ਮੁੱਖਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਮੇਰੀ ਕੱਤਣੀ ਫਰਾਟੇ ਮਾਰੇ ਪੂਣੀਆਂ ਦੇ ਸੱਪ ਬਣ ਗਏ

-ਰੋਜ਼ੀ ਸਿੰਘ, ਫਤਿਹ ਗੜ੍ਹ ਚੂੜੀਆਂ,ਗੁਰਦਾਸਪੁਰ, ਪੰਜਾਬ-

ਚਰਖਾ ਮੇਰਾ ਰੌਣਾ ਧੋਣਾ ਮੁੰਨੇ ਮੇਰੇ ਭਾਈ
ਗੁੱਡੀਆਂ ਮੇਰੀਆਂ ਸਕੀਆਂ ਭੈਣਾ
ਤੇ ਮਾਹਲ ਮੇਰੀ ਭਰਜਾਈ

ਰਿਸਤਿਆਂ ਦੀ ਇਸ ਮਿਠਾਸ ਦੀ ਤਰਾਂ ਕਿਸੇ ਵੇਲੇ ਚਰਖਾ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾ ਅੰਗ ਸੀਪੰਜਾਬੀ ਸਾਹਿਤ ਵਿਚ ਚਰਖੇ ਨਾਲ ਸੰਬੰਧਤ ਕਈ ਵੰਨਗੀਆ ਮਿਲਦੀਆ ਹਨਪੰਜਾਬੀ ਦੇ ਸੂਫੀ ਕਵੀ ਬਾਬਾ ਬੁੱਲ੍ਹੇ ਸ਼ਾਹ ਨੇ ਵੀ ਆਪਣੀਆ ਰਚਨਾਵਾ ਵਿੱਚ ਚਰਖੇ ਦਾ ਵਰਣਨ ਕੀਤਾ ਹੈ:-

            ਘੁੰਮ ਚਰਖੜਿਆ ਸੋਹਣਿਆ ਵੇ,
         ਤੇਰੀ ਕੱਤਣ ਵਾਲੀ ਜੀਵੇ

            ਚਰਖਾ ਜਿਥੇ ਆਰਥਿਕ ਪੱਖ ਤੋਂ ਸਾਡੇ ਸਮਾਜ ਨਾਲ ਜੁੜਿਆ ਹੋਇਆ ਸੀ, ਉੱਥੇ ਇਹ ਸੱਭਿਆਚਾਰਕ ਅਤੇ ਮਾਨਸਿਕ ਪੱਖ ਤਂੋ ਵੀ ਕਿਸੇ ਵੇਲੇ ਇਨਸਾਨ ਦੇ ਅੰਗ-ਸੰਗ ਸੀ ਆਰਥਿਕ ਪੱਖ ਤੋਂ ਇਸ ਦੀ ਮਹਾਨਤਾ ਇਸ ਕਰਕੇ ਸੀ ਕਿ ਪਹਿਲੇ ਜ਼ਮਾਨੇ ਵਿਚ ਜਿਆਦਾ ਪੈਸੇ ਨਾ ਹੋਣ ਕਰਕੇ ਘਰ ਦੀ ਕਪਾਹ ਦਾ ਸੂਤ ਕੱਤ ਤੇ ਤੀਵੀਆ ਆਪਣੇ ਪਰਵਾਰ ਦੀ ਤਨ ਢੱਕਣ ਦੀ ਜ਼ਰੂਰਤ ਪੂਰੀ ਕਰਦੀਆ ਸਨ ਮਹਾਤਮਾਂ  ਗਾਂਧੀ ਨੇ ਵੀ ਚਰਖੇ ਨਾਲ ਕੱਤੇ ਸੂਤ ਦਾ ਲਿਬਾਸ ਦੇਸ਼ ਵਾਸੀਆ ਨੂੰ ਪਾਉਣ ਦੀ ਪ੍ਰੇਰਨਾ ਦਿੱਤੀ ਸੀ, ਤਾਂ ਕਿ ਸਾਡੇ ਦੇਸ਼ ਦਾ ਪੈਸਾ ਬਦੇਸ਼ਾਂ ਵਿਚ ਨਾ ਜਾ ਸਕੇ

           ਚਰਖਾ ਲੱਕੜ ਦਾ ਬਣਿਆ ਹੁੰਦਾ ਹੈ, ਜਿਸ ਦੇ ਇਕ ਪਾਸੇ ਇਕ ਪਹੀਆ ਲੱਗਾ ਹੁੰਦਾ ਹੈ ਜਿਸ ਨੂੰ ਦੋ ਲੱਕੜ ਦੇ ਮੁੰਨਿਆਂ ਵਿੱਚ ਫਿੱਟ ਕੀਤਾ ਹੁੰਦਾ ਹੈ ਤੇ ਦੂਜੇ ਪਾਸੇ ਲੱਕੜ ਦੀਆਂ ਗੋਲ -ਗੋਲ ਤਿੰਨ ਗੁਡੀਆਂ ਲੱਗੀਆਂ ਹੁੰਦੀਆਂ ਹਨ, ਜਿਨ੍ਹਾ ਵਿਚ ਇੱਕ ਲੋਹੇ ਦਾ ਤੱਕਲਾ ਫਿਟ ਹੁੰਦਾ ਹੈ ਤੱਕਲੇ ਨੂੰ ਚਮੜੇ ਜਾਂ ਪੱਤਲ ਨਾਲ ਫਿੱਟ ਕੀਤਾ ਹੁੰਦਾ ਹੈ ਤੱਕਲੇ ਨੂੰ ਘੁਮਾਉਣ ਵਾਸਤੇ ਚੱਕਰ ਨੂੰ ਇੱਕ ਕਿਸਮ ਦੇ ਹੈਡਲ ਨਾਲ ਗੇੜਿਆ ਜਾਦਾ ਹੈਪਹੀਏ ਤੇ ਚੜ੍ਹੀ ਸੂਤ ਦੀ ਮਾਹਲ ਤੱਕਲੇ ਨੂੰ ਬੜੀ ਤੇਜੀ ਨਾਲ ਘੁਮਾਉਦੀ ਹੈ, ਜਿਸ ਨਾਲ ਰੂੰ ਦੀ ਬਣੀ ਪੂਣੀ ਵਿਚੋਂ ਸੂਤਰ ਤੰਦ ਬਣ ਕੇ ਤੱਕਲੇ ਨਾਲ ਲਪੇਟਿਆ ਜਾਦਾ ਹੈ ਅਤੇ ਛੱਲੀਆਂ  ਦਾ ਰੂਪ ਧਾਰ ਲੈਦਾ ਹੈਚਰਖੇ ਨਾਲ ਕੱਤੇ ਸੂਤ ਦੀਆ ਦਰੀਆ, ਖੇਸ, ਚਾਦਰਾ ਅਤੇ ਹੋਰ ਕਈ ਕੱਪੜੇ ਘਰ ਚ ਹੀ ਖੱਡੀ ਤੇ ਬਣਾਏ ਜਾਦੇ ਸਨ

            ਚਰਖੇ ਦਾ ਜਿਕਰ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਹੀ ਜਿਆਦਾ ਹੈਕਿਸੇ ਘਰ ਦੇ ਖੁੱਲੇ ਵਿਹੜੇ ਵਿੱਚ ਨਿੰਮ ਜਾਂ ਤੂਤ ਦੀ ਛਾਂਵੇ ਚਰਖਾ ਕੱਤਦੀਆ ਮੁਟਿਆਰਾਂ ਨੂੰ ਕੋਈ ਬਾਂਕਾ ਗੱਭਰੂ ਵਾਰ ਵਾਰ ਦੇਖਣ ਲਈ, ਜਦ ਗਲੀ ਵਿੱਚ ਗੇੜੇ ਮਾਰਦਾ ਹੈ ਤਾਂ ਕੋਈ ਅੱਲ੍ਹੜ ਮੁਟਿਆਰ ਉਸ ਨੂੰ ਘੂਰਦੀ ਕਹਿੰਦੀ ਹੈ :-

            ਟੁੱਟ ਪੈਣੇ ਦਾ ਪੰਦਰ੍ਹਵਾਂ ਗੇੜਾ,
          ਪੂਣੀਆ ਮੈ ਦੋ ਕੱਤੀਆ

ਆਪਣੀ ਕੱਤਣੀ ਦੀ ਸਿਫਤ ਕਰਦੀ ਇੱਕ ਹੋਰ ਮਾਣਮੱਤੀ ਮੁਟਿਆਰ ਆਖਦੀ ਹੈ :-

            ਮੇਰੀ ਕੱਤਣੀ ਨਸੀਬਾਂ ਵਾਲੀ,
         ਭਰੀ ਰਹਿੰਦੀ ਲੱਡੂਆ ਦੀ

            ਤ੍ਰਿਞਣਾਂ ਵਿਚ ਰੰਗਲੇ ਚਰਖੇ ਕੱਤਦੀਆ ਕੁੜੀਆ ਦੇ ਚਰਖਿਆ ਦੀ ਇਕਸਾਰ ਸੁਰ ਵਿੱਚ ਗੂੰਜਦੀ ਘੂਕਰ ਜੋਗੀਆ ਨੂੰ ਆਪਣਾ ਜੋਗ ਤਿਆਗ ਕੇ ਪਹਾੜਾਂ ਤੋ ਉੱਤਰ ਆਉਣ ਲਈ ਮਜਬੂਰ ਕਰ ਦਿੰਦੀ :-

            ਜੋਗੀ ਉੱਤਰ ਪਹਾੜੋਂ ਆਇਆ,
          ਚਰਖੇ ਦੀ ਘੂਕ ਸੁਣ ਕੇ

            ਪੂਰਨਮਾਸੀ ਦੀ ਚਾਨਣ ਮੱਤੀ ਟਿਕੀ ਰਾਤ ਵਿਚ ਜੁੜੇ ਤ੍ਰਿਞਣ ਵਿਚ ਚਰਖਿਆ ਦਾ ਨਜਾਰਾ ਕੁਝ ਹੋਰ ਹੀ ਹੁੰਦਾਕਿਸੇ ਦਾ ਚਰਖਾ ਰੰਗਲਾ, ਕਿਸੇ ਦਾ ਸ਼ੀਸ਼ਿਆ ਜੜਿਆ ਤੇ ਕਿਸੇ ਦਾ ਮੇਖਾਂ ਲੱਗਾ, ਚਰਖਾ ਚੰਨ ਦੀ ਮਦਮਸਤ ਲੋਅ ਵਿਚ ਚਮਕਾਰੇ ਮਾਰਦਾ ਹੈ ਤੇ ਉਨ੍ਹਾਂ ਸ਼ੀਸ਼ਿਆ ਦੀ ਲਿਸ਼ਕੋਰ, ਜਦ ਕਿਸੇ ਮੁਟਿਆਰ ਦੇ ਮੁੱਖ ਤੇ ਪੈਦੀ ਹੈ ਤਾਂ ਉਹ ਇੱਕਦਮ ਆਖ ਉੱਠਦੀ :-

            ਬਾਬਲ ਮੇਰੇ ਚਰਖਾ ਦਿੱਤਾ,
          ਵਿਚ ਲਵਾਈਆ ਮੇਖਾਂ
,
          ਮਾਂ ਰਾਣੀ ਮੈਨੂੰ ਯਾਦ ਆਵੇ
,
          ਜਦ ਚਰਖੇ ਵੱਲ ਵੇਖਾਂ

            ਜਿਨ੍ਹਾਂ ਮੁਟਿਆਰਾਂ ਦੇ ਮਾਹੀ ਪ੍ਰਦੇਸ ਜਾਂ ਦੂਰ ਕਿਧਰੇ ਰੋਜੀ-ਰੋਟੀ ਲਈ ਗਏ ਹੁੰਦੇ ਹਨ, ਉਹ ਆਪਣੇ ਦਿਲ ਦੀ ਹੂਕ ਚਰਖੇ ਨੂੰ ਪ੍ਰਤੀਕ ਬਣਾ ਕੇ ਬਿਆਨ ਕਰਦੀਆ ਹਨ :-

            ਸੁਣ ਚਰਖੇ ਦੀ ਮਿੱਠੀ-ਮਿੱਠੀ ਘੂਕ,
          ਮਾਹੀਆ ਮੈਨੂੰ ਯਾਦ ਆਂਵਦਾ

ਇਕ ਮੁਟਿਆਰ ਏਨੀ ਗੁਆਚ ਜਾਂਦੀ ਹੈ ਕਿ ਉਸ ਨੂੰ ਪਤਾ ਹੀ ਨਹੀ ਰਹਿੰਦਾ ਕਿ ਉਸ ਦੇ ਚਰਖੇ ਦੀ ਮਾਹਲ ਠੀਕ ਵੀ ਹੈ ਜਾ ਨਹੀ, ਫਿਰ ਕੋਈ ਦੂਜੀ ਕੁੜੀ ਉਸ ਨੂੰ ਛੇੜਨ ਦੇ ਮਨਸ਼ੇ ਨਾਂਲ ਆਖਦੀ ਹੈ :-

            ਮੇਰੇ ਚਰਖੇ ਦੀ ਟੁੱਟ ਗਈ ਮਾਹਲ,
          ਵੇ ਚੰਨ ਕੱਤਾਂ ਕਿ ਨਾਂ

ਚਰਖਾ ਕੱਤਦੀਆ ਤੀਵੀਆ ਵਿਚ ਕਈ ਵਾਰ ਨੂੰਹ-ਸੱਸ ਦਾ ਤਕਰਾਰ ਵੀ ਗੀਤਾ ਵਿਚ ਝਲਕ ਪੈਦਾ ਹੈ ਕਈ ਵਾਰ ਆਪਣੀ ਨੂੰਹ ਨੂੰ ਤਾਹਨਾ ਮਾਰਦੀ ਹੋਈ ਗਲੋਟੇ ਅਟੇਰਦੀ ਬੁੜ੍ਹੀ ਇਹ ਟੱਪਾ ਉਚਾਰਦੀ ਹੈ

            ਧੀਏ ਚੱਜ ਨਾ ਵੱਸਣ ਦੇ ਤੇਰੇ
          ਕੱਤਣੀ
'ਚ ਪਾਈਆ ਰਿਉੜੀਆਂ

ਅੱਗੋ ਨੂੰਹ ਵੀ ਕਿਹੜਾ ਕਿਸੇ ਤੋ ਘੱਟ ਹੈ, ਉਹ ਉਸ ਦਾ ਜਵਾਬ ਝੱਟ ਦਿੰਦੀ ਹੈ :-

            ਸੱਸੇ ਮੇਰੀਏ ਕਰੇ ਤਕੜੀਆ
          ਆਪਣੇ ਤੂੰ ਦਿਨ ਭੁੱਲ ਗਈ

ਕੱਤਣੀ ਦੀ ਗੱਲ ਅੱਗੇ ਤੋਰਦਿਆ ਕੋਈ ਵਿਯੋਗਣ ਆਪਣੇ ਮਾਹੀ ਦੇ ਵਿਯੋਗ ਵਿਚ ਆਖਦੀ ਹੈ :-

            ਚਰਖਾ ਮੈ ਕੱਤਦੀ,
          ਤੰਦ ਤੇਰਿਆ ਦੁੱਖਾ ਦੇ ਪਾਵਾਂ

ਤੇ ਫੇਰ ਦੇਖਦਿਆ-ਦੇਖਦਿਆਂ ਗੀਤਾਂ ਦੀ ਝੜੀ ਲੱਗ ਜਾਂਦੀ ਹੈ :-

            ਕੱਤਣੀ ਦੀ ਤੀਲ੍ਹ ਟੁੱਟ ਗਈ,
          ਖੰਭ ਸੁੱਟ ਜਾ ਕਲੈਹਰੀਆ ਮੋਰਾ

         
ਜਿਊਦੇ ਮੋਰ ਦਾ ਪਾਪ ਨਾ ਲੈਣਾ
          ਅੱਗ ਲੱਗੇ ਕੱਤਣੀ ਨੂੰ।

            ਪਹਿਲਾ ਜਦੋ ਵੀ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਨੂੰ ਦਾਜ ਵਿੱਚ ਵਿਸ਼ੇਸ਼ ਤੌਰ ਤੇ ਚਰਖਾ ਦਿੱਤਾ ਜਾਂਦਾ ਸੀ, ਪਰ ਹੁਣ ਸਮਾਂ ਕੁਝ ਹੋਰ ਆ ਗਿਆ ਹੈਹੁਣ ਚਰਖਾ ਕਿਸੇ ਘਰ ਦੀ ਛੱਤ ਤੇ ਬਣੀ ਫਾਲਤੂ ਚੀਜ਼ਾਂ ਰੱਖਣ ਵਾਲੀ ਸਬਾਤ ਜਾਂ ਕੋਠੜੀ ਵਿੱਚ ਪਿਆ ਆਪਣੀ ਵਿਰਾਸਤ ਦੇ ਆਖਰੀ ਦਿਨ ਪੂਰੇ ਕਰ ਰਿਹਾ ਹੈ ਤੇ ਜਾਂ ਫਿਰ ਇਸ ਨੂੰ ਮਿਊਜ਼ੀਅਮ ਵਿੱਚ ਦਿਖਾਵੇ ਦੇ ਤੋਰ ਤੇ ਸਾਂਭ ਲਿਆ ਗਿਆ ਹੈਉਝ ਕਦੇ-ਕਦੇ ਕਿਸੇ ਪਿੰਡ ਵਿਚ ਪਸ਼ੂਆ ਵਾਲੇ ਢਾਰੇ ਜਾਂ ਪੜਛੱਤੀ ਤੇ ਚਰਖੇ ਦੇ ਕੁਝ ਟੁੱਟੇ-ਭੱਜੇ ਅੰਗ ਨਜਰੀ ਆ ਜਾਦੇ ਹਨ

            ਹੁਣ ਕਦੇ-ਕਦੇ ਟੀ ਵੀ ਚੈਨਲਾਂ ਤੇ ਜਾਂ ਸੱਭਿਆਚਾਰਕ ਪ੍ਰੋਗਰਾਮ ਵਿਚ ਕੁੜੀਆ ਚਰਖਾ ਕੱਤਣ ਦੀ ਐਕਟਿੰਗ ਕਰਦੀਆ ਜਰੂਰ ਵੇਖੀਆ ਜਾ ਸਕਦੀਆ ਹਨ ਪਿੰਡਾ ਵਿਚੋ ਤ੍ਰਿੰਞਣ ਤਾਂ ਰੂੰ ਦੇ ਫੰਬਿਆ ਵਾਂਗ ਪਤਾ ਨਹੀ ਕਿੱਧਰ ਉੱਡ ਗਏਕਪਾਹ, ਪੂਣੀਆ, ਗਲੋਟੇ ਤੇ ਅੱਟੀਆ ਹੁਣ ਅਲੋਪ ਹੀ ਹੋ ਗਈਆ ਹਨ

            ਇਸ ਸਭ ਕੁੱਝ ਦੇ ਬਾਵਜੂਦ ਚਰਖਾ ਸਾਡੇ ਸੱਭਿਆਾਰ ਤੇ ਅਤੀਤ ਦਾ ਬਿੰਬ ਬਣਿਆ ਹੋਇਆ ਹੈ ਤੇ ਰੰਗਲੇ ਚਰਖੇ ਤੇ ਪ੍ਰਤੀਮ ਦੇ ਹਾਣ ਦੀਆ ਪੂਣੀਆ ਕੱਤਦੀ ਹੋਈ ਮਾਣਮੱਤੀ ਰਕਾਨ ਦੇ ਮੂੰਹੋ ਆਪੇ ਹੀ ਇਹ ਬੋਲ ਕਿਰ ਜਾਦੇ ਹਨ :-

           ਮੇਰੀ ਕੱਤਣੀ ਫਰਾਟੇ ਮਾਰੇ,
         ਪੂਣੀਆ ਦੇ ਸੱਪ ਬਣ ਗਏ

****

ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇਸਟੀਚਿਊਟ
ਫਤਿਹਗੜ ਚੂੜੀਆਂ
ਗੁਰਦਾਸਪੁਰ
98157-55184

****

(20 ਮਈ 2007) ਯੂਨੀਕੋਡ

 

 

ਲਿਖਾਰੀ
Likhari


© likhari: Punjabi Likhari Forum-2001-2007