ਜਦ ਮਨ ’ਚ
ਫੁਰਨੇ ਫੁਰ ਰਹੇ ਹੋਣ,
ਮੱਥੇ ’ਚ
ਸਿਰਜਣਾਤਮਿਕ ਚੰਗਿਆੜੀਆਂ ਮਘ ਰਹੀਆਂ ਹੋਣ,
ਦਿਲ ਪਿਘਲ਼ ਕੇ ਵਹਿ ਰਿਹਾ
ਹੋਵੇ ਤਾਂ ਅੱਧੀ ਰਾਤ ਵੇਲੇ ਵੀ ਖਿੜੀ ਦੁਪਹਿਰ ਵਰਗਾ ਮਾਹੌਲ ਹੋ ਜਾਂਦੈ।
ਜਦ ਰੌਸ਼ਨੀਆਂ ਦੇ ਸ਼ਹਿਰ
’ਚ ਹਨੇਰੇ ਦਾ
ਜੰਗਲ ਕਿਤੇ ਦੂਰ ਤੱਕ ਵੀ ਨਜ਼ਰ ਨਾ ਆਵੇ,
ਜਦ ਮਿੱਤਰਾਂ ਸੰਗ
ਜੁਗਨੂਆਂ ਦੀਆਂ ਗੱਲਾਂ ਹੋ ਰਹੀਆਂ ਹੋਣ।
ਦੇਸ਼ ਦੀ
ਨਿੱਘਰੀ ਸਿਆਸਤ ਦੇ ਖਿਲਾਫ ਤਾਰਿਆਂ ਭਰੀ ਇਬਾਰਤ ਲਿਖਣ ਦੇ ਇਰਾਦੇ ਧਾਰੇ ਜਾ ਰਹੇ ਹੋਣ,
ਤਾਂ ਦੁਪਹਿਰ ਖਿੜ ਜਾਂਦੀ
ਹੈ ਅੱਧੀ ਰਾਤ ਵੇਲੇ ਵੀ।
ਮਾਂ ਬੋਲੀ ਨੂੰ
ਸਰਕਾਰੀ ਮਾਨਤਾ ਮਿਲ ਜਾਵੇ,
ਆਪਣੀ ਵਿਰਾਸਤ ਦਾ ਗੌਰਵ
ਵਧਣ ਲੱਗੇ,
ਵਿਰਸੇ ਵਾਲੇ ਸੁਰੀਲੇ ਗੀਤ ਗਾਏ ਜਾ ਰਹੇ ਹੋਣ ਤਾਂ ਅੱਧੀ ਰਾਤ ਵੇਲੇ ਵੀ ਸੁਰਾਂ ਦਾ
ਬੋਲਬਾਲਾ ਹੋ ਜਾਂਦਾ ਅਤੇ ਮੱਥਿਆਂ ਅੰਦਰ ਜਾਗ ਪੈਂਦੀ ਹੈ ਖਿੜੀ ਦੁਪਹਿਰ।
ਜਦ ਮਨ ਦੀਆਂ ਨ੍ਹੇਰੀਆਂ
ਗਲੀਆਂ ’ਚ ਵੀ
ਕੋਈ ਅਰਮਾਨ ਜਾਗ ਪੈਣ,
ਸ਼ਬਦਾਂ ਦੀ ਨਦੀ
’ਚ ਅਰਥਾਂ ਦਾ ਵਹਾਅ
ਤੇਜ਼ ਹੋ ਜਾਵੇ,
ਵਗਦੀਆਂ ਪੌਣਾਂ ਸੁਨੇਹਾ ਸੁਣਨ ਲਈ ਰੁਕ ਜਾਣ ਅਤੇ ਮਹਿਫਲ ਦੇ ਬੋਲ ਮਹਿਕਾਂ ਨਾਲ
ਸਰਸ਼ਾਰ ਹੋ ਜਾਣ ਤਾਂ ਅੱਧੀ ਰਾਤ ਵੇਲੇ ਵੀ ਖਿੜ ਜਾਂਦੀ ਹੈ ਦੁਪਹਿਰ।
ਜਦ ਪੈਰਾਂ ’ਚ
ਅਵਾਰਗੀ ਦਾ ਸਫਰ ਹੋਵੇ,
ਬੰਧਨਾਂ ਤੋਂ ਮੁਕਤ
ਹੱਦਾਂ ’ਚ ਰਹਿਣ
ਦੀ ਮਜਬੂਰੀ ਨਾ ਹੋਵੇ,
ਜਜ਼ਬਿਆਂ ਦੀ ਉਡਾਰੀ ਭਰਨ
ਦੀ ਮਜਬੂਰੀ ਨਾ ਹੋਵੇ,
ਬੇਗਾਨਗੀਆਂ ਦੇ ਆਲਮ
’ਚ ਤੈਰਨ ਦੀ
ਸਮਰੱਥਾ ਹੋਵੇ,
ਦੁਸ਼ਮਣੀਆਂ ਲਈ ਵੀ ਬੁੱਕਲ਼ ’ਚ
ਥਾਂ ਹੋਵੇ ਤਾਂ ਮਨ ਦੇ ਅੰਬਰ ’ਚ
ਅੱਧੀ ਰਾਤ ਵੇਲੇ ਵੀ ਖਿੜੀ ਦੁਪਹਿਰ ਦਾ ਆਲਮ ਹੀ ਮਿਲੇਗਾ।
ਜਦ ਰਿਸ਼ਤਿਆਂ ਦੀਆਂ
ਗਹਿਰੀਆਂ ਤੰਦਾਂ ਦੀਆਂ ਉਲਝਣਾਂ ਸੁਲਝ ਰਹੀਆਂ ਹੋਣ,
ਨੀਂਦਰਾਂ ਦੌਰਾਨ ਆਏ
ਸੁਪਨਿਆਂ ’ਚ ਹਰ
ਰੋਜ਼ ਮਹਿਲ ਖੜ੍ਹੇ ਹੋ ਰਹੇ ਹੋਣ,
ਖਿਆਲਾਂ ’ਚ
ਸੁਹਜ ਤੇ ਕਲਾ ਭਰਪੂਰ ਅਕਾਰ ਦਿਸ ਰਹੇ ਹੋਣ,
ਚੇਤਿਆਂ ਦੀਆਂ ਗੁਫਾਵਾਂ
’ਚੋਂ ਸਮਾਧੀਆਂ
ਦੇ ਸਰੂਪ ਮੁਸਕਾਨਾਂ ਦਾ ਰੂਪ ਧਾਰਨ ਕਰੀ ਬੈਠੇ ਹੋਣ,
ਸੱਤੇ ਸੁਰਾਂ ਰਲ ਕੇ ਦਿਲ
ਦਾ ਗੀਤ ਗਾਉਣ ਲੱਗ ਪੈਣ ਅਤੇ ਬੰਦ ਅੱਖਾਂ ਨੂੰ ਵੀ ਤਾਰਿਆਂ ਦੀ ਆਉਂਦੀ ਬਰਾਤ ਦਿਸ
ਰਹੀ ਹੋਵੇ ਤਾਂ ਅੱਧੀ ਰਾਤ ਵੇਲੇ ਵੀ ਖਿੜ ਪੈਂਦੀ ਹੈ ਦੁਪਹਿਰ ਅਤੇ ਬਣ ਜਾਂਦੀ ਹੈ
ਜ਼ਿੰਦਗੀ ਦੀ ਬਰਾਤ।
ਜਦ ਸਹਿਜ ਤੇ ਸੁਹਜ ਦੀ
ਸੰਗਤ ਹੋਵੇ,
ਅੱਖਾਂ ਦੇ ਸ਼ਾਮਿਆਨਿਆਂ (ਪਲਕਾਂ) ਹੇਠ ਪੂਰੇ ਸੰਸਾਰ ਦਾ ਭਰਿਆ ਮੇਲਾ ਨਜ਼ਰ ਆਉਂਦਾ
ਹੋਵੇ ਅਤੇ ਬੋਲਾਂ ਦੀਆਂ ਤਰੰਗਾਂ ’ਚ
ਲਹਿਰਾਂ ਵਰਗੀਆਂ ਕਰਵਟਾਂ ਪੈਦਾ ਹੋ ਰਹੀਆਂ ਹੋਣ ਤਾਂ ਝਮੇਲਿਆਂ ’ਚ
ਫਸੀ ਅੱਧੀ ਰਾਤ ’ਚ
ਵੀ ਖਿੜ ਪੈਂਦੀ ਹੈ ਜਲਵਿਆਂ ਦੀ ਸਜੀ ਦੁਪਹਿਰ।
ਜਦ ਕਾਵਿਕ ਬੋਲ ਕਵਿਤਾ
ਬਣ ਕਾਗਜ਼ ਦੀ ਹਿੱਕ ’ਤੇ
ਉਤਰਨਾ ਚਾਹੁੰਦੇ ਹੋਣ,
ਮਨ ਤੋਂ ਮੱਥੇ ਤੱਕ
ਸੁਰਾਂ ਦੀ ਸਤਰੰਗੀ ਪੀਂਘ ਪੈ ਜਾਵੇ,
ਇਕਦਮ ਸਾਹਮਣੇ ਦਿਸ ਪਵੇ
ਉਹ ਹੁਸਨ-ਭਰੀ ਸੂਰਤ ਜਿਹੜੀ ਕਦੇ ਤਸੱਵਰ ’ਚ
ਵੀ ਨਾ ਆਈ ਹੋਵੇ,
ਉਹ ਰੰਗ ਚੌਪਾਸੀਂ
ਬਿਖਰਦੇ ਦਿਸਣ ਜਿਹੜੇ ਕਦੇ ਕਿਸੇ ਕੈਨਵਸ ’ਤੇ
ਵੀ ਨਾ ਦੇਖੇ ਹੋਣ ਅਤੇ ਜਦ ਚੰਨ ਧਰਤੀ ’ਤੇ
ਵੀ ਵੰਨ-ਸੁਵੰਨੀ ਕੁਦਰਤ ਨਾਲ ਗੱਲਾਂ ਕਰ ਰਿਹਾ ਹੋਵੇ ਉਦੋਂ ਅੱਧੀ ਰਾਤ ਨੂੰ ਵੀ
ਖਿੜਦੀ ਦੇਖੀ ਹੈ ਦੁਪਹਿਰ।
ਜਦੋਂ ਮਿੱਤਰਾਂ ਦੀ
ਮਹਿਫਲ ਹੋਵੇ,
ਪ੍ਰੇਮ ਰੱਤੀਆਂ ਗੱਲਾਂ ਹੋ ਰਹੀਆਂ ਹੋਣ,
ਰੰਗਲੇ ਪਾਣੀਆਂ ਦਾ ਜਾਦੂ
ਤਾਰੀ ਹੋਵੇ,
ਮਸਤੀ ਦੇ ਆਲਮ ਦੀ ਸਰਦਾਰੀ ਹੋਵੇ,
ਸਮੁੰਦਰ ਦੇ ਕਾਲੇ
ਪਾਣੀਆਂ ’ਤੇ
ਸੂਰਜ ਦੀਆਂ ਕਿਰਨਾਂ ਕਲੋਲ ਕਰ ਰਹੀਆਂ ਹੋਣ ਅਤੇ ਹਨੇਰੀ ਰਾਤ ’ਚ
ਮੋਮਬੱਤੀਆਂ ਦੀ ਜਗਮਗਾਹਟ ਹੋਵੇ ਤਾਂ ਅੱਧੀ ਰਾਤ ਦੀ ਬੁੱਕਲ਼ ’ਚ
ਵੀ ਮਾਣੀ ਜਾ ਸਕਦੀ ਹੈ ਖਿੜੀ ਦੁਪਹਿਰ।
ਅੱਧੀ ਰਾਤੀਂ ਖਿੜੀ
ਦੁਪਹਿਰ ਦੇ ਸਫੇ ’ਤੇ
ਮੌਲਿਕਤਾ ਦੀ ਇਬਾਰਤ ਉਹੋ ਹੀ ਪੜ੍ਹ ਤੇ ਮਾਣ ਸਕਦਾ ਹੈ ਜਿਹੜਾ ਗੀਤਾਂ ਦੀ ਗਹਿਰਾਈ
ਸਮਝਣ ਦਾ ਸ਼ੈਦਾਈ ਹੋਵੇ,
ਅਨੁਭਵ ਦੀਆਂ ਪਰਤਾਂ
’ਚ ਟੁੱਭੀਆਂ
ਲਾਉਣ ਦਾ ਜਾਣਕਾਰ ਹੋਵੇ ਅਤੇ ਗਜ਼ਲਾਂ ਦੇ ਸ਼ਿਅਰਾਂ ਵਿਚੋਂ ਦੇਖ ਸਕਦਾ ਹੋਵੇ ਖਿੜੀ
ਦੁਪਹਿਰ।