ਇਸ਼ਕ, ਜਿਸਨੂੰ ਪਿਆਰ, ਮੁਹੱਬਤ, ਮੋਹ, ਪ੍ਰੇਮ, ਅਨੁਰਾਗ ਅਦਿ ਨਾਵਾਂ ਨਾਲ ਵੀ
ਸੱਦਿਆ ਜਾਂਦਾ ਏ। ਇਹ ਤਿੰਨਾਂ ਅੱਖਰਾਂ ਦਾ ਸ਼ਬਦ ਆਪਣੇ ਅੰਦਰ ਅਤਿਅੰਤ ਵਿਸਾਲ ਤੇ
ਪੀਢੇ ਰਹੱਸ ਸਮੋਈ ਬੈਠਾ ਏ। ਇਸ਼ਕ ਇੱਕ ਲਗਨ ਏ ਜਿਹੜੀ ਧੁਰ ਦਰਗਾਹੋਂ ਵੱਜਦੇ
ਅਨੰਤ ਦੀ ਧੁਨੀ ਹੈ । ਮੁਹੱਬਤ ਦਿੱਲ ਦੀਆਂ ਸੁਲਗਦੀਆਂ ਭਾਵਨਾਵਾਂ, ਮਚਲਦੇ
ਖਿਆਲਾਂ ਅਤੇ ਮੂੰਹਜੋਰ ਖਾਹਿਸ਼ਾਂ ਨੂੰ ਕਿਸੇ ਮਹਿਫੂਜ਼ ਜਗ੍ਹਾ ‘ਤੇ ਪਨਾਹ ਦੇਣ ਦਾ
ਨਾਂ ਏ। ਪਿਆਰ ਬਿਨਾਂ ਮਨੁੱਖ ਦੀ ਜਿੰਦਗੀ ਸਿਵਿਆਂ ਦੇ ਨਿਆਈਂ ਹੈ । ਪਿਆਰ/ਇਸ਼ਕ
ਜਿੰਦਗੀ ਦਾ ਧੁਰਾ ਹੈ ਜਿਸ ਦੁਆਲੇ ਕਈ ਸੰਸਾਰਕ ਬੰਧਨ ਤੇ ਰਿਸ਼ਤੇ ਬੱਝੇ ਪਏ ਨੇ।
ਪਿਆਰ, ਇਸ਼ਕ ਮੁਹੱਬਤ ਇੱਕ ਰਸ ਹੈ ਜਿਸ ਤੋਂ ਵੱਧ ਰਸਭਿਨਾਂ ਕੋਈ ਹੋਰ ਦੁਨਿਆਵੀ
ਰਸ ਨਹੀਂ ਹੈ ।
ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿਥੇ ਦਸ਼ਾਂ ਗੁਰੂਆਂ ਨੇ ਅਵਤਾਰ ਧਾਰਿਆ, ਉਥੇ
ਅਜਿਹੇ ਪੀਰ ਪੈਗੰਬਰ ਵੀ ਹੋਏ ਜਿਨਾਂ ਰੱਬ ਨਾਲ ਸੱਚੇ ਇਸ਼ਕ ਦੀਆਂ ਗੰਢਾਂ ਨੂੰ
ਪੀਡਿਆਂ ਕਰਕੇ ਇਸ਼ਕ ਦੀ ਪਵਿਤਰਤਾ ਨੂੰ ਏਨਾ ਪਕੇਰਾ ਕਰ ਦਿੱਤਾ ਕਿ ਰਹਿੰਦੀ
ਦੁਨੀਆਂ ਤੱਕ ਉਹਨਾਂ ਦਾ ਨਾਮ ਚੇਤਿਆਂ ਵਿੱਚ ਰੁਮਕਦਾ ਰਹੇਗਾ। ਇਸ ਤੋਂ ਇਲਾਵਾ
ਸੂਫੀ ਕਵੀਆਂ ਨੇ ਇਸ਼ਕ ਵਿੱਚ ਰੰਗੀਆਂ ਲਿਖਤਾਂ ਲਿਖ ਕੇ ਇਸ਼ਕ ਦੇ ਇਤਿਹਾਸ ਨੂੰ ਇਕ
ਨਵਾਂ ਮੋੜ ਦਿੱਤਾ। ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਸ਼ਾਹ ਹੁਸੈਨ, ਵਾਰਿਸ਼
ਸਾਹ ਅਦਿ ਦੀਆਂ ਕਾਫੀਆਂ ਅਤੇ ਸ਼ਲੋਕ ਅਦਿ ਸੁਨਣ ਤੇ ਇੰਝ ਲਗਦਾ ਹੈ ਜਿਵੇਂ ਕੋਈ
ਦਰਗਾਹ ਤੋਂ ਆਇਆ ਪ੍ਰੇਮ ਦੂਤ ਇਸ਼ਕ ਦਾ ਮੰਤਰ ਪੜਾ ਰਿਹਾ ਹੋਵੇ ।
ਇਹਨਾਂ ਮਹਾਨ ਸੂਫੀਆਂ ਨੇ ਇਸ਼ਕ ਨੂੰ ਖੁਦਾ ਤੱਕ ਪਹੁੰਚਣ ਦਾ ਅਸਲ ਮਾਰਗ ਦੱਸਦਿਆਂ
ਇਸ਼ਕ ਨੂੰ ਦੋ ਭਾਗਾਂ ਵਿੱਚ ਵੰਡਿਆ ।
ਇਕ ਇਸ਼ਕ ਹਕੀਕੀ ਅਤੇ ਦੂਜਾ ਇਸ਼ਕ ਮਜਾਜੀ ।
ਖੁਦਾ ਨਾਲ ਕੀਤੇ ਇਸ਼ਕ ਨੂੰ ਇਸ਼ਕ ਹਕੀਕੀ ਅਤੇ ਦੁਨਿਆਵੀ ਇਸ਼ਕ ਨੂੰ ਇਸ਼ਕ ਮਜਾਜੀ ਦਾ
ਦਰਜਾ ਦਿੱਤਾ ਗਿਆ । ਪੰਜਾਬ ਦੀ ਧਰਤੀ ਨੂੰ ਜਿਥੇ ਉਕਤ ਗੁਰੂਆਂ ਪੀਰਾਂ ਅਤੇ
ਸੂਫੀਆਂ ਦੀ ਚਰਨ ਛੋਹ ਪ੍ਰਾਪਤ ਹੈ ਉਥੇ ਇਸ ਧਰਤੀ ‘ਤੇ ਅਜਿਹੇ ਆਸ਼ਕ ਵੀ ਹੋਏ ਨੇ
ਜਿਨ੍ਹਾਂ ਆਪਣੀ ਹਸਤੀ ਨੂੰ ਮਿਟਾ ਕੇ ਇਸ਼ਕ ਦੀ ਮੰਜਿਲ ਨੂੰ ਪਾਇਆ ਅਤੇ ਇਸ਼ਕ ਦੀ
ਰਵਾਇਤ ਤੇ ਸਚਾਈ ਨੂੰ ਕਾਇਮ ਰੱਖਿਆ ।
ਇਸ਼ਕ ਉਹ ਸੀ ਜਿਹੜਾ ਰਾਂਝੇ ਨੇ ਹੀਰ ਨਾਲ, ਲੈਲਾਂ ਨੇ ਮਜਨੂੰ ਨਾਲ, ਪੂੰਨੂੰ ਨੇ
ਸੱਸੀ ਨਾਲ, ਸ਼ੀਰੀਂ ਨੇ ਫਰਹਾਦ ਨਾਲ, ਸਹਿਤੀ ਨੇ ਮੁਰਾਦ ਨਾਲ, ਮਿਰਜੇ ਨੇ
ਸਹਿਬਾਂ ਨਾਲ ਅਤੇ ਰੋਮੀਓ ਨੇ ਜੂਲੀਅਟ ਨਾਲ ਕੀਤਾ। ਇਸ਼ਕ ਵਿੱਚ ਬੱਝਾ ਆਦਮੀ ਆਪਣੇ
ਆਪ ਨੂੰ ਭੁੱਲ ਕੇ ਦੂਜੇ ਦੇ ਅਰਪਨ ਹੋ ਜਾਂਦਾ ਹੈ ਜਿਵੇ ਕੇ :
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਇਸ਼ਕ ਨਚਾਉਂਦਾ ਹੈ ਅਜਿਹਾ ਨਾਚ ਜੋ ਮਸਤ ਹੈ, ਅਨੰਦਤ ਹੈ ਤੇ ਇਸਕ ਨਾਚ ਵਿੱਚ
ਨੱਚਦਾ ਆਸ਼ਕ ਬਾਬਾ ਬੁੱਲੇ ਸ਼ਾਹ ਵਾਂਗ ਆਪਣੇ ਤਵੀਬ ਨੂੰ ਪੁਕਾਰਦਾ ਹੈ :
ਤੇਰੇ ਇਸ਼ਕ ਨਚਾਇਆ, ਕਰਕੇ ਥਈਆ ਥਈਆ
ਝਪਦੇ ਬੋਹੜੀ ਵੇ ਤਵੀਬਾ ਨਹੀਂ ਤੇ ਮੈਂ ਮਰ ਗਈਆ।
ਇਸ਼ਕ ਵਿੱਚ ਆਸ਼ਕ ਦੀ ਦਸ਼ਾ ਰੇਗਸਤਾਨ ਵਿੱਚ ਪਾਣੀ ਲਈ ਭਟਕਦੇ ਉਸ ਪਰਿੰਦੇ ਜਹੀ ਹੋ
ਜਾਂਦੀ ਏ ਜਿਹੜਾ ਪਾਣੀ ਦੀ ਇਕ ਬੂੰਦ ਲਈ ਕੁਰਲਾ ਰਿਹਾ ਹੁੰਦਾ ਏ ।
ਇਸ਼ਕ ਜਿੰਨਾ ਨੂੰ ਲੱਗ ਜਾਂਦੇ, ਸੁੱਕ ਜਾਂਦੇ ਨੇ ਵਾਂਗ ਉਹ ਕਾਨਿਆਂ ਦੇ
ਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ ਰਹਿੰਦੇ ਮਾਰ ਲੈਂਦੇ ਲੋਕ ਤਾਨਿਆਂ ਦੇ ।
ਇਸ਼ਕ ਦੇ ਰਹੱਸ ਨੂੰ ਲੱਭ ਸਕਣਾ ਹਰ ਇਕ ਦੇ ਵੱਸ ਨਹੀਂ ਏ। ਇਹ ਇਕ ਅਜਿਹਾ ਅਹਿਸਾਸ
ਏ ਜੋ ਇਨਸਾਨ ਵਿੱਚ 'ਮੈਂ 'ਨੂੰ ਖਤਮ ਕਰ ਦਿੰਦਾ ਏ ।
ਕਹਿੰਦੇ ਨੇ ਇਸ਼ਕ, ਮੁਸ਼ਕ ਤੇ ਖੁਰਕ ਕਦੇ ਛੁਪਾਇਆਂ ਨਹੀਂ ਛੁਪਦੇ, ਤੇ ਸੱਚੇ
ਪ੍ਰੇਮੀ ਆਪਣੇ ਇਸ਼ਕ ਨੂੰ ਧਰਮ ਵਾਂਗ ਪਾਲਦੇ ਤੇ ਫਰਜ਼ ਵਾਂਗ ਨਿਭਾਂਉਦੇ ਨੇ ।
ਭਾਵੇਂ ਉਹ ਇਸ਼ਕ ਹਕੀਕੀ ਹੋਵੇ ਜਾਂ ਮਜਾਜੀ। ਇਸ਼ਕ ਧਰਮ ਦੇ ਕਰਮ ਕਾਂਡਾਂ, ਸਮੇ
ਸਥਾਨ ਦੀ ਸੀਮਾਂ, ਉਮਰ, ਜਾਤ-ਪਾਤ ਦੇ ਅਨੁਪਾਤਾਂ ਤੋਂ ਕਿਤੇ ਉਪਰ ਦੀ ਗੱਲ ਏ ।
ਇਸ਼ਕ ਵਿੱਚ ਘਰ ਫੂਕ ਤਮਾਸ਼ਾ ਦੇਖਣਾ ਪੈਂਦਾ ਏ । ਸੱਚੇ ਇਸ਼ਕ ਵਿੱਚ ਰੰਗੇ ਪ੍ਰੇਮੀ
ਹਰ ਵਕਤ ਮਿਲਾਪ ਦਾ ਰਾਗ ਅਲਾਪਦੇ ਨੇ ਉਹਨਾਂ ਲਈ ਪੂਰੀ ਦੁਨੀਆਂ ਦੇ ਮਨੁੱਖ ਅਤੇ
ਜੀਵ ਅੰਨ੍ਹੇ ਹੁੰਦੇ ਨੇ।
ਲੱਭਦੇ ਬਹਾਨਾ ਕੋਈ ਵੰਨ ਤੇ ਸੁਵੰਨਾ ਏ
ਆਸ਼ਕਾਂ ਦੇ ਭਾਣੇ ਹੁੰਦਾ ਸਾਰਾ ਜੱਗ ਅੰਨਾ ਏ
ਪਿਆਰ, ਇਸ਼ਕ ਮੁਹੱਬਤ ਇਕ ਅਜਿਹਾ ਜਜਬਾ ਏ ਜੋ ਵਿਸ਼ਵਾਸ਼ ਦੀਆਂ ਨੀਹਾਂ ‘ਤੇ ਟਿਕੀਆਂ
ਰੇਤ ਦੀਆਂ ਦੀਵਾਰਾਂ ਵਾਂਗ ਹੈ। ਜਿਸ ਨੂੰ ਭੋਰਾ ਕੁ ਵੀ ਠੋਕਰ ਲੱਗੀ ਨਹੀਂ ਕੇ
ਸਭ ਕੁਝ ਚਕਨਾਚੂਰ ਹੋ ਜਾਂਦਾ ਏ । ਇਸ਼ਕ ਵਿੱਚ ਜਿਥੇ ਮਿਲਾਪ ਦਾ ਅਨੰਦ ਹੈ ਉਥੇ
ਵਿਛੋੜਿਆਂ ਦੀ ਅੱਗ ਵਿੱਚ ਵੀ ਸੜਨਾ ਪੈਂਦਾ ਏ। ਇਸ਼ਕ ਦੀ ਕਸਕ ਨੂੰ ਉਹ ਹੀ ਸਮਝ
ਸਕਦੇ ਨੇ ਜੋ ਖੁਦ ਇਸ ਤੜਪ ਨੂੰ ਹੰਢ ਚੁੱਕੇ ਹੋਣ ਜਾਂ ਹੰਢਾ ਰਹੇ ਹੋਣ । ਇਸ਼ਕ
ਚਾਹੇ ਹਕੀਕੀ ਹੋਵੇ ਜਾਂ ਮਜਾਜੀ ਇਸ ਨੂੰ ਕੰਡਿਆਂ ਦੀ ਸੇਜ ‘ਤੇ ਸੌਂ ਕੇ ਹੀ
ਪਾਇਆ ਜਾ ਸਕਦਾ ਏ। ਤੇ ਜਿਨਾਂ ਦੇ ਇਸ਼ਕ ਹੱਡੀਂ ਰਚ ਜਾਵੇ ਉਹਨਾਂ ਲਈ ਕੰਡਿਆਂ ਦੀ
ਸੇਜ ਵੀ ਮਹਿਕਦੇ ਕੋਮਲ ਗੁਲਾਬਾਂ ਵਰਗੀ ਹੋ ਜਾਂਦੀ ਏ । ਸੱਚੇ ਆਸ਼ਕਾਂ ਲਈ ਇਸ਼ਕ
ਕਬਜਾ ਨਹੀਂ ਕੁਰਬਾਨੀ ਹੋ ਨਿਬੜਦਾ ਏ। ਇਸ਼ਕ ਇਕ ਦੂਜੇ ਦੀਆਂ ਭਾਵਨਾਵਾਂ, ਜਜਬਿਆਂ
ਤੇ ਵਲਵਲਿਆਂ ਨੂੰ ਸਮਝਣ ਦਾ ਨਾਮ ਏ । ਕਈ ਵਾਰੀ ਪ੍ਰੇਮੀ ਦੀ ਬੇ-ਵਫਾਈ ਇਨਸਾਨ
ਲਈ ਘਾਤਕ ਸਿੱਧ ਹੋ ਜਾਂਦੀ ਏ ਤੇ ਮਜਬੂਰਨ ਸੁਖਵਿੰਦਰ ਅੰਮ੍ਰਿਤ ਵਾਂਗ ਕਹਿਣਾ
ਪੈਦਾਂ ਏ :
ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ
ਸਾਥੋਂ ਜਿੰਦਗੀ ‘ਚ ਆਪੇ ਜ਼ਹਿਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ 'ਚੋਂ ਲਹੂ ਸਿਮਦਾ
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ ।
ਅੱਜ ਹਰ ਬੰਦਾ ਸਿਰਫ ਇਮਾਨ ਅਤੇ ਸ਼ੋਹਰਤ ਦੀ ਸਲਾਮਤੀ ਚਹੁੰਦਾ ਹੈ । ਇਸ ਕਠੋਰ ਤੇ
ਬੇ-ਲਿਹਾਜ ਜਮਾਨੇ ਵਿੱਚ ਇਸ਼ਕ ਦੀ ਸਲਾਮਤੀ ਦੀ ਉਮੀਦ ਕਰਨਾ ਬੇਫਜੂਲ ਈ ਲਗਦੈ।
ਸੁਲਤਾਨ ਬਾਹੂ ਦੇ ਦੋਹੇ ਵਿਚਲੀ ਸਚਾਈ ਇਸ ਦੀ ਗਵਾਹੀ ਭਰਦੀ ਹੈ।
ਇਮਾਨ ਸਲਾਮਤ ਹਰ ਕੋਈ ਮੰਗੇ
ਇਸ਼ਕ ਸਲਾਮਤ ਕੋਈ
ਮੇਰਾ ਇਸ਼ਕ ਸਲਾਮਤ ਰੱਖੀ ਮੀਆਂ ਬਾਹੂ
ਇਮਾਨੋ ਗਈ ਤਾਂ ਕੋਈ ।
ਅੱਜ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਏ ਕਿ ਇਸ਼ਕ ਨੂੰ ਅੱਜ ਮਹਿਜ ਸਰੀਰਕ
ਖੇਡ ਬਣਾ ਲਿਆ ਗਿਆ ਏ। ਦੋ ਘੜੀ ਦੇ ਸਰੀਰਕ ਅਨੰਦ ਲਈ ਇਸ ਪਵਿੱਤਰ ਜਜਬੇ ਨੂੰ
ਅਪਮਾਨਿਤ ਕੀਤਾ ਜਾ ਰਿਹਾ ਏ । ਸੱਚੇ ਇਸ਼ਕ ਦੀ ਜਗ੍ਹਾ ਦੁਨਿਆਵੀ ਪਿਆਰ ਨੇ ਲੈ ਲਈ
ਏ । ਸਰੀਰਕ ਪਿਆਰ ਦੀ ਭੁੱਖ ਰੁਹਾਨੀ ਪਿਆਰ ‘ਤੇ ਹਾਵੀ ਹੋ ਰਹੀ ਏ। ਜਿੱਥੇ
ਪਹਿਲੇ ਸੱਚੇ ਸੁੱਚੇ ਇਸ਼ਕ ਦੇ ਜਰੀਏ ਖੁਦਾ ਨੂੰ ਪਾ ਲਿਆ ਜਾਂਦਾ ਸੀ ਉਥੇ ਅੱਜ ਦੀ
ਪੀੜੀ ਇਸ ਵਿਰਾਸਤ ਤੇ ਇਤਿਹਾਸ ਨੂੰ ਭੁੱਲ ਕਿ ਜਿਸਮਾਂ ਦੀ ਭੁੱਖ ਪਿਛੇ ਦੋੜ ਰਹੀ
ਏ। ਪਰ ਦੋ ਘੜੀ ਦਾ ਸਰੀਰਕ ਮਿਲਾਪ ਕਦੀ ਇਸ਼ਕ ਦਾ ਇਤਿਹਾਸ ਨਹੀ ਬਣ ਸਕਦਾ। ਇਸ਼ਕ
ਵਿੱਚ ਤਾਂ ਸਭ ਕੁਝ ਗਵਾਉਣਾ ਪੈਂਦਾ ਏ, ਲੁਟਾਉਣਾ ਪੈਂਦਾ ਏ ਤਾਂ ਹੀ ਤਾਂ ਕਿਸੇ
ਨੇ ਕਿਹਾ ਏ:
ਇਸ਼ਕ ਆਖਦਾ ਈ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ
ਚੁੱਪ ਰਹਿਣ ਵੀ ਨੀ ਦੇਣਾ ਤੇ ਕੁਝ ਕਹਿਣ ਵੀ ਨੀ ਦੇਣਾ ।
*****
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ(ਗੁਰਦਾਸਪੁਰ)
(24 ਜੁਲਾਈ
2007) ਯੂਨੀਕੋਡ