ਸਰਗਰਮੀਆਂ/ਸੂਚਨਾਵਾਂ

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 

-ਰੀਪੋਰਟ: ਪ੍ਰੋ: ਸ਼ਮਸ਼ੇਰ ਸਿੰਘ ਸੰਧੂ-
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ---ਪ੍ਰੋ: ਸ਼ਮਸ਼ੇਰ ਸਿੰਘ ਸੰਧੂ

(ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਕਤੂਬਰ 2007 ਨੂੰ ਸਿੱਖ ਵਿਰਸਾ ਦੇ ਦਫਤਰ, ਡਰਾਈਵ ਨਾਰਥ ਈਸਟ ਕੈਲਗਰੀ ਵਿਖੇ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਖ਼ਜ਼ਾਨਚੀ ਚਮਕੌਰ ਸਿੰਘ ਧਾਲੀਵਾਲ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਪੜ੍ਹਕੇ ਸੁਣਾਈ ਜੋ ਸਭਾ ਨੇ ਪ੍ਰਵਾਨ ਕੀਤੀ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ ਰਾਹੀਂ ਬਣੀ ਇਹ ਸਾਂਝ ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਟੋਰੰਟੋ ਤੋਂ ਆਏ ਗੁਰਬਾਣੀ ਪ੍ਰੋਗ੍ਰਾਮ ਦੇ ਹੋਸਟ ਰਘਬੀਰ ਸਿੰਘ ਸਮੱਗ ਅਤੇ ਮੰਡੀ ਡੱਬਵਾਲੀ, ਹਰਿਆਣਾ ਤੋਂ ਆਏ ਡਾ. ਇਕਬਾਲ ਸਿੰਘ ਪੰਨੂੰ ਸਭਾ ਦੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।

ਸਭਾ ਦੇ ਆਰੰਭ ਵਿੱਚ ਪ੍ਰ. ਮਨਜੀਤ ਸਿੰਘ ਪਿਆਸਾ ਨੇ ਰਘਬੀਰ ਸਿੰਘ ਸਮੱਗ ਬਾਰੇ ਜਾਣਕਾਰੀ ਦਿੱਤੀ। ਉਹ ਦਿੱਲੀ ਸਕੂਲ ਟੀਚਰ ਸਨ। 1965 ਵਿੱਚ ਉਹ ਕੈਨੇਡਾ ਆਏ। ਉਹ ਵਰਲਡ ਸਿੱਖ ਆਰਗਨਾਈਜ਼ੇਸ਼ਨ ਦੇ ਬੁਨਿਆਦੀ ਮੈਂਬਰ ਹਨ ਅਤੇ ਟੋਰੰਟੋ ਤੋਂ ਗੁਰਬਾਣੀ ਟੀਵੀ ਪ੍ਰੋਗ੍ਰਾਮ ਦੇ ਹੋਸਟ ਵਜੋਂ ਕੰਮ ਕਰ ਰਹੇ ਹਨ। ਉਹਨਾਂ ਦੀ ਇਸ ਸੇਵਾ ਲਈ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਉਹਨਾਂ ਨੂੰ 7 ਅਕਤੂਬਰ ਨੂੰ ਸਿੱਖ ਵਿਰਸਾ ਦੇ 7ਵੇਂ ਸਾਲਾਨਾ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਇਸ ਪਿੱਛੋਂ ਰਘਬੀਰ ਸਿੰਘ ਸਮੱਗ ਹੋਰਾਂ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਸਾਢੇ 17 ਸਾਲ ਤੋਂ ਗੁਰਬਾਣੀ ਪ੍ਰੋਗ੍ਰਾਮ ਦੇ ਹੋਸਟ ਵਜੋਂ ਕੰਮ ਕਰ ਰਹੇ ਹਨ।

ਪ੍ਰੋ. ਮੋਹਨ ਸਿੰਘ ਔਜਲਾ ਨੇ ਆਪਣੀ ਖ਼ੂਬਸੂਰਤ ਗ਼ਜ਼ਲ ਸੁਣਾਈ:

ਮੁਢਲੇ ਰੂਪ ʽਚ ਧਰਮ ਕੋਈ ਵੀ ਮਾੜਾ ਨਹੀਂ
ਸਭ ਧਰਮਾਂ ਦੀ ਜੇ ਕਰ ਤਹਿ ਤਕ ਜਾਈਏ ਯਾਰ।

ਸਚ ਦਾ ਸੂਰਜ ਸਭ ਰੰਗਾਂ ਦਾ ਸੰਗਮ ਹੈ
ਰੰਗਾਂ ਰੂਪਾਂ ਦੇ ਭੇਦ ਮਿਟਾਈਏ ਯਾਰ।

ਹੋਸਿ਼ਆਰ ਸਿੰਘ ਅਰਸ਼ੀ ਨੇ ਇਕ ਉਰਦੂ ਰਚਨਾ ਪੇਸ਼ ਕੀਤੀ ਜਦ ਕਿ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਪੇਸ਼ ਕੀਤੀ।
ਮਨੋਹਰ ਕੌਰ ਹੋਰਾਂ ਵੀ ਅਜ਼ਾਦੀ ਬਾਰੇ ਆਪਣੀ ਕਵਿਤਾ ਸੁਣਾਈ। ਤਰਸੇਮ ਸਿੰਘ ਪਰਮਾਰ ਨੇ ਮੇਲਾ ਰਾਮ ਤਾਇਰ ਦੀ ਸ਼ਹੀਦੇ ਆਜ਼ਮ ਭਗਤ ਸਿੰਘ ਬਾਰੇ ਲਿਖੀ ਘੋੜੀ ਪੇਸ਼ ਕੀਤੀ।

ਹਰਦੀਪ ਸਿੰਘ ਸਿਧੂ ਨੇ ਮੰਡੀ ਡੱਬਵਾਲੀ (ਹਰਿਆਣਾ) ਤੋਂ ਆਏ ਡਾ. ਇਕਬਾਲ ਸਿੰਘ ਪੰਨੂੰ ਹੋਰਾਂ ਬਾਰੇ ਜਾਣਕਾਰੀ ਦੇਂਦਿਆਂ ਉਹਨਾਂ ਦਾ ਤੁਆਰਫ ਕਰਾਇਆ। ਡਾ. ਇਕਬਾਲ ਸਿੰਘ ਪੰਨੂੰ ਸਰਬ ਸੰਮਤੀ ਨਾਲ ਲਗਾਤਾਰ 17 ਸਾਲ ਗੁਰਦਵਾਰਾ ਸ੍ਰੀ ਕਲਗੀਧਰ ਸਿੰਘ ਸਭਾ ਮੰਡੀ ਡੱਬਵਾਲੀ ਦੇ ਪਰਧਾਨ ਰਹੇ। ਉਹ ਤਾ ਜੀਵਨ ਖ਼ਾਲਸਾ ਵਿਦਿਅਕ ਸੋਸਾਇਟੀ, ਦੇ ਚੇਅਰਮੈਨ ਹਨ।

ਡਾ. ਇਕਬਾਲ ਸਿੰਘ ਪੰਨੂੰ ਨੇ ਦੱਸਿਆ ਕਿ ਉਹਨਾਂ ਪੰਜਾਬੀ ਬੋਲਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀ ਰੱਖਣ ਲਈ 1-4-1979 ਨੂੰ ਗੁਰਦਵਾਰਾ ਸ੍ਰੀ ਕਲਗੀਧਰ ਸਿੰਘ ਸਭਾ ਮੰਡੀ ਡੱਬਵਾਲੀ ਵਿੱਚ, ਖ਼ਾਲਸਾ ਵਿਦਿਅਕ ਸੋਸਾਇਟੀ ਦੇ ਪ੍ਰਬੰਧ ਹੇਠ, ਖ਼ਾਲਸਾ ਮਿਡਲ ਸਕੂਲ ਸ਼ੁਰੂ ਕੀਤਾ ਜੋ 1-4-1981 ਤੋਂ ਹਾਈ ਤੇ ਫਿਰ 1-4-2001 ਤੋਂ ਸੀਨੀਅਰ ਸੈਕੰਡਰੀ ਸਕੂਲ ਬਣ ਚੁਕਿਆ ਹੈ। ਡਾ. ਇਕਬਾਲ ਸਿੰਘ ਪੰਨੂੰ ਤੇ ਉਹਨਾਂ ਦੇ ਸਾਥੀਆਂ ਦੀ ਨਿਰੰਤਰ ਘਾਲਣਾ ਸਦਕਾ ਹੁਣ ਇਹ ਸਕੂਲ ਪਿੰਡ ਡੱਬਵਾਲੀ ਗਰਾਮ ਪੰਚਾਇਤ ਵੱਲੋਂ ਦਿੱਤੀ ਗਈ 52 ਕਨਾਲ ਥਾਂ ਵਿੱਚ ਸ਼ੁੰਦਰ ਤਿਮੁਖੀ ਬਿਲਡਿੰਗ ਵਿੱਚ ਹੈ ਅਤੇ ਹਰ ਖੇਤਰ ਵਿੱਚ ਸ਼ਾਨਦਾਰ ਨਤੀਜੇ ਵਖਾ ਰਿਹਾ ਹੈ।

ਕੁਲਵੰਤ ਕੌਰ ਨੇ ਸੁਰੀਲੀ ਆਵਾਜ਼ ਵਿੱਚ ਇਕ ਗੀਤ ਸੁਣਾਇਆ:

ਪੀ ਪ੍ਰੇਮ ਪਿਆਲੇ ਨੂੰ
ਚਲੋ ਸਈਓ ਚਲ ਮਿਲੀਏ ਅੱਜ ਬਾਜਾਂ ਵਾਲੇ ਨੂੰ।।
ਸਾਨੂੰ ਦੇ ਕਿਰਪਾਨ ਗਿਆ
ਬਚੜੇ ਭਾਰਤ ਤੋਂ ਜੋ ਕਰ ਕੁਰਬਾਨ ਗਿਆ।

ਹਰਬੀਰ ਸਿੰਘ ਗਿੱਲ ਨੇ ਅੰਗ੍ਰੇਜ਼ੀ ਵਿੱਚ ਆਪਣੀ ਸੁੰਦਰ ਕਵਿਤਾ ਸੁਣਾਈ। ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਪੇਸ਼ ਕੀਤੀ:
ਨਾਂ ਸਪਤ ਸਿੰਧੂ ਵੀ ਜਚਿਆ ਏ
ਵੇਦਾਂ ਨੂੰ ਏਥੇ ਰਚਿਆ ਏ।
ਧਨ ਧਰਤੀ ਪੰਜ ਦਰਿਆਵਾਂ ਦੀ
ਛਬ ਸੁਹਣੀਆਂ ਠੰਢੀਆਂ ਛਾਵਾਂ ਦੀ।

ਸੁਰਜੀਤ ਸਿੰਘ ਰੰਧਾਵਾ ਨੇ ਉਰਦੂ ਦੇ ਕੁਛ ਸਿ਼ਅਰ ਅਤੇ ਫੀਰੋਜ਼ ਦੀਨ ਸ਼ਰਫ ਦੀ ਇਕ ਪੰਜਾਬੀ ਕਵਿਤਾ ਸੁਣਾਈ।
ਦਮ ਦਿੱਤਿਆਂ ਬਾਝ ਨਹੀਂ ਦਮ ਮਿਲਦੇ
ਦਮਾਂ ਬਾਝ ਨਹੀਂ ਧੋਣੇ ਧੋਏ ਜਾਂਦੇ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ। ਬਲਜੀਤ ਸਿੰਘ ਗਿੱਲ ਨੇ ਰਘਬੀਰ ਸਿੰਘ ਸਮੱਗ ਵੱਲੋਂ ਚਲਾਏ ਜਾ ਰਹੇ ਗੁਰਬਾਣੀ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਜਸਬੀਰ ਸਿੰਘ ਸੀਹੋਤਾ ਨੇ ਤਰੱਨਮ ਵਿੱਚ ਆਪਣੀ ਕਵਿਤਾ ਪੇਸ਼ ਕੀਤੀ।

ਦਿਲਾਵਰ ਸਿੰਘ ਸਮਰਾ ਨੇ ਸਿੱਖ ਫਿਲਾਸਫੀ ਬਾਰੇ ਗੱਲਬਾਤ ਕੀਤੀ।

ਉਕਤ ਤੋਂ ਇਲਾਵਾ ਹਰਬਖਸ਼ ਸਿੰਘ ਸਰੋਆ, ਬਿੱਕਰ ਸਿੰਘ ਸੰਧੂ, ਜਸਬੀਰ ਸਿੰਘ, ਪੈਰੀ ਮਾਹਲ, ਮੋਹਨ ਸਿੰਘ ਮਿਨਹਾਸ, ਹਰਮੁਹਿੰਦਰ ਸਿੰਘ ਪਲਾਹਾ, ਤੇ ਹਰਚਰਨ ਸਿੰਘ (ਸਿੱਖ ਵਿਰਸਾ) ਇਸ ਇਕੱਤਰਤਾ ਵਿੱਚ ਸ਼ਾਮਲ ਸਨ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਐਤਵਾਰ ਦੀ ਥਾਂ ਮਹੀਨੇ ਦੇ ਪਹਿਲੇ ਸਨਿਚਰਵਾਰ, 4 ਨਵੰਬਰ 2007 ਨੂੰ 1-30 ਵਜੇ ਪਾਕਿਸਤਾਨ ਕਲਚਰਲ ਸੈਂਟਰ 507 4656 ਵੈਸਟ ਵਿੰਡਜ਼ ਡਰਾਈਵ, ਨਾਰਥ ਈਸਟ, ਕੈਲਗਰੀ ਦੇ ਹਾਲ ਵਿਚ ਹੋਵੇਗੀ ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ (403) 383-2991, ਜੱਸ ਚਾਹਲ (ਸਕੱਤਰ) ਨਾਲ 293-8912 ਅਤੇ ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 275-4091, ਗੁਰਮੀਤ ਕੌਰ ਸਰਪਾਲ (ਕਾਰਜਕਾਰਨੀ-ਮੈਂਬਰ) ਨਾਲ 280-6090 ਤੇ, ਜਾਂ ਸਲਾਹੁਦੀਨ ਸਬਾ ਸੇ਼ਖ (ਵਾਇਸ ਪ੍ਰੈਜ਼ੀਡੈਂਟ) ਨਾਲ 547- 0335 ਤੇ ਸੰਪਰਕ ਕਰੋ।

(19 ਅਕਤੂਰ 2007)

e-mail:
ਲਿਖਾਰੀ


© likhari: Punjabi Likhari Forum-2001-2007