lyK/aflf-duaflf/jfxkfrI

(12) ਮੈਂ ਵਿਚੋਂ ਨਾ ਲੱਭੇ ਬੰਦਾ
– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-


ਮੈਂ ਦਾ ਕਿੱਸਾ ਛੇੜਨ ਲੱਗਿਆਂ ਬੜੀ ਹੀ ਸਾਵਧਾਨੀ ਤੋਂ ਕੰਮ ਲੈਣਾ ਪਵੇਗਾ। ਇਸ ਬਾਰੇ ਗੱਲ ਕਰਨੀ, ਜਿੰਨੀ ਸਮਝੀ ਜਾ ਰਹੀ ਹੈ ਓਨੀ ਸਹਿਜ ਤੇ ਸੌਖੀ ਨਹੀਂ। ਇਸ ਅੰਦਰ ਦਾਖਲ ਹੋਣ ਦਾ ਰਾਹ ਹੀ ਨਹੀਂ ਲੱਭਦਾ। ਸੌ ਬੰਦਸ਼ਾਂ ਸੌ ਅੜਿੱਕੇ। ਇਕ-ਅੱਧ ਝੀਤ ਜੇ ਲੱਭ ਪਵੇ ਤਾਂ ਵੀ ਹੱਥ ਕੁੱਝ ਨਹੀਂ ਲੱਗਦਾ। ਇਹੋ ਜਹੀ ਹਾਲਤ ਹੋ ਜਾਂਦੀ ਬੰਦਾ ਆਪਣੇ ਆਪ ਤੋਂ ਭੱਜਦਾ। ਵੱਡਾ ਖ਼ਜ਼ਾਨਾ ਹੈ ਮੈਂ, ਜਿਸ ’ਚੋਂ ਉਹ ਕੁੱਝ ਲੱਭਦਾ ਰਹਿੰਦਾ ਹੈ ਜੋ ਹੋਰ ਕਿਤਿਉਂ ਨਹੀਂ ਲੱਭਦਾ। ਮੈਂ ਦੀਆਂ ਗੱਲਾਂ ਕਰਨ ਵਾਲੇ ਸਾਧਾਰਨ ਤੋਂ ਉਲਟ ਹਾਲਤਾਂ ਤੋਂ ਪਿੱਛੇ ਨਹੀਂ ਹਟਦੇ। ਬਹੁਤੀ ਵਾਰ ਉਨ੍ਹਾਂ ਦੇ ਕੁੱਝ ਸਮਝ ਨਾ ਆਵੇ- ਪਤਾ ਨਾ ਲਗਦਾ ਕਿਹੜਾ ਰਸਤਾ ਕਿੱਧਰ ਜਾਵੇ। ਆਖੀ ਜਾਏ ਅਜਿਹਾ ਰਾਹੀ।

‘ਕਦੇ ਕਦੇ ਮੈਂ ਕੱਲਮ ਕੱਲਾ,
ਸਦੀਆਂ ਤੋਂ ਚੁੱਪ ਦਾ ਦੁੰਮ ਛੱਲਾ।
ਲੱਭਾਂ ਬੋਲ ਤੇ ਸ਼ਬਦ ਉਡੀਕਾਂ,
ਪਰ ਰੇਤੇ ’ਤੇ ਵਾਹੁੰਦਾ ਲੀਕਾਂ।’

ਬਹੁਤੇ ਲੋਕ ਮੈਂ ਵਲ ਵਧਦੇ ਹੀ ਨਹੀਂ। ਮੈਂ ਦੇ ਬੂਹਿਆਂ ਨੂੰ ਲੱਗੇ ਜੰਗਾਲੇ ਜੰਦਰੇ ਨੂੰ ਖੋਲ੍ਹਣ ਲਈ ਤਿਆਰ ਹੀ ਨਹੀਂ ਹੁੰਦੇ। ਇਹ ਉਨ੍ਹਾਂ ਲਈ ਵਾਧੂ ਝੰਜਟ ਜਿਸ ਵਿਚ ਪੈ ਉਹ ਸਮਾਂ ਗੁਆਉਣਾ ਹੀ ਨਹੀਂ ਚਾਹੁੰਦੇ। ਉਨ੍ਹਾਂ ਲਈ ਸਰਦੀ ’ਚ ਗਰਮ ਮੌਸਮ ਤੇ ਗਰਮੀਆਂ ’ਚ ਠਰੀ ਜਾਂਦਾ ਤੇ ਬਾਹਰੋ ਬਾਹਰ ਸਰੀ ਜਾਂਦਾ।

ਜਿਹੜੇ ਮੈਂ ਅੰਦਰ ਦਾਖਲ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਕੋਲ ਵੀ ਮੌਲਿਕ ਕਹਿਣ ਲਈ ਕੁੱਝ ਨਹੀਂ ਹੁੰਦਾ। ਉਹ ਅੰਦਰ ਵਿਚ ਰਚਦੇ ਨਹੀਂ ਜਾਂ ਅੰਦਰਲੀ ਮੈਂ ਨੂੰ ਜ਼ਰਾ ਵੀ ਸਮਝਦੇ ਨਹੀਂ। ਬੋਲਣ ਤਾਂ ਵੀ ਦੂਜਿਆਂ ਵਰਗਾ ਬੋਲਣ, ਵੱਖਰਾ ਕੁੱਝ ਨਹੀਂ ਹੁੰਦਾ। ਹਉਮੈਂ ਉਵੇਂ ਈ ਫੁੰਕਾਰੇ ਮਾਰੇ।

ਜਿਹੜਾ ਮੈਂ ਮੈਂ ਕਰਦਾ ਰਹਿੰਦਾ ਉਹ ਮੈਂ ਦੀ ਮਹਿਮਾਂ ਦੇ ਉੱਚੇ ਟਿੱਲੇ ਚੜ੍ਹਿਆ ਰਹਿੰਦਾ। ਉਸ ਨੂੰ ਮੈਂ ਦੀ ਸਮਝ ਨਾ ਆਉਂਦੀ। ਉਸ ਨੂੰ ਮੈਂ ਦੀ ਰਮਜ਼ ਨਾ ਆਉਂਦੀ। ਇਸ ਲਈ ਉਸ ਚੋਂ ਉਹ ਨਾ ਲੱਭਦਾ। ਉਹ ਭਲਾ ਬੰਦਾ ਸੀ ਰੱਬ ਦਾ।

ਵਕਤਾਂ ਦੇ ਮੋਢਿਆਂ ’ਤੇ ਚੜ੍ਹਕੇ ਦੂਜਿਆਂ ਨੂੰ ਕੀੜੇ-ਮਕੌੜੇ ਸਮਝਣ ਵਾਲਾ ਆਪਣੇ ਸੋਨ-ਸੁਨਹਿਰੇ ਪਲਾਂ ਨੂੰ ਆਪੇ ਹੀ ਗੁਆ ਮਾਰਦਾ। ਆਪਣੇ ਅੰਦਰਲੇ ਚਾਨਣ ਨੂੰ ਨਾ ਦੇਖਦਿਆਂ, ਨਾ ਪਹਿਚਾਣਦਿਆਂ ਹਨੇਰਿਆਂ ’ਚ ਗੁਆਚਿਆ ਫਿਰਦਾ ਅਤੇ ਸਮੇਂ ਦੇ ਮੱਥੇ ’ਤੇ ਟਿੱਕਾ ਬਣਨ ਵਾਲਾ ਧੱਬੇ ਦਾ ਧੱਬਾ ਹੋ ਕੇ ਰਹਿ ਜਾਂਦਾ :-

ਹੰਕਾਰ ਵਿਚ ਰੁਲਿਆ ਫਿਰਦਾ
ਹਉਮੇ ਵਿਚ ਪਿਆ ਲੱਭੇ ਬੰਦਾ
ਆਪਣੇ ਮਾਣਕ-ਮੋਤੀਆਂ ਹੇਠਾਂ
ਆਪਣਾ ਆਪਾ ਦੱਬੇ ਬੰਦਾ
ਹੈਗਾ ਆ ਜੋ ਚਾਨਣ ਚਾਨਣ
ਹੋ ਗਿਆ ਧੱਬੇ ਧੱਬੇ ਬੰਦਾ
ਮੱਥੇ ਵਿਚ ਖੜ੍ਹ ਜ਼ੋਰ ਲਗਾਉ
ਮੈਂ ਵਿਚੋਂ ਨਾ ਲੱਭੇ ਬੰਦਾ

ਕਈ ਇਕ ਦੀ ਮੈਂ ਤਾਂ ਏਨੀ ਦੌੜੀ ਫਿਰਦੀ ਹੈ ਕਿ ਭਟਕਣ ਤੋਂ ਸਿਵਾ ਕੁੱਝ ਪੱਲੇ ਨਹੀਂ। ਬੇਚੈਨੀ ਦੇ ਆਲਮ ’ਚ ਕਿਧਰੇ ਟਿਕਾਅ ਨਹੀਂ। ਘੁੰਮਣਘੇਰੀਆਂ ਪਿੱਛਾ ਨਹੀਂ ਛੱਡਦੀਆਂ ਅਤੇ ਮੰਜਿ਼ਲ ਕੋਈ ਮਿਲਦੀ ਨਹੀਂ। ਇਸੇ ਰਾਮ-ਰੌਲ਼ੇ ’ਚ ਜ਼ਿੰਦਗੀ ਦਾ ਅਹਿਮ ਸਫਰ ਆਖਰੀ ਪੜਾਵਾਂ ਤੱਕ ਤਾਂ ਪਹੁੰਚ ਜਾਂਦਾ ਹੈ ਪਰ ਹਾਸਲ ਕੁੱਝ ਵੀ ਨਹੀਂ ਹੁੰਦਾ।

ਜਿਹੜੀ ਮੈਂ ਦਿਖਾਵਿਆਂ ਤੇ ਅਡੰਬਰਾਂ ’ਚ ਗੁਆਚੀ ਫਿਰੇ ਉਹ ਅਸਲੀਅਤ ਦੇ ਨੇੜੇ ਨਹੀਂ ਰਹਿੰਦੀ। ਧਰਤੀ ’ਤੇ ਪੈਰ ਨਾ ਹੋਣ ਕਾਰਨ ਹਵਾ ’ਚ ਲਟਕੀ ਮੈਂ ਦੇ ਸਿਰ ’ਤੇ ਸੱਚ ਦੀ ਛਾਂ ਨਹੀਂ ਹੁੰਦੀ। ਏਧਰ ਉੱਧਰ ਫੋਕੀਆਂ ਕਲਪਨਾਵਾਂ ’ਚ ਭੁਆਂਟਣੀਆਂ ਖਾਂਦੀ ਮੈਂ ਕਿਸੇ ਸਿਰੇ ਦਾ ਖੁਰਾ-ਖੋਜ ਲੱਭਣ ਵਿਚ ਸਫਲ ਨਹੀਂ ਹੁੰਦੀ।

ਆਪਣੀ ਹੀ ਮੈਂ ’ਚੋਂ ਆਪੇ ਨੂੰ ਲੱਭਣਾਂ ਇਸ ਕਰਕੇ ਆਸਾਨ ਨਹੀਂ ਹੁੰਦਾ ਕਿਉਂਕਿ ਮੈਂ ਕਿਸੇ ਥਾਂ ਹੋਰ ਰੂਪ ’ਚ ਹੁੰਦੀ ਹੈ ਕਿਸੇ ਥਾਂ ਹੋਰ। ਧਰਮ ਸਥਾਨ ’ਤੇ ਜਾ ਕੇ ਸਾਊ ਤੇ ਸਾਫ ਮਨ ਪਰ ਘਰ ਤੇ ਸਮਾਜ ’ਚ ਵਾਪਸ ਆ ਕੇ ਮੁੜ ਪਹਿਲਾਂ ਵਾਲਾ ਮੈਲ਼ਾ ਮਨ, ਕੁਚੈਲ਼ਾ ਤਨ। ਇੰਜ ਆਪੇ ’ਚੋਂ ਮੈਂ ਨਹੀਂ ਲੱਭਦੀ ਨਾ ਮੈਂ ’ਚੋਂ ਲੱਭੇ ਬੰਦਾ।

ਬਹੁਤੀ ਵਾਰ ਮੈਂ ਉਹ ਤੁਰ੍ਹਲਾ ਲਾਉਂਦੀ ਹੈ, ਉਹ ਕਲਗੀ ਪਹਿਨਦੀ ਹੈ, ਉਹ ਕੁੱਲਾ ਰੱਖਦੀ ਹੈ ਜਿਨ੍ਹਾਂ ਦੇ ਉਹ ਹਾਣ ਦੀ ਨਹੀਂ ਹੁੰਦੀ। ਅਜਿਹੀ ਗੁਬਾਰੇ ਵਰਗੀ ਫੁੱਲੀ ਮੈਂ ’ਚੋਂ ਬੰਦਾ ਕਿਵੇਂ ਲੱਭ ਸਕਦੈ? ਅਜਿਹੀ ਦਸ਼ਾ ’ਚ ਜਿੰਨਾ ਮਰਜ਼ੀ ਜ਼ੋਰ ਲਗਾਉ ਮੈਂ ਵਿਚੋਂ ਨਾ ਲੱਭੇ ਬੰਦਾ।

ਅੱਜ ਕਲ ਮੈਂ ਮੈਂ ਦਾ ਸ਼ੋਰ ਕਿਤੇ ਵੱਧ ਸੁਣਾਈ ਦੇ ਰਿਹਾ। ਕਿਸੇ ਨੂੰ ਛੇੜ ਬੈਠੋ ਕਿ ਅੱਗਿਉਂ ਅਜਿਹਾ ਬੂਹਾ ਖੁੱਲ੍ਹੇਗਾ ਕਿ ਅਹੁਦਿਆਂ, ਪੱਦਵੀਆਂ ਤੇ ਪ੍ਰਾਪਤੀਆਂ ਦੇ ਅਜਿਹੇ ਦੁਧੀਆਂ ਲਾਟੂ ਜਗਣਗੇ ਕਿ ਸੁਣਨ ਵਾਲਾ ਚੁੰਧਿਆ ਕੇ ਹੀ ਰਹਿ ਜਾਵੇਗਾ।

ਹਉਮੇ ’ਚ ਸੜ ਰਹੇ ਬੰਦੇ ਕੋਲ ਕੁੱਝ ਨਹੀਂ ਹੁੰਦਾ, ਬਹੁਤੀ ਵਾਰ ਤਾਂ ਉਸ ਅੰਦਰ ਬੰਦਾ ਵੀ ਨਹੀਂ ਹੁੰਦਾ। ਆਪਣੀਆਂ ਆਪੇ ਹੀ ਕੀਤੀਆਂ ਜਾ ਰਹੀਆਂ ਸਿਫਤਾਂ ਦੇ ਜੰਗਲ ’ਚ ਹੀ ਗੁੰਮ ਗੁਆਚ ਗਿਆ ਹੁੰਦਾ। ਅਜਿਹੀ ਮੈਂ ’ਚੋਂ ਕੀ ਲੱਭੇਗਾ-ਮੈਂ ਵਿਚੋਂ ਨਾ ਲੱਭੇ ਬੰਦਾ।

ਆਪਣੇ ਆਪ ’ਚ ਏਨਾ ਗੁਆਚਿਆ ਫਿਰਦਾ ਹੈ ਮਨੁੱਖ ਕਿ ਇਛਾਵਾਂ ਦਾ ਜੰਗਲ ਹੋਰ ਪਾਸੇ ਭੱਜਿਆਂ ਫਿਰਦਾ ਹੈ ਤੇ ਜਜ਼ਬਿਆਂ ਦਾ ਹੋਰ ਪਾਸੇ, ਬਿਰਤੀ ਦੀ ਸਮਾਧੀ ਹੋਰ ਪਾਸੇ, ਸੁਰਤੀ ਦਾ ਟਿਕਾਅ ਹੋਰ ਪਾਸੇ, ਵਿਚਾਰ ਫਿਰਨ ਨਿੱਗਰਤਾ ਤੇ ਉਸਾਰੂ ਦਿਸ਼ਾ ਵਲ ਤੇ ਸੋਚ ਨਿਘਾਰ ਵਲ। ਅਜਿਹੇ ਹਾਲਤ ’ਚ ਕੋਈ ਦਿਸ਼ਾ ਨਹੀਂ ਲੱਭਦੀ। ਜਦ ਮੈਂ ’ਚ ਮਨੁੱਖ ਹੀ ਹਾਜ਼ਰ ਨਹੀਂ ਤਾਂ ਬੰਦਾ ਕਿੱਥੋਂ ਲੱਭੇ ਤੇ ਦਿਸ਼ਾ ਕਿੱਥੋਂ ਲੱਭੇ? ਗੁਆਚੀ ਮੈਂ ’ਚੋਂ ਮਿਲੇ ਨਾ ਬੰਦਾ। ਉੱਖੜੀ ਮੈਂ ਚੋਂ ਲੱਭੇ ਨਾ ਬੰਦਾ।

*******

(6 ਜੁਲਾਈ 2007) ਚਾਤ੍ਰਿਕ ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari


© likhari: Punjabi Likhari Forum-2001-2007