ਕਵਿਤਾਵਾਂ

 

ਮੈਂ ਨ੍ਹੇਰੇ ਦੀ ਇਕ ਇਕਾਈ


-ਪ੍ਰੀਤਮ ਸਿੰਘ ਧੰਜਲ-

 

ਮੈਂ ਨ੍ਹੇਰੇ ਦੀ ਇਕ ਇਕਾਈ
ਪ੍ਰੀਤਮ ਸਿੰਘ ਧੰਜਲ

ਕਵਿਤਾ ਤੋਂ ਪਹਿਲਾਂ, ਕੁਝ ਸ਼ਬਦ।

ਵਿਸ਼ਾਲਤਾ:
• 186,000 ਮੀਲ ਪ੍ਰਤੀ ਸਕਿੰਟ ਦੀ ਚਾਲ 'ਤੇ, ਰੌਸ਼ਨੀ, ਸਾਢੇ ਨੌਂ ਟ੍ਰਿਲੀਅਨ ਕਿਲੋ ਮੀਟਰ ਤੋਂ ਵੱਧ ਦਾ ਪੰਧ, ਸਾਡੇ ਇਕ ਸਾਲ ਵਿਚ ਕਰਦੀ ਹੈ।
• ਸਾਡੇ ਲਈ ਏਨਾ ਸਫ਼ਰ ਤਹਿ ਕਰਨ ਲਈ ਜੋ ਸਮਾਂ ਲੱਗੇਗਾ, ਉਸ ਨੂੰ 'ਇਕ ਲਾਈਟ ਯੀਅਰ‘ ਕਹਿੰਦੇ ਹਨ।
• ਸਾਡੇ 'ਸੋਲਰ-ਸਿਸਟਮ‘ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਨੂੰ ਤਕਰੀਬਨ 25,000 ਤੋਂ 28,000 'ਲਾਈਟ ਯੀਅਰਜ਼‘ ਲੱਗਣਗੇ।
• ਸਾਡੀ 'ਗੇਲੈਕਸੀ‘ (ਕਹਿਕਸ਼ਾਂ) ਮਿਲਕੀ-ਵੇ ਵਰਗੀਆਂ 125 ਤੋਂ 500 ਬਿਲੀਅਨ ਹੋਰ ਗੇਲੈਕਸੀਜ਼ ਹਨ।
• ਏਨੇ ਵੱਡੇ ਆਕਾਰ ਵਿਚ ਕੁਝ ਕੁ ਸੌ ਸੂਰਜ ਇੰਜ ਹਨ, ਜਿਵੇਂ ਕਿਤੇ ਕਿਤੇ ਦੀਵਾ ਜਗਦਾ ਹੋਵੇ।ਬਹੁਤ ਸਾਰਾ ਪੁਲਾੜ ਖਾਲੀ ਤੇ ਨ੍ਹੇਰਾ ਹੈ।
• ਕਹਿਕਸ਼ਾਂ ਸਮੇਤ ਸੂਰਜ ਬਣਦੇ ਤੇ ਮਿਟਦੇ ਰਹਿੰਦੇ ਹਨ।
• ਸਾਡੇ ਆਪਣੇ ਸੂਰਜ ਦੀ ਉਮਰ ਵੀ 1.5 ਬਿਲੀਅਨ ਸਾਲ ਬਾਕੀ ਦੱਸੀ ਜਾਂਦੀ ਹੈ। ਉਸ ਤੋਂ ਬਾਅਦ ਇਹ ਸੂਰਜ ਨਹੀਂ ਰਹਿ ਜਾਵੇਗਾ।
• ਪੁਲਾੜ ਵਿਚ “ਬਲੈਕ-ਹੋਲ” ਨਾਮ ਦੀਆਂ ਥਾਂਵਾਂ ਹਨ, ਜਿਨ੍ਹਾਂ ਵਿਚ ਏਨੀ ਕਸ਼ਿਸ਼ ਹੈ ਕਿ ਸੂਰਜ ਤੋਂ ਵੀ ਵੱਡੇ ਆਕਾਰ ਦੇ ਸਿਤਾਰਿਆਂ ਨੂੰ ਹੜੱਪ ਕਰ ਜਾਂਦੀਆਂ ਹਨ। ਇਨ੍ਹਾਂ ਵਿਚ ਦੀ ਰੌਸ਼ਨੀ ਵੀ ਨਹੀਂ ਲੰਘ ਸਕਦੀ। ਇਨ੍ਹਾਂ ਵਿਚ ਖ਼ਬਤ ਹੋਈਆਂ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਗਈਆਂ ਹਨ।

ਕਿਹਾ ਜਾਂਦਾ ਹੈ ਕਿ
ਰੱਬ:
• ਇਕ ਹੈ।
• ਸੈਭੰ ਹੈ।
• ਸਰਬਵਿਆਪਕ ਹੈ।
• ਸੀ, ਰਿਹਾ ਹੈ, ਹੈ ਅਤੇ ਸਦਾ ਰਵ੍ਹੇਗਾ।
• ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ।
• ਸ੍ਰਿਸ਼ਟੀ ਨੂੰ ਆਸਰਾ ਦਿੰਦਾ ਹੈ।
• ਸਰਬਵਿਨਾਸ਼ਕ ਹੈ।
• ਨਾ ਜੰਮਦਾ ਤੇ ਨਾ ਮਰਦਾ ਹੈ।
• ਗਰਮੀ, ਸਰਦੀ, ਦੁੱਖ ਤੇ ਸੁਖ ਤੋਂ ਪ੍ਰਭਾਵਤ ਨਹੀਂ ਹੁੰਦਾ।
• ਨਿਰਭਓ ਹੈ।
• ਨਿਰਵੈਰ ਹੈ।
• ਰੌਸ਼ਨੀ (ਨੂਰ, ਚਾਨਣ) ਹੈ।

ਰਾਹਾਂ 'ਚ ਹਨੇਰਾ ਹੈ,
ਚਾਨਣ ਤੋਂ ਚਾਨਣ ਦਾ,
ਪੰਧ ਬੜਾ ਲੰਮੇਰਾ ਹੈ।
ਰੱਬ ਹੁਣ ਤਕ ਦਿਸ ਜਾਵੰਦਾ, ਜੇ ਉਹ ਹੁੰਦਾ ਨੂਰ,
'ਨ੍ਹੇਰਾ‘ ਨ੍ਹੇਰੇ ਨਾ ਦਿਸੇ, ਨਾ ਨੇੜੇ ਨਾ ਦੂਰ।
ਤੂੰ ਆਖੇਂ, “ਉਹ ਨੂਰ ਹੈ।”, ਮੈਂ ਆਖਾਂ, “ਉਹ ਨ੍ਹੇਰ।”
ਜੇ ਉਹ ਦੋਵੇਂ ਹੈ ਨਹੀਂ, ਤਾਂ ਉਹ ਰੱਬ ਨਹੀਂ ਫੇਰ।

****

ਕਵਿਤਾ
ਦੇਖ ਰਿਹਾ ਹਾਂ ਚਾਰ ਚੁਫ਼ੇਰਾ, ਨ੍ਹੇਰਾ ਨ੍ਹੇਰਾ ਨ੍ਹੇਰਾ ਨ੍ਹੇਰਾ।
ਕਿਸੇ ਕਿਸਮ ਦੀ ਚਮਕ ਨਾ ਕੋਈ, ਨ੍ਹੇਰੇ ਦੇ ਵਿਚ ਮੈਂ ਵੀ ਨ੍ਹੇਰਾ।
ਲੱਗ ਰਿਹਾ ਹੈ, ਕਿ ਇਹ ਨ੍ਹੇਰਾ, ਸਾਰੇ ਦਾ ਸਾਰਾ ਹੈ ਮੇਰਾ।
ਇਸ ਨ੍ਹੇਰੇ ਦਾ ਹਰ ਇਕ ਵਾਸੀ, ਮੇਰੇ ਵਾਂਗ, ਹੋਵੇਗਾ ਨ੍ਹੇਰਾ!!
ਚਾਨਣ ਜਨਮ ਮਰਨ ਦਾ ਚੱਕਰ, ਚਾਨਣ ਹਉਮੈ, ਚਾਨਣ ਪੀੜਾ।
ਸੂਰਜਾਂ ਦੇ ਹੁੰਦਿਆਂ ਹੋਇਆਂ, ਚਾਨਣ ਦਾ ਆਕਾਰ ਹੈ ਭੀੜਾ।
ਹਨੇਰੇ ਦੀ ਵਲਗਣ ਅੰਦਰ, ਜਿਹੜੀ ਥਾਂ ਵੀ ਚਾਨਣ ਰਹਿੰਦਾ,
ਆਪਣੀ ਖ਼ੁਦਗ਼ਰਜ਼ੀ ਦੀ ਖ਼ਾਤਿਰ, ਚਾਨਣ ਚਾਨਣ ਰਹਿੰਦਾ ਖਹਿੰਦਾ।
ਆਪਣੀ ਆਪਣੀ ਅਉਧ ਪੁਗਾ ਕੇ, ਜਿਹੜਾ ਚਾਨਣ ਮਰ ਮਿਟ ਜਾਂਦਾ,
ਬੇਬਸ ਤੇ ਲਾਚਾਰ ਆਖ਼ਰੀ ਉਹ ਹੈ ਏਸ ਜਗਹ 'ਤੇ ਆਂ‘ਦਾ।
ਨ੍ਹੇਰੇ ਦਾ ਗੁਣ ਇਹ ਕਿ ਇਸ ਨੂੰ, ਮਿਟ ਜਾਵਣ ਦਾ ਡਰ ਨਾ ਕੋਈ ।
ਪਰ ਚਾਨਣ ਹੋਵਣ ਦੀ ਵਜਹ, ਸੋਮੇ ਉੱਤੇ ਨਿਰਭਰ ਹੋਈ।
ਬੇਸ਼ੁਮਾਰ ਚਾਨਣ ਨੇ ਏਥੇ, ਪਰ ਨ੍ਹੇਰਾ ਹੈ ਇੱਕੋ ਨ੍ਹੇਰਾ।
ਟਟਹਿਣੇ ਤੋਂ ਸੂਰਜ ਤੀਕਰ, ਏਥੇ ਸਭ ਦਾ ਅੰਤ ਬਸੇਰਾ।
ਸੂਰਜ ਦੇ ਤਾਂ ਕਈ ਨੇ ਸਾਨੀ, ਪਰ ਨ੍ਹੇਰੇ ਦਾ ਹੈ ਨਹੀਂ ਕੋਈ।
ਹਰ ਚਾਨਣ ਦੀ ਹਸਤੀ ਪ੍ਰੀਤਮ! ਨ੍ਹੇਰਾ ਕਰਕੇ ਪੈਦਾ ਹੋਈ।
ਚਾਨਣ ਤੋਂ ਇਹ ਮਿਟ ਜਾਂਦਾ ਹੈ, ਇਹ ਵੀ ਇਕ ਭੁਲੇਖਾ ਹੁੰਦਾ।
ਜਦ ਚਾਨਣ ਚਾਨਣ ਨਹੀਂ ਰਹਿੰਦਾ, ਇਹ ਵੈਸੇ ਦਾ ਵੈਸਾ ਹੁੰਦਾ।
ਨ੍ਹੇਰੇ ਦਾ ਦਰਜਾ ਨਾ ਕੋਈ, ਇਹ ਹੈ ਇੱਕੋ ਕਿਸਮ ਦਾ ਨ੍ਹੇਰਾ।
ਨ੍ਹੇਰਾ ਕਿਸੇ ਨੂੰ ਚੁੱਭਦਾ ਨਹੀਂ ਹੈ, ਕਦੇ ਨਾ ਕਹਿੰਦਾ, 'ਤੇਰਾ ਮੇਰਾ‘।
ਇਹ ਬੁਢਾ ਨਹੀਂ, ਇਹ ਬਾਲਕ ਨਹੀਂ, ਇਸ ਦਾ ਮਾਤ ਪਿਤਾ ਨਹੀਂ ਕੋਈ,
ਇਹ ਅਪ੍ਰੰਪਰ ਚੱਲਦਾ ਆਇਆ, ਇਸ ਦਾ ਜਨਮ ਮਰਨ ਨਾ ਹੋਈ।
ਨਾ ਇਸ ਨੂੰ ਕੋਈ ਸਰਦੀ ਲੱਗਦੀ, ਨਾ ਹੀ ਇਸਨੂੰ ਗਰਮੀ ਪੋਹੇ।
ਨਾ ਇਸ ਨੂੰ ਦੁੱਖ ਕਿਸੇ ਚੀਜ਼ ਦਾ, ਨਾ ਇਸ ਨੂੰ ਕੋਈ ਜਮ ਜੋਹੇ।
 

ਸਰਬਸਧਾਰੀ (1), ਸਰਬਭੱਖੀ (2) ਵੀ, ਸਰਬਗਤ (3), ਸਰਬਗਿ (4) ਹੈ ਨ੍ਹੇਰਾ।
ਸਰਬਵਿਆਪਕ
(5), ਸਰਬਦਾ (6), ਸੂਖ਼ਮ, ਬੇਓੜਕ ਹੈ ਇਸ ਦਾ ਘੇਰਾ।
 

ਇਹ ਨ੍ਹੇਰਾ, ਕਾਲ਼ਖ ਨਹੀਂ ਹੈ, ਇਹ ਕੋਈ ਕਾਲ਼ਾ ਰੰਗ ਨਹੀਂ ਹੈ।
ਅੱਖਾਂ ਮੀਟ ਕੇ ਜੇ ਕੋਈ ਦੇਖੇ, ਤਾਂ ਇਹ ਕਿਸ ਦੇ ਸੰਗ ਨਹੀਂ ਹੈ!
ਏਸ ਦੀਆਂ 'ਗਲੀਆਂ‘ ਦੇ ਵਿਚ ਦੀ, ਕੋਈ ਰੌਸ਼ਨੀ ਲੰਘ ਨਹੀਂ ਸਕਦੀ।
ਕਹਿਕਸ਼ਾਵਾਂ ਦੀ ਬਸਤੀ ਵੀ, 'ਸਮਾਅ‘ ਜਾਣ ਤੋਂ ਬਚ ਨਹੀਂ ਸਕਦੀ।
ਨਾ ਧਰਤੀ ਆਕਾਸ਼ ਹੈ ਏਥੇ, ਨਾ ਏਥੇ ਕੋਈ ਦੂਜੀ ਕਾਇਆ।
ਏਸ ਆਜ਼ਾਦ-ਫ਼ਿਜ਼ਾ ਦੇ ਅੰਦਰ, ਨਾ ਹੀ ਨਰਕ ਸੁਰਗ ਦਾ ਸਾਇਆ।
'ਰੱਬ ਦੇ ਗੁਣ‘ ਲੱਭਦੇ ਲੱਭਦੇ ਨੇ, ਲਾਏ ਤ੍ਰੈਲੋਕੀ ਦੇ ਗੇੜੇ।
ਹੁਣ ਤਕ ਇਹ ਦੇਖਿਆ ਹੈ ਕਿ 'ਨ੍ਹੇਰੇ ਦੇ ਗੁਣ‘ ਸਭ ਤੋਂ ਨੇੜੇ।
ਮੈਂ ਕੀ ਲੈਣਾ ਚਮਕ ਦੇ ਕੋਲੋਂ! ਮੈਂ ਕੀ ਲੈਣਾ ਅੱਗ ਦੇ ਕੋਲੋਂ!!
ਮੈਂ ਨ੍ਹੇਰੇ ਵਿਚ ਲੀਨ ਹਾਂ ਪ੍ਰੀਤਮ! ਮੈਂ ਕੀ ਲੈਣਾ ਜੱਗ ਦੇ ਕੋਲੋਂ!
_______________________________
1. ਆਸਰਾ ਦੇਣ ਵਾਲਾ 2. ਖਾ ਜਾਣ ਵਾਲਾ 3. ਹਰ ਥਾਂ ਹੋਣ ਵਾਲਾ
4. ਸਭ ਕੁਝ ਜਾਨਣ ਵਾਲਾ 5. ਸਭ ਥਾਂ ਫੈਲਿਆ ਹੋਇਆ
6. ਸਰਬ ਕਾਲ ਵਿਚ ਹੋਣ ਵਾਲਾ

_______________________________
ਨ੍ਹੇਰਾ ਨ੍ਹੇਰਾ ਕਰ ਨਾ ਪ੍ਰੀਤਮ! ਨ੍ਹੇਰੇ ਦੇ ਵਿਚ ਕੀ ਹੈ?
ਨਾ ਕੋਈ ਆਸ-ਕਿਰਣ ਹੈ ਓਥੇ, ਨਾ ਕੋਈ ਜਿਉਂਦਾ ਜੀਅ ਹੈ।

ਜੋ ਪ੍ਰੀਤਮ ਦੀ ਸਮਝ 'ਚ ਆਵੇ, ਉਹ ਹੀ ਆਖ ਸੁਣਾਵੇ।
ਕੁੱਖ ਦੇ ਅੰਦਰ ਨ੍ਹੇਰਾ ਹੁੰਦਾ, ਜਿੱਥੋਂ ਜੀਵਨ ਆਵੇ।
_______________________________
ਕਰ ਮਹਾਰਤ ਨ੍ਹੇਰਿਆਂ ਵਿਚ ਰਹਿਣ ਦੀ,
ਸੂਰਜਾਂ ਦਾ ਕੀ ਪਤਾ! ਕਦ ਇਨ੍ਹਾਂ ਡੁੱਬ ਜਾਵਣਾ।
ਸੂਝ ਲਈ ਜਿਸ ਵਰਤਿਆ, ਪ੍ਰੀਤਮ! ਸਿਰਫ਼ ਦਿਮਾਗ਼,
ਨ੍ਹੇਰਾ ਢੂੰਢਣ ਤੁਰ ਪਿਆ, ਲੈ ਕੇ ਹੱਥ ਚਿਰਾਗ਼।
_______________________________
(10 ਮਈ 2007)

 

e-mail: Likhari


© likhari: Punjabi Likhari Forum-2001-2007