ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਸਵਿੱਸਾਂ ਦਾ ਦੁਸਹਿਰਾ

ਰੀਪੋਰਟ: ਗੁਰਬੀਰ ਸਿੰਘ ਭੁੱਲਰ, ਸਵਿਟਜ਼ਰਲੈਂਡ

 

 

ਭਾਵੇਂ ਕਿ ਸੁਣਨ ਨੂੰ ਇਹ ਅਜੀਬ ਹੀ ਲੱਗੇ, ਪਰ ਇਹ ਗੱਲ ਬਿਲਕੁਲ ਸੱਚੀ ਹੈ ਕਿ ਸਵਿਟਜ਼ਰਲੈਂਡ ਵਿਚ ਵੀ ਦੁਸਹਿਰਾ ਮਨਾਇਆ ਜਾਂਦਾ ਹੈ ਅਤੇ ਬੜੀ ਧੂਮਧਾਮ ਨਾਲ ਰਾਵਣ ਵੀ ਸਾੜਿਆ ਜਾਂਦਾ ਹੈ ਫ਼ਰਕ ਬਸ ਇਨਾ ਹੈ ਕਿ ਸਵਿੱਸਾਂ ਦਾ ਰਾਵਣ ਨਾ ਤਾਂ ਹਿੰਦੁਸਤਾਨੀਆ ਦੇ ਰਾਵਣ ਵਾਂਗ ਲੰਕਾ-ਪਤੀ ਹੈ ਅਤੇ ਨਾ ਹੀ ਕਿਸੇ ਰਾਮਚੰਦਰ ਦੀ ਵਾਨਰ ਸੈਨਾ ਨੇ ਉਸ ਨੂੰ ਸਿ਼ਕੱਸਤ ਦਿੱਤੀ ਹੈ ਸਗੋਂ ਉਹਨਾ ਦਾ ਰਾਵਣ ਤਾਂ ਉਹ ਸਿਆਲ ਹੈ ਜਿਸ ਦਾ ਸਾਮਰਾਜ ਲੱਗਭਗ ਸਾਰੇ ਸਵਿਟਜ਼ਰਲੈਂਡ ਨੂੰ ਕਰੀਬ ਛੇ - ਸੱਤ ਮਹੀਨਿਆਂ ਲਈ ਆਪਣੀ ਬੁੱਕਲ ਵਿਚ ਲੈ ਲੈਂਦਾ ਹੈ ਸਰਦੀਆਂ ਦੀ ਆਮਦ ਦੇ ਨਾਲ ਹੀ ਹਰ ਪਾਸੇ ਬਰਫ ਦੀ ਚਿੱਟੀ ਚਾਦਰ ਵਿਛ ਜਾਂਦੀ ਹੈ, ਸਭ ਫੁੱਲ-ਬੂਟੇ ਆਪਣੇ ਪੱਤੇ ਝਾੜ ਦਿੰਦੇ ਹਨ ਹਰਿਆਵਲ ਦੀ ਥਾਂ ਵੀਰਾਨਗੀ ਪਸਰ ਜਾਂਦੀ ਹੈ ਅਤੇ ਲੋਕਾਂ ਦੇ ਚਿਹਰੇ ਵੀ ਮੁਰਝਾ ਜਾਂਦੇ ਹਨ ਪਰ ਜਦੋਂ ਹੀ ਗਰਮੀਆਂ ਦੇ ਮੌਸਮ ਦੀ ਨਿਘੀ-ਨਿਘੀ ਧੁੱਪ ਦੀਆਂ ਪਹਿਲ ਪਲੇਠੀਆਂ ਗੋਰੀਆਂ ਚਿੱਟੀਆਂ ਰਿਸ਼ਮਾਂ ਸਿਆਲ ਦੇ ਸਾਮਰਾਜ ਦੇ ਪਤਨ ਦਾ ਐਲਾਨ ਕਰਦੀਆਂ ਹਨ ਤਾਂ ਸਾਰੀ ਗੁਆਚੀ ਰੌਣਕ ਫਿਰ ਤੋਂ ਵਾਪਸ ਮੁੜਨੀ ਸ਼ੁਰੂ ਹੋ ਜਾਂਦੀ ਹੈ ਇਸੇ ਕਰਕੇ ਇਹਨਾਂ ਦਾ ਦੁਸਹਿਰਾ ਸਰਦੀਆਂ ਲੰਘਣ ਤੋਂ ਬਾਅਦ ਬਸੰਤ ਰੁੱਤ ਵਿੱਚ ਆਉਂਦਾ ਹੈ ਇਕ ਪਾਸੇ ਜਿੱਥੇ ਸਰਦੀਆਂ ਦੇ ਮੌਸਮ ਚ ਅੱਤ ਦੀ ਠੰਢ ਅਤੇ ਬਰਫ਼ ਜਨਜੀਵਨ ਨੂੰ ਪਰਭਾਵਿਤ ਕਰਦੇ ਹਨ ਉਥੇ ਦੂਜੇ ਪਾਸੇ ਬਹੁਤ ਸਾਰੇ ਵਿਦੇਸ਼ੀ ਸੈਲਾਨੀਆਂ ਨੂੰ ਵੀ ਆਪਣੇ ਵੱਲ ਖਿੱਚਦੇ ਹਨ, ਜਿਸ ਨਾਲ ਸਵਿਸਾਂ ਨੂੰ ਚੰਗੀ ਕਮਾਈ ਹੁੰਦੀ ਹੈ ਸ਼ਾਇਦ ਇਸੇ ਕਰਕੇ ਇਨ੍ਹਾਂ ਦੇ ਰਾਵਣ ਦਾ ਪੁਤਲਾ ਕਰੂਪ ਜਾਂ ਖੌਫ਼ਨਾਕ ਨਹੀਂ ਹੁੰਦਾ ਅਤੇ ਨਾ ਹੀ ਉਸਦੇ ਦਸ ਸਿਰ ਹੁੰਦੇ ਹਨ ਉਸ ਦੇ ਹੱਥ ਵਿੱਚ ਤਲਵਾਰ ਨਹੀਂ ਸਗੋਂ ਝਾੜੂ ਫੜਿਆ ਹੁੰਦਾ ਹੈ ਅਤੇ ਸਭ ਤੋਂ ਸਵਾਦੀ ਗੱਲ ਇਹ ਹੈ ਕਿ ਉਹਨਾ ਦਾ ਰਾਵਣ ਆਉਣ ਵਾਲੇ ਮੌਸਮ ਬਾਰੇ ਪੇਸ਼ੀਨਗੋਈ ਵੀ ਕਰਦਾ ਹੈ


ਲੋਕਾਂ ਦੇ ਹਜੂਮ ਦਰਮਿਆਨ ਬਲਦਾ ਹੋਇਆ ਸਨੋਮੈਨ’, ਪਿਛਵਾੜੇ ਵਿੱਚ ਇਮਾਰਤ ਤੇ ਲਹਿਰਾਉਂਦਾ ਹੋਇਆ ਜਿ਼ਊਰਿਖ਼ ਦਾ ਝੰਡਾ

ਹੁਣ ਗੱਲ ਸ਼ੁਰੂ ਹੋ ਹੀ ਗਈ ਹੈ ਤਾਂ ਲਗਦਾ ਹੈ ਕਿ ਇਸ ਦੇ ਵਿਸਥਾਰ ਵਿੱਚ ਵੀ ਜਾਣਾ ਹੀ ਪਵੇਗਾ ਅਸਲ ਵਿੱਚ ਦੁਸਹਿਰੇ ਨਾਲ ਮਿਲਦਾ ਜੁਲਦਾ ਇਕ ਤਿਉਹਾਰ ਜਿਸ ਦਾ ਨਾਮ ਸਥਾਨਕ ਬੋਲੀ ਵਿੱਚ ਸੈਕਸੇਲੇਊਟਨ ਹੈ, ਸਵਿਟਜ਼ਰਲੈਂਡ ਦੇ ਜਿ਼ਊਰਿਖ਼ ਸੂਬੇ ਵਿੱਚ ਮਨਾਇਆ ਜਾਂਦਾ ਹੈ ਸੋ ਬੁਨਿਆਦੀ ਤੌਰ ਤੇ ਇਹ ਤਿਉਹਾਰ ਸਾਰੇ ਸਵਿਟਜ਼ਰਲੈਂਡ ਦਾ ਨਾ ਹੋ ਕੇ ਕੇਵਲ ਇੱਕੋ ਸੂਬੇ ਦਾ ਹੀ ਹੈ ਪਰ ਰਵਾਇਤ ਮੁਤਾਬਕ ਜਿ਼ਊਰਿਖ਼ ਵਾਲੇ ਹਰ ਸਾਲ ਕਿਸੇ ਨਾ ਕਿਸੇ ਸੂਬੇ ਨੂੰ ਮਹਿਮਾਨ ਵਜੋਂ ਸ਼ਾਮਿਲ ਕਰਦੇ ਹਨ ਸਵਿੱਸ-ਜਰਮਨ ਬੋਲੀ ਵਿੱਚ ਸੈਕਸੇਲੇਊਟਨ ਦਾ ਸ਼ਾਬਦਿਕ ਭਾਵ ਛੇ ਵਜੇ ਵੱਜਣ ਵਾਲੀਆਂ ਘੰਟੀਆਂ ਤੋਂ ਹੈ ਇੱਕ ਪੁਰਾਤਨ ਕਾਨੂੰਨ ਮੁਤਾਬਕ ਜ਼ਿਊਰਿਖ਼ ਦੇ ਕਾਰੀਗਰਾਂ ਅਤੇ ਮੁਲਾਜਮਾਂ ਨੂੰ ਸਰਦੀਆਂ ਵਿੱਚ ਦਿਨ ਛੋਟੇ ਹੋਣ ਕਰਕੇ ਸ਼ਾਮ 5 ਵਜੇ ਛੁੱਟੀ ਹੋ ਜਾਂਦੀ ਸੀ ਅਤੇ ਗਰਮੀਆਂ ਵਿੱਚ ਦਿਨ ਲੰਮੇ ਹੋਣ ਕਰਕੇ 6 ਵਜੇ ਤੱਕ ਕੰਮ ਕਰਨਾ ਪੈਂਦਾ ਸੀ ਗਿਰਜਿਆਂ ਦੀਆਂ ਵੱਡੀਆਂ ਵੱਡੀਆਂ ਘੰਟੀਆਂ ਹੀ ਸਰਦੀਆਂ ਵਿੱਚ 5 ਵਜੇ ਅਤੇ ਗਰਮੀਆਂ ਵਿੱਚ 6 ਵਜੇ ਛੁੱਟੀ ਦਾ ਐਲਾਨ ਕਰਦੀਆਂ ਸਨਸੈਕਸੇਲੇਊਟਨ ਨੂੰ ਉਸ ਦਿਨ ਦੇ ਸੰਕੇਤ ਵਜੋਂ ਮਨਾਇਆ ਜਾਂਦਾ ਹੈ ਜਿਸ ਦਿਨ ਤੋਂ ਲੋਕਾਂ ਨੂੰ ਇੱਕ ਘੰਟੇ ਦਾ ਹੋਰ ਸਮਾ ਕੰਮ ਕਰਨ ਲਈ ਮਿਲਦਾ ਹੈ ਇਹ ਤਿਉਹਾਰ ਆਪਣੇ ਮੌਜੂਦਾ ਰੂਪ ਵਿੱਚ 1866 ਈਸਵੀ ਤੋਂ ਲਗਾਤਾਰ ਮਨਾਇਆ ਜਾਂਦਾ ਹੈ ਜਿ਼ਊਰਿਖ਼ ਸੂਬੇ ਦੀਆਂ ਕੁੱਲ 26 ਮਿਸਲਾਂ ਜਾਂ ਜਥੇਬੰਦੀਆਂ ਇਸ ਤਿਉਹਾਰ ਵਿੱਚ ਭਾਗ ਲੈਂਦੀਆਂ ਹਨ14ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਹੋਂਦ ਵਿੱਚ ਆਈਆਂ ਕਾਰੀਗਰਾਂ, ਵਪਾਰੀਆਂ ਅਤੇ ਹੋਰ ਲੋਕਾਂ ਦੀਆਂ ਇਨ੍ਹਾਂ ਜਥੇਬੰਦੀਆਂ ਦਾ ਕਈ ਸਦੀਆਂ ਤੱਕ ਜਿ਼ਊਰਿਖ਼ ਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਪੂਰਾ ਦਬਦਬਾ ਰਿਹਾ ਹੈ19ਵੀਂ ਸਦੀ ਵਿੱਚ ਇਹਨਾ ਦਾ ਪ੍ਰਭਾਵ ਘਟਣਾ ਸੁ਼ਰੂ ਹੋ ਗਿਆ ਅਤੇ 1866 ਤੱਕ ਜਿ਼ਊਰਿਖ਼ ਦੇ ਆਰਥਿਕ ਹਲਕਿਆਂ ਵਿੱਚ ਇਨ੍ਹਾਂ ਦਾ ਪ੍ਰਭਾਵ ਲੱਗਭੱਗ ਖਤਮ ਹੋ ਗਿਆ ਪਰ ਮਜੇ ਦੀ ਗੱਲ ਇਹ ਹੈ ਕਿ ਉਹ ਸਾਰੀਆਂ 26 ਜਥੇਬੰਦੀਆਂ ਅੱਜ ਵੀ ਪ੍ਰਾਈਵੇਟ ਕਲੱਬਾਂ ਦੇ ਰੂਪ ਵਿੱਚ ਚੱਲ ਰਹੀਆਂ ਹਨ ਅਤੇ ਹਰ ਸਾਲ ਪੂਰੀ ਸ਼ਾਨੋ-ਸੌ਼ਕਤ ਨਾਲ ਇਸ ਉਤਸਵ ਵਿੱਚ ਭਾਗ ਲੈਂਦੀਆਂ ਹਨ ਇਨ੍ਹਾ ਦੇ ਮੈਂਬਰਾਂ ਦੀ ਕੁੱਲ ਗਿਣਤੀ 3500 ਦੇ ਕਰੀਬ ਹੈ


ਪਰੇਡ ਵਿੱਚ ਸ਼ਾਮਿਲ ਇਕ ਫੌਜੀ ਦਸਤਾ - ਰਵਾਇਤੀ ਹਥਿਆਰਾਂ ਅਤੇ ਖੂਬਸੂਰਤ ਫੁੱਲਾਂ ਨਾਲ
 

ਸੈਕਸੇਲੇਊਟਨ ਵਾਲੇ ਦਿਨ ਜਿ਼ਊਰਿਖ਼ ਵਿੱਚ ਅੱਧੇ ਦਿਨ ਦੀ ਛੁੱਟੀ ਹੁੰਦੀ ਹੈ ਸਮਾਰੋਹ ਦੀ ਸ਼ੁਰੂਆਤ ਦੁਪਹਿਰ ਤੋਂ ਬਾਅਦ ਕਰੀਬ ਇੱਕ ਵਜੇ ਹੁੰਦੀ ਹੈ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਰਵਾਇਤੀ ਪਹਿਰਾਵਿਆਂ ਵਿੱਚ ਸੱਜ ਧੱਜ ਕੇ, ਪੁਰਾਤਨ ਸੰਦ-ਸ਼ਸਤਰਾਂ ਅਤੇ ਘੋੜਿਆਂ ਨਾਲ ਜਲੂਸ ਵਿੱਚ ਸ਼ਾਮਿਲ ਹੁੰਦੀਆਂ ਹਨ ਸਿ਼ੰਗਾਰੇ ਹੋਏ ਰੱਥ - ਬੱਘੀਆਂ ਤੇ ਸਵਾਰ ਝਾਕੀਆਂ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ ਇਸ ਜਲੂਸ ਜਾਂ ਪਰੇਡ ਵਿੱਚ ਸ਼ਾਮਿਲ ਫੌਜੀ ਬੈਂਡ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਦੇ ਸੰਗੀਤਕ ਗਰੁੱਪ, ਸੁਰੀਲੀਆਂ ਧੁਨਾਂ ਨਾਲ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰਦੇ ਹਨ ਪਰੇਡ ਵਿੱਚ ਸ਼ਾਮਿਲ ਲੋਕ ਦਰਸ਼ਕਾਂ ਵੱਲ ਚਾਕਲੇਟ, ਟਾਫੀਆਂ, ਸੇਬ, ਪਨੀਰ ਅਦਿ ਸੁੱਟ ਰਹੇ ਹੁੰਦੇ ਹਨ ਬੀਅਰ ਜਾਂ ਕਾਫੀ ਦੇ ਵਪਾਰੀਆਂ ਦੀਆਂ ਝਾਕੀਆਂ ਨਾਲ ਚੱਲ ਰਹੇ ਲੋਕ ਕਈ ਵਾਰ ਦਰਸ਼ਕਾਂ ਨੂੰ ਬੀਅਰ ਅਤੇ ਕਾਫੀ ਦੀ ਸੁਲਾ ਵੀ ਮਾਰ ਲੈਂਦੇ ਹਨ ਮਛੇਰਿਆਂ ਜਾਂ ਮੀਟ ਦੇ ਵਪਾਰੀਆਂ ਦੀਆਂ ਝਾਕੀਆਂ ਵਾਲੇ ਤਾਂ ਕਈ ਵਾਰ ਲੋਕਾਂ ਵੱਲ ਸਾਬਤ ਮੱਛੀਆਂ ਜਾਂ ਮਾਸ ਦੇ ਟੁਕੜੇ ਵੀ ਸੁੱਟਦੇ ਹਨ ਇਨ੍ਹਾਂ ਝਾਕੀਆਂ ਤੋਂ ਇਲਾਵਾ ਕਈ ਵਾਰ ਸਵਿਟਜ਼ਰਲੈਂਡ ਦੀਆਂ ਮੁੱਖ ਰਾਜਨੀਤਿਕ ਹਸਤੀਆਂ, ਮਸ਼ਹੂਰ ਫਿਲਮੀ ਸਿਤਾਰੇ, ਖਿਡਾਰੀ ਅਤੇ ਹੋਰ ਮੰਨੀਆਂ ਪਰਮੰਨੀਆਂ ਹਸਤੀਆਂ ਵੀ ਇਸ ਪਰੇਡ ਵਿੱਚ ਸ਼ਾਮਿਲ ਹੁੰਦੀਆਂ ਹਨ ਵਿਸ਼ੇਸ਼ ਤੌਰ ਤੇ ਰੰਗ ਬਿਰੰਗੀਆਂ ਪੁਛਾਕਾਂ ਵਿੱਚ ਸੱਜੇ ਨਿੱਕੇ ਬੱਚੇ ਬਹੁਤ ਸੋਹਣੇ ਲੱਗਦੇ ਹਨ ਸ਼ਹਿਰ ਦੇ ਪੁਰਾਣੇ ਹਿੱਸੇ ਦੀਆਂ ਗਲੀਆਂ ਦੇ ਚੱਕਰ ਕੱਟਦਾ ਹੋਇਆ ਇਹ ਜਲੂਸ ਸਮਾਪਤੀ ਸਮਾਰੋਹ ਲਈ ਜਿ਼ਊਰਿਖ਼ ਦੀ ਝੀਲ ਕਿਨਾਰੇ ਬਣੇ ਇਕ ਮੈਦਾਨ ਵਿੱਚ ਪਹੁੰਚਦਾ ਹੈ ਇਸ ਮੈਦਾਨ ਦੇ ਕੇਂਦਰ ਵਿੱਚ 12 ਮੀਟਰ ਉੱਚੇ ਲੱਕੜਾਂ ਦੇ ਢੇਰ ਉੱਤੇ ਉਹਨਾਂ ਦੇ ਰਾਵਣ ਦਾ ਪੁਤਲਾ ਖੜ੍ਹਾ ਹੁੰਦਾ ਹੈ।  ਸਰਦੀਆਂ ਦੇ ਮੌਸਮ ਨੂੰ ਦਰਸਾਉਂਦਾ ਹੋਇਆ ਲਗਭਗ 35 ਮੀਟਰ ਉੱਚਾ ਰੂੰ ਦਾ ਇਹ ਸਫੈਦ ਪੁਤਲਾ ਜਿਸ ਨੂੰ ਅੰਗਰੇਜ਼ੀ ਵਿੱਚ ਸਨੋਮੈਨsnow man ਅਤੇ ਸਵਿੱਸ-ਜਰਮਨ ਬੋਲੀ ਵਿੱਚ ਬੂਗ ਕਹਿੰਦੇ ਹਨ ਸੈਕਸੇਲੇਊਟਨ ਵਾਲੇ ਦਿਨ ਸ਼ਾਮ 6 ਵਜੇ ਹਿੰਦੁਸਤਾਨੀਆਂ ਦੇ ਦੁਸਹਿਰੇ ਵਾਂਗੂੰ ਹੀ ਸਾੜ ਦਿੱਤਾ ਜਾਂਦਾ ਹੈ ਆਮ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਮਹਿਮਾਨ ਸੂਬੇ ਦਾ ਕੋਈ ਆਲ੍ਹਾ ਅਫਸਰ ਜਾਂ ਰਾਜਨੀਤਿਕ ਆਗੂ ਬੂਗ ਨੂੰ ਅੱਗ ਲਾਉਣ ਦੀ ਰਸਮ ਅਦਾ ਕਰਦਾ ਹੈ ਜਿੱਨਾ ਚਿਰ ਪੁਤਲਾ ਸੜਦਾ ਰਹਿੰਦਾ ਹੈ, ਘੋੜਸਵਾਰ ਦਸਤੇ, ਉਸ ਦੇ ਦਵਾਲੇ ਵਾਰੀ ਵਾਰੀ ਘੋੜੇ ਭਜਾਉਂਦੇ ਰਹਿੰਦੇ ਹਨ ਅੱਗ ਹੌਲੀ ਹੌਲੀ ਉੱਪਰ ਨੂੰ ਵੱਧਦੀ ਹੈ ਅਤੇ ਅਖੀਰ ਵਿੱਚ ਪਟਾਕਿਆਂ ਤੇ ਆਤਿਸ਼ਬਾਜੀ ਨਾਲ ਭਰਿਆ ਬੂਗ ਦਾ ਸਿਰ ਇੱਕ ਧਮਾਕੇ ਨਾਲ ਉੱਡ ਜਾਂਦਾ ਹੈ ਇੱਕ ਮਿੱਥ ਅਨੁਸਾਰ ਜਿੰਨੀ ਜਲਦੀ ਬੂਗ ਦਾ ਸਿਰ ਉੱਡਦਾ ਹੈ ਆਉਣ ਵਾਲੇ ਗਰਮੀਆਂ ਦੇ ਮੌਸਮ ਵਿੱਚ ਉਨੀ ਹੀ ਵੱਧ ਗਰਮੀ ਪੈਂਦੀ ਹੈ ਪਿਛਲੇ 42 ਸਾਲਾਂ ਤੋਂ ਇੱਕੋ ਹੀ ਕਾਰੀਗਰ ਇਹ ਪੁਤਲਾ ਬਣਾਉਦਾ ਰਿਹਾ ਹੈ ਅਤੇ ਪਿਛਲੇ 10 ਸਾਲਾਂ ਵਿੱਚ ਅੱਗ ਲਾਉਣ ਤੋਂ ਸਿਰ ਦੇ ਸੜਨ ਤੱਕ ਦਾ ਔਸਤ ਸਮਾਂ 14 ਮਿੰਟ ਰਿਹਾ ਹੈ2003 ਵਿੱਚ ਇਹ ਪੁਤਲਾ ਕੇਵਲ 57 ਮਿੰਟਾਂ ਵਿੱਚ ਹੀ ਸੜ ਗਿਆ ਸੀ ਤੇ ਉਸ ਸਾਲ ਸਵਿਟਜ਼ਰਲੈਂਡ ਵਿੱਚ ਕਾਫੀ ਗਰਮੀ ਪਈ ਸੀ ਪਰ 1970 ਅਤੇ 1988 ਵਿੱਚ ਬੂਗ ਦਾ ਸਿਰ ਉੱਡਣ ਲਈ 40 ਮਿੰਟ ਤੋਂ ਵੀ ਵੱਧ ਦਾ ਸਮਾ ਲੱਗ ਗਿਆ ਸੀ ਪਰ ਫਿਰ ਵੀ ਗਰਮੀਆ ਦਾ ਮੌਸਮ ਠੀਕ ਠਾਕ ਹੀ ਰਿਹਾ ਸੀ ਭਾਵੇਂ ਕਿ ਮੌਸਮ ਵਿਗਿਆਨੀ ਬੂਗ ਦੇ ਸੜਨ ਦਾ ਮੌਸਮ ਨਾਲ ਕਿਸੇ ਵੀ ਕਿਸਮ ਦਾ ਸੰਬੰਧ ਹੋਣ ਦੀ ਮਿੱਥ ਨੂੰ ਹਮੇਸ਼ਾਂ ਨਕਾਰਦੇ ਰਹਿੰਦੇ ਹਨ ਪਰ ਫਿਰ ਵੀ ਹਜਾਰਾਂ ਦੀ ਗਿਣਤੀ ਵਿੱਚ ਜਿ਼ਊਰਿਖ਼ ਵਾਸੀ ਪੁਤਲੇ ਨੂੰ ਸੜਦੇ ਵੇਖਣ ਲਈ ਇਕੱਠੇ ਹੁੰਦੇ ਹਨ


ਪਰੇਡ ਵਿੱਚ ਸ਼ਾਮਿਲ ਘੋੜਸਵਾਰ

ਇਹ ਤਿਉਹਾਰ ਪਿਛਲੇ ਕਈ ਸਾਲਾਂ ਤੋਂ ਨਿਰਵਿਘਨ ਚੱਲਿਆ ਆ ਰਿਹਾ ਹੈ1980 ਵਿੱਚ ਰੋਸ ਪਰਗਟ ਕਰ ਰਹੇ ਵਿਦਿਆਰਥੀਆਂ ਵੱਲੋਂ ਇਸ ਪੁਤਲੇ ਨੂੰ ਚੋਰੀ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ, ਪਰ ਪੁਲਿਸ ਨੂੰ ਐਨ ਮੌਕੇ ਤੇ ਪਤਾ ਲੱਗ ਗਿਆ ਇਸ ਕਰਕੇ ਵਿਦਿਆਰਥੀ ਆਪਣੀ ਯੋਜਨਾ ਵਿੱਚ ਕਾਮਯਾਬ ਨਹੀਂ ਹੋ ਸਕੇ ਪਰ 2006 ਵਿੱਚ ਖੱਬੇ ਪੱਖੀ ਪਾਰਟੀ ਦੇ ਅੱਤਵਾਦੀ ਗਰੁੱਪ ਨਾਲ ਸੰਬੰਧਿਤ ਕੁਝ ਲੋਕਾਂ ਨੇ ਸੈਕਸੇਲੇਊਟਨ ਤੋਂ ਕੁਝ ਦਿਨ ਪਹਿਲਾਂ ਰਾਤ ਦੇ ਹਨੇਰੇ ਵਿੱਚ ਗੋਦਾਮ ਦੀ ਖਿੜਕੀ ਤੋੜ ਕੇ ਸਨੋਮੈਨ ਚੋਰੀ ਕਰ ਲਿਆ ਸੀ ਜਾਣ ਲੱਗੇ ਉਹ ਪੁਤਲੇ ਵਾਲੀ ਥਾਂ ਤੇ ਇੱਕ ਚਾਕਲੇਟ ਦਾ ਬਣਿਆ ਖਰਗੋਸ਼ (ਈਸਟਰ ਬੱਨੀ) ਅਤੇ ਆਪਣਾ ਕਾਮਰੇਡਾਂ ਵਾਲਾ ਹਥੌੜੇ-ਦਾਤਰੀ ਦਾ ਨਿਸ਼ਾਨ ਰੱਖ ਗਏ ਸਨ ਪਰ ਸਦਕੇ ਸਵਿੱਸਾਂ ਦੀ ਪਲੈਨਿੰਗ ਦੇ, ਉਹ ਪਹਿਲਾਂ ਹੀ ਅਜਿਹੀ ਐਮਰਜੈਂਸੀ ਦੀ ਹਾਲਤ ਨਾਲ ਨਜਿੱਠਣ ਲਈ ਇਕ ਫਾਲਤੂ ਪੁਤਲਾ ਬਣਾ ਕੇ ਰੱਖਦੇ ਹਨ ਇਸ ਲਈ ਤਿਉਹਾਰ ਵਿੱਚ ਬਹੁਤਾ ਵਿਘਨ ਪੈਣ ਤੋਂ ਬਚਾਅ ਹੋ ਗਿਆ

ਇਸ ਵਾਰ (16 ਅਪਰੈਲ, 2007 ਨੂੰ) ਬੂਗ ਦਾ ਸਿਰ ਅੱਗ ਲਾਉਣ ਤੋਂ 12 ਮਿੰਟ 9 ਸਕਿੰਟ ਬਾਅਦ ਉੱਡ ਗਿਆ, ਜਿਸ ਨਾਲ 2007 ਵਿੱਚ ਦਰਮਿਆਨੀ ਗਰਮੀ ਦੀ ਪੇਸ਼ੀਨਗੋਈ ਹੁੰਦੀ ਹੈ ਹੁਣ ਜਦੋਂ ਕਿ ਗਰਮੀ ਨੇ ਆਉਂਦੇ ਸਾਰ ਹੀ ਤਿੱਖੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਵਿੱਸਾਂ ਦੇ ਸਨੋਮੈਨ ਜਾਂ ਬੂਗ ਦੀ ਭਵਿਖਬਾਣੀ ਕਿਥੋਂ ਤੱਕ ਸੱਚੀ ਸਾਬਤ ਹੁੰਦੀ ਹੈ
(26 ਅਪਰੈਲ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007