ਮੁੱਖਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ

ਲਿਖਾਰੀ

ਤੇਰੀ ਆਂਖੋਂ ਕੇ ਸਿਵਾ ਦੁਨਿਆਂ ਮੇਂ ਰੱਖਾ ਕਿਆ ਹੈ-----!

-ਰੋਜ਼ੀ ਸਿੰਘ, ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ-
 


ਅੱਖਾਂ ਜੋ ਟੂਣੇਹਾਰੀਆਂ ਵੀ ਨੇ, ਅੱਖਾਂ ਜੋ ਕਜਰਾਰੀਆਂ ਵੀ ਨੇ, ਅੱਖਾਂ ਜੋ ਬਲੋਰੀ ਵੀ ਨੇ, ਅੱਖਾਂ ਜੋ ਕਾਸ਼ਨੀ ਵੀ ਨੇ, ਅੱਖਾਂ ਬਿਲੀਆਂ ਵੀ ਹੁੰਦੀਆਂ ਨੇ ਤੇ ਅੱਖਾਂ ਹਿਰਨੀਆਂ ਵੀ ਨੇ, ਅੱਖਾਂ ਸ਼ਰਾਬੀ ਵੀ ਕਰ ਦਿੰਦੀਆਂ ਨੇ ਤੇ ਅੱਖਾਂ ਸ਼ੋਦਾਈ ਵੀ ਬਣਾ ਦਿੰਦੀਆਂ ਨੇ। ਅੱਖਾਂ ਚਿੱਤ ਚੋਰਨੀਆਂ ਵੀ ਹੁੰਦੀਆਂ ਨੇ ਤੇ ਅੱਖਾਂ ਸ਼ਰਮੀਲੀਆਂ ਵੀ ਨੇ। ਉਕਤ ਸਾਰੇ ਉਪ ਨਾਮ ਤੇ ਅਲੰਕਾਰ ਨੈਣਾ ਦੀ ਸਿਫਤ ਲਈ ਹੀ ਬਣੇ ਨੇ। ਅਕਰਸ਼ਿਤ ਅੱਖਾਂ ਕਿਸੇ ਵੀ ਵਿਅਕਤੀ ਦੇ ਦਿਲ ਦਾ ਆਇਨਾਂ ਹੁੰਦੀਆਂ ਨੇ। ਅੱਖਾਂ ਦੀ ਭਾਸ਼ਾ ਆਦਮੀ ਦੇ ਦਿਲ ਵਿਚਲੀ ਗੱਲ ਦੀ ਇਨ-ਬਿਨ ਤਰਜਮਾਨੀ ਕਰ ਦਿੰਦੀ ਹੈ। ਨੈਣਾ ਦੀ ਇਸ ਲਿੱਪੀ ਨੂੰ ਪੜਨਾ ਵੀ ਖਾਸ ਅੱਖਾਂ ਦੇ ਹੀ ਹਿੱਸੇ ਆਇਆ ਹੈ । ਹਰ ਬੰਦਾ ਅੱਖਾਂ ਵਿੱਚ ਲੁਕੇ ਅਣਗਿਣਤ ਅਫਸਾਨੇ ਨਹੀਂ ਪੜ ਸਕਦਾ। ਪੰਜਾਬੀ ਸਾਹਿਤ ਵਿੱਚ ਨੈਣਾਂ/ਅੱਖਾਂ ਦੀ ਤਰੀਫ ਵਿੱਚ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਅਤੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ, ਪਰ ਇਹਨਾਂ ਅੱਖਾਂ ਦੇ ਡੂੰਘੇ ਸਮੁੰਦਰ ਦੀ ਤਰੀਫ ਹਾਲੇ ਮੁਕੰਮਲ ਮੁਕਾਮ ਤੱਕ ਨਹੀਂ ਪਹੁੰਚ ਸਕੀ।

ਗੰਭੀਰ ਅੱਖਾਂ ਦੂਜਿਆਂ ਦੇ ਚਿਹਰੇ ਪੜਨ ਵਿੱਚ ਬੜੀਆਂ ਮਾਹਿਰ ਹੁੰਦੀਆ ਨੇ। ਕਿਸੇ ਦੇ ਦਿਲ ਦੀ ਗੱਲ ਨੂੰ ਅੱਖਾਂ ਅੱਖਾਂ ਵਿੱਚ ਸਮਝ ਸਕਣ ਵਾਲੀਆਂ ਅੱਖਾਂ ਸਿਰਫ ਆਸ਼ਕ ਲੋਕਾਂ ਦੇ ਨਸੀਬ ਹੋਈਆਂ ਨੇ। ਸੁੰਦਰ ਅੱਖਾਂ ਆਦਮੀ ਦੇ ਵਿਅਕਤੀਤਵ ਅਤੇ ਉਸ ਦੇ ਮੋਨੋਭਾਵਾਂ ਦੀ ਤਸਵੀਰ ਹੁੰਦੀਆਂ ਨੇ। ਪਰ ਜਨਾਬ ਖਬਰਦਾਰ---! ਕੁਝ ਅੱਖਾਂ ਲੁਟੇਰੀਆਂ ਵੀ ਹੁੰਦੀਆਂ ਨੇ, ਬੰਦੇ ਦੇ ਪੱਲੇ ਕੱਖ ਨਈਂ ਛੱਡਦੀਆਂ, ਇਹਨਾਂ ਅੱਖੀਆਂ ਦਾ ਪੱਟਿਆ ਵਿਚਾਰਾ ਮੀਂਆਂ ਰਾਂਝਾ ਪੂਰੀ ਜਿੰਦਗੀ ਲੋਟ ਨਈਂ ਸੀ ਆਇਆ।

ਅੱਖਾਂ ਕੁਦਰਤ ਦੀ ਦਿੱਤੀ ਸਭ ਤੋ ਵੱਡਮੁੱਲੀ ਦਾਤ ਨੇ, ‘‘ਅੱਖਾਂ ਗਈਆਂ ਜਹਾਨ ਗਿਆ’’ ਅਗਰ ਅੱਖਾਂ ਆਪਣੀ ਵੇਖਣ ਸ਼ਕਤੀ ਗਵਾ ਬੈਠਣ ਤਾਂ ਜੱਗ ’ਤੇ ਦਿਨ ਦੀਵੀ ਹਨੇਰਾ ਛਾ ਜਾਂਦਾ ਏ। ਅੱਖਾਂ ਜਾਂ ਨੈਣਾਂ ਦੀ ਤਰੀਫ ਬਾਰੇ ਸਾਡੇ ਲੋਕ ਗੀਤਾਂ ਵਿੱਚ ਬੜੀਆਂ ਵਣਗੀਆਂ ਮਿਲਦੀਆਂ ਨੇ। ਜਿਵੇ ਕੋਈ ਮੁਟਿਆਰ ਆਪਣੇ ਮਾਹੀ ਨੂੰ ਆਪਣੀਆਂ ਕਾਸ਼ਨੀ ਅੱਖਾਂ ਦੀ ਉਨੀਦਰੇ ਕਾਰਨ ਹੋਈ ਦਸ਼ਾ ਇਝ ਬਿਆਨ ਕਰਦੀ ਏ:-

ਵੇ ਇਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਦਰੇ ਨੇ ਮਾਰਿਆ

ਨੈਣ ਕਜਰਾਰੇ ਬਿਰਹਾ ਮਾਰੇ। ਬਿਰਹਾ ਮਾਰੇ ਨੈਣ ਕਿਸੇ ਦਿਵਾਰ ਨਾਲ ਲੱਗ ਕੇ ਕਿਸੇ ਦੀ ਉਡੀਕ ਵਿੱਚ ਸੁੱਨੀਆਂ ਰਾਹਾਂ ਪਏ ਤੱਕਦੇ ਨੇ, ਤੇ ਜਿੰਨ੍ਹਾ ਅੱਖਾਂ ਵਿੱਚ ਮਹਿਬੂਬ ਦਾ ਅਕਸ ਵੱਸ ਜਾਏ ਤਾਂ ਉਹਨਾਂ ਨੈਣਾ ਵਿੱਚ ਕੱਜਲਾ ਭਲਾ ਕਿਵੇ ਰਹਿ ਸਕਦਾ ਏ:-

ਇਹਨਾਂ ਅੱਖੀਆਂ ’ਚ ਪਾਵਾਂ ਕਿਵੇਂ ਕਜਲਾ
ਵੇ ਅੱਖੀਆਂ ’ਚ ਤੂੰ ਵੱਸਦਾ ।

ਕੁਝ ਅੱਖਾਂ ਦੀ ਤੱਕਣੀ ਵੀ ਤਿਰਸ਼ੀ ਹੁੰਦੀ ਏ। ਤਿਰਸ਼ੀਆਂ ਨਜ਼ਰਾਂ ਨਾਲ ਕਈ ਸ਼ੋਖ ਮੁਟਿਆਰਾਂ ਆਸ਼ਕਾਂ ਨੂੰ ਜਾਨੋ ਮਾਰ ਮੁਕਾਉਂਦੀਆਂ ਨੇ। ਕੁਆਰੇ ਨੈਣ ਘੁੰਡ ਵਿੱਚ ਭਲਾ ਕਿਵੇਂ ਲੁਕ ਸਕਦੇ ਨੇ ਜਿਵੇ ਹੁਸਨ ਲੀੜਿਆਂ ’ਚ ਲੁਕ ਨਹੀਂ ਸਕਦਾ ਤੇ ਇਸ਼ਕ ਨੂੰ ਕੰਧਾਂ ਕੈਦ ਨਹੀਂ ਕਰ ਸਕਦੀਆਂ।

ਘੁੰਡ ਵਿੱਚ ਨਹੀਂ ਲੁਕਦੇ, ਸੱਜਣਾਂ ਨੈਣ ਕੁਆਰੇ
ਵੇ ਰਾਤੀਂ ਅੰਬਰਾਂ ’ਤੇ ਜਿਵੇ ਚਮਕਦੇ ਤਾਰੇ।

ਤਾਰਿਆਂ ਵਾਂਗ ਚਮਕਾਰੇ ਮਾਰਦੀਆਂ ਨੀਲੀਆਂ, ਬਿੱਲੀਆਂ, ਹਰੀਆਂ ਤੇ ਬਲੋਰੀ ਅੱਖਾਂ ਦੀ ਖਾਮੋਸ਼ ਤੱਕਣੀ ਵਿੱਚ ਡੂੰਘਾ ਫਲਸਫਾ ਤੇ ਰਹੱਸ ਵੀ ਲੁਕਿਆ ਹੁੰਦਾ ਏ। ਅੱਖਾਂ ਦਿਲਾਂ ਦੀਆਂ ਚੋਰ ਵੀ ਨੇ ਤੇ ਦਿਲ ਦਾ ਕਰਾਰ ਵੀ। ਕੁਝ ਅੱਖਾਂ ਵਿੱਚ ਬੰਦੇ ਨੂੰ ਸ਼ਰਾਬੀ ਕਰ ਦੇਣ ਦੀ ਕਾਬਲੀਅਤ ਹੁੰਦੀ ਏ। ਅੱਖਾਂ ਦੇ ਮੈਖਾਨੇ ਵਿਚੋ ਕੋਈ ਵਿਰਲਾ ਹੀ ਸੋਫੀ ਪਰਤਦੈ। ਕਈ ਅੱਖਾਂ ’ਚੋਂ ਤਾਂ ਸਰੇਆਮ ਨਾਜਾਇਜ ਦਾਰੂ ਵੀ ਵਿਕਦੀ ਏ:-

ਅੱਖਾਂ ’ਚੋ ਨਜਾਇਜ ਵਿਕਦੀ
ਛਾਪਾ ਮਾਰਲੋ ਪੁਲਸੀਓ ਆਕੇ।

ਸਾਉ ਮਾਸੂਮ ਤੇ ਸੋਬਰ ਅੱਖਾਂ ਬਹੁਤੇ ਵਾਰੀ ਵੱਡੇ ਵੱਡੇ ਗਿਆਨਵਾਨ ਅਤੇ ਬੁੱਧੀਵਾਨ ਲੋਕਾਂ ਲਈ ਇਕ ਬੁਝਾਰਤ ਬਣ ਕਿ ਰਹਿ ਜਾਂਦੀਆਂ ਨੇ। ਮਸਤ ਅੱਖਾਂ ਵਿੱਚ ਹਜਾਰਾਂ ਅਫਸਾਨੇ ਨੇ ਤੇ ਮਸਤ ਅੱਖਾਂ ਦੇ ਹਜਾਰਾਂ ਮਸਤਾਨੇ ਵੀ ਨੇ:-

ਇਨ ਆਖੋਂ ਕੀ ਮਸਤੀ ਕੇ ਮਸਤਾਨੇ ਹਜਾਰੋਂ ਹੈਂ
ਇਨ ਆਖੋਂ ਸੇ ਵਾਬਸਤਾ ਅਫਸਾਨੇ ਹਜਾਰੋਂ ਹੈਂ।

ਜਨਾਬ---! ਕਈ ਅੱਖਾਂ ਪੁਵਾੜੇ ਵੀ ਪਾ ਦਿੰਦੀਆਂ ਨੇ, ਕਸੂਰ ਸਾਰਾ ਅੱਖੀਆਂ ਦਾ ਹੁੰਦਾ ਏ ਤੇ ਦਿਲ ਵਿਚਾਰਾ ਐਵੇਂ ਬਦਨਾਮ ਹੋ ਜਾਂਦੈ। ਪਿਆਰ ਦਾ ਤਾਂ ਕੋਈ ਵਜੂਦ ਨਹੀ ਹੁੰਦਾ ਸਾਰਾ ਪੁਆੜਾ ਅੱਖੀਆਂ ਦਾ ਈ ਹੁੰਦੈ। ਦਰ ਦਰ ਦੀਆਂ ਠੋਕਰਾਂ ਖਾ ਕਿ ਤੇ ਫਿਰ ਦਿਲ ਵਿਚਾਰਾ ਸਾਰੀ ਲੁਕਾਈ ਨੂੰ ਆਂਦਾ ਫਿਰਦੈ:-

ਲੋਕੋ ਪਿਆਰ ਦਾ ਵਜੂਦ ਨਈਂ ਜੇ ਕੋਈ
ਤੇ ਗੱਲ ਨਈਂ ਜੇ ਕੋਈ, ਪੁਆੜਾ ਸਾਰਾ ਅੱਖੀਆਂ ਦਾ।

ਇੰਤਜਾਰ ਵਿੱਚ ਰੁਨੀਆਂ ਅੱਖਾਂ ਦਾ ਤਾਂ ਰੋ ਰੋ ਬੁਰਾ ਹਾਲ ਹੋਣਾ ਈ ਹੁੰਦਾ ਨਾਲ ਦਿਲ ਵਿਚਾਰਾ ਵੱਖ ਰੋਈ ਜਾਂਦੈ। ਇਹਨਾਂ ਅੱਖੀਆਂ ਵਿੱਚੋ ਲੱਗੀਆਂ ਹੁੰਝੂਆਂ ਦੀਆਂ ਨੂੰ ਲੋਕਾਂ ਤੋ ਛੁਪਾਈ ਕੋਈ ਬਿਰਹਨ ਫਿਰ ਇੰਝ ਆਖਦੀ ਏ:-

ਅੱਖੀਆਂ ਨੇ ਝੜੀਆਂ ਲਾਈਆਂ,
ਅੱਜ ਯਾਦਾਂ ਤੇਰੀਆਂ ਆਈਆਂ ਨੇ
ਵਤਨਾਂ ਨੂੰ ਆ ਜਾ ਢੋਲਣਾ ।

ਅੱਖਾਂ ਨਾਲ ਸੰਬਧਤ ਕਈ ਮੁਹਾਵਰੇ ਤੇ ਔਖਾਂਤ ਵੀ ਸਾਹਿਤ ਵਿੱਚ ਮਿਲ ਜਾਂਦੇ ਨੇ। ਜਿਵੇ, ਅੱਖਾਂ ਆ ਜਾਣੀਆਂ, ਅੱਖ ਲੱਗ ਜਾਂਣੀ, ਅੱਖਾਂ ਫੇਰ ਲੈਣੀਆਂ, ਮੈਲੀਆਂ ਅੱਖਾਂ ਨਾਲ ਵੇਖਣਾ ਆਦਿ ।

ਦੋਸਤੋ ਅੱਖਾਂ ਭਾਵੇ ਬਿੱਲੀਆਂ ਹੋਣ ਭਾਵੇ ਕਾਲੀਆਂ, ਬਲੋਰੀ ਹੋਣ ਭਾਵੇ ਨੀਲੀਆਂ, ਪਰ ਮੈਲੀ ਨਜਰ ਨਾਲ ਕਦੇ ਕਿਸੇ ਨੂੰ ਨਈ ਵੇਖਣਾ ਚਾਹੀਦਾ । ਸਿਆਣੇ ਕਹਿਦੇ ਨੇ ਕਿ ਜੇਕਰ ਆਦਮੀ ਦੀ ਨਜਰ ਚੰਗੀ ਹੋਵੇ ਤਾਂ ਉਸ ਤੇ ਪ੍ਰਮਾਤਮਾਂ ਦੀ ਨਿਘਾ ਸਵੱਲੀ ਹੁੰਦੀ ਏ। ਆਪਣੇ ਯਾਰਾਂ ਦੋਸਤਾਂ ਅਦੀਬਾਂ ਅਤੇ ਮਹਿਬੂਬਾਂ ਦੀਆਂ ਨਜਰਾਂ ਵਿੱਚ ਸਦਾ ਜੁਗਨੂੰ ਵਾਂਗੂ ਮਹਿਕਦੇ ਰਹਿਣਾ ਹੀ ਉਚੇ ਆਚਰਣ ਦਾ ਭੇਦ ਹੁੰਦਾ ਏ। ਤਾਂ ਹੀ ਤੁਹਾਨੂੰ ਚਾਹੁੰਣ ਵਾਲੇ ਤੁਹਾਡੇ ਨੈਣਾਂ ’ਚ ਤੱਕ ਕੇ ਹਮੇਸ਼ਾਂ ਇਹ ਕਹਿਣ ਲਈ ਮਜਬੂਰ ਹੋਣਗੇ:-

ਤੇਰੀ ਆਂਖੋਂ ਕੇ ਸਿਵਾ ਦੁਨੀਆਂ ਮੇਂ ਰੱਖਾ ਕਿਆ ਹੈ।

*****
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ(ਗੁਰਦਾਸਪੁਰ)
ਫੋਨ: 9988964633
(7 ਅਕਤੂਬਰ 2007) ਯੂਨੀਕੋਡ

 

 

ਲਿਖਾਰੀ
Likhari


? likhari: Punjabi Likhari Forum-2001-2007