ਨਵੰਬਰ
26, 2006 – ਫਰੀਮੌਂਟ: ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾ) ਕੈਲੀਫੋਰਨੀਆ ਵਲੋਂ
26 ਨਵੰਬਰ ਨੂੰ ਬੁਲਾਈ ਗਈ ਉੱਤਰੀ ਅਮਰੀਕਨ ਪੰਜਾਬੀ ਸਾਹਿਤਕ ਕਾਨਫਰੰਸ ਸਾਹਿਤਕਾਰਾਂ
ਅਤੇ ਸਰੋਤਿਆਂ ਦੇ ਭਰਵੇਂ ਹੁੰਗਾਰੇ ਅਤੇ ਹਾਜ਼ਰੀ ਨਾਲ ਬਹੁਤ ਹੀ ਸਫਲਤਾ ਸਹਿਤ ਸੰਪੂਰਨ
ਹੋਈ ਹੈ। ਤਿੰਨ ਅਕਾਦਮਿਕ ਅਤੇ ਸਾਹਿਕਤ ਪੜ੍ਹਾਵਾਂ ਤੋਂ ਇਲਾਵਾ ਇਸ ਕਾਨਫਰੰਸ ਵਿੱਚ
ਬਹੁਤ ਹੀ ਸ਼ਾਨਦਾਰ ਕਵੀ ਦਰਬਾਰ ਅਤੇ ਸੰਗੀਤਕ ਮਹਿਫਲ ਦਾ ਵੀ ਆਯੋਜਨ ਹੋਇਆ ਜਿਸ ਵਿੱਚ
ਉਮਦਾ ਪੰਜਾਬੀ ਅਤੇ ਉਰਦੂ ਸ਼ਾਇਰਾਂ ਨੇ ਹਿੱਸਾ ਲਿਆ। ਵਿਸ਼ਵ ਪੰਜਾਬੀ ਸਾਹਿਤ ਅਕਾਡਮੀ
ਵਲੋਂ ਇਸ ਕਾਨਫਰੰਸ ਵਿੱਚ ਸ਼੍ਰੋਮਣੀ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਅਤੇ ਉਸਤਾਦ ਉਰਦੂ
ਸ਼ਾਇਰ ਸਰਦਾਰ ਪੰਛੀ ਨੂੰ ਵਿਸ਼ੇਸ਼ ਪਲੈਕ ਅਤੇ ਨਕਦ ਇਨਾਮਾਂ ਨਾਲ ਤਾੜੀਆਂ ਦੀ ਗੂੰਜ
ਵਿੱਚ ਸਨਮਾਨਤ ਕੀਤਾ ਗਿਆ।
ਅਕਾਡਮੀ
ਦੇ ਚੇਅਰਮੈਨ ਕੁਲਵਿੰਦਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਅਕਾਡਮੀ ਦੇ
ਟੀਚਿਆਂ ਅਤੇ ਪ੍ਰਾਪਤੀਆਂ ਦੇ ਨਾਲ ਨਾਲ ਇਸ ਕਾਨਫਰੰਸ ਦੇ ਮਕਸਦ ਬਾਰੇ ਵੀ ਚਾਨਣਾ
ਪਾਇਆ ਅਤੇ ਸੁਰਜੀਤ ਪਾਤਰ ਨੂੰ ਕਾਨਫਰੰਸ ਸ਼ੁਰੂ ਕਰਨ ਲਈ ਆਰੰਭਕ ਸ਼ਬਦ ਕਹਿਣ ਦੀ ਦਾਅਵਤ
ਦਿੱਤੀ। ਸੁਰਜੀਤ ਪਾਤਰ ਨੇ ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਕੈਲੀਫੋਰਨੀਆਂ ਦੀ ਸਥਾਪਨਾ
ਦਾ ਜ਼ਿਕਰ ਕਰਦਿਆਂ ਸਭ ਮੈਂਬਰਾਂ ਨੂੰ ਇਸ ਦੇ ਮੁੱਢਲੇ ਨਿਸ਼ਾਨਿਆਂ ਦੀ ਯਾਦ ਦਿਵਾਉਂਦਿਆਂ
ਕਿਹਾ ਕਿ ਇਸ ਅਕਾਡਮੀ ਨੇ ਅਜੇ ਵਿਸ਼ਵ ਪੰਜਾਬੀ ਸਾਹਿਤ ਖੇਤਰ ਦੀ ਸੇਵਾ ਲਈ ਹੋਰ ਠੋਸ
ਕੰਮ ਕਰਨੇ ਹਨ। ਅਕਾਡਮੀ ਸਹੀ ਰਾਹ ਤੇ ਚੱਲ ਰਹੀ ਹੈ ਪਰ ਆਪਣਾ ਘੇਰਾ ਹੋਰ ਵਿਸ਼ਾਲ ਕਰਨ
ਦੀ ਲੋੜ ਹੈ। ਸੁਰਿੰਦਰ ਸੀਰਤ ਨੇ ਅਕਾਡਮੀ ਵਲੋਂ ਪ੍ਰਕਾਸ਼ਤ ਮੈਗਜ਼ੀਨ “ਵਿਸ਼ਵ ਪੰਜਾਬੀ
ਸਾਹਿਤ-2” ਦੀ ਕਾਪੀ ਸੁਰਜੀਤ ਪਾਤਰ ਹੋਰਾਂ ਨੂੰ ਦੇ ਕੇ ਰਿਲੀਜ਼ ਕੀਤੀ। ਇਸ ਮੈਗਜ਼ੀਨ
ਵਿੱਚ ਅਕਾਡਮੀ ਨਾਲ ਸਬੰਧਤ ਲੇਖਕਾਂ ਦੀਆਂ ਰਚਨਾਵਾਂ ਦੇ ਨਾਲ ਅਮਰੀਕਾ, ਕਨੈਡਾ ਅਤੇ
ਭਾਰਤ ਦੇ ਬਹੁਤ ਸਾਰੇ ਹੋਰ ਲੇਖਕਾਂ ਦੀਆਂ ਪ੍ਰਤੀਨਿਧ ਰਚਨਾਵਾਂ ਵੀ ਸ਼ਾਮਲ ਹਨ।
ਪਹਿਲੇ
ਪੜ੍ਹਾ ਵਿੱਚ ਸੁਰਿੰਦਰ ਸੀਰਤ ਨੇ “ਅਮਰੀਕੀ ਪੰਜਾਬੀ ਕਵਿਤਾ ਦੀ ਦਿਸ਼ਾ ਅਤੇ
ਦ੍ਰਿਸ਼ਟੀਕੋਣ” ਅਤੇ ਡਾ: ਗੁਰੂਮੇਲ ਸਿੱਧੂ ਨੇ “ਪੱਛਮੀ
ਪੰਜਾਬੀ ਸਾਹਿਤ ਦਾ ਮੁਲਅੰਕਣ” ਉੱਪਰ ਅਪਣੇ ਖੋਜ ਭਰਪੂਰ ਪਰਚੇ ਪੜ੍ਹੇ। ਇਸ ਪੜ੍ਹਾ ਦੀ
ਪ੍ਰਧਾਨਗੀ ਸੁਰਜੀਤ ਪਾਤਰ, ਅਮਨਪਾਲ ਸਾਰਾ, ਕੁਲਵਿੰਦਰ, ਗੁਰੂਮੇਲ ਸਿੱਧੂ ਅਤੇ ਅਜ਼ਾਦ
ਜਾਲੰਧਰੀ ਨੇ ਕੀਤੀ ਅਤੇ ਮੰਚ ਸੰਚਾਲਨ ਦਾ ਕਾਰਜ ਦਰਸ਼ਨ ਨੱਤ ਨੇ ਬਾਖੂਬੀ ਨਿਭਾਇਆ।
ਵਿਦਵਾਨਾ ਨੇ ਕਿਹਾ ਕਿ ਅਮਰੀਕਾ, ਕਨੈਡਾ, ਇੰਗਲੈਂਡ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ
ਰਚੇ ਜਾ ਰਹੇ ਪੰਜਾਬੀ ਸਾਹਿਤ ਨੂੰ ਪੱਛਮੀ ਪੰਜਾਬੀ ਸਾਹਿਤ ਦੇ ਨਾਂ ਨਾਲ ਜਾਣਿਆ ਜਾਣਾ
ਚਾਹੀਦਾ ਹੈ। ਹੁਣ ਜਦ ਕਿ ਪ੍ਰਵਾਸ ਦਾ ਅਨੁਭਵ ਅਤੇ ਸੰਕਪਲ ਪਹਿਲਾਂ ਵਾਲਾ ਨਹੀਂ ਰਿਹਾ
ਤਾਂ ਪ੍ਰਵਾਸੀ, ਪ੍ਰਦੇਸੀ ਜਾਂ ਵਿਦੇਸ਼ੀ ਜਿਹੇ ਸੰਬੋਧਨ ਜਾਇਜ਼ ਨਹੀਂ ਹਨ ਅਤੇ ਇਥੇ ਰਚੇ
ਜਾ ਰਹੇ ਸਾਹਿਤ ਦੀ ਮਹੱਤਤਾ ਨੂੰ ਛੁਟਿਆਉਂਦੇ ਹਨ।
ਦੂਜੇ
ਪੜ੍ਹਾ ਵਿੱਚ ਕਹਾਣੀ ਦਰਬਾਰ ਹੋਇਆ ਜਿਸ ਦੀ ਸੰਚਾਲਨਾ ਕਰਦਿਆਂ ਅਕਾਡਮੀ ਦੇ ਸਿਰਕਰਦਾ
ਡਾਇਰੈਕਟਰ ਰੇਸ਼ਮ ਸਿਧੂ ਨੇ ਅਮਨਪਾਲ ਸਾਰਾ ਅਤੇ ਕਰਮ ਸਿੰਘ ਮਾਨ ਨੂੰ ਆਪਣੀਆਂ ਕਹਾਣੀਆਂ
ਸੁਨਾਉਣ ਲਈ ਨਿਮੰਤ੍ਰਤ ਕੀਤਾ। ਰੇਸ਼ਮ ਹੋਰਾਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਹੋਰ ਵੀ
ਬਹੁਤ ਪ੍ਰੋੜ ਕਹਾਣੀਕਾਰ ਜਿਵੇਂ ਅਮਰਜੀਤ ਕੌਰ ਪੰਨੂ, ਸੁਰਜੀਤ ਕਲਸੀ, ਦਰਸ਼ਨ ਨੱਤ,
ਰਬਿੰਦਰ ਅਟਵਾਲ ਆਦਿ ਸ਼ਾਮਲ ਹਨ ਪਰ ਸਮੇਂ ਦੀ ਪਾਬੰਦੀ ਕਾਰਣ ਅਸੀਂ ਸਭ ਨੂੰ ਪੇਸ਼ ਨਹੀਂ
ਕਰ ਸਕਦੇ। ਇਸ ਪੜ੍ਹਾ ਦੀ ਪ੍ਰਧਾਨਗੀ ਰਬਿੰਦਰ ਅਟਵਾਲ, ਸੁਖਵਿੰਦਰ ਕੰਬੋਜ਼, ਸੁਰਜੀਤ
ਕਲਸੀ, ਪਾਲ ਢਿਲੋਂ ਅਤੇ ਪ੍ਰੇਮ ਕੁਮਾਰ ਨੇ ਕੀਤੀ।
ਤੀਸਰੇ ਪੜ੍ਹਾ ਵਿੱਚ “ਪੰਜਾਬੀ ਸਾਹਿਤ ਦੇ ਪ੍ਰਸੰਗ ਵਿੱਚ ਪੰਜਾਬੀ ਪੱਤਰਕਾਰੀ ਦੀ
ਭੁਮਿਕਾ” ਬਾਰੇ ਵਿਚਾਰ-ਚਰਚਾ ਹੋਈ ਜਿਸ ਵਿੱਚ ਦਲਜੀਤ ਸਰਾ (ਟ੍ਰਿਬਿਊਨ ਦੇ ਸਾਬਕਾ
ਨਿਊਜ਼ ਐਡੀਟਰ ਤੇ ਅਜਕਲ ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ), ਡਾ. ਗੁਰੂਮੇਲ ਸਿੱਧੂ (ਕਈ
ਸਾਹਿਤਕ ਅਤੇ ਤਕਨੀਕੀ ਰਸਾਲਿਆਂ ਦੇ ਤਤਕਾਲੀ ਅਤੇ ਸਾਬਕਾ ਸੰਪਾਦਕ), ਸੁਰਜੀਤ ਪਾਤਰ (ਭਾਸ਼ਾ
ਸੰਚਾਰ ਦੇ ਸਾਬਕਾ ਅਧਿਆਪਕ) ਅਤੇ ਸਤੀਸ਼ ਗੁਲਾਟੀ (ਪ੍ਰਕਾਸ਼ਕ) ਨੇ ਹਿੱਸਾ ਲਿਆ। ਪੰਜਾਬੀ
ਪੱਤਰਕਾਵਾਂ ਵਿੱਚ ਚੰਗੇ ਲੋਕ ਸਾਹਿਤ ਨੂੰ ਜ਼ਿਆਦਾ ਅਤੇ ਅਹਿਮ ਜਗ੍ਹਾ ਦੇਣ ਤੇ ਜ਼ੋਰ
ਦਿੱਤਾ ਗਿਆ। ਇਸ ਪੜ੍ਹਾ ਦਾ ਸੰਚਾਲਨ ਹਰਜਿੰਦਰ ਕੰਗ ਨੇ ਕੀਤਾ ਅਤੇ ਚਰਚਾ ਦੌਰਾਨ ਕਈ
ਸਵਾਲ ਉਠਾਏ ਜਿਨ੍ਹਾਂ ਤੇ ਚਰਚਾ ਹੋਈ। ਸਰੋਤਿਆਂ ਵਿੱਚੋਂ ਤਰਲੋਚਨ ਸਿੰਘ ਦੀਪਾਲਪੁਰੀ
ਨੇ ਵੀ ਚਰਚਾ ਵਿੱਚ ਹਿੱਸਾ ਲਿਆ।
ਮਾਨ
ਸਨਮਾਨਾਂ ਦੀ ਲੜੀ ਵਿੱਚ ਅਕਾਡਮੀ ਨੇ ਸੁਰਜੀਤ ਪਾਤਰ ਨੂੰ 51,000 ਰੁਪਏ ਅਤੇ ਸਰਦਾਰ
ਪੰਛੀ ਨੂੰ 25,000 ਰੁਪਏ ਨਕਦੀ ਅਤੇ ਸਨਮਾਨ ਪਲੈਕਾਂ ਨਾਲ ਸਨਮਾਨਤ ਕੀਤਾ। ਪਿਛਲੇ
ਸਾਲ ਦੇ ਸਮਾਗਮ ਵਿੱਚ ਉਸਤਾਦ ਪੰਜਾਬੀ ਗਜ਼ਲਗੋ ਡਾ: ਜਗਤਾਰ ਹੋਰੀਂ ਇਹ ਸਨਮਾਨ ਲੈਣ
ਵਾਲੇ ਪਹਿਲੇ ਸਾਹਿਤਕਾਰ ਸਨ। ਅਕਾਡਮੀ ਦੀ ਆਸ਼ਾ ਹੈ ਕਿ ਇਹ ਲੜੀ ਅਗਲੇ ਸਲਾਨਾ
ਸਮਾਗਮਾਂ ਤੇ ਵੀ ਜ਼ਾਰੀ ਰੱਖੀ ਜਾਵੇ। ਅਕਾਡਮੀ ਵਲੋਂ ਕਾਨਫਰੰਸ ਵਿੱਚ ਸ਼ਿਰਕਤ ਕਰਨ ਲਈ
ਆਏ ਹੋਰ ਲੇਖਕਾਂ ਅਤੇ ਪਿਛਲੇ ਸਾਲ ਦੇ ਆਹੁਦੇਦਾਰਾਂ ਸਮੇਤ ਅਕਾਡਮੀ ਦੇ ਕਈ ਹੋਰ
ਸਰਕਰਦਾ ਮੈਂਬਰਾਂ ਨੂੰ ਵੀ ਮਾਨ ਪੱਤਰ ਅਤੇ ਪਲੈਕ ਦੇ ਕੇ ਸਨਮਾਨਤ ਕੀਤਾ ਗਿਆ। ਇਸ
ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਪਾਏ ਯੋਗਦਾਨ ਲਈ ਸੋਮਰਾਜ ਸਿੰਘ ਰਾਜ, ਜਸਵੀਰ
ਸਿੰਘ ਗਿੱਲ ਅਤੇ ਡੈਨਿਸ ਭੱਚੂ ਨੂੰ ਸਨਮਾਨ ਪਲੈਕ ਦੇ ਕੇ ਅਕਾਡਮੀ ਨੇ ਇਹਨਾਂ ਦਾ
ਧੰਨਵਾਦ ਕੀਤਾ।
ਕਿਤਾਬ ਰਿਲੀਜ਼ ਸੈਸ਼ਨ ਵਿੱਚ ਕੁੱਲ 11 ਕਿਤਾਬਾਂ ਰਿਲੀਜ਼ ਹੋਈਆਂ। ਰਿਲੀਜ਼
ਕਿਤਾਬਾਂ ਹਨ: ਦਰਸ਼ਨ ਨੱਤ ਅਤੇ ਕੁਲਵਿੰਦਰ ਦੁਆਰਾ ਸੰਪਾਦਤ ਕਹਾਣੀ ਸੰਗ੍ਰਿਹ “ਇਕੱਤੀ
ਨਗੀਨੇ”, ਹਰਜਿੰਦਰ ਕੰਗ ਦਾ ਤੀਜਾ ਕਾਵਿ-ਸੰਗ੍ਰਿਹ “ਚੁੱਪ ਦੇ ਟੁੱਕੜੇ”, ਸੁਰਜੀਤ
ਕਲਸੀ ਦੀ “ਨਾਮ ਤਿਹਾਰੇ”, ਕਰਮ ਸਿੰਘ ਮਾਨ ਦਾ ਕਹਾਣੀ ਸੰਗ੍ਰਿਹ
“ਹੇਠ
ਵਗੇ ਦਰਿਆ”, ਸੁਰਜੀਤ ਕੌਰ ਦਾ ਪਲੇਠਾ ਕਾਵਿ-ਸੰਗ੍ਰਿਹ “ਸ਼ਿਕੱਸਤ ਰੰਗ”, ਸਰਦਾਰ ਪੰਛੀ
ਦੀ “ਸੂਰਜ ਕੀ ਸ਼ਾਖੇਂ”, ਅਮਨਪਾਲ ਸਾਰਾ ਦਾ ਕਹਾਣੀ ਸੰਗ੍ਰਿਹ “ਡਾਇਮੰਡ ਰਿੰਗ”,
ਪ੍ਰੇਮ ਕੁਮਾਰ ਦਾ ਕਾਵਿ-ਸੰਗ੍ਰਿਹ “ਅਰਧ ਸ਼ਤਾਬਦੀ”, ਹਰਭਜਨ ਢਿਲੋਂ ਦੀ “ਢੋਲ ਉੱਤੇ
ਜੱਗ ਨੱਚਦਾ”, ਡਾ: ਗੁਰੂਮੇਲ ਸਿੱਧੂ ਦੀ “ਬਾਂਝਪਣ ਕੀ ਹੈ?”, ਗੁਰਦਿਆਲ ਸਿੰਘ
ਕੋਟਭਾਈ ਦੀ “ਕਾਰਲ ਮਾਰਕਸ ਦੀ ਜੀਵਨੀ”। ਮਾਨ ਸਨਮਾਨ ਅਤੇ ਕਿਤਾਬ ਰਿਲੀਜ਼ ਸਮਾਗਮ ਦੀ
ਕਾਰਵਾਈ ਅਕਾਡਮੀ ਦੇ ਜਰਨਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਨਿਭਾਈ।
ਕਵੀ ਦਰਬਾਰ ਦੀ ਪ੍ਰਧਾਨਗੀ ਸੁਰਜੀਤ ਪਾਤਰ, ਸਰਦਾਰ ਪੰਛੀ, ਮਹਿੰਦਰ ਦੀਪ ਗਰੇਵਾਲ
ਅਤੇ ਕੁਲਵਿੰਦਰ ਨੇ ਕੀਤੀ ਜਦ ਕਿ ਮੰਚ ਸੰਚਾਲਨ ਸੁਰਿੰਦਰ ਸੀਰਤ ਨੇ ਕੀਤਾ। ਸੁਰਜੀਤ
ਪਾਤਰ ਹੋਰਾਂ ਨੇ ਲਗੱਭਗ 30 ਮਿੰਟ ਆਪਣਾ ਕਲਾਮ ਸਰੋਤਿਆਂ ਨਾਲ ਸਾਂਝਾ ਕੀਤਾ ਜਿਸਦੀ
ਸਰੋਤਿਆਂ ਨੇ ਬਾਰ ਬਾਰ ਦਾਦ ਦਿੱਤੀ। ਦੂਰੋਂ ਨੇੜਿਓਂ ਆਏ ਸਰੋਤੇ ਕਵੀ ਦਰਬਾਰ ਦੇ ਅੰਤ
ਤੱਕ ਸੁਰਜੀਤ ਪਾਤਰ ਨੂੰ ਸੁਨਣ ਲਈ ਬੈਠੇ ਰਹੇ। ਉਰਦੂ ਸ਼ਾਇਰ ਜਨਾਬ ਸਰਦਾਰ ਪੰਛੀ ਨੇ
ਵੀ ਕਾਫੀ ਦੇਰ ਤੱਕ ਆਪਣੇ ਕਲਾਮ ਨਾਲ ਸਰੋਤਿਆਂ ਨੂੰ ਜੋੜੀ ਰੱਖਿਆ। ਇਹਨਾਂ ਦੋਨਾਂ
ਸ਼ਾਇਰਾਂ ਤੋਂ ਇਲਾਵਾ ਇਸ ਕਵੀ ਦਰਬਾਰ ਵਿੱਚ ਮਹਿੰਦਰ ਦੀਪ ਗਰੇਵਾਲ, ਸੁਰਜੀਤ ਕਲਸੀ,
ਰੇਸ਼ਮ (ਸਿੱਧੂ), ਪ੍ਰੇਮ ਕੁਮਾਰ, ਪਾਲ ਢਿਲੋਂ, ਸੁਖਪਾਲ ਸੰਘੇੜਾ, ਆਜ਼ਾਦ ਜਾਲੰਧਰੀ,
ਫਾਰੂਖ਼ ਤਰਾਜ਼, ਈਸ਼ਰ ਸਿੰਘ ਮੋਮਨ, ਪੰਕਜ਼, ਨੋਸ਼ੀ ਗਿਲਾਨੀ, ਦਰਸ਼ਨ ਪਤਾਰਵੀ, ਜਸਵੀਰ
ਗਿੱਲ, ਹਰਭਜਨ ਢਿਲੋਂ, ਮੇਜਰ ਭੁਪਿੰਦਰ ਦਲੇਰ, ਜਸ ਫਿਜ਼ਾ ਆਦਿ ਨੇ ਵੀ ਹਿੱਸਾ ਲਿਆ।
ਸਮੇਂ ਦੀ ਕਮੀ ਕਾਰਨ ਬਹੁਤ ਸਾਰੇ ਸ਼ਾਇਰ ਅਪਣੀ ਰਚਨਾਵਾਂ ਨ ਸੁਣਾ ਸਕੇ ਜਿਵੇਂ ਕਿ
ਕੁਲਵਿੰਦਰ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ, ਸੁਖਵਿੰਦਰ ਕੰਬੋਜ਼, ਸੁਰਿੰਦਰ ਸੀਰਤ,
ਮਹਿੰਦਰ ਸਿੰਘ ਘੱਗ, ਪਿਆਰਾ ਸਿੰਘ, ਸੁਰਜੀਤ ਕੌਰ, ਡਾ. ਅਮਰੀਕ ਸਿੰਘ, ਮਨਜੀਤ ਕੌਰ
ਸੇਖੋਂ, ਦਿਲਾਵਰ ਚਾਹਲ, ਕਮਲ ਬੰਗਾ, ਹਰਬੰਸ ਸਿੰਘ ਜਗਿਆਸੂ, ਜਸੀ ਹੈਪੋਵਾਲੀਆ,
ਸੋਨੂੰ ਗਗਨ, ਜੋਅਤੀ ਸਿੰਘ ਅਤੇ ਅਮਨਦੀਪ ਬੋਪਾਰਾਏ ਆਦਿ। ਕਾਨਫਰੰਸ ਦੇ ਅੰਤ ਤੇ
ਸੰਗੀਤਕ ਮਹਿਫਲ ਸੱਜੀ ਜਿਸਦੀ ਸੰਚਾਲਨਾ ਆਸ਼ਾ ਸ਼ਰਮਾ ਨੇ ਕੀਤੀ ਅਤੇ ਸੁਖਦੇਵ ਸਾਹਿਲ,
ਨਰਿੰਦਰ ਕੁਮਾਰ ਬੱਗਾ, ਸੁਰਜੀਤ ਬਾਵਾ ਦੀ ਟੀਮ ਨੇ ਸੂਫੀ ਸ਼ਾਇਰੀ ਦੇ ਨਾਲ ਸੁਰਜੀਤ
ਪਾਤਰ ਅਤੇ ਕਈ ਹੋਰ ਸ਼ਾਇਰਾਂ ਦੀਆਂ ਰਚਨਾਵਾਂ ਦਾ ਗਾਇਨ ਕੀਤਾ.
ਇਸ
ਕਾਨਫਰੰਸ ਵਿੱਚ ਹਾਜ਼ਰੀ ਲਵਾਉਣ ਵਾਲੇ 200 ਤੋਂ ਵੱਧ ਸਰੋਤਿਆਂ ਵਿੱਚ ਸਤਨਾਮ ਸਿੰਘ
ਚਾਹਲ, ਬਲਬੀਰ ਸਿੰਘ ਐਮ.ਏ., ਸੁਰਿੰਦਰ ਧਨੋਆ, ਗੁਰਮੇਲ ਕੰਦੋਲਾ, ਗੁਰਬਖਸ਼ ਸਿੰਘ
ਸਚੇਦਵ, ਬਖਸੀਸ਼ ਕੌਰ ਸੰਧੂ, ਮਹਿੰਦਰ ਸਿੰਘ ਮੰਡਿਆਲੀ, ਸੁੱਖ, ਰਾਜੇਸ਼ ਰਾਜੂ, ਮਲਕੀਤ
ਸਿੰਘ, ਹਰਜੀਤ ਮਹਿੰਦੀ, ਦਲਜੀਤ ਸਿੰਘ, ਬਲਜਿੰਦਰ ਢਿਲੋਂ, ਕੁਲਦੀਪ ਧਾਲੀਵਾਲ ਅਤੇ
ਹੋਰ ਸਾਹਿਤਕ ਪ੍ਰੇਮੀ ਸ਼ਾਮਲ ਸਨ।
(4
ਦਸੰਬਰ 2006)
-ਯੂਨੀ-