ਜਲੰਧਰ,
23 ਜਨਵਰੀ : ਅਮਨ, ਸਦਭਾਵਨਾ,
ਸਥਿਰਤਾ ਅਤੇ ਮਨੁੱਖ ਦੇ ਕੁਦਰਤ ਨਾਲ ਇਕਸੁਰ-ਸਤੁੰਲਤ-ਸਰਬਪੱਖੀ
ਵਿਕਾਸ ਲਈ ਕੌਮਾਂ ਦੇ ਸਵਾਲ ਦਾ ਹੱਲ ਹੋਣਾ ਬੇਹੱਦ ਜ਼ਰੂਰੀ ਹੈ।
ਹਰ ਕੌਮ ਨੂੰ
ਆਪਣੀ ਜ਼ਬਾਨ,
ਆਪਣੇ ਸੱਭਿਆਚਾਰ ਅਤੇ ਆਪਣੇ ਦਰਸ਼ਨ ਮੁਤਾਬਿਕ ਵਿਕਾਸ ਕਰਨ ਦੇ
ਮੌਕੇ ਮਿਲਣੇ ਚਾਹੀਦੇ ਹਨ।
ਹਰ ਕੌਮ ਦੀ
ਪਛਾਣ ਕਾਇਮ ਰਹਿਣੀ ਚਾਹੀਦੀ ਹੈ।
ਭਾਰਤ ਅਤੇ
ਪਾਕਿਸਤਾਨ ਅੰਦਰਲੇ ਬਹੁਤੇ ਟਕਰਾਵਾਂ ਤੇ ਤਣਾਵਾਂ ਦਾ ਕਾਰਨ ਵੀ ਕੌਮੀ ਸਵਾਲ ਨੂੰ ਠੀਕ
ਤਰ੍ਹਾਂ ਸੁਲਝਾਇਆ ਨਾ ਜਾਣਾ ਹੈ।'
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸਾਊਥ ਏਸ਼ੀਆ ਰੀਵਿਊ
ਮੈਗਜ਼ੀਨ ਦੇ ਸੰਪਾਦਕ ਸ੍ਰੀ ਸੁੱਚਾ ਸਿੰਘ ਦੀਪਕ ਅਤੇ ਸਹਾਇਕ ਸੰਪਾਦਕ ਸ੍ਰੀ ਭੁਪਿੰਦਰ
ਸਿੰਘ ਮੱਲ੍ਹੀ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਉਪਰੋਕਤ
ਬੁੱਧੀਜੀਵੀਆਂ ਨੇ ਆਪਣੇ ਦ੍ਰਿਸ਼ਟੀਕੋਣ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਭਾਰਤ ਅਤੇ
ਪਾਕਿਸਤਾਨ ਦੀ ਵੰਡ ਭਾਵੇਂ
1947 ਵਿਚ ਧਰਮ ਦੇ ਅਧਾਰ 'ਤੇ ਹੋਈ
ਸੀ ਪਰ ਇਸ ਵੰਡ ਦੇ ਬਾਵਜੂਦ ਦੋਵੇਂ ਦੇਸ਼ ਅੱਜ ਵੀ ਬਹੁਕੌਮੀ ਦੇਸ਼ ਹਨ ਅਤੇ ਦੋਵਾਂ
ਦੇਸ਼ਾਂ ਦੇ ਅੰਦਰ ਵਸਦੀਆਂ ਕੌਮਾਂ ਦੇ ਬਹੁਤ ਸਾਰੇ ਮਸਲੇ ਅਜੇ ਸੁਲਝਾਏ ਜਾਣੇ ਬਾਕੀ ਹਨ।
ਇਹ ਪੁੱਛਣ
'ਤੇ ਕਿ
ਉਨ੍ਹਾਂ ਦਾ ਕੌਮਾਂ ਤੋਂ ਕੀ ਭਾਵ ਹੈ, ਤਾਂ ਉਪਰੋਕਤ
ਬੁੱਧੀਜੀਵੀਆਂ ਨੇ ਕਿਹਾ ਕਿ ਭਾਰਤ ਵਿਚ ਪੰਜਾਬੀ,
ਬੰਗਾਲੀ, ਮਰਾਠੀ, ਗੁਜਰਾਤੀ,
ਮਲਿਆਲਮ, ਤਾਮਿਲ,
ਕੰਨੜ, ਅਸਾਮੀ,
ਉੜੀਆ, ਕਸ਼ਮੀਰੀ ਅਤੇ ਹੋਰ ਅਨੇਕਾਂ
ਭਾਸ਼ਾਵਾਂ ਦੇ ਆਧਾਰ 'ਤੇ ਬਣੇ ਰਾਜ ਵੱਖ-ਵੱਖ ਕੌਮਾਂ ਦੇ
ਘਰ ਹਨ ਅਤੇ ਇਸੇ ਤਰ੍ਹਾਂ ਪਾਕਿਸਤਾਨ ਵਿਚ ਪੰਜਾਬੀ,
ਸਿੰਧੀ, ਪਸ਼ਤੋ ਤੇ ਬਲੋਚੀ ਆਦਿ ਜ਼ਬਾਨਾਂ ਦੇ ਅਧਾਰ
'ਤੇ ਬਣੇ ਰਾਜ ਉਥੇ ਵਸਦੀਆਂ ਕੌਮਾਂ ਦੇ ਘਰ ਹਨ।
ਇਸੇ ਅਧਾਰ
'ਤੇ
ਭਾਰਤ ਅਤੇ ਪਾਕਿਸਤਾਨ ਬਹੁਕੌਮੀ ਦੇਸ਼ ਹਨ।
ਸ੍ਰੀ ਸੁੱਚਾ ਸਿੰਘ ਦੀਪਕ
ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਦਾਰੇ ਵੱਲੋਂ ਪੂਰੀ ਸਫਲਤਾ ਨਾਲ ਦੋ ਕਾਨਫ਼ਰੰਸਾਂ
ਪਿੰ੍ਰਸ ਜਾਰਜ (ਕੈਨੇਡਾ) ਵਿਖੇ ਅਗਸਤ
2000 ਅਤੇ ਜੂਨ
2003 ਵਿਚ ਕਰਵਾਈਆਂ ਗਈਆਂ ਸਨ।
ਅਜੋਕੇ
ਸੰਸਾਰੀਕਰਨ,
ਨਿੱਜੀਕਰਨ ਅਤੇ ਸੂਚਨਾ ਇਨਕਲਾਬ 'ਤੇ
ਅਧਾਰਤ 21ਵੀਂ ਸਦੀ ਵਿਚ ਕੌਮਾਂ ਦੇ ਭਵਿੱਖ ਸਬੰਧੀ ਚਰਚਾ
ਕਰਦਿਆਂ ਉਨ੍ਹਾਂ ਨੇ ਕਿਹਾ ਕਿ ਤਕਨੀਕੀ ਵਿਕਾਸ ਨੇ ਬਹੁਤ ਸਾਰੇ ਪੱਖਾਂ ਤੋਂ ਮਨੁੱਖ
ਦੀ ਜ਼ਿੰਦਗੀ ਬਿਹਤਰ ਬਣਾਈ ਹੈ ਪਰ ਬਹੁਤ ਸਾਰੇ ਮਸਲੇ ਵੀ ਪੈਦਾ ਕੀਤੇ ਹਨ।
ਖ਼ਾਸ ਕਰਕੇ
ਸੂਚਨਾ ਇਨਕਲਾਬ ਨੇ ਵੱਡੀਆਂ ਤੇ ਸਮਰੱਥ ਕੌਮਾਂ ਨੂੰ ਛੋਟੀਆਂ ਕੌਮਾਂ
'ਤੇ ਆਪਣਾ
ਰਾਜਨੀਤਕ, ਆਰਥਿਕ,
ਸੱਭਿਆਚਾਰਕ ਅਤੇ ਭਾਸ਼ਾਈ ਗਲਬਾ ਵਧਾਉਣ ਦੇ ਸਮਰੱਥ ਬਣਾ ਦਿੱਤਾ ਹੈ।
ਇਸ ਚੁਣੌਤੀ ਦਾ
ਸਾਹਮਣਾ ਛੋਟੀਆਂ ਕੌਮਾਂ ਨੂੰ ਆਪਣਾ ਆਰਥਿਕ ਵਿਕਾਸ ਤੇਜ਼ ਕਰਨ ਦੇ ਨਾਲ-ਨਾਲ ਕੌਮੀ
ਚੇਤਨਾ ਨਾਲ ਭਰਪੂਰ ਹੋ ਕੇ ਆਪਣੇ ਸੱਭਿਆਚਾਰਕ ਅਤੇ ਭਾਸ਼ਾਈ ਵਿਕਾਸ ਨੂੰ ਯਕੀਨੀ ਬਣਾ
ਕੇ ਹੀ ਕਰਨਾ ਪਵੇਗਾ।
ਸ੍ਰੀ ਭੁਪਿੰਦਰ
ਮੱਲ੍ਹੀ ਨੇ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਸੰਸਾਰੀਕਰਨ ਦੀ ਇਕ ਪਾਸੜ ਖੇਡ
ਦੇ ਚੱਲਦਿਆਂ ‘‘ਕੌਮਾਂ
ਦੀ ਉਸਾਰੀ'' ਅਤੇ ਇਸ ਨਾਲ ਜੁੜੇ ਭਿੰਨ-ਭਿੰਨ ਮੁੱਦੇ
ਪਹਿਲੇ ਕਿਸੇ ਵੀ ਸਮੇਂ ਨਾਲੋਂ ਅੱਜ ਵਧੇਰੇ ਮਹੱਤਵਪੂਰਨ ਹੋ ਗਏ ਹਨ।
ਇਸ ਤੋਂ ਪਹਿਲਾਂ
ਕਿ ਸੰਸਾਰੀਕਰਨ ਦਾ ਮਾਰੂ ਦੈਂਤ ਸੁਹਾਗਾ ਫੇਰ ਕੇ ਵੱਖ ਵੱਖ ਕੌਮਾਂ ਦੀ ਹਸਤੀ ਨੂੰ ਹੀ
ਮਿਟਾ ਛੱਡੇ,
ਸੰਸਾਰ ਭਰ ਵਿਚ ਫੈਲੇ ਸਮੂਹ ਪੰਜਾਬੀ ਪਿਆਰਿਆਂ ਦਾ ਫਰਜ਼ ਬਣਦਾ ਹੈ
ਕਿ ਉਹ ਆਪਣੇ ਆਪਣੇ ਘੇਰਿਆਂ 'ਚੋਂ ਬਾਹਰ ਨਿਕਲ ਕੇ ਇਸ
ਸਾਂਝੇ ਮਸਲੇ ਨੂੰ ਘੋਖਣ ਪੜਚੋਲਣ ਅਤੇ ਆਪਣੀ ਭਵਿੱਖ ਦੀ ਰਣਨੀਤੀ ਨੂੰ ਤਿਆਰ ਕਰਨ।
ਪੰਜਾਬੀ
ਪਿਆਰਿਆਂ ਸਾਹਮਣੇ ਅੱਜ ਅਨੇਕਾਂ ਮਸਲੇ ਹਨ।
ਪੰਜਾਬੀ ਕੌਮ ਦੀ
ਸਾਂਝੀ ਵਿਰਾਸਤ ਦੇ ਬਾਵਜੂਦ ਉਹ ਖਿੰਡੇ ਪੁੰਡੇ ਹੋਏ ਹਨ।
ਸੰਸਾਰ ਦੇ ਮਹਾਨ
ਫਲਸਫੇ ਨੂੰ ਪ੍ਰਗਟਾਉਣ ਦੇ ਸਮਰੱਥ ਉਨ੍ਹਾਂ ਦੀ ਪੰਜਾਬੀ ਭਾਸ਼ਾ ਫੈਲਣ ਦੀ ਬਜਾਇ ਆਪਣੇ
ਘਰ ਵਿਚ ਹੀ ਮਰ ਰਹੀ ਹੈ।
ਪੰਜਾਬੀ ਵਿਰਸੇ
ਦੀ ਏਨੀ ਅਮੀਰ ਪਰੰਪਰਾ ਦੇ ਬਾਵਜੂਦ
‘ਪੰਜਾਬੀ ਦਰਸ਼ਨ
ਜਿਹੇ' ਸੰਕਲਪ ਬਾਰੇ ਗੱਲ ਕਰਨ ਤੋਂ ਕੰਨੀ ਕਤਰਾਈ ਜਾਂਦੀ
ਹੈ।
ਪੰਜਾਬੀ ਭਾਸ਼ਾ
ਨੂੰ ਅਜੇ ਵੀ ਪਛੜੀਆਂ ਭਾਸ਼ਾਵਾਂ ਵਿਚ ਗਿਣਿਆ ਜਾਂਦਾ ਹੈ।
ਸ੍ਰੀ ਸੁੱਚਾ ਸਿੰਘ ਦੀਪਕ
ਅਤੇ ਸ੍ਰੀ ਭੁਪਿੰਦਰ ਸਿੰਘ ਮੱਲ੍ਹੀ ਨੇ ਦਸਿਆ ਕਿ ਉਪਰੋਕਤ ਦ੍ਰਿਸ਼ਟੀਕੋਣ ਦੇ ਸੰਦਰਭ
ਵਿਚ ‘ਇੱਕੀਵੀਂ
ਸਦੀ ਵਿਚ ਕੌਮਾਂ ਦੇ ਭਵਿੱਖ, ਪੰਜਾਬੀ ਕੌਮ,
ਪੰਜਾਬੀ ਬੋਲੀ ਤੇ ਪੰਜਾਬੀ ਦਰਸ਼ਨ'
ਦੇ ਵਿਸ਼ੇ 'ਤੇ ਵਿਚਾਰ ਕਰਨ ਲਈ ਅਦਾਰਾ ਸਾਊਥ ਏਸ਼ੀਆ
ਰਿਵਿਊ ਵੱਲੋਂ ਭਰਾਤਰੀ ਜਥੇਬੰਦੀਆਂ ਕੇਂਦਰੀ ਪੰਜਾਬੀ ਲੇਖਕ ਸਭਾ,
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ,
ਪੰਜਾਬੀ ਸੱਥ ਲਾਂਬੜਾ, ਪੰਜਾਬ ਜਾਗ੍ਰਿਤੀ ਮੰਚ ਜਲੰਧਰ,
ਫੋਕਲੋਰ ਅਕੈਡਮੀ ਅੰਮ੍ਰਿਤਸਰ,
ਪੰਜਾਬੀ ਭਾਸ਼ਾ ਅਕੈਡਮੀ ਜਲੰਧਰ, ਸਰਘੀ ਕਲਾ ਕੇਂਦਰ
ਚੰਡੀਗੜ੍ਹ, ਪੰਜਾਬੀ ਲਿਖਾਰੀ ਸਭਾ ਲੁਧਿਆਣਾ,
ਆਲਮੀ ਵਿਰਾਸਤ ਫਾਊਂਡੇਸ਼ਨ ਅਮ੍ਰਿਤਸਰ,
ਅਦਾਰਾ ‘ਦੇਸ ਪੰਜਾਬ'
ਅਤੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਤੀਜੀ ਵਿਸ਼ਵ ਪੰਜਾਬੀ
ਕਾਨਫ਼ਰੰਸ 15, 16, 17, 18 ਫਰਵਰੀ 2007
ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ।
ਅਦਾਰਾ ਸਾਊਥ
ਏਸ਼ੀਆ ਰੀਵੀਊ ਵੱਲੋਂ ਵਿਸ਼ਵ ਭਰ ਤੋਂ ਪੰਜਾਬੀ ਲੇਖਕਾਂ,
ਕਲਾਕਾਰਾਂ, ਪੱਤਰਕਾਰਾਂ,
ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਵੱਧ ਚੜ੍ਹ ਕੇ ਇਸ ਵਿਚ ਸ਼ਿਰਕਤ
ਕਰਨ ਲਈ ਸੱਦਾ ਦਿੱਤਾ ਗਿਆ ਹੈ।
ਸ੍ਰੀ ਭੁਪਿੰਦਰ
ਸਿੰਘ ਮੱਲ੍ਹੀ ਨੇ ਦੱਸਿਆ ਕਿ ਇਸ ਵਾਰ
27 ਦੇ ਲਗਭਗ
ਲਹਿੰਦੇ ਪੰਜਾਬ (ਪਾਕਿਸਤਾਨ) ਦੇ ਲੇਖਕਾਂ, ਕਲਾਕਾਰਾਂ,
ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਵੀ ਸੱਦਾ-ਪੱਤਰ ਭੇਜੇ ਗਏ
ਹਨ।
ਕਨੇਡਾ ਵਿਚ
ਹੋਈਆਂ ਦੋਵੇਂ ਕਾਨਫ਼ਰੰਸਾਂ ਵਿਚ ਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਬੁੱਧੀਜੀਵੀਆਂ
ਨੇ ਵਧ ਚੜ੍ਹ ਕੇ ਹਿੱਸਾ ਲਿਆ ਸੀ।
ਕਾਨਫ਼ਰੰਸ ਦੀਆਂ ਤਿਆਰੀਆਂ
ਸਬੰਧੀ ਦੱਸਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਇਸ ਕਾਨਫ਼ਰੰਸ ਨੂੰ ਸਹੀ ਢੰਗ ਨਾਲ
ਚਲਾਉਣ ਵਾਸਤੇ ਡਾ: ਕਰਨੈਲ ਸਿੰਘ ਥਿੰਦ,
ਡਾ: ਮਨਜੂਰ ਈਜਾਜ਼, ਸ: ਸਤਨਾਮ ਸਿੰਘ
ਮਾਣਕ, ਡਾ. ਅਜਮੇਰ ਸਿੰਘ ਔਲਖ,
ਡਾ: ਨਿਰਮਲ ਸਿੰਘ, ਡਾ. ਰੌਣਕੀ ਰਾਮ,
ਡਾ. ਸਤੀਸ਼ ਵਰਮਾ, ਪ੍ਰੋ. ਨਿਰਦੋਸ਼
ਕੌਰ, ਡਾ. ਬਲਜੀਤ ਕੌਰ,
ਡਾ: ਗੋਪਾਲ ਸਿੰਘ ਬੁੱਟਰ, ਡਾ: ਸੁਖਪਾਲ ਸਿੰਘ ਥਿੰਦ,
ਡਾ. ਜਸਪਾਲ ਸਿੰਘ ਅਮਰੀਕਾ,
ਡਾ. ਗੁਰਦੇਵ ਸਿੰਘ ਚੰਦੀ, ਸ੍ਰੀ ਸੰਜੀਵਨ ਸਿੰਘ,
ਸ. ਜਨਮੇਜਾ ਸਿੰਘ ਜੌਹਲ, ਸ੍ਰੀ
ਗੁਰਮੀਤ, ਸ੍ਰੀ ਬਲਦੇਵ ਖੁੱਲਰ,
ਸ. ਭੁਪਿੰਦਰ ਸਿੰਘ ਸੰਧੂ, ਸ੍ਰੀ
ਕੇਸਰ ਸਿੰਘ ਅਤੇ ਗੁਰਬਚਨ ਸਿੰਘ 'ਤੇ ਆਧਾਰਿਤ ਇਕ ਕਮੇਟੀ
ਬਣਾਈ ਗਈ ਹੈ।
ਹੁਣ ਤੱਕ
ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਤੇ ਵਿਦਵਾਨਾਂ ਨਾਲ ਉਨ੍ਹਾਂ ਵੱਲੋਂ ਸੰਪਰਕ ਕੀਤਾ
ਗਿਆ ਹੈ ਅਤੇ ਵੱਖ-ਵੱਖ ਹਮ-ਖਿਆਲ ਜਥੇਬੰਦੀਆਂ ਤੋਂ ਵੀ ਸਹਿਯੋਗ ਹਾਸਲ ਕਰਨ ਲਈ
ਲਗਾਤਾਰ ਯਤਨ ਜਾਰੀ ਹਨ।
ਇਸ ਕਾਨਫਰੰਸ ਦੇ
ਪ੍ਰੋਗਰਾਮ ਬਾਰੇ ਜਾਣਕਾਰੀ ਦੇਂਦਿਆ ਉਨ੍ਹਾਂ ਨੇ ਦੱਸਿਆ ਕਿ
15 ਫਰਵਰੀ ਨੂੰ
ਸਵੇਰੇ 9-30 ਵਜੇਂ ਤੋਂ 11-00
ਵਜੇ ਤੱਕ ਡੈਲੀਗੇਟਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਤੇ ਵੱਖ ਵੱਖ ਸੈਸ਼ਨਾਂ ਦੀ ਰੂਪ-ਰੇਖਾ
ਮੋਟੇ ਤੌਰ 'ਤੇ ਇਸ ਪ੍ਰਕਾਰ ਹੋਵੇਗੀ :
15
ਫਰਵਰੀ ਨੂੰ ਸਵੇਰੇ 11-00 ਵਜੇ
ਕਾਨਫਰੰਸ ਆਰੰਭ ਹੋਵੇਗੀ, ਜਿਸਦਾ ਉਦਘਾਟਨ ਉੱਘੇ ਦੇਸ਼
ਭਗਤ ਬਾਬਾ ਭਗਤ ਸਿੰਘ ਬਿਲਗਾ ਕਰਨਗੇ।
ਇਸ ਸੈਸ਼ਨ ਦੇ
ਪ੍ਰਧਾਨ ਡਾ. ਐਸ. ਐਸ. ਜੌਹਲ ਹੋਣਗੇ ਅਤੇ ਕੁੰਜੀਵਤ ਭਾਸ਼ਣ ਪ੍ਰੋ. ਪ੍ਰੀਤਮ ਸਿੰਘ
ਦੇਣਗੇ।
ਪੰਜ ਵਰਕਿੰਗ ਸੈਸ਼ਨਾਂ
ਵਿਚੋਂ ਪਹਿਲਾ ਸੈਸ਼ਨ 15
ਫਰਵਰੀ ਨੂੰ 2-30 ਤੋਂ
5-30 ਤੱਕ ਚੱਲੇਗਾ, ਜਿਸ ਵਿਚ ਕੌਮ
ਦਾ ਸੰਕਲਪ, ਕੌਮ ਦੀ ਬਣਤਰ ਅਤੇ ਪੰਜਾਬੀ ਕੌਮ ਦੀਆਂ
ਸਮੱਸਿਆਵਾਂ ਉੱਪਰ ਚਰਚਾ ਹੋਵੇਗੀ।
16
ਫਰਵਰੀ ਨੂੰ ਦੂਜੇ ਤੇ ਤੀਜੇ ਸੈਸ਼ਨ ਦਾ ਕ੍ਰਮਵਾਰ ਸਮਾਂ ਹੋਵੇਗਾ ਸਵੇਰੇ 9-30
ਤੋਂ 1-30 ਅਤੇ ਸ਼ਾਮ ਨੂੰ
2-30 ਤੋਂ 5-30 ਤੱਕ।
ਇਨ੍ਹਾਂ ਸੈਸ਼ਨਾਂ
ਵਿਚ ਪੰਜਾਬੀ ਕੌਮ ਦੇ ਹਵਾਲੇ ਨਾਲ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਮਸਲੇ,
ਪੰਜਾਬੀ ਕੌਮ ਦੀਆਂ ਜਾਤੀ, ਸਮਾਜੀ,
ਆਰਥਿਕ ਤੇ ਭੂਗੋਲਿਕ ਸਮੱਸਿਆਵਾਂ ਅਤੇ ਮੀਡੀਏ ਦਾ ਰੋਲ ਵਿਸ਼ਿਆਂ
ਉੱਪਰ ਚਰਚਾ ਹੋਵੇਗੀ।
17
ਫਰਵਰੀ ਨੂੰ ਚੌਥੇ ਸੈਸ਼ਨ ਦਾ ਸਮਾਂ ਹੋਵੇਗਾ ਸਵੇਰੇ 9-30
ਤੋਂ 1-30 ਵਜੇ ਤੱਕ।
ਇਸ ਸੈਸ਼ਨ ਦੀ
ਮੁੱਖ ਥੀਮ ਹੋਵੇਗੀ : ਪੰਜਾਬੀ ਦਰਸ਼ਨ (ਫਿਲਾਸਫੀ) : ਸੰਕਲਪ ਅਤੇ ਵਿਕਾਸ।
ਪੰਜਵੇਂ ਸੈਸ਼ਨ
ਦਾ ਸਮਾਂ ਹੋਵੇਗਾ 2-30
ਤੋਂ 5-30 ਵਜੇ ਤੱਕ ਅਤੇ ਇਸ ਸੈਸ਼ਨ
ਵਿਚ ਚਰਚਾ ਦੇ ਵਿਸ਼ੇ ਹੋਣਗੇ : ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਮਾਜੀ,
ਸਿਆਸੀ, ਮਾਲੀ ਸਰੋਕਾਰ ਅਤੇ ਉਨ੍ਹਾਂ
ਦੇ ਹੱਲ।
18
ਫਰਵਰੀ ਸਵੇਰੇ 9-30 ਤੋਂ 1-30
ਵਜੇ ਤੱਕ ਕਾਨਫਰੰਸ ਦਾ ਆਖਰੀ ਅਤੇ ਵਿਦਾਇਗੀ ਸੈਸ਼ਨ ਹੋਵੇਗਾ।
ਇਹ ਮੁੱਖ ਤੌਰ
'ਤੇ
ਖੁਲ੍ਹਾ ਸੈਸ਼ਨ ਹੋਵਗਾ ਅਤੇ ਡੈਲੀਗੇਟ ਆਪਣੇ ਪ੍ਰਤੀਕਰਮ ਪੇਸ਼ ਕਰਨਗੇ।
ਪ੍ਰਤੀਨਿੱਧ
ਪੱਤਰਕਾਰ ਆਪਣੇ ਵਿਚਾਰ ਰੱਖਣਗੇ ਅਤੇ ਮਤੇ ਪੇਸ਼ ਕੀਤੇ ਜਾਣਗੇ।
ਹਰ ਸੈਸ਼ਨ ਵਿਚ
ਵਿਸ਼ੇ ਨਾਲ ਸੰਬੰਧਿਤ ਵਿਦਵਾਨ ਆਪਣੇ ਪਰਚੇ ਪੇਸ਼ ਕਰਨਗੇ।
ਪੈਨਲ ਚਰਚਾ
ਹੋਵੇਗੀ ਅਤੇ ਡੈਲੀਗੇਟਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
15, 16
ਅਤੇ 17 ਫਰਵਰੀ ਸ਼ਾਮ ਨੂੰ 6-30
ਤੋਂ 8-30 ਵਜੇ ਤੱਕ ਹਰ ਰੋਜ
ਕ੍ਰਮਵਾਰ ਗੀਤ-ਸੰਗੀਤ, ਨਾਟਕ ਅਤੇ ਕਵੀ ਦਰਬਾਰ ਦੀ
ਪੇਸ਼ਕਾਰੀ ਕੀਤੀ ਜਾਵੇਗੀ।
(8 ਫਰਵਰੀ
2007) ਯੂਨੀਕੋਡ