ਪ੍ਰੋ.
ਮਨਜੀਤ ਸਿੰਘ ਹੋਰਾਂ ਸਾਹਿਤ ਸਭਾ ਵਲੋਂ ਬੀਬੀ ਸੁਰਜੀਤ ਕਲਸੀ ਜੀ ਨੂੰ ਸਨਮਾਨਤ ਕਰਨ
ਦੀ ਸਹੀ ਚੋਣ ਤੇ ਵਧਾਈ ਦੇਂਦਿਆਂ ਕਲਸੀ ਜੀ ਨੂੰ ਹਾਰਦਿਕ ਵਧਾਈ ਦਿੱਤੀ। ਇਸ ਪਿੱਛੋਂ
ਸਭਾ ਦੇ ਪ੍ਰਧਾਨ ਸ਼੍ਰੀਮਤੀ ਸੁਰਿੰਦਰ ਗੀਤ ਅਤੇ ਕਸ਼ਮੀਰਾ ਸਿੰਘ ਚਮਨ ਤੇ ਹੋਰ ਮੈਂਬਰ
ਨੇ ਸੁਰਜੀਤ ਕਲਸੀ ਨੂੰ ਮਾਣ-ਪਲੇਕ, ਸਿਰੋਪਾ ਅਤੇ ਪੰਜ ਸੌ ਡਾਲਰ ਦਾ ਲਿਫ਼ਾਫ਼ਾ ਭੇਂਟ
ਕੀਤਾ। ਸਰਦਾਰ ਭਗਵੰਤ ਸਿੰਘ ਰੰਧਾਵਾ ਨੇ ਆਪਣੇ ਹੱਥਾਂ ਨਾਲ ਬਣਾਈ ਇਕ ਪੇਂਟਿੰਗ ਭੇਂਟ
ਕਰ ਕੇ ਸਨਮਾਨਿਤ ਕੀਤਾ। ਸੱਤਪਾਲ ਕੌਸ਼ਲ ਹੋਰਾਂ ਸਾਹਿਤ ਸਭਾਵਾਂ ਦੇ ਇਸ ਰੋਲ ਨੂੰ
ਪੰਜਾਬੀ ਮਾਂ ਬੋਲੀ ਦੀ ਅਸਲ ਸੇਵਾ ਆਖਿਆ ਜਿਸ ਦੁਆਰਾ ਲੇਖਕਾਂ ਨੂੰ ਪਾਠਕਾਂ ਦੇ
ਰੂਬਰੂ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਲਿਖਤਾਂ ਦੀ ਚਰਚਾ ਕੀਤੀ ਜਾਂਦੀ ਹੈ।
ਪੰਡਤ ਕੇ ਸੀ. ਸ਼ਰਮਾਂ ਹੋਰਾਂ ਲੇਖਕਾ ਦੀ ਆਪਣੇ ਸ਼ਬਦਾਂ ਵਿਚ ਭਰਪੂਰ ਸ਼ਲਾਘਾ ਕੀਤੀ ਜੋ
ਵਿਸ਼ੇ ਉਨ੍ਹਾਂ ਆਪਣੀਆਂ ਲਿਖਤਾਂ ਵਿਚ ਟੁੰਭੇ ਹਨ ਸਲਾਹੁਣਯੋਗ ਹਨ; ਨਾਲ ਹੀ ਇਸ ਮੌਕੇ
ਤੇ ਸੁਰਜੀਤ ਕਲਸੀ ਨੂੰ ਵਧਾਈ ਦਿੱਤੀ। ਹਰਕੰਵਲ ਸਾਹਿਲ ਨੇ ਸਾਹਿਤ ਦੇ ਮਿਆਰ ਦੀ ਗੱਲ
ਕਰਦਿਆਂ ਆਖਿਆ ਕਿ ਸਾਨੂੰ ਕਿਸੇ ਵੀ ਲੇਖਕ ਨੂੰ ਪੜ੍ਹਦਿਆਂ ਜਾਂ ਵਿਚਾਰਦਿਆਂ ਆਪਣੇ ਮਨ
ਵਿਚੋਂ ਇਹ ਕੱਢ ਦੇਣਾ ਚਾਹੀਦਾ ਹੈ ਕਿ ਲੇਖਕ ਇਸਤਰੀ ਹੈ ਜਾਂ ਮਰਦ; ਸਗੋਂ ਵਿਚਾਰਾਂ
ਦਾ ਦਾਇਰਾ ਮਾਪਣਾ ਚਾਹੀਦਾ ਹੈ। ਪ੍ਰੋ. ਮੋਹਨ ਸਿੰਘ ਹੋਰਾਂ ਬੀਬੀ ਸੁਰਜੀਤ ਕਲਸੀ ਨੂੰ
ਵਧਾਈ ਦੇਂਦਿਆਂ ਇਕ ਸਵਾਗਤੀ ਗਜ਼ਲ ਪੜ੍ਹੀ। ਗਜ਼ਲਾਂ, ਗੀਤਾਂ ਤੇ ਕਵਿਤਾਵਾਂ ਦੇ ਦੌਰ
ਵਿਚ ਸ਼ਮਸ਼ੇਰ ਸਿੰਘ ਸੰਧੂ, ਕਸ਼ਮੀਰਾ ਸਿੰਘ ਚਮਨ, ਮਹਿੰਦਰ ਸਿੰਘ ਪਾਲ, ਬੀਬੀ ਕੁਲਵੰਤ
ਕੌਰ, ਜਸਵੰਤ ਸਿੰਘ ਹਿਸੋਵਾਲ, ਅਜੈਬ ਸਿੰਘ ਸੇਖੋਂ, ਪ੍ਰਸ਼ੋਤਮ ਦਾਸ ਭਾਰਦਵਾਜ, ਜਸਵੀਰ
ਸਿੰਘ ਸਿਹੋਤਾ, ਜੋਗਾ ਸਿੰਘ ਸਿਹੋਤਾ ਅਤੇ ਹਰਭਜਨ ਸਿੰਘ ਚੇਰਾ ਹੋਰਾਂ ਤਰੱਨਮ ਨਾਲ
ਗੀਤ ਤੇ ਗਜ਼ਲਾਂ ਸੁਣਾ ਕੇ ਸਰੋਤਿਆਂ ਤੋਂ ਤਾੜੀਆਂ ਦੀ ਦਾਦ ਖੱਟੀ। ਇੱਥੇ ਪ੍ਰਸ਼ੋਤਮ
ਦਾਸ ਭਾਰਦਵਾਜ ਦੀਆਂ ਇਹ ਸਤਰਾਂ ਜ਼ਿਕਰਯੋਗ ਹਨ, ਜਿਹਨਾਂ ਨਾਲ ਉਹਨਾਂ ਸੁਰਜੀਤ ਕਲਸੀ
ਜੀ ਨੂੰ ਮਾਣ ਦਿੱਤਾ:
ਸ਼ਬਦੋਂ ਮੇਂ ਕਿਆ ਤਾਰੀਫ਼
ਕਰੂੰ ਆਪ ਕੀ,
ਆਪ ਸ਼ਬਦੋਂ ਮੇਂ ਕਹਾਂ ਬੰਧ ਪਾਏਂਗੇ
ਕਭੀ ਹਮਾਰੀ
ਆਂਖੋਂ ਮੇਂ ਝਾਂਕ ਕਰ ਦੇਖੋ,
ਹਜ਼ਾਰੋਂ ਅਲਫ਼ਾਜ਼ ਖ਼ੁਦ-ਬ-ਖ਼ੁਦ ਬਿਖਰ
ਜਾਏਂਗੇ।
ਤਾਰੀਫ਼ ਕੈਸੇ ਕਰੂੰ ਆਪ
ਕੀ ਅਲਫ਼ਾਜ਼ ਨਹੀਂ ਮਿਲਤੇ
ਆਪ ਐਸੇ ਫੂਲ ਹੈਂ ਜੋ ਬਾਰ ਬਾਰ ਨਹੀਂ ਖਿਲਤੇ।
ਸਮਾਗਮ ਦੇ ਮੁੱਖ ਮਹਿਮਾਨ ਬੀਬੀ
ਸੁਰਜੀਤ ਕਲਸੀ ਜੀ ਨੇ ਆਪਣੇ ਸਾਹਿਤਕ ਸਫਰ ਦੀ ਗੱਲ ਸ਼ੁਰੂ ਕਰਦਿਆਂ ਦੱਸਿਆ ਕਿ ਕਾਲਜ
ਵਕਤ ਉਨ੍ਹਾਂ ਦੀਆਂ ਕਹਾਣੀਆਂ ਪਹਿਲਾਂ ਪਹਿਲ ਜੀਤ-ਅਸ਼ੂ ਨਾਂ ਹੇਠ ਅਖਬਾਰਾਂ, ਰਸਾਲਿਆਂ
ਵਿਚ ਛਪਦੀਆਂ ਸਨ। ਕਨੇਡਾ ਆਉਣ ਤੋਂ ਪਹਿਲਾਂ ਆਕਾਸ਼ਬਾਣੀ ਰੇਡੀਓ ਚੰਡੀਗੜ੍ਹ ਤੋਂ
ਪ੍ਰਾਦੇਸ਼ਿਕ ਸਮਾਚਾਰ ਦੀ ਨਿਊਜ਼-ਰੀਡਰ ਦਾ ਪੰਜ ਸਾਲ ਕੰਮ ਵੀ ਕਰ ਚੁੱਕੇ ਹਨ ਜਿੱਥੇ ਕਿ
ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਨਿਊਜ਼ ਬੁਲੇਟਿਨ ਤਿਆਰ ਕਰਨਾ ਹੰਦਾ ਸੀ ਜੋ ਕਿ ਬਾਅਦ
ਵਿਚ ਰੇਡੀਓ ਤੇ ਪ੍ਰਸਾਰਿਤ ਕਰਦੇ ਸਨ। ਉਨ੍ਹਾਂ ਬੋਲਦਿਆਂ ਆਖਿਆ ਕਿ ਔਰਤ ਲਈ, ਲਿਖਾਰੀ
ਹੋਣਾ ਬਹੁਤ ਔਖਾ ਹੈ। ਸਮਾਜ ਦੀ ਸੋਚ ਨੂੰ ਧਿਆਨ ਵਿਚ ਰੱਖਦਿਆਂ ਕਿਹਾ ਕਿ “ਲੇਖਕ
ਔਰਤ” ਸਮਾਜ ਵਿਚ ਫਿੱਟ ਨਹੀਂ ਹੁੰਦੀ। ਪ੍ਰਵਾਸ ਹੰਢਾਉਂਦੀ ਔਰਤ ਦੀਆਂ ਮੁਸ਼ਕਲਾਂ ਦਾ
ਬਿਆਨ ਉਨ੍ਹਾਂ ਆਪਣੀਆਂ ਪੁਸਤਕਾਂ “ਪੌਣਾਂ ਨਾਲ ਗੁਫਤਗੁ”, “ਸੱਤ ਪਰਾਈਆਂ” ਅਤੇ
“ਮਹਿਲੀਂ ਵਸਦੀਆਂ ਧੀਆਂ” ਵਿਚ ਭਰਪੂਰ ਕੀਤਾ ਹੈ। ਔਰਤ ਦੇ ਮਸਲੇ ਅਤੇ ਉਸ ਦੀ ਦੁਰਦਸ਼ਾ
ਵਿਸ਼ੇ ਨੂੰ ਮੁੱਖ ਰੱਖ ਕੇ ਉਨ੍ਹਾਂ ਡਰਾਮੇ ਨੂੰ ਮਾਧਿਅਮ ਬਣਾਇਆ। ਉਹਨਾਂ ਦੱਸਿਆ ਕਿ
ਡਰਾਮੇ ਲਿਖਣ ਅਤੇ ਇਹਨਾਂ ਨੂੰ ਨਿਰਦੇਸ਼ਤ ਕਰ ਕੇ ਉਹਨਾਂ ਔਰਤਾਂ ਦੀ ਵਿਥਿਆ ਲੋਕਾਂ
ਤੱਕ ਪਹੁੰਚਾਉਣ ਦਾ ਕਾਰਜ ਕਈ ਸਾਲ ਕੀਤਾ। ਕਹਾਣੀਆਂ ਦੀ ਪੁਸਤਕ “ਸੱਤ ਪਰਾਈਆਂ”
ਇੱਥੋਂ ਦੀਆਂ ਸੰਤਾਪ ਭੋਗ ਰਹੀਆਂ ਔਰਤਾਂ ਦੀ ਵਿਥਿਆ ਦੀਆਂ ਕਹਾਣੀਆਂ ਹਨ ਜੋ ਹਮੇਸ਼ਾ
ਅਣਕਹੀਆਂ ਰਹਿ ਜਾਂਦੀਆਂ ਹਨ।
ਇਸ ਤੋਂ ਅੱਗੇ ‘ਰੋਮ ਰੋਮ ਵਿਚ ਜਗਦੇ ਦੀਵੇ’
ਕਾਵਿ-ਪੁਸਤਕ ਵਿਚ ਵੇਦਨਾ ਤੇ ਸਵੇਦਨਾ ਦੀ ਹੁੰਦੀ ਵਾਰਤਾਲਾਪ ਨੂੰ ਬਿਆਨ ਕੀਤਾ ਹੈ
ਉਨ੍ਹਾਂ ਇਸ ਪੁਸਤਕ ਵਿਚੋਂ ਕੁਝ ਵੰਨਗੀਆਂ ਪੇਸ਼ ਕੀਤੀਆਂ :
ਜੋ ਕੁਝ ਕਹਿਣੋ ਡਰਦੀ
ਰਹੀ ਜ਼ਿੰਦਗੀ
ਉਸ ਨੂੰ ਕਲਮ ਦੀ ਨੋਕ ਤੇ ਧਰਦੇ
ਯੋਗ ਨਹੀਂ ਜੋ
ਤੇਰੇ
ਉਸ ਨੂੰ ਅਲਵਿਦਾ ਹੁਣ ਆਖ ਦੇ।
“ਰੋਮ ਰੋਮ ਵਿਚ ਜਗਦੇ ਦੀਵੇ” ਅਤੇ
“ਨਾਮ ਤਿਹਾਰੇ” ਵਿਚੋਂ ਬੁੱਧ ਦੀ ਵਿਪਾਸਨਾ ਦਾ ਬਿਆਨ ਕਰਦਿਆਂ ਜ਼ਿੰਦਗ਼ੀ ਦੀ ਪਾਰਦਰਸ਼ੀ
ਛਿਣ-ਭੰਗਰਤਾ ਨੂੰ ਬਿਆਨ ਕਰਦੀਆਂ ਕਵਿਤਾਵਾਂ ਪੜ੍ਹੀਆਂ। ਅੰਤ ਵਿਚ ਉਨ੍ਹਾਂ ਆਪਣੀ
ਪੁਸਤਕ “ਔਰਤ, ਸ਼ਬਦ ਤੇ ਸ਼ਕਤੀ” ਦਾ ਹਵਾਲਾ ਦਿੰਦਿਆਂ ਕਿਹਾ ਕਿ ਔਰਤ ਦਾ ਸਤਿਕਾਰ ਹੀ
ਨਹੀਂ ਆਪਣੇ ਸ਼ਬਦਾਂ ਵਿਚ ਉਸ ਦੀ ਉਸਤਤ ਵੀ ਕਰਨੀ ਚਾਹੀਦੀ ਹੈ, ਤਾਂ ਜੋ ਯੁਗਾਂ ਤੋਂ
ਔਰਤਾਂ ਪ੍ਰਤੀ ਵਰਤੀ ਜਾਂਦੀ ਨਾਕਾਰ ਸ਼ਬਦਾਵਲੀ ਬਦਲ ਕੇ ਉਸ ਨੂੰ ਸਾਕਾਰ ਸ਼ਬਦਾਵਲੀ
ਬਣਾਇਆ ਜਾ ਸਕੇ। ਸਮੇਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਵਿਚਾਰਾਂ ਨੂੰ ਸੀਮਤ ਕਰਦਿਆਂ
ਹਾਜ਼ਰ ਸਰੋਤਿਆਂ ਦਾ ਜਿਹਨਾਂ ਨੇ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣਿਆ, ਪੰਜਾਬੀ
ਸਾਹਿਤ ਸਭਾ ਕੈਲਗਰੀ ਦਾ, ਸਟੇਜ ਸਕੱਤਰ ਪ੍ਰਮਿੰਦਰ ਗਰੇਵਾਲ ਤੇ ਪ੍ਰਬੰਧਕਾਂ ਦਾ
ਧੰਨਵਾਦ ਕੀਤਾ ਤੇ ਹੱਥ ਜੋੜਕੇ ਫਤਿਹ ਬੁਲਾਈ।
ਇਸ ਸਮਾਰੋਹ ਸਮੇਂ ਸੁਰਜੀਤ
ਕਲਸੀ ਦੀਆਂ ਹੁਣ ਤੱਕ ਛਪੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ ਜਿਸ ਦੀ ਸੂਚੀ ਹੇਠਾਂ
ਦਿੱਤੀ ਜਾ ਰਹੀ ਹੈ। ਸਭਾ ਵਲੋਂ ਮਹਿਮਾਨਾਂ ਅਤੇ ਸਰੋਤਿਆ ਲਈ ਚਾਹ-ਪਾਣੀ ਦਾ ਬਹੁਤ
ਵਧੀਆ ਪ੍ਰਬੰਧ ਕੀਤਾ ਗਿਆ। ਸਾਰਾ ਪ੍ਰੋਗਰਾਮ ਬਹੁਤ ਸਲੀਕੇ ਨਾਲ ਚੱਲਿਆ ਅਤੇ ਹੁਲਾਸ
ਨਾਲ ਸਮਾਪਤ ਹੋਇਆ।
*****
ਸੁਰਜੀਤ
ਕਲਸੀ ਦੁਆਰਾ ਰਚਿਤ ਪੁਸਤਕਾਂ ਦੀ ਸੂਚੀ
ਕਵਿਤਾ:
ਪੌਣਾਂ ਨਾਲ ਗੁਫ਼ਤਗ਼ੂ, ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ 1979, 1997
Speaking To The Winds,
Third eye Ontario, 1982
Footprints Of Silence, Third Eye Ontario, 1988
Sandscape, Third Eye Ontario, 1990
ਔਰਤ, ਸ਼ਬਦ ਤੇ ਸ਼ਕਤੀ, ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ 1999
ਰੋਮ ਰੋਮ ਵਿਚ ਜਗਦੇ ਦੀਵੇ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ 2005
ਨਾਮ ਤਿਹਾਰੇ, ਅੱਖ਼ਰ (ਰੂਪੀ) ਪ੍ਰਕਾਸ਼ਨ, ਅੰਮ੍ਰਿਤਸਰ, 2006
ਕਹਾਣੀ:
ਸੱਤ ਪਰਾਈਆਂ, ਕਹਾਣੀ ਸੰਗ੍ਰਹਿ ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1994
ਪਰਵਾਸੀ ਔਰਤ ਦੀ ਡਾਇਰੀ, ਨਾਵਲਟ, ਆਰਸੀ 1990- 1996
ਅਣਕਹੀ ਕਥਾ, ਕਹਾਣੀ ਸੰਗ੍ਰਹਿ ਤ੍ਰਿਲੋਚਨ ਪ੍ਰਕਾਸ਼ਨ ਚੰਡੀਗੜ੍ਹ 2007
ਨਾਟਕ:
ਮਹਿਲੀਂ ਵਸਦੀਆਂ ਧੀਆਂ – ਨਾਟਕ ਸੰਗ੍ਰਹਿ, ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ
2001 • ਚੇਤਨਾ, •ਨਿਰਲੱਜ ਸਮਾਂ, •ਪੋਹ ਦੀ ਅਗਨ, •ਵੀਜ਼ੇ ਤੋਂ ਬਾਅਦ • ਧੀਆਂ
ਪ੍ਰਦੇਸਣਾਂ ਤੇ •ਸੱਤ ਪਰਾਈਆਂ; ਇਹ ਸਾਰੇ ਡਰਾਮੇ ਕੈਨੇਡਾ ਵਿਚ ਖੇਡੇ ਜਾ ਚੁੱਕੇ ਹਨ।
ਸੰਪਾਦਨਾ ਅਤੇ ਅਨੁਵਾਦ:
ਮਨ ਪ੍ਰਦੇਸੀ ਜੇ ਥੀਆਂ – ਪੰਜਾਬੀ ਲੇਖਕ ਮੰਚ ਦਾ ਕਾਵਿ ਸੰਗ੍ਰਹਿ ਸਹਿ-ਸੰਪਾਦਿਤ
1992
ਫ਼ੈਜ਼ ਅਹਿਮਦ ਫ਼ੈਜ਼ ਦਾ ਕਾਵਿ-ਸਾਗ਼ਰ- ਗੁਰਮੁਖੀ ਅੱਖ਼ਰਾਂ ਵਿਚ, 2003
Contemporary Literature
In Translation, Punjabi Issue Co-Edited with Andreas Schroeder, &
Translated, 1977.
Toronto South Asian Literature, Canadian Punjabi Literature. 1983
Glimpses Of Twentieth Century Punjabi Poetry – An Anthology In
English Translation, included 55 Punjabi poets from Canada, India,
America, England, Pakistan and Sweden, Ajanta International Press,
1992
Shadows Of The Past, Selected Poetry of Dr. Gurumel, RainBird Press,
Vancouver, BC & Chetna Parkashan India 2007.
ਅਕਸ ਬਰਮਲਾ, ਜ਼ਾਹਿਦ ਲਈਕ ਦੀ ਉਰਦੂ ਸ਼ਾਇਰੀ ਦੀ ਪੁਸਤਕ “ਅਕਸ ਬਰਮਲਾ” ਗੁਰਮੁਖੀ
ਅੱਖ਼ਰਾਂ ਵਿਚ, ਲਾਹੌਰ ਤੋਂ ਪ੍ਰਕਾਸ਼ਿਤ 2007
ਆਲੋਚਨਾ:
ਪ੍ਰੋ. ਮੋਹਨ ਸਿੰਘ ਅਤੇ ਪ੍ਰੋ. ਫ਼ੈਜ਼ ਅਹਿਮਦ ਫ਼ੈਜ਼ – ਰੋਮਾਂਸਵਾਦ ਤੋਂ ਯਥਾਰਥ
ਤੱਕ, ਸਮਾਨੰਤਰ ਅਧਿਐਨ, ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ 2002
ਕੈਨੇਡੀਆ ਪੰਜਾਬੀ ਸਾਹਿਤ ਦੇ ਨਵੇਂ ਸਰੋਕਾਰ – ਕੈਨੇਡਾ ਦੀ ਪੰਜਾਬੀ ਕਵਿਤਾ, ਕਹਾਣੀ,
ਤੇ ਨਾਟਕ ਦਾ ਅਲੋਚਨਾਤਮਿਕ ਅਧਿਐਨ, ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ 2007.
ਔਰਤ ਤੌਂ ਔਰਤ ਤੱਕ ਦਾ ਸਫ਼ਰ- ਸੁਰਜੀਤ ਕਲਸੀ ਇਕ ਵਿਸ਼ਲੇਸ਼ਣਾਤਮਿਕ ਅਧਿਐਨ, ਸੰਪਾਦਿਤ.
ਵਲੋਂ ਡਾ. ਸ਼ਰਨਜੀਤ ਕੌਰ, ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ 2007.
(10
ਅਕਤੂਬਰ 2007) ਯੂਨੀਕੋਡ