ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਚੌਥਾ ਤਰਕਸ਼ੀਲ ਮੇਲਾ ਸਰ੍ਹੀ’ਚ
ਰੀਪੋਰਟ: ਪਰਮਿੰਦਰ ਸਵੈਚ

2 ਸਤੰਬਰ 2007 ਨੂੰ ਸਰ੍ਹੀ ਬੀ. ਸੀ ਦੇ ਬੈੱਲ ਪਰਫਾਰਮਿੰਗ ਆਰਟ ਸੈਂਟਰ ਵਿੱਚ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਵਲੋਂ ਸਲਾਨਾ ਚੌਥਾ ਤਰਕਸ਼ੀਲ ਮੇਲਾ ਕਰਵਾਇਆ ਗਿਆ। ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹਾਲ ਵਿੱਚ ਤਰਕਸ਼ੀਲ ਸਾਹਿਤ, ਸ਼ਹੀਦ ਭਗਤ ਸਿੰਘ, ਹੋਰ ਸ਼ਹੀਦਾਂ ਬਾਰੇ ਪੁਸਤਕਾਂ ਅਤੇ ਇੰਗਲੈਂਡ ਤੋਂ ਆਏ ਮੁੱਖ ਮਹਿਮਾਨ ਡਾ: ਹਰੀਸ਼ ਮਲਹੋਤਰਾ ਦੀਆਂ ਕਿਤਾਬਾਂ ਦਾ ਸਟਾਲ ਲਗਾਇਆ ਗਿਆ। ਲੋਕਾਂ ਨੇ ਕਾਫੀ ਗਿਣਤੀ ਵਿੱਚ ਕਿਤਾਬਾਂ ਖ੍ਰੀਦੀਆਂ। ਤਰਕਸ਼ੀਲ ਸੁਸਾਇਟੀ ਦੀ ਸਕੱਤਰ ਪਰਮਿੰਦਰ ਸਵੈਚ ਨੇ ਸ਼ਹੀਦ ਭਗਤ ਸਿੰਘ ਦੇ 100 ਸਾਲਾ ਜਨਮ ਦਿਹਾੜੇ ਤੇ ਸਭ ਨੂੰ ਵਧਾਈ ਦਿੱਤੀ, ਤਰਕਸ਼ੀਲ਼ ਸੁਸਾਇਟੀ ਦੇ ਕੰਮਾਂ-ਕਾਰਾਂ ਤੇ ਚਾਨਣਾਂ ਪਾਉਂਦੇ ਹੋਏ ਦਰਸ਼ਕਾਂ ਨੂੰ ਜੀ ਆਇਆਂ ਕਿਹਾ । ਸ਼ੁਰੂ ਵਿੱਚ ਕਵੀ ਅਮ੍ਰਿਤ ਦਿਵਾਨਾ ਜੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਕਵਿਤਾ “ਭਗਤ ਸਿੰਘ ਤੇਰੀ ਸੋਚ ਨੂੰ ਅਰਬਾਂ ਖਰਬਾਂ ਵਾਰ ਪ੍ਰਨਾਮ” ਪੜ੍ਹੀ। ਗੁਰਪ੍ਰੀਤ ਭਦੌੜ ਨੇ ਇੱਕ ਗੀਤ “ਬੱਚਿਆਂ ਨਾਲ ਗੱਲਾਂ, ਕਰੀਏ ਵਿਗਿਆਨ ਦੀਆਂ” ਸੁਣਾਇਆ। ਗੁਰਦੀਪ ਆਰਟ ਅਕੈਡਮੀ ਵਲੋਂ ਕੋਰਿਓਗਰਾਫੀ “ਦੇਸ ਮੇਰੇ” ਪੇਸ਼ ਕੀਤੀ ਗਈ । ਸੁਸਾਇਟੀ ਦੇ ਸਰਗਰਮ ਮੈਂਬਰ ਤੇ ਨਾਟਕਕਾਰ ਸਰਬਜੀਤ ਉੱਖਲਾ ਵਲੋਂ ਆਪਣਾ ਹੀ ਸੋਲੋ ਨਾਟਕ “ਸ਼ੀਸ਼ਾ” ਪੇਸ਼ ਕੀਤਾ ਗਿਆ, ਜਿਸ ਵਿੱਚ ਭਾਰਤ ਦੀਆਂ ਮੁੱਖ ਰਾਜਨੀਤਕ ਪਾਰਟੀਆਂ ਕਿਵੇਂ ਸ਼ਹੀਦਾਂ ਦੇ ਬੁੱਤ ਬਣਾ ਕੇ, ਕਿਵੇਂ ਸਿਆਸੀ ਲਾਹਾ ਲੈਂਦੀਆਂ ਹਨ, ਇੱਕ ਵਧੀਆ ਵਿਅੰਗ ਨਾਲ ਹਾਲ ਤਾੜੀਆਂ ਨਾਲ ਗੂੰਜ ਉੋਠਿਆ।ਤਰਕਸ਼ੀਲ਼ ਸੁਸਾਇਟੀ ਦੀ ਆਰਟਸ ਟੀਮ ਵਲੋਂ ਤਿਆਰ ਕੀਤਾ ਨਾਟਕ “ਇੱਕ ਸਵਾਲ” ਜਿਸ ਨੂੰ ਪਰਮਿੰਦਰ ਸਵੈਚ ਨੇ ਲਿਖਿਆ ਤੇ ਡਾਇਰੈਕਟ ਕੀਤਾ, ਖੇਡਿਆ ਗਿਆ। ਕੈਨੇਡਾ ਵਿੱਚ ਰਹਿੰਦੇ ਲੋਕ ਵੀ ਕਿਵੇਂ ਇਨਾਂ ਬਾਬਿਆਂ ਦੇ ਧੱਕੇ ਚੜ੍ਹਕੇ ਆਪਣੀ ਲੁੱਟ=ਖਸੁੱਟ ਕਰਵਾ ਰਹੇ ਹਨ ਇਹ ਨਾਟਕ ਅਖਬਾਰਾਂ, ਟੀ.ਵੀ ਰਾਂਹੀ ਬਾਬਿਆਂ ਦੇ ਇਸ਼ਤਿਹਾਰ ਪੜ੍ਹ ਕੇ ਹੁੰਦੀ ਲੁੱਟ ਤੋਂ ਬਚਣ ਦੀ ਅਪੀਲ ਕਰਦਾ ਹੈ। ਇਸ ਵਿੱਚ ਬਲਵਿੰਦਰ ਗਰੇਵਾਲ, ਪਰਮ ਸਰਾਂ, ਅਮਰਜੀਤ ਸ਼ਾਂਤ, ਆਰਤੀ, ਅਨਮੋਲ, ਨਿਰਮਲ ਕਿੰਗਰਾ, ਜਗਰੂਪ ਬਰਾੜ, ਸਰਬਜੀਤ ,ਜਸਵੀਰ, ਅਵਤਾਰ ਗਿੱਲ ਤੇ ਹੋਰ ਕਲਾਕਾਰ ਸਾਥੀਆਂ ਨੇ ਆਪਣਾ ਰੋਲ ਬਾਖੂਬੀ ਪੇਸ਼ ਕੀਤਾ ਕਿ ਲੋਕ ਵਾਹ ਵਾਹ ਕਰ ਉੱਠੇ।

ਡਾ. ਸੁਰਿੰਦਰ ਧੰਜਲ ਨੇ ਸ਼ਹੀਦ ਭਗਤ ਸਿੰਘ ਦੀ ਤਰਕਸ਼ੀਲ਼ਤਾ ਤੇ ਨਾਸਤਿਕਤਾ ਵਾਰੇ ਥੋੜ੍ਹੇ ਸ਼ਬਦਾਂ ਵਿੱਚ ਪਰ ਭਰਪੂਰ ਜਾਣਕਾਰੀ ਦਿੱਤੀ ਅਤੇ ਇੰਗਲੈਂਡ ਤੋਂ ਇਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਏ ਤਰਕਸ਼ੀਲ ਸੁਸਾਇਟੀ ਆਫ ਗ੍ਰੇਟ ਬ੍ਰਿਟੇਨ ਦੇ ਪ੍ਰਧਾਨ ਤੇ ਮਸ਼ਹੂਰ ਲੇਖਕ ਡਾ. ਹਰੀਸ਼ ਮਲਹੋਤਰਾ ਦੀ ਜਾਣ ਪਛਾਣ ਕਰਵਾਈ। ਤਰਕਸ਼ੀਲ ਸੁਸਾਇਟੀ ਵਲੋਂ ਡਾ. ਮਲਹੋਤਰਾ ਜੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਡਾ. ਮਲਹੋਤਰਾ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਨ ਵਿੱਚ ਸਮਾਜ ਵਿੱਚ ਫੈਲੇ ਵਹਿਮਾਂ-ਭਰਮਾਂ, ਅੰਧਵਿਸ਼ਵਾਸਾਂ ਨੂੰ ਤਰਕਸ਼ੀਲ਼ ਢੰਗਾਂ ਨਾਲ ਖ਼ਤਮ ਕਰਨ ਵਾਰੇ ਕਿਹਾ। ਉਹਨਾਂ ਨੇ ਦੱਸਿਆ ਕਿ ਇੰਗਲੈਂਡ ਦੀ ਤਰਕਸ਼ੀਲ਼ ਸੁਸਾਇਟੀ ਵਲੋਂ ਤਾਂਤਰਿਕ ਬਾਬੇ, ਜੋਤਿਸ਼ੀਆਂ ਕਾਲੇ ਇਲਮ ਵਾਲਿਆਂ ਨੂੰ ਚੈਲਿੰਜ ਕੀਤਾ ਹੈ ਕਿ ਕੋਈ ਵੀ ਸੁਸਾਇਟੀ ਦੀਆ 23 ਸ਼ਰਤਾਂ ਵਿਚੋਂ ਇਕ ਵੀ ਸ਼ਰਤ ਪੂਰੀ ਕਰਕੇ 20 ਹਜ਼ਾਰ ਪੌਂਡ ਜਿੱਤ ਸਕਦਾ ਹੈ ਅਤੇ ਇਸੇ ਤਰ੍ਹਾਂ ਕੈਨੇਡਾ, ਆਸਟ੍ਰੇਲੀਆ, ਭਾਰਤ ਤੇ ਪੰਜਾਬ ਦੀਆਂ ਸੁਸਾਇਟੀਆਂ ਵਲੋਂ ਇੱਕ ਲੱਖ ਡਾਲਰ ਜਾਂ ਪੰਜ ਲੱਖ ਰੁਪਏ ਜਿੱਤਣ ਦਾ ਇਨਾਮ ਹੋਵੇਗਾ। ਡਾ. ਮਲਹੋਤਰਾ ਨੇ ਲੋਕਾਂ ਨੂੰ ਤਰਕਸ਼ੀਲ ਸਾਹਿਤ ਪੜ੍ਹਨ, ਹਰ ਗੱਲ ਦੇ ਕਾਰਣਾਂ ਨੂੰ ਸਮਝਦੇ ਹੋਏ ਤਰਕ ਨਾਲ ਸੋਚਣ ਅਤੇ ਤਰਕਸ਼ੀਲ ਬਣਨ ਦੀ ਅਪੀਲ ਕੀਤੀ।

ਗੁਰਦੀਪ ਆਰਟਸ ਅਕੈਡਮੀ ਦੇ ਗੁਰਦੀਪ ਭੁੱਲਰ ਹੋਰਾਂ ਵਲੋਂ ਡਾਇਰੈਕਟ ਕੀਤਾ ਤੇ ਪਰਮਿੰਦਰ ਸਵੈਚ ਹੋਰਾਂ ਵਲੋਂ ਲਿਖਿਆ ਨਾਟਕ “ਭਲਾ ਮੈਂ ਕੌਣ” ਲੋਕਾਂ ਦੇ ਧੁਰ ਦਿਲਾਂ ਵਿੱਚ ਉੱਤਰ ਗਿਆ।ਇਸ ਵਿੱਚ ਕੋਹੜ ਬਣ ਕੇ ਚੁੰਬੜੀ ਭਰੂਣ ਹੱਤਿਆ ਦੀ ਬਿਮਾਰੀ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਵੇਂ ਇੱਕ ਅਣਜੰਮੀ ਬੱਚੀ ਆਪਦੇ ਦਿਲ ਦੀ ਵੇਦਨਾ ਆਪਦੇ ਪਰਿਵਾਰ ਨਾਲ ਸਾਂਝੀ ਕਰਦੀ ਹੈ। ਆਖਰ ਵਿੱਚ ਮਾਂ ਦੀ ਮਮਤਾ ਲੋਕਾਂ ਨੂੰ ਸੁਨੇਹਾ ਦਿੰਦੀ ਹੈ, ”ਨਾ ਮਾਰੋ ਨਾ ਮਾਰੋ ਧੀਆਂ, ਇਹ ਅੱਜ ਦਾ ਪੈਗਾਮ ਸਹੀ।” ਇਸ ਨਾਟਕ ਵਿੱਚ ਅਣਜੰਮੀ ਧੀ ਦਾ ਰੋਲ ਅਨਮੋਲ ਸਵੈਚ ਨੇ ਜਬਰਦਸਤ ਰੂਪ ਵਿੱਚ ਪੇਸ਼ ਕੀਤਾ। ਇਸ ਤੋਂ ਇਲਾਵਾ ਦਰਸ਼ਪ੍ਰੀਤ, ਜਗਰੂਪ , ਵਿੰਦਰ ਰੋਡੇ, ਗੁਰਨਾਮ ਥਾਂਦੀ, ਪਰਮਿੰਦਰ ਸਵੈਚ, ਮਾਂ ਦੇ ਰੋਲ ਵਿੱਚ ਜਾਸਮਿਨ ਸਵੈਚ ਤੇ ਨਿੱਕੀਆਂ ਨਿੱਕੀਆਂ ਪਰੀਆਂ ਵਰਗੀਆਂ ਬਹੁਤ ਸਾਰੀਆਂ ਬੱਚੀਆਂ, ਜਿਨ੍ਹਾਂ ਨੇ ਲੋਕਾ ਦਾ ਮਨ ਮੋਹ ਲਿਆ। ਤਰਕਸ਼ੀਲ ਸੁਸਾਇਟੀ ਵਲੋਂ ਰੇਡੀਓ ਰੈੱਡ ਐਫ. ਐਮ ਅਤੇ ਰੇਡੀਓ ਸ਼ੇਰੇ ਪੰਜਾਬ ਦਾ ਸੁਸਾਇਟੀ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸ਼ੇਰੇ ਪੰਜਾਬ ਦੀਆਂ ਹੋਸਟ ਗੁਰਮੀਤ ਅਟਵਾਲ ਅਤੇ ਮਨਪ੍ਰੀਤ ਨੇ ਸਨਮਾਨ ਲਿਆ। ਰੈੱਡ ਐੱਫ. ਐਮ ਦੇ ਸੀ.ਈ.ਓ ਕੁਲਵਿੰਦਰ ਸੰਘੇੜਾ ਨੂੰ ਸਨਮਾਨ ਦੂਸਰੇ ਦਿਨ ਰੈਡ ਐਫ.ਐਮ ਰਨ ਦੇ ਪ੍ਰੋਗਰਾਮ ਤੇ ਦਿੱਤਾ ਗਿਆ। ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਵਲੋਂ ਇੱਕ ਹੋਰ ਨਾਟਕ “ਟੇਵਾ” ਲਿਖਤ ਪ੍ਰਧਾਨ ਅਵਤਾਰ ਸਿੰਘ ਗਿੱਲ, ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਹਲਾਤਾਂ ਦੀ ਮੂੰਹ ਬੋਲਦੀ ਤਸਵੀਰ ਨੂੰ ਬਿਆਨ ਕਰਦਿਆਂ ਜੋਤਸ਼ੀਆਂ ਦੇ ਝੂਠੇ ਪਖੰਡ ਦਾ ਪਰਦਾਫਾਸ਼ ਕੀਤਾ ਹੈ। ਇਸ ਵਿੱਚ ਲੱਕੀ ਦਿਵਾਨਾ, ਗੁਰਵਿੰਦਰ ਤੇ ਪਰਮ ਸਰਾਂ ਨੇ ਹਸਾ ਹਸਾ ਕੇ ਵੱਖੀ ਪੀੜ੍ਹਾਂ ਪੁਆ ਦਿੱਤੀਆਂ। ਇਸਤੋਂ ਇਲਾਵਾ ਕੋਰਿਓਗਰਾਫੀ “ਚਿੱਤ ਕਰੇ ਹੋ ਜਾ ਸਾਧਣੀ” ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਕੰਵਲ ਕਿੰਗਰਾ ਤੇ ਜੈਦੀਪ ਕਿੰਗਰਾ ਨੇ ਬਹੁਤ ਵਧੀਆ ਰੋਲ ਅਦਾ ਕੀਤਾ।ਡਾ. ਹਰੀਸ਼ ਮਲਹੋਤਰਾ ਵਲੋਂ ਇੰਗਲੈਂਡ ਦੀ ਤਰਕਸ਼ੀਲ ਸੁਸਾਇਟੀ ਵਲੋਂ ਕੈਨੇਡਾ ਦੀ ਤਰਕਸ਼ੀਲ ਸੁਸਾਇਟੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਅਵਤਾਰ ਗਿੱਲ, ਲੱਕੀ ਦਿਵਾਨਾ ਤੇ ਗੁਰਪ੍ਰੀਤ ਭਦੌੜ ਨੇ ਜਾਦੂ ਦੇ ਟਰਿੱਕਾਂ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਲੱਕੀ ਦਿਵਾਨਾ, ਮੱਖਣ ਸਿੰਘ ਡੀ.ਪੀ. ਤੇ ਗੁਰਦੀਪ ਭੁੱਲਰ ਹੋਰਾਂ ਦਾ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੱਖਣ ਸਿੰਘ ਡੀ.ਪੀ. ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਤੇ ਖੇਡਾਂ ਵੱਲ ਪ੍ਰੇਰਤ ਕਰਨ ਦਾ ਸੁਨੇਹਾ ਦਿੱਤਾ। ਅਵਤਾਰ ਗਿੱਲ ਹੋਰਾਂ ਨੇ ਰੇਡੀਓ, ਅਖ਼ਬਾਰਾਂ ਤੇ ਸਪੈਸ਼ਲ ਤੌਰ ਤੇ ਨਵਰੀਤ ਸੇਖਾ ਅਤੇ ਪ੍ਰੋਗਰਾਮ ਦੇਖਣ ਆਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ। ਅੰਤ ਵਿੱਚ ਪ੍ਰੋਗਰਾਮ ਗੁਰਚਰਨ ਟੱਲੇਵਾਲੀਏ ਦੀਆਂ ਤਰਕਸ਼ੀਲ ਬੋਲੀਆਂ ਨਾਲ ਸਮਾਪਤ ਹੋਇਆ।

(14 ਸਤੰਬਰ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007