ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਚਰਨਜੀਤ ਸਿੰਘ ਪੰਨੂ ਦੇ ਕਹਾਣੀ ਸੰਗ੍ਰਹਿ ‘ਖੇੜੇ ਦਾ ਸਿਰਨਾਵਾਂ’ ਤੇ ਗੋਸ਼ਟੀ


ਚਰਨਜੀਤ ਸਿੰਘ ਪੰਨੂੰ ਜਵਾਬ ਦੇਂਦੇ ਹੋਏ

 

ਚਰਨਜੀਤ ਸਿੰਘ ਪੰਨੂ ਦੇ ਕਹਾਣੀ ਸੰਗ੍ਰਹਿ ‘ਖੇੜੇ ਦਾ ਸਿਰਨਾਵਾਂ’ ਤੇ ਗੋਸ਼ਟੀ, 75 ਤੋਂ ਵੱਧ ਲੇਖਕਾਂ ਭਾਗ ਲਿਆ
ਫਰੀਮੋਂਟ 18 ਮਾਰਚ ਐਤਵਾਰ-- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਬੈਠਕ ਗੋਲਡਨ ਮੋਮੈਂਟ ਇੰਡੀਅਨ ਕੁਜ਼ੀਨ ਵਾਰਮ ਸਪਰਿੰਗ ਬੁਲੇਵਾਡ ਫਰੀਮੌਂਟ ਵਿਖੇ ਹੋਈ। ਇਸ ਵਿੱਚ ਚਰਨਜੀਤ ਸਿੰਘ ਪੰਨੂ ਦੇ ਨਵੇਂ ਕਹਾਣੀ-ਸੰਗ੍ਰਹਿ ‘ਖੇੜੇ ਦਾ ਸਿਰਨਾਵਾਂ‘ ਬਾਰੇ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਵੀਰ ਸਿੰਘ ਰੰਧਾਵਾ, ਕਹਾਣੀਕਾਰ ਅਮਰਜੀਤ ਕੌਰ ਪੰਨੂ, ਕਹਾਣੀਕਾਰ ਰਬਿੰਦਰ ਸਿੰਘ ਅਟਵਾਲ ਤੇ ਤਾਰਾ ਸਾਗਰ ਸਸ਼ੋਭਿਤ ਹੋਏ। ਸਭਾ ਦੇ ਜਨਰਲ ਸਕੱਤਰ ਸ. ਪਿਆਰਾ ਸਿੰਘ ਕੁਦੋਵਾਲ ਨੇ ਸਾਰੇ ਆਏ ਮਹਿਮਾਨਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ ਤੇ ਮੁੱਖ ਮਹਿਮਾਨ ਵੀਰ ਸਿੰਘ ਰੰਧਾਵਾ ਬਾਰੇ ਚਾਨਣਾ ਪਾਇਆ। ਸਭਾ ਵੱਲੋਂ ਸਨਮਾਨ ਵਜੋਂ  ਪੁਸਤਕਾਂ ਭੇਟ ਕੀਤੀਆਂ ਗਈਆਂ। ਉਹਨਾਂ ਦੇ ਪੁਰਾਣੇ ਕਾਲਜ ਦੇ ਵਿਦਿਆਰਥੀ ਤੇ ਸਾਥੀ ਗੁਰਚਰਨ ਸਿੰਘ ਮਾਨ, ਹਰਭਜਨ ਸਿੰਘ, ਹਰਬੰਸ ਸਿੰਘ ਤੱਖੜ ਨੇ ਉਹਨਾਂ ਦੀ ਸ਼ਖਸੀਅਤ, ਸਾਹਿਤ ਤੇ ਸਮਾਜ ਪ੍ਰਤੀ ਉਹਨਾਂ ਦੀ ਦੇਣ ਦੇ ਪੱਖ ਉਜਾਗਰ ਕੀਤੇ।

ਚਰਨਜੀਤ ਸਿੰਘ ਪੰਨੂ ਦੀ ਕਿਤਾਬ ‘ਖੇੜੇ ਦਾ ਸਿਰਨਾਵਾਂ’ ਤੇ ਪੜ੍ਹਨ ਵਾਲੇ ਪਰਚਾ ਕਾਰ ਡਾਕਟਰ ਜਗਜੀਤ ਸਿੰਘ ਤਬੀਅਤ ਖਰਾਬ ਹੋਣ ਕਰਕੇ ਤੇ ਡਾਕਟਰ ਆਤਮ ਜੀਤ ਸਿੰਘ ਪਿਛਲੀ ਸ਼ਾਮ ਐਕਸੀਡੈਂਟ ਹੋਣ ਕਰਕੇ ਨਾ ਆ ਸਕੇ। ਪ੍ਰੋਫੈਸਰ ਸਰਜੀਤ ਕੌਰ ਨੇ ਆਪਣੇ ਪਰਚੇ ਵਿੱਚ ਕਹਾਣੀਕਾਰ ਦੀਆਂ ਬਹੁ ਪ੍ਰਤੀ ਵਿਸਿ਼ਆਂ, ਜੁਗਤਾਂ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਕੀਤਾ। ‘ ਪੰਨੂ ਦਾ ਪੰਜਵਾਂ ਕਹਾਣੀ ਸੰਗ੍ਰਹਿ ਖੇੜੇ ਦਾ ਸਿਰਨਾਵਾਂ ਪੰਜਾਬੀ ਪੇਂਡੂ ਤੇ ਸ਼ਹਿਰੀ ਸਭਿਆਚਾਰ ਤੋਂ ਲੈ ਕੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਰਿਸ਼ਤਿਆਂ ਦੀਆਂ ਬਣਦੀਆਂ ਵਿਗੜਦੀਆਂ ਨਵੀਆਂ ਸਮੀਕਰਨਾਂ, ਵਿਦੇਸ਼ਾਂ ‘ਚ ਪੁੱਜਣ ਲਈ ਤਰਲੋਮੱਛੀ ਹੁੰਦੇ ਲੋਕ, ਵਿਦੇਸ਼ੀ ਲਾੜਿਆਂ ਨਾਲ ਵਿਆਹੀਆਂ ਕੁੜੀਆਂ ਦੀ ਦੁਰਦਸ਼ਾ, ਬਜ਼ੁਰਗਾਂ ਦਾ ਵਿਦੇਸ਼ਾਂ ਵਿਚ ਅਜਨਬੀ ਪਨ ਅਤੇ ਦੇਸੀ ਸਾਧਾਂ ਦੀਆਂ ਦੇਸ ਤੇ ਵਿਦੇਸ਼ ‘ਚ ਕੀਤੀਆਂ ਕਾਲੀਆਂ ਕਰਤੂਤਾਂ, ਚੌਰਾਸੀ ਵਿਚ ਮਨੁੱਖ ਵਲੋਂ ਮਾਨਵਤਾ ਤੇ ਢਾਏ ਜ਼ੁਲਮ ਤੇ ਔਰਤ ਜਾਤ ਤੇ ਹੋਏ ਤਸ਼ੱਦਦ ਦੀ ਦਾਸਤਾਨ ਬਿਆਨਦਾ ਹੈ। ਵਰਤੇ ਗਏ ਮੁਹਾਵਰੇ, ਅਲੰਕਾਰ ਦ੍ਰਿਸ਼ ਵਰਨਨ ਹਰ ਕਹਾਣੀ ਵਿਚ ਭਾਸ਼ਾ ਵਿਸ਼ੇ ਤੇ ਪਾਤਰ ਦੇ ਅਨੁਕੂਲ ਵਰਤੇ ਗਏ ਹਨ । ਇਹ ਕਹਿਣਾ ਕਿ ਹਥਲੀ ਪੁਸਤਕ ਦੇ ਕਰਤਾ ਕੋਲ ਇਸ ਖਜਾਨੇ ਦੀ ਕੁੰਜੀ ਹਾਸਿਲ ਹੈ ਤੇ ਅਤਕਥਨੀ ਨਹੀਂ ਹੋਵੇਗੀ । ਹਰ ਸਤਰ, ਹਰ ਪਹਿਰੇ ਤੇ ਹਰ ਵਾਰਤਾਲਾਪ ਵਿਚ ਮੁਹਾਵਰੇ ੳਤ ਪੋਤ ਹਨ। ਖੇੜੇ ਦਾ ਸਿਰਨਾਵਾਂ ਵਿਚਲੀਆਂ ਕਹਾਣੀਆਂ ਦੀ ਭਾਸ਼ਾ ਵਿਚ ਪਹਾੜੀ ਨਾਲੇ ਵਰਗੀ ਰਵਾਨਗੀ ਹੈ । ਪਾਠਕ ਦੇ ਜਜ਼ਬਾਤ ਇਸਦੇ ਨਾਲ ਵਹਿ ਤੁਰਦੇ ਹਨ।‘ ਪਰ ਇਸ ਦੇ ਨਾਲ ਹੀ ਉਸ ਨੇ ਕਿਤਾਬ ਵਿੱਚ ਵਰਤੇ ਗਏ ਸ਼ਬਦ ‘ਲੰਗਰ’ ਅਤੇ ਗੁਰਬਾਣੀ ਦੀ ਵਰਤੋਂ ਤੇ ਇਤਰਾਜ਼ ਉਠਾਇਆ।

ਮਹਿੰਦਰ ਸਿੰਘ ਘੱਗ ਅਨੁਸਾਰ ‘ਪੰਨੂ ਹੋਰਾਂ ਦੀਆਂ ਕਹਾਣੀਆਂ ਵਧੀਆ ਹਨ ਤੇ ਖਪਤਕਾਰ ਦੀ ਨਬਜ਼ ਤੇ ਹੱਥ ਧਰ ਕੇ ਲਿਖੀਆਂ ਗਈਆਂ ਹਨ। ਇਹ ਪੁਸਤਕ ਪੜ੍ਹੀ ਜਾਏ ਗੀ ਤੇ ਸਮਾਜਕ ਚੇਤਨਤਾ ਪੇਦਾ ਕਰਨ ਵਿੱਚ ਸਹਾਈ ਹੋਵੇ ਗੀ।’ ਉਹਨਾਂ ਨੇ ਆਪਣੇ ਨੋਟ ਵਿੱਚ ਜਿੱਥੇ ਪੰਨੂ ਹੋਰਾਂ ਦੇ ਬਹੁ ਦਿਸ਼ਾਵੀ ਵਿਸਿ਼ਆਂ ਤੇ ਵਿਧੀਆਂ ਦੀ ਤਾਰੀਫ਼ ਕੀਤੀ ਤੇ ਦਾਦ ਦਿੱਤੀ ਉਥੇ ਅਮਰੀਕਾ ਵਿਖੇ ਹੜ੍ਹ ਆਉਣੇ, ਪੁਲਸੀਏ ਦਾ ਦੁਪੱਟੇ ਨਾਲ ਹੱਥ ਬੰਨ੍ਹਣੇ, ਪਟਵਾਰੀ ਦੀ ਤਸਦੀਕ ਆਦਿ ਉਸ ਦੇ ਪਸੰਦ ਨਹੀਂ ਆਏ। ਪਿਆਰਾ ਸਿੰਘ ਕੁੱਦੋਵਾਲ ਨੂੰ ਕਿਤਾਬ ਦੀਆਂ ਕਹਾਣੀਆਂ ਸਮਲਿੰਗਕ ਰੁਚੀਆਂ/ਰਿਸ਼ਤੇ ਵਿਆਹ ਵਰਗੇ ਸੂਖਮ ਵਿਸ਼ੇ ਸਮੇਤ ਚੰਗੀਆਂ ਲੱਗੀਆਂ ਪਰ ‘ਖੇੜੇ ਦਾ ਸਿਰਨਾਵਾਂ’ ਨਾਮ ਦੀ ਉਸ ਨੂੰ ਸਮਝ ਨਹੀਂ ਆਈ। ਉਸ ਨੇ ਆਪਣੀ ਸਮਝ ਮੁਤਾਬਕ ਕਹਾਣੀਆਂ ਦੇ ਅਰਥ ਹੀਰ ਰਾਂਝੇ ਪ੍ਰਸੰਗ ਵੱਲ ਨੂੰ ਮੋੜ ਲਏ ਤੇ ਕਿਹਾ ਕਿ ਇਸ ਕਿਤਾਬ ਦੇ ਸਾਰੇ ਪਾਤਰ ਰਾਂਝੇ ਤੋਂ ਉਲਟ ਖੇੜੇ ਵੱਲ ਨੂੰ ਰੁਝਾਨ ਰੱਖਦੇ ਹਨ। ਪਸ਼ੌਰਾ ਸਿੰਘ ਢਿਲੋਂ ਨੇ ਲੇਖਕ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਜਦ ਵੀ ਕੋਈ ਲੇਖਕ ਪਰੰਪਰਾ ਤੋਂ ਹਟ ਕੇ ਕੋਈ ਨਵੀਂ ਗੱਲ ਕਰਦਾ ਹੈ ਤਾਂ ਬਹੁਤੀ ਦੇਰ ਇਹ ਪਾਠਕਾਂ ਨੂੰ ਪਚਦੀ ਨਹੀਂ ਪਰ ਹੌਲੇ ਹੌਲੇ ਉਹ ਸਮਝ ਜਾਦੇ ਹਨ। ਅਮਰਜੀਤ ਕੌਰ ਪੰਨੂ ਨੇ ਕਿਹਾ ਕਿ ਉਸ ਨੂੰ ਕਹਾਣੀਕਾਰ ਦੇ ਵਿਸ਼ੇ ਦੀ ਬਹੁਲਤਾ ਤੇ ਕੈਨਵਸ ਤੇ ਤਸੱਲੀ ਹੈ ਤੇ ਭਵਿੱਖ ਵਿੱਚ ਬੜੀਆਂ ਆਸਾਂ ਹਨ। ਨੀਲਮ ਸੈਣੀ ਨੇ ਚਰਨਜੀਤ ਸਿੰਘ ਪੰਨੂ ਦੀ ਸਾਹਿਤਕ ਸ਼ਖਸ਼ੀਅਤ ਇਕ ਕਵਿਤਾ ਦੇ ਰੂਪ ਵਿੱਚ ਉਲੀਕੀ ਜਿਸ ਵਿੱਚ ਸਾਰੀਆਂ ਕਹਾਣੀਆਂ ਦੇ ਹਵਾਲੇ ਨਾਲ ਉਸ ਨੇ ਦੱਸਿਆ ਕਿ ਕਹਾਣੀਆਂ ਦੇ ਪਾਤਰ ਚਿਤਰਦੇ ਸਮੇਂ ਹਰ ਥਾਂ ਲੇਖਕ ਆਪ ਮੌਜੂਦ ਮਿਲਦਾ ਹੈ। ਰਬਿੰਦਰ ਸਿੰਘ ਅਟਵਾਲ ਨੇ ਪੰਨੂ ਦੀ ਇਸ ਕਿਤਾਬ ਨੂੰ ਅਮਰੀਕੀ ਕਹਾਣੀਆਂ ਦੀ ਗੁਣਾਤਮਿਕ ਪ੍ਰਾਪਤੀ ਦੱਸਿਆ। ਅਮਰਜੀਤ ਦਰਦੀ ਨੇ ਕਿਹਾ ਕਿ ਮੈਨੂੰ ਥੋੜੀ ਕੀਤੇ ਕਿਸੇ ਦੀ ਰਚਨਾ ਪਸੰਦ ਨਹੀਂ ਆਉਂਦੀ ਪਰ ਇਹ ਕਹਾਣੀਆਂ ਮੈਨੂੰ ਜਾਨਦਾਰ ਲੱਗੀਆਂ ਹਨ ਤੇ ਮੈਂ ਸਿਫਾਰਿਸ਼ ਕਰਦਾ ਹਾਂ ਕਿ ਸਾਰੇ ਇਹ ਪੜ੍ਹ ਕੇ ਅਨੰਦ ਮਾਨਣ। ਤਾਰਾ ਸਾਗਰ ਨੇ ਚਰਨਜੀਤ ਸਿੰਘ ਪੰਨੂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵਧੇਰੇ ਤੇ ਉਚੇਰੇ ਪੱਧਰ ਦੀ ਕਾਮਨਾ ਕੀਤੀ। ਸਾਧੂ ਸਿੰਘ ਨੇ ਕਿਹਾ ਕਿ ਪੰਨੂ ਨੇ ਸਮਲਿੰਗਕ ਵਿਸ਼ੇ ਨੂੰ ਹੱਥ ਪਾ ਕੇ ਚੰਗੀ ਨਵੀਂ ਪਿਰਤ ਪਾਈ ਹੈ। ਸੁਰਿੰਦਰ ਧਨੋਆ ਨੇ ਆਪਣੀ ਭਾਰਤ ਤੇ ਪਾਕਿਸਤਾਨ ਫੇਰੀ ਨੂੰ ਸੰਖੇਪ ਕੀਤਾ ਤੇ ਲੇਖਕ ਨੂੰ ਵਧਾਈ ਦਿੱਤੀ ਪਰ ਉਹਨੂੰ ਪਿੱਛੇ ਜਿਹੇ ਪੰਜਾਬ ਦੀ ਸਿਆਸਤ ਬਾਰੇ ਪੰਨੂ ਦੀ ਅਖ਼ਬਾਰਾਂ ਵਿੱਚ ਛਪੀ ਕਵਿਤਾ ਪਸੰਦ ਨਹੀਂ ਆਈ।

ਅਖੀਰ ਵਿੱਚ ਚਰਨਜੀਤ ਸਿੰਘ ਪੰਨੂ ਨੇ ਬੜੇ ਠਰ੍ਹੰਮੇ ਨਾਲ ਸਾਰੇ ਸ਼ੱਕ ਸ਼ੁਭਾ ਨਵਿਰਤ ਕਰਨ ਦੀ ਕੋਸਿ਼ਸ਼ ਕੀਤੀ। ਉਹਨਾਂ ਮਹਿੰਦਰ ਸਿੰਘ ਘੱਗ ਦੀ ਸੂਝ ਬੂਝ ਤੇ ਹੈਰਾਨੀ ਪ੍ਰਗਟਾਈ ਕਿ ਉਹ ਇਤਨੇ ਪੁਰਾਣੇ ਸਮੇਂ ਤੋਂ ਕੈਲੀਫੋਰਨੀਆਂ ਰਹਿੰਦੇ ਹੋਏ ਵੀ ਬਹੁਤੀਆਂ ਗੱਲਾ ਤੋਂ ਅਨਜਾਣ ਹਨ। ਕਨੂੰਨ ਤਾਂ ਜਰੂਰ ਹਨ ਪਰ ਸਾਰੀਆਂ ਗੱਲਾਂ ਕਨੂੰਨ ਨਾਲ ਚੱਲਦੀਆਂ ਰਹਿਣ ਤਾਂ ਕਹਾਣੀ ਲਿਖਣ ਦੀ ਲੋੜ ਨਹੀਂ ਬਣਦੀ। ਕਹਾਣੀ ਤਾਂ ਹੀ ਬਣਦੀ ਹੈ ਜੇ ਕੁਝ ਅਨਹੋਣੀ ਵਾਪਰੇ। ਘੱਗ ਦੇ ਕਥਨ ਦੇ ਮੁਤਾਬਕ ਕੈਲੀਫੋਰਨੀਆ ਕਈ ਸਾਲਾਂ ਤੋਂ ਸੋਕੇ ਦੀ ਮਾਰ ਹੇਠ ਚੱਲ ਰਿਹਾ ਹੈ ਤੇ ਹੜ੍ਹਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਪੱਸ਼ਟੀਕਰਨ ਕੀਤਾ ਗਿਆ ਕਿ ਕੈਟਰੀਨਾ ਦੀ ਤਬਾਹੀ ਜਾ 31 ਦਸੰਬਰ 2006 ਦੇ ਦਿਨ ਦੇ ਸੈਕਰਾਮੈਂਟੋ ਦੇ ਹੜ੍ਹ ਜਿਨ੍ਹਾਂ ਲੋਕਾਂ ਦੇ ਘਰ ਘਾਟ ਤਬਾਹ ਕਰ ਗਏ ਉਹਨਾਂ ਨੂੰ ਜਾ ਕੇ ਪੁੱਛੇ। ਕਹਾਣੀ ਤਾਂ ਕਹਾਣੀ ਹੁੰਦੀ ਹੈ ਅਸਲੀ ਹੋਵੇ ਜਾਂ ਨਕਲੀ ਜਾਂ ਭਾਵੇਂ ਸੁਪਨਾ, ਇਹ ਰੀਪੋਰਟ ਨਹੀਂ। ਗੁਰਬਾਣੀ ਦੇ ਵਰਤੇ ਗਏ ਸ਼ਬਦ ਗੁਰਬਾਣੀ ਪ੍ਰਤੀ ਸ਼ਰਧਾ ਤੇ ਇਸ ਦੀ ਮਹਾਨਤਾ ਪ੍ਰਚਾਰਨ ਹਿਤ ਵਰਤੇ ਗਏ ਹਨ ਤੇ ਇਸ ਬਾਰੇ ਸੌੜੀ ਸੋਚ ਤਿਆਗਣੀ ਚਾਹੀਦੀ ਹੈ। ਜੇ ਕੋਈ ਆਪ ਕੁਝ ਚੰਗਾ ਨਹੀਂ ਲਿਖ ਸਕਦਾ ਤਾ ਉਹਨੂੰ ਸਪੀਡ ਨਾਲ ਚੰਗਾ ਲਿਖਦੇ ਹੋਰਾਂ ਲੇਖਕਾਂ ਨਾਲ ਖਾਰ ਨਹੀਂ ਖਾਣੀ ਚਾਹੀਦੀ। ਲੇਖਕ ਨੇ ਕਿਹਾ ਕਿ ਇਹ ਕਿਤਾਬ ਉਹਨਾਂ ਲੋਕਾਂ ਦੇ ਗਿਆਨ ਹਿਤ ਹੀ ਲਿਖੀ ਗਈ ਹੈ ਜੋ ਅਮਰੀਕਾ ਵਿੱਚ ਰਹਿ ਕੇ ਵੀ ਕੋਹਲੂ ਦੇ ਬੈਲ ਵਾਂਗ ਅੰਦਰ ਹੀ ਵਗਦੇ ਰਹੇ ਹਨ ਤੇ ਬਾਹਰ ਨਿਕਲਨ ਦੀ ਉਹਨਾਂ ਨੂੰ ਕੋਈ ਫੁਰਸਤ ਨਹੀਂ। ਲੇਖਕ ਨੇ ਦੱਸਿਆ ਕਿ ਸਿਰਲੇਖ ‘ਖੇੜੇ’ ਦਾ ਮਤਲਬ ਖੁਸੀ਼ ਤੋਂ ਹੈ ਜੋ ਕਿਤਾਬ ਦੇ ਟਾਈਟਲ ਤੋਂ ਸਪੱਸ਼ਟ ਹੈ ਤੇ ਜੋ ਫਿਰ ਵੀ ਨਾ ਸਮਝ ਸਕੇ ਉਹ ਅੰਦਰਲਾ ਮੁੱਖ ਬੰਦ ‘ਮੈਂ ਹਾਜਰ ਹਾਂ’ ਪੜ੍ਹ ਲਵੇ ਤੇ ਜਾਂ ਫਿਰ ਇਸ ਨਾਮ ਦੀ ਕਹਾਣੀ ਪੜ੍ਹ ਲਏ, ਸਿਰਲੇਖ ਦੀ ਮਹਾਨਤਾ ਤੇ ਅਰਥ ਦੀ ਸਮਝ ਪੈ ਜਾਏ ਗੀ ਤੇ ਹੀਰਾਂ ਰਾਂਝਿਆਂ ਪਿੱਛੇ ਭਟਕਣ ਦੀ ਲੋੜ ਨਹੀਂ ਪਵੇਗੀ। ਪਾਠਕ/ ਅਲੋਚਕ ਨੂੰ ਪੂਰੀ ਖੁੱਲ੍ਹ ਹੈ ਕਿ ਜਿਵੇਂ ਮਰਜੀ ਆਪਣੇ ਸੁਹਜ ਸੁਆਜ ਅਨੁਸਾਰ ਰਚਨਾ ਦਾ ਅਰਥ ਕੱਢੇ ਪਰ ਅਨਰੱਥ ਨਾ ਕਰੇ। ਪ੍ਰਿੰਸੀਪਲ ਵੀਰ ਸਿੰਘ ਰੰਧਾਵਾ ਨੇ ਲੇਖਕ ਨੂੰ ਮੁਬਾਰਕ ਦਿੱਤੀ ਜੋ ਅਮਰੀਕਾ ਜਿਹੇ ਪਦਾਰਥਵਾਦੀ ਮੁਲਕ ਵਿੱਚ ਰਹਿੰਦੇ ਹੋਏ ਵੀ ਪੰਜਾਬੀ ਬੋਲੀ ਦੀ ਸੇਵਾ ਕਰ ਲਿਖ ਰਹੇ ਹਨ। ਉਹਨਾਂ ਬਹਿਸ ਨੂੰ ਉਸਾਰੂ ਦੱਸਦਿਆਂ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਨੂੰ ਅਜੇਹੇ ਪ੍ਰੋਗਰਾਮ ਉਪਰਾਲੇ ਕਰਨ ਵਾਸਤੇ ਮੁਬਾਰਕ ਕਹੀ।


ਉਪਰੰਤ ਕਵੀ ਦਰਬਾਰ ਵਿੱਚ ਪ੍ਰੋ ਹਰਭਜਨ ਸਿੰਘ, ਨੀਲਮ ਸੈਣੀ, ਪਿਆਰਾ ਸਿੰਘ ਕੁੱਦੋਵਾਲ , ਪ੍ਰੋਫੈਸਰ ਸਰਜੀਤ ਕੌਰ, ਤਾਰਾ ਸਾਗਰ, ਪਛੌਰਾ ਸਿੰਘ ਢਿੱਲੋਂ, ਮਾਸਟਰ ਰਿੰਕੂ, ਸੁਖਦੇਵ ਸਾਹਿਲ, ਮੱਖਣ ਲੋਹਾਰ, ਅਭੀਤਾਜ ਸੈਣੀ, ਜੋਤੀ ਸਿੰਘ, ਚਰਨਜੀਤ ਸਿੰਘ ਪੰਨੂ, ਅਤੇ ਪ੍ਰੋਫੈਸਰ ਕੁਲਦੀਪ ਸਿੰਘ ਆਦਿ ਨੇ ਆਪਣੇ ਕਲਾਮ ਨਾਲ ਸਰੋਤਿਆਂ ਦੇ ਥਕੇਵੇਂ ਲਾਹੁਣ ਦੀ ਕੋਸਿ਼ਸ਼ ਕੀਤੀ ਅਤੇ ਸ੍ਰੋਤਿਆਂ ਨੇ ਖੂਬ ਆਨੰਦ ਮਾਣਿਆ। ਅਖੀਰ ਵਿੱਚ ਕੁਜ਼ੀਨ ਦਾ ਕਰਮਚਾਰੀ ਜੀਤ ਸਿੰਘ ਵੀ ਇਸ ਮਹਿਫਲ ਨੂੰ ਵੇਖ ਕੇ ਨਿੱਤਰ ਆਇਆ ਤੇ ‘ਇਹ ਦੁਨੀਆ ਦੋ ਰੰਗੀ ਏ, ਇੱਕ ਪਾਸੇ ਰੇਸ਼ਮ ਘੋੜੇ ਦੂਜੇ ਪਾਸੇ ਤੰਗੀ ਏ।’ ਆਪਣੇ ਮਨ ਦੀ ਭੜਾਸ ਕੱਢ ਗਿਆ। ਸੂਝਵਾਨ ਸ੍ਰੋਤਿਆਂ ਵਿੱਚ ਗੁਰਬਖਸ ਸਿੰਘ ਸਚਦੇਵ, ਅਮਰੀਕ ਸਿੰਘ ਪੰਨੂ, ਇੰਦਰ ਸਿੰਘ ਪੰਨੂ, ਡਾਕਟਰ ਨਵਰੀਤ ਕੌਰ ਢਿਲੋਂ, ਸੋਨੀ ਰੰਧਾਵਾ, ਪ੍ਰੀਤਮ ਚਾਵਲਾ, ਸਿਆਸਤ ਸਿੰਘ ਜੰਮੂ, ਜੋਤੀ ਸਿੰਘ, ਗਿਆਨ ਸੂਦ, ਸਾਧੂ ਸਿੰਘ, ਗੁਲਵਿੰਦਰ ਦਰਦੀ, ਜਵਾਲਾ, ਸੁਰਿੰਦਰ ਸਿੰਘ ਰੰਧਾਵਾ, ਹਰੀ ਸਿੰਘ ਗਰੇਵਾਲ, ਹਿੰਮਤ ਸਿੰਘ ਹਿੰਮਤ, ਨਸ਼ੱਤਰ ਕੌਰ, ਕੁਲਵਿੰਂਦਰ ਸਿੰਘ ਤੱਖੜ, ਸਤਿਨਾਮ ਸਿੰਘ ਸੰਧੂ, ਇੰਦਰ ਜੀਤ ਸਿੰਘ, ਸਰਦਾਰ ਚਾਵਲਾ, ਬਖਸ਼ੀਸ਼ ਕੌਰ ਸੰਧੂ, ਨਵਨੀਤ ਕੌਰ ਸੰਧੂ, ਮਨਜੀਤ ਗਿੱਲ, ਮਦਨ ਲਾਲ ਗੋਗਨਾ, ਰਣਜੀਤ ਸਿੰਘ ਸਮੇਤ 75 ਤੋਂ ਵੱਧ ਸਾਹਿਤਕਾਰ ਅਤੇ ਸਾਹਿਤ ਪ੍ਰੇਮੀਆਂ ਨੇ ਭਰਵੀਂ ਸਿ਼ਰਕਤ ਕਰਕੇ ਰੌਣਕ ਵਧਾਈ ਅਤੇ ਕਹਾਣੀਕਾਰ ਨੂੰ ਸ਼ੁੱਭ ਇਸ਼ਾਵਾਂ ਕਹੀਆਂ

(14 ਅਪਰੈਲ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007