ਸਰਗਰਮੀਆਂ/ਸੂਚਨਾਵਾਂ

ਕੈਲਗਰੀ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ-ਸ਼ਤਾਬਦੀ ਯਾਦਗਾਰੀ ਸਮਾਗਮ

-ਰਿਪੋਰਟ: ਮਹਿੰਦਰਪਾਲ ਸ. ਪਾਲ-


ਕੈਲਗਰੀ (ਮਹਿੰਦਰਪਾਲ ਸ. ਪਾਲ), ਪੰਜਾਬੀ ਲਿਖਾਰੀ ਸਭਾ ਵਲੋਂ ਪਿਛਲੇ ਦਿਨੀਂ ਸੇਂਟ ਕਾਲਿਜ ਵਿੱਚ ਇਕ ਸ਼ਾਨਦਾਰ ਸ਼ਹੀਦ ਭਗਤ ਸਿੰਘ ਸ਼ਤਾਬਦੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹੀਦਾਂ ਨੂੰ ਸਮਰਪਤ ਗੀਤ ਸੰਗੀਤ ਅਤੇ ਇੱਕ ਸ਼ਾਨਦਾਰ ਨਾਟਕ ਪੇਸ਼ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਕੱਤਰ ਮਹਿੰਦਰਪਾਲ ਸ. ਪਾਲ ਨੇ ਆਪਣੇ ਇੱਸ ਸ਼ੇਅਰ ਨਾਲ ਕੀਤੀ,
“ਦੇਸ਼ ਤੋਂ ਕੁਰਬਾਨ ਜੋ ਨੇ ਹੋ ਗਏ
ਇੱਕ ਅਸਾਡੇ ਤੇ ਓਨਾਂ ਦਾ ਕਰਜ਼ ਹੈ।
ਮਾਣੋ ਅਜ਼ਾਦੀ ਜੋ ਉਹਨਾਂ ਦੀ ਦੇਣ ਹੈ
ਪਰ ਯਾਦ ਕਰਨਾ ਵੀ ਅਸਾਡਾ ਫ਼ਰਜ਼ ਹੈ”

ਇਸ ਤੋਂ ਉਪਰੰਤ ਨਿੰਮਾ ਖੈਹਿਰਾ ਨੇ ਆਪਣਾ ਲਿਖਿਆ ਇੱਕ ਗੀਤ ਤੂੰਬੀ ਅਤੇ ਤਬਲੇ ਦੇ ਸੁਰਾਂ ਵਿੱਚ ਡੁਬੋ ਕੇ ਗਾਇਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਤਰਲੋਚਨ ਸੈਂਬੀ ਨੇ ਹਰੀਪਾਲ ਦਾ ਲਿਖਿਆ ਗੀਤ ਆਪਣੀ ਬੁਲੰਦ ਅਵਾਜ਼ ਵਿੱਚ ਪੇਸ਼ ਕਰ ਕੇ ਤਾੜੀਆਂ ਦਾ ਭਰਮਾਂ ਹੁੰਗਾਰਾ ਖਂਟਿਆ। ਭੋਲਾ ਸਿੰਘ ਚੌਹਾਨ ਨੇ ਆਪਣੀ ਖ਼ੂਬਸੂਰਤ ਅਵਾਜ਼ ਵਿੱਚ ਮਂਖਣ ਬਾਰਾੜ ਦਾ ਲਿਖਿਆ ਗੀਤ ਗਾਇਆ, ਜਿਸ ਦੇ ਬੋਲ ਸਨ:

“ਨਹੀਂ ਕਰਨੇ ਤਾਂ ਨਾ ਕਰਿਓ ਸਤਿਕਾਰ ਸ਼ਹੀਦਾਂ ਦੇ
ਪਰ ਪਾਪੀ ਹੱਥਾਂ ਨਾਲ ਨਾ ਪਾਇਓ ਹਾਰ ਸ਼ਹੀਦਾਂ ਦੇ”

ਡਾ. ਹਰਭਜਨ ਸਿੰਘ ਢਿੱਲੋਂ ਨੇ ਸ਼ਹੀਦ ਭਗਤ ਸਿੰਘ ਬਾਰੇ ਬਹੁਤ ਹੀ ਭਾਵਪੂਰਤ ਵਿਚਾਰ ਪੇਸ਼ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅਮਲ ਵਿਚ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਆਖਿਆ ਕਿ ਆਮ ਲੋਕੀ ਸ੍ਰ. ਭਗਤ ਸਿੰਘ ਦੇ ਕੰਮਾਂ ਅਤੇ ਜੀਵਨ ਬਾਰੇ ਤਾਂ ਜਾਣੂ ਹੀ ਹਨ ਪਰ ਸਾਡਾ ਮਕਸਦ ਉਸ ਦੀ ਸੋਚ ਤੇ ਪਹਿਰਾ ਦੇਣ ਦਾ ਹੈ। ਉਸ ਦੀ ਸੋਚ ਨੂੰ ਜ਼ਿੰਦਾ ਰਂਖਣਾ ਹੀ ਅਸਲੀ ਸ਼ਰਧਾਂਜਲੀ ਹੈ। ਲਿਖਾਰੀ ਸਭਾ ਦੇ ਪਰਧਾਨ ਜੋਗਿੰਦਰ ਸੰਘਾ ਨੇ ਆਏ ਮਹਿਮਾਨਾਂ ਦਾ ਅਤੇ ਇਕੱਤਰ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ 1999 ਤੋਂ ਲੈ ਹੁਣ ਤਕ ਸਭਾ ਦੀਆਂ ਕਾਰਗੁਜ਼ਾਰੀਆਂ ਦਾ ਵੇਰਵਾ ਸਾਂਝਾ ਕੀਤਾ। ਫਿਰ ਬਚਿੱਤਰ ਸਿੰਘ ਗਿੱਲ ਨੇ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਕਰਨੈਲ ਸਿੰਘ ਪਾਰਸ ਦਾ ਭਗਤ ਸਿੰਘ ਬਾਰੇ ਲਿਖਿਆ ਕਬਿੱਤ ਪੇਸ਼ ਕੀਤਾ ਨਾਲ ਹੀ ਬਾਬੂ ਰੱਜ਼ਬ ਅਲੀ ਦੀ ਕਵੀਸ਼ਰੀ ਦਾ ‘ਛੌਣੀਆਂ ਪੱਟ ਲੌ’ ਬਹੱਤਰ ਕਲਾ ਛੰਦ ਵਿੱਚ ਗਾ ਕੇ ਤਾਂ ਕਮਾਲ ਹੀ ਕਰ ਦਿੱਤੀ।


ਇਸ ਤੋਂ ਉਪਰੰਤ ਇਸ ਨਾਟਕ ਦੀ ਮੁੱਖ ਪੇਸ਼ਕਾਰੀ ਸੰਜੀਵਨ ਸਿੰਘ ਦਾ ਲਿਖਿਆ ਅਤੇ ਡਾਈਰੈਕਟ ਕੀਤਾ ਨਾਟਕ ‘ਫ਼ਰੀਡਮ ਫ਼ਾਈਟਰ’ ਅਡਮਿੰਟਨ ਆਰਟਸ ਅਸੋਸੀਏਸ਼ਨ ਵਂਲੋਂ ਪੇਸ਼ ਕੀਤਾ ਗਿਆ। ਨਾਟਕ ਦਾ ਮੁੱਖ ਆਦੇਸ਼ ਭਾਰਤ ਵਿੱਚ ਭਰਿਸ਼ਟਾਚਾਰ ਦੇ ਕਲਚਰ ਤੋਂ ਪਰਦਾ ਚੁਂਕਣਾ ਸੀ। ਭਗਤ ਸਿੰਘ ਅਤੇ ਹੋਰ ਸ਼ਹੀਦ, ਜਿਹਨਾਂ ਨੇ ਦੇਸ਼ ਤੋਂ ਆਪਾ ਕੁਰਬਾਨ ਕੀਤਾ ਜਾਂ ਜਿਹੜੇ ਆਜ਼ਾਦੀ ਘੁਲਾਟੀਏ ਜ਼ਿੰਦਾ ਹਨ ਉਹਨਾਂ ਦੇ ਫ਼ਲਸਫੇ, ਵਿਚਾਰਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਉਹਨਾਂ ਨੂੰ ਦਿੱਤੀਆਂ ਨਾ ਮਾਤਰ ਸਹੂਲਤਾਂ ਬੇਈਮਾਨ ਲੋਕ ਕਿਸ ਤਰ੍ਹਾਂ ਖੋਹ ਲੈਦੇ ਹਨ ਤੇ ਸਰਕਾਰੀ ਚਮਚਿਆਂ ਵਲੋਂ ਉਹਨਾਂ ਨਾਲ ਕੀਤੀਆਂ ਜਾਂਦੀਆਂ ਬਦਸਲੂਕੀਆਂ ਦੇ ਦੁੱਖ ਦਾ ਪ੍ਰਗਟਾਵਾ ਇੰਨੀ ਖੂਬੀ ਨਾਲ ਕੀਤਾ ਗਿਆ ਸੀ ਕਿ ਦਰਸ਼ਕ ਸੋਚਣ ਲਈ ਮਜਬੂਰ ਹੋਏ।


ਸਾਰੇ ਹੀ ਕਲਾਕਾਰਾਂ ਨੇ ਆਪਣੇ ਆਪਣੇ ਕਿਰਦਾਰ ਏਨੀ ਖ਼ੂਬਸੂਰਤੀ ਨਾਲ ਨਿਭਾਏ ਕਿ ਦਰਸ਼ਕਾਂ ਵਿਚੋਂ ਅਖੀਰ ਤਕ ਨਿੱਕੇ ਬੱਚਿਆਂ ਵਿਚੋਂ ਵੀ ਕੋਈ ਹਿਲਿਆ ਤਕ ਨਹੀ। ਖ਼ਾਸ ਕਰ ਕੇ ਗੋਂਦੀ ਦਾ ਕਿਰਦਾਰ ਜਿਹੜਾ ਇੱਕ ਸਿੱਧੇ ਸਾਦੇ ਪਰ ਜ਼ਰਾ ਕੁ “ਝੱਲੇ” ਵਿਅਕਤੀ ਦਾ ਕਿਰਦਾਰ ਸੀ ਬਹੁਤ ਭਾਵਪੂਰਤ ਰਿਹਾ। ਜਿੱਥੇ ਇਹ ਕਿਰਦਾਰ ਲੋਕਾਂ ਨੂੰ ਹਸਾ ਕੇ ਉਹਨਾਂ ਦਾ ਮੰਨੋਰੰਜਨ ਕਰਦਾ ਹੈ ਉਥੇ ਇੱਕ ਸੁਆਰਥੀ ਭਰਾ ਵਲੋਂ ਅਪਣੇ ਹੀ ਸਕੇ ਭਰਾ ਦਾ ਹੱਕ ਕਿਸ ਤਰ੍ਹਾਂ ਮਾਰਿਆ ਜਾ ਰਿਹਾ ਤੇ ਵੀ ਇੱਕ ਡੂੰਘੀ ਤੇ ਕਰਾਰੀ ਚੋਟ ਕਰਨ ਵਿੱਚ ਕਾਮਯਾਬ ਰਿਹਾ। ਇਹ ਕਿਰਦਾਰ ਜੋਗਿੰਦਰ ਰੰਧਾਵਾ ਨੇ ਬਾਖੂਬ ਨਿਵਾਇਆ। ਬਖਸ਼ ਸੰਘਾ ਅਤੇ ਜਸਵੀਰ ਸੰਘਾ ਨੇ ਬਹੁਤ ਅੱਛੀ ਅਦਾਕਾਰੀ ਦਿਖਾਈ। ਇਹਨਾਂ ਤੋਂ ਬਿਨਾਂ ਇਸ ਨਾਟਕ ਵਿੱਚ ਗੁਰਚਰਨ ਸ਼ਰਮਾ, ਗੁਰਜੀਤ ਕੰਗ, ਗੁਰਵਿੰਦਰ ਗਿੱਲ, ਸੁਰਿੰਦਰ ਦਿਓਲ, ਹਰਪ੍ਰੀਤ ਸਿੰਘ, ਗੁਰਮੀਤ ਰੰਧਾਵਾ, ਹਰਜਿੰਦਰ ਬਦੇਸ਼ਾ, ਅਵਨੀਤ ਰੰਧਾਵਾ, ਕਿਰਨਜੋਤ ਸੰਘਾ, ਰਾਵੀਆ ਧਾਲੀਵਾਲ, ਹਰਪ੍ਰੀਤ ਰੰਧਾਵਾ ਅਤੇ ਸੌਰਵ ਸ਼ਰਮਾ ਨੇ ਭਾਗ ਲਿਆ। ਇਸ ਨਾਟਕ ਦਾ ਸੰਗੀਤ ਗੁਰਮੇਲ ਧਾਲੀਵਾਲ ਨੇ ਦਿਂਤਾ, ਗੀਤ ਜਸਵਿੰਦਰ (ਰੋਪੜ) ਦੇ ਲਿਖੇ ਤੇ ਯੂਨਿਸ ਗਿੱਲ ਨੇ ਗਾਏ ਸਨ। ਸੈਟ ਡਿਜ਼ਾਈਨ ਹਰਜੀਤ ਅਤੇ ਹਰਵਿੰਦਰ ਜੰਡੂ ਵਂਲੋਂ ਕੀਤਾ ਗਿਆ ਸੀ। ਰੌਸ਼ਨੀ ਦੀ ਜ਼ਿੰਮੇਵਾਰੀ ਜੱਸੀ ਗਿੱਲ, ਫੋਟੋਗਰਾਫੀ ਦੀ ਹਰਚਰਨ ਸਿੰਘ (ਸਿੱਖ ਵਿਰਸਾ) ਅਤੇ ਵੀਡੀਓਗਰਾਫੀ ਦੀ ਜ਼ਿੰਮੇਵਾਰੀ ਹਰਬੰਸ ਬੁਟਰ ਨੇ ਨਿਭਾਈ।

ਲਿਖਾਰੀ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਘਾ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਾਰੇ ਹੀ (ਇਲੈਕਟ੍ਰੌਨਕ/ਪ੍ਰਿੰਟ) ਮੀਡੀਏ ਦਾ ਸਪੈਸ਼ਲ ਧੰਨਵਾਦ ਕੀਤਾ। ਲਿਖਾਰੀ ਸਭਾ ਦੀ ਸਾਰੀ ਟੀਮ, ਜਿੰਨ੍ਹਾ ਨੇ ਬਹੁਤ ਹੀ ਉੱਦਮ ਨਾਲ ਪਿਛਲੇ ਇੱਕ ਮਹੀਨੇ ਤੋਂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਯੋਗਦਾਨ ਪਾਇਆ, ਦਾ ਧੰਨਵਾਦ ਕੀਤਾ। ਖ਼ਾਸ ਕਰਕੇ ਦਰਸ਼ਕਾਂ ਦਾ ਜਿੰਨ੍ਹਾਂ ਨੇ ਇਸ ਮੌਕੇ ਤੇ ਪੁਹੰਚ ਕੇ ਇਹ ਸਾਬਤ ਕੀਤਾ ਕਿ ਉਹਨਾ ਦੇ ਦਿਲਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਸੋਚ ਪ੍ਰਤੀ ਕਿੰਨਾ ਸਤਿਕਾਰ ਹੈ। ਸੇਟ ਦਾ ਔਰਫ਼ੀਅਸ ਥੀਏਟਰ ਖਚਾ ਖਚ ਭਰਿਆ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਦਰਸ਼ਕਾਂ ਵਲੋਂ ਆਸ ਨਾਲੋਂ ਬਹੁਤ ਹੀ ਵੱਡਾ ਹੁੰਗਾਰਾ ਮਿਲਿਆ। ਇਸ ਨੇ ਲਿਖਾਰੀ ਸਭਾ ਦਾ ਅਜੇਹੇ ਹੋਰ ਪ੍ਰੋਗਰਾਮ ਉਲੀਕਣ ਲਈ ਹੌਸਲਾ ਵੀ ਬੁਲੰਦ ਕੀਤਾ।

ਇਸ ਸਮਾਗਮ ਦਾ ਮੰਤਵ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਰਾਜ ਗੁਰੂ, ਸੁਖਦੇਵ ਅਤੇ ਉਹਨਾਂ ਦੇ ਅਨੇਕਾ ਹੀ ਦੇਸ਼ ਭਗਤਾਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਿਆ ਉਹਨਾਂ ਦੀਆਂ ਯਾਦਾ ਨੂੰ ਤਾਜ਼ਾ ਕਰਨਾ ਤੇ ਉਹਨਾਂ ਦੀ ਫ਼ਿਲੌਸਫ਼ੀ ਤੇ ਅਸੂਲਾਂ ਨੂੰ ਅਮਲੀ ਰੂਪ ਵਿਚ ਅਪਣਾਉਣ ਲਈ ਸੁਨੇਹਾ ਦੇਣਾ ਸੀ।


(8 ਨਵੰਬਰ 2007)

e-mail:
ਲਿਖਾਰੀ


© likhari: Punjabi Likhari Forum-2001-2007