ਨਿਊ
ਯਾਰਕ – ਪੰਜਾਬੀ ਵਿੱਚ ਇਕ ਨਵਾਂ ਵੈਬ ਸਾਈਟ
www.panjabiblog.org
ਸਥਾਪਤ ਕੀਤਾ ਜਾ ਰਿਹਾ ਹੈ ਜਿਸਦੀ
ਸ਼ੁਰੂਆਤ ਜੂਨ 1, 2007 ਨੂੰ ਕੀਤੀ ਗਈ। ਇਸ ਵੈਬ ਸਾਈਟ ਨੂੰ ਨਿਊ ਯਾਰਕ ਨੇੜੇ ਵਸਦੇ
ਪ੍ਰੇਮ ਮਾਨ ਨੇ ਸ਼ੁਰੂ ਕੀਤਾ। ਇਹ ਵੈਬ ਸਾਈਟ ਪੰਜਾਬੀ ਵਿੱਚ ਆਪਣੀ ਕਿਸਮ ਦਾ ਪਹਿਲਾ
ਵੈਬ ਸਾਈਟ ਹੈ। ਪ੍ਰੇਮ ਮਾਨ ਅਨੁਸਾਰ, ਹਰ ਮਹੀਨੇ ਦੇ ਸ਼ੁਰੂ ਵਿੱਚ ਇਕ ਵਿਸ਼ੇ ਤੇ ਇਕ
ਲੇਖ ਲਿਖ ਕੇ ਇਸ ਵੈਬ ਸਾਈਟ ਉੱਤੇ ਲਾ ਦਿੱਤਾ ਜਾਇਆ ਕਰੇਗਾ। ਫਿਰ ਪਾਠਕ ਇਸ ਵਿਸ਼ੇ
ਤੇ ਆਪਣੇ ਵਿਚਾਰ, ਆਪਣੀਆਂ ਰਾਵਾਂ, ਅਤੇ ਆਪਣੇ ਨਿੱਜੀ ਅਭਿਆਸ ਲਿਖਕੇ ਈਮੇਲ ਰਾਹੀਂ
ਭੇਜਣਗੇ ਜੋ ਕਿ ਇਸ ਵੈਬ ਸਾਈਟ ਉੱਤੇ ਲਾਏ ਜਾਣਗੇ। ਭਾਵੇਂ ਕੋਸਿ਼ਸ਼ ਕੀਤੀ ਜਾਵੇਗੀ
ਕਿ ਇਹ ਲਿਖਤਾਂ ਪੰਜਾਬੀ ਵਿੱਚ ਹੋਣ ਪਰ ਜੇ ਕੋਈ ਪਾਠਕ ਪੰਜਾਬੀ ਵਿੱਚ ਨਹੀਂ ਲਿਖ
ਸਕੇਗਾ, ਤਾਂ ਉਹ ਆਪਣੀ ਲਿਖਤ ਅੰਗਰੇਜ਼ੀ ਵਿੱਚ ਲਿਖ ਕੇ ਭੇਜ ਸਕੇਗਾ। ਪ੍ਰੇਮ ਮਾਨ
ਅਨੁਸਾਰ, ਵਿਸ਼ਿਆਂ ਦੀ ਚੋਣ ਇਸ ਤਰ੍ਹਾਂ ਕੀਤੀ ਜਾਵੇਗੀ ਕਿ ਇਹ ਵਿਸ਼ੇ ਜਿੰਦਗੀ ਵਿੱਚ
ਅਹਿਮ ਮਹੱਤਤਾ ਵਾਲੇ ਹੋਣ। ਇਹ ਵਿਸ਼ੇ ਹਿੰਦੋਸਤਾਨ ਅਤੇ ਹਿੰਦੋਸਤਾਨ ਤੋਂ ਬਾਹਰਲੇ
ਅਭਿਆਸ ਦੇ ਅਧਾਰ ਤੇ ਚੁਣੇ ਜਾਣਗੇ ਜਿਨ੍ਹਾਂ ਦੀ ਹਿੰਦੋਸਤਾਨ ਅਤੇ ਹਿੰਦੋਸਤਾਨੀਆਂ
ਵਾਸਤੇ ਅਤੇ ਸਾਡੀ ਸਭ ਦੀ ਜ਼ਿੰਦਗੀ ਵਾਸਤੇ ਬਹੁਤ ਮਹੱਤਤਾ ਹੋਵੇ। ਇਸ ਤਰ੍ਹਾਂ ਇਸ ਵੈਬ
ਸਾਈਟ ਦਾ ਸਭ ਤੋਂ ਵੱਡਾ ਮਕਸਦ ਮਹੱਤਵਪੂਰਨ ਵਿਸਿ਼ਆਂ ਤੇ ਬਹਿਸ, ਵਾਦ-ਵਿਵਾਦ,
ਵਿਚਾਰ-ਵਟਾਂਦਰਾ, ਅਤੇ ਗੱਲ-ਬਾਤ ਸ਼ੁਰੂ ਕਰਨਾ ਹੋਵੇਗਾ। ਇਹ ਵੈਬ ਸਾਈਟ ਬੁਧੀਜੀਵੀਆਂ
ਅਤੇ ਆਮ ਪਾਠਕਾਂ ਲਈ ਵੱਖ ਵੱਖ ਵਿਸ਼ਿਆਂ ਊੱਤੇ ਆਪਣੀਆਂ ਰਾਵਾਂ ਦੇਣ ਦਾ ਵਸੀਲਾ
ਹੋਵੇਗਾ। ਹੌਲੀ ਹੌਲੀ ਇਸ ਵੈਬ ਸਾਈਟ ਨੂੰ ਸਮੇਂ ਦੇ ਨਾਲ ਵਧਾਇਆ ਜਾਵੇਗਾ। ਪਹਿਲੇ
ਵਿਸ਼ੇ ਉੱਤੇ ਲੇਖ 1 ਜੂਨ, 2007 ਤੋਂ ਪਾਠਕ
www.panjabiblog.org
ਉੱਤੇ ਦੇਖ ਸਕਣਗੇ ਅਤੇ ਉਹ ਆਪਣੇ ਵਿਚਾਰ ਇਸ ਵੈਬ ਸਾਈਟ ਉੱਤੇ ਦਿੱਤੇ ਈਮੇਲ ਐਡਰੈਸ
ਤੇ ਭੇਜ ਸਕਣਗੇ। ਪ੍ਰੇਮ ਮਾਨ ਇਸ ਵੈਬ ਸਾਈਟ ਬਾਰੇ ਅਤੇ ਇਸਦੀ ਸਫਲਤਾ ਬਾਰੇ ਬਹੁਤ
ਉਤਸ਼ਾਹਤ ਹੈ। ਪ੍ਰੇਮ ਮਾਨ ਪੰਜਾਬੀ ਵਿੱਚ ਕਹਾਣੀਆਂ ਅਤੇ ਕਵਿਤਾਵਾਂ ਲਿਖਦਾ ਹੈ ਅਤੇ
ਅਮਰੀਕਾ ਦੀ ਈਸਟਰਨ ਕਨੈਟੀਕਟ ਸਟੇਟ ਯੂਨੀਵਰਸਿਟੀ ਵਿੱਚ ਇਕਨਾਮਿਕਸ ਦਾ ਪ੍ਰੋਫੈਸਰ
ਹੈ।
(14 ਜੂਨ 2007) ਯੂਨੀਕੋਡ