ਉੱਚੀਆਂ ਥਾਂਵਾਂ ਐਵੇਂ
ਕਿਵੇਂ ਨਹੀਂ ਬਣਦੀਆਂ।
ਕਿੰਨੇ ਹੱਥ,
ਕਿੰਨੇ ਜਿ਼ਹਨ, ਕਿੰਨੀ ਮਿਹਨਤ ਅਤੇ
ਕਿੰਨੀਆਂ ਕਲਮਾਂ ਆਪੋ ਆਪਣੀ ਭੁਮਿਕਾ ਨਿਭਾਂਦੀਆਂ ਅਤੇ ਨੀਹਾਂ ਨੂੰ ਉੱਪਰ ਤੱਕ ਲੈ
ਜਾਂਦੀਆਂ।
ਨੀਹਾਂ ਬਿਨਾਂ
ਸਿਖਰਾਂ ਨਹੀਂ ਉਸਰਦੀਆਂ ਪਰ ਸਿਖਰਾਂ ਨੂੰ ਨੀਹਾਂ ਕਦੇ ਨਹੀਂ ਵਿਸਰਦੀਆਂ।
ਅਨੇਕਾਂ ਲੋਕਾਂ
ਦੇ ਮਿਲਵੇਂ ਤੇ ਸਰਗਰਮ ਯਤਨ ਅਜਿਹੇ ਫਾਸਲੇ ਤੈਅ ਕਰਦੇ ਹਨ ਜਿਹੜੇ ਕੱਲੇ-ਦੁਕੱਲਿਆਂ
ਨਹੀਂ ਕੀਤੇ ਜਾ ਸਕਦੇ।
ਯਤਨਾਂ ਦੇ
ਸਿੱਟੇ ਉਦੋਂ ਨਜ਼ਰ ਆਉਂਦੇ ਹਨ ਜਦੋਂ ਕਾਇਮ ਹੋਏ ਮਿਆਰ ਤੇ ਮਿਨਾਰ ਛੁਪੇ ਨਹੀਂ
ਰਹਿੰਦੇ ਸਗੋਂ ਪਰਗਟ ਹੋ ਕੇ ਮਹਿਮਾਂ ਖੱਟਣ।
ਕਿੰਨੀ ਸਾਧਨਾ ਤੇ
ਤਪੱਸਿਆ ਨਾਲ ਅਜਿਹੀਆਂ ਉੱਚੀਆਂ ਥਾਵਾਂ ਕਾਇਮ ਹੁੰਦੀਆਂ ਹਨ,
ਇਸ ਦਾ ਪਤਾ ਉਨ੍ਹਾਂ ਨੂੰ ਹੁੰਦਾ ਹੈ ਜਿਹੜੇ ਸਾਧਕ ਹੋਣ ਜਾਂ ਫੇਰ
ਘੋਰ ਤਪੱਸਿਆ ਦੇ ਅਣਥੱਕ ਤੇ ਸੁਹਿਰਦ ਭਾਗੀ।
ਜਾਂ ਫੇਰ ਇਸ
ਬਾਰੇ ਉਨ੍ਹਾਂ ਤੋਂ ਪੁਛਿਆ ਜਾ ਸਕਦਾ ਹੈ ਜਿਨ੍ਹਾਂ ਇਸ ਸਾਧਨਾ ਦੀ ਪ੍ਰਕ੍ਰਿਆ ਨੂੰ
ਨੇੜਿਉਂ ਦੇਖਿਆ ਪਰਖਿਆ ਹੋਵੇ
।
ਉੱਚ ਬੁੱਧੀ ਦੇ ਸਾਧਨਾਂ
ਬਿਨਾਂ ਉੱਚੀਆਂ ਥਾਵਾਂ ਕਾਇਮ ਹੀ ਨਹੀਂ ਹੋ ਸਕਦੀਆਂ।
ਉਹ ਹੀ ਆਪਣੇ
ਮੌਲਿਕ ਖਿਆਲਾਂ ਦੀਆਂ ਉਡਾਰੀਆਂ ਲਾਉਂਦੇ ਤੇ ਉੱਚ-ਥਾਵਾਂ ਬਣਾਉਂਦੇ।
ਅਜਿਹੀਆਂ ਉੱਚ-ਥਾਵਾਂ ਤੇ
ਉੱਚੀ ਬੁੱਧ-ਵਿਵੇਕ ਵਾਲੇ ਸੱਜਣ ਹੀ ਕਾਰਗਰ ਸਾਬਤ ਹੋ ਸਕਦੇ ਹਨ ਜਿਨ੍ਹਾਂ ਕੋਲ ਤਾਜ਼ੇ
ਖਿਆਲ ਹੁੰਦੇ ਹਨ,
ਮਘਦੀਆਂ ਚਿਣਗਾਂ ਤੇ ਉੱਚੀਆਂ ਉਡਾਰੀਆਂ।
ਉਹ ਹੀ ਖੋਲ੍ਹ
ਸਕਦੇ ਹਨ ਜੁਗਨੂਆਂ ਵਾਲੀ ਦੁਨੀਆਂ ਦੇ ਬੂਹੇ ਅਤੇ ਤਾਜ਼ੀਆਂ ਹਵਾਵਾਂ ਦੇ ਵਿਸ਼ਾਲ
ਦੁਆਰ।
ਉਹ ਜਾਬਤੇ ਅਤੇ ਮਰਿਯਾਦਾ
ਵਿਚ ਰਹਿ ਕੇ ਅਜਿਹੇ ਹਾਸਲਾਂ ਦੀ ਕਮਾਈ ਕਰਨ ਵਲ ਰੁਚਿਤ ਰਹਿੰਦੇ ਹਨ ਜਿਹੜੇ ਮਿਆਰਾਂ
ਦੀ ਨੁੱਕਰ ਤੱਕ ਨੂੰ ਭੁਰਨ ਨਹੀਂ ਦਿੰਦੇ।
ਇਸ ਦੇ ਉਲਟ ਜਦ ਲਘੂ
ਮਨੁੱਖ ਗਲਤ ਮਲਤ ਵੈਸਾਖੀਆਂ ਨਾਲ ਉੱਚ ਥਾਵਾਂ
’ਤੇ ਪਹੁੰਚ
ਜਾਂਦੇ ਹਨ ਉਹ ਆਪਣੇ ਬਾਰੇ ਗਲਤ ਫਹਿਮੀ ਦਾ ਸਿ਼ਕਾਰ ਹੋਏ ਬਿਨਾਂ ਨਹੀਂ ਰਹਿੰਦੇ।
ਉਹ ਆਪਣੇ ਲਘੂਪਨ
’ਚ
ਸੁਧਾਰ ਦੀ ਬਜਾਏ ਉਨ੍ਹਾਂ ਓਭੜ ਖਾਬੜ ਰਾਹਾਂ ਉੱਤੇ ਪੈ ਜਾਂਦੇ ਹਨ ਜਿਨ੍ਹਾਂ ਉੱਤੇ
ਉਨ੍ਹਾਂ ਤੋਂ ਤੁਰ ਹੀ ਨਹੀਂ ਹੁੰਦਾ।
ਉਨ੍ਹਾਂ ਅੰਦਰ
ਹਉਮੈ ਦੀ ਹਵਾ ਵਗਣ ਲੱਗ ਪੈਂਦੀ ਹੈ ਅਤੇ ਆਲੇ-ਦੁਆਲੇ ਓਪਰੀ ਹਵਾ।
ਅਜਿਹਾ ਕੁੱਝ
ਵਾਪਰਦਾ ਹੋਣ ਕਾਰਨ ਉਹ ਆਪਣੇ ਲਘੂਪਨ/ਬੌਨੇਪਣ ਨੂੰ ਹੋਰ ਵੀ ਨਿਘਾਰ ਤੋਂ ਨਹੀਂ ਬਚਾ
ਪਾਉਂਦੇ।
ਉਹ ਅਗਿਆਨ ਦੀ
ਉਸ ਡੂੰਘਾਈ ਵਿਚ ਜਾ ਡਿਗਦੇ ਹਨ ਜਿਥੋਂ ਉਹ ਖੁਦ ਤਾਂ ਬਾਹਰ ਨਿਕਲਣ ਦੇ ਸਮਰੱਥ ਨਹੀਂ
ਰਹਿੰਦੇ ਅਤੇ ਹੋਰ ਕੋਈ ਉਸ ਦੀ ਮੱਦਦ ਲਈ ਨਹੀਂ ਬਹੁੜਦਾ।
ਅੱਜ ਦਾ ਸਮਾਂ ਹੀ ਬਾਵਰਾ
ਹੋ ਕੇ ਰਹਿ ਗਿਆ ਜਿਸ ਵਿਚ ਚੋਰ ਦਰਵਾਜ਼ਾ ਬੜਾ ਹੀ ਕੰਮ ਕਰ ਰਿਹਾ।
ਅਜਿਹਾ ਦਰਵਾਜਾ
ਜਿਸ ਰਾਹੀਂ ਲੰਘ ਕੇ ਆਇਆ ਉੱਚੀ ਥਾਂ
’ਤੇ ਬਹਿ ਕੇ
ਦੂਜਿਆਂ ਨੂੰ ਟਿੱਚ ਜਾਨਣ ਤੋਂ ਜ਼ਰਾ ਵੀ ਨਹੀਂ ਸ਼ਰਮਾਉਂਦਾ,
ਮਾੜੀ ਮੋਟੀ ਵੀ ਸ਼ਰਮ ਨਹੀਂ ਖਾਂਦਾ।
ਕਈ ਵਾਰ ਤਾਂ ਉਸ
ਦੀਆਂ ਗੱਲਾਂ ਬਾਤਾਂ ਸੁਣ ਕੇ ਉਸ ਦੇ ਹੀ ਅਧੀਨ ਕੰਮ ਕਰਨ ਵਾਲਿਆਂ ਨੂੰ ਸ਼ਰਮ ਵੀ
ਆਉਂਦੀ ਹੈ ਤੇ ਸ਼ਰਮਾਕਲ ( ਵਿਅੰਗਮਈ) ਜਿਹਾ ਹਾਸਾ ਵੀ।
ਇਸ ਕਰਕੇ ਕਿ
ਜਿਸ ਥਾਂ ’ਤੇ
ਉਹ ਲਘੂ ਮਨੁੱਖ ਬੈਠ ਗਿਆ ਹੁੰਦਾ ਹੈ ਜਾਂ ਬਿਠਾ ਦਿੱਤਾ ਗਿਆ ਹੁੰਦਾ ਹੈ ਉਸ ਦੀ ਉਸ
ਨੂੰ ਉੱਕਾ ਹੀ ਸਮਝ ਨਹੀਂ ਹੁੰਦੀ।
ਉਸ ਦੇ ਹੇਠ ਕੰਮ
ਕਰਨ ਵਾਲੇ ਉਸ ਤੋਂ ਵੱਧ ਜਾਣਦੇ ਹੋਏ ਵੀ ਚੋਰ ਦਰਵਾਜਿਉਂ ਆਏ ਦੀ ਮੂਰਖਤਾ ਨੂੰ ਮੰਨਣ
ਬਿਨਾਂ ਹੋਰ ਕੁੱਝ ਨਹੀਂ ਕਰ ਸਕਦੇ।
ਜਦੋਂ ਲਘੂ ਮਨੁੱਖ
ਉੱਚੀਆਂ ਥਾਵਾਂ ’ਤੇ
ਬਹਿ ਜਾਂਦੇ ਹਨਜਾਂ ਸਿਫਾਰਸ਼ਾਂ ਨਾਲ ਬਿਠਾ ਦਿੱਤੇ ਜਾਂਦੇ ਹਨ ਉੱਥੇ ਨਿਘਾਰ ਨੂੰ
ਰੋਕਣਾ ਆਸਾਨ ਨਹੀਂ ਹੁੰਦਾ।
ਛੋਟੀ/ਬੌਨੀ ਅਕਲ
ਦਾ ਹੋਣ ਕਾਰਨ ਲਘੂ ਮਨੁੱਖ ਆਪਣੇ ਸਾਥੀਆਂ ਦੇ ਅਮੀਰ ਅਨੁਭਵਾਂ ਤੇ ਲੰਮੇ ਤਜ਼ਰਬਿਆਂਦਾ
ਫਾਇਦਾ ਉਠਾ ਸਕਣ ਦੇ ਵੀ ਕਾਬਲ ਨਹੀਂ ਹੁੰਦਾ,
ਕਿਉਂਕਿ ਦੂਜਿਆਂ ਦੇ ਅਮੀਰ ਅਨੁਭਵਾਂ ਦਾ ਅਮੁੱਲਾ ਲਾਭ ਵੀ ਉਹ ਹੀ
ਉਠਾ ਸਕਦਾ ਹੈ ਜਿਸ ਕੋਲ ਉੱਚ ਅਕਲ ਦਾ ਪੂਰਾ ਖਜ਼ਾਨਾ ਹੋਵੇ।
ਲਘੂ ਮਨੁੱਖ
ਆਪਣੇ ਹਾਸਲਾਂ ਦੀ ਲੀਕ ਵੱਡੀ ਕਰ ਹੀ ਨਹੀਂ ਸਕਦਾ,
ਸਾਥੀਆਂ ਦੀ ਲੀਕ ਛੋਟੀ ਕਰਨ ਦੇ ਆਹਰ ਵਿਚ ਹੀ ਲੱਗਿਆ ਰਹਿੰਦਾ
ਤਾਂ ਕਿ ਉਸ ਦੀ ਮੂਰਖਤਾ ਛੁਪੀ ਰਹੇ।
ਉੱਚੀਆਂ ਥਾਵਾਂ
ਤੇ ਬਹਿ ਕੇ ਲਘੂ ਮਨੁੱਖ ਉਹ ਉੱਤਮਤਾ ਬਣੀ ਨਹੀਂ ਰਹਿਣ ਦਿੰਦੇ ਜਿਹੜੀ ਵਰ੍ਹਿਆਂ ਦੀ
ਮਿਹਨਤ ਤੇ ਅਨੁਭਵਾਂ ਨਾਲ ਕਮਾਈ ਹੁੰਦੀ ਹੈ ਐਵੇਂ ਕਿਵੇਂ ਨਹੀਂ।
ਉਹ ਸੁੱਚਮਤਾ
ਕਾਇਮ ਨਹੀਂ ਰਹਿਣ ਦਿੰਦੇ ਜਿਹੜੀ ਪਵਿੱਤਰ ਤੇ ਸੁਹਿਰਦ ਰੂਹਾਂ ਨੇ ਪੂਰੀ ਸੁਹਿਰਦਤਾ
ਅਤੇ ਲਗਨ ਨਾਲ ਬਣਾਈ ਹੁੰਦੀ ਹੈ ਐਵੇਂ ਕਿਵੇਂ ਨਹੀਂ।
ਅਜਿਹੇ ਮੌਕਿਆਂ
ਉੱਤੇ ਉੱਚੀਆਂ ਥਾਵਾਂ ਹੀ ਨਿਰਾਸ਼ ਤੇ ਮਾਯੂਸ ਨਹੀਂ ਹੁੰਦੀਆਂ ਸਗੋਂ ਆਲਾ ਦੁਆਲਾ ਵੀ
ਪ੍ਰੇਸ਼ਾਨ ਤੇ ਗਮਗੀਨ ਹੋਏ ਬਿਨਾਂ ਨਹੀਂ ਰਹਿੰਦਾ।
ਅਜਿਹੀ ਸਥਿਤੀ
ਨੂੰ ਕਾਵਿਮਈ ਅੰਦਾਜ਼ ਵਿਚ ਚਿਤਰਤ ਕਰਨਾ ਹੋਵੇ ਤਾਂ ਇਹ ਕੁੱਝ ਆਖੇ ਬਿਨਾਂ ਨਹੀਂ
ਸਰਨਾ:
ਐਸੇ ਵੀ ਹਨ ਇਸ ਦੁਨੀਆਂ ਵਿਚ
ਰਹਿਣ ਘਸਾਂਦੇ ਜੁੱਤੇ।
ਚੋਰ-ਦਰਵਾਜਿਉਂ ਲੰਘ ਕੇ ਆਵਣ
ਸਦਾ ਹੀ ਰੁੱਤ ਕਰੁੱਤੇ।
ਥਾਵਾਂ ਨੂੰ ਉਹ ਗਰਕ ਨੇ ਕਰਦੇ
ਬਣ ਕੇ ਲੋਭੀ ਕੁੱਤੇ।
ਮਿਆਰਾਂ ਨੂੰ ਕੁੱਝ ਵੀ ਨਾ ਮੰਨਣ
ਸਮਝੋ ਰਹਿੰਦੇ ਸੁੱਤੇ।
ਲਘੂ ਮਨੁੱਖ ਜਦੋਂ ਬਹਿ ਜਾਵਣ
ਉੱਚੀਆਂ ਥਾਵਾਂ ਉੱਤੇ।