ਨਿਊਯਾਰਕ (ਸੁਰਿੰਦਰ
ਸੋਹਲ)-ਪੰਜਾਬੀ ਸਿੱਖ ਵਿਦਵਾਨ,
ਸਾਹਿਤਕਾਰ ਅਤੇ
ਪੰਜਾਬੀਆਂ ਦੀ ਹਰਮਨ ਪਿਆਰੀ ਸ਼ਖਸੀਅਤ ਡਾ. ਗੁਰਚਰਨ ਸਿੰਘ ਦਾ ਅੰਤਿਮ ਸੰਸਕਾਰ ਪਹਿਲੀ
ਅਪ੍ਰੈਲ ਨੂੰ ਲੌਂਗਆਈਲੈਂਡ ਵਿਚ ਕਰ ਦਿੱਤਾ ਗਿਆ।
ਉਹਨਾਂ ਦੇ
ਅੰਤਿਮ ਸੰਸਕਾਰ ਵੇਲੇ ਟ੍ਰਾਈ ਸਟੇਟ ਦੀਆਂ ਸਮੂਹ ਧਾਰਮਿਕ,
ਰਾਜਨੀਤਿਕ,
ਸਾਹਿਤਕ ਅਤੇ ਸਮਾਜਿਕ
ਜਥੇਬੰਦੀਆਂ ਦੇ ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਡਾ. ਗੁਰਚਰਨ ਸਿੰਘ ਦੇ
ਸੈਂਕੜੇ ਪ੍ਰਸ਼ੰਸਕ ਅਤੇ ਮਿੱਤਰ ਹਾਜ਼ਰ ਸਨ।
ਯਾਦ ਰਹੇ ਸਿੱਖ ਵਿਦਵਾਨ
ਅਤੇ ਪੰਜਾਬੀ ਸਾਹਿਤਕਾਰ ਡਾ. ਗੁਰਚਰਨ ਸਿੰਘ ਦੀ ਇਕ ਹਾਦਸੇ ਵਿਚ ਬੇਵਕਤ ਮੌਤ ਹੋ ਗਈ
ਸੀ।
ਉਹ ਗੁਰਦੁਆਰਾ ਪਲੇਨਵਿਊ
ਵਿਚੋਂ ਮੱਥਾ ਟੇਕ ਕੇ ਬਾਹਰ ਨਿਕਲੇ ਸਨ।
ਸੜਕ ਪਾਰ ਕਰਨ
ਵੇਲੇ ਇਕ ਕਾਰ ਉਹਨਾਂ ਨਾਲ ਟਕਰਾ ਗਈ।
ਇਹ ਹਾਦਸਾ
ਉਹਨਾਂ ਲਈ ਜਾਨ-ਲੇਵਾ ਸਾਬਿਤ ਹੋਇਆ।
ਇਹ ਦੁਰਘਟਨਾ
30-31 ਮਾਰਚ ਦੀ
ਰਾਤ ਨੂੰ ਵਾਪਰੀ ਸੀ।
ਪਹਿਲੀ ਅਪ੍ਰੈਲ ਨੂੰ ਡਾ.
ਗੁਰਚਰਨ ਸਿੰਘ ਦੀ ਦੇਹ ਮੈਲੋਨੀ ਫੈਮਿਲੀ ਫਿਊਨਰਲ ਹੋਮ ਰੌਂਕਨਕੋਮਾ,
ਲਾਂਗਆਈਲੈਂਡ ਵਿਚ ਅੰਤਿਮ
ਦਰਸ਼ਨਾਂ ਲਈ ਰੱਖੀ ਗਈ ਸੀ।
ਨਾਨਕ ਸਿੰਘ
ਪ੍ਰੀਤ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ।
ਅੰਤਿਮ ਅਰਦਾਸ
ਕਰਕੇ ਸਮੂਹ ਗੁਰੂਘਰਾਂ ਵਲੋਂ ਇਕ ਸਿਰੋਪਾਓ ਡਾ. ਗੁਰਚਰਨ ਸਿੰਘ ਦੀ ਦੇਹ ਨੂੰ ਭੇਂਟ
ਕੀਤਾ ਗਿਆ।
ਸਾਢੇ ਪੰਜ ਵਜੇ
ਉਹਨਾਂ ਦੀ ਦੇਹ ਅਗਨੀ ਦੇ ਸਪੁਰਦ ਕਰ ਦਿੱਤੀ ਗਈ।
ਡਾ. ਗੁਰਚਰਨ ਸਿੰਘ ਮੈਰੀ
ਮੌਂਟ ਕਾਲਜ ਮੈਨਹਾਟਨ ਵਿਚ ਪੁਲੀਟੀਕਲ ਸਾਇੰਸ ਦੇ ਪ੍ਰੋਫੈਸਰ ਸਨ।
ਉਹ ਯੂ ਐਨ ਓ ਦੇ
ਪ੍ਰਵਕਤਾ ਵੀ ਸਨ।
ਅਮਰੀਕਾ ਦੀਆਂ
ਸਿੱਖ ਸਰਗਰਮੀਆਂ ਵਿਚ ਹਮੇਸ਼ਾ ਮੋਹਰੀ ਬਣ ਕੇ ਵਿਚਰਨ ਵਾਲੇ ਡਾ. ਗੁਰਚਰਨ ਸਿੰਘ
ਅਮਰੀਕਾ ਦੀਆਂ ਕਈ ਸਾਹਿਤ ਸਭਾਵਾਂ ਦੇ ਸਰਗਰਮ ਮੈਂਬਰ ਅਤੇ ਅਹੁਦੇਦਾਰ ਸਨ।
ਡਾ. ਸਾਹਿਬ
‘ਸਿੱਖ ਹੈਰੀਟੇਜ’
ਨਾਂ ਦੀ ਸੰਸਥਾ ਚਲਾਉਂਦੇ
ਸਨ ਅਤੇ ਸਮੇਂ ਸਮੇਂ ਸਿੱਖ ਧਰਮ,
ਪੰਜਾਬੀ ਸਾਹਿਤ,
ਸਿੱਖਾਂ ਦੀ ਮੌਜੂਦਾ
ਸਥਿਤੀ, ਸਿੱਖਾਂ
ਦੀ ਆਜ਼ਾਦੀ ਆਦਿ ਬਾਰੇ ਸੈਮੀਨਾਰ ਕਰਵਾ ਕੇ ਇਕ ਵਿਅਕਤੀ ਵਜੋਂ ਨਹੀਂ ਸਗੋਂ ਇਕ ਸੰਸਥਾ
ਵਜੋਂ ਕੰਮ ਕਰੇ ਸਨ।
ਨਿਊਯਾਰਕ ਦੇ ਕਿਸੇ ਵੀ
ਪੰਜਾਬੀ ਨੂੰ ਜਦੋਂ ਵੀ ਕਦੇ ਕੋਈ ਮੁਸ਼ਕਲ ਆਉਂਦੀ ਸੀ ਤਾਂ ਉਹ ਡਾ. ਗੁਰਚਰਨ ਸਿੰਘ ਦਾ
ਨੰਬਰ ਡਾਇਲ ਕਰਕੇ ਹੀ ਸਲਾਹ ਮਸ਼ਵਰਾ ਕਰਨ ਵਿਚ ਮਾਣ ਮਹਿਸੂਸ ਕਰਦਾ ਸੀ।
ਇਸੇ ਕਰਕੇ ਡਾ.
ਗੁਰਚਰਨ ਸਿੰਘ ‘ਪੰਜਾਬੀਆਂ
ਦੇ ਨਾਈਨ ਵਨ ਵਨ’
ਕਰਕੇ ਵੀ ਮਸ਼ਹੂਰ ਸਨ।
ਉਹ ਆਪਣੇ ਪਿਛੇ
ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ।
ਡਾ. ਗੁਰਚਰਨ ਸਿੰਘ
ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਸਨ।
ਉਹਨਾਂ ਦੀ ਅਚਾਨਕ ਮੌਤ
ਦੇ ਗੱਲਬਾਤ ਕਰਦਿਆਂ ਸੁਸਾਇਟੀ ਦੀ ਜਨਰਲ ਸਕੱਤਰ ਸ੍ਰੀਮਤੀ ਰਾਣੀ ਨਗੇਂਦਰ ਨੇ ਕਿਹਾ
ਕਿ ਡਾ. ਸਾਹਿਬ ਦੀ ਮੌਤ ਨਾਲ ਅਸੀਂ ਗ਼ਮ ਦੇ ਸਾਗਰ ਵਿਚ ਏਨਾਂ ਗਹਿਰਾ ਡੁੱਬ ਗਏ ਹਾਂ
ਕਿ ਅਜੇ ਤੱਕ ਬਾਹਰ ਨਹੀਂ ਨਿਕਲ ਸਕੇ।
ਡਾ. ਸਾਹਿਬ
ਵਰਗੀ ਸ਼ਖਸੀਅਤ ਦਾ ਜੋੜ ਲੱਭਣਾ ਬਹੁਤ ਮੁਸ਼ਕਲ ਹੈ।
ਸਿੱਖਾਂ ਨੂੰ
ਜਾਗਰਤ ਕਰਨ ਲਈ ਕੀਤੀਆਂ ਗਈਆਂ ਸਰਗਰਮੀਆਂ ਕਾਰਨ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਯਾਦ
ਰੱਖਿਆ ਜਾਂਦਾ ਰਹੇਗਾ।
ਰਾਣੀ ਨਗੇਂਦਰ
ਨੇ ਅੱਗੇ ਚੱਲ ਕੇ ਕਿਹਾ ਕਿ ਹਰ ਕਿਸੇ ਦੀ ਮਦਦ ਕਰਨ ਲਈ ਹਰ ਵਕਤ ਤਿਆਰ ਰਹਿਣ ਵਾਲੇ
ਡਾ. ਗੁਰਚਰਨ ਸਿੰਘ ਬੇਹੱਦ ਮਿੱਠਬੋਲੜੇ,
ਨਿਮਰ ਤੇ ਦਿਲ ਵਿਚ ਵਸ
ਜਾਣ ਵਾਲੇ ਇਨਸਾਨ ਸਨ।
ਉਹਨਾਂ ਦੇ
ਅਚਾਨਕ ਚਲੇ ਜਾਣ ਦਾ ਗ਼ਮ ਅਸਹਿ ਹੈ।
ਡਾ. ਸਾਹਿਬ ਦੀ ਅਚਾਨਕ
ਹੋਈ ਮੌਤ ਕਾਰਨ ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ ਦੀ 7
ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ।
ਉਹਨਾਂ ਦੀ ਅਚਾਨਕ ਮੌਤ
’ਤੇ ਪੰਜਾਬੀ
ਸਾਹਿਤ ਅਕੈਡਮੀ ਨਿਊਯਾਰਕ ਦੇ ਐਗਜ਼ੈਕਟਿਵ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਨੇ ਕਿਹਾ
ਕਿ ਸਿੱਖ ਕੌਮ ਦੀ ਆਜ਼ਾਦੀ ਲਈ ਡਾ. ਗੁਰਚਰਨ ਸਿੰਘ ਵਲੋਂ ਕੀਤੀ ਜੱਦੋ-ਜਹਿਦ ਨੂੰ
ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕੇਗਾ।
ਉਹ ਇਕੱਲੇ
ਸਿੱਖਾਂ ਦੀ ਆਜ਼ਾਦੀ ਦੇ ਹੀ ਅਲੰਬਰਦਾਰ ਨਹੀਂ ਸਨ,
ਸਗੋਂ ਹਰ ਦੱਬੀ ਕੁਚਲੀ
ਕੌਮ ਨਾਲ ਖੜ੍ਹਨ ਵਾਲੇ ਵਿਅਕਤੀ ਸਨ।
ਪੰਜਾਬੀ ਸਾਹਿਤ ਅਕੈਡਮੀ
ਨਿਊਯਾਰਕ ਦੇ ਜਨਰਲ ਸਕੱਤਰ ਸੁਰਿੰਦਰ ਸੋਹਲ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ
ਡਾ. ਗੁਰਚਰਨ ਸਿੰਘ ਵਰਗੀ ਨੇਕ,
ਸ਼ਰੀਫ,
ਵਿਦਵਤਾ ਭਰਪੂਰ ਸ਼ਖਸੀਅਤ
ਦਾ ਅਚਾਨਕ ਚਲੇ ਜਾਣਾ ਇਸ ਤਰ੍ਹਾਂ ਹੈ,
ਜਿਵੇਂ ਕੋਈ ਬਜ਼ਰੁਗ ਭਰੇ
ਮੇਲੇ ਵਿਚ ਕਿਸੇ ਬੱਚੇ ਦਾ ਹੱਥ ਛੱਡ ਕੇ ਅਚਾਨਕ ਲੋਪ ਹੋ ਜਾਵੇ।
ਤੇ ਸਾਡੀ ਹਾਲਤ
ਇਕੱਲੇ ਰਹਿ ਗਏ ਉਸ ਬੱਚੇ ਵਰਗੀ ਹੈ,
ਜਿਹੜਾ ਬੇਆਸਰਾ ਹੋਇਆ
ਭਰੇ ਮੇਲੇ ਵਿਚ ਡੌਰ ਭੌਰ ਹੋ ਗਿਆ ਹੋਵੇ।
ਡਾ. ਸਾਹਿਬ ਦੇ ਜਾਣ ਦੇ
ਦੁੱਖ ਨੂੰ ਮਹਿਸੂਸ ਕਰਦੇ ਹੋਏ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ 20
ਅਪ੍ਰੈਲ ਨੂੰ ਕੀਤਾ ਜਾ ਰਿਹਾ ‘ਵਿਸਾਖੀ
ਦਾ ਪ੍ਰੋਗਰਾਮ’
ਰੱਦ ਕਰ ਦਿੱਤਾ ਗਿਆ ਹੈ।
ਡਾ. ਗੁਰਚਰਨ ਸਿੰਘ ਦੀ
ਸ਼ਖਸੀਅਤ ਦੀ ਹਰਮਨਪਿਆਰਤਾ ਦਾ ਇਹ ਪ੍ਰਤੱਖ ਸਬੂਤ ਸੀ ਕਿ ਉਹਨਾਂ ਦੀ ਅੰਤਿਮ ਯਾਤਰਾ
ਵੇਲੇ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ,
ਬਾਬਾ ਮੱਖਣ ਸ਼ਾਹ ਲੁਬਾਣਾ
ਗੁਰੂਘਰ,
ਸ਼੍ਰੋਮਣੀ ਅਕਾਲੀ ਦਲ (ਬਾਦਲ),
ਮਾਨ ਦਲ,
ਸਿੱਖ ਯੂਥ ਅਮਰੀਕਾ,
ਇੰਡੀਅਨ ਨੈਸ਼ਨਲ ਓਵਰਸੀਜ਼
ਕਾਂਗਰਸ, ਧੰਨ
ਧੰਨ ਬਾਬਾ ਬੁੱਢਾ ਜੀ ਸੁਸਾਇਟੀ,
ਸੰਤ ਪ੍ਰੇਮ ਸਿੰਘ ਸਿੱਖ
ਕਲਚਰਲ ਸੁਸਾਇਟੀ,
ਪੰਜਾਬੀ ਸਾਹਿਤ ਅਕੈਡਮੀ
ਨਿਊਯਾਰਕ,
ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ,
ਸ਼ੇਰ-ਏ-ਪੰਜਾਬ ਅਖਬਾਰ,
ਸ਼ਾਨ-ਏ-ਪੰਜਾਬ ਅਖਬਾਰ,
ਪੰਜਾਬ ਐਕਸਪ੍ਰੈਸ ਅਖਬਾਰ
ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਸੈਂਕੜੇ ਅਹੁਦੇਦਾਰ ਅਤੇ
ਮੈਂਬਰ, ਹਾਜ਼ਿਰ
ਸਨ।
(4 ਅਪਰੈਲ 2007)