ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

“ਕਹਾਣੀ ਵਿਚਾਰ ਮੰਚ ਟੋਰਾਂਟੋ-ਕੈਨੇਡਾ ਦੀ ਤ੍ਰੈਮਾਸਿਕ ਮਿਲਣੀ ਹੋਈ”

ਰੀਪੋਰਟ: ਮੇਜਰ ਮਾਂਗਟ

 

 

ਬਰੈਂਪਟਨ(ਮੇਜਰ ਮਾਂਗਟ):-ਇਸ ਵਾਰੀ ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ-ਮਾਸਿਕ ਇਕੱਤਰਤਾ ਕਹਾਣੀਕਾਰ ਜਰਨੈਲ ਸਿੰਘ ਗਰਚਾ ਦੇ ਘਰ ਬਰੈਂਪਟਨ ਵਿੱਚ ਹੋਈ। ਮੀਟਿੰਗਾਂ ਦਾ ਇਹ ਸਿਲਸਲਾ ਲੱਗਭੱਗ ਬਾਰਾਂ ਸਾਲ ਤੋਂ ਲਗਾਤਾਰ ਚੱਲ ਰਿਹਾ ਹੈ। ਇਸੇ ਲੜੀ ਦਾ ਇਹ ਅਗਲਾ ਹਿੱਸਾ ਸੀ,ਜਿਸ ਦੀ ਪ੍ਰਧਾਨਗੀ ਪ੍ਰਿੰ:ਸਰਵਣ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਡਾ:ਵਰਿਆਮ ਸਿੰਘ ਸੰਧੂ ਸਨ। ਸ਼ੁਰੂ ਵਿੱਚ ਸੰਸਥਾ ਨੇ ਇੱਕ ਸਲਾਨਾ ਕਹਾਣੀ ਉਤਸਵ ਉਲੀਕਿਆ,ਜਿਸ ਵਿੱਚ ਪਾਠਕ ਆਪਣੇ ਲੇਖਕਾਂ ਦੇ ਰੂਬਰੂ ਹੋਕੇ ਉਨ੍ਹਾਂ ਨਾਲ ਸਿੱਧਾ ਸੰਵਾਦ ਰਚਾ ਸਕਣਗੇ। ਇਸ ਗੱਲਬੱਤ ਦੌਰਾਨ ਲੇਖਕਾਂ ਅਤੇ ਪਾਠਕਾਂ ਦੇ ਰਿਸ਼ਤੇ ਤੇ ਵੀ ਵਿਚਾਰ ਵਟਾਂਦਰਾ ਹੋਇਆ। ਤੇ ਪ੍ਰੋਗਰਾਮ ਦੀ ਸਾਰਥਿਕਤਾ ਲਈ ਰੂਪ ਰੇਖਾ ਉਲੀਕੀ ਗਈ।ਇਸ ਉਪਰੰਤ ਦੋ ਕਹਾਣੀਆਂ ਪੜ੍ਹੀਆਂ ਗਈਆਂ।

ਪਹਿਲੀ ਕਹਾਣੀ ਮੇਜਰ ਮਾਂਗਟ ਨੇ ‘ਧੂਣੀ’ਪੜ੍ਹੀ। ਇਹ ਕਹਾਣੀ ਮਨੁੱਖ ਦੇ ਨਾਜ਼ੁਕ ਰਿਸ਼ਤਿਆਂ ਤੇ ਅਧਾਰਿਤ ਸੀ। ਜਵਾਨੀ ਸਮੇਂ ਜੁੜੇ ਭਾਵੁਕ ਰਿਸ਼ਤੇ ਭਾਂਵੇ ਕਨੇਡਾ ਅਮਰੀਕਾ ਦੇ ਲਾਲਚ ਨੂੰ ਜਾਂ ਜਾਤ ਪਾਤ ਦੀ ਰੇਤ ਹੇਠ ਦੱਬੇ ਗਏ ਹੋਣ।ਪਰ ਇਨ੍ਹਾਂ ਦੀ ਕਸਕ ਸਾਰੀ ਉਮਰ ਪੈਂਦੀ ਹੈ ਤੇ ਧੂਣੀ ਬਣਕੇ ਧੁਖਦੀ ਰਹਿੰਦੀ ਹੈ। ਸਮਾਜਿਕ ਵਲਗਣਾ ਦੀ ਤੇਜ ਹਨੇਰੀ ਵਿੱਚ ਇਹ ਰਿਸ਼ਤੇ ਭਾਂਬੜ ਬਣ ਕੇ ਨਹੀਂ ਮੱਚ ਸਕਦੇ ਏਹੋ ਇਨਾਂ ਦਾ ਦੁਖਾਂਤ ਹੈ।ਮਨੁੱਖ ਦਾ ਮਖੌਟੇ ਪਾ ਕੇ ਜੀਣਾ ਹੀ ਉਸਦੀ ਹੋਣੀ ਬਣ ਜਾਂਦੀ ਹੈ।

ਪ੍ਰੋ: ਦੇਵ ਅਤੇ ਰੂਪਾ ਅਤੇ ਰੂਪਾ ਅੰਦਰ ਵੀ ਏਹੋ ਧੂਣੀ ਸੁਲਘ ਰਹੀ ਹੈ। ਮਿੰਨੀ ਗਰੇਵਾਲ ਨੇ ਇਸ ਤੇ ਬੋਲਦਿਆਂ ਕਿਹਾ ਇਹ ਜੀਵਨ ਦਾ ਯਥਾਰਥ ਹੈ ਜੋ ਮੇਜਰ ਮਾਂਗਟ ਨੇ ਪੇਸ਼ ਕੀਤਾ ਹੈ। ਬਲਵੀਰ ਕੌਰ ਸੰਘੇੜਾ ਦਾ ਕਹਿਣਾ ਸੀ ਇਹ ਨਿਵੇਕਲੀ ਕਹਾਣੀ ਹੈ ਉਮਰ ਨਾਲ ਮਨੁੱਖੀ ਸੋਚ ਨਾਂ ਬਦਲਣ ਵਾਲੀ ਗੱਲ ਮੇਰੀ ਪਕੜ ਵਿੱਚ ਨਹੀਂ ਆਈ। ਅਰਵਿੰਦਰ ਕੌਰ ਨੇ ਕਿਹਾ ਮੇਜਰ ਮਾਂਗਟ ਨੇ ਇਹ ਰੁਮਾਂਟਿਕ ਰਿਸ਼ਤਿਆਂ ਦਾ ਮਨੋਵਿਗਿਆਨ ਬਾਖੂਬੀ ਨਿਭਾਇਆ ਹੈ। ਕਿਰਪਾਲ ਸਿੰਘ ਪੰਨੂੰ ਦਾ ਕਹਿਣਾ ਸੀ ਕਹਾਣੀ ਰਸ ਅੰਤ ਤੱਕ ਕਾਇਮ ਰਹਿੰਦਾ ਹੈ। ਪਾਤਰਾਂ ਦੀ ਉਮਰ ਅਤੇ ਸਥਿਤੀ ਇਸ ਵਿੱਚ ਆਦਰਸ਼ਕ ਰੰਗ ਭਰ ਦਿੰਦੀ ਜਿਸ ਨਾਲ ਕਹਾਣੀ ਦਾ ਥੀਮ ਅਸਪਸ਼ਟ ਹੋ ਸਕਦਾ ਹੈ। ਸੁਦਾਗਰ ਬਰਾੜ ਦਾ ਕਹਿਣਾ ਸੀ ਕਿ ਬਹੁਤ ਚੰਗੀ ਕਹਾਣੀ ਹੈ ਲੇਖਕ ਨੇ ਅੰਤ ਤੱਕ ਸਹਿਜਤਾ ਕਾਇਮ ਰੱਖੀ ਹੈ। ਪ੍ਰਿੰ:ਸਰਵਣ ਸਿੰਘ ਨੇ ਕਿਹਾ ਕਿ ਕਹਾਣੀ ਮੈਨੂੰ ਐਨੀ ਸੋਹਣੀ ਲੱਗੀ ਕਿ ਦੱਸ ਨਹੀਂ ਸਕਦਾ।ਇਹ ਯਥਾਰਥਵਾਦ ਹੈ ਅਤੇ ਧੂਣੀ ਸਿਰਲੇਖ ਵੀ ਬਹੁਤ ਢੁਕਵਾਂ ਹੈ। ਜਿਸ ਵਿੱਚੋਂ ਅੱਗ ਅਲੋਪ ਹੈ। ਥਾਂ ਥਾਂ ਕਲਾਤਮਿਕ ਟੱਚ ਦਿੱਤੇ ਗਏ ਨੇ।

ਜਰਨੈਲ ਸਿੰਘ ਕਹਾਣੀਕਾਰ ਦਾ ਕਹਿਣਾ ਸੀ ਕਿ ਇਹ ਬੰਦੇ ਦੀ ਭਟਕਣਾ ਦੀ ਕਹਾਣੀ ਜਿਸ ਵਿੱਚ ਰਿਸ਼ਤੇ ਢਕੌਂਸਲਾ ਹੀ ਜਾਪਦੇ ਨੇ। ਪ੍ਰੋ: ਦੇਵ ਦਾ ਆਪਣੀ ਪਤਨੀ ਨਾਲ ਰੂਹ ਦਾ ਰਿਸ਼ਤਾ ਕਿਉਂ ਨਹੀਂ ਬਣਦਾ ਇਸ ਲਈ ਕੋਈ ਖਾਸ ਘਟਨਾ ਨਹੀਂ ਵਾਪਰਦੀ। ਕਈ ਥਾਂ ਪਾਤਰਾਂ ਵਿੱਚੋਂ ਲੇਖਕ ਆਪ ਬੋਲਦਾ ਹੈ। ਜੀਵਨ ਦਾ ਇਹ ਅੰਸਤੁਲਤ ਵਿਹਾਰ ਦੱਸਦਾ ਕਿ ਦੁਨੀਆਂ ਦਾ ਆਉਣ ਵਾਲਾ ਰੂਪ ਕਿਹੋ ਜਿਹਾ ਹੋਵੇਗਾ। ਜਰਨੈਲ ਸਿੰਘ ਗਰਚਾ ਨੇ ਕਿਹਾ ਕਿ ਮਨੋਵਿਗਿਆਨ ਇਸ ਕਹਾਣੀ ਦੀ ਖੂਬੀ ਹੈ ਜੋ ਦੱਸਦਾ ਹੈ ਕਿ ਪਿਆਰ ਕਬਜਾ ਨਹੀਂ ਪਹਿਚਾਣ ਹੈ।

ਅੰਤ ਵਿੱਚ ਵਰਿਆਮ ਸਿੰਘ ਸੰਧੂ ਨੇ ਇਸ ਕਹਾਣੀ ਤੇ ਟਿੱਪਣੀਆਂ ਕਰਦੇ ਕਿਹਾ ਕਿ ਇਸ ਕਹਾਣੀ ਵਿੱਚ ਪ੍ਰਾਕਿਰਤੀ ਅਤੇ ਸੰਸਕ੍ਰਿਤੀ ਦਾ ਟਕਰਾਉ ਹੈ। ਕਹਾਣੀ ਸਹਿਜ ਨਹੀ ਚੱਲਦੀ ਬਲਕਿ ਇਸਦਾ ਘਟਨਾਕ੍ਰਮ ਲੇਖਕ ਆਪ ਸਿਰਜਦਾ ਹੈ।ਕਹਾਣੀ ਪਿੱਛੇ ਉਸਦਾ ਆਪਣਾ ਨਜ਼ਰੀਆ ਹੈ ਜੋ ਇਸ ਨੂੰ ਰੁਮਾਂਟਿਕ ਆਦਰਸ਼ਵਾਦੀ ਅਰਥ ਦਿੰਦਾ ਹੈ। ਪਿਆਰ ਦਾ ਮੱਧਕਾਲੀ ਸੰਕਲਪ ਲੇਖਕ ਟੁੱਟਣ ਨਹੀਂ ਦਿੰਦਾ। ਪਰ ਅੱਜ ਦੀ ਰੀਅਲਟੀ ਕੁੱਝ ਹੋਰ ਹੈ ਜਿਸ ਵਿੱਚ ਰਿਸ਼ਤੇ ਪਲ ਪਲ ਟੁੱਟਦੇ ਜੁੜਦੇ ਹਨ।ਉਨ੍ਹਾਂ ਕਿਹਾ ਮੈਂ ਮੇਜਰ ਮਾਂਗਟ ਨੂੰ ਇਸ ਗੱਲੋਂ ਸਾਬਾਸ਼ ਵੀ ਦਿੰਦਾ ਹਾਂ ਕਿ ਉਸਨੇ ਆਧਨਿਕ ਪ੍ਰਭਾਵ ਅਧੀਨ ਪਰਿਵਾਰਕ ਰਿਸ਼ਤਿਆਂ ਨੂੰ ਅਵੈਧ ਰਿਸ਼ਤਿਆਂ ਦੀ ਭੇਂਟ ਨਹੀਂ ਚੜਨ ਦਿੱਤਾ।

ਇਸ ਮੀਟਿੰਗ ਦੀ ਦੂਸਰੀ ਕਹਾਣੀ ਬਲਵੀਰ ਕੌਰ ਸੰਘੇੜਾ ਨੇ ਪੜ੍ਹੀ ਜਿਸ ਦਾ ਸਿਰਲੇਖ ਸੀ ‘ਸਿਓਂਕ’। ਇਹ ਕਹਾਣੀ ਮਨੁੱਖ ਦੀ ਦਾਅ ਲਾਊ ਮਾਨਸਿਕਤਾ ਦੀ ਕਹਾਣੀ ਸੀ। ਜਿਸ ਵਿੱਚ ਇੱਕ ਲੜਕਾ ਆਪਣੀ ਗਰੀਬ ਮਾਂ ਨੂੰ ਚੰਗੇ ਗੁਜ਼ਾਰੇ ਲਈ ਕਨੇਡਿਉ ਪਰਤੇ ਮਹਿੰਗਾ ਸਿੰਘ ਦੀ ਕਾਮੁਕ ਕਮਜੋਰੀ ਦਾ ਨਜ਼ਾਇਜ਼ ਫਾਇਦਾ ਉਠਾਉਂਦਿਆਂ ਦੇਖਦਾ ਘਿਰਣਾ ਵਸ ਮਾਨਸਿਕ ਰੋਗੀ ਹੋ ਜਾਂਦਾ ਹੈ। ਤੇ ਦੂਸਰੇ ਪਾਸੇ ਮਹਿੰਗਾ ਸਿੰਘ ਕੋਲ ਪੈਸਾ ਹੈ ਜਿਸ ਦੀ ਚਮਕ ਦਮਕ ਨਾਲ ਉਹ ਕਿਸੇ ਗਰੀਬ ਔਰਤ ਦੀ ਮਜਬੂਰੀ ਨੂੰ ਦਾਅ ਲਾਉਂਦਾ ਹੈ। ਇਹ ਨਫਰਤ ਅਤੇ ਘਿਰਣਾ ਹੀ ਕਹਾਣੀ ਦੇ ਮੁੱਖ ਪਾਤਰ ਦੀ ਮਾਨਸਿਕਤਾ ਨੂੰ ‘ਸਿਓਂਕ’ ਬਣਕੇ ਲੱਗ ਜਾਂਦੀ ਹੈ। ਇਸ ਕਹਾਣੀ ਤੇ ਬੋਲਦਿਆ ਅਰਵਿੰਦਰ ਕੌਰ ਨੇ ਕਿਹਾ ਕਿ ਲੇਖਕਾ ਨੇ ਖੂਬਸੂਰਤ ਫਿਕਰੇ ਵਰਤੇ ਹਨ ਜੋ ਛੋਟੇ ਤੇ ਪ੍ਰਭਾਵਸ਼ਾਲੀ ਹਨ। ਔਰਤ ਹੋਕੇ ਔਰਤ ਦਾ ਪੱਖ ਨਹੀਂ ਪੂਰਿਆ ਗਿਆ ਜੋ ਚੰਗੀ ਗੱਲ ਹੈ।

ਕਿਰਪਾਲ ਸਿੰਘ ਪੰਨੂੰ ਨੇ ਕਿਹਾ ਕਿ ਕਹਾਣੀ ਅਜੇ ਮਿਹਨਤ ਮੰਗਦੀ ਹੈ ਇਸਦੀ ਭਾਸ਼ਾ ਅਤੇ ਸੰਵਾਦ ਪਾਤਰਾਂ ਦੀ ਸਮਝ ਅਤੇ ਸੁਭਾਅ ਮੁਤਾਬਕ ਨਹੀ ਹਨ। ਸੁਦਾਗਰ ਬਰਾੜ ਨੇ ਕਿਹਾ ਕਿ ਕਹਾਣੀ ਵਿੱਚ ਅਜੇ ਬਹੁਤ ਕੁੱਝ ਵਾਧੂ ਹੈ। ਮੁੱਖ ਪਾਤਰ ਅਨਪੜ੍ਹ ਹੁੰਦਾ ਹੋਇਆ ਵੀ ਭਾਰਤ ਕਨੇਡਾ ਦਾ ਸਾਰਾ ਗਿਆਨ ਰੱਖਦਾ ਹੈ ਜੋ ਕਿ ਠੀਕ ਨਹੀ ਹੈ। ਦਰਅਸਲ ਸਾਰੀ ਕਹਾਣੀ ਤੇ ਲੇਖਿਕਾ ਆਪ ਭਾਰੂ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਕਹਾਣੀ ਵਿੱਚ ਬਹੁਤ ਵੱਡੇ ਖੱਪੇ ਹੋਣ ਕਰਕੇ ਮੈਂ ਇਸ ਨਾਲ ਜੁੜ ਨਹੀਂ ਸਕਿਆ। ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅਸਲ ‘ਚ ਇਹ ਦੋ ਕਹਾਣੀਆਂ ਨੇ ਕਨੇਡਾ ਵਾਲੀ ਕਹਾਣੀ ਇਸ ‘ਚ ਵਾਧੂ ਹੈ ਜਿਸ ਦੀ ਕੋਈ ਲੋੜ ਨਹੀਂ ਸੀ। ਮੁੱਖ ਪਾਤਰ ਦੇ ਸੰਵਾਦ ਇੱਕ ਔਰਤ ਦੇ ਅੰਦਾਜ਼ ਵਿੱਚ ਉਚਾਰੇ ਗਏ ਹਨ। ਹੋਰ ਵੀ ਗੱਲਾਂ ਵਲ ਧਿਆਨ ਦੇਣ ਦੀ ਲੋੜ ਹੈ। ਜਰਨੈਲ ਸਿੰਘ ਨੇ ਕਿਹਾ ਵਿਸ਼ਾ ਤਾਂ ਚੰਗਾ ਹੈ ਪਰ ਬਣਤਰ ਅਜੇ ਠੀਕ ਨਹੀਂ। ਜਰਨੈਲ ਸਿੰਘ ਗਰਚਾ ਦਾ ਕਹਿਣਾ ਸੀ ਕਿ ਬਹੁਤ ਵਿਸਥਾਰ ਹੈ ਅਤੇ ਦੁਹਰਾ ਹੈ। ਮਨ ਅਜੇ ਪੂਰਾ ਜੁੜਦਾ ਨਹੀਂ। ਮੇਜਰ ਮਾਂਗਟ ਨੇ ਸ਼ਬਦਾਂ ਸਬੰਧੀ ਸੁਝਾਅ ਦਿੱਤੇ ਮਿੰਨੀ ਗਰੇਵਾਲ ਨੇ ਕਿਹਾ ਵਿਸ਼ਾ ਚੰਗਾ ਹੈ। ਜਦੋਂ ਦੁਬਾਰਾ ਲਿਖਣਗੇ ਤਾਂ ਅਵੱਸ਼ ਨਿਖਾਰ ਆਵੇਗਾ।। ਅੰਤ ਵਿੱਚ ਬਲਵੀਰ ਕੌਰ ਸੰਘੇੜਾ ਨੇ ਕਹਾਣੀ ਤੇ ਉਠੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਸ ਕਹਾਣੀ ਤੇ ਆਏ ਸੁਝਾਵਾਂ ਲਈ ਸਭ ਦਾ ਧੰਨਵਾਦ ਕੀਤਾ।

ਅੰਤ ਤੇ ਮੇਜ਼ਬਾਨ ਪਰਿਵਾਰ ਵਲੋਂ ਸੁਆਦਲਾ ਖਾਣਾ ਪਰੋਸਿਆ ਗਿਆ।ਸੁਖਬੀਰ ਗਰਚਾ ਅਤੇ ਹਰਪ੍ਰੀਤ ਗਰਚਾ ਨੇ ਮੀਟਿੰਗ ਦੀ ਸਫਲਤਾ ਲਈ ਭਰਪੂਰ ਯੋਗਦਾਨ ਪਾਇਆ। ਪ੍ਰਿੰ ਸਰਵਣ ਸਿੰਘ ਨੇ ਗਰਚਾ ਪਰਿਵਾਰ ਦਾ ਸਭ ਵਲੋਂ ਧੰਨਵਾਦ ਕੀਤਾ।ਕੁੱਝ ਯਾਦਗਾਰੀ ਤਸਵੀਰਾਂ ਲਈਆਂ ਗਈਆਂ। ਇਸ ਦੇ ਨਾਲ ਹੀ ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮਾਪਤ ਹੋ ਗਈ।

(10 ਜੂਨ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007