lyK/aflf-duaflf/jfxkfrI

(15) ਧੂਣੀ ਦਾ ਵਿਸਫੋਟ
– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-


ਧੁਖਣ ਦਾ ਨਾਂ ਹੈ ਧੂਣੀ ਤੇ ਧੁਖਦੇ ਪਲਾਂ ਦਾ ਵੀ। ਗਿੱਲੇ ਜਾਂ ਹਰਿਆਲੇ ਮਸੌਦੇ ਹੇਠ ਪਈ ਅੱਗ ਦੀ ਚੰਗਿਆੜੀ ਅਜਿਹੀ ਧੁਖਣ ਪੈਦਾ ਕਰਦੀ ਹੈ ਜਿਸ ਦਾ ਅੰਤ ਛੇਤੀ ਨਹੀਂ ਹੁੰਦਾ। ਚੰਗਿਆੜੀ ਦੇ ਮਘੇ ਰਹਿਣ ਤੱਕ ਧੁਖਧੁਖੀ ਬੰਦ ਨਹੀਂ ਹੁੰਦੀ। ਇਹ ਅਜਿਹੀ ਕਿਰਿਆ ਹੈ ਜਿਸ ਦੇ ਅੰਦਰਲੀ ਪ੍ਰਕਿਰਿਆ ਦਾ ਤਾਂ ਪਤਾ ਨਹੀਂ ਲੱਗਦਾ ਪਰ ਲਾਟ ਵਰਗੇ ਧੂਏਂ ਤੋਂ ਪਤਾ ਲਗ ਜਾਂਦਾ ਹੈ ਧੂਣੀ ਦਾ ਸਿਰਨਾਵਾਂ।

ਦੇਸ਼ਾਂ ਵਿਚਕਾਰ ਵਿਗੜੇ ਸਬੰਧਾਂ ਕਾਰਨ ਧੁਖਦੀ ਧੂਣੀ ਬਾਰੇ ਕੌਣ ਨਹੀਂ ਜਾਣਦਾ। ਜਿੰਨਾ ਚਿਰ ਇਹ ਧੁਖਦੀ ਰਹੇ ਖ਼ਲਕਤ ਨੂੰ ਕੁੱਝ ਪਤਾ ਨਹੀਂ ਲਗਦਾ। ਇਸ ਧੁਖਣ ਨਾਲ ਲੀਰੋ-ਲੀਰ ਹੋ ਜਾਂਦਾ ਹੈ ਮੁਲਕਾਂ-ਮੁਲਕਾਂ ਵਿਚਕਾਰਲਾ ਸਾਰਾ ਤਾਣਾ-ਬਾਣਾ। ਚੰਗੇ ਭਲੇ ਸੁਆਰੇ ਚਿਹਰੇ ਪਲਾਂ ਵਿਚ ਹੀ ਧੁਆਂਖੇ ਜਾਣ ਤੋਂ ਨਹੀਂ ਬਚਦੇ। ਅਜਿਹੀ ਮਾਰ ਵਗਣ ਨਾਲ ਬਿਖਰ ਜਾਂਦੀ ਹੈ ਗਹਿਰੇ ਰਿਸ਼ਤਿਆਂ ਦੀ ਤਾਣੀ-ਬਾਣੀ।

ਵੱਖ ਵੱਖ ਤਰ੍ਹਾਂ ਦੇ ਵਿਸ਼ਵਾਸਾਂ ਕਾਰਨ ਧਰਮਾਂ ਦੀ ਆਪਸ ਵਿਚ ਕਦੇ ਨਹੀਂ ਬਣਦੀ। ਹਾਲਾਂ ਕਿ ਇਹ ਸਾਰੇ ਸੱਚ, ਹੱਕ, ਇਮਾਨ, ਮਾਨਵਤਾ ਤੇ ਅਮਨ ਦੀ ਗੱਲ ਕਰਦੇ ਹਨ ਪਰ ਇਨ੍ਹਾਂ ਦੇ ਰਹਿਬਰਾਂ ਦੇ ਰਾਹਾਂ ਵਿਚ ਮੱਤਭੇਦਾਂ ਦੀ ਹੋਂਦ ਬਣੀ ਰਹਿੰਦੀ ਹੈ ਜਿਹੜੀ ਦੁਨੀਆਂ ਭਰ ਦੇ ਧਰਮੀਆਂ ਨੂੰ ਇਕ ਨਹੀਂ ਹੋਣ ਦਿੰਦੀ। ਇਹ ਵੀ ਕਿ ਹਰ ਇਕ ਦੇ ਆਪੋ ਆਪਣੇ ਜ਼ਾਬਤੇ/ਨਿਸ਼ਾਨੇ ਹਨ ਤੇ ਆਪੋ ਆਪਣੇ ਰੱਬ ਜਿਹੜੇ ਧੁਖਣ ਨੂੰ ਠੱਲ੍ਹ ਨਹੀਂ ਪੈਣ ਦਿੰਦੇ।

ਫਿਰਕਿਆਂ ਤੇ ਵਰਗਾਂ ’ਚ ਛੋਟੇ ਛੋਟੇ ਫਰਕ ਤੇ ਵਿਤਕਰੇ ਸਮਾਜ ਦੇ ਸਾਵੇਂਪਨ ਨੂੰ ਕਾਇਮ ਨਹੀਂ ਹੋਣ ਦਿੰਦੇ। ਕੋਈ ਫਿਰਕਾ ਆਪਣੇ ਆਪ ਨੂੰ ਉੱਤਮ, ਉੱਚਾ ਤੇ ਨਿਰਾ ਸਵਰਨ ਸਮਝਦਾ ਹੈ ਜਦ ਕਿ ਦੂਜਾ ਉਸਦੀ ਇਸ ਫੋਕੀ ਸੋਚ ਨੂੰ ਉੱਕਾ ਹੀ ਸਵੀਕਾਰ ਨਹੀਂ ਕਰਦਾ। ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਧੁਖਧੁਖੀ ਜਿਹੜੀ ਸਦੀਆਂ ਤੱਕ ਸੀਨਾ-ਬਸੀਨਾ ਸਫ਼ਰ ਕਰਦੀ ਹੋਈ ਰੁਕਣ ਤੇ ਮਿਟਣ ਤੱਕ ਦਾ ਨਾਂ ਨਹੀਂ ਲੈਂਦੀ। ਇਹ ਅਜਿਹੀ ਧੂਣੀ ਬਣਦੀ ਰਹਿੰਦੀ ਹੈ ਜਿਸ ਨੂੰ ਕਦੇ ਵੀ ਜਰਬ ਤਾਂ ਆ ਸਕਦੀ ਹੈ ਪਰ ਉਸ ਵਿਚੋਂ ਮਨਫੀ ਕੁੱਝ ਵੀ ਨਹੀਂ ਹੁੰਦਾ।

ਵਿੱਦਿਆ ਦੇ ਖੇਤਰ ਦਾ ਕੰਮ ਹੀ ਰੌਸ਼ਨੀ ਫੈਲਾਉਣਾ ਤੇ ਚਾਨਣ ਕਰਨਾ ਹੁੰਦਾ ਹੈ ਪਰ ਜੇ ਇਸ ਵਿਚ ਵੀ ਈਰਖਾ, ਪੱਖਪਾਤ ਤੇ ਫਿਰਕੂਪੁਣੇ ਦੀ ਧੂਣੀ ਮਘ ਪਵੇ ਤਾਂ ਉਸਦਾ ਕੋਈ ਇਲਾਜ ਨਹੀਂ। ਸਗੋਂ ਹਨੇਰੇ ਦੀ ਇਜਾਰੇਦਾਰੀ ਬਣੀ ਰਹੇਗੀ ਤੇ ਲੋਕ ਸਦੀਆਂ ਸਦੀਆਂ ਤੱਕ ਹਨੇਰੇ ਦੇ ਅੰਨ੍ਹੇ ਵਹਿਣ ਵਿਚ ਐਵੇਂ ਹੀ ਰੁੜੇ ਰਹਿਣਗੇ। ਨਤੀਜਾ ਕੇਵਲ ਅੰਤਹੀਣ ਹਨੇਰੇ ਦੀ ਧੁਖਣ ਹੀ ਹੋਵੇਗਾ।

ਸਭ ਤੋਂ ਵੱਧ ਖ਼ਤਰਨਾਕ ਹੈ ਮਨ ਵਿਚਲੀ ਫਿਰਕੂ, ਅਸਾਵੀਂ ਤੇ ਮਾਰੂ ਧੂਣੀ ਜਿਹੜੀ ਗੁਪਤ ਹੋਣ ਕਾਰਨ ਆਪਣਾ ਜ਼ਰਾ ਮਾਤਰ ਪਤਾ ਨਹੀਂ ਲੱਗਣ ਦਿੰਦੀ। ਇਸ ਧੂਣੀ ਵਿਚ ਅਗਿਆਨ, ਹਨੇਰਾ, ਪੱਖਪਾਤ ਤੇ ਅਮਾਨਵਤਾ ਦਾ ਮਸੌਦਾ ਜਿੰਨਾ ਚਿਰ ਮਘਦਾ ਰਹੇਗਾ ਉੱਨਾ ਚਿਰ ਸਮੇਂ ਦੇ ਸਿਰ ’ਤੇ ਭਿਆਨਕ ਖਤਰਾ ਮੰਡਰਾਂਦਾ ਰਹੇਗਾ। ਜਦ ਖ਼ਤਰੇ ਦੀ ਹੱਦ ਟੱਪ ਜਾਏ ਤਾਂ ਧੂਣੀ ਦਾ ਵਿਸਫੋਟ ਹੋਣਾ ਅਰੁੱਕ ਹੁੰਦਾ ਹੈ ਜਿਸ ਨਾਲ ਹੋਣ ਵਾਲੀ ਤਬਾਹੀ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ। ਵਿਸਫੋਟ ਹੋਣ ਦਾ ਮਾਰੂ ਅਸਰ ਇਹ ਹੁੰਦਾ ਹੈ ਕਿ ਸਦੀਆਂ ਦੇ ਵਿਸ਼ਵਾਸਾਂ ਦਾ ਤਲਿਸਮ ਉਡ ਕੇ ਰਹਿ ਜਾਂਦਾ, ਭਾਵਨਾਵਾਂ ਦਾ ਸ਼ੀਸ਼ਾ ਕਿਰਚਾਂ ਕਿਰਚਾਂ ਹੋ ਜਾਂਦਾ ਹੈ ਅਤੇ ਸੁਪਨੇ ਇਕਦਮ ਚਕਨਾਚੂਰ।

ਰਿਸ਼ਤਿਆਂ ਵਿਚ ਧੁਖ ਰਿਹਾ ਸਾੜਾ ਕਿਸੇ ਪਾਸੇ ਦਾ ਨਹੀਂ ਰਹਿਣ ਦਿੰਦਾ। ਸਾੜੇ ਦੀ ਧੁਖਣ ਲਹੂ ਵਿਚ ਅਜਿਹੀ ਘੁਲਦੀ ਹੈ ਕਿ ਲਹੂ ਗਰਮ ਤੇ ਤਲਖ਼ ਹੋਏ ਬਿਨਾ ਨਹੀਂ ਰਹਿੰਦਾ। ਅਜਿਹੀ ਧੂਣੀ ਦਾ ਵਿਸਫੋਟ ਕਿਸ ਹੱਦ ਤੱਕ ਖ਼ਤਰਨਾਕ ਹੋ ਸਕਦਾ ਹੈ ਇਸ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ।

ਆਪਣੇ ਅੰਦਰ ਭਰਮ ਪਾਲ ਕੇ ਪਰਾ-ਸ਼ਕਤੀਆਂ ਹੋਣ ਦਾ ਦਾਅਵਾ ਕਰਦਿਆਂ ਆਪਣੇ ਸਿਰ ’ਤੇ ਹਉਂਮੇ ਦਾ ਛਤਰ ਤਾਣਨ ਦੇ ਨਾਟਕ ਕਰਨ ਨਾਲ ਕੁੱਝ ਨਹੀਂ ਬਣਦਾ। ਇਸ ਕਿਸਮ ਦਾ ਨਿਕਸੁਕ ਮਨੁੱਖ ਦੀ ਸੂਝ ਤੇ ਸਿਆਣਪ ਨੂੰ ਉਦੋਂ ਤੱਕ ਕਾਬੂ ਕਰੀ ਰੱਖਦਾ ਹੈ ਜਦੋਂ ਤੱਕ ਧੂਣੀ ਧੁਖਣ ਤੋਂ ਨਹੀਂ ਰੁਕਦੀ।

ਸੋਚਾਂ ਤੇ ਵਿਚਾਰਾਂ ਦੀ ਧੂਣੀ ਜੇ ਸਹੀ ਦਿਸ਼ਾ ਵਲ ਤੁਰੇ ਤਾਂ ਇਸ ਵਿਚੋਂ ਉਹ ਨਤੀਜੇ ਵੀ ਪ੍ਰਕਾਸ਼ਮਾਨ ਹੋ ਸਕਦੇ ਹਨ ਜਿਹੜੇ ਕਿਸੇ ਦੇ ਚਿੱਤ ਚੇਤਿਆਂ ਵਿਚ ਵੀ ਨਹੀਂ ਹੁੰਦੇ। ਅਜਿਹੀ ਧੂਣੀ ਦਾ ਵਿਸਫੋਟ ਸਮਾਜ ਦੇ ਰਾਹ ਵੀ ਰੁਸ਼ਨਾ ਦਿੰਦਾ ਹੈ ਅਤੇ ਮਾਨਵਤਾ ਦੇ ਘੋਰ-ਹਨੇਰੇ ਵਿਚ ਘਿਰੇ ਮਨ-ਮਸਤਕ ਵੀ।

*******

(13 ਅਕਤੂਬਰ 2007) ਚਾਤ੍ਰਿਕ ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari


© likhari: Punjabi Likhari Forum-2001-2007