|
ਕਲਮਾਂ
ਦਾ ਕਾਫ਼ਲਾ- ਸਤੰਬਰ 2007 ਦੀ ਮਾਸਿਕ ਮੀਟਿੰਗ ਦੀ ਰਪੋਰਟ
-ਰੀਪੋਰਟ:
ਸੰਦੀਪ ਧਨੋਆ- |
ਪੰਜਾਬੀ ਕਲਮਾਂ ਦੇ ਕਾਫ਼ਲੇ ਦੀ ਮਾਸਿਕ ਮੀਟਿੰਗ ਹਮੇਸ਼ਾਂ ਦੀ ਤਰ੍ਹਾਂ ਮਹੀਨੇ ਦੇ ਆਖਰੀ ਸਨਿੱਚਰਵਾਰ, ਸਤੰਬਰ 29, 2007 ਨੂੰ 2:00 ਤੋਂ 5:00 ਸ਼ਾਮ ਕਮਿਊਨਟੀ ਸੈਂਟਰ ਮਾਲਟਨ ਵਿਖੇ ਹੋਈ। ਕਾਫ਼ਲੇ ਦੇ ਪ੍ਰੋਗਰਾਮ ਸੰਚਾਲਕ ਬਲਰਾਜ ਚੀਮਾ ਨੇ ਅਜੰਡੇ ਦੇ ਅਨੁਸਾਰ ਮੀਟਿੰਗ ਦਾ ਆਗਾਜ਼ ਕੀਤਾ। ਉਨ੍ਹਾਂ ਮੀਟਿੰਗ ਦਾ ਸੰਚਾਲਣ ਕਰਦਿਆਂ ਸਾਰੇ ਮੈਂਬਰਾਂ ਅਤੇ ‘ਸੰਪਾਦਕਾਂ ਨਾਲ ਸੰਵਾਦ ’ ਸੀਰੀਜ਼ ਅਧੀਨ ਇਸ ਦਿਨ ਦੇ ਮਹਿਮਾਨ ਸੰਪਾਦਕ ‘ਪੰਜਾਬੀ ਡੇਲੀ’ (ਸਾਂਝ ਸਵੇਰਾ) ਸੁਖਮਿੰਦਰ ਸਿੰਘ ਹੰਸਰਾ ਨੂੰ ਜੀ ਆਇਆਂ ਆਖਿਆ। ਉਪਰੰਤ ਸਾਰੇ ਮੈਂਬਰਾਂ ਨੇ ਆਪਣੇ ਬਾਰੇ ਸੰਖੇਪ ਜਾਣਕਾਰੀ ਦੇ ਕੇ ਮਹਿਮਾਨ ਨਾਲ ਆਪਣੀ ਆਪਣੀ ਜਾਣ-ਪਛਾਣ ਕਰਾਵਈ। ਇਸ ਤੋਂ ਪਿੱਛੋਂ ਬਲਰਾਜ ਚੀਮਾ ਨੇ ਸੁਖਮਿੰਦਰ ਸਿੰਘ ਹੰਸਰਾ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬਾਰੇ ਅਤੇ ਪੱਤਰਕਾਰੀ ਬਾਰੇ ਆਪਣੇ ਅਨੁਭਵ ਅਤੇ ਪੱਤਰਕਾਰੀ ਦੀਆਂ ਸਮੱਸਿਆਵਾਂ ਬਾਰੇ ਸਾਰਿਆਂ ਨਾਲ ਵਿਚਾਰ ਸਾਂਝੇ ਕਰਨ।
ਸੁਖਮਿੰਦਰ ਸਿੰਘ ਹੰਸਰਾ ਨੇ ਕਾਫ਼ਲੇ ਦੇ ਵਿਸ਼ਾਲ ਦਾਇਰੇ ਦੀ ਸਲਾਹੁਣਾ ਕਰਦਿਆਂ ਦੱਸਿਆ ਕਿ ਉਹ ਕਾਫ਼ਲੇ ਦੀਆਂ ਮਾਸਿਕ ਮੀਟਿੰਗਾਂ ਦੀਆਂ ਰਪੋਰਟਾਂ ਤੋਂ ਮਹਿਸੂਸ ਕਰਦੇ ਹਨ ਕਿ ਇਸ ਮੰਚ ਤੇ ਸਮਾਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਬਾਰੇ ਵਿਚਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਇਸ ਖੇਤਰ ਨਾਲ ਸਾਂਝ ‘ਸਾਂਝ ਸਵੇਰਾ’ ਰਾਹੀਂ 1995 ਤੋਂ ਪਈ ਤੇ ਉਨ੍ਹਾਂ ਆਪਣੀ ਜਿੰ਼ਦਗੀ ਦੇ 10 ਸਾਲ ਇਸ ਅਖਬਾਰ ਲਈ ਬਤੌਰ ਸੰਪਾਦਕ ਕੰਮ ਕੀਤਾ। ਇਸ ਕਾਰਜਕਾਲ ਦੌਰਾਨ ਕਈ ਤਰ੍ਹਾਂ ਦੇ ਕੌੜੇ ਮਿੱਠੇ ਤਜਰਬਿਆਂ ਵਿੱਚੋਂ ਗੁਜ਼ਰਨਾ ਪਿਆ। ਕਈ ਤਰ੍ਹਾਂ ਦੀਆਂ ਔਕੜਾਂ, ਅਲੋਚਨਾਂ, ਨਿੱਜੀ ਤੇ ਵਿੱਤੀ ਸਮੱਸਿਆਵਾਂ ਦਾ ਸਾਹਮਣਾਂ ਕਰਨਾ ਪਿਆ।
ਹੰਸਰਾ ਹੁਰਾਂ ਦੱਸਿਆ ਕਿ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਗੀਤ ਸੰਗੀਤ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ 250 ਦੇ ਕਰੀਬ ਸਾਹਿਤਕ ਗੀਤ ਲਿਖੇ ਅਤੇ 4 ਕੁ ਕੈਸਟਾਂ ਵੀ ਰਲੀਜ਼ ਕਰਵਾਈਆਂ। 1979 ਦੇ ਦੌਰਾਨ ਉਨ੍ਹਾਂ ਨੇ ਪਹਿਲਾ ਸੰਗੀਤਕ ਗਰੁੱਪ ‘ਗੀਤ ਸੰਗੀਤ’ ਸਥਾਪਿਤ ਕੀਤਾ। ਇਸੇ ਦੌਰਾਨ 1984 ਦੇ ਸਾਕੇ ਨਾਲ ਉਨ੍ਹਾਂ ਦੀ ਜਿ਼ੰਦਗੀ ਵਿੱਚ ਕ੍ਰਾਂਤੀਕਾਰੀ ਪਰਵਰਤਨ ਆਇਆ। ਉਨ੍ਹਾਂ ਨੂੰ ਇਸ ਸੋਚ ਨੇ ਟੁੰਬਿਆ ਕਿ, “ਜਿਸ ਕੌਮ ਦੇ ਨੌਜੁਆਨ ਕੁਝ ਨਹੀਂ ਕਰਦੇ, ਉਸ ਕੌਮ ਦਾ ਇਹ ਹੀ ਹਾਲ ਹੁੰਦਾ ਹੈ।”
ਉਨ੍ਹਾਂ ਕਿਹਾ ਕਿ ਜਿਵੇਂ ਆਮ ਕਿਹਾ ਜਾਂਦਾ ਹੈ ਕਿ ਸਿਆਸਤਦਾਨਾਂ ਦੀ ਜਿੰਦਗੀ ਖੁੱਲ੍ਹੀ ਕਿਤਾਬ ਹੁੰਦੀ ਹੈ ਉਨ੍ਹਾਂ ਨਾਲ ਇਸ ਤੋਂ ਵੀ ਵਧੇਰੇ ਇਹ ਹੋਇਆ ਕਿ ਉਨ੍ਹਾਂ ਦੀ ਜਿ਼ੰਦਗੀ ਦੀ ਕਿਤਾਬ ਦਾ ਵਰਕਾ ਵਰਕਾ ਲੋਕਾਂ ਨੇ ਪਾੜ ਕੇ ਆਪਣੀਆਂ ਜੇਬਾਂ ਵਿੱਚ ਪਾਇਆ ਤੇ ਮੌਕੇ ਸਿਰ ਵਰਤਿਆ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣਾ ਇਹ ਸਫਰ ਜਾਰੀ ਰੱਖਿਆ ਅਤੇ ਹੁਣ ਤੱਕ ਵੱਖ ਵੱਖ ਰਾਜਨੀਤਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਭਖਦੇ ਮਸਲਿਆਂ ‘ਤੇ ਤਕਰੀਬਨ ਕਈ ਸੰਪਾਦਕੀ ਲੇਖ ਲਿਖੇ।
ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਬਹੁਤੀ ਵਾਰ ਇਨ੍ਹਾਂ ਵਿਚਾਰਾਂ ਦਾ ਉਚਤ ਜੁਆਬ ਨਹੀਂ ਮਿਲਦਾ ਰਿਹਾ। ਉਨ੍ਹਾਂ ਕਿਹਾ ਕਿ ‘ਲੈਟਰ ਟੂ ਦਾ ਐਡੀਟਰ’ ਸਾਲ ਵਿੱਚ ਕੋਈ ਇੱਕ ਅੱਧੀ ਵਾਰ ਹੀ ਮਿਲਦਾ ਹੈ, ਜਿਸ ਸਦਕੇ ਵਿਚਾਰਾਂ ਦੀ ਸਹਿਮਤੀ ਜਾਂ ਅਸਹਿਮਤੀ ਬਾਰੇ ਕੁਝ ਪਤਾ ਨਹੀਂ ਚਲਦਾ। ਅਖਬਾਰ ਦੇ ਖਰਚੇ ਨੂੰ ਚਲਾਉਣ ਲਈ ਅਖਬਾਰ 100% ਐਡਜ਼ ‘ਤੇ ਨਿਰਭਰ ਹੈ। ਮੁਫ਼ਤ ਵਿੱਚ ਅਖਬਾਰ ਪੜ੍ਹਨ ਦਾ ਰੁਝਾਣ ਇਸ ਕਦਰ ਹੋ ਗਿਆ ਹੈ ਕਿ ਕੋਈ ਵੀ ਅਖਬਾਰ ਪੜ੍ਹਨ ਲਈ 25 ਸੈਂਟ ਤੱਕ ਖਰਚਣ ਲਈ ਤਿਆਰ ਨਹੀਂ। ਇਸ ਤੋਂ ਇਲਾਵਾ ਅਖਬਾਰਾਂ ਦੀ ਇਸ ਦੁਰਦਸ਼ਾ ਪਿੱਛੇ ਇੰਟਰਨੈੱਟ ਦਾ ਵੀ ਕਾਰਣ ਹੈ। ਕਈ ਆਕਾਰ ਦੇ ਅਖਬਾਰ ਬਾਜ਼ਾਰ ਵਿੱਚ ਆਉਣ ਕਾਰਣ ਐਡਜ਼ ਬਹੁਤ ਸਸਤੀਆਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਠੰਡੇ ਰੋਝਾਨ ਸਦਕਾ ਅਤੇ ਐਡਾਂ ‘ਤੇ ਨਿਰਭਰਤਾ ਦੀ ਮਜਬੂਰੀ ਕਰ ਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਂਵੇ ਪੰਜਾਬੀ ਪ੍ਰੈੱਸ ਕਲੱਬ ਦੀ ਹੋਂਦ ਸਦਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਡਰ ਚੁੱਕਿਆ ਗਿਆ ਹੈ ਫਿਰ ਵੀ ਕਈ ਵਾਰ ਮਜਬੂਰੀ ਵੱਸ ਸਮਝੌਤੇ ਕਰਨੇ ਪੈਂਦੇ ਹਨ।
ਇਸ ਉਪਰੰਤ ਸੁਆਲਾਂ ਜੁਆਬਾਂ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਦੌਰਾਨ ਸਭ ਤੋਂ ਪਹਿਲਾਂ ਤਰਲੋਚਨ ਗਿੱਲ ਨੇ ਸੁਖਮਿੰਦਰ ਹੰਸਰਾ ਨੂੰ ਖਾਸ ਵਧਾਈ ਤੇ ਕਿ ਜੋ ਉਹ ਠੱਗ ਬਾਬਿਆਂ ਦੀਆਂ ਐਡਜ਼ ਨਹੀਂ ਲਾਉਂਦੇ ਤੇ ਨਾਲ ਹੀ ਨਾਲ ਇੱਕ ਪੁਰਾਣੇ ਇਸ਼ਤਿਹਾਰ ਨੂੰ ਨਾ ਲਗਾਉਣ ਦਾ ਗਿਲਾ ਵੀ ਜ਼ਾਹਿਰ ਕੀਤਾ। ਇਸੇ ਦੌਰਾਨ ਡਾ: ਸੁਖਪਾਲ ਨੇ ਸੁਆਲ ਕੀਤਾ ਕਿ ਪੰਜਾਬੀ ਪ੍ਰੈੱਸ ਕਲੱਬ ਦਾ ਕੀ ਮਕਸਦ ਹੈ ਤੇ ਇਹ ਕਿਸ ਤਰ੍ਹਾਂ ਪਰਾਪਤ ਕੀਤਾ ਜਾਂਦਾ ਹੈ? ਜੁਆਬ ਵਿੱਚ ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਕਿ ਉਸ ਵਕਤ ਦੀਆਂ ਮੂਲ ਮੁਸ਼ਕਿਲਾਂ ਨੂੰ ਮੱਦੇ ਨਜ਼ਰ ਰੱਖ ਪੰਜਾਬੀ ਪ੍ਰੈੱਸ ਕਲੱਬ ਦੀ ਹੋਂਦ ਦੀ ਗੱਲ ਹਮਦਰਦ ਅਖ਼ਬਾਰ ਦੇ ਸੰਪਾਦਕ ਅਮਰ ਸਿੰਘ ਭੁੱਲਰ ਦੇ ਜ਼ਹਿਨ ਵਿੱਚ ਆਈ ਸੀ। ਪੰਜਾਬੀ ਪ੍ਰੈੱਸ ਕਲੱਬ ਕਿਸੇ ‘ਤੇ ਕੋਈ ਵਿਚਾਰ ਲਾਗੂ ਨਹੀਂ ਕਰਦੀ ਬਲਕਿ ਇਹ ਸਾਂਝਾ ਪਲੇਟ ਫ਼ਾਰਮ ਹੈ। ਕਲੱਬ ਦੇ ਮੈਂਬਰਾਂ ਵੱਲੋਂ ਪੰਜਾਬੀ ਪੱਤਰਕਾਰੀ ਵਿੱਚ ਉਸਾਰੂ ਅਤੇ ਉੱਤਮ ਕਦਰਾਂ-ਕੀਮਤਾਂ ਨੂੰ ਪ੍ਰੋਤਸਾਹਣ ਦੇਣ ਲਈ ਸਮਾਜ ਲਈ ਹਾਨੀਕਾਰਕ ਐਡਾਂ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਅੱਜ ਕੱਲ ਪੰਜਾਬੀ ਪ੍ਰੈੱਸ ਕਲੱਬ ਪੰਦਰਾਂ ਦਿਨਾਂ ਵਿੱਚ ਆਪਣੀ ਮੀਟਿੰਗ ਕਰਦਾ ਹੈ ਜਿਸ ਦੌਰਾਨ ਇਸ ਖੇਤਰ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਵਿਚਾਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਵੋਟਾਂ ਦੇ ਦਿਨਾਂ ਵਿੱਚ ਕਿਸੇ ਲੀਡਰ ਤੋਂ ਰਾਊਂਡ ਟੇਬਲ ਮੀਟਿੰਗ ਦੀ ਆਸ ਕਰਨਾ ਅਸੰਭਵ ਜਿਹੀ ਗੱਲ ਹੈ। ਪਰੰਤੂ ਪੰਜਾਬੀ ਪ੍ਰੈੱਸ ਕਲੱਬ ਨੇ ਆਪਣੀ ਅਜਿਹੀ ਥਾਂ ਬਣਾ ਲਈ ਹੈ ਕਿ ਇਸ ਦੀ ਅਪੀਲ ‘ਤੇ ਜੌਨ ਟੋਰੀ ਨੇ ਵੋਟਾਂ ਦੇ ਦਿਨਾਂ ਵਿੱਚ ਵੀ ਕਲੱਬ ਦੇ ਮੈਂਬਰਾਂ ਨਾਲ ਰਾਊਂਡ ਟੇਬਲ ਮੀਟਿੰਗ ਕਰਕੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰੈੱਸ ਕਲੱਬ ਦਾ ਦਇਰਾ ਹੁਣ ਕਾਫੀ ਵਿਸਤਰਤ ਹੋ ਗਿਆ ਹੈ ਤੇ ਇਸ ਦੀ ਮੈਂਬਰਸਿ਼ਪ ਹੁਣ ਰੇਡੀਓ, ਟੈਲੀਵੀਜ਼ਨ ਅਤੇ ਹੋਰ ਗੈਰ ਪੰਜਾਬੀ ਅਦਾਰਿਆਂ ਲਈ ਵੀ ਖੁੱਲ੍ਹੀ ਹੈ। ਇਸ ਸਮੇਂ ਇਸ ਵਿੱਚ ਤਕਰੀਬਨ 30 ਦੇ ਕਰੀਬ ਮੈਂਬਰ ਸ਼ਾਮਿਲ ਹਨ।
ਮਿੰਨੀ ਗਰੇਵਾਲ ਨੇ ਐਡਜ਼ ਦੀ ਭਰਮਾਰ ਦਾ ਜਿ਼ਕਰ ਕੀਤਾ। ਸਰਦਾਰ ਹੰਸਰਾ ਨੇ ਕਿਹਾ ਕਿ ਜੇਕਰ ਰੀਡਰ ਮੁਫ਼ਤ ਵਿੱਚ ਅਖ਼ਬਾਰ ਪੜਨਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਇਨ੍ਹਾਂ ਐਡਜ਼ ਨਾਲ ਤੇ ਸਮਝੌਤਾ ਕਰਨਾ ਹੀ ਪੈਣਾ ਹੈ।
ਬਲਜੀਤ ਘੁੰਮਣ ਨੇ ਐਡਾਂ਼ ਦੀਆਂ ਕੀਮਤਾਂ ਨਿਰਧਾਰਤ ਕਰਨ ਸੰਬੰਧੀ ਸੁਝਾਅ ਸੰਬੰਧੀ ਹੰਸਰਾ ਨੇ ਕਿਹਾ ਕਿ ਕੀਮਤਾਂ ਨਿਰਧਾਰਤ ਕਰਨ ਸੰਬੰਧੀ ਪ੍ਰੈੱਸ ਕਲੱਬ ਵਲੋਂ ਇੱਕ ਕਮੇਟੀ ਬਣਾਈ ਜਾ ਰਹੀ ਹੈ ਜੋ ਕਿ ਐਡਜ਼ ਦੀਆਂ ਕੀਮਤਾਂ ਵਿੱਚ ਆ ਰਹੀ ਲਗਾਤਾਰ ਅੰਡਰ ਕੱਟਿੰਗ ਉੱਤੇ ਠੋਸ ਤੇ ਅਮਲੀ ਵਿਧੀ ਵਿਚਾਰੇਗੀ।
ਬੀ ਸੀ ਤੋਂ ਆਏ ਇਸ ਮੀਟਿੰਗ ਦੇ ਸਾਹਤਿਕ ਮੁੱਖ ਮਹਿਮਾਨ ਰਵਿੰਦਰ ਰਵੀ ਨੇ ਇੱਥੇ ਜਿਕਰ ਕੀਤਾ ਕਿ ਬੀ ਸੀ ਵਿੱਚ ਲੋਕ ਅਜੇ ਵੀ ‘ਚੜ੍ਹਦੀ ਕਲਾ’ ਤੇ ‘ਇੰਡੋ ਕਨੇਡੀਅਨ’ ਨਾਮਕ ਅਖ਼ਬਾਰ ਪੈਸੇ ਦੇ ਕੇ ਪੜਦੇ ਹਨ। ਉਨ੍ਹਾਂ ਕਿਹਾ ਕਿ ਇੱਕ ਤਾਂ ਪ੍ਰਿੰਟ ਮੀਡੀਆ ਆਊਟ ਡੇਟ ਹੋ ਰਿਹਾ ਹੈ ਤੇ ਦੂਸਰਾ ਪੰਜਾਬੀ ਲਿੱਪੀ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਰਹੀ ਹੈ ਤੇ ਡਰ ਹੈ ਕਿ ਪੰਜਾਬੀ ਭਾਸ਼ਾ ਇੱਕ ਦੋ ਪੀੜ੍ਹੀਆਂ ਤੀਕ ਖ਼ਤਮ ਹੋ ਜਾਵੇਗੀ। ਇਸ ਮਹੌਲ ਵਿੱਚ ਪੰਜਾਬੀ ਵਿੱਚ ਅਖ਼ਬਾਰ ਕੱਢਣ ਤੇ ਐਡਜ਼ ਦੀ ਮਜਬੂਰੀ ਨੂੰ ਸਮਝਦਿਆਂ ਉਨ੍ਹਾਂ ਨੇ ਕਿਹਾ ਕਿਹਾ, ਕਿ ਸੰਤ ਸਿੰਘ ਸੇਖੋਂ ਨੇ ਕਿਹਾ ਹੈ ਕਿ “ਪੰਜਾਬੀ ਵਿੱਚ ਲਿਖਣਾ ਸੂਰਮਗਤੀ ਹੈ ਤੇ ਪੰਜਾਬੀ ਵਿੱਚ ਅਖ਼ਬਾਰ ਕੱਢਣਾ ਉਸ ਤੋਂ ਵੀ ਵੱਡੀ ਸੂਰਮਗਤੀ ਹੈ।” ਉਨ੍ਹਾਂ ਸੁਖਮਿੰਦਰ ਸਿੰਘ ਹੰਸਰਾ ਨੂੰ ਸੁਆਲ ਕੀਤਾ ਕਿ, ਕੀ ਉਹ ਅਜੇ ਵੀ ਪੁਰਾਣੇ ਅਖ਼ਬਾਰਾਂ ਵਾਂਗ ਪੁਰਾਣੇ ਨਿਜ਼ਾਮ ਦੀਆਂ ਹੀ ਖ਼ਬਰਾਂ ਛਾਪ ਰਹੇ ਹਨ ਜਾਂ ਕੁਝ ਭਖਦੇ ਮਸਲਿਆਂ ਦੀ ਵੀ ਗੱਲ ਛਾਪੀ ਜਾਂਦੀ ਹੈ? ਹੰਸਰਾ ਹੁਰਾਂ ਉੱਤਰ ਦਿੱਤਾ ਕਿ ਰਵਿੰਦਰ ਰਵੀ ਦੀ ਪਹਿਲੀ ਗੱਲਬਾਤ ਨਾਲ ਉਹ ਸਹਿਮਤੀ ਪ੍ਰਗਟ ਕਰਦੇ ਹਨ। ਦੂਜੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਦੱਸਿਆ ਕਿ 2004 ਦੀ ਪੰਜਾਬੀ ਪ੍ਰੈੱਸ ਦੀ ਮੀਟਿੰਗ ਦਾ ਮਤਾ ਸੀ ਕਿ ਅਖਬਾਰ ਵਿੱਚ 60% ਖ਼ਬਰਾਂ ਉਤਰੀ ਅਮਰੀਕਾ ਦੀਆਂ ਲੱਗਣਗੀਆਂ। ਇਸ ਮਤੇ ਨੂੰ ਮੱਦੇ ਨਜ਼ਰ ਰੱਖ ਕੇ ਖ਼ਬਰਾਂ ਛਾਪੀਆਂ ਜਾਂਦੀਆਂ ਹਨ ਤੇ ਅਖ਼ਬਾਰ ਦੇ 7ਵੇਂ ਸਫ਼ੇ ਤੋਂ ਪੰਜਾਬ ਦੀਆਂ ਖ਼ਬਰਾਂ ਲਾਈਆਂ ਜਾਂਦੀਆਂ ਹਨ। ਮੁੱਖ ਪੰਨਿਆਂ ‘ਤੇ ਇੱਥੋਂ ਦੀ ਰੋਜ਼ਮਰਾ ਦੀ ਜਿ਼ੰਦਗੀ, ਸਿਆਸਤ, ਵਿਦਿਆ, ਸੇਹਤ, ਚੋਣਾਂ ਦਿਨ ਦੇ ਭਖ਼ਦੇ ਮਸਲਿਆਂ ਵਾਲੀਆਂ ਖ਼ਬਰਾਂ ਹੀ ਲਾਈਆਂ ਜਾਂਦੀਆਂ ਹਨ।
‘ਪੰਜਾਬੀ ਡੇਲੀ’ ਦੇ ਨਾਮ ਵਿੱਚ ਵਰਤੇ ‘ਡੇਲੀ’ ਸ਼ਬਦ ਬਾਰੇ ਰਾਜਪਾਲ ਬੋਪਾਰਾਏ ਨੇ ਸਵਾਲ ਕੀਤਾ ਤਾਂ ਹੰਸਰਾ ਨੇ ਦੱਸਿਆ ਕਿ ਇਸ ਮੁਲਕ ਵਿੱਚ ਰਹਿੰਦਿਆਂ ਸਾਨੂੰ ਰੋਜ਼ਮਰਾ ਦੀ ਜਿ਼ੰਦਗੀ ਵਿੱਚ ਬਹੁਤ ਸਾਰੇ ਸ਼ਬਦ ਅੰਗਰੇਜ਼ੀ ਦੇ ਵਰਤਣ ਦੀ ਆਦਤ ਹੋ ਚੁੱਕੀ ਹੈ ਅਤੇ ਨਿਰੋਲ ਪੰਜਾਬੀ ਸਮਝਣ ਜਾਂ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਹੈ। ਦੂਜੇ ਪਾਸੇ ਕਿਸੇ ਵੀ ਭਾਸ਼ਾ ਦੇ ਵਿਕਾਸ ਲਈ ਉਸ ਵਿੱਚ ਨਵੇਂ ਸ਼ਬਦਾਂ ਨੂੰ ਸ਼ਾਮਿਲ ਕਰਨਾ ਹੀ ਪੈਂਦਾ ਹੈ। ਇਹ ਠੀਕ ਹੈ ਕਿ ਜਿਨ੍ਹਾਂ ਬਿਨਾ ਸਰ ਸਕਦਾ ਹੈ ਸਾਰਨਾ ਚਾਹੀਦਾ ਹੈ ਪਰੰਤੂ ਲਫ਼ਜ਼ਾਂ ਦੀ ਘਾਟ ਨੂੰ ਕਿਸੇ ਦੂਜੀ ਭਾਸ਼ਾ ਦੀ ਮਦਦ ਨਾਲ ਪੂਰਾ ਕਰਨ ਦਾ ਸਿਲਸਿਲਾ ਖੁਦ ਯੂਨੀਵਰਸਿਟੀਆਂ ਨੇ ਅਪਣਾਇਆ ਹੈ। ਰਾਜਪਾਲ ਬੋਪਾਰਾਏ ਨੇ ਪੁੱਛਿਆ ਕਿ, ਕੀ ਪੰਜਾਬੀ ਮੀਡੀਆ, ਮੀਡੀਏ ਨਾਲੋਂ ਵੱਧ ਇੱਕ ਪਰਿਵਾਰਕ ਵਪਾਰ ਹੈ? ਜੁਆਬ ਵਿੱਚ ਹੰਸਰਾ ਹੁਰਾਂ ਨੇ ਕਿਹਾ ਕਿ ਸਾਨੂੰ ਇਹ ਨਹੀ ਭੁੱਲਣਾ ਚਾਹੀਦਾ ਕਿ ਅਖ਼ਬਾਰ ਵਾਲਿਆਂ ਦੇ ਵੀ ਪਰਿਵਾਰ ਹਨ। ਇੱਥੇ ਸਾਨੂੰ ਇੱਕ ਸਮਝੌਤਾ ਕਰਨਾ ਪੈਂਦਾ ਹੈ ਤੇ ਇਹ ਇੱਕ ਪਰਿਵਾਰਕ ਵਪਾਰ ਦੇ ਨਾਲ ਨਾਲ ਕੀਤੀ ਜਾ ਰਹੀ ਸਮਾਜ ਸੇਵਾ ਹੈ। ਜਿੱਥੇ ਇਕ ਵਿਅਕਤੀ ਹਫਤੇ ਦੇ ਸੱਠ ਘੰਟੇ ਸਿਰਫ ਤੇ ਸਿਰਫ ਆਪਣਾ ਪਰਿਵਾਰ ਪਾਲਣ ਲਈ ਹੀ ਨਹੀਂ ਲਗਾ ਰਿਹਾ ਬਲਕਿ ਜੀਵਨ ਦੇ ਭਖਦੇ ਮੁੱਦਿਆਂ ਲਈ ਵੀ ਕਾਰਜ਼ਸ਼ੀਲ ਹੈ। ਇੱਥੇ ਹੀ ਬਲਰਾਜ ਚੀਮਾ ਨੇ ਕਿਹਾ ਕਿ ਸ਼ਬਦਾ ਦੀ ਵਰਤੋਂ ਅਤੇ ਸ਼ਬਦ-ਜੋੜਾਂ ਵੱਲ ਪੰਜਾਬੀ ਦੇ ਇਨ੍ਹਾਂ ਸਮਰੱਥ ਅਦਾਰਿਆਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਇੱਕ ਖਾਸ ਸਟੈਂਡਰਡ ਸ਼ਬਦ ਜੋੜਾਂ ਦਾ ਖਰੜਾ ਤਿਆਰ ਕਰਨਾ ਚਾਹੀਦਾ ਹੈ। ਜਗਜੀਤ ਸੰਧੂ ਨੇ ਕਿਹਾ ਕਿ ਅਖਬਾਰਾਂ ਵਿੱਚ ਰੋਜ਼ਾਨਾ ਛਪਣ ਵਾਲੀਆਂ ਸਿਵਲ ਸੇਵਾਵਾਂ ਸੰਬੰਧੀ ਐਡਜ਼ ਲਈ ਕਿਸੇ ਡਿਕਸ਼ਨਰੀ ਦੀ ਜ਼ਰੂਰਤ ਨਹੀਂ ਹੁੰਦੀ। ਆਮ ਤੌਰ ਤੇ ਇਨ੍ਹਾਂ ਦੀ ਟਰਾਂਸਲੇਸ਼ਨ ਬਹੁਤ ਬੁਰੀ ਕੀਤੀ ਗਈ ਹੁੰਦੀ ਹੈ। ਸ੍ਰੀ ਸੁਖਮਿੰਦਰ ਸਿੰਘ ਹੰਸਰਾ ਨੇ ਸਹਿਮਤੀ ਪਰਗਟ ਕੀਤੀ ਤੇ ਕਿਹਾ ਕਿ ਆਮ ਤੌਰ ‘ਤੇ ਇਹ ਇਸ਼ਤਿਹਾਰ ‘ਆਲ ਲੈਂਗੂਏਜ ਲਿਮਿਟਡ’ ਵੱਲੋਂ ਤਿਆਰ ਹੋ ਕੇ ਆਉਂਦੇ ਹਨ ਅਤੇ ਉਹ ਜੋ ਜਿਸ ਤਰ੍ਹਾਂ ਵੀ ਭੇਜਦੇ ਹਨ ਉਸ ਨੂੰ ਉਸੇ ਤਰ੍ਹਾਂ ਸਰਕਾਰੀ ਹਦਾਇਤ ਅਨੁਸਾਰ ਛਾਪਿਆ ਜਾਂਦਾ ਹੈ। ਆਮ ਤੌਰ ਤੇ ਇਹ ਇਸ਼ਤਿਹਾਰ ਅਖ਼ਬਾਰ ਦੇ ਦਫ਼ਤਰ ਪੁੰਹਚਣ ਅਤੇ ਇਨ੍ਹਾਂ ਦੇ ਛਪਣ ਵਿਚਕਾਰ ਇੰਨਾ ਸਮਾ ਨਹੀਂ ਹੁੰਦਾ ਕਿ ਇਨ੍ਹਾਂ ਨੂੰ ਦਰੁਸਤ ਕੀਤਾ ਜਾ ਸਕੇ।
ਮਹਿਮਾਨ ਸੰਪਾਦਕ ਵੱਲੋਂ ਨਿਕਟੀ ਅਨੁਭਵ ਅਤੇ ਜਾਣਕਾਰੀ ਦੇਣ ਲਈ ਧੰਨਵਾਦ ਕਰਦਿਆਂ ਬਲਰਾਜ ਚੀਮਾ ਨੇ ਪੱਤਰਕਾਰੀ ਦੇ ਇਤਿਹਾਸਕ ਪੱਖ ਨੂੰ ਉਘੇੜਦਿਆਂ ਕਿਹਾ ਕਿ ਅੱਜ ਤੋਂ ਕੋਈ 70 ਕੁ ਸਾਲ ਪਹਿਲਾਂ ਕੱਢੇ ਜਾਣ ਵਾਲੇ ਪਰਚੇ ਨਿਰੋਲ ਵਿਚਾਰ ਦੇ ਪਰਚਾਰ ਤੇ ਪਰਸਾਰ ਲਈ ਕੱਢੇ ਜਾਂਦੇ ਸਨ, ਜਦੋਂ ਕਿ ਪਿਛਲੇ ਚਾਲ਼੍ਹੀ ਕੁ ਸਾਲ ਤੋਂ ਐਡ ਇੰਡਸਟਰੀ ਨੇ ਅਖ਼ਬਾਰਾਂ ਨੂੰ ਟੇਕ ਓਵਰ ਕਰ ਲਿਆ ਹੈ। ਮਸ਼ਹੂਰੀਆਂ ਜਾਂ ਐਡਾਂ ਦਾ ਗ਼ਲਬਾ ਬਹੁਤ ਵਧ ਗਿਆ ਹੈ ਜਿਸ ਨਾਲ ਪੱਤਰਕਾਰੀ ਦੇ ਮੂਲ ਮੰਤਵ ਅਤੇ ਆਸਿ਼ਆਂ ਨੂੰ ਕਾਫੀ ਸਮਝੌਤਾ ਕਰਨਾ ਪਿਆ ਹੈ।
ਫਿਰ ਸਾਰੇ ਹਾਜ਼ਰ ਮੈਂਬਰਾਂ ਅਤੇ ਸਾਹਿਤ ਪਰੇਮੀਆਂ ਨੂੰ ਚਾਹ ਪਾਣੀ ਦੀ ਛੋਟੀ ਜਿਹੀ ਬਰੇਕ ਲਈ ਬੇਨਤੀ ਕੀਤੀ।
ਇਸ ਉਪਰੰਤ ਸ੍ਰੀ ਵਿਜੇ ਸਹਿਗਲ ਦੈਨਿਕ ਟ੍ਰਿਬਿਊਨ (ਹਿੰਦੀ) ਦੇ ਸਾਬਕਾ ਸੰਪਾਦਕ ਨਾਲ ਗਲਬਾਤ ਦਾ ਸਿਲਸਿਲਾ ਅਰੰਭ ਹੋਇਆ ਉਨ੍ਹਾਂ ਸ਼ੁਰੂ ਵਿੱਚ ਕਿਹਾ ਕਿ ਉਨ੍ਹਾਂ ਨੂੰ ਕਾਫ਼ਲੇ ਦੀ ਮੀਟਿੰਗ ਵਿੱਚ ਸ਼ਾਮਿਲ ਹੋ ਕਿ ਬਹੁਤ ਚੰਗਾ ਲੱਗਿਆ ਹੈ ਤੇ ਉਹ ਸਭ ਤੋਂ ਪਹਿਲਾਂ ਪੰਜਾਬੀ ਅਖ਼ਬਾਰ ਦੇ ਸਾਰੇ ਹੀ ਅਦਾਰਿਆਂ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ਪੰਜਾਬੀ ਦੇ ਹੀ ਹਨ, ਜਿਨ੍ਹਾਂ ਦੇ ਲਈ ਖਾਸ ਤੌਰ ਤੇ ਸਾਡੇ ਸੀਨੀਅਰਜ਼ ਹਰ ਰੋਜ਼ ਸਵੇਰੇ ਉਡੀਕ ਕਰਦੇ ਹਨ। ਭਾਵੇਂ ਕੁਝ ਖਬਰਾਂ ਨੂੰ ਦੁਹਰਾਇਆ ਗਿਆ ਹੁੰਦਾ ਹੈ ਪਰੰਤੂ ਇਸ ਦੇ ਨਾਲ ਨਾਲ ਜੋ ਸੱਭਿਆਚਾਰਕ, ਸਾਹਿਤਕ ਤੇ ਸਮਾਜਿਕ ਮੁੱਦਿਆਂ ‘ਤੇ ਕਾਲਮ ਛਾਪੇ ਜਾਂਦੇ ਹਨ, ਉਹ ਬੇਹੱਦ ਤਾਰੀਫ਼ਯੋਗ ਹਨ। ਉਨ੍ਹਾਂ ਦੱਸਿਆ ਕਿ ਕਿਸੇ ਦੂਜੀ ਭਾਸ਼ਾ ਦੇ ਸ਼ਬਦਾਂ ਨੂੰ ਛਾਪਣ ਸਮੇ ਆਉਂਦੀ ਗਲਤ ਸ਼ਬਦ ਜੋੜ ਦੀ ਸਮੱਸਿਆ ਸਿਰਫ ਪੰਜਾਬੀ ਦੀ ਹੀ ਨਹੀਂ ਹੈ ਬਲਕਿ ਹਿੰਦੀ ਜਾਂ ਕਿਸੇ ਹੋਰ ਭਾਸ਼ਾ ਵਿੱਚ ਵੀ ਇਹ ਸਮੱਸਿਆ ਆਮ ਆਉਂਦੀ ਹੈ।
ਇਸ ਤੋਂ ਇਲਾਵਾ ਪੱਤਰਕਾਰੀ ਦੇ ਖੇਤਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਏ ਦਾ ਮੁੱਖ ਲਕਸ਼ ‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’ ਦਾ ਹੋਣਾ ਚਾਹੀਦਾ ਹੈ ਤੇ ਮੁੱਖ ਮੁੱਦਾ ਸੰਤੁਲਿਤ, ਪੂਰਨ ਨਿਡਰ ਤੇ ਸੁਤੰਤਰ ਹੋਣਾ ਚਾਹੀਦਾ ਹੈ। ਮੀਡੀਆ ਇੱਕ ਸਮਾਜਿਕ ਲੀਡਰ ਹੋਣ ਦੇ ਨਾਤੇ ਇੱਕ ਲਾਈਟ ਹਾਊਸ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਖਬਰ ਦਾ ਨਾਮ ਹੈ ‘ਸੱਚ’। ਇਸ ਤੋਂ ਇਲਾਵਾ ਉਨ੍ਹਾਂ ਜਿਕਰ ਕੀਤਾ ਕਿ ਐਡਜ਼ ਕਾਰਣ ਅਖਬਾਰਾਂ ਦਾ ਵਪਾਰੀਕਰਣ ਇੱਧਰ ਹੀ ਨਹੀਂ ਬਲਕਿ ਭਾਰਤ ਵਿੱਚ ਇਹ ਸਥਿਤੀ ਇਸ ਤੋਂ ਵੀ ਗੰਭੀਰ ਹੈ। ਉਨ੍ਹਾਂ ਇੱਕ ਦੋ ਉਦਾਹਰਣਾਂ ਦਿੰਦੇ ਦੱਸਿਆ ਕਿ ਦਿੱਲੀ ਦੇ ਇੱਕ ਅਖਬਾਰ ਵਿੱਚ ਐਡੀਟਰ ਦੇ ਨਾਮ ਦੀ ਬਜਾਇ ‘ਐਡੀਟਰ ਦਿੱਲੀ ਮਾਰਕਿਟ’ ਆਦਿ ਛਾਪਿਆ ਜਾਂਦਾ ਹੈ। ਉਨ੍ਹਾਂ ਅਖਬਾਰ ਦੇ ਮਾਸਿਕ ਚੰਦਿਆਂ ਦੇ ਨਾਲ ਮਿਲਣ ਵਾਲੇ ਮੁਫਤ ਦੇ ਤੋਹਫਿਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਇਸ ਕਿੱਤੇ ਨੇ ਮਿਸ਼ਨ ਤੋਂ ਪ੍ਰੋਫੈਸ਼ਨ ਅਤੇ ਪ੍ਰੋਫੈਸ਼ਨ ਤੋਂ ਕਮਿਸ਼ਨ ਦਾ ਰੂਪ ਧਾਨਣ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਇਹ ਹੈ ਕਿ ਸਿਧਾਂਤਕ ਪੱਤਰਕਾਰੀ ਨੂੰ ਕਿਵੇਂ ਲਾਗੂ ਕੀਤਾ ਜਾਵੇ? ਸਿਧਾਂਤਾਂ ਦੀ ਪੈਰਵੀ ਕਰਨ ਲਈ ਭਾਰਤ ਵਿੱਚ ਸਭ ਤੋਂ ਉੱਪਰ ‘ਪ੍ਰੈੱਸ ਕੌਂਸਲ ਔਫ ਇੰਡੀਆ’ ਹੈ ਪਰ ਕਮਾਲ ਦੀ ਗੱਲ ਹੈ ਕਿ ਉਹ ਵੀ ਇਸ ਪਾਸੇ ਕੋਈ ਖਾਸ ਅਹਿਮੀਅਤ ਨਹੀਂ ਰੱਖਦੀ। ਇਸ ਉਪਰੰਤ ਚੀਮਾ ਸਹਿਬ ਨੇ ਵਿਜੇ ਸਹਿਗਲ ਦਾ ਉਨ੍ਹਾਂ ਦੀ ਇਸ ਜਾਣਕਾਰੀ ਭਰਪੂਰ ਗੱਲਬਾਤ ਲਈ ਸ਼ੁਕਰੀਆ ਅਦਾ ਕੀਤਾ।
ਮੀਟਿੰਗ ਦੇ ਅਗਲੇ ਭਾਗ ਵਿੱਚ ਕੈਨੇਡਾ ਵਿੱਚ ਬੀ. ਸੀ. ਤੋਂ ਆਏ ਮੁੱਖ ਮਹਿਮਾਨ ਸੁਪ੍ਰਸਿੱਧ ਕਵੀ ਅਤੇ ਸਾਹਿਤਕਾਰ ਰਵਿੰਦਰ ਰਵੀ ਨਾਲ ਰੂਬਰੂ ਕੀਤਾ ਗਿਆ। ਉਨ੍ਹਾਂ ਨੇ ਸਾਹਿਤ ਤੇ ਪੱਤਰਕਾਰੀ ਦੀ ਸਾਂਝ ਪਾਉਂਦਿਆਂ ਕਿਹਾ ਕਿ ਵਿਜੇ ਸਹਿਗਲ ਦੀਆਂ ਗੱਲਾਂ ਨਾਲ ਹੀ ਉਨ੍ਹਾਂ ਨੂੰ ਹਿੰਦੀ ਦੇ ਮਹਾਨ ਸਾਹਿਤਕਾਰ ‘ਅਗੇ’ ਦੀ ਗੱਲ ਯਾਦ ਆ ਰਹੀ ਹੈ ਕਿ ਉਨ੍ਹਾਂ ਕਿਹਾ ਕਿ ਅਖਬਾਰ ਵਿੱਚ ਐਡਜ਼ ਦੀ ਰੇਸ਼ੋ ਨਾਲੋ ਵੀ ਜਿ਼ਆਦਾ ਅਹਿਮ ਮਸਲਾ ਅਖਬਾਰ ਦੀ ਲੇਅ ਆਊਟ ਦਾ ਹੈ। ਉਨ੍ਹਾਂ ਕਿਹਾ ਕਿ ਕਲਾਸੀਫਾਇਡ ਖਬਰਾਂ ਦੇ ਸਫੇ ਨਿਸ਼ਚਿਤ ਕਰਨ ਦੀ ਲੋੜ ਹੈ। ਸਹਿਤਕ ਜੀਵਨ ਅਤੇ ਅਨੁਭਵ ਬਾਰੇ ਜਾਣਕਾਰੀ ਦਿੰਦਿਆਂ ਰਵਿੰਦਰ ਰਵੀ ਨੇ ਆਪਣੀ ਗੱਲਬਾਤ 1968 ਵਿੱਚ ਆਪਣੀ ਕਹਾਣੀ “ਅੰਦਰ ਵੱਲ ਨੂੰ ਖੁੱਲ੍ਹਦਾ ਬੂਹਾ” ਤੋਂ ਸ਼ਰੂ ਕਰਦਿਆਂ ਆਪਣੇ ਕੁਝ ਸਮਕਾਲੀ ਦੋਸਤਾਂ ਨੂੰ ਯਾਦ ਕੀਤਾ ਤੇ ‘ਨਾਗਮਣੀ’ ਦੇ ਉੱਚੇ ਮਿਆਰ ਦੀ ਵੀ ਗੱਲ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ, “ਰਚਨਾ ਰਚਨਹਾਰੇ ਦਾ ਰਚਨਾਤਮਕ ਰੂਪ ਹੁੰਦੀ ਹੈ ਤੇ ਸੁਹਿਰਦ ਅਨੁਭਵ ਉਸ ਦੀ ਰੀਡ ਦੀ ਹੱਡੀ ਹੁੰਦੇ ਨੇ, ਜਿਵੇਂ ਜੀਵੋ ਤਿਵੇਂ ਲਿਖੋ”। ਜਦੋਂ ਸਾਹਿਤ ਜਿੰਦਗੀ ਨਾਲੋਂ ਟੁੱਟ ਕੇ ਸਿਰਫ ਦਿਮਾਗੀ ਮਸ਼ਕ ਜਾਂ ਇਆਸ਼ੀ ਬਣ ਜਾਵੇ ਤਾਂ ਉਸ ਦਾ ਕੋਈ ਅਰਥ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ 20 ਸਾਲ ਦੇ ਕਰੀਬ ਸਭ ਤੋਂ ਵੱਧ ਚੱਲਣਵਾਲੀ ਪ੍ਰਗਤੀਵਾਦੀ ਜਾਂ ਰੋਮਾਂਸਵਦੀ ਧਾਰਾ ਦੀ ਅਸਫ਼ਲਤਾ ਦਾ ਇਹ ਹੀ ਕਾਰਣ ਰਿਹਾ। ਉਸ ਵਕਤ ਦੇ ਕੁਝ ਅਮੀਰ ਲੋਕਾਂ ਸਦਕੇ ਸਾਹਿਤ ਵਿੱਚ ਆਏ ਮਸ਼ੀਨੀਕਰਣ ਦੀ ਗੱਲ ਕਰਦੇ ਸਮੇਂ ਉਨ੍ਹਾਂ ਪ੍ਰੋ਼: ਮੋਹਨ ਸਿੰਘ ਤੇ ਅਮ੍ਰਿਤਾ ਪ੍ਰੀਤਮ ਦਾ ਜਿ਼ਕਰ ਕੀਤਾ। ਉਨ੍ਹਾਂ ਕਿਹਾ ਕਿ ਬਿਨਾ ਅਨੁਭਵ ਤੋਂ ਸਿਰਫ ਫਰਜ਼ੀ ਕਵਿਤਾਵਾਂ ਲਿਖਣ ਦੇ ਰੁਝਾਣ ਅਤੇ ਸਾਹਿਤ ਨੂੰ ਉਸ ਵਕਤ ਦੀ ਰਾਜਨੀਤਕ ਲੰਬੜਦਾਰੀ ਦੇ ਹੱਥੋਂ ਕੱਢ ਕੇ ਕਵੀ ਕੇਂਦਰਤ ਕਰਵਾਉਣ ਖਾਤਰ ਉਨ੍ਹਾਂ ਕੰਮ ਕੀਤਾ। ਉਨ੍ਹਾਂ ਆਪਣੀ ਕਿਤਾਬ ਪ੍ਰੋਯਗਵਾਦੀ ਕਾਵਿ ਦਾ ਜਿ਼ਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਨਿੱਜੀ ਨਿਰਣਾ ਹੈ ਕਿ ਪ੍ਰਗਤੀਵਾਦੀ ਧਾਰਾ ਦਾ ਲਕਸ਼ ਹਥਿਆਬੰਦ ਇਨਕਲਾਬ, ਲੋਕਾਂ ਦੀ ਸੋਚ ਵਿੱਚ ਇਨਕਲਾਬੀ ਪਰਵਰਤਨ, ਖੱਬੇ ਪਾਸੀ ਪਾਟੀਆਂ ਨੂੰ ਵੋਟਾਂ ਦੀ ਰਜਨੀਤੀ ਦੇ ਆਧਾਰ ਤੇ ਵੱਧ ਸੀਟਾਂ ਤੇ ਲੋਕਾਂ ਨੂੰ ਜ਼ਮਾਤੀ ਤੇ ਆਰਥਿਕ ਪਹਿਲੂ ਦੇ ਆਧਾਰ ਤੇ ਲਾਮਬੰਦ ਕਰਨਾ ਸੀ।
ਰਵਿੰਦਰ ਰਵੀ ਨੇ ਕਿਹਾ ਕਿ ਉਹ ਮੰਨਦੇ ਨੇ ਜਿੰਦਗੀ ਨਿਰੰਤਰ ਜੱਦੋਜਹਿਦ ਹੈ ਤੇ ਇਸ ਵਿੱਚ ਇੱਕ ਵਿਅਕਤੀ ਦਾ ਬਜੂਦ, ਉਸ ਦਾ ਲਕਸ਼ ਤੇ ਉਸ ਦੀ ਪਹਿਚਾਣ ਉਸ ਦੇ ਪ੍ਰਮੁੱਖ ਮਸਲੇ ਹਨ। ਬਾਕੀ ਇਹ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਕਿਵੇਂ ਤੇ ਕਿਸ ਦ੍ਰਿਸ਼ਟੀਕੋਣ ਨਾਲ ਹੱਲ ਕਰਦਾ ਹੈ। ਉਨ੍ਹਾਂ ਇੱਥੇ ਆਪਣੀ ਕਵਿਤਾ ਦੀਆਂ ਕੁਝ ਸੱਤਰਾਂ ਸਾਂਝੀਆਂ ਕੀਤੀਆਂ:
“ਆਪਣਾ ਦੇਸ਼ ਕਿਆ ਹੈ ਪਿਆਰੇ, ਆਪਣਾ ਦੇਸ਼ ਤੇ ਕੇਵਲ ਮੈਂ ਹਾਂ”
ਲਿਖਤ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਪ੍ਰਤੀ ਹਮੇਸ਼ਾਂ ਹੀ ਮਾਨਵਵਾਦੀ ਦ੍ਰਿਸ਼ਟੀਕੋਣ ਰਿਹਾ ਹੈ ਤੇ ਇਨਸਾਨੀਅਤ ਦੀ ਗੱਲ ਇਨਸਾਨੀ ਪੱਧਰ ‘ਤੇ ਹੀ ਕੀਤੀ ਹੈ। ਉਨ੍ਹਾਂ ਦੇ ਸਾਹਿਤ ਵਿੱਚ ਇੱਕ ਵਿਲੱਖਣਤਾ ਤੇ ਜੀਵਨ ਦੇ ਅਨੁਭਵ ਸਾਫ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ, ‘ਗੱਲ ਬਣਾਉਣ ਦੀ ਗੱਲ ਹੀ ਸਾਹਿਤ ਹੈ”। ਉਨ੍ਹਾਂ ਆਪਣੀ ਗੱਲਬਾਤ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤਾ:
ਸ਼ਬਦ ਨੂੰ ਸੰਕੇਤ ਦਾ ਓਹਲਾ ਦਿਓ
ਅਰਥ ਨੂੰ ਬ੍ਰਹਿਮੰਡ ਤੇ ਛੱਡ ਦਿਓ
ਛੋਟੇ ਸ਼ਬਦ ਵਡੇਰੇ ਅਨੁਭਵ
ਸਾਡੀ ਹੋਂਦ ਭਾਸ਼ਾ ਤੋਂ ਪਾਰ
ਕੰਢਿਆਂ ਵਿੱਚ ਸਮਾ ਨਾ ਸਕਦੇ
ਸਾਡੇ ਇਹ ਅੱਥਰੇ ਦਰਿਆ
ਸਮਿਆਂ ਲਈ ਬਣੀ ਚਣੌਤੀ
ਅੱਖਰਾਂ ਦੀ ਨਿਰਸ਼ਬਦ ਅਦਾਇਸ ਰੂਬਰੂ ਦੇ ਖ਼ਾਤਮੇ ਤੇ ਮੁੱਖ ਮਹਿਮਾਨ ਰਵਿੰਦਰ ਰਵੀ ਵੱਲੋਂ ਕਾਫ਼ਲੇ ਦਾ ਧੰਨਵਾਦ ਕੀਤਾ ਗਿਆ।
ਇਸ ਉਪਰੰਤ ਬਲਰਾਜ ਚੀਮਾ ਨੇ ਰਵਿੰਦਰ ਰਵੀ ਦਾ, ਸੰਖੇਪ ਪਰ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕਰਨ ਲਈ ਹਾਰਦਿਕ ਧੰਨਵਾਦ ਕੀਤਾ, ਅਤੇ ਕਵਿਤਾ ਸੰਗਮ ਵਿੱਚ ਕਾਫ਼ਲੇ ਦੇ ਸਮਰੱਥ ਕਵੀਆਂ ਡਾ: ਸੁਖਪਾਲ (ਗਲਫ਼), ਅਮਰਜੀਤ ਸਿੰਘ ਸਾਥੀ (ਆਟੁਵਾ), ਨਵਤੇਜ ਭਾਰਤੀ (ਲੰਡਨ) ਪ੍ਰੀਤਮ ਸਿੰਘ ਧੰਜਲ, ਰਾਜਪਾਲ ਬੋਪਾਰਾਏ, ਸੰਦੀਪ ਧਨੋਆ, ਗੁਰਦੇਵ ਚੌਹਾਨ, ਡਾ. ਜਸਵਿੰਦਰ ਸੰਧੂ, ਪਰਮਜੀਤ ਸਿੰਘ ਢਿੱਲੋਂ, ਗੁਰਦਾਸ ਮਿਨਹਾਸ, ਜਗਜੀਤ ਸੰਧੂ ਨੇ ਇਸ ਜਾਣਕਾਰੀ ਨਾਲ ਭਰਪੂਰ ਸ਼ਾਮ ਨੂੰ ਆਪਣੀਆਂ ਸੁੰਦਰ ਕਵਿਤਾਵਾਂ ਨਾਲ ਵੱਧ ਰੌਚਕ ਬਣਾਇਆ। ਇਸ ਮੀਟਿੰਗ ਵਿੱਚ ਮੈਂਬਰਾਂ ਅਤੇ ਸ਼ੁਭ ਚਿੰਤਕਾਂ ਨੇ ਭਰਵੀਂ ਹਾਜ਼ਰੀ ਰਾਹੀਂ ਪ੍ਰਬੰਧਕਾ ਦਾ ਹੌਸਲਾ ਵਧਾਇਆ।
ਅੰਤ ਵਿੱਚ ਬਲਰਾਜ ਚੀਮਾ ਨੇ ਇਸ ਮੀਟਿੰਗ ਵਿੱਚ ਸ਼ਮਿਲ ਹੋਣ ਤੇ ਸਭਨਾ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਤੱਕ ਲਈ ਵਿਦਾ ਆਖੀ।
(16 ਅਕਤੂਰ 2007)
e-mail:
ਲਿਖਾਰੀ
© likhari: Punjabi Likhari Forum-2001-2007