਅੱਧੋਂ ਵੱਧ ਦੁਆਬਾ ‘ਬਾਹਰਲਾ’ ਬਣਿਆ ਪਿਆ ਹੈ ਤੇ ਦੁਆਬੇ ਦੀਆਂ ਅੱਧੋਂ ਵੱਧ ਕੋਠੀਆਂ ਵੀ ‘ਬਾਹਰਲਿਆਂ’ ਦੀਆਂ ਹੀ ਹਨ। ਸੁਖ ਉਨ੍ਹਾਂ ਨੂੰ ਨਾ ਇੰਗਲੈਂਡ ਦੇ ਮਕਾਨ ਦਿੰਦੇ ਹਨ ਤੇ ਨਾ ਪੰਜਾਬ ਦੀਆਂ ਕੋਠੀਆਂ। ਪਰ ਫਿਕਰ ਦੋਹਾਂ ਦੇ ਹੀ ਖਾਈ ਜਾਂਦੇ ਹਨ। ਚਿੰਤਾ ਲੱਗੀ ਰਹਿੰਦੀ ਐ ਕਿ ਕੋਈ ਦੱਬ ਈ ਨਾ ਲਵੇ?

ਉੱਨੀਵੀਂ ਸਦੀ ਮੁੱਕਣ ਤੇ ਵੀਹਵੀਂ ਸਦੀ ਚੜ੍ਹਨ ਨਾਲ ਪੰਜਾਬੀਆਂ ਦਾ ਆਪਣੇ ਘਰਾਂ ਤੋਂ ਪਰਦੇਸਾਂ ਵੱਲ ਜਾਣ ਦਾ ਮੁਹਾਣ ਸ਼ੁਰੂ ਹੋਇਆ ਸੀ। ਉਨ੍ਹਾਂ ਦਾ ਆਪਣਾ ਰਾਜ ਚਲਾ ਗਿਆ ਸੀ ਤੇ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ। ਪਹਿਲੇ ਸਮਿਆਂ ਵਿਚ ਪੰਜਾਬੀਆਂ ਨੂੰ ਹਮਲਾਵਰ ਘਰਾਂ ਤੋਂ ਉਜਾੜਦੇ ਸਨ ਫਿਰ ਹਾਲਾਤ ਐਸੇ ਬਣੇ ਕਿ ਉਹ ਆਪ ਹੀ ਘਰਾਂ ਤੋਂ ਉਜੜਨ ਲੱਗ ਪਏ। ਸਾਡੇ ਦਾਦੇ ਪੜਦਾਦੇ ਅੰਗਰੇਜ਼ਾਂ ਦੀਆਂ ਫੌਜਾਂ ਵਿਚ ਭਰਤੀ ਹੋ ਕੇ ਕੁਝ ਸਮੇਂ ਲਈ ਪਰਿਵਾਰ ਦੀਆਂ ਅੱਖਾਂ ਤੋਂ ਦੂਰ ਹੋ ਜਾਂਦੇ ਸਨ। ਇਸ ਤਰ੍ਹਾਂ ਦਾ ਪਰਦੇਸੀ ਹੋਣਾ ਆਰਜ਼ੀ ਹੁੰਦਾ ਸੀ। ਆਸ ਬੱਝੀ ਰਹਿੰਦੀ ਸੀ ਕਿ ਨੌਕਰੀ ਕਰਨ ਗਿਆ ‘ਨੌਕਰ’ ਸਾਲ ਛੇਈਂ ਮਹੀਨੀਂ ਛੁੱਟੀ ਆਵੇਗਾ ਤੇ ਨਾਵਾਂ ਕੱਟੇ ਜਾਣ ਪਿੱਛੋਂ ਪਿਨਸ਼ਨੀਆਂ ਬਣ ਕੇ ਪੱਕਾ ਹੀ ਘਰ ਆ ਵਸੇਗਾ। ਓਨੇ ਕੁ ਪਰਦੇਸੀ ਬਣ ਜਾਣ ਦੇ ਵਿਛੋੜਿਆਂ ਤੇ ਦੁਖੜਿਆਂ ਦੇ ਸਾਡੇ ਲੋਕ ਗੀਤ ਪਰਦੇਸੀ ਢੋਲੇ ਦੇ ਬਿਰਹੜਿਆਂ ਨਾਲ ਭਰੇ ਪਏ ਹਨ।

ਉਨ੍ਹਾਂ ਗੀਤਾਂ ਵਿਚ ਲੋਹੜੇ ਦਾ ਦਰਦ ਤੇ ਵੈਰਾਗ ਹੈ। ਉਨ੍ਹਾਂ ਰੇਲ ਗੱਡੀਆਂ ਦੇ ਪਹੀਏ ਟੁੱਟ ਜਾਣ ਦੀਆਂ ਬਦਦੁਆਵਾਂ ਹਨ ਜਿਹੜੀਆਂ ਉਨ੍ਹਾਂ ਦੇ ਢੋਲ ਸਿਪਾਹੀਆਂ ਨੂੰ ਬਸਰੇ ਦੀ ਲਾਮ ‘ਤੇ ਲੈ ਗਈਆਂ ਸਨ। ਉਹ ਸੁੱਖਾਂ ਸੁਖਦੀਆਂ-ਮੈਂ ਰੰਡੀਓਂ ਸੁਹਾਗਣ ਹੋਵਾਂ ਬਸਰੇ ਦੀ ਲਾਮ ਟੁੱਟ ਜੇ। ਪਤੀ ਦਾ ਪਰਦੇਸੀ ਹੋ ਜਾਣਾ ਕਾਲਜੇ ਨੂੰ ਸੱਲ ਜਾਣ ਵਰਗਾ ਸੀ-ਕੁੰਜੀ ਲੈ ਗਿਆ ਦਿਲਾਂ ਦਾ ਜਾਨੀ ਜਿੰਦਰਾ ਜੰਗਾਲ ਖਾ ਗਿਆ। ਵਿਆਹੀਆਂ ਵਰੀਆਂ ਦੇ ਦਿਲਾਂ ‘ਚੋਂ ਹੂਕ ਨਿਕਲਦੀ ਸੀ-ਤੁਰ ਪਰਦੇਸ ਗਿਓਂ, ਨਾਲੇ ਧਾਰ ਕੱਢਾਂ ਨਾਲੇ ਰੋਵਾਂ! ਜਾਂਦਾ ਹੋਇਆ ਦੱਸ ਨਾ ਗਿਆ, ਮੈਂ ਚਿੱਠੀਆਂ ਕਿਧਰ ਨੂੰ ਪਾਵਾਂ!! ਉਹ ਔਸੀਆਂ ਪਾਉਂਦੀਆਂ ਸਨ-ਅੱਖੀਆਂ ਉਡੀਕਦੀਆਂ, ਆ ਜਾ ਪਰਦੇਸੀਆ!!! ਪਰ ਪਰਦੇਸੀ ਆਪਣੀ ਥਾਂ ਮਜਬੂਰ ਹੁੰਦਾ ਸੀ ਤੇ ਹਵਾਵਾਂ ਹੱਥੀਂ ਪਿਆਰ ਵਿਛੋੜੇ ਦੇ ਹਉਕੇ ਭੇਜਦਾ ਰਹਿੰਦਾ ਸੀ। ਸਾਹਬ ਉਹਨੂੰ ਛੁੱਟੀਆਂ ਨਹੀਂ ਸੀ ਦਿੰਦਾ।

ਇੱਕੀਵੀਂ ਸਦੀ ਦਾ ਤਾਂ ਅੱਧਾ ਪੰਜਾਬ ਪਰਦੇਸੀ ਹੋ ਗਿਆ ਹੈ। ਮਰਦਮ ਸ਼ੁਮਾਰੀ ਵਾਲੇ ਦੱਸਦੇ ਹਨ ਕਿ ਇਕ ਕਰੋੜ ਤੋਂ ਵਧੇਰੇ ਪੰਜਾਬੀ ਪੰਜਾਬੋਂ ਬਾਹਰਲੇ ਸੂਬਿਆਂ ਵਿਚ ਰਹਿੰਦੇ ਹਨ ਤੇ ਪੰਜਾਹ ਲੱਖ ਦੇ ਕਰੀਬ ਭਾਰਤ ਤੋਂ ਬਾਹਰਲੇ ਮੁਲਕਾਂ ਵਿਚ। ਜਿੰਨੇ ਕੁ ਪੰਜਾਬੀ ਪੰਜਾਬ ਤੋਂ ਬਾਹਰ ਨਿਕਲੇ ਹਨ ਓਦੂੰ ਪੰਜਵਾਂ ਕੁ ਹਿੱਸਾ ਭਾਵ ਤੀਹ ਕੁ ਲੱਖ ਭੱਈਏ ਪੰਜਾਬ ਵਿਚ ਆ ਵਸੇ ਹਨ। ਇਹ ਚੇਨ ਚੱਲੀ ਜਾ ਰਹੀ ਹੈ ਤੇ ਕੋਈ ਪਤਾ ਨਹੀਂ ਕਦੋਂ ਤੇ ਕਿਥੇ ਜਾ ਕੇ ਰੁਕੇਗੀ?

ਪੰਜਾਬੀਆਂ ਵਿਚ ਜੇਕਰ ‘ਕੱਲੇ ਸਿੱਖਾਂ ਦੀ ਗੱਲ ਹੀ ਕੀਤੀ ਜਾਵੇ ਤਾਂ ਹਰ ਚੌਥਾ ਸਿੱਖ ਪੰਜਾਬ ਤੋਂ ਬਾਹਰ ਘਰ ਪਾਈ ਬੈਠਾ ਹੈ ਤੇ ਉਨ੍ਹਾਂ ਦੇ ਪੰਜਾਬ ਵਿਚਲੇ ਜੱਦੀ ਘਰਾਂ ਨੂੰ ਜਿੰਦਰੇ ਵੱਜੀ ਜਾ ਰਹੇ ਹਨ। ਕਦੇ ਨਾ ਕਦੇ ਤਾਂ ਉਹ ਜਿੰਦਰੇ ਖੁੱਲ੍ਹਣੇ ਹੀ ਹਨ। ਇਹ ਵੱਖਰੀ ਗੱਲ ਹੈ ਕਿ ਉਹ ਆਪ ਖੋਲ੍ਹ ਲੈਣ ਜਾਂ ਫਿਰ ਹੋਰਨਾਂ ਸੂਬਿਆਂ ਤੋਂ ਆ ਰਹੇ ਭੱਈਆਂ ਨੂੰ ਖੋਲ੍ਹ ਲੈਣ ਦੇਣ। ਖਾਲੀ ਪਈਆਂ ਥਾਵਾਂ ਨੂੰ ਕਿਸੇ ਨਾ ਕਿਸੇ ਨੇ ਤਾਂ ਭਰਨਾ ਹੀ ਹੈ। ਕਿਸੇ ਨੇ ਤਾਂ ਸੁੰਨੇ ਹੋ ਰਹੇ ਮਹਿਲਾਂ ਨੂੰ ਭਾਗ ਲਾਉਣੇ ਈ ਨੇ। ਉਹ ਭੂਤਾਂ ਪ੍ਰੇਤਾਂ ਲਈ ਤਾਂ ਨਹੀਂ ਨਾ ਛੱਡ ਛੱਡਣੇ। ਖੋਲੇ ਤਾਂ ਨਹੀਂ ਨਾ ਬਣ ਜਾਣ ਦੇਣੇ।

ਜਿਹੜੇ ‘ਵਿਦਵਾਨ’ ਪੰਜਾਬ ਤੋਂ ਬਾਹਰਲੇ ਕਿਰਤੀਆਂ ਦੇ ਪੰਜਾਬ ਵਿਚ ਆਈ ਜਾਣ ਉਤੇ ਤੜਫੀ ਜਾਂਦੇ ਹਨ ਉਨ੍ਹਾਂ ਨੂੰ ਅਸਲੀ ‘ਤੜਫ’ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਜੱਦੀ ਪੁਸ਼ਤੀ ਪੰਜਾਬੀ ਲੋਕ ਪੰਜਾਬ ਕਿਉਂ ਛੱਡ ਰਹੇ ਹਨ? ਤੇ ਜਿਹੜੇ ਪੰਜਾਬ ਦੇ ਅਸਲੀ ਵਾਰਸ ਕਹਾਉਂਦੇ ਹਨ ਉਹ ਹੱਥੀਂ ਕਿਰਤ ਕਰਨੀ ਕਿਉਂ ਛੱਡੀ ਬੈਠੇ ਹਨ? ਕਿਰਤ ਤੋਂ ਬੇਮੁੱਖ ਹੋਣ ਦੀ ਸਿੱਖਿਆ ਉਨ੍ਹਾਂ ਨੂੰ ਕਿਹੜੇ ਗੁਰੂ ਨੇ ਦਿੱਤੀ ਹੈ? ਜੇਕਰ ਤੀਹ ਲੱਖ ਭੱਈਏ ਪੰਜਾਬ ਵਿਚ ਹੱਥੀਂ ਕਰਨ ਵਾਲਾ ਕੰਮ ਲੱਭ ਸਕਦੇ ਹਨ ਤਾਂ ਪੰਜਾਬ ਦੇ ਜੰਮੇ ਜਾਇਆਂ ਨੂੰ ਪੰਜਾਬ ਵਿਚ ਉਹ ਕੰਮ ਕਿਉਂ ਨਹੀਂ ਦਿਸਦਾ? ਕੀ ਉਹ ਕੰਮ ਉਨ੍ਹਾਂ ਨੂੰ ਛੜਾਂ ਮਾਰਦੈ? ਉਹ ਕਿਉਂ ਗੁਰੂ ਦੀ ਸਿੱਖਿਆ ਦੇ ਲੜ ਨਹੀਂ ਲੱਗ ਰਹੇ? ਕਿਉਂ ਨਹੀਂ ਕਿਰਤ ਕਰਦੇ ਤੇ ਵੰਡ ਛਕਦੇ? ਉਹ ਕਾਹਦਾ ਨਾਮ ਜਪਣ ਹੈ ਜਿਸ ਦਾ ਹਿਰਦੇ ਵਿਚ ਕੋਈ ਵਾਸਾ ਹੀ ਨਹੀਂ? ਉਨ੍ਹਾਂ ਪਾਠਾਂ ਦਾ ਕੀ ਲਾਭ ਜਿਨ੍ਹਾਂ ਨੂੰ ਨਾ ਕਦੇ ਸਮਝਣਾ ਹੈ ਤੇ ਨਾ ਅਮਲ ਕਰਨਾ ਹੈ?

ਇਹ ਕਿਧਰਲੀ ਦਲੀਲ ਹੈ ਕਿ ਆਪ ਤਾਂ ਪੰਜਾਬ ਛੱਡੀ ਜਾਓ ਤੇ ਪੰਜਾਬ ਨੂੰ ਵੱਸਦਾ ਰੱਖਣ ਵਾਲਿਆਂ ਵਿਰੁੱਧ ਡੌਂਡੀ ਪਿੱਟੀ ਜਾਓ! ਝੂਠੀਆਂ ਤੋਹਮਤਾਂ ਲਾਈ ਜਾਓ!! ਜੁਰਮ ਆਪ ਕਰੋ ਕਰਵਾਓ ਤੇ ਸਿਰ ਹੋਰਨਾਂ ਦੇ ਪਾਈ ਜਾਓ!!! ਬਾਹਰੋਂ ਆ ਰਹੇ ਕਿਰਤੀ ਪੰਜਾਬ ਨੂੰ ਲੁੱਟ ਨਹੀਂ ਰਹੇ ਉਹ ਪੰਜਾਬ ਦੀ ਉਪਜ ਵਿਚ ਵਾਧਾ ਕਰ ਰਹੇ ਹਨ। ਐਨ ਉਵੇਂ ਜਿਵੇਂ ਅਸੀਂ ਕੈਨੇਡਾ ‘ਚ ਰਹਿੰਦੇ ਕਹਿ ਰਹੇ ਹਾਂ ਕਿ ਅਸੀਂ ਕੈਨੇਡਾ ਦੀ ਆਰਥਿਕਤਾ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਾਂ। ਅਸੀਂ ਆਪਣੇ ਪਰਿਵਾਰਾਂ ਨੂੰ ਦੇਣ ਵਾਲਾ ਸਮਾਂ ਵੀ ਕੈਨੇਡਾ ਦੇ ਲੇਖੇ ਲਾ ਰਹੇ ਹਾਂ। ਸਾਡੇ ਟਰੱਕ ਚਲਾਉਣ ਵਾਲੇ ਵੀਰ ਸੱਪਾਂ ਦੀਆਂ ਸਿਰੀਆਂ ਤੋਂ ਡਾਲਰ ਚੁੱਕਦੇ ਨੇ। ਅਸੀਂ ਕੈਨੇਡਾ ਨੂੰ ਕਮਾ ਕੇ ਦੇਣ ਵਾਲੇ ਸਿਰੜੀ ਕਾਮੇ ਹਾਂ, ਕੋਈ ਖਾਊ ਹੰਢਾਊ ਯਾਰ ਨਹੀਂ। ਇਹੋ ਕੁਝ ਭੱਈਏ ਵੀ ਪੰਜਾਬ ਬਾਰੇ ਕਹਿ ਸਕਦੇ ਹਨ। ਉਹ ਵੀ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਝੋਨੇ ਪਾਲਦੇ ਹਨ। ਜੇਠ ਹਾੜ੍ਹ ਦੀਆਂ ਲੂਆਂ ਤੇ ਧੁੱਪਾਂ ਨੰਗੇ ਪਿੰਡਿਆਂ ‘ਤੇ ਝੱਲਦੇ ਹਨ। ਜੇ ਸਾਡਾ ਹੋਰਨਾਂ ਸੂਬਿਆਂ ਤੇ ਪਰਦੇਸਾਂ ਵਿਚ ਜਾਣਾ ਜਾਇਜ਼ ਹੈ ਤਾਂ ਹੋਰਨਾਂ ਸੂਬਿਆਂ ਤੋਂ ਕਿਸੇ ਦਾ ਪੰਜਾਬ ਆਉਣਾ ਨਾਜਾਇਜ਼ ਕਿਵੇਂ ਹੋਇਆ?

ਪਰ ਅਸਲੀ ਮਸਲਾ ਹੋਰ ਹੈ। ਮਨੁੱਖ ਸਦਾ ਹੀ ਬਿਹਤਰ ਜੀਵਨ ਦੀ ਤਲਾਸ਼ ਵਿਚ ਰਿਹਾ ਹੈ ਤੇ ਰਹੇਗਾ। ਬਿਹਤਰ ਜੀਵਨ ਲਈ ਉਸ ਨੂੰ ਆਪਣਾ ਪਿਆਰਾ ਵਤਨ ਵੀ ਛੱਡਣਾ ਪਿਆ ਤਾਂ ਛੱਡਦਾ ਰਹੇਗਾ। ਭੱਈਏ ਪੰਜਾਬ ਦੀ ਸੈਰ ਕਰਨ ਜਾਂ ਸ਼ੌਕ ਪਾਲਣ ਲਈ ਨਹੀਂ ਆਉਂਦੇ। ਉਹ ਪੰਜਾਬ ਦੀ ਨਿਸ਼ਕਾਮ ਸੇਵਾ ਕਰਨ ਵਾਸਤੇ ਵੀ ਨਹੀਂ ਆਉਂਦੇ। ਪੰਜਾਬ ਉਨ੍ਹਾਂ ਦੀ ਕਿਰਤ ਦਾ ਯੂ. ਪੀ. ਬਿਹਾਰ ਨਾਲੋਂ ਬਿਹਤਰ ਇਵਜ਼ਾਨਾ ਦਿੰਦਾ ਹੈ, ਇਸ ਲਈ ਉਹ ਬਿਹਤਰ ਜੀਵਨ ਜੀਣ ਲਈ ਪੰਜਾਬ ਆ ਰਹੇ ਹਨ। ਪੰਜਾਬੀ ਵੀ ਪਰਦੇਸਾਂ ਦਾ ਇਸੇ ਲਈ ਰੁਖ਼ ਕਰੀ ਤੁਰੇ ਆਉਂਦੇ ਹਨ ਕਿਉਂਕਿ ਵਿਦੇਸ਼ਾਂ ‘ਚ ਉਨ੍ਹਾਂ ਦੀ ਕਿਰਤ ਦਾ ਮੁੱਲ ਵੱਧ ਮਿਲਦਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਦੀ ਕੀਮਤ ਉਨ੍ਹਾਂ ਨੂੰ ਪਰਦੇਸੀ ਬਣਨ ਦੇ ਵਿਜੋਗਾਂ ਰਾਹੀਂ ਤਾਰਨੀ ਪੈਂਦੀ ਹੈ। ਇਹ ਕੀਮਤ ਭੱਈਏ ਵੀ ਤਾਰਦੇ ਹਨ ਜਦੋਂ ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਆਪਣੇ ‘ਦੇਸ਼’ ਜਾਣ ਦੀ ਛੁੱਟੀ ਨਹੀਂ ਦਿੰਦੇ। ਦੇਸ ਯਾਨੀ ਵਤਨ ਭਾਵੇਂ ਕਿੰਨਾ ਵੀ ਗਿਆ ਗੁਜ਼ਰਿਆ ਹੋਵੇ ਉਹ ਪਰਦੇਸ ਨਾਲੋਂ ਪਿਆਰਾ ਈ ਹੁੰਦੈ।

ਜੇਕਰ ਪੰਜਾਬੀਆਂ ਦੇ ਸੌ ਕੁ ਸਾਲਾਂ ਦੇ ਪਰਵਾਸ ਉਤੇ ਨਜ਼ਰ ਮਾਰ ਕੇ ਵੇਖੀਏ ਤਾਂ ਤਸਵੀਰ ਕੁਝ ਇਸ ਤਰ੍ਹਾਂ ਦੀ ਉਘੜਦੀ ਹੈ। ਪੰਜਾਬ ਉਤੇ ਅੰਗਰੇਜ਼ਾਂ ਦਾ ਰਾਜ ਹੋ ਜਾਣ ਪਿੱਛੋਂ ਪੰਜਾਬੀ ਰਈਸ, ਰਜਵਾੜੇ ਤੇ ਨਵਾਬ ਵਲਾਇਤ ਜਾਣ ਜੋਗੇ ਹੋ ਗਏ। ਕਈਆਂ ਨੇ ਸੈਰਾਂ ਕੀਤੀਆਂ ਤੇ ਕਈ ਮੇਮਾਂ ਵੀ ਲੈ ਆਏ। ਕੁਝ ਵਿਦਿਆਰਥੀ ਬਣ ਕੇ ਬਾਹਰ ਨਿਕਲੇ ਤੇ ਫੌਜੀਆਂ ਨੂੰ ਤਾਂ ਨਿਕਲਣਾ ਹੀ ਪੈਣਾ ਸੀ। ਕਦੇ ਪੰਜਾਬੀ ਕਿਸਾਨਾਂ ਕੋਲ ਜ਼ਮੀਨਾਂ ਖੁੱਲ੍ਹੀਆਂ ਹੁੰਦੀਆਂ ਸਨ। ਜਿੰਨੀ ਕੋਈ ਵਾਹ ਸਕਦਾ ਵਾਹ ਲੈਂਦਾ ਤੇ ਸਰਕਾਰ ਨੂੰ ਮਾਮਲਾ ਤਾਰਦਾ ਰਹਿੰਦਾ। ਫਿਰ ਜ਼ਮੀਨਾਂ ਵੰਡੀਆਂ ਜਾਣ ਲੱਗੀਆਂ। ਆਬਾਦੀ ਦੇ ਵਧਣ ਨਾਲ ਵੰਡੀਦੀਆਂ ਜ਼ਮੀਨਾਂ ਦੀ ਤੰਗੀ ਹੁੰਦੀ ਗਈ। ਖੁੱਲ੍ਹੇ ਖੇਤ ਕਿੱਲਿਆਂ ‘ਚ ਵੰਡੇ ਗਏ ਤੇ ਕਿੱਲੇ ਵਿੱਘਿਆਂ ਕਨਾਲਾਂ ਵਿਚ, ਜਿਸ ਨਾਲ ਗੁਜ਼ਾਰਾ ਮੁਸ਼ਕਲ ਹੁੰਦਾ ਗਿਆ।

ਜਿਵੇਂ ਜਿਵੇਂ ਗੁਜ਼ਾਰਾ ਮੁਸ਼ਕਲ ਹੁੰਦਾ ਗਿਆ ਪੰਜਾਬੀ ਕਿਸਾਨ ਨਵੀਆਂ ਤੇ ਓਪਰੀਆਂ ਥਾਵਾਂ ਵੱਲ ਨਿਕਲਣੇ ਸ਼ੁਰੂ ਹੋ ਗਏ। ਕੋਈ ਬਾਰਾਂ ਦੇ ਬੇਲਿਆਂ ਵੱਲ ਨਿਕਲ ਤੁਰਿਆ, ਕੋਈ ਬੀਕਾਨੇਰ ਦੇ ਟਿੱਬਿਆਂ ਵੱਲ ਤੇ ਕਿਸੇ ਨੇ ਤਰਾਈ ਦੇ ਜੰਗਲ ਜਾ ਆਬਾਦ ਕੀਤੇ। ਪੱਛਮੀ ਪੰਜਾਬ ਦੇ ਸ਼ਰਨਾਰਥੀਆਂ ਨੇ ਦਿੱਲੀ ਜਾ ਮੱਲੀ। ਕਈਆਂ ਨੇ ਟਰੱਕ ਪਾ ਲਏ ਤੇ ਕਲਕੱਤੇ ਮੁੰਬਈ ਤਕ ਭਾੜੇ ਢੋਣ ਲੱਗੇ। ਕਈਆਂ ਦਾ ਉਥੇ ਹੀ ਜੀਅ ਲੱਗ ਗਿਆ ਤੇ ਉਹ ਕਹਿੰਦੇ ਕਹਾਉਂਦੇ ਟਰਾਂਸਪੋਰਟਰ ਬਣ ਬੈਠੇ। ਉਨ੍ਹਾਂ ਨੇ ਉਥੇ ਹੀ ਘਰ ਬਾਰ ਤੇ ਜ਼ਮੀਨਾਂ ਜਾਇਦਾਦਾਂ ਖਰੀਦ ਲਈਆਂ ਅਤੇ ਉਥੋਂ ਦੀਆਂ ਸਥਾਨਿਕ, ਆਰਥਿਕ, ਸਮਾਜਿਕ ਤੇ ਰਾਜਨੀਤਕ ਸਰਗਰਮੀਆਂ ਵਿਚ ਸ਼ਰੀਕ ਹੋਣ ਲੱਗੇ। ਉਥੇ ਉਹ ਰਾਜਸੀ ਚੋਣਾਂ ਲੜਨ ਜੋਗੇ ਵੀ ਹੋ ਗਏ। ਕੁਝ ਇਕ ਐੱਮ. ਐੱਲ. ਏ. ਤੇ ਐੱਮ. ਪੀ. ਵੀ ਬਣੇ। ਪੰਜਾਬ ਤੋਂ ਬਾਹਰਲੇ ਪੰਜਾਬੀ ਨਿਸਬਤਨ ਖ਼ੁਸ਼ਹਾਲ ਮੰਨੇ ਗਏ।

ਇਸ ਵੇਲੇ ਹਾਲਤ ਇਹ ਹੈ ਕਿ ਪੰਜਾਬੀ, ਖ਼ਾਸ ਕਰ ਕੇ ਸਿੱਖ, ਬਹੁਤ ਵੱਡੀ ਗਿਣਤੀ ਵਿਚ ਭਾਰਤ ਦੇ ਅਨੇਕਾਂ ਸੂਬਿਆਂ ਵਿਚ ਖਿਲਰੇ ਹੋਏ ਹਨ। ਉਹ ਨਿਰੇ ਖਿਲਰੇ ਹੋਏ ਹੀ ਨਹੀਂ ਹਨ ਸਗੋਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣੇ ਬੈਠੇ ਹਨ। ਉਹ ਉਥੋਂ ਦੀਆਂ ਚੋਣਾਂ ਲੜਦੇ ਹਨ ਤੇ ਕਿਤੇ ਕਿਤੇ ਜਿੱਤ ਵੀ ਜਾਂਦੇ ਹਨ। ਉਹ ਤਾਂ ਇਥੋਂ ਤਕ ਚਲੇ ਗਏ ਹਨ ਕਿ ਕਾਬਲੀਅਤ ਦੇ ਸਿਰ ‘ਤੇ ਵਿਸ਼ਾਲ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਫੌਜਾਂ ਦੇ ਜਰਨੈਲ ਬਣ ਚੁੱਕੇ ਹਨ। ਅੱਜ ਸਿੱਖਾਂ ਦੀ ਪੱਗ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਰੂਪ ਵਿਚ ਕਦੇ ਕਰੈਮਲਿਨ ਵਿਚ ਦਿਸਦੀ ਹੈ, ਕਦੇ ਏਸ਼ੀਆ ਦੇ ਮੋਹਰੀਆਂ ਵਿਚ ਤੇ ਕਦੇ ਵਸ਼ਿੰਗਟਨ ਦੇ ਵਾੲਹੀਟ ਹਾਊਸ ਵਿਚ। ਉਹ ਕੁਲ ਦੁਨੀਆਂ ਦੀ ਮਹਾਂ ਸਭਾ ‘ਚ ਇਕ ਵਿਸ਼ਾਲ ਮੁਲਕ ਦੀ ਪ੍ਰਤੀਨਿਧਤਾ ਕਰਦੀ ਹੈ। ਕੁਲ ਦੁਨੀਆਂ ਨੂੰ ਪਤਾ ਲੱਗ ਗਿਆ ਹੈ ਕਿ ਸਿੰਘ ਸਿਰ ਉਤੇ ਦਸਤਾਰ ਸਜਾਉਂਦੇ ਹਨ।

ਵੀਹਵੀਂ ਸਦੀ ਦੇ ਆਰੰਭ ਤੋਂ ਪੰਜਾਬੀਆਂ ਦਾ ਜਿਹੜਾ ਵਿਦੇਸ਼ੀ ਪਰਵਾਸ ਸ਼ੁਰੂ ਹੋਇਆ ਉਸ ਨੇ ਸੌ ਸਾਲਾਂ ਵਿਚ ਲੱਖਾਂ ਪੰਜਾਬੀ ਬਾਹਰ ਢੋਅ ਦਿੱਤੇ ਹਨ। ਹੁਣ ਤਾਂ ਅਸੀਂ ਧਰਤੀ ਦੁਆਲੇ ਕਈ ਨਿੱਕੇ ਨਿੱਕੇ ਪੰਜਾਬ ਬਣੇ ਵੇਖ ਰਹੇ ਹਾਂ। ਕੈਨੇਡਾ ਵਿਚ ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ ਏਨੀ ਹੋ ਗਈ ਹੈ ਕਿ ਫੀਸਦੀ ਦੇ ਹਿਸਾਬ ਨਾਲ ਉਹ ਭਾਰਤ ਜਿੰਨੀ ਕਹੀ ਜਾ ਸਕਦੀ ਹੈ। ਭਾਰਤ ਵਿਚ ਪੰਜਾਬੀ ਦੋ ਢਾਈ ਫੀਸਦੀ ਹਨ ਤਾਂ ਕੈਨੇਡਾ ਵਿਚ ਵੀ ਦੋ ਤਿੰਨ ਫੀਸਦੀ ਤੋਂ ਘੱਟ ਨਹੀਂ। ਭਾਰਤ ਦੇ ਪੰਜ ਸੌ ਪੰਤਾਲੀ ਪਾਰਲੀਮੈਂਟ ਮੈਬਰਾਂ ‘ਚੋਂ ਪੰਜਾਬ ਦੇ ਹਿੱਸੇ ਤੇਰਾਂ ਆਉਂਦੇ ਹਨ ਜਦ ਕਿ ਕੈਨੇਡਾ ਦੇ ਤਿੰਨ ਸੌ ਅੱਠ ਪਾਰਲੀਮੈਂਟ ਮੈਂਬਰਾਂ ‘ਚ ਅੱਠ ਮੈਂਬਰ ਪੰਜਾਬੀ ਮੂਲ ਦੇ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ ਅੰਗਰੇਜ਼ੀ, ਫਰਾਂਸੀਸੀ ਤੇ ਇਤਾਲਵੀ ਤੋਂ ਬਾਅਦ ਪੰਜਾਬੀ ਬੋਲੀ ਦਾ ਸਥਾਨ ਚੌਥਾ ਹੈ।

ਪੰਜਾਬੀ ਲੋਕ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਦੇ ਮੁਲਕਾਂ, ਕੈਨੇਡਾ, ਅਮਰੀਕਾ, ਅਫਰੀਕਾ ਤੇ ਅਰਬ ਦੇਸ਼ਾਂ ਵਿਚ ਕਬੱਡੀ ਦੇ ਟੂਰਨਾਮੈਂਟ ਅਤੇ ਨਗਰ ਕੀਰਤਨ ਕਰਵਾ ਰਹੇ ਹਨ। ਅਨੇਕਾਂ ਦੇਸ਼ਾਂ ਵਿਚ ਉਨ੍ਹਾਂ ਦੇ ਨਿਸ਼ਾਨ ਸਾਹਿਬ ਲਹਿਰਾਉਂਦੇ ਹਨ। ਕੁਝ ਮੁਲਕਾਂ ਵਿਚ ਪੰਜਾਬੀ ਦੀ ਪੜ੍ਹਾਈ ਦਾ ਵੀ ਪ੍ਰਬੰਧ ਹੈ। ਪੱਛਮੀ ਮੁਲਕਾਂ ਵਿਚ ਪੰਜਾਬੀ ਦੇ ਅਖ਼ਬਾਰ ਨਿਕਲਦੇ ਹਨ, ਰੇਡੀਓ ਵੱਜਦੇ ਹਨ ਤੇ ਟੀ. ਵੀ. ਦੇ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ। ਧਰਤ ਆਕਾਸ਼ ਦੇ ਵਾਯੂਮੰਡਲ ਵਿਚ ਜਿੰਨੀਆਂ ਜ਼ੁਬਾਨਾਂ ਦੇ ਗੀਤ ਗੂੰਜਦੇ ਹਨ ਉਹਦੇ ਵਿਚ ਪੰਜਾਬੀ ਗੀਤਾਂ ਦੀਆਂ ਤਰੰਗਾਂ ਨੇ ਬਥੇਰੀ ਥਾਂ ਮੱਲੀ ਹੋਈ ਹੈ। ਜੇਕਰ ਹਵਾ ‘ਚੋਂ ਵੱਖ ਵੱਖ ਬੋਲੀਆਂ ਦੇ ਗੀਤ ਛਾਂਟਣੇ ਹੋਣ ਤਾਂ ਪੰਜਾਬੀ ਦੇ ਗੀਤ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਉਪਰਲੀਆਂ ਦਸਾਂ ਬੋਲੀਆਂ ‘ਚ ਗਿਣੇ ਜਾਣਗੇ।

ਕਦੇ ਕਿਹਾ ਜਾਂਦਾ ਸੀ ਕਿ ਜੀਹਦੀ ਜ਼ੇਬ ‘ਚ ਹਜ਼ਾਰ ਰੁਪਿਆ ਹੋ ਗਿਆ ਉਹ ਵਲਾਇਤ ਚਲਾ ਗਿਆ, ਜੀਹਦੀ ਜ਼ੇਬ ‘ਚ ਪੰਜ ਹਜ਼ਾਰ ਆ ਗਿਆ ਉਹ ਕੈਨੇਡਾ ਅਮਰੀਕਾ ਨੂੰ ਚੜ੍ਹ ਗਿਆ ਤੇ ਜੀਹਦੀ ਜ਼ੇਬ ‘ਚ ਥੋੜ੍ਹੇ ਪੈਸੇ ਹੋਏ ਉਹਦੇ ਲਈ ਅਰਬ ਦੇਸ਼ ਵੀ ਦੂਰ ਨਹੀਂ। ਹੁਣ ਗੱਲ ਹਜ਼ਾਰਾਂ ਤੋਂ ਲੱਖਾਂ ‘ਚ ਚਲੀ ਗਈ ਹੈ। ਭੱਈਆਂ ਦੀ ਜ਼ੇਬ ਵਿਚ ਤਿੰਨ ਚਾਰ ਸੌ ਰੁਪਏ ਹੀ ਹੁੰਦੇ ਹਨ ਤੇ ਉਹ ਰੇਲ ਦੀ ਟਿਕਟ ਲੈ ਕੇ ਪੰਜਾਬ ਪਹੁੰਚ ਜਾਂਦੇ ਹਨ। ਜਦੋਂ ਉਹ ਵੀ ਹਜ਼ਾਰਾਂ ਲੱਖਾਂ ਵਾਲੇ ਹੋਏ ਤਾਂ ਉਹ ਵੀ ਪੰਜਾਬੀਆਂ ਵਾਂਗ ਜਹਾਜ਼ਾਂ ‘ਤੇ ਚੜ੍ਹਿਆ ਕਰਨਗੇ। ਉਦੋਂ ਤਕ ਹੋ ਸਕਦੈ ਉਨ੍ਹਾਂ ਦੇ ਵੀ ਪੰਜਾਬ ਵਿਚ ਪੱਕੇ ਘਰ ਬਣ ਜਾਣ ਤੇ ਜਹਾਜ਼ ਚੜ੍ਹ ਜਾਣ ਪਿੱਛੋਂ ਉਨ੍ਹਾਂ ਦੇ ਘਰਾਂ ਨੂੰ ਵੀ ਜਿੰਦਰੇ ਵੱਜ ਜਾਣ। ਉਦੋਂ ਤਕ ਉਹ ਯੂ. ਪੀ. ਬਿਹਾਰ ਭੁੱਲ ਚੁੱਕੇ ਹੋਣਗੇ ਤੇ ਪੰਜਾਬੀ ਬਣ ਚੁੱਕੇ ਹੋਣਗੇ। ਐਨ ਉਵੇਂ ਜਿਵੇਂ ਅਜੋਕੇ ਪੰਜਾਬੀ ਆਪਣਾ ਆਰੀਆ ਪਿਛੋਕੜ ਭੁੱਲ ਚੁੱਕੇ ਹਨ ਜਾਂ ਇੰਗਲੈਂਡ ਅਮਰੀਕਾ ਵਿਚ ਜੰਮੀ ਪਲੀ ਸਾਡੀ ਪੀੜ੍ਹੀ ਪੰਜਾਬ ਨੂੰ ਭੁੱਲਦੀ ਜਾ ਰਹੀ ਹੈ।

ਗੱਲ ਲੰਮੀ ਹੁੰਦੀ ਜਾਂਦੀ ਹੈ। ਬੰਦੇ ਬਿਹਤਰ ਜੀਵਨ ਦੀ ਤਾਂਘ ਵਿਚ ਦੌੜ ਰਹੇ ਹਨ। ਇਹ ਦੌੜ ਕਦੇ ਮੁੱਕਣ ਵਾਲੀ ਨਹੀਂ। ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਨਿਕਲਣ ਦੀਆਂ ਧਾਈਆਂ ਕੀਤੀਆਂ ਹੋਈਆਂ ਹਨ। ਉਹ ਪੁੱਠੇ ਸਿੱਧੇ ਸਾਰੇ ਰਾਹ ਅਖਤਿਆਰ ਕਰੀ ਜਾ ਰਹੇ ਹਨ। ਉਹ ਤਾਂ ਜਹਾਜ਼ ਦੇ ਪਹੀਆਂ ਉਤੇ ਬੈਠ ਕੇ ਵੀ ਬਾਹਰ ਜਾਣ ਨੂੰ ਤਿਆਰ ਨੇ। ਉਹ ਦੁਨੀਆਂ ਦੇ ਘੱਟੋਘਟ ਸੌ ਮੁਲਕਾਂ ਵਿਚ ਖਿਲਰ ਗਏ ਨੇ ਤੇ ਹੋਰ ਖਿਲਰੀ ਜਾਂਦੇ ਨੇ। ਉਹ ਆਪਣੀ ਮਾਤ ਭੂੰਮੀ ਪੰਜਾਬ ਵਿਚ ਆਪਣੀ ਹੋਂਦ ਜਤਲਾਉਣ ਲਈ ਹੀ ਪੱਕੇ ਮਕਾਨ ਪਾ ਰਹੇ ਨੇ। ਬਿਨਾਂ ਇਹ ਸੋਚੇ ਕਿ ਉਨ੍ਹਾਂ ਦੀ ਉਲਾਦ ਕਦੇ ਉਨ੍ਹਾਂ ਮਕਾਨਾਂ ਨੂੰ ਆਪਣਾ ਪੱਕਾ ‘ਘਰ’ ਬਣਾਵੇਗੀ ਜਾਂ ਨਹੀਂ?

ਮੈਨੂੰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਤੂੜੀ ਦੀ ਪੰਡ’ ਯਾਦ ਆ ਰਹੀ ਹੈ। ਤੂੜੀ ਦੀ ਪੰਡ ਜੇ ਪਾਣੀ ਦੇ ਵਹਿਣ ਵਿਚ ਖੁੱਲ੍ਹ ਜਾਵੇ ਤਾਂ ਤੀਲਾ ਤੀਲਾ ਖਿਲਰ ਜਾਂਦਾ ਹੈ ਤੇ ਲਹਿਰਾਂ ਉਨ੍ਹਾਂ ਤੀਲਿਆਂ ਨੂੰ ਆਪੋ ਆਪਣੀ ਦਿਸ਼ਾ ‘ਚ ਵਹਾ ਲੈ ਜਾਂਦੀਆਂ ਹਨ। ਫਿਰ ਉਨ੍ਹਾਂ ਨੂੰ ‘ਕੱਠਿਆਂ ਕਰ ਸਕਣਾ ਸੰਭਵ ਨਹੀਂ ਹੁੰਦਾ। ਬੱਸ ਅਫਸੋਸ ਹੀ ਹੁੰਦਾ ਹੈ ਕਿ ਤੂੜੀ ਦੀ ਪੰਡ ਖੁੱਲ੍ਹੀ ਕਿਉਂ?

ਆਉਂਦੇ ਸਿਆਲ ‘ਚ ਮੈਂ ਫਿਰ ਪੰਜਾਬ ਜਾਵਾਂਗਾ ਤਾਂ ਵੇਖਾਂਗਾ ਕਿ ਕਈਆਂ ਬਾਹਰਲਿਆਂ ਨੇ ਹੋਰ ਕੋਠੀਆਂ ਉਸਾਰ ਦਿੱਤੀਆਂ ਹਨ ਪਰ ਨਾਲ ਹੀ ਹੋਰ ਘਰਾਂ ਨੂੰ ਜਿੰਦਰੇ ਲਟਕ ਗਏ ਹਨ। ਵੱਸਦੇ ਘਰ ਹੋਰ ਸੁੰਨੇ ਹੋ ਗਏ ਹਨ ਤੇ ਸੁੰਨੇ ਪਏ ਘਰ ਓਪਰੇ ਬੰਦਿਆਂ ਨੇ ਆਣ ਮੱਲੇ ਹਨ। ਜਿਥੇ ਕਿਤੇ ਬਿਰਧ ਮਾਈ ਬਾਪ ਦੀਵਾ ਬੱਤੀ ਜਗਾਉਣ ਜੋਗੇ ਸਨ ਉਨ੍ਹਾਂ ‘ਚੋਂ ਵੀ ਕਈ ਚੱਲ ਵਸੇ ਹਨ। ਉਥੇ ਹੁਣ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਹੁੜਦਾ। ਇਹ ਸੋਚ ਕੇ ਮੇਰਾ ਮਨ ਹੋਰ ਵੀ ਮਸੋਸਿਆ ਜਾਵੇਗਾ ਪਈ ਇਹੋ ਪਰਵਾਸੀਆਂ ਦੀ ਹੋਣੀ ਹੈ ਤੇ ਇਸ ਹੋਣੀ ਨੂੰ ਮੋੜਾ ਪਾਉਣਾ ਸੌਖਾ ਨਹੀਂ। ਬਾਹਰ ਗਿਆਂ ਦੀ ਉਲਾਦ ਨੇ ਬਾਹਰ ਹੀ ਰਹਿ ਜਾਣਾ ਹੈ। ਉਨ੍ਹਾਂ ਦੇ ਧੀਆਂ-ਪੁੱਤਰਾਂ ਨੇ ਮਾਪਿਆਂ ਦੇ ਛੱਤੇ ਦੋਹਾਸਵਿਆਂ ਤੇ ਤਿਹਾਸਵਿਆਂ ਦਿਆਂ ਬੂਹਿਆਂ ਉਤੇ ਤੇਲ ਚੁਆਉਣ ਨਹੀਂ ਮੁੜਨਾ। ਉਨ੍ਹਾਂ ਦੇ ‘ਪੱਕੇ’ ਪਤਾ ਨਹੀਂ ਕਿਨ੍ਹਾਂ ਨੇ ਮੱਲ ਬਹਿਣੇ ਨੇ? ਲੋਕਾਂ ਨੇ ਜੱਗੇ ਬਾਰੇ ਐਵੇਂ ਨਹੀਂ ਸੀ ਇਹ ਟੱਪਾ ਜੋੜਿਆ:

-ਜੱਗਿਆ, ਤੁਰ ਪਰਦੇਸ ਗਿਓਂ ਬੂਹਾ ਵੱਜਿਆ...!
(ਪ੍ਰਿੰ: ਸਰਵਣ ਸਿੰਘ ਦਾ ਨਵਾਂ ਸਫ਼ਰਨਾਮਾ ‘ਫੇਰੀ ਵਤਨਾਂ ਦੀ’ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਛਾਪਿਆ ਹੈ। ਪੁਸਤਕ ਦੇ ਇਕੱਤੀ ਕਾਂਡ ਹਨ ਤੇ ਕੀਮਤ ਹੈ ਦਸ ਡਾਲਰ। ਪੁਸਤਕ ਬਾਰੇ ਲੇਖਕ ਦੇ ਫੋਨ 905-799-1661 ਅਤੇ ਪ੍ਰਕਾਸ਼ਕ ਦੇ ਫੋਨ 0161-2740738, 6540738 ਉਤੇ ਸੰਪਰਕ ਕੀਤਾ ਜਾ ਸਕਦਾ ਹੈ।)

(1 ਸਤੰਬਰ 2007) ਯੂਨੀਕੋਡ

ਪ੍ਰਿੰ. ਸਰਵਣ ਸਿੰਘ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>>>

e-mail:
ਲਿਖਾਰੀ


© likhari: Punjabi Likhari Forum-2001-2007