ਜੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਇਤਿਹਾਸ 'ਤੇ ਡੂੰਘੀ ਨਜ਼ਰ ਮਾਰੀ ਜਾਵੇ ਤਾਂ ਪੰਜਾਬ
ਪ੍ਰਤੀ ਤਿੰਨ ਪ੍ਰਧਾਨ ਮੰਤਰੀ ਦਿਲੋਂ ਇਮਾਨਦਾਰ ਰਹੇ ਹਨ। ਸ੍ਰੀ ਦੇਵ ਗੌੜਾ, ਵਿਸ਼ਵ
ਪ੍ਰਤਾਪ ਸਿੰਘ ਅਤੇ ਸ੍ਰੀ ਚੰਦਰ ਸ਼ੇਖਰ! ਜਦੋਂ ਪੰਜਾਬ ਵਿਚ ਅੱਤ ਸਿਖ਼ਰ ਦਾ ਕਾਲ਼ਾ
ਸਮਾਂ ਚੱਲ ਰਿਹਾ ਸੀ, ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਚੰਦਰ ਸ਼ੇਖਰ ਨੇ
ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦਾ ਸਿਰਤੋੜ ਯਤਨ ਕੀਤਾ। ਇਸ ਵਿਚ ਉਹਨਾਂ ਨੇ ਸਫ਼ਲਤਾ
ਨਹੀਂ ਪ੍ਰਾਪਤ ਕੀਤੀ, ਜਾਂ ਨਾ ਕਰ ਸਕੇ, ਇਹ ਇਕ ਵੱਖਰੀ ਗੱਲ ਹੈ। ਚਾਹੇ ਉਹ ਪ੍ਰਧਾਨ
ਮੰਤਰੀ ਦੀ ਗੱਦੀ ਉਪਰ ਤਕਰੀਬਨ ਸੱਤ ਕੁ ਮਹੀਨੇ ਹੀ ਸ਼ਸ਼ੋਭਿਤ ਰਹੇ, ਪਰ ਘੱਟੋ ਘੱਟ
ਪੰਜਾਬ ਲਈ ਕੁਝ ਕਰਨ ਲਈ ਉਹਨਾਂ ਦੇ ਮਨ ਵਿਚ ਲਗਨ ਸੀ। ਪਰ ਪੰਜਾਬ ਲਈ ਦਿਲ ਵਿਚ
ਚਿੰਤਾ ਰੱਖਣ ਵਾਲਿ਼ਆਂ ਨੇ ਇਹ ਦਿਲੋਂ ਮਹਿਸੂਸ ਕਰ ਲਿਆ ਸੀ ਕਿ ਸ੍ਰੀ ਚੰਦਰ ਸ਼ੇਖਰ
ਪੰਜਾਬ ਲਈ ਨਰਮ ਦਿਲ ਰੱਖਦੇ ਹਨ ਅਤੇ ਮਨੋਂ ਤਨੋਂ ਮਸਲੇ ਦਾ ਹੱਲ ਚਾਹੁੰਦੇ ਹਨ! ਕੁਝ
ਸਿਆਸੀ ਕਾਰਨਾਂ ਕਰਕੇ ਇਹ ਗੱਲ ਬਾਤ ਸਿਰੇ ਨਾ ਚੜ੍ਹ ਸਕੀ ਅਤੇ ਸ੍ਰੀ ਚੰਦਰ ਸ਼ੇਖਰ
ਨਿਰਾਸ਼ ਹੋ ਗਏ। ਉਤਰ ਪ੍ਰਦੇਸ ਦੇ ਪਿੰਡ ਬਲੀਆ ਵਿਚ ਇਕ ਜੁਲਾਈ 1927 ਨੂੰ ਜਨਮੇ
ਚੰਦਰ ਸ਼ੇਖਰ ਕੈਂਸਰ ਦੀ ਬੀਮਾਰੀ ਕਾਰਨ ਕਾਫ਼ੀ ਲੰਬੇ ਸਮੇਂ ਤੋਂ ਘੋਲ਼ ਕਰ ਰਹੇ ਸਨ।
ਹਮੇਸ਼ਾ ਬਲੀਆ ਏਰੀਏ ਤੋਂ ਹੀ ਚੋਣ ਲੜਨ ਵਾਲ਼ੇ ਚੰਦਰ ਸ਼ੇਖਰ ਇਕ ਨਿਰਭੈ ਅਤੇ ਨਿਰਪੱਖ
ਨੇਤਾ ਸਨ। ਭਾਰਤ ਦੀ ਸਿਆਸਤ ਵਿਚ ਕੁਝ ਹੀ ਮੰਤਰੀ ਅਜਿਹੇ ਹਨ ਜਿਹਨਾਂ ਨੇ ਘੱਟ ਗਿਣਤੀ
ਦੇ ਲੋਕਾਂ ਅਤੇ ਕਮਜ਼ੋਰ ਲੋਕਤਾਈ ਦੀ ਡਟ ਕੇ ਹਮਾਇਤ ਕੀਤੀ।
ਚਾਹੇ ਉਹਨਾਂ ਨੇ ਲੰਬਾ ਸਮਾਂ ਸਮਾਜਵਾਦੀ ਆਗੂ ਅਚਾਰੀਆ ਨਰਿੰਦਰ ਦੇਵ ਦੀ ਸ਼ਾਗਿਰਦੀ
ਕੀਤੀ, ਕਾਫ਼ੀ ਦੇਰ ਕਾਂਗਰਸ ਹਮਾਇਤੀ ਵੀ ਰਹੇ, ਪਰ ਉਹਨਾਂ ਨੇ ਆਪਣੀਆਂ ਜਿ਼ਮੇਵਾਰੀਆਂ
ਪ੍ਰਤੀ ਸੁਚੇਤ ਰਹਿ ਕੇ ਕਿਸੇ ਦੀ ਈਨ ਨਹੀਂ ਮੰਨੀ ਅਤੇ ਨਾ ਹੀ ਕਿਸੇ ਦਾ ਪ੍ਰਭਾਵ
ਕਬੂਲ ਕੀਤਾ। ਉਹ ਆਪਣੇ ਦਾਰਸ਼ਨਿਕ ਪੰਧ 'ਤੇ ਹੀ ਮਾਰੋ ਮਾਰ ਤੁਰਦੇ ਰਹੇ। ਕਾਂਗਰਸ
ਨਾਲ਼ ਵਿਚਰਨ ਸਮੇਂ ਉਹ ਮਰਹੂਮ ਸੰਜੇ ਗਾਂਧੀ ਦੇ ਵੀ ਕਾਫ਼ੀ ਨਜ਼ਦੀਕੀ ਰਹੇ, ਪਰ ਬਾਗੀ
ਤਬੀਅਤ ਵਾਲ਼ੇ ਚੰਦਰ ਸ਼ੇਖਰ ਸਦਾ ਸਮਾਜ ਭਲਾਈ ਲਈ ਤਤਪਰ ਰਹੇ ਅਤੇ ਸਾਰੀ ਜਿ਼ੰਦਗੀ
ਸਮਾਜ ਭਲਾਈ ਦਾ ਪੱਲਾ ਨਹੀਂ ਛੱਡਿਆ। ਉਹਨਾਂ ਦੀ ਨਿਰਪੱਖਤਾ ਦਾ ਸਬੂਤ ਇੱਥੋਂ ਮਿਲ਼
ਜਾਂਦਾ ਹੈ ਕਿ ਉਹ ਕਾਂਗਰਸੀ ਹੁੰਦਿਆਂ ਹੋਇਆਂ ਵੀ, ਸ੍ਰੀਮਤੀ ਇੰਦਰਾ ਗਾਂਧੀ ਵੱਲੋਂ
ਦੇਸ਼ ਭਰ ਵਿਚ ਲਗਾਈ ਐਮਰਜੈਂਸੀ ਦੌਰਾਨ ਸ੍ਰੀਮਤੀ ਇੰਦਰਾ ਗਾਂਧੀ ਦੀ ਖੁੱਲ੍ਹ ਕੇ
ਆਲੋਚਨਾ ਕਰਦੇ ਰਹੇ ਅਤੇ ਇਸ ਦੇ ਇਵਜ਼ਾਨੇ ਵਜੋਂ ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪਈ।
ਉਹ ਸ੍ਰੀਮਤੀ ਇੰਦਰਾ ਗਾਂਧੀ ਦੀ ਇਸ ਐਮਰਜੈਂਸੀ ਨੂੰ ਲੋਕ ਹਿਤਾਂ ਅਤੇ ਲੋਕਤੰਤਰ 'ਤੇ
ਇਕ 'ਡਾਕਾ' ਬਿਆਨਦੇ ਸਨ! ਜੇਲ੍ਹ ਕੱਟਣ ਬਾਅਦ ਉਹ ਉਹ ਸ੍ਰੀ ਜੈ ਪ੍ਰਕਾਸ਼ ਨਰਾਇਣ
ਨਾਲ਼ ਆ ਜੁੜੇ। ਐਮਰਜੈਂਸੀ ਦੌਰਾਨ ਉਹ ਕਾਂਗਰਸੀ ਪੰਜ ਮੈਂਬਰਾਂ ਵਿਚੋਂ ਇਕ ਸਨ,
ਜਿਹਨਾਂ ਨੂੰ ਇੰਦਰਾ ਗਾਂਧੀ ਦੇ ਕਰੋਧ ਦਾ ਸਿ਼ਕਾਰ ਹੋਣਾ ਪਿਆ ਸੀ। ਬੱਸ ਇੱਥੋਂ ਸ੍ਰੀ
ਚੰਦਰ ਸ਼ੇਖਰ ਨੇ ਆਪਣੀ ਸਮਾਜਵਾਦੀ ਸਿਆਸਤ ਸ਼ੁਰੂ ਕੀਤੀ।
1990 ਵਿਚ ਸ੍ਰੀ ਵਿਸ਼ਵਾ ਨਾਥ ਪ੍ਰਤਾਪ ਸਿੰਘ ਦੀ ਸਰਕਾਰ ਦੇ ਭੋਗ ਪੈਣ ਤੋਂ ਬਾਅਦ
ਸ੍ਰੀ ਚੰਦਰ ਸ਼ੇਖਰ ਨੇ ਭਾਰਤ ਦੇ ਗਿਅਰਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿ਼ਆ।
ਉਸ ਸਮੇਂ ਕਾਂਗਰਸ ਦੇ ਕੁਝ ਸਿਰਕੱਢ ਆਗੂ ਵੀ ਉਸ ਦੀ ਹਮਾਇਤ 'ਤੇ ਸਨ। ਜਿਹਨਾਂ ਵਿਚੋਂ
ਮਰਹੂਮ ਰਾਜੀਵ ਗਾਂਧੀ ਵੀ ਉਹਨਾਂ ਦੀ ਪਿੱਠ 'ਤੇ ਸੀ। ਚਾਹੇ ਇਸ ਨੂੰ ਕੁਝ ਸਿਆਸੀ
ਸਟੰਟ ਨਾਲ਼ ਜੋੜ ਕੇ ਦੇਖਿਆ ਗਿਆ, ਪਰ ਸਮੇਂ ਦੇ ਮੁੱਖ ਆਗੂ ਰਾਜੀਵ ਗਾਂਧੀ ਨੇ ਵੀ
ਚੰਦਰ ਸ਼ੇਖਰ ਦੀ ਡਟਵੀਂ ਹਮਾਇਤ ਕੀਤੀ ਸੀ। ਹਾਲਾਂ ਕਿ ਸ੍ਰੀ ਚੰਦਰ ਸੇਖਰ 'ਤੇ ਕੁਝ
ਊਝਾਂ ਵੀ ਲੱਗੀਆਂ, ਜਿਹਨਾਂ ਵਿਚ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ
ਨਿੱਜੀ ਜਾਸੂਸੀ ਕਰਵਾਉਣ ਦਾ ਇਲਜ਼ਾਮ ਵੀ ਸ਼ਾਮਿਲ ਸੀ! ਸ੍ਰੀ ਚੰਦਰ ਸ਼ੇਖਰ ਇਲਾਹਾਬਾਦ
ਯੂਨੀਵਰਿਸਟੀ ਤੋਂ ਰਾਜਨੀਤੀ ਸ਼ਾਸ਼ਤਰ ਦੀ ਐਮ. ਏ. ਸਨ। ਇਹ ਪੜ੍ਹਾਈ ਉਹਨਾਂ ਨੇ 1951
ਵਿਚ ਕੀਤੀ ਅਤੇ ਪਹਿਲੀ ਵਾਰ ਉਹਨਾਂ ਨੇ 1962 ਵਿਚ ਲੋਕ ਸਭਾ ਵਿਚ ਸੀਟ ਲਈ।
ਐਮਰਜੈਂਸੀ ਦੌਰਾਨ ਜੇਲ੍ਹ ਕੱਟਣ ਤੋਂ ਬਾਅਦ ਉਹਨਾਂ ਨੇ ਕਾਂਗਰਸ ਨੂੰ ਫ਼ਤਹਿ ਬੁਲਾ
ਦਿੱਤੀ ਅਤੇ ਸ੍ਰੀ ਜੈ ਪ੍ਰਕਾਸ਼ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ਼ ਆਣ
ਖੜ੍ਹੇ ਹੋਏ। 11 ਸਾਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਰਹੇ। ਨਵੰਬਰ
1990 ਤੋਂ ਜੂਨ 1991 ਤੱਕ ਉਹ ਭਾਰਤ ਦੇ ਗਿਆਰਵੇਂ ਪ੍ਰਧਾਨ ਮੰਤਰੀ ਰਹੇ ਅਤੇ 1995
ਵਿਚ ਉਹਨਾਂ ਨੂੰ 'ਬੈਸਟ ਸੰਸਦ' ਹੋਣ ਦਾ ਮਾਣ ਪ੍ਰਾਪਤ ਹੋਇਆ। ਸ੍ਰੀ ਚੰਦਰ ਸ਼ੇਖਰ ਦੇ
ਇਸ ਵਿਛੋੜੇ ਨਾਲ਼ ਜਿੱਥੇ ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਨੂੰ ਇਕ ਨਾ ਪੂਰਾ ਹੋਣ
ਵਾਲ਼ਾ ਘਾਟਾ ਪਿਆ ਹੈ, ਉਥੇ ਭਾਰਤ ਦੇਸ਼ ਹੱਥੋਂ ਵੀ ਇਕ ਈਮਾਨਦਾਰ ਆਗੂ ਖੁੱਸ ਗਿਆ
ਹੈ। ਪੰਜਾਬ ਦੇ ਲੋਕਾਂ ਨੂੰ ਸ੍ਰੀ ਚੰਦਰ ਸੇਖਰ ਦਾ ਵਿਛੋੜਾ ਸਦਾ ਰੜਕਦਾ ਰਹੇਗਾ, ਪਰ
ਉਹਨਾਂ ਦੀ ਨਿੱਘੀ ਯਾਦ ਸਾਡੇ ਮਨਾਂ ਵਿਚ ਹਮੇਸ਼ਾ ਕਾਇਮ ਰਹੇਗੀ। ਅੰਤ ਵਿਚ ਮੈਂ ਉਸ
ਨਿੱਡਰ, ਨਿਰਪੱਖ ਅਤੇ ਨਿਰਲੇਪ ਆਗੂ ਨੂੰ ਹਾਰਦਿਕ ਸ਼ਰਧਾਂਜਲੀ ਅਰਪਨ ਕਰਦਾ ਹੋਇਆ,
ਅਕਾਲ ਪੁਰਖ਼ ਦੇ ਚਰਨਾਂ ਵਿਚ ਅਰਦਾਸੀ ਹਾਂ ਕਿ ਸਰਬ ਸੁਖ ਦਾਤਾ ਉਹਨਾਂ ਨੂੰ ਆਪਣੇ
ਪਵਿੱਤਰ ਚਰਨਾਂ ਵਿਚ ਜਗਾਹ ਬਖ਼ਸਿ਼ਸ਼ ਕਰਨ...!
(11 ਜੁਲਾਈ 2007) ਯੂਨੀਕੋਡ