ਸ਼ਾਹਿਦਾ ਦਿਲਾਵਰ ਸ਼ਾਹ ਦੀਆਂ

ਤਿੰਨ ਗ਼ਜ਼ਲਾਂ ਅਤੇ ਨੌਂ ਨਜ਼ਮਾਂ

 

ਗ਼ਜ਼ਲ

ਚੁੱਪ ਰਹਿ ਕੇ ਉਹ ਭੁਲੇਖਾ ਪਿਆਰ ਦਾ ਪਾਉਂਦਾ ਰਿਹਾ
ਮੇਰੀਆਂ ਸੱਧਰਾਂ ਦਾ ਕਾਤਲ ਬਣ ਕੇ ਪਛਤਾਉਂਦਾ ਰਿਹਾ

ਉਹ ਹੁਸਨ ਦਾ ਬਾਦਸ਼ਾਹ ਬੈਠਾ ਨਾ ਇਕ ਥਾਵੇਂ ਕਦੀ
ਇਕ ਬੂਹੇ ਆਉਂਦਾ ਰਿਹਾ ਦੂਜੇ ਬੂਹੇ ਜਾਂਦਾ ਰਿਹਾ

ਜਦ ਮੈਂ ਆਪਣੇ ਦਰਦ ਦੇ ਹੱਥੋਂ ਬੇਵਸਾ ਹੋ ਗਿਆ
ਉਹ ਮੇਰੇ ਜ਼ਖਮਾਂ ਤੇ ਫਾਹੇ ਪਿਆਰ ਦੇ ਲਾਉਂਦਾ ਰਿਹਾ

ਢਹਿ ਨਾ ਜਾਵੇ ਭਰਮ ਮੇਰਾ ਅੱਜ ਰਕੀਬਾਂ ਸਾਹਮਣੇ
ਰੋਂਦੀਆਂ ਅੱਖਾਂ ਦੇ ਵਿਚੋਂ ਮੈਂ ਵੀ ਮੁਸਕਾਉਂਦਾ ਰਿਹਾ

ਜਿੰਨ੍ਹੇ ਦਮੜੀ ਵੀ ਗ਼ਰੀਬਾਂ ਨੂੰ ਕਦੀ ਦਿੱਤੀ ਨਾ ਸੀ
ਕੈਮਰੇ ਦੇ ਸਾਹਮਣੇ ਉਹ ਨੋਟ ਵਰਤਉਂਦਾ ਰਿਹਾ

ਸ਼ਾਹਿਦਾ ਸੀ ਮਾਣ ਜਿਹਨੂੰ ਬਾਜ਼ੂਆਂ ਦੇ ਜ਼ੋਰ ਦਾ
ਉਹ ਕਿਨਾਰੇ ਬਹਿ ਝਨ੍ਹਾਂ ਦੇ ਵਾਸਤੇ ਪਾਉਂਦਾ ਰਿਹਾ

 

ਗ਼ਜ਼ਲ

ਕਦੀ ਕਦਾਈਂ ਆ ਜਾਂਦਾ ਏ
ਗ਼ਮ ਦਾ ਭਾਰ ਵਧਾ ਜਾਂਦਾ ਏ

ਦੋ ਕੰਢਿਆਂ ਦਾ ਮੇਲ ਨਹੀਂ ਹੁੰਦਾ
ਮੁੜ ਮੁੜ ਯਾਦ ਕਰਾ ਜਾਂਦਾ ਏ

ਪਿਆਰ ਦਾ ਏ ਰੋਗ ਅਵੱਲਾ
ਅੰਦਰੋਂ ਅੰਦਰੀਂ ਖਾ ਜਾਂਦਾ ਏ

ਪਹਿਲੇ ਨਕਸ਼ ਅਜੇ ਨਹੀਂ ਮਿਟਦੇ
ਰੰਗ ਨਵਾਂ ਉਹ ਲਾ ਜਾਂਦਾ ਏ

ਨਵੀਆਂ ਨਵੀਆਂ ਪੀੜਾਂ ਦੇ ਕੇ
ਉਹ ਮੈਨੂੰ ਅਜ਼ਮਾ ਜਾਂਦਾ ਏ

ਫ਼ਰਜ਼ ਨਿਭਾਵੇ ਪੂਰਾ ਪੂਰਾ
ਆ ਕੇ ਆਪ ਰੋਆ ਜਾਂਦਾ ਏ

ਚੇਤਰ ਰੰਗ ਨਿਰੋਏ ਲੈ ਕੇ
ਨਵਾਂ ਪੁਆੜ ਪਾ ਜਾਂਦਾ ਏ

ਉਹਨੂੰ ਲੱਖ ਭੁੱਲਾਣਾ ਚਾਹਵਾਂ
ਫ਼ੇਰ ਵੀ ਚੇਤੇ ਆ ਜਾਂਦਾ ਏ

ਮੇਰੇ ਕੋਲੋਂ ਲੰਘਦਿਆਂ ਹੋਇਆਂ
ਸ਼ਾਹਿਦਾ ਮੁੱਖ ਪਰਤਾ ਜਾਂਦਾ ਏ

ਗ਼ਜ਼ਲ

ਲ਼ਾਰੇ ਸਾਨੂੰ ਲਾਓ ਨਾ
ਨਵੇਂ ਸਿਆਪੇ ਪਾਓ ਨਾ

ਅਸਲੀ ਸ਼ੈਅ ਦੀ ਮਾਂਗਤ ਹਾਂ
ਝੂੰਗੇ ਤੇ ਟਰਖ਼ਾਓ ਨਾ

ਸਾਨੂੰ ਪਿਆਰ ਦੇ ਪੈਂਡੇ ਪਾ
ਲੀਕਾਂ ਫ਼ੇਰ ਮਿਟਾਓ ਨਾ

ਕਰ ਕੇ ਨੇਕੀ ਭੁੱਲ ਜਾਓ
ਪਿੱਛੋਂ ਕਦੀ ਜਤਾਓ ਨਾ

ਦਰ ਤੇ ਜਿਹੜਾ ਆ ਜਾਵੇ
ਖਾਲੀ ਹੱਥ ਵਲਾਓ ਨਾ

ਉਹਦੇ ਉੱਚ ਚੁਬਾਰੇ ਵੇਖ
ਆਪਣਾ ਜੀ ਤਰਸਾਓ ਨਾ

ਇਕ ਦੂਜੇ ਦੀਆਂ ਨੀਹਾਂ ਉਤੇ
ਆਪਣੀ ਕੰਧ ਬਣਾਓ ਨਾ

ਹਾਸੇ ਵੰਡੋ ਦੁਨੀਆਂ ਤੇ
ਸੁਕੀ ਅੱਖ ਰੋਆਓ ਨਾ

ਜਾ ਕੇ ਵਿਚ ਰਕੀਬਾਂ ਦੇ
ਸਜੱਣਾਂ ਨੂੰ ਅਜ਼ਮਾਓ ਨਾ

ਸੱਪ ਦੇ ਪੁੱਤਰ ਮੀਤ ਨਹੀਂ
ਚੁਲੀਆਂ ਦੁੱਧ ਪਿਆਓ ਨਾ

ਜਾ ਕੇ ਉਹਦੇ ਬੂਹੇ ਤੇ
ਰਹਿੰਦਾ ਭਰਮ ਗੁਵਾਓ ਨਾ

ਨਜ਼ਮ

ਜੇ ਤੂੰ ਆਉਣ ਦਾ
ਵਾਅਦਾ ਕਰ ਲੇਂ
ਰੱਬ ਤੋਂ ਲੜ ਕੇ
ਸਾਹ ਮੰਗਾ ਗੀ

ਡਰਾਇਵਰ

ਬਸ ਦੇ ਸ਼ੀਸ਼ੇ ਅੰਦਰ
ਉਹਨੂੰ
ਇਕ ਇਕ ਬੰਦਾ ਲੱਭੇ
ਉਂਝ ਮੁਸਾਫ਼ਰ ਸਮਝੇ
ਹਰ ਇਕ
ਉਹ ਮੁਖ਼ਾਤਬ ਉਹਦਾ

 ਨਜ਼ਮ

ਜ਼ਖ਼ਮ ਦਿਲ ਦੇ
ਦਿਨੇ ਵੀ
ਰਿਸਦੇ ਨੇ
ਪਰ ਸ਼ਾਮ ਤੋਂ ਮਗਰੋਂ
ਫੱਟ ਪੈਂਦੇ
ਮੈਨੂੰ ਵੇਖ
ਜਿਉਂਦਿਆਂ
ਦੁਨੀਆ ਤੇ
ਕਿਉਂ ਗ਼ੈਰ ਦੇ ਢਿੱਡੀਂ
ਵੱਟ ਪੈਂਦੇ
ਧੋਖਾ
ਭੁੱਖੀ ਭਾਣੀ
ਵੇਖ ਨਾ ਹੋਵੇ
ਦੁਨੀਆ ਤੇ ਮਖ਼ਲੂਕ
ਨਾ ਮੈਂ ਦਿਲ ਦਾ ਕੋੜ੍ਹ ਮੁੱਕਾਵਾਂ
ਨਾ ਈ ਸਾਹਮਣੇ ਆਵਾਂ
ਇਹ ਅਲਜ਼ਾਮ
ਨਾ ਆਇਆ ਭਾਵੇਂ
ਸੋ ਸੋ ਅੱਤ ਮਚਾਈ
ਇਕ ਮੁੱਠ ਅੰਦਰ
ਦਾਣੇ ਰੱਖੇ
ਦੂਜੀ ਅੰਦਰ ਫਾਈ


ਗੰਢਾਂ ਆਪਣੇ ਇਸ਼ਕ ਦੀਆਂ
ਅੱਖਾਂ ਦੇ ਨਾਲ਼
ਬੰਨ੍ਹੀਆਂ ਹੋਈਆਂ
ਗੰਢਾਂ
ਆਪਣੇ ਇਸ਼ਕ ਦੀਆਂ
ਖੁਲ੍ਹਦੀਆਂ ਨਾਹੀਂ
ਅਕਲਾਂ ਕੋਲੋਂ
ਗੰਢਾਂ ਆਪਣੇ ਇਸ਼ਕ ਦੀਆਂ
ਮਨੋਂ ਮੰਨਾਓ
ਨਹਿਰ
, ਸਮੁੰਦਰ
ਦਰਿਆ ਧੋਂਦੇ
ਜੁੱਸੇ ਸਭ ਲੋਕਾਈ ਦੇ
ਤਾਂ ਮੰਨਾਂ
ਜੇ ਦਿਲ ਦੇ ਸ਼ੀਸ਼ੇ
ਧੋਵਣ
ਇਹ ਹਰਜਾਈ

ਸਜੱਣਾ! ਕੱਝ ਤੇ ਕਰ ਲੈਂਦਾ

ਕੋਈ ਦੁੱਖ ਨਹੀਂ ਤੇਰੇ ਵਿਛੜਨ ਦਾ
ਬੱਸ ਇੱਕੋ ਹਿਰਖ ਏ ਸੀਨੇ

ਨਾ ਮਿਲਦਾ ਭਾਵੇਂ ਸਜੱਣਾ ਤੂੰ
ਪਰ ਇਕ ਅਤਬਾਰ ਤੇ ਕਰ ਲੈਂਦਾ
ਮੇਰੇ ਪਿਆਰ ਦੇ ਨਗ਼ਮੇ ਭੁੱਲ ਜਾਂਦਾ
ਮੇਰੇ ਜ਼ਖ਼ਮ ਸ਼ੁਮਾਰ ਈ ਕਰ ਲੈਂਦਾ      

ਕਿਆਫ਼ਾ

ਅਸਮਾਨਾਂ ਤੇ
ਪੰਛੀ ਰਲ ਕੇ
ਰੌਲਾ ਪਾਉਂਦੇ
ਡਿੱਠੇ ਸੀ
ਕੋਈ ਮੁਸੀਬਤ
ਉਸ ਸ਼ਹਿਰ ਤੇ
ਆਵਣ ਵਾਲੀ
ਹੋਣੀ ਏ

ਧ੍ਰੋਹ

ਸਾਰੇ ਫੁੱਲ ਮੁਹੱਬਤ ਦੇ
ਤੇ ਹਰ ਇਕ ਮੋਤੀ ਚਾਹਤ ਦਾ
ਅਸਾਂ ਹੇਠ ਸਮੁੰਦਰ ਲੱਭੇ ਸੀ
ਕਦੀ ਹੱਥਾਂ ਕੰਡੇ ਸੀ ਲੱਭੇ
ਫ਼ੇਰ ਜ਼ੁਲਮ ਹਨੇਰੀ ਝੁਲੀ ਸੀ
ਇਕ ਜ਼ਾਲਮ ਇੱਕੋ ਹੱਲੇ ਵਿਚ
ਕਿਵੇਂ ਪੈਰਾਂ ਹੇਠ ਮਿਧੋਲ ਗਿਆ

ਮੰਗ

ਸੱਤ ਸਮੁੰਦਰੋਂ
ਬਹੁਤੇ ਹੁੰਦੇ ਜਾਂਦੇ
ਸਾਡੇ ਅੱਥਰੂ
ਅਸੀਂ ਨਾ ਇਕੱਲੇ
ਸਾਡੇ ਨਾਲ਼ ਤੇ
ਰੋਏ ਇੱਜ ਜਹਾਨ
ਧਰਤੀ ਹੁੰਦੀ ਜਾਵੇ
ਸੌੜੀ
ਹੜ੍ਹ ਗ਼ਮਾਂ ਦੇ ਚੌਖੇ
ਰੱਬਾ ਹੁਣ ਤੂੰ
ਹੋਰ ਲੋੜੀਂਦੀ
ਭੋਇੰ ਨਵੀਂ
ਸਾਡੇ ਲਈ ਬਣਾ

(18 ਅਗਸਤ 2007)

 

ilKfrI
Likhari


© likhari: Punjabi Likhari Forum-2001-2007