ਕੁਝ ਕਿੱਤੇ,
ਵਿਅਕਤੀਆਂ ਦਾ ਰੁਤਬਾ ਨਿਸ਼ਚਿਤ ਕਰਦੇ ਹਨ ਅਤੇ ਕੁਝ ਲੋਕ,
ਆਪਣੇ ਕਿੱਤਿਆਂ ਦਾ ਦਰਜਾ ਵਧਾ ਦਿੰਦੇ ਹਨ;
ਜਤਿੰਦਰ ਪੰਨੂੰ ਐਸਾ ਹੀ ਸ਼ਖਸ ਹੈ ਜਿਸ ਨੇ ਪੱਤਰਕਾਰਤਾ ਦੇ
ਕਿੱਤੇ ਨੂੰ ਮਾਣਯੋਗ ਹੀ ਨਹੀਂ ਸਗੋਂ ਵਿਸ਼ਵਾਸਯੋਗ ਵੀ ਬਣਾਇਆ ਹੈ।
ਪਿਛਲੇ ਦੋ
ਢਾਈ ਦਹਾਕਿਆਂ ਤੋਂ ਇਸ ਖੇਤਰ ਵਿਚ ਅਤੇ
‘ਨਵਾਂ
ਜ਼ਮਾਨਾ’ ਦੇ ਸੰਪਾਦਕ ਵਜੋਂ ਉਸ ਦੀ ਕਾਰਗੁਜ਼ਾਰੀ
ਪੰਜਾਬੀ ਜਗਤ ਦੇ ਸਾਹਮਣੇ ਹੈ।....ਪੰਜਾਬ
ਸੰਕਟ ਦੇ ਦੌਰਾਨ ਜਦੋਂ ਪ੍ਰੈੱਸ ਦੀ ਆਜ਼ਾਦੀ ਵੀ ਘੋਰ ਸੰਕਟ ਵਿਚ ਸੀ ਤਾਂ
ਜਤਿੰਦਰ ਪੰਨੂੰ ਨੇ ਸੱਚ ਕਹਿਣ ਦੀ ਜੁਰੱਅਤ ਦਾ ਝੰਡਾ ਬੁਲੰਦ ਰੱਖਿਆ।
ਉਹ ਪੰਜਾਬੀ
ਪੱਤਰਕਾਰਤਾ ਵਿਚ ਇਕ ਬੁਲੰਦ ਅਤੇ ਨਿਧੜਕ ਆਵਾਜ਼ ਵਾਲੇ ਕਲਮਕਾਰ ਵਜੋਂ ਹੀ ਨਹੀਂ
ਜਾਣਿਆ ਜਾਂਦਾ ਸਗੋਂ ਗਿਆਨ ਦੇ ਅਥਾਹ ਭੰਡਾਰ ਕਾਰਨ ਉਸ ਦੀਆਂ ਲਿਖਤਾਂ ਪ੍ਰਮਾਣਕ
ਅਤੇ ਵਿਸ਼ਵਾਸਯੋਗ ਬਣ ਜਾਂਦੀਆਂ ਹਨ।
ਉਸਦੇ ਭੱਥੇ
‘ਚ
ਅਣਗਿਣਤ ਤੀਰ ਨੇ ਜਿਨ੍ਹਾਂ ਨਾਲ ਉਹ ਸਿਆਸਤ ਅਤੇ ਸਿਆਸਤਦਾਨਾਂ ‘ਤੇ
ਚੋਟਾਂ ਵੀ ਕਰਦਾ ਹੈ,ਇਤਹਾਸ ਫੋਲਦਾ ਹੈ,ਧਰਮ
ਤੇ ਸਮਾਜ ਦੇ ਕੋਹਜਾਂ ਦੇ ਪਾਜ ਵੀ ਉਘੇੜਦਾ ਹੈ,
ਕਦੇ ‘ਛੀਉੜੰਬਾ’
ਰਾਹੀਂ ਅਤੇ ਕਦੇ ‘ਤੀਸ ਮਾਰ ਖਾਂ’
ਦੀ ਬੁੱਕਲ ਮਾਰ ਕੇ ਆਪਣੀ ਗੱਲ ਕਹਿ ਜਾਂਦਾ ਹੈ....ਪੇਸ਼ ਹੈ
ਇਸ ਬੇਬਾਕ ਪੱਤਰਕਾਰ ਨਾਲ ਕੀਤੀ ਇਕ ਖੁੱਲ੍ਹੀ ਗੱਲਬਾਤ ਦੇ ਕੁਝ ਹਿੱਸੇ:
•
ਆਪਣੇ ਜ਼ਿੰਦਗ਼ੀ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸੋ,ਪੱਤਰਕਾਰੀ
ਵੱਲ ਕਿਵੇਂ ਆਏ?
-ਦੇਖੋ,
ਮੈਂ ਬਹੁਤ ਹੀ ਗਰੀਬ ਕਿਸਾਨ ਪਰਿਵਾਰ ‘ਚ ਪੈਦਾ
ਹੋਇਆ।
ਘਰ ਕੱਚਾ, ਹਰ ਮੀਂਹ ‘ਚ ਛੱਤ ਚਿਉਂਦੀ ਹੋਣੀ
ਗਰੀਬੀ ਬਹੁਤ ਸੀ; ਮਾਂ ਡਾਕਟਰ ਬਣਾਉਣਾ ਚਾਹੁੰਦੀ
ਸੀ, ਮੈਂ ਡਾਕਟਰ ਬਣ ਨਹੀਂ ਸਕਿਆ।
ਮੈਥ
‘ਚ ਤੇਜ਼ ਸੀ
,ਪਰ ਅਕਾਉਂਟੈਂਟ ਵੀ ਨਹੀਂ ਬਣਿਆ।
ਆਈ.ਟੀ.ਆਈ. ਕਰਕੇ ਉਸੇ ਲਾਈਨ
‘ਚ ਈ ਅਡਵਾਂਸ ਟਰੇਨਿੰਗ ਕਰਦਾ ਰਿਹਾ।
ਇਕ ਦੋਹੀਂ
ਥਾਈਂ ਨੌਕਰੀ ਵੀ ਕੀਤੀ।
ਫਿਰ ਟਰੇਡ
ਯੂਨੀਅਨ ‘ਚ ਆ ਗਿਆ।
ਕਈ ਸਾਲ ਸੀ.ਪੀ.ਆਈ. ਨਾਲ ਕੰਮ ਕੀਤਾ।
ਪੰਜਾਬ ‘ਚ
ਜਦੋਂ ਔਖੇ ਦਿਨ ਸਨ, ਉਨ੍ਹਾਂ ਦਿਨਾਂ ‘ਚ
ਸੌਖੀਆਂ ਗੱਲਾਂ ਹਰ ਕੋਈ ਕਰਨੀਆਂ ਚਾਹੁੰਦਾ ਸੀ, ਪਰ
ਕੁਝ ਇਕ ਲਫ਼ਜ਼ ਐਹੋ ਜਿਹੇ ਹੁੰਦੇ ਨੇ ਜਿੰਨ੍ਹਾਂ ਨੂੰ ਕਹਿਣ ਦਾ ਹੀਆ ਕੋਈ ਨਹੀਂ
ਕਰਦਾ ਬਦਕਿਸਮਤੀ ਨਾਲ ਮੈਨੂੰ ਕਹਿਣੇ ਪੈ ਗਏ।
ਉਦੋਂ
ਅਜਿਹੀਆਂ ਗੱਲਾਂ ਕਹਿਣ ਵਾਲੇ ਅਸੀਂ ਬਹੁਤ ਥੋੜ੍ਹੇ ਬੰਦੇ ਹੰਦੇ ਸਾਂ।
ਉਨ੍ਹਾਂ ਨੂੰ
ਵੇਖਕੇ ਲਿਖਦਿਆਂ ਲਿਖਦਿਆਂ ਜਰਨਲਿਸਟ ਕਦੋਂ ਬਣ ਗਿਆ ਮੈਨੂੰ ਪਤਾ ਹੀ ਨਹੀਂ।
•
ਲਿਖਣ ਪਿੱਛੇ ਤੁਹਾਡਾ ਉਦੇਸ਼ ਕੀ ਹੁੰਦਾ ਹੈ?
-ਮੇਰਾ ਪੰਜਾਬੀ ਦਾ ਗਿਆਨ ਲੋਕਾਂ ਤੋਂ ਗ੍ਰਹਿਣ ਕੀਤਾ ਹੋਇਆ ਹੀ ਹੈ।
ਬਾਬੇ
ਜੱਲ੍ਹਣ ਨੇ ਕਿਹਾ ਸੀ ‘ਪੈਲੀਆਂ
ਮੇਰੀਆਂ ਹੋਈਆਂ ਕਿਤਾਬਾਂ ਜੱਟ ਬੂਟ ਮੇਰੇ ਯਾਰ ਵੇ ਲੋਕੋ’....ਸੋ
ਮੈਂ ਖੇਤਾਂ ‘ਚ ਪੜ੍ਹਦਿਆਂ ਆਮ ਲੋਕਾਂ ਨਾਲ ਗੱਲਾਂ
ਕਰਦਿਆਂ ਜੋ ਸਿੱਖਿਆ ਉਹੀ ਮੇਰੀ ਪੰਜਾਬੀ ਐ ਤੇ ਇਹੋ ਮੇਰੀ ਪੱਤਰਕਾਰੀ।
ਲੇਖ ਮੈਂ ਨਾ
ਲਿਖੇ ਐ ਤੇ ਲਿਖਣੇ ਵੀ ਨਹੀਂ ਚਾਹੁੰਦਾ।
ਫਾਰਮੂਲਾ ਮੇਰੇ ਕੋਲ
ਇੱਕੋ ਹੀ ਐ ਕਿ ਆਮ ਬੰਦਾ ਗੱਲ ਕਰੇ ਤਾਂ ਵਿਦਵਾਨ ਵੀ ਸਮਝ ਲੈਂਦਾ ਹੈ,
ਪਰ ਵਿਦਵਾਨ ਦੀ ਬੋਲੀ ਏਨੀ ਬੋਝਲ ਹੁੰਦੀ ਹੈ ਕਿ ਆਮ ਬੰਦੇ
ਦੇ ਪੱਲੇ ਨਹੀਂ ਪੈਂਦੀ।
ਗੱਲ ਕਹਿਣ
ਜਾਂ ਲਿਖਣ ਵੇਲੇ ਸਾਡਾ ਮਕਸਦ ਇਹ ਨਹੀਂ ਹੋਣਾ ਚਾਹੀਦਾ ਕਿ ਲੋਕ ਸਾਨੂੰ ਵਿਦਵਾਨ
ਮੰਨਣ ਬਲਕਿ ਗੱਲ ਨੂੰ ਲੋਕਾਂ ਤੱਕ ਅਸਰਦਾਰ ਢੰਗ ਨਾਲ ਪਹੁੰਚਾਉਣ ਦਾ ਹੀ ਹੋਣਾ
ਚਾਹੀਦਾ ਹੈ।
ਮੇਰੇ ਖਿਆਲ
‘ਚ ਆਮ ਆਦਮੀ
ਤੱਕ ਗੱਲ ਪਹੁੰਚਾਉਣੀ ਹੈ ਤਾਂ ਆਪਣਾ ਵਿਖਾਵੇ ਦਾ ਪੱਧਰ ਛੱਡ ਕੇ ਉਹਦੇ ਪੱਧਰ
‘ਤੇ ਆਕੇ ਗੱਲ ਕਰਨੀ ਚਾਹੀਦੀ ਹੈ
।
ਸੋ ਮੈਂ ਆਮ ਆਦਮੀ ਦੇ
ਘਰ ਜੰਮਿਆ ਸਧਾਰਣ ਲੋਕਾਂ
‘ਚ ਪਲਿਆ ਇਸ
ਕਰਕੇ ਆਮ ਬੰਦੇ ਦੀ ਬੋਲੀ‘ਚ ਗੱਲ ਕਰਦੈਂ,
ਆਮ ਬੰਦੇ ਦੀ ਬੋਲੀ ‘ਚ ਲਿਖਦੈਂ।
•
ਨਵਾਂ ਜ਼ਮਾਨਾ ਨਾਲ ਕਦੋਂ ਅਤੇ ਕਿਵੇਂ ਜੁੜੇ?
-ਨਵਾਂ ਜ਼ਮਾਨਾ ਮੈਂ ਫਰਵਰੀ 1991
‘ਚ ਜਾਇੰਨ ਕੀਤਾ
।
ਇਹਤੋਂ ਪਹਿਲਾਂ ਇੱਕਾ ਦੁੱਕਾ ਲਿਖਤਾਂ ਮੈਂ ਕਈ ਥਾਈਂ ਗਾਹੇ ਬਗਾਹੇ ਲਿਖਦਾ ਰਹਿੰਦਾ
ਸਾਂ।
‘85-‘86
ਤੋਂ ਬਾਦ ਮੇਰੇ ਕਾਲਮ ਵੱਖ ਵੱਖ ਪੇਪਰਾਂ ‘ਚ
ਹਫਤਾਵਾਰੀ ਛਪਣ ਲੱਗ ਪਏ ਸਨ।
ਮਗਰੋਂ
ਦਿੱਲੀ ਦੇ ਕੁਝ ਹਿੰਦੀ ਅਖਬਾਰ ਵੀ ਮੈਨੂੰ ਛਾਪਣ ਲੱਗ ਪਏ
।
ਉਨ੍ਹਾਂ ਦਿਨਾਂ
‘ਚ
ਜਗਜੀਤ ਸਿੰਘ ਆਨੰਦ ਹੁਰਾਂ ਮੈਨੂੰ ਅਖਿਆ ਕਿ ਨਵਾਂ ਜ਼ਮਾਨਾ ਨੂੰ ਹੁਣ ਤੇਰੀ ਲੋੜ
ਹੈ ਏਥੇ ਆ ਜਾਹ, ਤੇ ਮੈਂ ਇਧਰ ਆ ਗਿਆ।
ਮੈਂਨੂੰ
ਜਾਪਿਆ ਕਿ ਜਿਸ ਤਰ੍ਹਾਂ ਦਾ ਫੱਕਰ ਕਿਸਮ ਦਾ ਮੈਂ ਹਾਂ ਉਵੇਂ ਦਾ ਹੀ ਨਵਾਂ
ਜ਼ਮਾਨਾ, ਸਾਡੀ ਨਿਭ ਜਾਵੇਗੀ; ਸੋ ਨਿਭ ਗਈ।
•
ਪੱਤਰਕਾਰ ਸਮਾਜ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
-ਤੁਹਾਨੂੰ ਕਾਰ ਮਿਲ ਜਾਵੇ ਅਗੋਂ ਤੁਹਾਡੀ ਮਰਜ਼ੀ,
ਉਸ ਕਾਰ ਨੂੰ ਤੁਸੀਂ ਐਂਬੂਲੈਂਸ ਵੀ ਬਣਾ ਸਕਦੇ ਹੋ;
ਉਸ ‘ਤੇ ਡਾਕਾ ਮਾਰਨ ਵੀ ਜਾ
ਸਕਦੇ ਹੋ।
ਕਲਮ ਵੀ ਇਸ
ਤਰ੍ਹਾਂ ਦੀ ਚੀਜ਼ ਹੈ,
ਇਹਦੇ ਨਾਲ ਕਿਸੇ ਦੀ ਪੱਗ ਵੀ ਲਾਹ ਸਕਦੇ ਹੋ ਕਿਸੇ ਦੇ ਸੀਨੇ ‘ਚ
ਜ਼ਖਮ ਵੀ ਕਰ ਸਕਦੇ ਹੋ।
ਪਰ ਇਹੀ ਕਲਮ
ਕਈ ਵਾਰ ਮਲ੍ਹਮ ਲਗਾਉਣ ਦਾ ਕੰਮ ਵੀ ਕਰਦੀ ਹੈ।
ਮੈਂ ਆਪਣੀਆਂ
ਲਿਖਤਾਂ ਨੂੰ ਪੜ੍ਹ ਕੇ ਕਈ ਬੰਦੇ ਫੋਨ
‘ਤੇ ਰੋਂਦੇ
ਵੀ ਸੁਣੇ ਨੇ ਤੇ ਇਸੇ ਕਲਮ ਨਾਲ ਮੈਂ ਰੋਂਦਿਆਂ ਨੂੰ ਹਸਾਇਆ ਵੀ ਹੈ।
ਮੈਂ ਸਮਝਦੈਂ ਸਾਨੂੰ (ਪੱਤਰਕਾਰਾਂ) ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ
ਅਸੀਂ ਕਿਸੇ ਦੇ ਅੱਥਰੂ ਪੂੰਝਣ ਜੋਗੇ ਨਹੀਂ, ਤਾਂ ਘੱਟੋ ਘੱਟ ਵਗਾਉਣ ਤੋਂ ਤਾਂ ਪਰਹੇਜ਼ ਕਰੀਏ।
•
ਹੌਲ਼ੀ ਜਾਂ ਘਟੀਆ ਪੱਤਰਕਾਰੀ ਨੂੰ ਕਿਸ ਨਿਗ੍ਹਾ ਨਾਲ ਵੇਖਦੇ
ਹੋ?
‘ਜੈਸੀ
ਬੁੱਧ ਤੇਤਾ ਪ੍ਰਕਾਸ਼’...ਜਿੰਨੀ ਜਿੰਨੀ ਕਿਸੇ ਦੀ
ਸਮਝਦਾਰੀ ਹੈ ਓਨੀ ਓਨੀ ਆਪੋ ਆਪਣੀ ਤਲਵਾਰ ਘੁੰਮਾਈ ਜਾਂਦੇ ਨੇ।
ਮੈਂ ਪੰਜਾਬ
ਵਿਚ ਵੀ ਇਹ ਵੇਖਿਐ ਕਿ ਪੱਤਰਕਾਰੀ ਦੇ ਨਾਲ ਨਾਲ ਕੁਝ ਲੋਕ
‘ਚਲਿੱਤਰਕਾਰੀ’
ਵੀ ਕਰਦੇ ਨੇ।
ਕਿਸੇ ਨੂੰ
ਕਹਿਤਾ ਅਸੀਂ ਤੇਰੀ ਖ਼ਬਰ ਲਾਉਣ ਲੱਗੇ ਆਂ;
ਖਬਰ ਲਾਉਣ ਦੇ ਅਤੇ ਖ਼ਬਰ ਨਾਂ ਛਾਪਣ ਦੇ ਵੀ ਪੈਸੇ
ਲਈ ਜਾਂਦੇ ਐ।
ਪਰ ਹਰ ਕੋਈ
ਇੱਦਾਂ ਨਹੀਂ ਕਰਦਾ।
ਪਰ ਸਾਰੇ
ਵੱਗ ‘ਚ
ਇੱਕ ਮੱਝ ਵੀ ਲਿਬੜੀ ਹੋਵੇ ਤਾਂ ਪੂਛਾਂ ਮਾਰ ਕੇ ਸਾਰੀਆਂ ਨੂੰ ਲਬੇੜਦੀ ਜ਼ਰੂਰ
ਹੈ।
ਹੁਣ ਜਦੋਂ
ਇਕ ਪੱਤਰਕਾਰ ਮਾੜਾ ਹੋਵੇ ਤਾਂ ਦਾਗ਼ੀ ਸਾਰੇ ਹੁੰਦੇ ਨੇ।
•
ਕਿਹੜੀ ਗੱਲ ਤੁਹਾਡੇ ਮਨ ਨੂੰ ਖੁਸ਼ੀ ਜਾਂ ਤਸੱਲੀ ਬਖਸ਼ਦੀ
ਹੈ?
ਤਸੱਲੀ ਉਦੋਂ ਹੁੰਦੀ ਐ ਜਦੋਂ ਮੈਨੂੰ ਇਹ ਜਾਪੇ ਕਿ ਮੈਂ ਕਿਸੇ ਦਾ ਕੋਈ ਕੰਮ ਕਰ
ਦਿੱਤਾ,
ਪਰ ਉਹਨੂੰ ਇਹ ਇਲਮ ਨਹੀਂ ਕਿ ਇਹ ਕਿਹਨੇ ਕੀਤਾ।
ਤਾਂ ਕਿ
ਜਿਹੜਾ ਧੰਨਵਾਦ ਉਹਨੇ ਮੇਰਾ ਕਰਨਾ ਸੀ ਮੈਂ ਉਸਤੋਂ ਬਚ ਗਿਆ।
ਜਦੋਂ ਮੈਂ
ਕਿਸੇ ਦੀ ਮਦਦ ਕਰਦੈਂ ਇਸ ਕਰਕੇ ਨਹੀਂ ਕਰਦਾ ਕਿ ਉਸ ਦੇ ਸਿਰ ਅਹਿਸਾਨ ਚਾੜ੍ਹ
ਦਿਆਂ; ਸਗੋਂ ਇਸ ਕਰਕੇ ਕਿ ਸਾਡਾ ਕਰਨਾ ਬਣਦਾ ਹੈ।
ਇਹੋ ਜਹੇ
ਕੰਮ ਮੈਂ ਚੁੱਪ ਚੁਪੀਤੇ,
ਉਹਲੇ ਰਹਿਕੇ ਕਰਦਾ ਰਵ੍ਹਾਂ...ਇਹ ਮੇਰੀ ਕਾਮਨਾ ਹੈ ਤੇ ਇਹੀ
ਗੱਲਾਂ ਮੈਨੂੰ ਸਕੂਨ ਬਖਸ਼ਦੀਆਂ ਨੇ।
• ...ਤੇ
ਦੁੱਖ ਕਦੋਂ ਲਗਦਾ ਹੈ?
ਉਦੋਂ ,
ਜਦੋਂ ਮੇਰੇ ਪ੍ਰਤੀਕ ਦੇ ਕਿਲ੍ਹੇ ਟੁਟਦੇ ਦਿਸਦੇ ਨੇ।
ਜਿਨ੍ਹਾਂ
ਨੂੰ ਅਸੀਂ ਰੋਲ ਮਾਡਲ ਸਮਝੀਏ ਜਦ ਉਨ੍ਹਾਂ ਦੀ ਔਕਾਤ ਸਾਹਮਣੇ ਔਂਦੀ ਹੈ,
ਉਹ ਨਹੀਂ ਜਰੀ ਜਾਂਦੀ।
ਕਾਬੇ
‘ਚ
ਕੁਫ਼ਰ ਤੁਲਦਾ ਵੇਖਕੇ ਬਹੁਤ ਦੁੱਖ ਹੁੰਦੈ।
ਜਦੋਂ ਗੰਗਾ
ਮੈਲੀ ਹੋ ਜਾਏ ...ਗੰਗੋਤਰੀ
‘ਚ ਗੰਦ ਪੈ
ਜਾਵੇ; ਫਿਰ ਬੰਦਾ ਪਾਪ ਬਖ਼ਸ਼ਾਉਣ ਵਾਸਤੇ ਕਿੱਥੇ
ਨਹਾਵੇਗਾ।
ਸਾਡੇ ਆਦਰਸ਼
ਜਦੋਂ ਟੁੱਟਦੇ ਨੇ,
ਉਹ ਨਹੀਂ ਜਰੇ ਜਾਂਦੇ ..ਉਦੋਂ ਰੋਣ ਨਿਕਲਦੈ।
•
ਆਪਣਾ ਲਿਖਿਆ ਕਦੇ ਮਨ ‘ਤੇ
ਭਾਰੂ ਵੀ ਹੋ ਜਾਂਦੈ?
ਬੰਦਾ ਜੇ ਜਜ਼ਬਾਤੀ ਨਹੀਂ ਤਾਂ ਪੱਥਰ ਐ।
ਕਈ ਵਾਰ
ਲਿਖਿਆ ਕਿਸੇ ਦੂਜੇ ਲਈ ਹੁੰਦਾ ਹੈ,
ਪਰ ਕਿਉਂਕਿ ਖੁਦ ਦਾ ਲਿਖਿਆ ਪਰੂਫ਼ ਰੀਡਿੰਗ ਤੋਂ ਛਪਣ ਤੱਕ
ਤਿੰਨ ਚਾਰ ਵਾਰ ਪੜ੍ਹਨਾ ਪੈਂਦਾ ਹੈ.... ਤੇ ਮੈਂ ਆਪਣੀ ਲਿਖਤ ‘ਤੇ
ਆਪ ਬਹੁਤ ਜਜ਼ਬਾਤੀ ਹੋ ਜਾਨੈਂ।
ਦਸ ਕੁ ਸਾਲ
ਪਹਿਲਾਂ ਇਕ ਲੇਖ ਇਹੋ ਜਿਹਾ ਲਿਖਿਆ ਸੀ ਜਿਹੜਾ ਹੁਣ ਮੇਰੀ ਕਿਤਾਬ
‘ਚ ਵੀ ਛਪਿਆ
ਹੈ, ਉਹਨੂੰ ਜਿਨੀਂ ਵਾਰ ਪੜ੍ਹਦੈਂ ਮੇਰੇ ਹੰਝੂ ਵਗ
ਪੈਂਦੇ ਨੇ।
ਮੈਂ ਬਹੁਤ
ਸਾਰੇ ਅਜਿਹੇ ਮੌਕੇ ਵੇਖੇ ਹਨ ਜਿਨ੍ਹਾਂ ਦਾ ਜਿ਼ਕਰ ਇਸ ਲਈ ਨਹੀਂ ਕਰਦਾ ਕਿ
ਮੈਥੋਂ ਆਪਣਾ ਆਪ ਸੰਭਾਲਿਆ ਨਹੀਂ ਜਾਣਾ।
ਕਾਮਨਾ ਇਹੀ
ਹੁੰਦੀ ਹੈ ਕਿ ਜੋ ਅਸੀਂ ਵੇਖਿਐ ਅਗਲੀ ਪੀੜ੍ਹੀ ਨੂੰ ਨਾ ਵੇਖਣਾ ਪਵੇ।
•
ਤੁਸੀਂ ਕਮਿਉਨਿਸਟ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਰਹੇ,
ਹੁਣ ਇਹ ਲਹਿਰ ਖ਼ਤਮ ਹੀ ਹੋ ਗਈ ਹੈ।
ਇਹਦੇ ਹਸ਼ਰ
ਪਿੱਛੇ ਕੀ ਕਾਰਨ ਸਮਝਦੇ ਹੋ?
ਸੋਵੀਅਤ ਯੂਨੀਅਨ ਜਾਂ ਜਿੱਥੇ ਜਿੱਥੇ ਵੀ ਸਮਾਜਵਾਦ ਆਇਆ ਇਹਨੇ ਸਾਰਾ ਕੁਝ ਹੀ ਪੱਧਰਾ
ਕਰ ਦਿੱਤਾ।
ਕੋਈ ਵੱਡਾ
ਜਾਂ ਕੋਈ ਛੋਟਾ ਨਹੀਂ ਰਹੇਗਾ,
ਕੋਈ ਕਿਸੇ ਨੂੰ ਲੁੱਟੇਗਾ ਨਹੀਂ;
ਹਰ ਕੰਮ ਸਾਂਝਾ ਹੋਵੇਗਾ।
ਨਿੱਜੀ
ਦਿਲਚਸਪੀਆਂ ਖਤਮ ਹੋ ਗਈਆਂ।.......
ਸਾਂਝੀ ਮਿੱਲ
‘ਚ
ਕੰਮ ਕਰਦਿਆਂ ਹਰ ਕੋਈ ਕਹਿੰਦਾ ਮੈਂ ਭਾਈਵਾਲ ਐਂ,
ਜਾਂ ਤਾਂ ਸਾਰੇ ਭਾਈਵਾਲ ਇਮਾਨਦਾਰੀ ਨਾਲ ਕੰਮ ਵੀ ਕਰਦੇ।
ਲੈਨਿਨ
ਹੁਰਾਂ ਨੇ ਕਿਹਾ ਸੀ ਅਸੀਂ ਇਕ
‘ਨਿਊ ਮੈਨ’
ਪੈਦਾ ਕਰਾਂਗੇ, ਜਿਹੜਾ ਸਮਾਜ
ਬਾਰੇ ਸਾਵਧਾਨ ਹੋਵੇ ਜਾਗ੍ਰਿਤ ਹੋਵੇਗਾ।
ਪਰ
ਬਦਕਿਸਮਤੀ ਨਾਲ ਉਹ ਨਿਊਮੈਨ ਪੈਦਾ ਨਹੀਂ ਹੋ ਸਕਿਆ।
ਹਾਲਾਤ ਐਹੋ
ਜਿਹੇ ਪੈਦਾ ਹੋ ਗਏ ,
ਗਾਂ ਤੇ ਗਧਾ ਇੱਕ ਬਰਾਬਰ ਹੋ ਗਏ।
ਇਹਦੇ ਨਾਲ
ਕੁਝ ਇਨ੍ਹਾਂ ਦੇ ਹੱਲ ਕੱਢਣੇ ਚਾਹੀਦੇ ਸਨ ਜੋ ਇਹ ਕੱਢ ਨਹੀਂ ਸਕੇ।
ਅਸੀਂ ਵੇਖਿਐ
ਸੋਵੀਅਤ ਯੂਨੀਅਨ ਪੁਲਾੜ ਦੀ ਖੋਜ ਵਿਚ ਅਮਰੀਕਾ ਨੂੰ ਪਿੱਛੇ ਛੱਡ ਗਿਆ,
ਐਟਮੀ ਸ਼ਕਤੀ ‘ਚ ਵੀ ਤੇਜ਼
ਨਿਕਲਿਆ; ਕਈ ਕਿਸਮ ਦੀ ਤਕਨੀਕ ਡਿਵੈਲਪ ਕਰ ਲਈ ਪਰ,
ਆਪਣੇ ਮੁਲਕ ਦੀ ਰੋਟੀ ਦਾ ਮਸਲਾ ਹੱਲ ਨਹੀਂ ਕਰ ਸਕਿਆ।
ਅਖੀਰ ਤੱਕ
ਰੋਟੀ ਵਾਸਤੇ ਲਾਈਨਾਂ ਲੱਗੀਆਂ ਰਹੀਆਂ।
ਇਨ੍ਹਾਂ
ਹਾਲਾਤ ਵਿਚ ਰੂਸ ਰੇਤ ਦੀ ਕੰਧ ਸਾਬਤ ਹੋਇਆ।
ਇਹ ਨੰਗਾ
ਚਿੱਟਾ ਸੱਚ ਐ ਕਿ ਜਦ ਮਲਾਹ ਹੀ ਬੇੜੀ ਡੋਬਣ ਤੇ ਆ ਜਾਵੇ ਫਿਰ ਉਹਨੂੰ ਕੋਈ ਬਚਾਅ
ਨਹੀਂ ਸਕਦਾ।
ਯੇਲਤਸਿਨ ਵਰਗਾ ਲੀਡਰ,
ਜੋ ਨਵੇਂ ਬਣੇ ਰੂਸ ਦਾ ਪ੍ਰਧਾਨ ਵੀ ਬਣਿਆ ਨੇ ਇਕ ਵਾਰ ਕਹਿ
ਦਿੱਤਾ ਕਿ ਕਮਿਊਨਿਜ਼ਮ ਖ਼ਤਰਨਾਕ ਐ, ਫਿਰ ਵੀ
ਪਾਰਟੀ ਦੀ ਸੈਂਟਰਲ ਕਮੇਟੀ ਤੱਕ ਪਹੁੰਚਣ ਲਈ ਚਾਪਲੂਸ ਬਣ ਕੇ ਗਿਆ।
ਇਹਦਾ ਮਤਲਬ
ਇਹ ਕਿ ਕਮਿਊਨਿਸਟ ਪਾਰਟੀ
‘ਚ ‘ਜੀ
ਹਜੂਰੀਆਂ’ ਦੀ ਭਰਮਾਰ ਹੋ ਗਈ,
ਜਿਸ ਕਾਰਨ ਇਹ ਲਹਿਰ ਹੌਲੀ ਹੌਲੀ ਮਿਟ ਗਈ, ਤੇ
ਸਮਾਜਵਾਦ ਦਾ ਸੁਪਨਾ ਖੇਰੂੰ ਖੇਰੂੰ ਹੋ ਗਿਆ।
ਦੂਜੇ ਪਾਸੇ
ਚੀਨ ਵਾਲਿਆਂ ਨੇ ਸਾਰੀ ਦੁਨੀਆਂ ਦੇ ਸਿਸਟਮ ਨੂੰ ਵਾਚਿਆ।
ਹੁਣ ਚੀਨ
ਬਾਕੀ ਸੰਸਾਰ ਦੀਆਂ ਗਲਤੀਆਂ ਤੋਂ ਬਚ ਕੇ,
ਅਤੇ ਉਨ੍ਹਾਂ ਦੇ ਚੰਗੇ ਤਜਰਬੇ ਤੋਂ ਸਿੱਖ ਕੇ ਆਪਣੇ ਮੁਲਕ
ਦੇ ਲੋਕਾਂ ਨੂੰ ਰੋਟੀ ਦੇਣ ਜੋਗਾ ਹੋ ਗਿਐ।
ਜੋ ਬਹੁਤ
ਚੰਗੀ ਗੱਲ ਹੈ।
•
ਪੰਜਾਬ ‘ਚ ਵੀ ਕਮਿਊਨਿਸਟ ਲਹਿਰ
ਆਧਾਰ ਕਿਉਂ ਨਹੀਂ ਬਣਾ ਸਕੀ ?
-ਲੀਡਰਾਂ ਤੋਂ ਗ਼ਲਤੀਆਂ ਹੋਈਐਂ।
1945 ‘ਚ ਕਮਿਊਨਿਸਟ ਲੀਡਰਾਂ ਨੇ ਨਾਅਰਾ ਦਿੱਤਾ ‘ਰੂਸ
ਕਾ ਰਾਸਤਾ ਹਮਾਰਾ ਰਾਸਤਾ’।
ਕਈ ਵਰ੍ਹੇ
ਬਾਦ ‘ਚ
ਰਾਜੇਸ਼ਵਰ ਰਾਓ ਹੁਰਾਂ ਇਹਨੂੰ ਨਕਾਰਦਿਆਂ ਰੂਸ ਦੀ ਬਜਾਏ ਚੀਨ ਕਾ ਰਾਸਤਾ
ਹਮਾਰਾ ਰਾਸਤਾ ਦਾ ਨਵਾਂ ਨਾਅਰਾ ਦੇ ਦਿੱਤਾ।
ਵੇਖਣ ਵਾਲੀ
ਗੱਲ ਹੈ ਕਿ ਪੰਜਾਬ ਦਾ ਆਪਣਾ ਕੋਈ ਰਸਤਾ ਕਿਉਂ ਨਹੀਂ ਹੋ ਸਕਦਾ।
ਹਰ ਮੁਲਕ
ਵਿਚ ਆਪਣੀ ਕਿਸਮ ਦੇ ਹਾਲਾਤ ਹੁੰਦੇ ਹਨ,
ਉਨ੍ਹਾਂ ਦੇ ਆਧਾਰ ‘ਤੇ ਹੀ
ਰਸਤੇ ਅਪਨਾਉਣੇ ਚਾਹੀਦੇ ਹਨ।
ਅਸੀਂ
ਇਨ੍ਹਾਂ ਮਾਮਲਿਆਂ ‘ਚ
ਪੰਜਾਬ ਦੇ ਕਲਚਰ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਸਾਂ,
ਜਿਹੜਾ ਨਹੀਂ ਸਿੱਖਿਆ।
ਅਸੀਂ
ਗੁਰਬਾਣੀ ਤੋਂ ਵੀ ਕੰਨੀ ਕਤਰਾਉਣ ਲੱਗ ਪਏ।
ਉਸ ਵੇਲੇ ਦੇ
ਸਾਡੇ ਜਿੰਨੇ ਲੀਡਰ ਸਨ ਉਹ ਵੀ ਇਹਦੇ ਤੋਂ ਪਾਸਾ ਵੱਟਦੇ ਗਏ।
ਸ਼੍ਰੋਮਣੀ ਕਮੇਟੀ ਜਦੋਂ ਮਹੰਤਾਂ ਤੋਂ ਆਜ਼ਾਦ ਕਰਵਾਈ ਐ,
ਕਰਵਾਉਣ ਵਾਲੇ ਸਾਰੇ ਕਾਮਰੇਡ ਹੀ ਸਨ।
ਸੋਹਣ ਸਿੰਘ
ਜੋਸ਼ ਜਿਹੜਾ ਸ਼ਹੀਦ ਭਗਤ ਸਿੰਘ ਦਾ ਸਾਥੀ ਸੀ,
ਇਸੇ ਗੁਰਦੁਆਰਾ ਸੁਧਾਰ ਲਹਿਰ ਦੀ ਦੇਣ ਐ, ਇਨ੍ਹਾਂ
ਨੂੰ ਆਜ਼ਾਦ ਕਰਾਉਣ ‘ਚ ਉਹ ਸੀ।
ਅਤੇ
ਕਾਮਰੇਡ ਤੇਜਾ ਸਿੰਘ ਸੁਤੰਤਰ ਜਿਸਦਾ ਅਸਲ
‘ਚ ਨਾਂ
ਸਮੁੰਦ ਸਿੰਘ ਹੁੰਦਾ ਸੀ; ਫਤਿਹਗੜ੍ਹ ਚੂੜੀਆਂ ਲਾਗੇ
ਇੱਕ ਗੁਰਦੁਆਰਾ ਐ ਤੇਜਾ ਬੀੜਾ, ਉਥੋਂ ਦੇ ਮਹੰਤ
ਬੜੇ ਜ਼ੋਰਾਵਰ ਸੀ, ਅਸਲਾ ਰਖਦੇ ਸੀ।
ਸਮੁੰਦ ਸਿੰਘ
ਜੱਥਾ ਲੈਕੇ ਗਿਆ,
ਇਹਨੇ ‘ਤੇਜੇ ਦਾ ਗੁਰਦੁਆਰਾ’
ਮਹੰਤਾਂ ਤੋਂ ਛੁਡਵਾਇਆ।
ਲੋਕਾਂ
‘ਚ
ਚਰਚਾ ਹੋ ਗਈ ਕਿ ਫਲਾਣੇ ਸਿੰਘ ਨੇ ‘ਤੇਜਾ’
ਸੁਤੰਤਰ ਕਰਵਾਇਆ; ਬਸ ਉਦੋਂ
ਤੋਂ ਹੀ ਇਹਦਾ ਨਾਂ ਤੇਜਾ ਸਿੰਘ ਸੁਤੰਤਰ ਪੈ ਗਿਆ।
ਜਰਨੈਲ ਮੂਲਾ
ਸਿੰਘ ਜੋ ਉੱਜਲ ਦੋਸਾਂਝ ਦਾ ਨਾਨਾ ਸੀ,
ਗੁਰਦੁਆਰਾ ਕੇਸਗੜ੍ਹ ਸਾਹਬ ਨੂੰ ਅਜ਼ਾਦ ਕਰਾਉਣ ਵਾਲਾ ਉਹੀ ਸੀ,
ਉਹ ਵੀ ਕਾਮਰੇਡ ਸੀ।
ਹੁਣ ਹਾਲਾਤ
ਬਦਲੇ ਪਏ ਨੇ।
ਇਨ੍ਹਾਂ
ਬਦਲੇ ਹਾਲਾਤ ‘ਚ
ਉਹ ਲੋਕ ਅੱਗੇ ਆ ਗਏ ਜਿਨ੍ਹਾਂ ਦੀ ਗੁਰੂ ਵੱਲ ਪਿੱਠ ਅਤੇ ਗੋਲਕਾਂ ਵੱਲ ਮੂੰਹ ਐ।
ਅਜਿਹਾ ਕਿਉਂ ਹੋਇਆ?
ਇਸ ਕਰਕੇ ਕਿ ਇਹ ਕਾਮਰੇਡ ਗੁਰਦੁਆਰਿਆਂ ਮੰਦਰਾਂ ਤੋਂ ਪਿੱਛੇ
ਹਟਣ ਲੱਗ ਪਏ ਇਨ੍ਹਾਂ ਨੂੰ ਜਾਪਣ ਲੱਗਾ, ਹੁਣ
‘ਇਨਕਲਾਬ’ ਆਇਆ ਕਿ
ਆਇਆ।
ਇਹ ਛੱਡ ਕੇ
ਇਕ ਪਾਸੇ ਹੋ ਗਏ ਤੇ ਅਜਿਹੇ ਲੋਕ ਮੂਹਰੇ ਆਉਣੇ ਸ਼ੁਰੂ ਹੋ ਗਏ ਜਿੰਨ੍ਹਾਂ ਦਾ
ਇਮਾਨਦਾਰੀ ਨਾਲ ਵਾਸਤਾ ਈ ਕੋਈ ਨਹੀਂ ਸੀ।
•
ਪਾਰਟੀ ‘ਚ ਕਿਹੜੇ ਲੋਕ ਤੁਹਾਡੇ
ਸਾਥੀ ਰਹੇ?
-ਮੈਂ ਸੀ ਪੀ ਆਈ ਨਾਲ ਕਈ ਵਰ੍ਹੇ ਕੰਮ ਕੀਤਾ
।
ਬੰਦੇ ਤਾਂ ਬਥੇਰੇ ਸਨ
ਪਰ ਇਕ ਚਿਹਰਾ ਜਿਹੜਾ ਸਭ ਤੋਂ ਉੱਭਰ ਕੇ ਸਾਹਮਣੇ ਆਉਂਦੈ ਉਹ ਹੈ ਕਾਮਰੇਡ
ਸੱਤਪਾਲ ਡਾਂਗ
।
ਪੰਜਾਬ ਦੀ ਰਾਜਨੀਤੀ ‘ਚ
ਅੱਜ ਵੀ ਉਹ ਦਰਵੇਸ਼ ਕਿਸਮ ਦਾ ਸਿਆਸਤਦਾਨ ਐ।
ਕੋਈ ਲਾਲਚ
ਨਹੀਂ, ਕੋਈ
ਜਾਇਦਾਦ ਉਹਨੇ ਨਹੀਂ ਬਣਾਈ।
ਅੱਜ ਵੀ ਉਹ
ਟਰੇਡ ਯੂਨੀਅਨ ਦੇ ਦਫਤਰ ਦੇ ਉਪਰਲੇ ਮਕਾਨ
‘ਚ ਰਹਿੰਦੈ
।
ਉਹਦੀ ਐਮ ਐਲ
ਏ ਦੀ ਪੈਨਸ਼ਨ ਵੀ ਯੂਨੀਅਨ ਦੇ ਖਾਤੇ
‘ਚ ਜਮ੍ਹਾਂ
ਹੁੰਦੀ ਹੈ।
ਅਜਿਹਾ
ਸਮਰਪਿਤ ਬੰਦਾ ਮੈਂ ਕਿਸੇ ਹੋਰ ਪਾਰਟੀ
‘ਚ ਨਹੀਂ
ਵੇਖਿਆ।
ਉਹ ਲੀਡਰ
ਘੱਟ ਤੇ ਮਿਸ਼ਨਰੀ ਵੱਧ ਐ।
ਉਸ ਨਾਲ ਕੰਮ
ਕਰਦਿਆਂ ਵੱਖਰੀ ਕਿਸਮ ਦੀ ਤਸੱਲੀ ਹੁੰਦੀ ਸੀ।
•
ਕਿਹੜੇ ਲੋਕਾਂ ਤੋਂ ਪ੍ਰਭਾਵਿਤ ਰਹੇ ਹੋ ?
ਪੱਤਰਕਾਰੀ ‘ਚ ਤੁਹਾਡੇ ਰੋਲ
ਮਾਡਲ?
-ਮੇਰੀ ਬਦਕਿਸਮਤੀ ਰਹੀ ਕਿ ਜਿਨ੍ਹਾਂ ਲੋਕਾਂ ਨੂੰ ਮੈਂ ਆਪਣਾ ਰੋਲ ਮਾਡਲ ਸਮਝਦਾਂ,
ਉਨ੍ਹਾਂ ਨਾਲ ਕਦੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।
ਇਨ੍ਹਾਂ
ਸਖ਼ਸੀਅਤਾਂ ‘ਚੋਂ ਇਕ ਅਰਜਣ ਸਿੰਘ ਗੜਗੱਜ, ਅਜੇ
ਮੈਂ ਪੜ੍ਹਦਾ ਹੀ ਸਾਂ ਜਦੋਂ ਉਨ੍ਹਾਂ ਦੀ ਮੌਤ ਹੋ ਗਈ।
ਮੈਂ ਉਨ੍ਹਾਂ
ਦੇ ਦਰਸ਼ਨ ਵੀ ਨਹੀਂ ਕੀਤੇ।
1937-38 ‘ਚ ਉਹ ਅੰਗਰੇਜ਼ਾਂ ਵਿਰੁੱਧ ਰਿਸਾਲਾ ‘ਕਿਰਤੀ’
ਕਢਦੇ ਰਹੇ।
ਬੜੇ ਨਿਧੜਕ
ਹੋ ਕੇ ਲਿਖਦੇ ਸਨ।
ਇਕ ਵਾਰ
ਪੁਲਿਸ ਨੇ ਉਨ੍ਹਾਂ ਦੀ ਪ੍ਰੈਸ ਤੇ ਛਾਪਾ ਮਾਰਿਆ,
ਗੋਰੀ ਸਰਕਾਰ ਦੇ ਖਿਲਾਫ ਕੁਝ ਸਮੱਗਰੀ ਮਿਲ ਗਈ
।
ਸ. ਗੜਗੱਜ ਹੁਰਾਂ
ਨੂੰ ਗ੍ਰਿਫਤਾਰ ਕਰ ਲਿਆ।
ਥਾਣੇ ਦੀ
ਛੱਤ ਨਾਲ ਇਨ੍ਹਾਂ ਦੇ ਕੇਸ ਬੰਨ੍ਹ ਕੇ ਲਮਕਾ ਛਡਿਆ।
ਤੜ੍ਹਕੇ ਨੂੰ
ਗੜਗੱਜ ਹੁਰਾਂ ਦੀ ਖੋਪੜੀ ਵਾਲਾਂ ਸਮੇਤ ਸਿਰ ਨਾਲੋਂ ਵੱਖ ਹੋ ਗਈ ਅਤੇ ਇਹ
ਬੇਹੋਸ਼ ਹੋਕੇ ਥੱਲੇ ਡਿੱਗ ਪਏ।
1971
‘ਚ ਉਨ੍ਹਾਂ ਦੀ ਮੌਤ ਤੱਕ ਮੁੜ ਉਨ੍ਹਾਂ ਦੇ ਸਿਰ ‘ਤੇ
ਵਾਲ ਨਹੀਂ ਉੱਗੇ।
ਹੁਣ ਮੈਂ ਜਦ
ਉਸ ਦਫਤਰ (ਨਵਾਂ ਜ਼ਮਾਨਾ) ਦੀਆਂ ਪੌੜੀਆਂ ਚੜਦਾਂ ਜਿਥੇ ਗੜਗੱਜ ਹੁਰੀਂ ਕੰਮ
ਕਰਦੇ ਰਹੇ ਨੇ,
ਉਨ੍ਹਾਂ ਪੌੜੀਆਂ ਨੂੰ ਛੂਹ ਕੇ ਇੱਕੋ ਗੱਲ ਕਹਿਨੈਂ ਕਿ
ਮੈਥੋਂ ਕੋਈ ਐਸੀ ਭੁੱਲ ਨਾ ਹੋ ਜਾਵੇ ਜਿਸ ਨਾਲ ਗੜਗੱਜ ਵਰਗੇ ਲੋਕਾਂ ਦੇ ਨਾਂ
ਨੂੰ ਦਾਗ਼ ਲੱਗ ਜਾਵੇ।
ਦੂਜਾ ਮੇਰਾ ਆਈਡੀਅਲ ਸੀ ਸੁਰਜਣ ਜ਼ੀਰਵੀ, ਪਰ ਕੰਮ ਮੈਂ ਉਹਦੇ ਨਾਲ ਵੀ ਨਹੀਂ ਕਰ ਸਕਿਆ।
ਜ਼ੀਰਵੀ
ਹੁਰੀਂ ਮੇਰੇ ਨਵਾਂ ਜ਼ਮਾਨਾ
‘ਚ ਆਉਣ ਤੋਂ
ਸਾਲ ਕੁ ਪਹਿਲਾਂ ਹੀ ਕਨੇਡਾ ਆ ਗਏ।
ਬਾਦ
‘ਚ ਮੈਂ
ਇਨ੍ਹਾਂ ਨੂੰ ਚਿੱਠੀ ਲਿਖੀ ਕਿ ‘ਰਾਮ ਤਾਂ ਫਿਰ ਵੀ
ਜਾਣ ਲੱਗਿਆਂ ਭਰਤ ਲਈ ਖੜਾਵਾਂ ਦੇ ਗਿਆ ਸੀ, ਤੁਸੀਂ
ਤਾਂ ਉਹ ਵੀ ਨਹੀਂ ਛੱਡ ਕੇ ਗਏ।’
ਮੈਂ ਸਮਝਦਾਂ ਕਿ ਅਜੇ ਵੀ ਕਿਧਰੇ ਕਿਧਰੇ ਕੋਈ ਚੰਗੇ ਬੰਦੇ
ਹੈਗੇ ਨੇ ਜਿਨ੍ਹਾਂ ਤੋਂ ਅਸੀਂ ਜੇ ਕੁਝ ਸਿੱਖ ਸਕੀਏ ਤਾਂ ਚੰਗੈ।
• ‘ਅੱਜਨਾਮਾ’
ਨੂੰ ਮਕਬੂਲੀਅਤ ਦੀਆਂ ਸਿਖ਼ਰਾਂ ‘ਤੇ
ਲਿਜਾਣ ਵਾਲੇ ‘ਤੀਸ ਮਾਰ ਖਾਂ’
ਦਾ ਜਨਮ ਕਦੋਂ ਹੋਇਆ?
-ਬੜੇ ਅਜੀਬ ਦੌਰ ‘ਚ
ਹੋਇਆ।
ਮੈਂ
ਰਾਜਨੀਤੀ ਬਾਰੇ ਲਿਖਦਾ ਹੁੰਦਾ ਸੀ।
ਧਰਮ ਬਾਰੇ
ਮੈਂ ਉਦੋਂ ਲਿਖਿਆ ਜਦੋਂ ਕਾਬੇ
‘ਚ ਕੁਫ਼ਰ
ਤੁਲਦਾ ਵੇਖਿਆ।
ਜਦੋਂ ਧਰਮ
ਦੇ ਨਾਂ ‘ਤੇ,
ਸਿੰਘ ਸਾਹਿਬ ਤੇ ਸ਼ੰਕਰਾਚਾਰੀਆ ਦੇ ਭੇੜ ਹੁੰਦੇ ਵੇਖੇ।
ਜਦੋਂ ਮੈਂ
ਵੇਖਿਆ ਕਿ ਇਤਿਹਾਸ ‘ਚ
ਖੋਟ ਰਲਾਇਆ ਜਾ ਰਿਹਾ ਹੈ।
ਬਥੇਰਾ
ਲਿਖਿਆ,
ਹਰ ਵਿਸ਼ੇ ‘ਤੇ ਲਿਖਿਆ।
ਇੱਕ ਵਾਰ
ਬੈਠਿਆਂ ਦਫ਼ਤਰ ‘ਚ
ਗੱਲ ਛਿੜੀ ਕਿ ‘ਪੰਨੂੰ ਦਾ ਨਾਂ ਵਿਕਦੈ’,
ਜਿੱਥੇ ‘ਜਤਿੰਦਰ ਪੰਨੂੰ’
ਲਿਖਿਆ ਹੋਵੇ ਲੋਕ ਪੜ੍ਹ ਲੈਂਦੇ ਹਨ।
ਮੈਂ ਇਹਦੇ
ਨਾਲ ਸਹਿਮਤ ਨਹੀਂ ਸੀ।
ਮੈਂ ਕਿਹਾ
ਚਾਹੇ ਤੁਸੀਂ ਬਗੈਰ ਨਾਂ ਤੋਂ ਲਿਖੋ,
ਜੇ ਉਹਦੇ ‘ਚ ਕੋਈ ‘ਗੱਲ’
ਹੋਵੇਗੀ ਤਾਂ ਲੋਕ ਪੜ੍ਹਨਗੇ।
ਨਾਲ ਦੇ
ਕਹਿੰਦੇ ਫਿਰ ਲਿਖ ਕੇ ਵਿਖਾ।
ਇਸ ਤਰ੍ਹਾਂ
ਦੀ ਚੀਜ਼ ਲਿਖ ਜੋ ਰਹਿੰਦ ਖੂੰਹਦ ਹੋਵੇ।
ਮਾਝੇ
‘ਚ ਕਣਕ ਦੀ ਵਾਢੀ ਮਗਰੋਂ ਮਰਲਾ ਦੋ ਮਰਲੇ ਗਰੀਬ ਗੁਰਬੇ ਲਈ ਛੱਡ
ਦਿੱਤਾ ਜਾਂਦੈ, ਜਿਹਨੂੰ ‘ਛੀਉੜੰਬਾ’
ਕਹਿੰਦੇ ਨੇ।
ਮੈਂ
ਛੀਉੜੰਬਾ ਲਿਖਣਾ ਸ਼ੁਰੂ ਕਰ ਦਿੱਤਾ।
ਅੱਜ ਇਹ
ਪੰਜਾਬ ਦਾ ਬੜਾ ਪਾਪੂਲਰ ਕਾਲਮ ਹੈ।
ਉਹਤੋਂ ਕਈ ਸਾਲ ਮਗਰੋਂ ਗੱਲ ਚੱਲੀ ਕਿ ਅਖ਼ਬਾਰ
‘ਚ ਹਰ ਰੋਜ਼
ਕਵਿਤਾ ਦਾ ਟੋਟਾ ਹੋਣਾ ਚਾਹੀਦਾ ਹੈ।
ਫਿਰ ਲਿਖਣ
ਵਾਲਾ ਕੋਈ ਨਾ ਲੱਭੇ।
ਕਿਸੇ ਨੇ
ਸੁਝਾਅ ਦਿੱਤਾ ਕਿ ‘ਪੰਨੂੰ’
ਲਿਖਿਆ ਕਰੇ।
ਵਿਚੋਂ ਕਿਸੇ
ਨੇ ਕਹਿ ਦਿੱਤਾ ਕਿ ਪੰਨੂੰ ਪਹਿਲਾਂ ਹੀ ਬਥੇਰਾ ਕੁਛ ਲਿਖਦੈ ਨਾਲੇ ਕਵਿਤਾ ਲਿਖਣਾ
ਇਹਦਾ ਕੰਮ ਨਹੀਂ,
ਇਹ ਕਿਹੜਾ ਕੋਈ ‘ਤੀਸ ਮਾਰ ਖਾਂ’
ਐ।
ਮੈਨੂੰ ਇਹ
ਗੱਲ ਕੁਝ ਰੜਕੀ ਤੇ ਕਈ ਦਿਨ ਦਿਮਾਗ਼
‘ਚ ਘੁੰਮਦੀ
ਰਹੀ
।
ਚੌਥੇ ਕੁ ਦਿਨ ਮੈਂ
ਇਕ ਕਵਿਤਾ ਦਾ ਟੋਟਾ ਲਿਖਿਆ।
ਹੈਡਿੰਗ ਤਾਂ
ਲਿਖ ਦਿੱਤਾ ‘ਅੱਜਨਾਮਾ’
ਪਰ ਸੋਚਣ ਲੱਗਾ ਥੱਲੇ ਨਾਂ ਕੀਹਦਾ ਲਿਖਾਂ।
ਦੋਸਤਾਂ ਦੀ
ਕਹੀ ਗੱਲ ਯਾਦ ਆਈ ਤੇ ਮੈਂ
‘ਤੀਸ ਮਾਰ
ਖਾਂ’ ਦੀ ਬੁੱਕਲ ਮਾਰ ਲਈ।
ਹੁਣ ਇਹ
ਪੰਜਾਂ ਕੁ ਸਾਲਾਂ ਦਾ ਹੋ ਗਿਐ।
•
ਤੁਸੀਂ ਹੁਣ ਤੱਕ ਜੋ ਕੁਝ ਲਿਖਿਐ,
ਕਿਤਾਬੀ ਰੂਪ ‘ਚ ਵੀ ਛਪ ਚੁੱਕਾ
ਹੈ?
-‘ਛੀਉੜੰਬਾ’
ਦੀ ਕਿਤਾਬ ਨਹੀਂ ਬਣੀ।
‘ਅੱਜਨਾਮਾ’
ਕਿਤਾਬੀ ਰੂਪ ‘ਚ ਆ ਗਿਆ ਹੈ।
ਬਾਕੀ
..ਰਾਜਨੀਤਕ ਕਾਲਮਾਂ ਦੀ ਕਿਤਾਬ ਦਾ ਨਾਂ ਰੱਖਿਆ ਸੀ
‘ਦਾਸਤਾਨ
ਪੱਛੋਂ ਦੇ ਪੱਛਿਆਂ ਦੀ’, ਕਿਉਂਕਿ ਪੰਜਾਬ ਦੇ
ਲੋਕਾਂ ਨੂੰ ਜੋ ਵੀ ਜ਼ਖ਼ਮ ਮਿਲੇ ਉਹ ਪੱਛਮ ਵੱਲੋਂ ਹੀ ਮਿਲੇ।
ਇਹਤੋਂ
ਇਲਾਵਾ ਇਕ ਵਿਅੰਗ ਦੀ ਕਿਤਾਬ ਵੀ ਲਿਖੀ ਹੈ।
ਇਕ ਹੋਰ
ਕਿਤਾਬ ‘ਭਾਈ
ਗੁਰਦਾਸ ਜੀ ਦੀਆਂ ਵਾਰਾਂ ਦਾ ਤੁਕ-ਤਤਕਰਾ’ ਵੀ ਮੈਂ
ਲਿਖੀ ਹੈ, ਜਿਸ ਵਿਚ ਭਾਈ ਗੁਰਦਾਸ ਹੁਰਾਂ ਦੀਆਂ
ਵਾਰਾਂ ਨੂੰ ਤਰਤੀਬ ਵਾਰ ਬਣਾ ਕੇ ਦਿੱਤਾ ਤਾਂ ਜੁ ਹਰਿਕ ‘ਵਾਰ’
ਜਲਦੀ ਨਾਲ ਲੱਭੀ ਜਾ ਸਕੇ।
ਇਹ ਕਿਤਾਬ ਹਰ ਰਾਗੀ,
ਢਾਡੀ ਜਾਂ ਪ੍ਰਚਾਰਕ ਲਈ ਲਾਹੇਵੰਦ ਸਾਬਤ ਹੋਈ।
ਜਿਸਨੂੰ ਹੁਣ
ਦਿੱਲੀ ਗੁਰਦਵਾਰੇ ਦੀ ਕਮੇਟੀ ਨੇ ਮੁੜ ਛਾਪਿਐ।
ਮੈਨੂੰ
ਰਾਇਲਟੀ ਦੀ ਪੇਸ਼ਕਸ਼ ਵੀ ਹੋਈ ਪਰ ਮੈਂ ਨਹੀਂ ਲਈ।
•
ਹੋਰ ਕੀ ਲਿਖਣਾ ਚਾਹੁੰਦੇ ਹੋ?
-ਪੰਜਾਬ ਦਾ ਵੀਹਵੀਂ ਸਦੀ ਦਾ ਇਤਹਾਸ ਲਿਖਣਾ ਚਾਹੁੰਦਾ ਹਾਂ।
ਬਹੁਤੀਆਂ
ਘਟਨਾਵਾਂ ਐਸੀਆਂ ਹਨ ਜੋ ਮੇਰੀਆਂ ਅੱਖਾਂ ਸਾਹਵੇਂ ਹੋਈਆਂ।
ਜਦੋਂ ਬਲੂ
ਸਟਾਰ ਆਪ੍ਰੇਸ਼ਨ ਹੋਇਆ;
ਦਰਬਾਰ ਸਾਹਿਬ ‘ਚ ਟੈਂਕ ਵੀ
ਮੇਰੇ ਸਾਹਮਣੇ ਗਏ, ਲਾਸ਼ਾਂ ਦੇ ਢੇਰ ਵੀ ਮੈਂ ਤੱਕੇ।
ਪਰ ਮੈਂ
ਲਿਖਾਂ ਕਿੱਦਾਂ,
ਡਰ ਲਗਦੈ ਕਿ ਲਿਖਿਆ ਕੋਈ ਬਰਦਾਸ਼ਤ ਕਰੇਗਾ ਵੀ ਕਿ ਨਹੀਂ।
ਸੱਚ ਨੂੰ
ਹਜ਼ਮ ਕਰਨਾ ਬਹੁਤ ਔਖਾ ਐ।
ਇੱਕ ਵਾਰ
ਮੈਂ ਲਿਖ ਦਿੱਤਾ ਸੀ ਕਿ ਦਰਬਾਰ ਸਾਹਿਬ ਦੇ ਸਰੋਵਰ ਦਾ ਪਾਣੀ ਗੰਦਾ ਹੋ ਗਿਐ,
ਇਹਦੇ ‘ਚ ਬੈਕਟੀਰੀਆ ਪੈਦਾ ਹੋ
ਸਕਦੇ ਨੇ।
ਸ਼੍ਰੋਮਣੀ
ਕਮੇਟੀ ਨੇ ਮੇਰਾ ਨਾਂ ਲਿਖਕੇ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਪੰਨੂੰ ਆਪ ਪਤਾ
ਨਹੀਂ ਨਾਸਤਿਕ ਹੈ, ਗੁਰੂਘਰ ਦੀ ਬਦਨਾਮੀ ਕਰਦੈ।
...ਮੈਂ
ਚੁੱਪ ਕਰ ਰਿਹਾ।
...ਦੋ ਕੁ
ਵਰ੍ਹੇ ਮਗਰੋਂ ਸ਼੍ਰੋਮਣੀ ਕਮੇਟੀ ਨੇ ਪਾਣੀ ਦੇ ਮਾਹਿਰਾਂ ਤੋਂ ਸਰਵੇ ਕਰਵਾਇਆ
ਜਿਸਦੀ ਰਿਪੋਰਟ ਆਈ ਕਿ ਸਰੋਵਰ
‘ਚ ਵਾਕਈ
ਬੈਕਟੀਰੀਆ ਦੀ ਭਰਮਾਰ ਹੈ।
ਅਖੀਰ ਕਮੇਟੀ
ਨੂੰ ਐਲਾਨ ਕਰਨਾ ਪਿਆ ਕਿ ਸਰੋਵਰ ਦੇ ਪਾਣੀ ਨੂੰ ਸਾਫ਼ ਕਰਨ ਲਈ ਮਸ਼ੀਨ ਲਾਈ
ਜਾਵੇਗੀ।
ਬਾਦ
‘ਚ ਇਹ ਮਸ਼ੀਨ
ਟੁੱਟ ਬ੍ਰਦਰਜ਼ ਦੇ ਸਹਿਯੋਗ ਨਾਲ ਲੱਗੀ ਵੀ।
ਪਰ ਇਹ ਸਭ
ਕੁਝ ਹੋਇਆ ਮੇਰੇ ਲਿਖਣ ਤੋਂ ਬਾਦ।
ਪਰ ਸਾਨੂੰ
ਕ੍ਰੈਡਿਟ ਨਹੀਂ ਚਾਹੀਦਾ,
ਤਸੱਲੀ ਜ਼ਰੂਰ ਹੈ ਕਿ ਘੱਟੋ ਘੱਟ ਸਾਡੀ ਲਿਖੀ ਗੱਲ ਧੁਰ ਤੱਕ
ਪਹੁੰਚੀ ਤਾਂ ਸਹੀ।
•
ਕੋਈ ਐਸਾ ਵਾਕਿਆ ਜੋ ਅਜੇ ਵੀ ਮਨ ‘ਚ
ਬੈਠਾ ਹੋਵੇ।
ਦੱਸਣਾ
ਚਾਹੋਗੇ?
- ਇੱਕ ਗੱਲ ਮੈਨੂੰ ਯਾਦ ਆਉਂਦੀ ਹੈ।
ਦਫਤਰ ‘ਚ
ਇਕ ਦਿਨ ਮੇਰੇ ਕੋਲ ਖ਼ਬਰ ਪੁਜੀ ਕਿ ਲੁਧਿਆਣੇ ਦੇ ਡੀ.ਟੀ.ਓ. ਨੇ ਦੋਹਾਂ ਬਾਹਵਾਂ
ਤੋਂ ਅਪਾਹਜ ਮੁੰਡੇ ਨੂੰ ਮੋਟਰ ਸਾਈਕਲ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ।
ਮੈਂ
ਲਾਈਸੈਂਸ ਅਤੇ ਉਸ ਮੁੰਡੇ ਦੀ ਬਗੈਰ ਬਾਹਵਾਂ ਵਾਲੀ ਫੋਟੋ ਸਮੇਤ ਖ਼ਬਰ ਛਾਪ
ਦਿੱਤੀ,
ਕਿਉਂਕਿ ਮੈਨੂੰ ਲੱਗਾ ਇਹ ਗ਼ਲਤ ਹੋ ਗਿਐ।
ਤੀਜੇ ਕੁ
ਦਿਨ ਦਫ਼ਤਰ ‘ਚ
ਮੈਨੂੰ ਇਕ ਨੌਜਵਾਨ ਮਿਲਣ ਆਇਆ।
ਉਹਨੇ
ਪੁੱਛਿਆ, ‘ਸਰ,
ਤੁਸੀਂ ਖ਼ਬਰ ਲਾਈ ਸੀ ਕਿ ਇਕ ਮੁੰਡੇ ਦੇ ਬਾਹਵਾਂ ਨਹੀਂ ਪਰ ਲਾਈਸੈਂਸ ਹੈ।’
ਕਹਿੰਦਾ, ‘ਉਹ ਮੁੰਡਾ ਮੈਂ ਆਂ।’..
ਏਨਾ ਕਹਿੰਦਿਆਂ ਉਹਨੇ ਮੂੰਹ ਨਾਲ ਆਪਣੀ ਕਮੀਜ਼ ਦੇ ਕਫ਼
ਖੋਲ੍ਹੇ ਅਤੇ ਦੋਵੇਂ ਬਨਾਉਟੀ ਬਾਹਵਾਂ ਲਾਹ ਕੇ ਮੇਜ਼ ‘ਤੇ
ਰੱਖ ਦਿੱਤੀਆਂ।
ਉਹਨੇ ਕਿਹਾ
ਮੇਰੀ ਤਾਂ ਇੱਕ ਲੱਤ ਵੀ ਨਹੀਂ ਅਤੇ ਨਕਲੀ ਲੱਤ ਵੀ ਲਾਹ ਕੇ ਧਰ ਦਿੱਤੀ।
ਮੈਂ ਹੈਰਾਨ
ਹੋ ਕੇ ਪੁਛਿਆ ਫਿਰ ਲਾਈਸੈਂਸ ਦੀ ਕਹਾਣੀ ਕੀ ਹੈ?
ਕਹਿਣ ਲੱਗਾ ਵਾਹਵਾ ਚਿਰ ਪਹਿਲਾਂ ਦੋ ਵੱਖ ਵੱਖ ਹਾਦਸਿਆਂ
‘ਚ ਉਹ ਅਪਾਹਜ ਹੋ ਗਿਆ ਸੀ।
ਪਰ ਹਿੰਮਤ
ਨਹੀਂ ਹਾਰੀ,
ਪੜ੍ਹਦਾ ਰਿਹਾ, ਐਮ ਏ ਕੀਤੀ।
ਹੁਣ ਕਿਸੇ
ਕੰਪਨੀ ‘ਚ
ਡਿਵੈਲਪਮੈਂਟ ਅਫਸਰ ਹੈ।
‘ਮੇਰਾ
ਕੰਮ ਫੀਲਡ ਦਾ ਹੋਣ ਕਰਕੇ ਇਧਰ ਉਧਰ ਰਿਕਸ਼ਿਆਂ,
ਬੱਸਾਂ ‘ਤੇ ਜਾ ਨਹੀਂ ਹੁੰਦਾ
।
ਮੈਂ ਦੁਬਾਰਾ ਮੋਟਰ
ਸਾਈਕਲ ਸੰਭਾਲਣਾ ਸਿੱਖ ਕੇ,
ਲਾਈਸੈਂਸ ਵਾਸਤੇ ਅਰਜ਼ੀ ਦੇ ਦਿੱਤੀ।
ਥੱਲੇ ਤੋਂ
ਲੈਕੇ ਡੀ.ਟੀ.ਓ. ਤੱਕ ਗਿਆ ਪਰ ਮੈਡੀਕਲੀ ਅਨ-ਫਿੱਟ ਕਰਕੇ ਨਕਾਰ ਦਿੱਤਾ ਗਿਆ।
ਅਖੀਰ ਡੀ ਸੀ
ਦੇ ਪੇਸ਼ ਹੋਇਆ।
...ਚਲਾ ਕੇ
ਵਿਖਾਇਆ।
ਉਹਨੇ ਤਿੰਨ
ਅਫਸਰਾਂ ਦੀ ਕਮੇਟੀ ਬਣਾਈ।
ਅਖੀਰ ਮੈਨੂੰ
ਬਗੈਰ ਮੈਡੀਕਲ ਦੇ ਲਾਈਸੈਂਸ ਜਾਰੀ ਕਰਨ ਦਾ ਫੈਸਲਾ ਲਿਆ ਗਿਆ।
..ਪਰ ਇਹ
ਲਾਈਸੈਂਸ ਮੈਨੂੰ ਮਿਲਣ ਤੋਂ ਪਹਿਲਾਂ ਤੁਹਾਡੇ ਪੱਤਰਕਾਰ ਦੇ ਹੱਥ ਆ
ਗਿਆ....ਖ਼ਬਰ ਛਪ ਗਈ..ਤੇ ਹੁਣ ਮੇਰਾ ਲਾਈਸੈਂਸ ਰੁਕ ਗਿਐ।
ਮੇਰਾ ਕਸੂਰ
ਦੱਸੋ?’
ਮੈਂ ਪੁੱਛਿਆ ਕਿ ਮੋਟਰਸਾਈਕਲ ਚਲਾ ਲੈਦਾ ਐਂ?..ਕਹਿੰਦਾ
, ‘ ਮੈਂ ਚਲਾ ਕੇ ਹੀ ਇੱਥੇ ਆਇਆਂ।’
ਉਹਨੇ ਇਕ ਇਕ ਕਰਕੇ ਆਪਣੇ ਅੰਗ ਕਸੇ,
ਤੇ ਪੌੜੀਆਂ ਉਤਰ ਗਿਆ।
ਮੈਂ ਉੱਪਰੋਂ
ਬਾਰੀ ‘ਚੋਂ
ਤੱਕਿਆ, ਉਹਨੇ ਕਿੱਕ ਮਾਰੀ ਤੇ ਚਲਾ ਗਿਆ।
ਕੁਛ ਚਿਰ
ਬਾਦ ਮੁੜ ਆਇਆ
।
ਮੈਂ ਚਾਹ ਪਿਆਈ..ਤੇ
ਕਿਹਾ ਹੁਣ ਤੂੰ ਚੱਲ ਮੈਂ ਵੇਖਦਾਂ..।
ਉਹਦੇ ਬਾਦ
ਮੈਂ ਇੱਕ ਆਰਟੀਕਲ ਲਿਖਿਆ ਜਿਸ ਵਿਚ ਇਸ ਨੌਜਵਾਨ ਦੇ ਹੌਸਲੇ ਦੀ ਦਾਦ ਦਿੰਦਿਆਂ
ਕਿਹਾ ਕਿ ਸਾਨੂੰ ਅਜਿਹੇ ਹਿੰਮਤੀ ਮੁੰਡੇ ਤੋਂ ਜਿਉਣ ਦਾ ਹੱਕ ਖੋਹਣ ਦਾ ਕੋਈ
ਅਧਿਕਾਰ ਨਹੀਂ।
ਡੀ.ਟੀ.ਓ.
ਨੂੰ ਵਧਾਈ ਵੀ ਦਿੱਤੀ ਅਤੇ ਆਪਣੇ ਪੱਤਰਕਾਰ ਦੀ ਤਰਫੋਂ ਇਸ ਖਬਰ ਦੇ ਪ੍ਰਕਾਸ਼ਨ
ਲਈ ਸ਼ਰਮਸਾਰ ਹੁੰਦਿਆਂ ਲਿਖਿਆ ਕਿ ਉਹ ਲੋਕ ਚਾਹੁਣ ਤਾਂ ਮੈਨੂੰ ਮਾਫ਼ ਕਰ ਦੇਣ, ਪਰ ਇਹ ਲਾਈਸੈਂਸ ਉਸ ਨੌਜਵਾਨ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ।
ਵਾਹਵਾ ਸਾਲਾਂ ਬਾਦ ਕਿਸੇ ਫੰਕਸ਼ਨ
‘ਤੇ ਇਕ ਅਫਸਰ
ਮੇਰੇ ਕੋਲ ਆਇਆ ਤੇ ਬੋਲਿਆ, ‘ਤੁਸੀਂ ਤਾਂ ਮੈਨੂੰ
ਨਹੀਂ ਜਾਣਦੇ ਪਰ ਮੈਂ ਤੁਹਾਨੂੰ ਨਹੀਂ ਭੁੱਲਿਆ।
ਤੁਹਾਨੂੰ ਉਸ
ਬਗੈਰ ਬਾਹਵਾਂ ਵਾਲੇ ਮੁੰਡੇ ਦੇ ਲਾਈਸੈਂਸ ਵਾਲੀ ਖਬਰ ਦਾ ਚੇਤੈ?’
ਮੈਂ ਕਿਹਾ, ‘ਹਾਂ,
ਅਤੇ ਮੈਂ ਉਸ ਡੀ.ਟੀ.ਓ. ਤੋਂ ਲਿਖਤੀ ਮਾਫੀ ਵੀ ਮੰਗੀ ਸੀ।’
ਕਹਿੰਦਾ, ‘ਮੈਂ ਉਹੀ ਡੀ.ਟੀ.ਓ.
ਹਾਂ।’
...ਤੇ ਅਸੀਂ ਜੱਫੀ ਪਾ ਕੇ ਮਿਲੇ।
...ਅੱਜ ਵੀ
ਮੈਨੂੰ ਚੇਤੇ ਐ।...ਮਹਿਸੂਸ
ਹੋਇਆ,
ਕਿ ਕੀਤਾ ਗੁਨਾਹ ਮੰਨਕੇ ਮੈਂ ਸੁਰਖ਼ਰੂ ਹੋ ਗਿਆ।
•••
(3 ਨਵੰਬਰ 2007)
ਯੂਨੀਕੋਡ