ਅੱਜ ਲਿਖਾਰੀ ਦੇ ਪੰਨੇ ਫਰੋਲਦਿਆਂ
ਇਸਦੇ 'ਕਲਾ/ਕਲਾਕਾਰ' ਸੈਕਸ਼ਨ ਅੰਦਰ ਸ.ਕਿਰਪਾਲ ਸਿੰਘ ਪੰਨੂ ਜੀ ਦੇ ਵਧੀਆ ਢੰਗ ਨਾਲ
ਸਿਰਜੇ ਲੇਖ 'ਮਿਹਨਤ ਦਾ ਕਮਾਲ-- ਅੱਜ ਭਾਈ ਕਾਹਨ ਸਿੰਘ ਨਾਭਾ ਕੰਪਿਊਟਰ ਦੇ ਹਾਣ ਦਾ'
ਪੜ੍ਹਨ ਨੂੰ ਮਿਲਿਆ। ਮੈਂ ਖ਼ੁਦ ਇਸ ਮਿਹਨਤ ਦਾ ਕਮਾਲ ਕਰਨ ਵਾਲੇ ਭਾਈ ਬਲਜਿੰਦਰ ਸਿੰਘ
ਜੀ ਦੇ ਉਦਮ, ਜੋ ਲਗਾਤਾਰ ਜਾਰੀ ਹੈ, ਦਾ ਕਾਇਲ ਹਾਂ।
ਕੁਝ ਦਿਨ ਪਹਿਲਾਂ ਭਾ. ਬਲਜਿੰਦਰ ਸਿੰਘ ਕਿਚਨਰ (ਕਨੇਡਾ) ਦੇ ਗੁਰਦਵਾਰਾ ਸਾਹਿਬ ਵਿਚ
ਕੀਰਤਨ ਕਰਨ ਲਈ ਆਏ ਤਾਂ ਮੁਲਾਕਾਤ ਦਾ ਇਕ ਹੋਰ ਮੌਕਾ ਮਿਲਿਆ। ਸਰਕਾਰੀ ਕਾਲਜ,
ਕਰਮਸਰ(ਰਾੜਾ ਸਾਹਿਬ) ਤੋਂ ਗਰੈਜੂਏਸ਼ਨ ਕਰਨ ਵਾਲੇ ਬਲਜਿੰਦਰ ਸਿੰਘ ਦਾ ਅਧਿਆਪਕ ਹੋਣ
ਦਾ ਮਾਣ ਮਹਿਸੂਸ ਕਰ ਲੈਂਦਾ ਹਾਂ।
ਉਸ ਪੇਂਡੂ ਕਾਲਜ ਦੇ ਵਿਕਾਸ ਲਈ ਭਾਈ ਬਲਜਿੰਦਰ ਸਿੰਘ ਤਤਪਰ ਰਹਿੰਦੇ ਹਨ। ਇਹ ਗੱਲ
ਵਰਣਨ ਯੋਗ ਹੈ ਕਿ ਇਲਾਕੇ ਦੇ ਪ੍ਰਤੀਨਿਧਾਂ ਵਲੋਂ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ,
ਦੀ ਉਚ-ਵਿਦਿਆ ਲਈ ਕਾਲਜ ਦੀ ਜ਼ਰੂਰਤ ਦੀ ਮੰਗ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ
ਵਾਲਿਆਂ ਪਾਸ ਰੱਖੀ ਗਈ। ਉਹਨਾਂ ਦੀ ਸਿਫਾਰਸ਼ ਤੇ ਉਸ ਸਮੇ ਦੇ ਮੁਖ-ਮੰਤ੍ਰੀ ਜਸਟਸ
ਗੁਰਨਾਮ ਸਿੰਘ ਜੀ ਨੇ ਇਸ ਮੰਗ ਨੂੰ ਪ੍ਰਵਾਨਗੀ ਦੇ ਕੇ 1969 ਵਿਚ ਡਿਗਰੀ ਕਾਲਜ ਦੀ
ਸਥਾਪਨਾ ਕਰਵਾਈ।
ਪਿਛਲੇ ਸਿਆਲੀਂ ਡਾ. ਕੁਲਬੀਰ ਸਿੰਘ ਥਿੰਦ ਜੀ ਨੂੰ ਨਾਲ ਲੈ ਕੇ ਭਾ. ਬਲਜਿੰਦਰ ਸਿੰਘ
ਕਾਲਜ ਆਏ। ਡਾਕਟਰ ਸਾਹਿਬ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਦੇ ਨਵੇਂ ਕਮਾਲਾਂ ਬਾਰੇ
ਦਿਲਚਸਪ ਜਾਣਕਾਰੀ ਦਿਤੀ।
ਪ੍ਰਿੰਸੀਪਲ
ਦਰਬਾਰਾ ਸਿੰਘ ਗਰੇਵਾਲ ਨੇ ਆਏ ਮਹਿਮਾਨਾਂ, ਸਟਾਫ ਅਤੇ
ਵਿਦਿਆਰਥੀਆਂ ਵਲੋਂ ਇਸ ਵਿਸ਼ੇਸ਼ ਸਮਾਗਮ ਦੇ ਪ੍ਰਬੰਧ ਵਿਚ ਸਹਿਯੋਗ ਲਈ ਸ਼ੁਕਰੀਆ ਅਦਾ
ਕਰਨ ਦੇ ਨਾਲ ਨਾਲ ਕਾਲਜ ਦੇ ਵਿਦਿਅਕ ਤੇ ਭੌਤਕ ਵਿਕਾਸ ਬਾਰੇ ਜਾਣਕਾਰੀ ਦਿਤੀ।
ਕਿਚਨਰ ਵਾਲੀ ਮੁਲਾਕਾਤ ਸਮੇਂ ਮੈਂ ਰਾੜਾ ਸਾਹਿਬ ਦੀ ਵੈਬ-ਸਾਈਟ
(rarasahib.com)
ਵਿਚ ਕਿਸੇ ਨਵੇਂ ਵਾਧੇ
ਬਾਰੇ ਪੁਛਿਆ ਤਾਂ ਦੱਸਿਆ ਕਿ 2008 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਸ਼ਤਾਬਦੀ
ਸਮੇ ਕੁਝ ਵਿਸ਼ੇਸ਼ ਮਿਲੇਗਾ ਜਿਸ ਦਾ ਖ਼ੁਲਾਸਾ ਅਜੇ ਨਹੀਂ ਕੀਤਾ ਜਾ ਸਕਦਾ।
ਪ੍ਰੋ.ਪ੍ਰੀਤਮ ਸਿੰਘ ਗਰੇਵਾਲ
24 ਅਗਸਤ, 2007