ਲੇਖ/ਜਾਣਕਾਰੀ

 

ਮੰਗ……ਰੱਵੀਏ ਬਦਲਣ ਦੀ

-ਸ਼ਾਹਿਦਾ ਦਿਲਾਵਰ ਸ਼ਾਹ-



ਦੁਨੀਆ ਵਿਚ ਤਰ੍ਹਾਂ ਤਰ੍ਹਾਂ ਦੀ ਮਖ਼ਲੂਕ ਵਸਦੀ ਏ ਪਰ ਇਕ ਮਖ਼ਲੂਕ ਜਿਹੜੀ ਦੋ ਖੇਤਰਾਂ ਵਿਚ ਵੰਡੀ ਹੋਈ ਏ ਓਹ ਸਭ ਤੋਂ ਉਚੀ ਤੇ ਸੁਹਣੀ ਮਖਲੂਕ ਏ ਮਰਦ ਤੇ ਔਰਤ। ਭੋਇੰ ਉਂਤੇ ਜੇ ਸਿਰਫ਼ ਮਰਦ ਰਹਿ ਜਾਣ ਤਾਂ ਵੀ ਉਹ ਇਹ ਮਖ਼ਲੂਕ ਅਗੇ ਨਹੀਂ ਵੱਧ ਸਕਦੀ ਤੇ ਜੇ ਮਰਦ ਨਾ ਹੋਣ ਤੇ ਸਿਰਫ ਔਰਤ ਇਕੱਲੀ ਰਹਿ ਜਾਵੇ ਤਾਂ ਵੀ ਇਹ ਸੁਹਣੀ ਮਖ਼ਲੂਕ ਬਾਕੀ ਨਹੀਂ ਬੱਚ ਸਕਦੀ। ਇਨਸਾਨ ਦੀ ਸੁਹਣੀ ਸਿਰਜਣਾ ਲਈ ਇਨ੍ਹਾਂ ਦੋਹਾਂ ਜੀਆਂ ਦਾ ਜ਼ਿੰਦਾ ਰਹਿਣਾ ਜ਼ਰੂਰੀ ਏ ਤਾਂ ਜੇ ਇਨ੍ਹਾਂ ਦੇ ਮਿਲਣ ਤੋਂ ਕਿਆਮਤ ਤਾਈਂ ਇਹ ਮਖ਼ਲੂਕ ਵੱਧਦੀ ਫੁਲਦੀ ਰਵੇ ਭਾਵੇਂ ਇਨ੍ਹਾਂ ਦੋਹਾਂ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਪਰ ਫਿਰ ਵੀ ਧਰਤੀ ਤੇ ਸੰਸਾਰ ਨੂੰ ਬਹੁਤਾ ਸੁਹਣਾ ਰੱਖਣ ਵਿਚ ਔਰਤ ਦਾ ਪਲਾ ਭਾਰੀ ਹੋ ਜਾਂਦਾ ਏ। ਆਖਿਆ ਜਾਂਦਾ ਏ ਸੁਚੱਜੀ ਔਰਤ ਭਾਵੇਂ ਜੰਗਲ ਵਿਚ ਡੇਰੇ ਲਾ ਲਵੇ ਉਥੇ ਵੀ ਮੰਗਲ ਕਰ ਦੇਵੇਗੀ।

ਅੱਜ ਦਾ ਦੌਰ ਬੜੀ ਤੇਜ਼ੀ ਨਾਲ਼ ਅੱਗੇ ਦੌੜ ਰਿਹਾ ਏ ਤੇ ਸਮੇਂ ਦਾ ਛੇਤੀ ਛੇਤੀ ਬਦਲਣ ਨਾਲ਼ ਕੁੱਝ ਚੰਗੀਆਂ ਤਬਦੀਲੀਆਂ ਦੇ ਸੰਗ ਭੈੜੀਆਂ ਮੰਦੀਆਂ ਤਬਦੀਲੀਆਂ ਵੀ ਵੇਖਣ ਨੂੰ ਮਿਲੀਆਂ ਨੇ। ਕੁਦਰਤ ਨੇ ਤੇ ਇਸ ਜਹਾਨ ਵਿਚ ਕੋਈ ਵੀ ਕੋਝ ਨਹੀਂ ਰਹਿਣ ਦਿੱਤਾ। ਅੱਜ ਸਮਾਜ ਵਿਚ ਅੱਤਗਰਦੀ, ਜ਼ੁਲਮ, ਤਸ਼ੱਦਦ ਤੇ ਕਾਲੀ ਹਨੇਰੀ ਦੀ ਬੱਦਲ ਛਾਂ ਕਰੀ ਬੈਠੇ ਨੇ। ਇਹੋ ਬੱਦਲ ਕਿਸੇ ਵੇਲੇ ਵੀ ਕਿਸੇ ਬੇਬਸ ਤੇ ਬੇਕਸੂਰ ਦੇ ਸਿਰ ਉਂਤੇ ਜਦੋਂ ਚਾਹੁਣ ਵਸਣ ਲੱਗ ਪੈਂਦੇ ਨੇ। ਬੀਬੀਆਂ ਉਂਤੇ ਹੋਣ ਵਾਲੇ ਜਬਰ ਤੇ ਹਿੰਸਾ ਦੀ ਤਾਰੀਖ਼ ਕੋਈ ਨਵੀਂ ਨਹੀਂ। ਤਾਰੀਖ਼ ਦੱਸਦੀ ਏ ਪਈ ਕਈ ਇਹੋ ਜਿਹੇ ਦੌਰ ਵੀ ਲੰਘੇ ਨੇ ਜਦੋਂ ਕੌਮਾਂ ਔਰਤ ਉਂਤੇ ਜ਼ੁਲਮ ਜਬਰ ਤੇ ਤਸ਼ੱਦਦ ਨੂੰ ਆਪਣਾ ਮਾਣ ਸਮਝਦੀਆਂ ਸਨ। ਉਹ ਇਸ ਰੀਤ ਨੂੰ ਇਸ ਲਈ ਨਿਭਾਉਂਦੇ ਸਨ ਪਈ ਉਨ੍ਹਾਂ ਦੀ ਵੱਡੇ ਇਸ ਸ਼ਾਨ-ਓ-ਸ਼ੋਕਤ ਨੂੰ ਕਾਇਮ ਰੱਖਦੇ ਸਨ। ਇਸ ਲਈ ਉਹ ਆਪਣੇ ਵੱਡਿਆਂ ਦੀ ਰਵਾਇਤ ਨੂੰ ਅੱਟੇ ਟੋਰਨ ਲਈ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸਨ। ਅੱਜ ਸਾਇੰਸ ਤੇ ਟੈਕਨਾਲੌਜੀ ਦੇ ਦੌਰ ਵਿਚ ਬੀਬੀਆਂ ਉਂਤੇ ਮਾਰ ਕੁਟਾਈ ਜ਼ੁਲਮ ਤੇ ਤਸ਼ੱਦਦ ਦੀ ਬੜੀ ਖੇਡ ਖੇਡੀ ਜਾਂਦੀ ਏ।

ਇਸ ਗੱਲ ਦਾ ਅੰਦਾਜ਼ਾ 8 ਮਾਰਚ 2007 ਵਾਲੇ ਦਿਨ ਦੀ ਰਿਪੋਰਟ ਤੋਂ ਲਾਇਆ ਜਾ ਸਕਦਾ ਏ ਜਿਹੜਾ ‘ਔਰਤ ਦਿਵਸ’ ਸੀ। ਅੱਜ ਦੁਨੀਆ ਦੀ ਅਗਵਾਈ ਕਰਨ ਵਾਲੀ ਸੁਪਰ ਪਾਵਰ ਦੇ ਮੁਲਕ ਵਿਚ ਵੀ ਔਰਤ ਉਂਤੇ ਜ਼ੁਲਮ ਦੀ ਘਾਟ ਨਹੀਂ। ਇਕ ਗਵੇੜ ਮੁਤਾਬਿਕ ਉਥੇ ਵੀ ਹਰ ਦਿਨ 280 ਬੀਬੀਆਂ ਨੂੰ ਜ਼ਿਆਦਤੀ ਦਾ ਨਿਸ਼ਾਨਾ ਬਣਾਇਆ ਜਾਂਦਾ ਏ। ਇਨ੍ਹਾਂ ਵਿਚੋਂ 80% ਨੂੰ ਜ਼ਿਆਦਤੀ ਮਗਰੋਂ ਕਤਲ ਕਰ ਦਿੱਤਾ ਜਾਂਦਾ ਏ ਤੇ ਵੀਹ (20) ਪਰਸੈਂਟ ਬਚ ਜਾਂਦੀਆਂ ਨੇ ਉਹ ਵੀ ਆਪਣੇ ਮਰਨ ਦੀਆਂ ਦੁਆਵਾਂ ਮੰਗਦੀਆਂ ਰਹਿੰਦੀਆਂ ਨੇ। ਪਾਕਿਸਤਾਨ ਤੇ ਬੰਗਲਾ ਦੇਸ਼ ਵਿਚ ਹਰ ਸਾਲ ਦਸ ਲੱਖ ਜ਼ਨਾਨੀਆਂ ਖ਼ਰੀਦੀਆਂ ਤੇ ਵੇਚੀਆਂ ਜਾਂਦੀਆਂ ਨੇ। ਇੰਡੀਆ, ਪਾਕਿਸਤਾਨ, ਬੰਗਲਾ ਦੇਸ਼ ਅਤੇ ਸ੍ਰੀ ਲੰਕਾ ਦੇ ਕੁੱਝ ਇਲਾਕਿਆਂ ਵਿਚ ਸਮਗਲਰ ਲੱਖਾਂ ਬੀਬੀਆਂ ਬਾਹਰ ਦੇ ਮੁਲਕਾਂ ਵਿਚ ਜੁੱਸੇ ਵੇਚਣ ਲਈ ਸਮਗਲ ਕਰਦੇ ਨੇ। ਪੂਰੀ ਦੁਨੀਆ ਵਿਚ ਹਰ ਸਾਲ ਚਾਲ੍ਹੀ (48) ਹਜ਼ਾਰ ਬੀਬੀਆਂ ਨੂੰ ਇਸ ਅੱਗ ਦੇ ਤਨੂਰ ਵਿਚ ਸੁਟ ਦਿੱਤਾ ਜਾਂਦਾ ਏ। ਸਿਰਫ਼ ਪੱਛਮੀ ਪਾਸੇ ਧਰਤੀ ਉਂਤੇ ਨੌ ਲੱਖ ਛੇ ਸੌ ਉੱਨਾਸੀ ਜ਼ਨਾਨੀਆਂ ਮੋਈਆਂ ਇਹਨਾਂ ਵਿਚੋਂ ਸੌਲ੍ਹਾਂ ਸੌ ਅਠੱਤੀ (1638) ਨੂੰ ਪਿਓ, ਭਰਾ, ਤੇ ਸ਼ੋਹਰਾਂ ਤੇ ਦੂਜੇ ਸੰਗੀਆਂ ਰਿਸ਼ਤੇਦਾਰਾਂ ਮੌਤ ਦੇ ਖੂਹ ਵਿਚ ਧੱਕਾ ਮਾਰਿਆ ਜਦ ਕਿ ਅੱਠ ਹਜ਼ਾਰ ਇੱਕਤਾਲੀ (8041) ਜ਼ਨਾਨੀਆਂ ਨੂੰ ਦੌਲਤ ਮਾਰਿਆ ਤੇ ਦੁਸ਼ਮਣੀ ਦਾ ਬਦਲਾ ਲੈਣ ਲਈ ਜਾਨੋ ਮਾਰ ਦਿੱਤਾ ਗਿਆ। ਸਿਰਫ਼ ਤਿੰਨ ਹਜ਼ਾਰ ਤਿਨ ਸੌ ਉਨਾਣਵੇਂ (3389) ਜ਼ਨਾਨੀਆਂ ਨੂੰ ਮਾਪਿਆਂ ਦੇ ਘਰੋਂ ਦਹੇਜ਼, ਕਾਰਾਂ ਕੋਠੀਆਂ ਤੇ ਪੈਸੇ ਨਾ ਲੈ ਕੇ ਆਉਣ ਉਂਤੇ ਮਾਰਿਆ ਗਿਆ ਇਨ੍ਹਾਂ ਵਿਚੋਂ ਕਈ ਔਰਤਾਂ ਉਹ ਵੀ ਸਨ ਜਿਨ੍ਹਾਂ ਦੇ ਹੁਸਨ ਤੋਂ ਸੜ ਕੇ ਉਨ੍ਹਾਂ ਦੇ ਮੂੰਹਾਂ ਉਂਤੇ ਤੇਜ਼ਾਬ ਲੁੱਦ ਦਿੱਤਾ ਗਿਆ ਇੰਜ ਅੱਲਾਹ ਦੀ ਸੁਹਣੀ ਮਖ਼ਲੂਕ ਤੜਫ਼ਦੀ ਰਹੀ ਤੇ ਇਨਸਾਨੀਅਤ ਦੇ ਕਾਤਲ ਇਸ ਤੋਂ ਇਨਜਾਏ enjoy ਕਰਦੇ ਰਹੇ।

ਘਰੋਂ ਕੰਮ ਕਾਜ ਲਈ ਨਿਕਲਣ ਵਾਲੀਆਂ ਬੀਬੀਆਂ ਨੂੰ ਮਰਦਾਂ ਦੇ ਜਨੌਰਾਂ ਹਾਰ ਰਵੱਈਏ ਦਾ ਸਾਹਮਣਾ ਕਰਨਾ ਪੈਂਦਾ ਏ ਹਰ ਵੇਲੇ ਜ਼ਨਾਨੀ ਨੂੰ ਬੇਇਜ਼ੱਤ ਕਰਨ ਉਂਤੇ ਤੁਲੇ ਹੁੰਦੇ ਨੇ। ਉਹ ਹਰ ਥਾਂ ਜਿਥੇ ਇਕੱਲੀ ਬੀ ਬੀ ਜਾਂ ਬੇ-ਆਸਰਾ ਬੀ ਬੀ ਨਜ਼ਰ ਆਵੇ ਖਾ ਜਾਣ ਵਾਲੀ ਅੱਖ ਨਾਲ਼ ਵੇਖਦੇ ਨੇ। ਕੁੜੀਆਂ ਦੇ ਸਕੂਲਾਂ, ਕਾਲਜਾਂ ਤੋ ਟਵੀਸ਼ਨ ਸੈਂਟਰਾਂ ਦੇ ਲਾਗੇ ਪਾੜ੍ਹੇ ਮੁੰਡੇ ਫੇਰੇ ਲਾ ਲਾ ਕੇ ਥੱਕ ਜਾਂਦੇ ਨੇ। ਕਈ ਕਈ ਬੰਦੇ ਜਿਨ੍ਹਾਂ ਦੀਆਂ ਆਪਣੀਆਂ ਘਰ ਵਾਲੀਆਂ ਘਰਾਂ ’ਚ ਹੁੰਦੀਆਂ ਨੇ ਉਨ੍ਹਾਂ ਨੂੰ ਤੇ ਉਹ ਬਾਹਰ ਦੀ ਹਵਾ ਨਹੀਂ ਲੱਗਣ ਦਿੰਦੇ ਜੇ ਉਹ ਬਾਹਰ ਨਿਕਲਣ ਜਾਂ ਘਰ ਦੀ ਪੂਰ ਨਾ ਪੈਣ ਲਈ ਨੌਕਰੀ ਲਈ ਬਾਹਰ ਜਾਣਾ ਚਾਹੁਣ ਤਾਂ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਉਨ੍ਹਾਂ ਨੂੰ ਸਮਾਜੀ, ਮਜ਼੍ਹਬੀ ਤੇ ਅਰਥਿਕ ਮਿਸਾਲਾਂ ਦੇ ਕੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੰਦੇ ਨੇ। ਉਹ ਇਹ ਕੰਮ ਤਾਂ ਕਰ ਦਾ ਏ ਪਈ ਉਹ ਆਪ ਦੂਜਿਆਂ ਦੀ ਮਾਂ ਭੈਣ ਤੇ ਬੀਵੀ ਨੂੰ ਬੁਰੀ ਅੱਖ ਨਾਲ਼ ਵੇਖਦਾ ਏ ਜੇ ਉਹਦੇ ਘਰ ਦੀ ਔਰਤ ਘਰੋਂ ਨਿਕਲੇਗੀ ਤਾਂ ਦੂਜੇ ਮਰਦ ਵੀ ਉਹਦੀ ਮਾਂ ਭੈਣ ਤੇ ਬੀਵੀ ਨੂੰ ਬੁਰੀ ਅੱਖ ਨਾਲ਼ ਵੇਖਣਗੇ। ਔਰਤ ਵਿਚਾਰੀ ਇਕੱਲੀ ਬਾਹਰ ਅੰਦਰ ਮਰਜ਼ੀ ਨਾਲ਼ ਘੁੰਮ ਫਿਰ ਵੀ ਨਹੀਂ ਸਕਦੀ। ਇਕੱਲੀ ਸਫ਼ਰ ਨਹੀਂ ਕਰ ਸਕਦੀ ਕਿਸੇ ਨਾਲ਼ ਡਾਇਲਾਗ ਨਹੀਂ ਕਰ ਸਕਦੀ। ਉਹਦਾ ਕਸੂਰ ਸਿਰਫ਼ ਔਰਤ ਹੋਣਾ ਏ ਕਿਉਂ ਜੇ ਉਹ ਕਿਸੇ ਹੋਰ ਦੀ ਮਾਂ, ਭੇਣ ਤੇ ਧੀ ਏ। ਹੇਠਲੇ ਵਰਗ ਦੀਆਂ ਜ਼ਨਾਨੀਆਂ ਜਿਨ੍ਹਾਂ ਦੇ ਘਰ ਵਾਲੇ (ਸ਼ੋਹਰ) ਆਪ ਤੇ ਕੁੱਝ ਕਰਨ ਜੋਗੇ ਨਹੀਂ ਹੁੰਦੇ, ਕਿਸੇ ਕੰਮ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਪਰ ਆਪਣੀ ਘਰ ਵਾਲੀ ਨੂੰ ਮਾਰਦੇ ਕੁੱਟਦੇ ਨੇ, ਗਾਲ੍ਹਾਂ ਕੱਢਦੇ ਨੇ। ਇਹ ਔਰਤਾਂ ਬਾਲਾਂ ਦੇ ਢਿੱਡ ਭਰਨ ਲਈ ਖਾਂਦੇ ਪੀਂਦੇ ਘਰਾਂ ਵਿਚ ਨੌਕਰੀਆਂ ਕਰਨ ਲਈ ਮਜਬੂਰ ਹੁੰਦੀਆਂ ਨੇ। ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਇਹ ਮਜਬੂਰ ਔਰਤਾਂ ਕੰਮ ਕਰਦੀਆਂ ਨੇ ਉਨ੍ਹਾਂ ਦੇ ਮਾਲਿਕ ਮਰਦਾਂ ਦੀ ਭੈੜੀ ਅੱਖ ਤੋਂ ਵੀ ਇਹ ਵਿਚਾਰੀਆਂ ਨਹੀਂ ਬਚ ਸਕਦੀਆਂ। ਕਿੰਨੀ ਦੁਖਾਂਤ ਵਾਲੀ ਗੱਲ ਏ ਪਈ ਸਾਡੇ ਸਮਾਜ ਦੀ ਔਰਤ ਆਪਣੇ ਬਾਲ ਰੋਂਦੇ ਤੇ ਭੁੱਖੇ ਛੱਡ ਕੇ ਦੂਜਿਆਂ ਦੇ ਬਾਲ ਚੁਪ ਕਰਵਾਣ ਲਈ ਸਾਰਾ ਸਾਰਾ ਦਿਨ ਨੌਕਰੀ ਪੁਣਾ ਕਰਦੀ ਰਹਿੰਦੀ ਏ ਤਾਂ ਵੀ ਉਹਦੀ ਆਪਣੀ ਕੋਈ ਇੱਜ਼ਤ ਤੇ ਜ਼ਿੰਦਗੀ ਨਹੀਂ ਹੁੰਦੀ ਤਾਂ ਵੀ ਉਹਨੂੰ ਸਜ਼ਾ ਦਿੱਤੀ ਜਾਂਦੀ ਏ ਪਈ ਉਹ ਦੁਨੀਆਂ ਉਂਤੇ ਪੈਦਾ ਈ ਕਿਉਂ ਹੋਏ ਏ। ਜਦੇਂ ਤਾਈਂ ਸਮਾਜੀ ਵੰਡ ਰਵੇਗੀ, ਜਦ ਤਾਈਂ ਮਰਦ ਆਪਣੀ ਸੋਚ ਔਰਤ ਬਾਰੇ ਨਹੀਂ ਬਦਲੇਗਾ। ਤਦ ਤੱਕ ਔਰਤ ਦੀ ਹਿਆਤੀ ਭੱਠੀ ਤੇ ਤਨੂਰ ਵਿਚ ਚੂਨੇ ਹਾਰ ਭਖਦੀ ਰਵੇਗੀ।

ਸਭ ਤੋਂ ਪਹਿਲਾਂ ਤੇ ਔਰਤ ਨੂੰ ਮਰਦ ਦੇ ਬਰਾਬਰ ਮੰਨਣਾ ਚਾਹੀਦਾ ਏ ਕਿਉਂ ਜੇ ਅੱਲਾਹ ਨੇ ਫ਼ਰਕ ਨਹੀਂ ਰੱਖਿਆ ਤਾਂ ਬੰਦੇ ਫ਼ਰਕ ਰੱਖਣ ਵਾਲੇ ਕੌਣ ਹੁੰਦੇ ਨੇ। ਔਰਤ ਨੂੰ ਜੇ ਮੌਕਾ ਮਿਲੇ ਤੇ ਉਹ ਮਰਦਾਂ ਨਾਲ਼ੋਂ ਘੱਟ ਨਹੀਂ। ਔਰਤਾਂ ਨੇ ਪੂਰੀ ਦੁਨੀਆ ਵਿਚ ਸਾਬਤ ਕਰ ਦਿੱਤਾ ਏ ਉਹ ਆਪਣੀਆਂ ਸਲਾਹੀਤਾਂ ਵਰਤ ਕੇ ਮੁਲਕਾਂ ਦੀ ਅਗਵਾਈ ਕਰ ਸਕਦੀ ਏ। ਸੰਯੁਕਤ ਰਾਸ਼ਟਰ ਦੀ ਸਕੱਤਰ ਬਣ ਸਕਦੀ ਏ, ਹਵਾਈ ਜਹਾਜ਼ ਚੱਲਾ ਸਕਦੀ ਏ, ਖਨਵਾਦੇ ਸੰਵਾਰ ਸਕਦੀ ਏ, ਦਰਿਆਵਾਂ ਸਮੁੰਦਰਾਂ ਵਿਚ ਸਫ਼ਰ ਕਰ ਸਕਦੀ ਏ ਇੰਟਰਨੈਂਟ, ਡਾਕਟਰ, ਇੰਜੀਨਅਰਿੰਗ, ਟੀਚਿੰਗ, ਤੋਂ ਲੈ ਕੇ ਖੇਡਾਂ ਦੇ ਖੇਤਰ ਹਰ ਥਾਂ ਬਰਾਬਰ ਨਜ਼ਰ ਆਉਂਦੀ ਏ। ਔਰਤ ਭਾਵੇਂ ਮਾਂ ਹੋਵੇ, ਭੈਣ ਹੋਵੇ, ਬੀਵੀ ਜਾਂ ਧੀ ਉਹਦਾ ਮਕਾਮ ਤੇ ਮਰਤਬਾ ਮੁਨੀਰ ਨਿਆਜ਼ੀ ਦੇ ਇਨ੍ਹਾਂ ਸ਼ਿਅਰਾਂ ਤੋਂ ਪਛਾਣਿਆ ਜਾ ਸਕਦਾ ਏ

ਉਥੋਂ ਅਗੇ ਫ਼ਰਾਕ ਦੀਆਂ ਮੰਜ਼ਿਲਾਂ ਸਨ
ਜਿਥੇ ਪਹੁੰਚ ਕੇ ਉਹਦਾ ਨਿਸ਼ਾਨ ਦਿੱਸਿਆ
ਉਹਦੇ ਸਾਹਮਣੇ ਇਹ ਜਗ ਵੇਰਾਨ ਲੱਗਾ
ਉਨ੍ਹਾਂ ਅੱਖਾਂ ’ਚ ਐਸਾ ਅਰਮਾਨ ਦਿੱਸਿਆ

ਗੱਲ ਇਥੇ ਨਹੀਂ ਮੁੱਕਦੀ। ਹੁਣ ਉਹ ਵੇਲਾ ਆ ਗਿਆ ਏ ਜਦੋਂ ਔਰਤ ਨੂੰ ਮੰਨ ਲਿਆ ਜਾਵੇ ਤੇ ਉਹਦੇ ਉਂਤੇ ਹੋਵਣ ਵਾਲੇ ਜ਼ੁਲਮ ਤਸੀਹੇ ਦੀ ਭਰਵੀਂ ਨਿੰਦਿਆ ਕੀਤੀ ਜਾਵੇ ਉਹਨੂੰ ਉਹਦੀ ਹਿਆਤੀ ਜੀਣ ਦਾ ਹੱਕ ਦਿੱਤਾ ਜਾਵੇ। ਭਾਵੇਂ ਦੁਨੀਆਂ ਵਿਚ ਨਵੇਂ ਨਵੇਂ ਕਨੂੰਨ ਉਹਦੇ ਹੱਕ ਵਿਚ ਬਣਦੇ ਰਹਿੰਦੇ ਨੇ ਪਰ ਮੈਂ ਇਹ ਦੱਸਦੀ ਜਾਵਾਂ ਪਈ ਜਦੋਂ ਤਾਈਂ ਇਸ ਔਰਤ ਬਾਰੇ ਆਪਣੇ ਰੱਵੀਏ ਤੇ ਟਰੈਂਡ ਨਾ ਬਦਲਾਂਗੇ ਉਨੇ ਤਾਈਂ ਭਾਵੇਂ ਲੱਖ ਕਨੂੰਨ ਤੇ ਤਲਵਾਰਾਂ ਚੱਲਣ, ਔਰਤ ਨੂੰ ਸੁੱਖ ਨਹੀਂ ਮਿਲ ਸਕਦਾ।
 

(7 ਨਵੰਬਰ 2007)

 

ilKfrI
Likhari


© likhari: Punjabi Likhari Forum-2001-2007