ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

 

ਪੰਜਾਬੀ ਸਾਹਿਤ ਅਕੈਡਮੀ ਵਲੋਂ
ਪ੍ਰੋ: ਸ਼ੇਰ ਸਿੰਘ ਕੰਵਲ ਦੀਆਂ ਦੋ ਪੁਸਤਕਾਂ ਰਲੀਜ਼

ਰੀਪੋਰਟ: ਸੁਰਿੰਦਰ ਸੋਹਲ

 

ਪ੍ਰੋ: ਸ਼ੇਰ ਸਿੰਘ ਕੰਵਲ ਦੀਆਂ ਪੁਸਤਕਾਂ ਰਲੀਜ਼ ਕਰਦੇ ਹੋਏ
ਉੱਘੇ ਵਿਦਵਾਨ ਡਾ: ਹਰਨਾਮ ਸਿੰਘ ਸ਼ਾਨ

ਨਿਊਯਾਰਕ- ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਮਹੀਨੇਵਾਰ ਮੀਟਿੰਗ ਪੰਜਾਬੀ ਸ਼ਾਇਰ ਮਨਮੋਹਨ ਪੂਨੀ ਦੇ ਘਰ ਫਲੋਰਲ ਪਾਰਕ, ਨਿਊਯਾਰਕ ਵਿਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ: ਹਰਨਾਮ ਸਿੰਘ ਸ਼ਾਨ ਨੇ ਕੀਤੀ। ਇਸ ਮੌਕੇ ਪ੍ਰੋ: ਸ਼ੇਰ ਸਿੰਘ ਕੰਵਲ ਦੀਆਂ ਦੋ ਕਾਵਿ-ਪੁਸਤਕਾਂ ਰਲੀਜ਼ ਕੀਤੀਆਂ ਗਈਆਂ।
ਸਭ ਤੋਂ ਪਹਿਲਾਂ ਪ੍ਰੋ: ਜੀਤ ਚੰਦਨ ਨੇ ਆਏ ਮਹਿਮਾਨਾਂ ਨੂੰ 'ਜੀ ਆਇਆਂ‘ ਕਿਹਾ।

ਅਕੈਡਮੀ ਦੇ ਸੰਵਿਧਾਨ ਨੂੰ ਅੰਤਿਮ ਰੂਪ ਦੇਣ ਵਾਸਤੇ ਡਾ: ਜੋਧ ਸਿੰਘ ਅਰੋੜਾ ਅਤੇ ਪ੍ਰੇਮ ਮਾਨ ਨੇ ਜ਼ਿੰਮੇਵਾਰੀ ਚੁੱਕੀ ਅਤੇ ਅਗਲੀ ਮੀਟਿੰਗ ਤੱਕ ਸੰਵਿਧਾਨ ਨੂੰ ਆਖਰੀ ਛੋਹਾਂ ਦੇ ਦੇਣ ਦਾ ਉਹਨਾਂ ਵਾਅਦਾ ਕੀਤਾ।

ਮੀਟਿੰਗ ਦੇ ਅਗਲੇ ਦੌਰ ਵਿਚ ਨਿਆਗਰਾ ਫਾਲਜ਼ ਤੋਂ ਵਿਸ਼ੇਸ਼ ਤੌਰ ‘ਤੇ ਆਏ ਪੰਜਾਬੀ ਦੇ ਉੱਘੇ ਲੇਖਕ ਪ੍ਰੋ: ਸ਼ੇਰ ਸਿੰਘ ਕੰਵਲ ਦੀਆਂ ਦੋ ਕਾਵਿ-ਪੁਸਤਕਾਂ 'ਮਿੱਟੀ ਦੇ ਮੋਰ‘ ਅਤੇ 'ਸੰਦਲੀ ਰੁੱਤ‘ ਰਲੀਜ਼ ਕੀਤੀਆਂ ਗਈਆਂ। ਰਲੀਜ਼ ਕਰਨ ਦੀ ਰਸਮ ਡਾ: ਹਰਨਾਮ ਸਿੰਘ ਸ਼ਾਨ ਨੇ ਨਿਭਾਈ।

ਇਸ ਰਸਮ ਤੋਂ ਬਾਅਦ ਪ੍ਰੋ: ਸ਼ੇਰ ਸਿੰਘ ਕੰਵਲ ਨੇ ਆਪਣੇ ਸਾਹਿਤਕ ਸਫਰ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਜਦੋਂ ਕਵੀ ਦਾ ਮਨ ਅਤੇ ਬਾਹਰਲੀ ਕਾਇਨਾਤ ਇਕ ਮਿਕ ਹੋ ਜਾਂਦੀ ਹੈ ਤਾਂ ਸਾਹਿਤ ਪੈਦਾ ਹੁੰਦਾ ਹੈ। ਉਹਨਾਂ ਆਖਿਆ ਕਿ ਉਹਨਾਂ ਦੀ ਸੋਚ ਵਿਚ ਸਾਹਿਤ ਅਤੇ ਸਿਆਸਤ ਦਾ ਦਵੰਦ ਹਮੇਸ਼ਾ ਚਲਦਾ ਰਿਹਾ ਹੈ, ਪਰ ਉਹਨਾਂ ਹਮੇਸ਼ਾ ਸਾਹਿਤ ਸਿਰਜਣਾ ਨੂੰ ਹੀ ਤਰਜੀਹ ਦਿੱਤੀ ਹੈ। ਇਸ ਸਮੇਂ ਪ੍ਰੋ: ਸ਼ੇਰ ਸਿੰਘ ਕੰਵਲ ਹੋਰਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ। ਕੰਵਲ ਸਾਹਿਬ ਦੀਆਂ ਪੁਸਤਕਾਂ ਬਾਰੇ ਡਾ: ਭਗਵੰਤ ਸਿੰਘ, ਦਵਿੰਦਰ ਸੈਫੀ ਅਤੇ ਮਧੂਬਾਲਾ ਵਲੋਂ ਲਿਖੇ ਖੋਜ-ਪੱਤਰਾਂ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ।

ਮੀਟਿੰਗ ਦੇ ਅਗਲੇ ਦੌਰ ਵਿਚ ਸਾਹਿਤ ਪਾਠ ਕੀਤਾ ਗਿਆ। ਸਭ ਤੋਂ ਪਹਿਲਾਂ ਬਲਦੇਵ ਸਿੰਘ ਗਰੇਵਾਲ ਨੇ ਸੰਦਲੀ ਬੂਹਾ 'ਧੰਨਵਾਦ‘ ਪੜ੍ਹਿਆ। ਕਵਿਤਾ ਦੇ ਦੌਰ ਵਿਚ ਬਲਬੀਰ ਸਿੰਘ ਡੁਮੇਲੀ, ਜੀਤ ਚੰਦਨ, ਡਾ: ਅਵਤਾਰ ਸਿੰਘ, ਰਣਧੀਰ ਸਿੰਘ ਨਿਊਯਾਰਕ, ਸੁਰਿੰਦਰ ਸੋਹਲ, ਹਰਬੰਸ ਸਿੰਘ ਸਰਹਾਲੀ, ਪ੍ਰੇਮ ਮਾਨ, ਦਲਜੀਤ ਮੋਖਾ, ਸਤਿੰਦਰ ਕੌਰ, ਰਜਿੰਦਰ ਜਿੰਦ, ਅਮਰਜੀਤ ਸਿੰਘ, ਕੁਲਦੀਪ ਜੱਬੋ, ਬੀ ਜੇ ਸਿੰਘ, ਮਨਮੋਹਨ ਪੂਨੀ, ਬਲਵੰਤ ਹੋਠੀ, ਜਸਬੀਰ ਸਿੰਘ, ਡਾ: ਜੋਧ ਸਿੰਘ ਅਰੋੜਾ, ਭਾਗ ਸਿੰਘ ਰੱਕੜ, ਰਣਜੀਤ ਗਰੋਵਰ ਨੇ ਨਜ਼ਮਾਂ ਪੜ੍ਹੀਆਂ।

ਅਗਲੇ ਦੌਰ ਵਿਚ ਪ੍ਰੇਮ ਮਾਨ ਨੇ ਡਾ: ਹਰਨਾਮ ਸਿੰਘ ਸ਼ਾਨ ਬਾਰੇ ਸੰਖੇਪ, ਪਰ ਭਾਵਪੂਰਤ ਜਾਣਕਾਰੀ ਦਿੱਤੀ।
ਡਾ: ਹਰਨਾਮ ਸਿੰਘ ਸ਼ਾਨ ਨੇ ਪ੍ਰਧਾਨਗੀ ਭਾਸ਼ਣ ਵਿਚ ਬੋਲਦੇ ਹੋਏ ਕਿਹਾ ਕਿ ਖੁੱਲ੍ਹੀ ਕਵਿਤਾ ਵੀ ਲਿਖੋ, ਪਰ ਛੰਦ-ਬੱਧ ਕਵਿਤਾ ਜ਼ਰੂਰ ਲਿਖੋ। ਇਹ ਸਾਡਾ ਵਿਰਸਾ ਹੈ।

ਅਗਲੀ ਮੀਟਿੰਗ 9 ਦਸੰਬਰ ਨੂੰ ਬਲਬੀਰ ਸਿੰਘ ਡੁਮੇਲੀ ਦੇ ਘਰ ਵੈਲੀ ਸਟੀਮ ਵਿਚ ਕਰਨ ਦਾ ਫੈਸਲਾ ਕੀਤਾ ਗਿਆ ਹੈ, ਇਸ ਵਿਚ ਪ੍ਰਮੁੱਖ ਚਰਚਾ ਬਲਦੇਵ ਸਿੰਘ ਗਰੇਵਾਲ ਦੀ ਪੱਤਰਕਾਰੀ ਤੇ ਸਾਹਿਤ ਰਚਨਾਵਾਂ ਬਾਰੇ ਹੋਵੇਗੀ।
ਇਸ ਮੀਟਿੰਗ ਨੂੰ ਬੇਹੱਦ ਸਫਲ ਬਣਾਉਣ ਵਿਚ ਮਨਮੋਹਨ ਪੂਨੀ ਤੇ ਉਹਨਾਂ ਦੀ ਪਤਨੀ ਗੁਰਿੰਦਰਪਾਲ ਕੌਰ ਪੂਨੀ ਅਤੇ ਉਹਨਾਂ ਦੇ ਬੇਟੇ ਬਿਕਰਮ ਪੂਨੀ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਸ ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਕਟਾਰੀਆ ਕੋਚ, ਬਲਵਿੰਦਰ ਸਿੰਘ ਜੰਡਿਆਲਾ, ਗੁਰਦੀਪ ਸਿੰਘ ਇੰਜਨੀਅਰ, ਅਮਰੀਕ ਸਿੰਘ, ਕੁਲਵੰਤ ਸਿੰਘ, ਰੇਅ ਰੀਹਲ, ਸਤਵੰਤ ਕੌਰ ਕੰਵਲ, ਰਾਜ ਮੋਖਾ, ਸਰਬਜੀਤ ਮਾਨ, ਅਮਰਜੀਤ ਕੌਰ, ਅਜਮੇਰ ਕੌਰ, ਹਰਜਿੰਦਰ ਸਿੰਘ ਬਾਹੀਆ ਆਦਿ ਸ਼ਾਮਿਲ ਸਨ। ਮੀਟਿੰਗ ਦੀ ਕਾਰਵਾਈ ਸੁਰਿੰਦਰ ਸੋਹਲ ਨੇ ਨਿਭਾਈ।

(੨੯ ਨਵੰਬਰ ੨੦੦੬) -ਯੂਨੀ-

e-mail: Likhari


© likhari: Punjabi Likhari Forum-2001-2006