ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਜੀਤ ਸਿੰਘ ਦਿਉਲ ਨਾਲ ਸਾਹਿਤਕ ਮਿਲਣੀ

ਰੀਪੋਰਟ: ਮਹਿੰਦਰਪਾਲ ਸ. ਪਾਲ


ਕੈਲਗਰੀ (ਮਹਿੰਦਰਪਾਲ ਸ. ਪਾਲ), 27 ਅਗਸਤ 2007 ਦੁਪਹਿਰ 3 ਵਜੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸ਼ਾਇਰ ਅਜੀਤ ਸਿੰਘ ਦਿਉਲ, ਫ਼ਿਲਮ ਐਕਟਰ ਧਰਮਿੰਦਰ ਜੀ ਦੇ ਭਰਾਤਾ, ਨਾਲ ਇਕ ਵਿਸ਼ੇਸ਼ ਮਿਲਣੀ ਹੋਈ।ਇਹ ਮੀਟਿੰਗ
A1 Spice and Movies  ਵਾਲੇ ਜੋਗਿੰਦਰ ਸਿੰਘ ਢੱਡਾ, ਜੋ ਅਜੀਤ ਜੀ ਦੇ ਰਿਸ਼ਤੇਦਾਰ ਹਨ, ਦੇ ਗ੍ਰਿਹ ਵਿਖੇ ਹੋਈ। ਪੰਜਾਬੀ ਲਿਖਾਰੀ ਸਭਾ ਨੂੰ ਕੁੱਝ ਹੀ ਦਿਨ ਪਹਿਲਾਂ ਸੂਚਿਤ ਕੀਤਾ ਗਿਆ ਸੀ ਕਿ ਅਜੀਤ ਜੀ ਕੈਲਗਰੀ ਆਏ ਹੋਏ ਹਨ ਅਤੇ ਪੰਜਾਬੀ ਲਿਖਾਰੀ ਸਭਾ ਦੇ ਮੈਂਬਰਾਂ ਨੂੰ ਮਿਲਣ ਦੇ ਚਾਹਵਾਨ ਹਨ। ਉੱਦਮ ਕਰਕੇ ਜਲਦੀ ਵਿੱਚ ਹੀ ਇਸ ਮੀਟੰਗ ਦਾ ਪ੍ਰਬੰਧ ਕੀਤਾ ਗਿਆ, ਫਿਰ ਵੀ ਇਸ ਮੀਟੰਗ ਵਿੱਚ ਕਾਫ਼ੀ ਭਰਵਾਂ ਇਕੱਠ ਹੋਇਆ।

ਮੀਟੰਗ ਦੀ ਸ਼ੁਰੂਆਤ ਅਜੀਤ ਜੀ ਦੀ ਨਿੱਜੀ ਜ਼ਿੰਦਗੀ ਅਤੇ ਫ਼ਿਲਮੀ ਸਫ਼ਰ ਬਾਰੇ ਗੱਲ ਬਾਤ ਕਰਦਿਆਂ ਹੋਈ। ਜਿਸ ਵਿੱਚ ਅਜੀਤ ਜੀ ਨੇ ਆਪਣੇ ਪਿਛੋਕੜ ਤੇ ਚਾਨਣਾਂ ਪਾਉਂਦੇ ਹੋਏ ਦੱਸਿਆ ਕਿ ਉਹ ਵੀ ਕੋਈ ਦਰਜਣ ਦੇ ਕਰੀਬ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਇੱਕ ਫ਼ਿਲਮ ਸੋਲਜ਼ਰ ਸੀ ਜਿਸ ਵਿੱਚ ਊਹਨਾਂ ਨੇ ਬਤੌਰ ਹੀਰੋ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਈ ਫ਼ਿਲਮਾਂ ਪ੍ਰੋਡਿਊਸ ਵੀ ਕੀਤੀਆਂ ਹਨ।ਜਿਹਨਾਂ ਵਿੱਚੋਂ ਸ਼ਾਇਦ ਸਭ ਤੋਂ ਮਸ਼ਹੂਰ ਫ਼ਿਲਮ ਪ੍ਰਤਿੱਗਿਆ ਹੈ ਜਿਸ ਵਿੱਚ ਹੀਰੋ ਦਾ ਰੋਲ ਧਰਮਿੰਦਰ ਜੀ ਨੇ ਕੀਤਾ ਸੀ। ਇਸ ਫ਼ਿਲਮ ਦੇ ਇਕ ਗੀਤ ‘ਜੱਟ ਯਮਲਾ ਪਗਲਾ ਦਿਵਾਨਾ’ ਬਹੁਤ ਹਿੱਟ ਰਿਹਾ ਸੀ। ਇਸ ਫ਼ਿਲਮ ਦੀ ਕਹਾਣੀ ਵੀ ਅਜੀਤ ਜੀ ਦੁਆਰਾ ਹੀ ਲਿਖੀ ਗਈ ਸੀ। ਇਹ ਗੱਲ ਸੁਣ ਕੇ ਥੋੜੀ ਜਹੀ ਅਸਚਰਤਾ ਵੀ ਹੋਈ ਕਿ ਅਜੀਤ ਜੀ ਉਮਰ ਵਿੱਚ ਧਰਮਿੰਦਰ ਜੀ ਨਾਲੋਂ ਚਾਰ ਕੁ ਸਾਲ ਛੋਟੇ ਹਨ ਪਰ ਵੇਖਣ ਵਿੱਚ ਤੇ ਸੇਹਿਤ ਪੱਖ਼ੋਂ ਵੱਡੇ ਨਜ਼ਰ ਆਉਂਦੇ ਹਨ।
 


ਆਪਣੇ ਸਹਿਤਕ ਸਫ਼ਰ ਬਾਰੇ ਗੱਲ ਬਾਤ ਕਰਦਿਆਂ ਅਜੀਤ ਜੀ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੇ ਕਾਲਿਜ ਦੇ ਦਿਨਾਂ ਵਿੱਚ ਉਰਦੂ ਵਿੱਚ ਸ਼ਾਇਰੀ ਕਰਨੀ ਸ਼ੁਰੂ ਕੀਤੀ ਸੀ। ਪਰ ਹੌਲੀ ਹੌਲੀ ਉਹਨਾਂ ਉੱਪਰ ਪੰਜਾਬੀ ਬੋਲੀ ਦੀ ਮਹਾਨਤਾ ਤੇ ਪੰਜਾਬੀ ਦੇ ਸਾਹਿਤਕਾਰਾਂ ਦਾ ਅਸਰ ਵਧਦਾ ਗਿਆ। ਹੁਣ ਉਹ ਪੰਜਾਬੀ ਵਿਚ ਹੀ ਲਿਖਣਾ ਪਸੰਦ ਕਰਦੇ ਹਨ। ਅੱਜ ਤਕ ਉਹਨਾਂ ਦੀਆਂ ਤਿੰਨ ਕਿਤਾਬਾਂ ਪੰਜਾਬੀ ਸ਼ਾਇਰੀ ਦੀਆਂ ਛਪ ਚੁੱਕੀਆਂ ਹਨ ਜਿਹਨਾਂ ਦੇ ਨਾਮ ਹਨ, ਮਿੱਟੀ, ਮਾਂ ਅਤੇ ਮੁਹੱਬਤ। ਮਾਂ ਪੁਸਤਕ ਵਿੱਚ ਇੱਕ ਕਵਿਤਾ ਦਰਜ ਹੈ ਜਿਸ ਦਾ ਸਿਰਲੇਖ ਵੀ ਮਾਂ ਹੈ। ਇਹ ਕਵਿਤਾ ਇੱਕ ਪੈਂਤੀ ਛੱਤੀ ਸਫ਼ੇ ਦੀ ਲੰਬੀ ਕਵਿਤਾ ਹੈ ਅਤੇ ਇਸ ਕਵਿਤਾ ਦੇ ਆਧਾਰ ਤੇ ਕੁਰੁਕਸ਼ੇਤਰ ਯੁਨੀਵਰਸਟੀ ਨੇ ਇਸ ਪੁਸਤਕ ਨੂੰ ਐਮ. ਫ਼ਿਲ. ਦੇ ਸਿਲੇਬਸ ਲਈ ਚੁਣਿਆ ਹੈ। ਫਿਰ ਉਹਨਾਂ ਨੇ ਆਪਣੀਆਂ ਕੁਝ ਨਜ਼ਮਾਂ ਸਰੋਤਿਆਂ ਨਾਲ ਸਾਂਝੀਆਂ ਵੀ ਕੀਤੀਆਂ। ਸਰੋਤੇ ਅਜੀਤ ਜੀ ਦੀਆਂ ਕਵਿਤਾਵਾਂ, ਉਹਨਾਂ ਦੇ ਪੜ੍ਹਨ ਦਾ ਅੰਦਾਜ਼ ਅਤੇ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ।

ਇਸ ਤੋਂ ਉਪਰੰਤ ਪੰਜਾਬੀ ਲਿਖਾਰੀ ਸਭਾ ਦੇ ਮੈਂਬਰ ਕੇਸਰ ਸਿੰਘ ਨੀਰ, ਇਕਬਾਲ ਖਾਨ, ਹਰੀਪਾਲ, ਮਹਿੰਦਰਪਾਲ ਸ. ਪਾਲ, ਬਲਜਿੰਦਰ ਸੰਘਾ ਅਤੇ ਡਾ: ਹਰਭਜਨ ਸਿੰਘ ਢਿੱਲੋਂ ਨੇ ਵੀ ਆਪੋ ਆਪਣੀਆਂ ਰਚਨਾਵਾਂ ਅਜੀਤ ਜੀ ਅਤੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਤਰਲੋਚਨ ਸੈਂਬੀ ਨੇ ਡਾ: ਜਗਤਾਰ ਦੀ ਇਕ ਗ਼ਜ਼ਲ ਗਾ ਕੇ ਸੁਣਾਈ। ਬਚਿੱਤਰ ਸਿੰਘ ਗਿੱਲ ਨੇ ਬਾਬੂ ਰੱਜ਼ਬ ਅਲੀ ਦੀ ਕਵੀਸ਼ਰੀ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ ਸੁਣਾਈ। ਗੁਰਮੀਤ ਕੌਰ ਸਰਪਾਲ ਅਤੇ ਮਨੋਹਰ ਕੌਰ ਨੇ ਵੀ ਆਪਣੀਆਂ ਕਵਿਤਾਵਾਂ ਪੜ੍ਹ ਕੇ ਬੈਠਕ ਵਿੱਚ ਹਾਜ਼ਰੀ ਲਗਵਾਈ। ਇਹਨਾਂ ਤੋਂ ਬਿਨ੍ਹਾਂ ਇਸ ਮਹਿਫ਼ਲ ਵਿੱਚ ਸੋਹਣ ਸਿੰਘ ਮਾਨ, ਪ੍ਰੋ: ਮਨਜੀਤ ਸਿੰਘ ਸਿੱਧੂ, ਸਤਨਾਮ ਸਿੰਘ ਢਾਹ, ਦੀਪਸ਼ਿਖਾ ਬਰਾੜ, ਜਸਵੀਰ ਸਿੰਘ ਸੂਹੀ, ਜੋਗਿੰਦਰ ਸਿੰਘ ਢੱਡਾ ਅਤੇ ਕੁਲਦੀਪ ਕੌਰ ਢੱਡਾ ਨੇ ਵੀ ਸ਼ਿਰਕਤ ਕੀਤੀ।

ਅਖ਼ੀਰ ਵਿੱਚ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਘਾ ਨੇ ਤੋਹਫ਼ੇ ਵਜੋਂ ਪੰਜਾਬੀ ਲਿਖਾਰੀ ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਇੱਕ ਸੈਟ ਅਤੇ ਇਕ ਯਾਦਗਾਰੀ ਸਰਟੀਫ਼ਿਕੇਟ ਅਜੀਤ ਜੀ ਨੂੰ ਭੇਂਟ ਕੀਤਾ। ਸਕੱਤਰ ਮਹਿੰਦਰਪਾਲ ਸ. ਪਾਲ ਨੇ ਸਾਰੀ ਇਕੱਤਰਤਾ ਦਾ ਮਹਿਫ਼ਲ ਦੇ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਢੱਡਾ ਪਰਿਵਾਰ ਦਾ ਮਹਿਮਾਨ ਨਿਵਾਜ਼ੀ ਵਾਸਤੇ ਅਤੇ ਇਸ ਮੀਟਿੰਗ ਨੂੰ ਸੰਭਵ ਬਨਾਉਣ ਵਾਸਤੇ ਧੰਨਵਾਦ ਕੀਤਾ।

(14 ਸਤੰਬਰ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007