|

ਕੈਲਗਰੀ, (ਮਹਿੰਦਰਪਾਲ ਸ. ਪਾਲ) ਸ਼ਨੀਚਰਵਾਰ 30
ਜੂਨ 2007 ਨੂੰ 2 ਵਜੇ ਦੁਪਿਹਰ ਤੋਂ ਸ਼ਾਮ 5 ਵਜੇ ਤਕ ਕਨੇਡਾ ਦੇ ਸ਼ਹਿਰ ਕੈਲਗਰੀ
ਵਿਖੇ ਪੰਜਾਬੀ ਲਿਖਾਰੀ ਸਭਾ ਕੈਲਗਿਰੀ ਦਾ ਅੱਠਵਾਂ ਵਾਰਸ਼ਿਕ ਸਮਾਗਰਮ (ਅਰਪਨ
ਦਿਵਸ) ਪੰਜਾਬੀ ਸਾਹਿਤ ਜਗਤ ਵਿੱਚ ਇੱਕ ਯਾਦਗਾਰੀ ਦਿਵਸ ਹੋ ਨਿੱਬੜਿਆ। ਸਟੇਜ
ਸਕਤੱਰ ਦੀ ਸੇਵਾ ਮਹਿੰਦਰਪਾਲ ਸ. ਪਾਲ ਨੇ ਨਿਭਾਈ ਸਭ ਤੋਂ ਪਹਿਲਾਂ ਸਮਾਗਮ ਦੇ
ਪ੍ਰਧਾਨਗੀ ਮੰਡਲ ਲਈ ਕ੍ਰਮਵਾਰ, ਟਰਾਂਟੋ ਤੋਂ ਮੁੱਖ ਮਹਿਮਾਨ ਪ੍ਰਸਿੱਧ
ਕਹਾਣੀਕਾਰਾ ਬਲਬੀਰ ਕੌਰ ਸੰਘੇੜਾ, ਜੋਗਿੰਦਰ ਸੰਘਾਂ ਪ੍ਰਧਾਨ ਪੰਜਾਬੀ ਲਿਖਾਰੀ
ਸਭਾ, ਪੰਜਾਬ ਤੋਂ ਸੀਨੀਅਰ ਪ੍ਰਫੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਟੀ
ਪਟਿਆਲਾ ਡਾ. ਬਲਵਿੰਦਰ ਕੌਰ ਬਰਾੜ, ਟਰਾਂਟੋ ਤੋ ਸੁਪ੍ਰਸਿੱਧ ਖੇਡ ਲੇਖਕ ਪ੍ਰਿੰ:
ਸਰਵਣ ਸਿੰਘ ਅਤੇ ਅਮਰੀਕਾ ਤੋਂ ਜਸਵਿੰਦਰ ਸਿੰਘ (ਇਕਬਾਲ ਅਰਪਨ ਦੇ ਬੇਟੇ) ਨੂੰ
ਬੁਲਾਇਆ। ਸਕੱਤਰ ਮਹਿੰਦਰਪਾਲ ਸ. ਪਾਲ ਨੇ ਕਹਾਣੀਕਾਰਾ ਬਲਬੀਰ ਕੌਰ ਸੰਘੇੜਾ
ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਜੋਗਿੰਦਰ ਸੰਘਾ
ਨੇ ਸਰੋਤਿਆਂ ਤੇ ਲਿਖਾਰੀਆਂ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਨਿੱਘਾ ਸੁਆਗਤ
ਕਰਦਿਆਂ, ਪੰਜਾਬੀ ਲਿਖਾਰੀ ਸਭਾ ਦੇ ਕੰਮਾਂ ਅਤੇ ਨਿਸ਼ਾਨਿਆਂ ਉੱਪਰ ਚਾਨਣਾ ਪਾਇਆ।

ਪ੍ਰੋਗਰਾਮ ਦੀ ਸ਼ੁਰੂਆਤ ‘ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ’ ਗਾ ਕੇ
ਹਰਜੀਤ ਗਿੱਲ ਨੇ ਬਹੁਤ ਹੀ ਟੁੰਬਵੇਂ ਅੰਦਾਜ਼ ਵਿੱਚ ਕੀਤੀ । ਸਰੂਪ ਸਿੰਘ ਮੰਡੇਰ
ਤੇ ਜਸਵੰਤ ਸਿੰਘ ਸੇਖੋਂ ਦੀ ਕਵੀਸ਼ਰੀ ਜੋੜੀ ਨੇ ਨੂੰਹ ਸੱਸ ਦੇ ਰਿਸ਼ਤਿਆਂ ਸਬੰਧੀ
ਕਵੀਸ਼ਰੀ ਸੁਣਾਈ। ਜਦੋਂ ਐਡਮਿੰਟਨ ਤੋ ਜੋਗਿੰਦਰ ਰੰਧਾਵਾ ਨੇ ‘ਸੱਜਣਾਂ ਤੇਰੇ ਮੋਹ
ਦੀਆਂ ਕਸਕਾਂ’ ਇਕਬਾਲ ਅਰਪਨ ਨੂੰ ਸਮਰਪਿਤ ਗੀਤ ਗਾਇਆ ਤਾਂ ਹਾਲ ਵਿੱਚ ਸਰੋਤਿਆਂ
ਦੀਆਂ ਅੱਖਾਂ ਭਰ ਆਈਆਂ। ਕੈਲਗਰੀ ਦਾ ਸੁਰੀਲਾ ਗਾਇਕ ਤ੍ਰਿਲੋਚਨ ਸੈਂਬੀ ਸਾਜ਼ਾਂ
ਦੀਆਂ ਸੁਰਾਂ ਸੰਗ ‘ਧੀ ਦੀ ਪੁਕਾਰ’ ਸਰੋਤਿਆਂ ਤੱਕ ਪਹੁੰਚਾਉਣ ਵਿੱਚ ਸਫ਼ਲ ਰਿਹਾ।
ਬਲਜਿੰਦਰ ਸੰਘਾ ਹਮੇਸ਼ਾ ਦੀ ਤਰ੍ਹਾਂ ਥੋੜੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਕਹਿ
ਗਿਆ। ‘ਸਾਡਾ ਲੰਘ ਗਿਆ ਜੋਬਨ’ ਵਰਗਾ ਗੀਤ ਜਦੋਂ ਭੋਲਾ ਸਿੰਘ ਚੌਹਾਨ ਨੇ ਪਹਿਲੀ
ਵਾਰ ਗਾਇਆ ਤਾਂ ਅਜਿਹਾ ਮਹਿਸੂਸ ਹੋਇਆ ਕਿ ਕੈਲਗਿਰੀ ਸ਼ਹਿਰ ਵਿੱਚ ਹੋਰ ਵੀ ਅਜਿਹੇ
ਸੁਰੀਲੇ ਗਾਇਕ ਛੁਪੇ ਹੋਏ ਹਨ ਜਿਨ੍ਹਾਂ ਨੂੰ ਉਤਸ਼ਾਹ ਦੇ ਕੇ ਅੱਗੇ ਲਿਆਉਣ ਦੀ
ਲੋੜ ਹੈ। ਮੌਂਨਟ੍ਰੀਆਲ ਸ਼ਹਿਰ ਤੋਂ ਵਿਸ਼ੇਸ ਤੌਰ ਤੇ ਪੁੱਜੇ ਸ਼ਾਇਰ ਅਜੈਬ ਸਿੰਘ
ਸੰਧੂ ਨੇ ‘ਮਾਂ ਮੈਨੂੰ ਮਾਰੀ ਨਾਂ’ ਵਰਗੀ ਰਚਨਾ ਪੇਸ਼ ਕਰਕੇ ਔਰਤ ਦੇ ਹੱਕਾਂ ਦੀ
ਪ੍ਰੋੜਤਾ ਕੀਤੀ।
ਸਾਬਕਾ ਪ੍ਰਧਾਨ ਕੇਸਰ ਸਿੰਘ ਨੀਰ ਨੇ ਸਮਾਗਮ ਦੀ ਮੁੱਖ ਮਹਿਮਾਨ ਬਲਬੀਰ ਕੌਰ
ਸੰਘੇੜਾ ਦੇ ਕਲਮੀ ਸਫ਼ਰ ਬਾਰੇ ਵਿਸਥਾਰ ਨਾਲ ਜਾਣ ਪਛਾਣ ਕਰਵਾਈ। ਫਿਰ ਖ਼ੁਦ ਬਲਬੀਰ
ਕੌਰ ਸੰਘੇੜਾ ਨੇ ਮੰਚ ਉੱਪਰ ਸਰੋਤਿਆਂ ਦੇ ਰੂਬਰੂ ਹੁੰਦਿਆਂ ਆਪਣੇ ਅਤੇ ਆਪਣੇ
ਕਲਮੀ ਸਫ਼ਰ ਦੀਆਂ ਗੱਲਾਂ ਸਾਂਝੀਆਂ ਕੀਤੀਆਂ। “ਇਹ ਜੰਗ ਹੈ ਕਲਮ ਦੀ” ਵਰਗੀਆਂ
ਸਤਰਾਂ ਨੇ ਸਰੋਤਿਆਂ ਤੇ ਗਹਿਰਾ ਪਰਭਾਵ ਛੱਡਿਆ। ਇਸ ਮੌਕੇ ਪੰਜਾਬੀ ਲਿਖਾਰੀ ਸਭਾ
ਕੈਲਗਰੀ ਦੇ ਪ੍ਰਧਾਨ ਜੋਗਿੰਦਰ ਸੰਘਾ ਨੇ “ਇਕਬਾਲ ਅਰਪਨ ਮੈਮੋਰੀਅਲ ਐਵਾਰਡ”,
ਕੇਸਰ ਸਿੰਘ ਨੀਰ ਨੇ ਸਭਾ ਵਲੋਂ 500 ਡਾਲਰ ਦੀ ਨਕਦ ਰਾਸ਼ੀ ਬਲਬੀਰ ਕੌਰ ਸੰਘੇੜਾ
ਨੂੰ ਭੇਟ ਕੀਤੀ। ਹਰੇਕ ਸਾਲ ਦੀ ਤਰ੍ਹਾਂ ਪ੍ਰਸਿੱਧ ਚਿੱਤਰਕਾਰ, ਹਰਪ੍ਰਕਾਸ਼ ਸਿੰਘ
ਜਨਾਗਲ ਨੇ ਬਲਬੀਰ ਕੌਰ ਸੰਘੇੜਾ ਨੂੰ ਉਸਦਾ ਚਿੱਤਰ ਬਣਾਕੇ ਭੇਂਟ ਕੀਤਾ। ਪੰਜਾਬੀ
ਲਿਖਾਰੀ ਸਭਾ ਦੇ ਲਿਖਾਰੀਆਂ ਦੀਆਂ ਛਪੀਆਂ ਹੋਈਆਂ ਕਿਤਾਬਾਂ ਦਾ ਸੈਟ ਡਾ:
ਮਹਿੰਦਰ ਸਿੰਘ ਹੱਲਨ ਨੇ ਭੇਟ ਕੀਤਾ। ਇਸ ਮੌਕੇ ਤੇ ਸਵ: ਇਕਬਾਲ ਅਰਪਨ ਦੀਆਂ
ਨਵੀਂਆਂ ਛਪੀਆਂ ਪੁਸਤਕਾਂ ‘ਲਾਲਾਂ ਦੀ ਜੋੜੀ’ ਅਤੇ ‘ਚਾਨਣ ਦਾ ਵਣਜ਼ਾਰਾ’ ਰੀਲੀਜ਼
ਕੀਤੀਆਂ ਗਈਆਂ। ਇਨ੍ਹਾਂ ਕਿਤਾਬਾਂ ਦੀਆਂ ਕਾਪੀਆਂ ਬਲਬੀਰ ਕੌਰ ਸੰਘੇੜਾ ਨੇ ਸਵ:
ਇਕਬਾਲ ਅਰਪਨ ਦੀ ਸਪੁਤਨੀ ਹਰਜੀਤ ਕੌਰ ਨੂੰ ਭੇਟ ਕੀਤੀਆਂ। ਐਡਮਿੰਟਨ, ਵੈਨਕੋਵਰ,
ਟਰੰਟੋ, ਮਾਂਨਟਰੀਆਲ ਅਤੇ ਅਮਰੀਕਾ ਤੋਂ ਆਏ ਮਹਿਮਾਨ ਕਵੀਆਂ, ਲਿਖਰੀਆਂ ਨੂੰ ਇੱਕ
ਇੱਕ ਸ਼ਾਲ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਖ਼ਾਸ ਤੌਰ ਤੇ
ਇਕਬਾਲ ਅਰਪਨ ਦੇ ਦੋ ਬਹੁਤ ਹੀ ਨਿੱਘੇ ਤੇ ਪਿਆਰੇ ਦੋਸਤ ਬਲਦੇਵ ਸਿੰਘ ਅਤੇ
ਇਕਬਾਲ ਸਿੰਘ ਸ਼ਿਕਾਗੋ ਤੋਂ ਪੁਹੰਚੇ।
ਤਲਵੰਡੀ
ਵੀਡਿਓ ਵਾਲੇ ਪ੍ਰਮਜੀਤ ਸੰਦਲ ਨੇ ਹਾਸ-ਵਿਅੰਗ ਦੇ ਜ਼ੋਰਦਾਰ ਸ਼ਰਾਟਿਆਂ ਦੇ
ਨਾਲ-ਨਾਲ ਡੋਰ ਪ੍ਰਾਈਜ਼ ਡਰਾਅ ਕੱਢ ਕੇ ਮੰਚ ਅਤੇ ਸਰੋਤਿਆਂ ਨੂੰ ਹੱਸਣ ਦੀ ਕਸਰਤ
ਵੀ ਕਰਾਈ। ਇਕਬਾਲ ਖਾਨ ਨੇ ‘ਕਵਿਤਾ’ ਨਾਂ ਦੀ ਕਵਿਤਾ ਕਹੀ। ‘ਮੁੱਲ ਦਾ ਮੰਗਲ
ਸੂਤਰ ਪਾਕੇ ਦੇਖਾਂ ਸੀਸ਼ੇ ਮੂਹਰੇ ਖੜਕੇ’ “ਉਲਝਣ” ਨਾਂ ਦੀ ਕਵਿਤਾ ਦੇ ਇਹ ਬੋਲ
ਐਡਮਿੰਟਨ ਤੋਂ ਆਈ ਬਖਸ਼ ਸੰਘਾ ਦੀ ਜੁਬਾਨੀ ਪੂਰੇ ਤੇ ਖ਼ਰੇ ਉਤਰੇ। ਨਿੰਮੇ ਖ਼ਹਿਰਾ
ਨੇ ਤੁੰਬੀ ਦੀ ਟੁਣਕਾਰ ਤੇ ਢੋਲਕੀ ਦੀਆਂ ਸੁਰਾਂ ਨਾਲ ਯਮਲੇ ਜੱਟ ਦੀ ਯਾਦ ਨੂੰ
ਸਰੋਤਿਆਂ ਦੇ ਦਿਲਾਂ ਵਿੱਚ ਤਾਜ਼ਾ ਕਰ ਦਿੱਤਾ। ਲੁਧਿਆਣੇ ਤੋਂ ਚੇਤਨਾ ਪ੍ਰਕਾਸ਼ਨ
ਵਾਲਾ, ਸਤੀਸ਼ ਗੁਲਾਟੀ ਜਿੱਥੇ ਹਰ ਸਾਲ ਦੀ ਤਰ੍ਹਾਂ ਪੰਜਾਬੀ ਪਾਠਕਾਂ ਲਈ ਕਈ
ਨਵੀਆਂ ਛਪੀਆਂ ਕਿਤਾਬਾਂ ਲੈ ਕੇ ਹਾਜ਼ਰ ਹੋਇਆ, ਨਾਲ ਹੀ ਅਮਰੀਕਨ ਸਿਆਸਤ ਦੇ ਕੋਝ
ਨੂੰ ਨੰਗਾ ਕਰਦੀ ਆਪਣੀ ਕਵਿਤਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਹਰੀਪਾਲ ਤਾਏ
ਨਿਹਾਲੇ ਦੀ ਗੱਲ ਕਰਦਿਆਂ ਬਜ਼ੁਰਗਾਂ ਨਾਲ ਉਹਨਾਂ ਦੀ ਉਲਾਦ ਵਲੋਂ ਕੀਤੀ ਜਾਂਦੀ
ਦੁਰਦਸ਼ਾ ਤੇ ਮੱਠੀ ਮੱਠੀ ਟਕੋਰ ਕਰ ਗਿਆ।
ਕਿਸ਼ਨ ਕੌਰ ਪਾਲ ਭਦੌੜ ਦੀ ਲਿਖੀ ਕਵਿਤਾ ‘ਮੈਂ ਹਾਂ ਔਰਤ ਜੱਗ ਦੀ ਜਨਣੀ ਮੇਰੀ
ਦਰਦ ਕਹਾਣੀ ਹੈ ਵੈ’ ਹਰਬੰਸ ਬੁੱਟਰ ਨੇ ਤੱਰਨਮ ਵਿੱਚ ਸੁਣਾਈ। ਇਸ ਤੋਂ ਬਾਅਦ
ਡਾ: ਬਲਵਿੰਦਰ ਕੌਰ ਬਰਾੜ ਨੇ ਔਰਤ ਦੇ ਹੱਕਾਂ ਅਤੇ ਔਰਤ ਨਾਲ ਹੁੰਦੀ ਬੇਇਨਸਾਫੀ
ਬਾਰੇ ਬੋਲਦਿਆਂ ਮਾਹੌਲ ਨੂੰ ਭਾਵੁਕ ਬਣਾ ਦਿਤਾ। ਪ੍ਰੋ. ਮਨਜੀਤ ਸਿੰਘ ਸਿੱਧੂ ਨੇ
ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਟੇਜ ਸਕੱਤਰ ਦੀ
ਸੇਵਾ ਨਿਭਾਉਦਿਆਂ ਮਹਿੰਦਰਪਾਲ ਐਸ ਪਾਲ ਨੇ ਵੀ ਆਪਣੀ ਰਚਨਾ ਸਰੋਤਿਆਂ ਨਾਲ
ਸਾਂਝੀ ਕੀਤੀ । ਪ੍ਰੌ: ਮੋਹਣ ਸਿੰਘ ਔਜਲਾ, ਜੋਗਾ ਸਿੰਘ ਸਹੋਤਾ, ਜਸਵੀਰ ਸਹੋਤਾ,
ਅਵਨਿੰਦਰ ਨੂਰ, ਡਾ: ਹਰਭਜਨ ਸਿੰਘ ਢਿਲੋਂ ਅਤੇ ਕੇਸਰ ਸਿੰਘ ਨੀਰ ਦੀਆਂ
ਕਵਿਤਾਵਾਂ ਨੇ ਦਿਲ ਤੇ ਦਿਮਾਗ ਨੂੰ ਟੁੰਬ ਕੇ ਸਰੋਤਿਆਂ ਤੋਂ ਵਾਹ-ਵਾਹ
ਖੱਟੀ।ਸਮੇਂ ਦੀ ਘਾਟ ਕਾਰਨ ਬਹੁਤ ਸਾਰੇ ਕਵੀਆਂ ਨੂੰ ਸਮਾਂ ਨਹੀ ਮਿਲ਼ ਸਕਿਆ।
ਪਿ: ਸਰਵਣ ਸਿੰਘ ਜੋ ਕਿ ਖੇਡ ਲਿਖਾਰੀ ਦੇ ਤੌਰ ਤੇ ਇਕ ਵੱਖਰੀ ਪਹਿਚਾਣ ਰਖਦੇ
ਹਨ, ਆਪਣੀ ਕਲਮ ਤੇ ਅਵਾਜ਼ ਰਾਹੀ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਹਨਾ
ਨੇ ਸਭਾ ਦੇ ਸਮਾਗਮ ਅਤੇ ਕੰਮਾਂ ਤੋਂ ਬਹੁਤ ਪ੍ਰਭਾਵਤ ਹੋ ਕੇ ਆਪਣੇ ਭਾਸ਼ਨ ਦੌਰਾਨ
ਪੰਜਾਬੀ ਲਿਖਾਰੀ ਸਭਾ ਕੈਲਗਰੀ ਨੂੰ ਭਵਿੱਖ ਵਿੱਚ ਵੀ ਸਹਿਤਕ ਕੰਮਾਂ ਤੇ ਸਮਾਜ
ਸੇਵਾ ਦੇ ਕੰਮਾ ਦੇ ਉਪਰਾਲਿਆਂ ਨੂੰ ਜਾਰੀ ਰੱਖਣ ਦੀ ਪ੍ਰਰੇਨਾ ਕੀਤੀ। ਕੈਲਗਰੀ
ਵਿੱਚ ਹੋਰ ਬਹੁਤ ਸਾਰੇ ਸਮਾਗਮਾਂ ਦੇ ਬਾਵਜ਼ੂਦ ਰਿਕਾਰਡ ਤੋੜ ਇੱਕਠ ਹੋਇਆ।ਇਹ
ਪ੍ਰੋਗਰਾਮ ਲਗਾਤਾਰ ਤਿੰਨ ਘੰਟੇ ਚੱਲਿਆ ਤੇ ਸਰੋਤੇ ਮੰਤਰਮੁਗਧ ਹੋਏ ਰਹੇ।
ਲਿਖਾਰੀ ਸਭਾ ਵੱਲ੍ਹੋਂ ਆਏ ਮਹਿਮਾਨਾਂ ਅਤੇ ਸਰੋਤਿਆਂ ਦੀ ਚਾਹ, ਪਕੌੜੇ ਤੇ
ਜਲੇਬੀਆਂ ਨਾਲ ਸੇਵਾ ਕੀਤੀ ਗਈ।
ਸਮਾਗਮ ਦੇ ਅਖ਼ੀਰ ਵਿੱਚ ਜੋਗਿੰਦਰ ਸੰਘਾ ਨੇ ਸਮਾਗਮ ਵਿੱਚ ਪਹੁੰਚੇ ਸੱਜਣਾਂ ਦਾ,
ਸਮਾਗਮ ਨੂੰ ਸਪੌਂਸਰ ਕਰਨ ਵਾਲੇ ਬਿਜ਼ਨਿਸਮੈਨਾ ਦਾ ਅਤੇ ਸਾਰੇ ਮੀਡੀਏ (ਪਰਿੰਟ,
ਇਲੈਕਟ੍ਰੌਨਿਕ) ਦਾ ਧੰਨਵਾਦ ਕੀਤਾ, ਜਿੰਨ੍ਹਾ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ
ਵਿੱਚ ਵੱਡਮੁਲਾ ਹਿੱਸਾ ਪਾਇਆ। ਜੋਗਿੰਦਰ ਨੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ
ਤਰ੍ਹਾਂ ਦੇ ਸਹਿਯੋਗ ਦੀ ਆਸ ਕੀਤੀ। ‘ਸਿੱਖ ਵਿਰਸਾ’ ਮੈਗਜ਼ੀਨ ਦੇ ਐਡੀਟਰ ਹਰਚਰਨ
ਸਿੰਘ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੀਆਂ ਤਸਵੀਰਾਂ ਖਿੱਚਣ ਲਈ ਇਕ ਉੱਭਰਦੇ
ਕੈਮਰਾਮੈਨ ਜਸਨਦੀਪ ਸਿੰਘ ਨੂੰ ਆਪਣੇ ਨਾਲ ਲਾਂਦਾ ਜਿਸ ਨੇ ਸਾਰੇ ਪ੍ਰੋਗਰਾਮ
ਦੀਆਂ ਤਸਵੀਰਾਂ ਖਿੱਚੀਆਂ।
ਸ਼ਾਮ ਦੇ ਪ੍ਰੋਗਰਾਮ ਵਿੱਚ ਪੰਜਾਬੀ
ਲਿਖਾਰੀ ਸਭਾ ਦੇ ਮੈਂਬਰਾਂ ਨੇ ਟਰਾਂਟੋ ਤੋਂ ਆਏ ਮੁੱਖ-ਮਹਿਮਾਨ ਬਲਬੀਰ ਕੌਰ
ਸੰਘੇੜਾ ਅਤੇ ਹੋਰ ਸ਼ਹਿਰਾਂ ਤੋਂ ਪੁੱਜੇ ਮਹਿਮਾਨ ਕਵੀਆਂ, ਲਿਖਾਰੀਆਂ ਨਾਲ
ਤੰਦੂਰੀ ਕਿੰਗ ਰੈਸਟੋਰੈਟ ਵਿੱਚ ਰਾਤ ਦੇ ਪ੍ਰੀਤੀ ਭੋਜਨ ਸਮੇਂ ਖੁਲ੍ਹੀਆਂ ਗੱਲਾ
ਬਾਤਾਂ ਦੇ ਨਾਲ ਨਾਲ ਸ਼ੇਅਰੋ-ਸ਼ਾਇਰੀ ਦਾ ਆਨੰਦ ਵੀ ਮਾਣਿਆਂ। ਪ੍ਰੋਗਰਾਮ ਦੇ ਅੰਤ
ਵਿੱਚ ਜੋਗਿੰਦਰ ਸੰਘਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਅਗਲੇ ਸਾਲ ਇਸੇ ਤਰਾਂ
ਮਿਲ ਬੈਠਣ ਦਾ ਇਕਰਾਰ ਕਰਦੇ ਹੋਏ ਮਹਿਮਾਨਾ ਨੂੰ ਵਿਦਾਇਗੀ ਦਿੱਤੀ।
*******
(25 ਜੁਲਾਈ 2007) ਯੂਨੀਕੋਡ
|