ਸ਼ਿਕਾਗੋ: (ਇੰਦਰਮੋਹਨ ਸਿੰਘ)
ਪੰਜਾਬੀ ਸਾਹਿਤ ਅਕੈਡਮੀ ਸ਼ਿਕਾਗੋ ਦੀ ਮਾਸਿਕ ਇਕਤਰਤਾ ਪੈਪਰ ਐਂਡ ਸਾਲਟ ਵਿਚ ਹੋਈ। ਇਸ
ਇਕਤਰਤਾ ਵਿਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਅਜ਼ੀਮ ਸ਼ਾਇਰ ਅਤੇ ਸਰੋਤਿਆਂ ਨੇ
ਸ਼ਿਰਕਿਤ ਕੀਤੀ। ਪ੍ਰਧਾਨਗੀ ਪਾਕਿਸਤਾਨ ਨਿਊਜ਼ ਦੇ ਸੰਪਾਦਿਕ ਅਤੇ ਸੁਪ੍ਰਸਿਧ ਸ਼ਾਇਰ
ਇਫਤੀ ਨਸੀਮ ਨੇ ਕੀਤੀ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਪੰਜਾਬੀ ਲੇਖਕ,
ਜੋ ਸਦੀਵੀਂ ਵਿਛੋੜਾ ਦੇ ਚੁਕੇ ਹਨ ਦੀ ਮਿਠੀ ਯਾਦ ਵਿਚ ਦੋ ਮਿੰਟ ਦਾ ਮੌਣ ਰਖਿਆ ਗਿਆ।
ਸਟੇਜ ਦਾ ਕੰਮ ਇੰਦਰਮੋਹਨ ਸਿੰਘ, ਜਨਰਲ ਸਕਤਰ, ਪੰਜਾਬੀ ਸਾਹਿਤ ਐਕਡਮੀ, ਸ਼ਿਕਾਗੋ ਨੇ
ਬਹੁਤ ਹੀ ਸੁੰਦਰ ਢੰਗ ਨਾਲ ਨਿਭਾਇਆ। ਸਾਰੇ ਲੇਖਕਾਂ, ਸਾਹਿਤਕਾਰ ਤੇ ਕਵੀਆਂ ਦੀ
ਮਨਮੋਹਿਕ ਢੰਗ ਨਾਲ ਜਾਣ ਪਛਾਣ ਕਰਵਾਈ। ਰਸਮੀ ਗਲਾਂ ਬਾਤਾਂ ਤੋਂ ਬਾਅਦ ਟਹਿਲ ਸਿੰਘ
ਸੁਸਾਣਾ, ਪ੍ਰਧਾਨ ਪੰਜਾਬੀ ਸਾਹਿਤ ਐਕਡਮੀ, ਸ਼ਿਕਾਗੋ ਨੇ ਡਾ: ਇਫਤੀ ਨੂੰ ਆਪਣਾ ਕਲਾਮ
ਸੁਨਾਣ ਦੀ ਬੇਨਤੀ ਕੀਤੀ। ਉਹਨਾਂ ਆਪਣੀਆਂ ਪੰਜ ਰਚਨਾਵਾਂ ਬਹੁਤ ਹੀ ਭਾਵਪੂਰਤ ਲਹਿਜੇ
ਵਿਚ ਪੜ੍ਹੀਆਂ ਅਤੇ ਸਰੋਤਿਉਂ ਤੋਂ ਵਾਹ ਵਾਹ ਖਟੀ। ਥੋੜ੍ਹੇ ਸ਼ਬਦਾਂ ਵਿਚ ਮਨੁੱਖੀ
ਰਿਸ਼ਤਿਆਂ ਵਿਚ ਵੱਡੀ ਗਲ ਕਹਿ ਜਾਣ ਦੀ ਲਿਖਣ ਕਲਾ ਇਫਤੀ ਨਸੀਮ ਜੀ ਕੋਲ ਹੀ ਹੈ।
ਇਨ੍ਹਾਂ ਤੋਂ ਬਾਅਦ ਅਗਲੇ ਉਭਰਦੇ ਸ਼ਾਇਰ ਗੁਰ ਸਿੰਘ ਰਮਤਾ ਨੇ ਆਪਣੀਆਂ ਰਚਨਾਵਾਂ
ਪੇਸ਼ ਕੀਤੀਆਂ ਅਤੇ ਆਪਣੀ ਛਪੀ ਪੁਸਤਕ ਦਾ ਪ੍ਰੀਚੈ ਵੀ ਕਰਵਾਇਆ ।
ਲਹਿੰਦੇ ਪੰਜਾਬ ਦੇ ਦੂਸਰੇ ਕਵੀ
ਸਾਜਿਦ ਚੌਧਰੀ ਜੀ ਨੇ ਸ਼ਾਹਮੁਖੀ ਅਤੇ ਗੁਰਮੁਖੀ ਵਿਚ ਆਪਣੀ ਨਵਛਪੀ ਕਿਤਾਬ 'ਰੰਗੋ
ਰੰਗੀ" ਵਿਚੋਂ ਰਚਨਾਵਾਂ ਪੇਸ਼ ਕੀਤੀਆਂ। ਸਾਜਿਦ ਨੇ ਆਪਣੀ ਕਵਿਤਾ ਵਿਚ ਇਕ ਅਮਰੀਕਨ
ਗੋਰੀ ਦੇ ਰੰਗ-ਰੂਪ/ਨਕਸ਼-ਨੈਣ ਦਾ ਕਲਮ ਦੁਆਰਾ ਚਿਤਰ ਚਿਤਰਿਆ। ਫਿਰ ਵਾਰੀ ਆਈ
ਅਕੈਡਮੀ ਦੇ ਪ੍ਰਧਾਨ ਸ੍ਰ: ਟਹਿਲ ਸਿੰਘ ਜੀ ਦੀ। ਉਨ੍ਹਾਂ ਆਪਣੀਆਂ ਨਵ-ਲਿਖਤ ਤਿੰਨ
ਗ਼ਜ਼ਲਾਂ ਸਰੋਤਿਆਂ ਦੀ ਝੋਲੀ ਪਾਈਆਂ ਅਤੇ ਵਾਹ ਵਾਹ ਖਟੀ ਅਤੇ ਆਏ ਸਜਣਾਂ ਦਾ ਧੰਨਵਾਦ
ਕੀਤਾ। ਪ੍ਰੋ: ਜੋਗਿੰਦਰ ਸਿੰਘ ਰਮਦੇਵ ਅਤੇ ਸੁਰਿੰਦਰ ਸਿੰਘ ਭਾਟੀਆ ਭਾਵੇਂ ਦੇਰ ਨਾਲ
ਹੀ ਪੁਜੇ ਪਰ ਪ੍ਰੋ: ਰਮਦੇਵ ਜੀ ਨੇ ਆਪਣੇ ਵਡਮੁਲੇ ਵਿਚਾਰ ਪੇਸ਼ ਕੀਤੇ ਅਤੇ ਤਾੜੀਆਂ
ਦੇ ਹਕਦਾਰ ਬਣੇ। ਭਵਿਖ ਵਿਚ ਨਵੇਂ ਕਵੀਆਂ ਬਾਰੇ ਗੋਸ਼ਟੀਆਂ ਕਰਵਾਉਣ ਅਤੇ ਨਵੀਂ
ਪੀੜ੍ਹੀ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਉਪਰਾਲਿਆਂ ਨੂੰ ਧਿਆਨ ਗੋਚਰੇ ਕੀਤਾ
ਗਿਆ। ਸ਼ਿਵ-ਰਾਤ੍ਰੀ ਮਨਾਉਣ ਦੀ ਯਾਦ ਵੀ ਰਾਖਵੀਂ ਰਖੀ ਗਈ।
--
Indermohan Singh (Journalist)
603 Newberry Drive
Streamwood IL 60107, USA
Phone: 630-745-0951
Fax 630-830-7695
(10 ਮਈ 2007) ਯੂਨੀਕੋਡ